ਸੰਧਿਆ ਵੇਲੇ ਦਾ ਹੁਕਮਨਾਮਾ – 4 ਅਕਤੂਬਰ 2024
ਅੰਗ : 649
ਸਲੋਕੁ ਮਃ ੩ ॥ ਨਾਨਕ ਨਾਵਹੁ ਘੁਥਿਆ ਹਲਤੁ ਪਲਤੁ ਸਭੁ ਜਾਇ ॥ ਜਪੁ ਤਪੁ ਸੰਜਮੁ ਸਭੁ ਹਿਰਿ ਲਇਆ ਮੁਠੀ ਦੂਜੈ ਭਾਇ ॥ ਜਮ ਦਰਿ ਬਧੇ ਮਾਰੀਅਹਿ ਬਹੁਤੀ ਮਿਲੈ ਸਜਾਇ ॥੧॥ ਮਃ ੩ ॥ ਸੰਤਾ ਨਾਲਿ ਵੈਰੁ ਕਮਾਵਦੇ ਦੁਸਟਾ ਨਾਲਿ ਮੋਹੁ ਪਿਆਰੁ ॥ ਅਗੈ ਪਿਛੈ ਸੁਖੁ ਨਹੀ ਮਰਿ ਜੰਮਹਿ ਵਾਰੋ ਵਾਰ ॥ ਤ੍ਰਿਸਨਾ ਕਦੇ ਨ ਬੁਝਈ ਦੁਬਿਧਾ ਹੋਇ ਖੁਆਰੁ ॥ ਮੁਹ ਕਾਲੇ ਤਿਨਾ ਨਿੰਦਕਾ ਤਿਤੁ ਸਚੈ ਦਰਬਾਰਿ ॥ ਨਾਨਕ ਨਾਮ ਵਿਹੂਣਿਆ ਨਾ ਉਰਵਾਰਿ ਨ ਪਾਰਿ ॥੨॥ ਪਉੜੀ ॥ ਜੋ ਹਰਿ ਨਾਮੁ ਧਿਆਇਦੇ ਸੇ ਹਰਿ ਹਰਿ ਨਾਮਿ ਰਤੇ ਮਨ ਮਾਹੀ ॥ ਜਿਨਾ ਮਨਿ ਚਿਤਿ ਇਕੁ ਅਰਾਧਿਆ ਤਿਨਾ ਇਕਸ ਬਿਨੁ ਦੂਜਾ ਕੋ ਨਾਹੀ ॥ ਸੇਈ ਪੁਰਖ ਹਰਿ ਸੇਵਦੇ ਜਿਨ ਧੁਰਿ ਮਸਤਕਿ ਲੇਖੁ ਲਿਖਾਹੀ ॥ ਹਰਿ ਕੇ ਗੁਣ ਨਿਤ ਗਾਵਦੇ ਹਰਿ ਗੁਣ ਗਾਇ ਗੁਣੀ ਸਮਝਾਹੀ ॥ ਵਡਿਆਈ ਵਡੀ ਗੁਰਮੁਖਾ ਗੁਰ ਪੂਰੈ ਹਰਿ ਨਾਮਿ ਸਮਾਹੀ ॥੧੭॥*
ਅਰਥ: ਹੇ ਨਾਨਕ ਜੀ! ਨਾਮ ਤੋਂ ਖੁੰਝਿਆਂ ਦਾ ਲੋਕ ਪਰਲੋਕ ਸਭ ਵਿਅਰਥ ਜਾਂਦਾ ਹੈ; ਉਹਨਾਂ ਦਾ ਜਪ ਤਪ ਤੇ ਸੰਜਮ ਸਭ ਖੁੱਸ ਜਾਂਦਾ ਹੈ, ਤੇ ਮਾਇਆ ਦੇ ਮੋਹ ਵਿਚ (ਉਹਨਾਂ ਦੀ ਮਤਿ) ਠੱਗੀ ਜਾਂਦੀ ਹੈ; ਜਮ ਦੁਆਰ ਤੇ ਬੱਧੇ ਮਾਰੀਦੇ ਹਨ ਤੇ ਬੜੀ ਸਜ਼ਾ (ਉਹਨਾਂ ਨੂੰ) ਮਿਲਦੀ ਹੈ ॥੧॥ ਨਿੰਦਕ ਮਨੁੱਖ ਸੰਤ ਜਨਾਂ ਨਾਲ ਵੈਰ ਕਰਦੇ ਹਨ ਤੇ ਦੁਰਜਨਾਂ ਨਾਲ ਮੋਹ ਪਿਆਰ ਰੱਖਦੇ ਹਨ। ਉਹਨਾਂ ਨੂੰ ਲੋਕ ਪਰਲੋਕ ਵਿੱਚ ਕਿਤੇ ਸੁਖ ਨਹੀਂ ਮਿਲਦਾ। ਘੜੀ ਮੁੜੀ ਦੁਬਿਧਾ ਵਿਚ ਖ਼ੁਆਰ ਹੋ ਹੋ ਕੇ, ਜੰਮਦੇ ਮਰਦੇ ਹਨ; ਉਹਨਾਂ ਦੀ ਤ੍ਰਿਸ਼ਨਾ ਕਦੇ ਨਹੀਂ ਲਹਿੰਦੀ। ਹਰੀ ਦੇ ਸੱਚੇ ਦਰਬਾਰ ਵਿਚ ਉਹਨਾਂ ਨਿੰਦਕਾਂ ਦੇ ਮੂੰਹ ਕਾਲੇ ਹੁੰਦੇ ਹਨ। ਹੇ ਨਾਨਕ ਜੀ! ਨਾਮ ਤੋਂ ਸੱਖਣਿਆਂ ਨੂੰ ਨਾਹ ਇਸ ਲੋਕ ਵਿਚ ਤੇ ਨਾਹ ਪਰਲੋਕ ਵਿਚ (ਢੋਈ ਮਿਲਦੀ ਹੈ) ॥੨॥ ਜੋ ਮਨੁੱਖ ਹਰੀ ਦਾ ਨਾਮ ਸਿਮਰਦੇ ਹਨ, ਉਹ ਅੰਦਰੋਂ ਹਰੀ-ਨਾਮ ਵਿਚ ਰੰਗੇ ਜਾਂਦੇ ਹਨ। ਜਿਨ੍ਹਾਂ ਨੇ ਇਕਾਗ੍ਰ ਚਿੱਤ ਹੋ ਕੇ ਇਕ ਹਰੀ ਨੂੰ ਅਰਾਧਿਆ ਹੈ, ਉਹ ਉਸ ਤੋਂ ਬਿਨਾ ਕਿਸੇ ਹੋਰ ਨੂੰ ਨਹੀਂ ਜਾਣਦੇ। (ਪਿਛਲੇ ਕੀਤੇ ਕੰਮਾਂ ਅਨੁਸਾਰ) ਮੁੱਢ ਤੋਂ ਜਿਨ੍ਹਾਂ ਦੇ ਮੱਥੇ ਤੇ (ਸੰਸਕਾਰ-ਰੂਪ) ਲੇਖ ਉੱਕਰਿਆ ਹੋਇਆ ਹੈ, ਉਹ ਮਨੁੱਖ ਹਰੀ ਨੂੰ ਜਪਦੇ ਹਨ। ਉਹ ਸਦਾ ਹਰੀ ਦੇ ਗੁਣ ਗਾਉਂਦੇ ਹਨ, ਗੁਣ ਗਾ ਕੇ ਗੁਣਾਂ ਦੇ ਮਾਲਕ ਹਰੀ ਦੀ (ਹੋਰਨਾਂ ਨੂੰ) ਸਿੱਖਿਆ ਦੇਂਦੇ ਹਨ। ਗੁਰਮੁਖਾਂ ਵਿਚ ਇਹ ਵੱਡਾ ਗੁਣ ਹੈ ਕਿ ਪੂਰੇ ਸਤਿਗੁਰੂ ਦੀ ਰਾਹੀਂ ਹਰੀ ਦੇ ਨਾਮ ਵਿਚ ਲੀਨ ਹੁੰਦੇ ਹਨ ॥੧੭॥*
waheguru ji ka khalsa Waheguru ji ki Fateh ji 🙏🏻
waheguru ji 🌹🙏
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
🙏🙏 ਸਤਨਾਮ ਵਾਹਿਗੁਰੂ ਜੀ ਤੇਰਾ ਲੱਖ ਲੱਖ ਸ਼ੁਕਰ ਹੈਜੀ 🙏🙏