ਅਮ੍ਰਿਤ ਵੇਲੇ ਦਾ ਹੁਕਮਨਾਮਾ – 17 ਜੁਲਾਈ 2024

ਅੰਗ : 508

ਇਹੁ ਜਗਤੁ ਮਮਤਾ ਮੁਆ ਜੀਵਣ ਕੀ ਬਿਧਿ ਨਾਹਿ ॥ ਗੁਰ ਕੈ ਭਾਣੈ ਜੋ ਚਲੈ ਤਾਂ ਜੀਵਣ ਪਦਵੀ ਪਾਹਿ ॥ ਓਇ ਸਦਾ ਸਦਾ ਜਨ ਜੀਵਤੇ ਜੋ ਹਰਿ ਚਰਣੀ ਚਿਤੁ ਲਾਹਿ ॥ ਨਾਨਕ ਨਦਰੀ ਮਨਿ ਵਸੈ ਗੁਰਮੁਖਿ ਸਹਜਿ ਸਮਾਹਿ ॥1॥ ਮਃ 3 ॥ ਅੰਦਰਿ ਸਹਸਾ ਦੁਖੁ ਹੈ ਆਪੈ ਸਿਰਿ ਧੰਧੈ ਮਾਰ ॥ ਦੂਜੈ ਭਾਇ ਸੁਤੇ ਕਬਹਿ ਨ ਜਾਗਹਿ ਮਾਇਆ ਮੋਹ ਪਿਆਰ ॥ ਨਾਮੁ ਨ ਚੇਤਹਿ ਸਬਦੁ ਨ ਵੀਚਾਰਹਿ ਇਹੁ ਮਨਮੁਖ ਕਾ ਆਚਾਰੁ ॥ ਹਰਿ ਨਾਮੁ ਨ ਪਾਇਆ ਜਨਮੁ ਬਿਰਥਾ ਗਵਾਇਆ ਨਾਨਕ ਜਮੁ ਮਾਰਿ ਕਰੇ ਖੁਆਰ ॥2॥ ਪਉੜੀ ॥ ਆਪਣਾ ਆਪੁ ਉਪਾਇਓਨੁ ਤਦਹੁ ਹੋਰੁ ਨ ਕੋਈ ॥ ਮਤਾ ਮਸੂਰਤਿ ਆਪਿ ਕਰੇ ਜੋ ਕਰੇ ਸੁ ਹੋਈ ॥ ਤਦਹੁ ਆਕਾਸੁ ਨ ਪਾਤਾਲੁ ਹੈ ਨਾ ਤ੍ਰੈ ਲੋਈ ॥ ਤਦਹੁ ਆਪੇ ਆਪਿ ਨਿਰੰਕਾਰੁ ਹੈ ਨਾ ਓਪਤਿ ਹੋਈ ॥ ਜਿਉ ਤਿਸੁ ਭਾਵੈ ਤਿਵੈ ਕਰੇ ਤਿਸੁ ਬਿਨੁ ਅਵਰੁ ਨ ਕੋਈ ॥1॥

ਅਰਥ: ਇਹ ਜਗਤ (ਭਾਵ, ਹਰੇਕ ਜੀਵ) (ਇਹ ਚੀਜ਼ ‘ਮੇਰੀ’ ਬਣ ਜਾਏ, ਇਹ ਚੀਜ਼ ‘ਮੇਰੀ’ ਹੋ ਜਾਏ—ਇਸ) ਅਣਪੱਤ ਵਿਚ ਇਤਨਾ ਫਸਿਆ ਪਿਆ ਹੈ ਕਿ ਇਸ ਨੂੰ ਜੀਉਣ ਦੀ ਜਾਚ ਨਹੀਂ ਰਹੀ । ਜੋ ਜੋ ਮਨੁੱਖ ਸਤਿਗੁਰੂ ਦੇ ਕਹੇ ਤੇ ਤੁਰਦਾ ਹੈ ਉਹ ਜੀਵਨ-ਜੁਗਤਿ ਸਿੱਖ ਲੈਂਦੇ ਹਨ, ਜੋ ਮਨੁੱਖ ਪ੍ਰਭੂ ਦੇ ਚਰਨਾਂ ਵਿਚ ਚਿੱਤ ਜੋੜਦੇ ਹਨ, ਉਹ ਸਮਝੋ, ਸਦਾ ਹੀ ਜੀਉਂਦੇ ਹਨ, (ਕਿਉਂਕਿ) ਹੇ ਨਾਨਕ! ਗੁਰੂ ਦੇ ਸਨਮੁਖ ਹੋਇਆਂ ਮਿਹਰ ਦਾ ਮਾਲਕ ਪ੍ਰਭੂ ਮਨ ਵਿਚ ਆ ਵੱਸਦਾ ਹੈ ਤੇ ਗੁਰਮੁਖਿ ਉਸ ਅਵਸਥਾ ਵਿਚ ਜਾ ਅੱਪੜਦੇ ਹਨ ਜਿਥੇ ਪਦਾਰਥਾਂ ਵਲ ਮਨ ਡੋਲਦਾ ਨਹੀਂ ।1। ਜਿਨ੍ਹਾਂ ਮਨੁੱਖਾਂ ਦਾ ਮਾਇਆ ਨਾਲ ਮੋਹ ਪਿਆਰ ਹੈ ਜੋ ਮਾਇਆ ਦੇ ਪਿਆਰ ਵਿਚ ਮਸਤ ਹੋ ਰਹੇ ਹਨ (ਇਸ ਗ਼ਫ਼ਲਿਤ ਵਿਚੋਂ) ਕਦੇ ਜਾਗਦੇ ਨਹੀਂ, ਉਹਨਾਂ ਦੇ ਮਨ ਵਿਚ ਤੌਖਲਾ ਤੇ ਕਲੇਸ਼ ਟਿਕਿਆ ਰਹਿੰਦਾ ਹੈ, ਉਹਨਾਂ ਨੇ ਦੁਨੀਆ ਦੇ ਝੰਬੇਲਿਆਂ ਦਾ ਇਹ ਖਪਾਣਾ ਆਪਣੇ ਸਿਰ ਉਤੇ ਆਪ ਸਹੇੜਿਆ ਹੋਇਆ ਹੈ । ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦਿਆਂ ਦੀ ਰਹਿਣੀ ਇਹ ਹੈ ਕਿ ਉਹ ਕਦੇ ਗੁਰ-ਸ਼ਬਦ ਨਹੀਂ ਵੀਚਾਰਦੇ । ਹੇ ਨਾਨਕ! ਉਹਨਾਂ ਨੂੰ ਪਰਮਾਤਮਾ ਦਾ ਨਾਮ ਨਸੀਬ ਨਹੀਂ ਹੋਇਆ, ਉਹ ਜਨਮ ਅਜਾਈਂ ਗਵਾਂਦੇ ਹਨ ਤੇ ਜਮ ਉਹਨਾਂ ਨੂੰ ਮਾਰ ਕੇ ਖ਼ੁਆਰ ਕਰਦਾ ਹੈ (ਭਾਵ, ਮੌਤ ਹੱਥੋਂ ਸਦਾ ਸਹਮੇ ਰਹਿੰਦੇ ਹਨ) ।2। ਜਦੋਂ ਪ੍ਰਭੂ ਨੇ ਆਪਣਾ ਆਪ (ਹੀ) ਪੈਦਾ ਕੀਤਾ ਹੋਇਆ ਸੀ ਤਦੋਂ ਕੋਈ ਹੋਰ ਦੂਜਾ ਨਹੀਂ ਸੀ, ਸਲਾਹ ਮਸ਼ਵਰਾ ਭੀ ਆਪ ਹੀ ਕਰਦਾ ਸੀ, ਜੋ ਕਰਦਾ ਸੀ ਸੋ ਹੁੰਦਾ ਸੀ । ਉਸ ਵੇਲੇ ਨਾਹ ਆਕਾਸ਼ ਨਾਹ ਪਾਤਾਲ ਤੇ ਨਾਹ ਇਹ ਤੈਵੇ ਲੋਕ ਸਨ, ਕੋਈ ਉਤਪੱਤੀ ਅਜੇ ਨਹੀਂ ਸੀ ਹੋਈ, ਆਕਾਰ-ਰਹਿਤ ਪਰਮਾਤਮਾ ਅਜੇ ਆਪ ਹੀ ਆਪ ਸੀ । ਜੋ ਪ੍ਰਭੂ ਨੂੰ ਭਾਉਂਦਾ ਹੈ ਉਹੀ ਕਰਦਾ ਹੈ ਉਸ ਤੋਂ ਬਿਨਾ ਹੋਰ ਕੋਈ ਨਹੀਂ ਹੈ ।1।


Related Posts

Leave a Reply

Your email address will not be published. Required fields are marked *

Begin typing your search term above and press enter to search. Press ESC to cancel.

Back To Top