ਸੰਧਿਆ ਵੇਲੇ ਦਾ ਹੁਕਮਨਾਮਾ – 26 ਅਗਸਤ 2024
ਅੰਗ : 624
ਰਾਗੁ ਸੋਰਠਿ ਮਹਲਾ ੫ ॥ ਦਹ ਦਿਸ ਛਤ੍ਰ ਮੇਘ ਘਟਾ ਘਟ ਦਾਮਨਿ ਚਮਕਿ ਡਰਾਇਓ ॥ ਸੇਜ ਇਕੇਲੀ ਨੀਦ ਨਹੁ ਨੈਨਹ ਪਿਰੁ ਪਰਦੇਸਿ ਸਿਧਾਇਓ ॥੧॥ ਹੁਣਿ ਨਹੀ ਸੰਦੇਸਰੋ ਮਾਇਓ ॥ ਏਕ ਕੋਸਰੋ ਸਿਧਿ ਕਰਤ ਲਾਲੁ ਤਬ ਚਤੁਰ ਪਾਤਰੋ ਆਇਓ ॥ ਰਹਾਉ ॥ ਕਿਉ ਬਿਸਰੈ ਇਹੁ ਲਾਲੁ ਪਿਆਰੋ ਸਰਬ ਗੁਣਾ ਸੁਖਦਾਇਓ ॥ ਮੰਦਰਿ ਚਰਿ ਕੈ ਪੰਥੁ ਨਿਹਾਰਉ ਨੈਨ ਨੀਰਿ ਭਰਿ ਆਇਓ ॥੨॥ ਹਉ ਹਉ ਭੀਤਿ ਭਇਓ ਹੈ ਬੀਚੋ ਸੁਨਤ ਦੇਸਿ ਨਿਕਟਾਇਓ ॥ ਭਾਂਭੀਰੀ ਕੇ ਪਾਤ ਪਰਦੋ ਬਿਨੁ ਪੇਖੇ ਦੂਰਾਇਓ ॥੩॥ ਭਇਓ ਕਿਰਪਾਲੁ ਸਰਬ ਕੋ ਠਾਕੁਰੁ ਸਗਰੋ ਦੂਖੁ ਮਿਟਾਇਓ ॥ ਕਹੁ ਨਾਨਕ ਹਉਮੈ ਭੀਤਿ ਗੁਰਿ ਖੋਈ ਤਉ ਦਇਆਰੁ ਬੀਠਲੋ ਪਾਇਓ ॥੪॥ ਸਭੁ ਰਹਿਓ ਅੰਦੇਸਰੋ ਮਾਇਓ ॥ ਜੋ ਚਾਹਤ ਸੋ ਗੁਰੂ ਮਿਲਾਇਓ ॥ ਸਰਬ ਗੁਨਾ ਨਿਧਿ ਰਾਇਓ ॥ ਰਹਾਉ ਦੂਜਾ ॥੧੧॥੬੧॥
ਅਰਥ: (ਜਦੋਂ) ਬੱਦਲਾਂ ਦੀਆਂ ਘਟਾਂ ਹੀ ਘਟਾਂ ਛਤਰੀ ਵਾਂਗ ਦਸੀਂ ਪਾਸੀਂ (ਪਸਰੀਆਂ ਹੁੰਦੀਆਂ ਹਨ) , ਬਿਜਲੀ ਚਮਕ ਚਮਕ ਕੇ ਡਰਾਂਦੀ ਹੈ, (ਜਿਸ ਇਸਤ੍ਰੀ ਦਾ) ਪਤੀ ਪਰਦੇਸ ਵਿਚ ਗਿਆ ਹੁੰਦਾ ਹੈ, (ਉਸ ਦੀ) ਸੇਜ (ਪਤੀ ਤੋਂ ਬਿਨਾ) ਸੁੰਞੀ ਹੁੰਦੀ ਹੈ, (ਉਸ ਦੀਆਂ) ਅੱਖਾਂ ਵਿਚ ਨੀਂਦ ਨਹੀਂ ਆਉਂਦੀ।੧।
(ਪਤੀ ਤੋਂ ਵਿਛੁੜ ਕੇ ਘਬਰਾਈ ਹੋਈ ਉਹ ਆਖਦੀ ਹੈ-) ਹੇ ਮਾਂ! ਹੁਣ ਤਾਂ (ਪਤੀ ਵਲੋਂ) ਕੋਈ ਸਨੇਹਾ ਭੀ ਨਹੀਂ ਆਉਂਦਾ। (ਪਹਿਲਾਂ ਜਦੋਂ ਕਦੇ ਘਰੋਂ ਜਾ ਕੇ ਪਤੀ) ਇਕ ਕੋਹ ਪੈਂਡਾ ਹੀ ਕਰਦਾ ਸੀ ਤਦੋਂ (ਉਸ ਦੀਆਂ) ਚਾਰ ਚਿੱਠੀਆਂ ਆ ਜਾਂਦੀਆਂ ਸਨ।ਰਹਾਉ। ਹੇ ਮਾਂ! ਮੈਨੂੰ ਭੀ ਇਹ ਸੋਹਣਾ ਪਿਆਰਾ ਲਾਲ (ਪ੍ਰਭੂ) ਕਿਵੇਂ ਭੁੱਲ ਸਕਦਾ ਹੈ? ਇਹ ਤਾਂ ਸਾਰੇ ਗੁਣਾਂ ਦਾ ਮਾਲਕ ਹੈ, ਸਾਰੇ ਸੁਖ ਦੇਣ ਵਾਲਾ ਹੈ। ਮੈਂ ਭੀ (ਵਿਛੁੜੀ ਨਾਰ ਵਾਂਗ) ਕੋਠੇ ਉੱਤੇ ਚੜ੍ਹ ਕੇ (ਪਤੀ ਦਾ) ਰਾਹ ਤੱਕਦੀ ਹਾਂ, (ਮੇਰੀਆਂ ਭੀ) ਅੱਖਾਂ (ਵੈਰਾਗ-) ਨੀਰ ਨਾਲ ਭਰ ਆਈਆਂ ਹਨ।੨। ਹੇ ਮਾਂ! ਮੈਂ ਸੁਣਦੀ ਤਾਂ ਇਹ ਹਾਂ, ਕਿ (ਉਹ ਪਤੀ ਪ੍ਰਭੂ) ਮੇਰੇ ਹਿਰਦੇ-ਦੇਸ ਵਿਚ ਮੇਰੇ ਨੇੜੇ ਹੀ ਵੱਸਦਾ ਹੈ, ਪਰ (ਮੇਰੇ ਤੇ ਉਸ ਦੇ) ਵਿਚਕਾਰ ਮੇਰੀ ਹਉਮੈ ਦੀ ਕੰਧ ਖੜੀ ਹੋ ਗਈ ਹੈ, (ਕਹਿੰਦੇ ਹਨ) ਭੰਭੀਰੀ ਦੇ ਖੰਭ ਵਾਂਗ (ਬੜਾ ਬਰੀਕ) ਪਰਦਾ (ਮੇਰੇ ਤੇ ਉਸ ਪਤੀ ਦੇ ਵਿਚਕਾਰ ਹੈ) , ਪਰ ਉਸ ਦਾ ਦਰਸ਼ਨ ਕਰਨ ਤੋਂ ਬਿਨਾ ਉਹ ਕਿਤੇ ਦੂਰ ਵੱਸਦਾ ਜਾਪਦਾ ਹੈ।੩। ਹੇ ਮਾਂ! ਜਿਸ ਸੁਭਾਗਣ ਉਤੇ ਸਭ ਜੀਵਾਂ ਦਾ ਮਾਲਕ ਦਇਆਵਾਨ ਹੁੰਦਾ ਹੈ, ਉਸ ਦਾ ਉਹ ਸਾਰਾ (ਵਿਛੋੜੇ ਦਾ) ਦੁੱਖ ਦੂਰ ਕਰ ਦੇਂਦਾ ਹੈ। ਹੇ ਨਾਨਕ! ਆਖ-ਜਦੋਂ ਗੁਰੂ ਨੇ (ਜੀਵ-ਇਸਤ੍ਰੀ ਦੇ ਅੰਦਰੋਂ) ਹਉਮੈ ਦੀ ਕੰਧ ਢਾਹ ਦਿੱਤੀ, ਤਦੋਂ ਉਸ ਨੇ ਮਾਇਆ-ਰਹਿਤ ਦਇਆਲ (ਪ੍ਰਭੂ-ਪਤੀ) ਨੂੰ (ਆਪਣੇ ਅੰਦਰ ਹੀ) ਲੱਭ ਲਿਆ।੪। ਹੇ ਮਾਂ! ਪ੍ਰਭੂ-ਪਾਤਿਸ਼ਾਹ ਸਾਰੇ ਗੁਣਾਂ ਦਾ ਖ਼ਜ਼ਾਨਾ ਹੈ। ਜਿਸ ਜੀਵ-ਇਸਤ੍ਰੀ ਨੂੰ ਗੁਰੂ ਨੇ ਉਹ ਮਿਲਾ ਦਿੱਤਾ, ਜਿਸ ਦੀ ਉਸ ਨੂੰ ਤਾਂਘ ਲੱਗ ਰਹੀ ਸੀ, ਉਸ ਦਾ ਸਾਰਾ ਚਿੰਤਾ-ਫ਼ਿਕਰ ਮੁੱਕ ਜਾਂਦਾ ਹੈ।ਰਹਾਉ ਦੂਜਾ।੧੧।੬੧।
Waheguru Ji🙏