ਸੰਧਿਆ ਵੇਲੇ ਦਾ ਹੁਕਮਨਾਮਾ – 11 ਜੂਨ 2024
ਅੰਗ : 614
ਰਤਨੁ ਛਾਡਿ ਕਉਡੀ ਸੰਗਿ ਲਾਗੇ ਜਾ ਤੇ ਕਛੂ ਨ ਪਾਈਐ ॥ ਪੂਰਨ ਪਾਰਬ੍ਰਹਮ ਪਰਮੇਸੁਰ ਮੇਰੇ ਮਨ ਸਦਾ ਧਿਆਈਐ ॥੧॥ ਸਿਮਰਹੁ ਹਰਿ ਹਰਿ ਨਾਮੁ ਪਰਾਨੀ ॥ ਸਿਮਰਹੁ ਹਰਿ ਹਰਿ ਨਾਮੁ ਪਰਾਨੀ ॥ ਮ੍ਰਿਗ ਤ੍ਰਿਸਨਾ ਅਰੁ ਸੁਪਨ ਮਨੋਰਥ ਤਾ ਕੀ ਕਛੁ ਨ ਵਡਾਈ ॥ ਰਾਮ ਭਜਨ ਬਿਨੁ ਕਾਮਿ ਨ ਆਵਸਿ ਸੰਗਿ ਨ ਕਾਹੂ ਜਾਈ ॥੨॥ ਹਉ ਹਉ ਕਰਤ ਬਿਹਾਇ ਅਵਰਦਾ ਜੀਅ ਕੋ ਕਾਮੁ ਨ ਕੀਨਾ ॥ ਧਾਵਤ ਧਾਵਤ ਨਹ ਤ੍ਰਿਪਤਾਸਿਆ ਰਾਮ ਨਾਮੁ ਨਹੀ ਚੀਨਾ ॥੩॥ ਸਾਦ ਬਿਕਾਰ ਬਿਖੈ ਰਸ ਮਾਤੋ ਅਸੰਖ ਖਤੇ ਕਰਿ ਫੇਰੇ ॥ ਨਾਨਕ ਕੀ ਪ੍ਰਭ ਪਾਹਿ ਬਿਨੰਤੀ ਕਾਟਹੁ ਅਵਗੁਣ ਮੇਰੇ ॥੪॥੧੧॥੨੨॥
ਅਰਥ: (ਹੇ ਭਾਈ! ਮਾਇਆ-ਵੇੜ੍ਹੇ ਮਨੁੱਖ) ਕੀਮਤੀ ਪ੍ਰਭੂ-ਨਾਮ ਛੱਡ ਕੇ ਕਉਡੀ (ਦੇ ਮੁੱਲ ਦੀ ਮਾਇਆ) ਨਾਲ ਚੰਬੜੇ ਰਹਿੰਦੇ ਹਨ, ਜਿਸ ਪਾਸੋਂ (ਅੰਤ) ਕੁਝ ਭੀ ਪ੍ਰਾਪਤ ਨਹੀਂ ਹੁੰਦਾ । ਹੇ ਮੇਰੇ ਮਨ! ਸਰਬ-ਵਿਆਪਕ ਪਾਰਬ੍ਰਹਮ ਪਰਮੇਸਰ ਦਾ ਨਾਮ ਸਦਾ ਸਿਮਰਨਾ ਚਾਹੀਦਾ ਹੈ ।੧। ਹੇ ਬੰਦੇ! ਸਦਾ ਪਰਮਾਤਮਾ ਦਾ ਨਾਮ ਸਿਮਰਿਆ ਕਰ । ਹੇ ਗਿਆਨਹੀਨ! ਇਹ ਸਰੀਰ ਸਦਾ ਕਾਇਮ ਰਹਿਣ ਵਾਲਾ ਨਹੀਂ ਹੈ, ਇਹ ਜ਼ਰੂਰ ਨਾਸ ਹੋ ਜਾਂਦਾ ਹੈ ।ਰਹਾਉ। (ਹੇ ਭਾਈ! ਇਹ ਮਾਇਆ) ਠਗ-ਨੀਰਾ ਹੈ (ਜੋ ਤਿਹਾਏ ਹਰਨ ਨੂੰ ਤੜਫਾ ਤੜਫਾ ਕੇ ਮਾਰ ਮੁਕਾਂਦਾ ਹੈ) ਸੁਪਨਿਆਂ ਵਿਚ ਮਿਲੇ ਪਦਾਰਥ ਹੈ, (ਆਤਮਕ ਜੀਵਨ ਵਾਲੇ ਦੇਸ਼ ਵਿਚ) ਇਸ ਮਾਇਆ ਨੂੰ ਕੁਝ ਭੀ ਇੱਜ਼ਤ ਨਹੀਂ ਮਿਲਦੀ । ਪਰਮਾਤਮਾ ਦੇ ਭਜਨ ਤੋਂ ਬਿਨਾ (ਹੋਰ ਕੋਈ ਚੀਜ਼) ਕੰਮ ਨਹੀਂ ਆਉਂਦੀ, ਇਹ ਮਾਇਆ (ਅੰਤ) ਕਿਸੇ ਦੇ ਭੀ ਨਾਲ ਨਹੀਂ ਜਾਂਦੀ ।੨। (ਹੇ ਭਾਈ! ਮਾਇਆ-ਵੇੜ੍ਹੇ ਮਨੁੱਖ ਦੀ) ਉਮਰ (ਮਾਇਆ ਦਾ) ਮਾਣ ਕਰਦਿਆਂ ਹੀ ਬੀਤ ਜਾਂਦੀ ਹੈ, ਉਹ ਕੋਈ ਐਸਾ ਕੰਮ ਨਹੀਂ ਕਰਦਾ ਜੋ ਜਿੰਦ ਦੇ ਲਾਭ ਵਾਸਤੇ ਹੋਵੇ । (ਸਾਰੀ ਉਮਰ ਮਾਇਆ ਦੀ ਖ਼ਾਤਰ) ਦੌੜਦਾ ਭਟਕਦਾ ਰਹਿੰਦਾ ਹੈ, ਰੱਜਦਾ ਨਹੀਂ, ਪਰਮਾਤਮਾ ਦੇ ਨਾਮ ਨਾਲ ਸਾਂਝ ਨਹੀਂ ਪਾਂਦਾ ।੩। ਹੇ ਭਾਈ! ਮਾਇਆ-ਵੇੜ੍ਹਿਆ ਮਨੁੱਖ ਚਸਕਿਆਂ ਵਿਚ ਵਿਕਾਰਾਂ ਵਿਚ ਪਦਾਰਥਾਂ ਦੇ ਸੁਆਦਾਂ ਵਿਚ ਮਸਤ ਰਹਿੰਦਾ ਹੈ, ਬੇਅੰਤ ਪਾਪ ਕਰ ਕਰ ਕੇ ਜਨਮ ਮਰਨ ਦੇ ਗੇੜਾਂ ਵਿਚ ਪਿਆ ਰਹਿੰਦਾ ਹੈ । ਹੇ ਭਾਈ! ਨਾਨਕ ਦੀ ਅਰਜ਼ੋਈ ਤਾਂ ਪ੍ਰਭੂ ਪਾਸ ਹੀ ਹੈ (ਨਾਨਕ ਪ੍ਰਭੂ ਨੂੰ ਹੀ ਆਖਦਾ ਹੈ—ਹੇ ਪ੍ਰਭੂ!) ਮੇਰੇ ਔਗੁਣ ਕੱਟ ਦੇਹ ।੪।੧੧।੨੨।
Waheguru Ji🙏