28 ਮਾਰਚ 1613 ਈਸ਼ਵੀ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਅਨੰਦ ਕਾਰਜ ਮਾਤਾ ਨਾਨਕੀ ਜੀ ਨਾਲ ਬਕਾਲੇ ਨਗਰ ਵਿੱਚ ਹੋਇਆ । ਆਉ ਮਾਤਾ ਨਾਨਕੀ ਜੀ ਦੇ ਇਤਿਹਾਸ ਤੇ ਇਕ ਸੰਖੇਪ ਝਾਤ ਮਾਰੀਏ ਜੀ ।
ਮਾਤਾ ਨਾਨਕੀ ਜੀ ( ਗੁਰੂ ਤੇਗ ਬਹਾਦਰ ਜੀ ਦੇ ਸਤਿਕਾਰਯੋਗ ਮਾਤਾ ਜੀ )
ਮਾਤਾ ਨਾਨਕੀ ਜੀ ਦਾ ਜਨਮ ਖੱਤਰੀ ਹਰੀ ਚੰਦ ਦੇ ਘਰ ਮਾਤਾ ਹਰਦਈ ਦੀ ਕੁੱਖੋਂ ਬਕਾਲੇ ਪਿੰਡ ( ਅੰਮ੍ਰਿਤਸਰ ਜ਼ਿਲੇ ਵਿਚ ੧੫੯੭ ਦੇ ਲਗਭਗ ਹੋਇਆ । ਆਪ ਦੇ ਚੰਗਾ ਕਾਰੋਬਾਰ ਹੋਣ ਕਰਕੇ ਇਰਦ – ਗਿਰਦ ਚੰਗਾ ਪ੍ਰਭਾਵ ਸੀ ਤੇ ਚੰਗੇ ਪੂਰਨ ਸਿੱਖ ਸਨ । ਘਰ ਵਿੱਚ ਧਾਰਮਿਕ ਵਾਤਾਵਰਨ ਹੋਣ ਕਰਕੇ ਬਾਲੜੀ ਦੇ ਵਿਚਾਰ ਧਾਰਮਿਕ ਹੋ ਗਏ ਤੇ ਉਹ ਸਾਰੇ ਗੁਣ ਜਿਹੜੇ ਇਕ ਸੁਚੱਜੀ ਤਰੀਮਤ ਵਿਚ ਹੋਣੀ ਚਾਹੀਦੇ ਹਨ , ਗ੍ਰਹਿਣ ਕਰ ਲਏ । ਜਦੋਂ ਘਰ ਵਿਚ ਸਿੱਖ ਪਿਤਾ ਜੀ ਨੂੰ ਮਿਲਣ ਆਉਂਦੇ ਭੱਜ – ਭੱਜ ਕੇ ਉਨ੍ਹਾਂ ਦੀ ਹਰ ਕਿਸਮ ਦੀ ਸੇਵਾ ਕਰਦੇ।ਲੰਗਰ ਤਿਆਰ ਕਰਨਾ , ਭਾਂਡੇ ਮਾਂਜਣੇ , ਪਾਣੀ ਲਿਆਉਣਾ ਆਦਿ ਵਰਗੀ ਸੇਵਾ ਕਰ ਕੇ ਖੁਸ਼ ਹੁੰਦੇ । ਅੰਮ੍ਰਿਤ ਵੇਲੇ ਉਠ ਮਾਪਿਆਂ ਵਾਂਗ ਨਾਮ ਅਭਿਆਸ ਵਿਚ ਜੁੱਟ ਜਾਂਦੇ । ਸੁਭਾਅ ਬੜਾ ਨਿੱਘਾ ਮਿਲਾਪੜਾ ਤੇ ਸੀਤਲ ਸੀ । ਉਪਰੋਂ ਪ੍ਰਮਾਤਮਾ ਨੇ ਲੰਮਾ ਕੱਦ ਸੁੰਦਰ ਤੇ ਖੂਬਸੂਰਤ ਭਰਵਾਂ ਜੁੱਸਾ ਬਖ਼ਸ਼ਿਆ ਸੀ । ਭਗਤੀ ਭਾਵ ਸੁਭਾਅ ਹੋਣ ਕਰਕੇ ਪਿਤਾ ਹਰੀ ਚੰਦ ਨੇ ਇਨ੍ਹਾਂ ਦਾ ਰਿਸ਼ਤਾ ਉਸ ਸਮੇਂ ਦੇ ਚੋਟੀ ਦੇ ਖੂਬਸੂਰਤ ਉਚੇ ਲੰਮੇ ਕੱਦ ਕਾਠ ਗੁਰੂ ਹਰਿਗੋਬਿੰਦ ਸਾਹਿਬ ਨਾਲ ਕਰ ੧੬੧੩ ਈ : ਨੂੰ ਬੜੀ ਧੂਮ – ਧਾਮ ਨਾਲ ਵਿਆਹ ਕਰ ਦਿੱਤਾ ।
ਮਾਤਾ ਨਾਨਕੀ ਜੀ ਸੌਹਰੇ ਘਰ ਜਾਂਦਿਆਂ ਹੀ ਆਪਣੇ ਗੁਣਾਂ ਕਾਰਨ ਸੱਸ ਮਾਤਾ ਗੰਗਾ ਜੀ ਦਾ ਦਿਲ ਮੋਹ ਲਿਆ । ਅੰਮ੍ਰਿਤ ਵੇਲੇ ਉਠ ਇਸ਼ਨਾਨ ਕਰਾਉਂਦੀ ਫਿਰ ਗੁਰੂ ਜੀ ਲਈ ਪਾਣੀ ਆਦਿ ਲਿਆ ਕੇ ਦੇਂਦੇ । ਫਿਰ ਨਾਮ ਅਭਿਆਸ ਵਿਚ ਜੁੱਟ ਜਾਂਦੇ।ਮਾਤਾ ਦਮੋਦਰੀ ਜੀ ਨਾਲ ਵੀ ਬਹੁਤ ਪਿਆਰ ਕਰਦੇ ਤੇ ਉਸ ਨੂੰ ਕੰਮ ਨਾ ਕਰਨ ਦੇਂਦੇ ਹਰ ਕੰਮ ਹੰਸੂ – ਹੰਸੂ ਕਰ ਖੁਦ ਕਰੀ ਜਾਂਦੇ । ਇਨ੍ਹਾਂ ਦੇ ਬੱਚਿਆਂ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਆਪਣੇ ਸਿਰ ਲੈ ਲਈ । ਬਾਲੜੀ ਵੀਰੋ ਜੀ ਨਾਲ ਬਹੁਤ ਪਿਆਰ ਕਰਦੇ | ਸਾਰੇ ਲੰਗਰ ਤੇ ਆਇ ਗਏ ਦੀ ਵੀ ਵੇਖ ਭਾਲ ਕਰਦੇ।ਰਾਤ ਮਾਤਾ ਗੰਗਾ ਜੀ ਦੀ ਮੁੱਠੀ ਚਾਪੀ ਵੀ ਕਰਦੇ । ਆਪ ਦੀ ਕੁੱਖੋਂ ੧੬੧੯ ਵਿਚ ਬਾਬਾ ਅਟੱਲ ਰਾਇ ਜੀ ਦਾ ਜਨਮ ਹੋਇਆ । ਬੜੇ ਚਾਂਵਾਂ ਸੱਧਰਾਂ ਨਾਲ ਪਾਲਦੇ । ਗੁਰੂ ਜੀ ਦੀ ਸੁਚੱਜੀ ਸਿੱਖਿਆ ਸਦਕਾ ਨਿੱਕੇ ਹੁੰਦੇ ਹੀ ਨਾਮ ਅਭਿਆਸ ਵਿਚ ਲੀਣ ਰਹਿੰਦੇ ।੧੬੨੧ ਵਿੱਚ ਪਹਿਲੀ ਅਪੈਲ ਵਾਲੇ ਦਿਨ ਮਾਤਾ ਨਾਨਕੀ ਜੀ ਦੀ ਸਫਲ ਕੁੱਖੋਂ ਬਾਬਾ ਤਿਆਗ ਮਲ { ਗੁਰੂ ਤੇਗ ਬਹਾਦਰ ਜੀ } ਦਾ ਜਨਮ ਹੋਇਆ ਤਾਂ ਬੜੀਆਂ ਖੁਸ਼ੀਆਂ ਮਨਾਈਆਂ ਗਈਆਂ । ਗੁਰੂ ਜੀ ਨੇ ਬਾਲਕ ਨੂੰ ਹੱਥਾਂ ਵਿਚ ਲੈ ਕੇ ਚਰਨ ਬੰਧਨਾਂ ਕਰਨ ਉਪ੍ਰੰਤ ਵਰ ਦਿੱਤਾ , “ ਇਹ ਇੰਦਰੀ ਜਿੱਤ , ਤਿਆਗ ਦਾ ਸਿੱਖਰ , ਕੁਰਬਾਨੀ ਦਾ ਪੁੰਜ , ਦੀਨ , ਸੰਕਟ ਹਰੇ , ਬ੍ਰਹਮ ਗਿਆਨੀ , ਤੇਗ ਦਾ ਧਨੀ , ਬਚਨ ਦਾ ਪੂਰਾ , ਤੇ ਧਰਮ ਤੇ ਦੀਨ ਦਾ ਰਖਿਅਕ ਹੋਵੇਗਾ । ਮਾਤਾ ਜੀ ਇਹ ਵਰ ਸੁਣ ਗੱਦ – ਗੱਦ ਹੋਈ ਝੂਮੀ ਜਾਵੇ । ਬਾਲਕ ਬੜੇ ਚਾਵਾਂ ਤੇ ਸੱਧਰਾਂ ਨਾਲ ਪਾਲਿਆ ਦਾਦੀ ਮਾਤਾ ਗੰਗਾ ਜੀ ਕੁਛੜੋ ਨਾ ਉਤਾਰਦੇ ਬੜੇ ਪਿਆਰ ਤੇ ਲਾਡ ਲਡਾਂਦੇ । ਬਾਬਾ ਅਟੱਲ ਜੀ ਭੈਣ ਵੀਰੋ ਜੀ ਬਾਲਕ ਨਾਲ ਬਹੁਤ ਪਿਆਰ ਕਰਦੇ ਤੇ ਉਂਗਲੀ ਲਾਈ ਫਿਰਦੇ ।
ਬਕਾਲੇ ਫੇਰੀ : ਭਾਈ ਮਿਹਰਾਜੀ ਬਕਾਲੇ ਦੇ ਵਸਨੀਕ ਗੁਰੂ ਘਰ ਦੇ ਅਨਿਨ ਸ਼ਰਧਾਲੂ ਹੋਏ ਹਨ । ਇਸ ਨੇ ਇਕ ਨਵੀਂ ਹਵੇਲੀ ਤਿਆਰ ਕਰਾਈ ਪਰ ਉਸ ਵਿਚ ਗੁਰੂ ਹਰਿ ਗੋਬਿੰਦ ਸਾਹਿਬ ਦੇ ਚਰਨ ਪਵਾਏ ਬਿਨਾਂ ਵਿਚ ਵਾਸਾ ਨਹੀਂ ਸੀ ਕਰਨਾ ਚਾਹੁੰਦਾ । ਇਕ ਕਮਰੇ ਵਿੱਚ ਨਵਾਂ ਪਲੰਘ , ਨਵਾਂ ਬਿਸਤਰਾਂ , ਵਿਛਾ ਮਕਾਨ ਵਿਚ ਸਵੇਰੇ ਧੂਫ ਬੱਤੀ ਕਰ ਗੁਰੂ ਜੀ ਨੂੰ ਯਾਦ ਕਰਦਾ ਕਿ ਉਹ ਏਥੇ ਆਪਣੇ ਪਵਿੱਤਰ ਚਰਨ ਪਾਉਣ ।ਉਧਰ ਅੰਮ੍ਰਿਤਸਰ ਬੈਠੇ ਗੁਰੂ ਜੀ ਦੇ ਦਿਲਦੀਆਂ ਤਾਰਾਂ ਖੜਕੀਆਂ । ਭਾਈ ਬਿਧੀ ਚੰਦ , ਭਾਈ ਜੇਠੇ , ਭਾਈ ਪਿਰਾਣੇ ਆਦਿ ਨੂੰ ਨਾਲ ਤਿਆਰ ਕਰ ਮਾਤਾਵਾਂ ਨੂੰ ਗੜਬੈਹਲਾ ’ ਚ ਬਿਠਾਲ ਸਵੇਰੇ ਏਥੋਂ ਤੁਰ ਸ਼ਾਮ ਨੂੰ ਬਕਾਲੇ ਜਾ ਪੁੱਜੇ । ਮਿਹਰੇ ਦੇ ਭਾਗ ਜਾਗ ਪਏ । ਗੁਰੂ ਜੀ ਦਾ ਉਤਾਰਾ ਹਵੇਲੀ ਵਿਚ ਕਰਾਉਣ , ਪਲੰਘ ਤੇ ਬਿਠਾ ਚਰਨਾ ਤੇ ਸੀਸ ਰੱਖ ਧੰਨਵਾਦ ਕਰਦਾ ਨਾ ਥੱਕੇ । ਅਗਲੇ ਸਵਖਤੇ ਹਰੀ ਚੰਦ ਦੇ ਪ੍ਰਵਾਰ ਨੂੰ ਪਤਾ ਲੱਗਾ ਤਾਂ ਆ ਦਰਸ਼ਨ ਕੀਤੇ ਤੇ ਖੁਸ਼ੀਆਂ ਪ੍ਰਾਪਤ ਕੀਤੀਆਂ , ਮਾਤਾ ਨਾਨਕੀ ਜੀ ਆਪਣੇ ਸਹਿਬਜ਼ਾਦਿਆਂ ਨੂੰ ਨਾਨਕੇ ਪਿੰਡ ਲਿਆ ਫੁਲੇ ਨਹੀਂ ਸਮਾਂਦੇ।ਬੱਚੇ ਨਾਨੇ – ਨਾਨੀ ਨੂੰ ਮਿਲ ਬੜੇ ਖੁਸ਼ ਹੋਏ । ਗੁਰੂ ਜੀ ਦਾ ਏਥੇ ਆਉਣਾ ਸੁਣ ਦੁਆਬੇ ਤੇ ਰਿਆੜਕੀ ਤੋਂ ਸਿੱਖ ਗੁਰੂ ਜੀ ਦੇ ਦਰਸ਼ਨ ਨੂੰ ਉਮਡ ਪਏ । ਘਿਓ , ਦੁੱਧ , ਆਟਾ ਗੁੜ ਸ਼ੱਕਰ ਲਈ ਆਉਣ ਲੰਗਰ ਲਗ ਗਏ ਰਾਤ ਦਿਨ ਲੰਗਰ ਚਲਦਾ ਸੰਗਤ ਜੁੜਦੀ , ਕੀਰਤਨ ਤੇ ਢਾਡੀ ਵਾਰਾਂ ਸੁਣ ਸੰਗਤ ਨਿਹਾਲ ਹੁੰਦੀ । ਅੰਤ ਵਿਚ ਗੁਰੂ ਜੀ ਗੁਰ ਉਪਦੇਸ਼ ਦੇਂਦੇ , ਮਾਨੋ ਬਕਾਲੇ ਵਿਚ ਸਚਖੰਡ ਬਣ ਗਿਆ ।
ਏਥੇ ਹੀ ਬਿਰਧ ਮਾਤਾ ਗੰਗਾ ਨੇ ਕੁਝ ਬੀਮਾਰ ਰਹਿ ਚੇਤ ਵਧੀ ੧੪ ਸੰਮਤ ੧੬੮੫ ਨੂੰ ਦੇਹ ਤਿਆਗ ਦਿੱਤੀ । ਗੁਰੂ ਜੀ ਆਪਣੇ ਹੱਥੀ ਮਾਤਾ ਦਾ ਬਿਬਾਨ ਸਜਾਇਆ । ਮਾਤਾ ਜੀ ਦੀ ਵਸੀਅਤ ਅਨੁਸਾਰ ਬਿਆਸਾ ਦਰਿਆ ਵਿਚ ਜਲ ਪ੍ਰਵਾਹ ਕਰ ਦਿੱਤਾ । ਜਿਥੇ ਅੱਜ ਕਲ ਰਾਧਾ ਸੁਆਮੀਆਂ ਸਤਿਸੰਗ ਘਰ ਬਣਿਆ ਹੋਇਆ ਹੈ । ਜਿਥੇ ਇਨ੍ਹਾਂ ਦਾ ਬਿਬਾਨ ਸੰਗਤਾਂ ਦੇ ਦਰਸ਼ਨ ਲਈ ਰਖਿਆ ਗਿਆ ਹੈ । ਓਥੇ ਮਾਤਾ ਗੰਗਾ ਜੀ ਦੇ ਦੇਹਰੇ ਨਾਂ ਦਾ ਸੁੰਦਰ ਗੁਰਦੁਆਰਾ ਬਣਿਆ ਹੋਇਆ ਹੈ ਜੋ ਬਾਬਾ ਬਕਾਲਾ ਸਾਹਿਬ ਵਿਖੇ ਸਥਿੱਤ ਹੈ ਜੋ ਮਹਿਤਾ ਰੋਡ ਉਪਰ ਸਥਿੱਤ ਹੈ । ਜਿਹੜਾ ਨਿਹੰਗ ਸਿੰਘਾਂ ਦੇ ਕਬਜ਼ੇ ਵਿਚ ਹੈ । ਏਥੇ ਹਰ ਸਾਲ ਫਰਵਰੀ ਵਿਚ ਭਾਰੀ ਰੈਣ ਸਬਾਈ ਕੀਰਤਨ ਹੁੰਦਾ ਹੈ । ਇਥੇ ਕੁਝ ਹਫਤੇ ਰਹਿ ਗੁਰੂ ਜੀ ਸੰਗਤਾਂ ਨੂੰ ਤਾਰਦੇ ਫਿਰ ਅੰਮ੍ਰਿਤਸਰ ਵਾਪਸ ਆ ਗਏ ।
ਬਾਬਾ ਅਟੱਲ ਰਾਇ ਜੀ ਦਾ ਅਕਾਲ ਚਲਾਣਾ
ਮਾਤਾ ਨਾਨਕੀ ਦੀ ਯੋਗ ਸਿਖਿਆ ਤੇ ਨਾਮ ਅਭਿਆਸ ਦੁਆਰਾ ਬਾਬਾ ਅਟੱਲ ਰਾਇ ਜੀ ਨੌਂ ਸਾਲ ਦੀ ਆਯੂ ਦੇ ਵਿਚ ਹੀ ਬ੍ਰਹਮ ਅਵਸਥਾ ਨੂੰ ਪੁਜ ਆਤਮਿਕ ਸ਼ਕਤੀਆਂ ਆਪ ਮੁਹਾਰੇ ਫੁਰਨ ਲੱਗੀਆ । ਏਥੇ ਇਕ ਮੋਹਨ ਨਾਮੀ ਲੜਕੇ ਉੱਪਰ ਰਾਤ ਇਨ੍ਹਾਂ ਦੇ ਖਿਦੋ – ਖੂੰਡੀ ਖੇਡਦਿਆਂ ਮੀਟੀ ਰਹਿ ਗਈ । ਜਿਹੜੀ ਉਸ ਨੇ ਸਵੇਰੇ ਦੇਣੀ ਕਰ ਘਰ ਨੂੰ ਆ ਗਿਆ । ਰਾਤ ਉਹ ਸੱਪ ਲੜ ਕੇ ਮਰ ਗਿਆ । ਘਰ ਵਿਚ ਰੋਣ ਪਿਟਣ ਹੋ ਰਿਹਾ ਹੈ । ਬਾਲਕ ਬਾਬਾ ਅਟੱਲ ਰਾਇ ਜੀ ਆਪਦੇ ਸਾਥੀਆਂ ਸਮੇਤ ਉਸ ਦੇ ਘਰ ਜਾ ਉਸ ਦੀ ਧੌਣ ਨੂੰ ਖੁੱਡੀ ਪਾ ਖਿੱਚਦਿਆਂ ਕਿਹਾ , “ ਉਠ ਕੇ ਸਾਡੀ ਰਾਤ ਵਾਲੀ ਮੀਟੀ ਦੇਹ ਮੁਕਰ ਕਰ ਲੰਮਾ ਪੈ ਰਿਹਾ ਹੈ । ਉਹ ਉਠ ਕੇ ਆਪਣੀ ਖੂੰਡੀ ਫੜ ਬਚਿਆਂ ਨਾਲ ਖੇਡਣ ਤੁਰ ਪਿਆ । ਇਸ ਅਨੌਖੀ ਘਟਨਾ ਦੀ ਸਾਰੇ ਨਗਰ ਵਿਚ ਚਰਚਾ ਚਲ ਪਈ । ਜਦੋਂ ਗੁਰੂ ਜੀ ਨੇ ਇਹ ਸੁਣੀ ਤਾਂ ਕਹਿਣ ਲੱਗੇ “ ਸਾਡੇ ਘਰ ਵਿਚ ਕੌਣ ਰਬ ਦਾ ਸ਼ਰੀਕ ਜੰਮ ਪਿਆ ਹੈ । ਇਹ ਗੁੱਸੇ ਵਾਲੇ ਸ਼ਬਦ ਸੁਣ ਬਾਬਾ ਜੀ ਘਰੋਂ ਇਕ ਚਾਦਰ ਲੈ ਕੌਲਸਰ ਦੀ ਦੱਖਣੀ ਬਾਹੀ ਉਪਰ ਚਾਦਰ ਲੈ ਸਮਾਧ ਗਤਿ ਹੋ ਪ੍ਰਾਣ ਤਿਆਗ ਗਏ । ਏਥੇ ਹੀ ਇਨ੍ਹਾਂ ਨੂੰ ਇਸ਼ਨਾਨ ਕਰਾ ਸੰਸਕਾਰ ਕਰ ਦਿੱਤਾ । ਇਸ ਥਾਂ ਤੇ ਅਜ – ਕਲ ਇਕ ਨੌਂ ਮੰਜ਼ਿਲਾ ਮੁਨਾਰਾ ਬਾਬਾ ਅਟੱਲ ਰਾਇ ਜੀ ਦੀ ਯਾਦ ਤਾਜਾ ਕਰਾਉਂਦਾ ਦਿਸ ਰਿਹਾ ਹੈ । ਇਸ ਘਟਨਾ ਦਾ ਮਾਤਾ ਨਾਨਕੀ ਜੀ ਦੇ ਅਸਰ ਹੋਣਾ ਜਰੂਰੀ ਸੀ । ਪਰ ਮਾਤਾ ਜੀ ਇਹ ਸਦਮਾ ਬੜੀ ਦਲੇਰੀ ਨਾਲ ਜਰਿਆ ਤੇ ਅੱਖਾਂ ਵਿਚੋਂ ਹੰਝੂ ਤਕ ਨਾ ਕੇਰਿਆ ਸਗੋਂ ਪ੍ਰਚਾਉਣੀ ਕਰਨ ਆਈ ਸੰਗਤ ਨੂੰ ਸਮਝਾਉਂਦੇ ਤੇ ਹੌਸਲਾ ਤੇ ਦਿਲਾਸਾ ਦੇਂਦੇ ਕਹਿੰਦੇ “ ਇਹ ਧੀਆਂ ਪੁੱਤ ਅਕਾਲ ਪੁਰਖ ਦੀ ਦਿੱਤੀ ਮਾਇਆ ਹੈ ਭਾਵੇਂ ਖੋਹ ਲਵੇ ਸਾਨੂੰ ਕੋਈ ਰੋਸ ਨਹੀਂ ਕਰਨਾ ਚਾਹੀਦਾ । ਸਗੋਂ ਉਸ ਦੀ ਰਜ਼ਾ ਵਿਚ ਰਹਿ ਕੇ ਭਾਣਾ ਮੰਨਣਾ ਚਾਹੀਦਾ ਹੈ । ਬੀਬੀ ਵੀਰੋ ਜੀ ਤੇ ਨਿਕੇ ਵੀਰ ਜੀ ਬਾਬਾ ਤਿਆਗ ਮਲ ਤੇ ਇਸ ਘਟਣਾ ਦਾ ਬਹੁਤ ਪ੍ਰਭਾਵ ਪਿਆ । ਭੈਣ ਵੀਰੋ ਜੀ ਵੀਰ ਦੇ ਵਿਯੋਗ ਵਿੱਚ ਕਈ ਵਾਰ ਰੁਦਨ ਕਰਨ ਲੱਗਦੇ ਤਾਂ ਮਾਤਾ ਗਲ ਨਾਲ ਲਾ ਉਹਨਾਂ ਨੂੰ ਧਰਵਾਸ ਦੇਂਦੇ । ਮਾਤਾ ਜੀ ਦਾ ਬੀਬੀ ਵੀਰੋ ਜੀ ਨਾਲ ਅਥਾਹ ਪਿਆਰ ਤੇ ਸੁਨੇਹ ਸੀ । ਇਨ੍ਹਾਂ ਦੇ ਵਿਆਹ ਦੀ ਸਾਰੀ ਕਾਰ ਮੁਖਤਾਰੀ ਮਾਤਾ ਨਾਨਕੀ ਜੀ ਨੇ ਸੰਭਾਲੀ ਤੇ ਵਿਆਹ ਭਾਵੇ ਝਬਾਲ ਕੀਤਾ ਪਰ ਵਿਆਹ ਤੇ ਆਏ ਅੰਗ – ਸਾਕਾਂ ਨੂੰ ਸੰਭਾਲਣ ਤੇ ਲੈਣ ਦੇਣ ਦੀ ਜ਼ਿਮੇ ਵਾਰੀ ਆਪ ਨੇ ਬੜੇ ਸੁਚੱਜੇ ਢੰਗ ਨਾਲ ਖਿੜੇ ਮੱਥੇ ਨਿਭਾਈ ।
ਹੁਣ ਯੁੱਧਾਂ ਤੋਂ ਵਿਹਲੇ ਤੋਂ ਗੁਰੂ ਜੀ ਕੀਰਤਪੁਰ ਜਾ ਟਿੱਕੇ । ਏਥੇ ਰਹਿੰਦਿਆਂ ਸ੍ਰੀ ਤੇਗ ਬਹਾਦਰ ਜੀ ਦੀ ਸ਼ਾਦੀ ਦੀ ਤਾਰੀਖ ਮਿਥ ਕੇ ਕਰਤਾਰਪੁਰ ਚਲ ਪਏ ੧ ਮਾਰਚ ੧੬੩੨ ਵਿਚ ਤੇਗ ਬਹਾਦਰ ਦਾ ਵਿਆਹ ਲਾਲ ਚੰਦ ਜੀ ਕਰਤਾਰਪੁਰ ਵਾਸੀ ਦੀ ਪੁੱਤਰੀ ਗੁਜਰੀ ਨਾਲ ਪੂਰਨ ਗੁਰ ਮਰਿਆਦਾ ਨਾਲ ਕੀਤਾ ਗਿਆ । ਲਾਲ ਚੰਦ ਜੀ ਨੇ ਬੜੀ ਅਧੀਨਗੀ ਨਾਲ ਕਿਹਾ ਕਿ ਉਸ ਪਾਸ ਗੁਰੂ ਜੀ ਨੇ ਦੇਣ ਯੋਗ ਕੁਝ ਨਹੀਂ ਹੈ , ਜੋ ਉਹ ਦੇ ਸਕਦੇ । ਸਚੇ ਪਾਤਸ਼ਾਹ ਨੇ ਅਗੋ ਫੁਰਮਾਇਆ : ਲਾਲ ਚੰਦ ! ਤੁਮ ਦੀਨੋ ਸਕਲ ਬਿਸਾਲਾ , ਜਿਨ ਤੁਣਜਾ ਅਰਪਨ ਕੀਨੇ । ਤੈ ਪਾਛੈ ਕਿਆ ਰੱਖ ਲੀਨੇ । ਭਾਈ ਲਾਲ ਚੰਦ ਜੀ ਜਦੋਂ ਤੁਸੀਂ ਬੇਟੀ ਦੇ ਦਿੱਤੀ ਤਾਂ ਪਿਛੇ ਕੀ ਰਖ ਲਿਆ ਹੈ ?
ਮਾਤਾ ਨਾਨਕੀ ਜੀ ਪਾਸੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਪੂਰਨ ਅਧਿਆਤਮਿਕ ਤੇ ਆਦਰਸ਼ਿਕ ਗੁਣ ਪ੍ਰਾਪਤ ਹੋਏ । ਜਿਨਾਂ ਕਰਕੇ ਆਪ ਏਨੀ ਮਹਾਨ ਘਾਲਣਾ ਘਾਲਣ ਵਿਚ ਸਫਲ ਰਹੇ । ਏਥੋ ਫਿਰ ਸਾਰਾ ਪ੍ਰਵਾਰ ਕੀਰਤਪੁਰ ਚਲਾ ਗਿਆ । ਏਥੇ ਕੀਰਤਪੁਰ ਤਕਰੀਬਨ ਮਾਤਾ ਨਾਨਕੀ ਜੀ ਤੇਗ ਬਹਾਦਰ ਸਮੇਤ ਦਸ ਸਾਲ ਗੁਰੂ ਜੀ ਦੇ ਨਾਲ ਰਹੇ । ਏਥੇ ਵੀ ਮਾਤਾ ਜੀ ਨੇ ਗੁਰੂ ਜੀ ਦੀ ਬਹੁਤ ਧਿਆਨ ਰੱਖਣਾ ਤੇ ਹਰ ਸਹੂਲਤ ਮੁਹਈਆਂ ਕਰਨੀ । ਏਥੇ ਗੁਰੂ ਜੀ ਨੇ ਗੁਰਗੱਦੀ ਦੀ ਪੁੱਤਰਾਂ ਨੂੰ ਛੱਡ ਪੋਤਰੇ ਨੂੰ ਦੇ ਨਵੀਂ ਪਿਰਤ ਪਾਈ । ਮਾਤਾ ਨਾਨਕੀ ਜੀ ਨੇ ਇਹ ਗਲ ਸਵੀਕਾਰ ਕਰ ਲਈ ਸੂਰਜ ਮਲ ਦੀ ਮਾਤਾ ਨੇ ਜਿੱਦ ਕੀਤੀ । ਮਾਤਾ ਨਾਨਕੀ ਜੀ ਬੜੇ ਵਿਸ਼ਾਲ ਦਿਲ ਤੇ ਦੂਰ ਦਰਸ਼ੀ ਸਨ । ਆਪ ਨੇ ਗੁਰੂ ਦਾ ਹੁਕਮ ਸਿਰ ਮੱਥੇ ਰੱਖ , ਗੁਰੂ ਜੀ ਦੀ ਆਗਿਆ ਵਿੱਚ ਜੀਵਨ ਬਤੀਤ ਕਰਨ ਵਾਲੀ ਤੇ ਗੁਰਗੱਦੀ ਦੇ ਲੋਭ ਲਾਲਚ ਤੋਂ ਉਪਰ ਉਠ ਸ੍ਰੀ ਹਰਿਰਾਇ ਜੀ ਨੂੰ ਗੁਰਗੱਦੀ ਤੇ ਬਾਜਮਾਨ ਹੋਏ ਨੂੰ ਸਤਿਕਾਰਿਆ ਤੇ ਆਪਣੇ ਪੁੱਤਰ ਲਈ ਕੋਈ ਪਕੜ ਜਾਂ ਲੋਭ ਨੂੰ ਛਡ ਹਰਿਰਾਇ ਜੀ ਨੂੰ ਸਵੀਕਾਰਿਆ | ਸੋ ਮਾਤਾ ਨਾਨਕੀ ਜੀ ਦਾ ਗੁਰ ਗੱਦੀ ਪ੍ਰਤੀ ਵਤੀਰਾ , ਚੇਤਨਾ ਤੇ ਕਰਤੱਵ ਸਦਾ ਗੁਰੂ ਜੀ ਦੇ ਦੱਸੇ ਆਦੇਸ਼ਾ ਪ੍ਰਤੀ ਠੀਕ ਤੇ ਸਿਰਜਨਾਤਮਿਕ ਪੱਖੀ ਰਿਹਾ ਹੈ । ਮਾਤਾ ਜੀ ਢਹਿੰਦੀਆਂ ਕਲਾਂ ਨਿਰਾਸ਼ਤਾ , ਕ੍ਰੋਧ , ਨਿੰਦਾ ਚੁਗਲੀ ਤੇ ਕਿਸੇ ਦਾ ਮਾੜਾ ਸੋਚਣਾ ਜਿਹੇ ਮਾੜੇ ਕੰਮ ਕਦੇ ਲਾਗੇ ਨਹੀਂ ਸੀ ਫਟਕਣ ਦਿੱਤੇ ।
ਗੁਰੂ ਜੀ ਹੋਰਾ ਮਾਤਾ ਨਾਨਕੀ ਜੀ ਨੂੰ ਅੰਤਮ ਬਚਨ ਏਵੇਂ ਕੀਤੇ ਸਨ , “ ਤੁਸੀਂ ਬਕਾਲੇ ਨਿਵਾਸ ਰੱਖੋ , ਹਰਿਗੋਬਿੰਦਪੁਰ ਦਾ ਸਾਰਾ ਇਲਾਕਾ ਤੇਗ਼ ਬਹਾਦਰ ਦੇ ਅਧੀਨ ਰਹੇਗਾ । ਤਿਆਗ ਤੇ ਕੁਰਬਾਨੀ ਦੇ ਪੁਤਲੇ ਤੇਗ ਬਹਾਦਰ ਦੀ ਸਾਧਣਾ ਤੇ ਤਪੱਸਿਆ ਦੀ ਸਾਰੀ ਦੁਨੀਆਂ ਵਿਚ ਚਰਚਾ ਹੋਵੇਗੀ । ਇਨ੍ਹਾਂ ਦੀ ਮਾਨ ਵਡਿਆਈ ਵੀ ਅਪਾਰ ਹੋਵੇਗੀ । ਰਜ਼ਾ ਅੰਦਰ ਰਹੋ । ਜਿਸ ਵਸਤੂ ਦੇ ਚਾਹਵਾਨ ਹੋ ( ਗੁਰਗੱਦੀ ) ਉਸ ਦੇ ਪਿਛੇ ਦੌੜਣ ਦੀ ਲੋੜ ਨਹੀਂ ਹੈ । ਉਸ ਦੀ ਲਾਲਸਾ ਕਰਨ ਦੀ ਲੋੜ ਨਹੀਂ ਹੈ । ਉਹ ਧੁਰ ਦਰਗਾਹ ਦੀ ਦਾਤ ਹੈ । ਜਦੋਂ ਨਿਰੰਕਾਰ ਦਾ ਹੁਕਮ ਹੋਇਆ ਖੁਦ ਤੁਹਾਡੇ ਘਰ ਪੁੱਜੇਗੀ । ਨਾਲ ਹੀ ਮਾਤਾ ਜੀ ਨੂੰ ਹੁਕਮ ਹੋਇਆ ਕਿ “ ਤੁਸੀਂ ਬਕਾਲੇ ਜਾ ਟਿਕਾਣਾ ਭਾ : ਮਿਹਰੇ ਦੇ ਘਰ ਕਰਨਾ ਹੈ । ਉਥੇ ਇਕਾਂਤ ਮਾਣੋ । ਸੱਚੀ ਘਾਲ ਘਾਲੋ ਤੁਹਾਡੀ ਘਾਲਣਾ ਨੂੰ ਤਪੱਸਿਆ ਦੀ ਅਟਲ ਪਦਵੀ ਮਿਲੇਗੀ । ਨਾਲ ਹੀ ਗੁਰੂ ਹਰਿਰਾਇ ਜੀ ਨੂੰ ਗੁਰੂ ਜੀ ਨੇ ਕਿਹਾ ਕਿ ਆਪਣੇ ਚਾਚੇ ਤੇਗ ਬਹਾਦਰ ਦਾ ਮਾਨ ਸਤਿਕਾਰ ਆਪਣੇ ਪਿਤਾ ਵਾਂਗ ਕਰਨਾ ਹੈ । ”ਮਾਤਾ ਜੀ ਦਾ ਬਕਾਲੇ ਆਉਣਾ ਮਾਤਾ ਨਾਨਕੀ ਜੀ ਆਪਣੇ ਗੁਰੂ ਪਤੀ ਦੇ ਹੁਕਮ ਮੁਤਾਬਿਕ ਆਪਣੇ ਲੜਕੇ ਤੇਗ ਬਹਾਦਰ ਤੇ ਨੂੰਹ ਗੁਜਰੀ ਨੂੰ ਨਾਲ ਲੈ ਕੇ ਭਾ : ਮਿਹਰੇ ਦੀ ਹਵੇਲੀ ਆ ਟਿਕੇ । ਮਿਹਰਾ ਜੀ ਨੇ ਬੜਾ ਮਾਨ ਤੇ ਸਤਿਕਾਰ ਕੀਤਾ , ਰਹਿਣ ਲਈ ਇਕ ਵੱਖਰਾ ਮਕਾਨ ਦੇ ਦਿੱਤਾ ਤੇ ਤੇਗ ਬਹਾਦਰ ਜੀ ਦੀ ਤਪੱਸਿਆ ਲਈ ਇਕ ਭੋਰਾ ਪਟਵਾ ਦਿੱਤਾ । ਇਥੇ ਅੰਮ੍ਰਿਤ ਵੇਲੇ ਇਸ਼ਨਾਨ ਕਰਨ ਉਪ੍ਰੰਤ ਆ ਬਿਰਾਜਦੇ ਤੇ ਮਹਾਨ ਤਪ ਕਰਦੇ । ਮਾਤਾ ਨਾਨਕੀ ਦੀ ਛਤਰ ਛਾਇਆ ਹੇਠ ਤੇਗ ਬਹਾਦਰ ਜੀ ਦੀ ਵਿਅਕਤੀਗਤ ਨਿਖਰੀ । ਆਪਾ ਤਿਆਗ , ਗਿਆਨ , ਸਹਿਜ , ਤੇ ਨਿਰਭੈਅਤਾ ਇਨ੍ਹਾਂ ਦੇ ਜੀਵਨ ਦਾ ਅੰਗ ਬਣ ਗਏ । ਮਾਤਾ ਨਾਨਕੀ ਜੀ ਵੀ ਤੇਗ ਬਹਾਦਰ ਜੀ ਸਿਹਤ ਤੇ ਹਰ ਤਰ੍ਹਾਂ ਆਪ ਖਿਆਲ ਰੱਖਦੇ । ਤੇਗ ਬਹਾਦਰ ਤਪਸਿਆ ਕਰਦੇ ਵੀ ਕਈ ਵਾਰ ਬਾਹਰ ਨਿਕਲ ਕਈ – ਕਈ ਦਿਨ ਪ੍ਰਚਾਰ ਦੌਰਿਆ ਤੇ ਜਾਂਦੇ ਤੇ ਸਿੱਖੀ ਦਾ ਪ੍ਰਚਾਰ ਕਰਦੇ ਜਦੋਂ ਸਿੱਖ ਸੰਗਤਾਂ ਦਰਸ਼ਨਾਂ ਨੂੰ ਆਉਂਦੀਆਂ ਤਾਂ ਉਨ੍ਹਾਂ ਨੂੰ ਨੀਅਤ ਕੀਤੇ ਸਮੇਂ ਅਨੁਸਾਰ ਦਰਸ਼ਨ ਦੇਂਦੇ ਤੇ ਉਪਦੇਸ਼ ਵੀ ਦੇਂਦੇ ਤਾਹੀਓਂ ਤਾਂ ਇਸ ਇਲਾਕੇ ਸਿੱਖੀ ਪ੍ਰਫੁਲ ਰਹੀ ਹੈ । ਗੁਰੂ ਹਰਿ ਰਾਇ ਜੀ ਏਧਰ ਘਟ ਹੀ ਆਏ । ਆਪ ਨੇ ਸਿੱਖੀ ਪ੍ਰਚਾਰ ਨਹੀਂ ਛੱਡਿਆ ਸੰਗਤ ਨੂੰ ਗੁਰੂ ਘਰ ਨਾਲ ਜੋੜੀ ਰਖਿਆ । ਇਹ ਨਹੀਂ ਕਿ ਹਰ ਸਮੇਂ ਭੋਰੇ ਵਿਚ ਹੀ ਬੈਠੇ ਰਹੇ । ਦਿੱਲੀ ਜਦੋਂ ਬਾਲਕ ਗੁਰੂ ਹਰਿਕ੍ਰਿਸ਼ਨ ਜੀ ਜੋਤੀ ਜੋਤ ਸਮਾਉਣ ਲਗੇ ਤਾਂ ਸੰਗਤ ਨੇ ਪੁੱਛਿਆ ਉਹ ਸੰਗਤ ਨੂੰ ਕਿਸ ਦੇ ਲੜ ਲਾ ਚਲੇ ਹਨ , ਭਾਈ ਕੇਸਰ ਸਿੰਘ ਛਿਬਰ ਬੰਸਾਵਾਲੀ ਨਾਮੇ ਵਿਚ ਲਿਖਦਾ ਹੈ : – “ ਵਕਤ ਚਲਾਣੇ ਸਿੱਖਾਂ ਕੀਤੀ ਅਰਦਾਸ।ਗਰੀਬ ਸੰਗਤ ਵਡੀ ਕਿਸ ਪਾਸ । ਉਸ ਵਕਤ ਬਚਨ ਕੀਤਾ | ਬਾਬਾ ਬਕਾਲੇ । ਆਪ ਗਏ ਗੁਰਪੁਰ , ਦਹਿ ਜਾਲਾਏ ਸਨ ਚੰਦਨ ਨਾਲੇ।ਇਹ ਬਚਨ ਜ਼ਾਹਿਰ ਕਰਦੇ ਹਨ ਤੇਗ ਬਹਾਦਰ ਗੁਰੂ ਹਰਿਕ੍ਰਿਸ਼ਨ ਦੇ ਬਾਬੇ ਦੇ ਭਰਾ ਬਾਬੇ ਹੀ ਲੱਗਦੇ ਸਨ ਜਿਹੜੇ ਬਕਾਲੇ ਟਿਕੇ ਹੋਏ ਸਨ । ਮਾਤਾ ਸੁਲੱਖਣੀ ਜੀ ਨੇ ਗੁਰੂ ਗੱਦੀ ਸਾਮਾਨ ਤੇ ਪੋਥੀ ਸਾਹਿਬ ਦੀਵਾਨ ਦਰਗਾਹ ਮਲ , ਭਾਈ ਦਿਆਲਾ ਜੀ ਭਾਈ ਜੇਠਾ ਜੀ ਪਹਿਲਾਂ ਕੀਰਤਪੁਰ ਲੈ ਗਏ।ਉਥੇ ਬਾਬਾ ਗੁਰਦਿੱਤਾ ਜੀ ਬਾਬਾ ਬੁੱਢਾ ਜੀ ਨੂੰ ਲੈ ਕੇ ਬਕਾਲੇ ਵਲ ਚਲ ਪਏ ।
ਬਾਬਾ ਬਕਾਲੇ ਦੀ ਖਬਰ ਸੁਣ ਧੀਰ ਮਲ ਤੇ ਬਾਬਾ ਪ੍ਰਿਥੀ ਚੰਦ ਦਾ ਪੋਤਾ ਹਰਿ ਜੀ , ਮੀਣਾ ਆਦਿ ੨੨ ਪਾਖੰਡੀ ਨਾਲ ਲੈ ਲੋਕਾਂ ਨੂੰ ਗੁਮਰਾਹ ਕਰਨ ਲਈ ਆ ਗਏ।ਉਧਰੋਂ ਦਰਬਾਰੀ ਸਿੱਖ ਮਾਤਾ ਸੁਲੱਖਣੀ ਜੀ ਗੁਰ ਗੱਦੀ ਦੀਆਂ ਵਸਤੂਆਂ ਲੈ ਮਾਤਾ ਨਾਨਕੀ ਜੀ ਪਾਸ ਆ ਗਏ । ਉਧਰ ਮਾਤਾ ਸੁਲੱਖਣੀ ਜੀ ਨੇ ਸੁਨੇਹਾ ਭੇਜਿਆ ਸੀ ਬਜ਼ੁਰਗ ਦੁਆਰਕਾ ਦਾਸ ਭੱਲਾ ਤੇ ਅੰਮ੍ਰਿਤਸਰ ਤੋਂ ਪ੍ਰਸਿੱਧ ਗੁਰਮੁਖ ਭਾਈ ਗੜੀਆ ਜੀ ਵੀ ਆਣ ਪੁੱਜੇ । ਜਦੋਂ ਗੁਰਿਆਈ ਦੀਆਂ ਵਸਤੂਆਂ ਗੁਰੂ ਤੇਗ ਬਹਾਦਰ ਜੀ ਅੱਗੇ ਰੱਖੀਆਂ ਤਾਂ ਇਹ ਪ੍ਰਵਾਨ ਕਰਦਿਆਂ ਹੁਕਮ ਕੀਤਾ ਕਿ “ ਇਹ ( ਗੁਰ ਗੱਦੀ ) ਅਕਾਲ ਪੁਰਖ ਦੀ ਦਾਤ ਹੈ । ਇਸ ਦਾ ਢੰਡੋਰਾ ਪਿੱਟਣ ਦੀ ਲੋੜ ਨਹੀਂ ਹੈ । ਅਸੀਂ ਉਨ੍ਹਾਂ ੨੨ ਦੁਕਾਨਦਾਰਾਂ ਵਿੱਚ ਅਪਣੀ ਚਰਚਾ ਨਹੀਂ ਕਰਾਉਣੀ ਚਾਹੁੰਦੇ।ਨਾ ਹੀ ਕਿਸੇ ਨਾਲ ਵੈਰ ਵਿਰੋਧ ਲੈਣ ਦੀ ਲੋੜ ਹੈ । ਅਕਾਲ ਪੁਰਖ ਸੰਗਤ ਅੱਗੇ ਆਪਣੇ ਆਪ ਸਚਾਈ ਪ੍ਰਗਟ ਕਰੇਗਾ । ਹੁਣ ਅਕਾਲ ਪੁਰਖ ਨੇ ਭਾਈ ਮੱਖਣ ਸ਼ਾਹ ਨੂੰ ਗੁਰੂ ਜੀ ਨੂੰ ਪ੍ਰਗਟ ਕਰਨ ਲਈ ਭੇਜ ਦਿੱਤਾ । ਗੁਰੂ ਤੇਗ ਬਹਾਦਰ ਪ੍ਰਗਟ ਹੋ ਪਹਿਲਾਂ ਅੰਮ੍ਰਿਤਸਰ ਤਰਨਤਾਰਨ , ਖਡੂਰ ਸਾਹਿਬ ਗੋਇੰਦਵਾਲ ਤੇ ਕਰਤਾਰਪੁਰ ਹੁੰਦੇ ਸਿੱਖ ਜਗਤ ਨੂੰ ਤਾਰਦੇ ਕੀਰਤਪੁਰ ਜਾ ਪੁੱਜੇ । ਮਾਤਾ ਨਾਨਕੀ ਜੀ ਨੇ ਗੁਰੂ ਜੀ ਨੂੰ ਸਲਾਹ ਦਿੱਤੀ ਏਥੇ ਬਾਬੇ ਸੂਰਜ ਮਲ ਦੀ ਉਲਾਦ ਹੈ ਲੜਾਈ ਦਾ ਡਰ ਹੈ , ਕਿਤੇ ਅਗੇ ਚਲੀਏ । ਏਥੋਂ ਚੱਲ ਪੰਜ ਕੋਹ ਤੇ ਪਿੰਡ ਮਾਖੋਵਾਲ ਜਾ ਟਿੱਕੇ । ਏਥੇ ਥਾਂ ਮੁੱਲ ਲੈ ਕੇ ਉਸਾਰੀ ਸ਼ੁਰੂ ਕਰਾ ਦਿੱਤੀ । ਏਥੇ ਨਗਰ ਦੀ ਉਸਾਰੀ ਦੀ ਜ਼ਿਮੇਵਾਰੀ ਕੁਝ ਮੁਖ ਸਿੱਖਾਂ ਨੂੰ ਸੌਂਪ ਕੇ ਆਪ ਸਾਰੇ ਪ੍ਰਵਾਰ ਸਮੇਤ ਕੁਝ ਪ੍ਰਮੁੱਖ ਸਿੱਖਾਂ ਤੇ ਕਿਰਪਾਲ ਚੰਦ ਆਦਿ ਨੂੰ ਨਾਲ ਲੈ ਕੇ ਦੱਖਣ ਵਲ ਪ੍ਰਚਾਰ ਯਾਤਰਾ ਦਾ ਪ੍ਰੋਗਰਾਮ ਬਣਾ ਚਲ ਪਏ । ਰਾਹ ਵਿਚ ਸੰਗਤਾਂ ਨੂੰ ਤਾਰਦੇ ਦਿੱਲੀ , ਯੂ . ਪੀ . ਤੋਂ ਬਿਹਾਰ ਪਟਨਾ ਜਾ ਪੁੱਜੇ ਏਥੇ ਮਾਤਾ ਗੁਜਰੀ ਦੀ ਕੁੱਖ ਹਰੀ ਹੋਣ ਕਰਕੇ ਇਨ੍ਹਾਂ ਨੂੰ ਕਿਰਪਾਲ ਚੰਦ ਤੇ ਕੁਝ ਸਿੱਖਾਂ ਨੂੰ ਪਟਨੇ ਛਡ ਆਪ ਬੰਗਾਲ ਢਾਕਾ ਹੁੰਦੇ ਅਮਨ ਤੇ ਪਿਆਰ ਦਾ ਸੁਨੇਹਾ ਦੇਂਦੇ ਆਸਾਮ ਪੁੱਜ ਗਏ । ਪੋਹ ਸੁਦੀ ਸਤਵੀ ੧੭੨੩ ਬਿ . ਨੂੰ ਏਥੇ ਬਾਲ ਗੋਬਿੰਦ ਜੀ ਦਾ ਪ੍ਰਕਾਸ਼ ਹੋਇਆ । ਗੁਰੂ ਤੇਗ ਬਹਾਦਰ ਪੰਜ ਛੇ ਸਾਲ ਧਰਮ ਪ੍ਰਚਾਰ ਕਰਦੇ ਸੱਚ ਦਾ ਉਪਦੇਸ਼ ਦਿੰਦੇ ਰਹੇ ਇਧਰ ਪਟਨੇ ਵਿਚ ਬਾਲ ਗੋਬਿੰਦ ਰਾਇ ਜੀ ਦੀ ਪਾਲਣਾ ਆਪਦੀ ਦਾਦੀ ਮਾਤਾ ਨਾਨਕੀ ਜੀ ਦੀ ਛਤਰ ਛਾਇਆ ਹੇਠ ਹੁੰਦੀ ਰਹੀ । ਏਥੇ ਚੋਜ ਕਰ ਸੰਗਤਾਂ ਨੂੰ ਨਿਹਾਲ ਕਰਦੇ।ਉਧਰੋਂ ਗੁਰੂ ਜੀ ਹੋਰਾਂ ਨੂੰ ਚੱਕ ਨਾਨਕੀ ਆਉਣ ਲਈ ਸੰਦੇਸ਼ ਭੇਜਿਆ । ਉਧਰ ਆਪ ਆ ਪੁੱਜੇ । ਬਾਲਕ ਗੋਬਿੰਦ ਰਾਇ ਦੇ ਇੱਥੇ ਪੁਜਣ ਤੇ ਬਹੁਤ ਖੁਸ਼ੀਆਂ ਤੇ ਆਨੰਦ ਮਾਣੇ । ਦੀਪ ਮਾਲਾ ਕੀਤੀ ਗਈ । ਮਾਤਾ ਨਾਨਕੀ ਜੀ ਨੂੰ ਵਧਾਈਆਂ ਮਿਲਣ ਲਗੀਆਂ । ਬਾਲਕ ਗੋਬਿੰਦ ਰਾਇ ਦੇ ਨਾਨਕੀ ਚੱਕ ਆਉਣ ਦੀ ਖੁਸ਼ੀ ਵਿਚ ਇਸ ਚੱਕ ਨਾ ਬੱਦਲ ਕੇ ਆਨੰਦਪੁਰ ( ਖੁਸ਼ੀ ਦਾ ਘਰ ਰੱਖ ਦਿੱਤਾ ਗਿਆ |
ਗੁਰੂ ਤੇਗ ਬਹਾਦਰ ਜੀ ਨੇ ਬਚਪਨ ਵਿਚ ਹੀ ‘ ਗੋਬਿੰਦ ਰਾਇ ਜੀ ਨੂੰ ਭਾਂਤ ਭਾਂਤ ਦੇ ਸ਼ਾਸਤਰ ਦੇ ਸ਼ਸ਼ਤਰ ਦੀ ਵਿੱਦਿਆ ਤੇ ਸਿਖਿਆ ਦਾ ਪ੍ਰਬੰਧ ਕੀਤਾ । ਦੂਜੇ ਅਣਖ ਨਾਲ ਜੀਣਾ , ਧਰਮ ਦੀ ਆਜ਼ਾਦੀ ਨੂੰ ਬਚਾਈ ਰੱਖਣ , ਕਿਸੇ ਨੂੰ ਡਰਾਓ , ਨਾ ਕਿਸੇ ਤੋਂ ਡਰੋ ਦਾ ਉਪਦੇਸ਼ ਤੇ ਸਿਧਾਂਤ ਦਿਤਾ । ਮਾਤਾ ਨਾਨਕੀ ਜੀ ਨੇ ਜਿਹੜੇ ਗੁਣ ਨਿਰਭੈਅਤਾ , ਪਰਉਪਕਾਰ , ਦਯਾ ਤੇ ਦ੍ਰਿੜ ਵਿਸ਼ਵਾਸ਼ ਆਪਣੇ ਲਾਡਲੇ ਗੁਰੂ ਤੇਗ਼ ਬਹਾਦਰ ਵਿਚ ਭਰੇ ਸਨ ਉਹ ਸਾਰੇ ਗੁਣ ਬਾਲਕ ਗੋਬਿੰਦ ਰਾਇ ਵਿਚ ਆਪਣੇ ਆਪ ਆ ਗਏ । ਦਯਾ ਤੇ ਪਰਉਪਕਾਰ ਦੀ ਮੂਰਤ ਹੋਣ ਕਰਕੇ ਨੌਂ ਸਾਲ ਦੀ ਆਯੂ ਵਿਚ ਜ਼ਾਰ – ਜ਼ਾਰ ਰੋਦਿਆਂ ਬਾਹਮਣਾ ਨੂੰ ਵੇਖ ਆਪ ਨੇ ਯਤੀਮ ਹੋ ਜਾਣਾ ਕਬੂਲ ਕਰ ਲਿਆ ਤੇ ਇਨ੍ਹਾਂ ਦੇ ਧਰਮੀ ਤਿਲਕ ਤੇ ਜੰਝੂ ਬਦਲੇ ਆਪਣੇ ਪਿਤਾ ਦਾ ਬਲੀਦਾਨ ਦੇ ਦਿੱਤਾ ਤੇ ਮਾਤਾ ਨਾਨਕੀ ਜੀ ਨੇ ਬਿਰਧ ਅਵਸਥਾ ਵਿਚ ਆਪਣੇ ਹੱਥੀ ਆਪਣੀ ਅੱਖ ਦੇ ਤਾਰੇ ਨੂੰ ਧਰਮ ਰੱਖਿਆ ਲਈ ਤੋਰਿਆ । ਕਿੱਡਾ ਵੱਡਾ ਜਿਗਰਾ ਹੋਵੇਗਾ ਮਾਤਾ ਜੀ ਦਾ । ਜਦੋਂ ਗੁਰੂ ਜੀ ਦਾ ਸੀਸ ਦਿੱਲੀ ਤੋਂ ਜੈਤਾ ਜੀ ਕੀਰਤਪੁਰ ਸਾਹਿਬ ਲੈ ਕੇ ਆਏ ਤਾਂ ਓਥੋਂ ਇਹ ਸੀਸ ਦਾ ਮਾਤਮੀ ਜਲੂਸ ਅਨੰਦਪੁਰ ਸਾਹਿਬ ਆਇਆ ਤਾਂ ਮਾਤਾ ਨਾਨਕੀ ਜੀ ਤੇ ਨੌਂ ਸਾਲ ਦਾ ਮਰਦ ਅੰਗਮੜਾ ਇਸ ਜਲੂਸ ਦੀ ਅਗਵਾਈ ਕਰ ਰਹੇ ਸਨ । ਮਾਤਾ ਜੀ ਨੇ ਲੋਕਾਂ ਨੂੰ ਰੁਦਨ ਕਰਨ ਤੋਂ ਵਰਜ ਕੇ ਸ਼ਬਦ ਪੜਣ ਤੇ ਭਾਣੇ ਵਿਚ ਰਹਿਣ ਦਾ ਉਪਦੇਸ਼ ਦੇਂਦੇ ਰਹੇ । ਇਸ ਤਰ੍ਹਾਂ ਆਪਣੇ ਲਾਡਲੇ ਦੀ ਸ਼ਹੀਦੀ ਦੇ ਤਿੰਨ ਸਾਲ ਬਾਅਦ ਪ੍ਰਲੋਕ ਸਿਧਾਰ ਗਏ । ਆਪ ਜੀ ਦੀ ਆਯੂ ਉਸ ਵੇਲੇ ਅੱਸੀ ਸਾਲ ਦੇ ਲਾਗੇ ਸੀ । ਮਾਤਾ ਨਾਨਕੀ ਜੀ ਨੂੰ ਗੁਰੂ ਨੌਹ ਗੁਰੂ ਪਤਨੀ , ਗੁਰੂ ਮਾਤਾ ਤੇ ਗੁਰੂ ਦਾਦੀ ਹੋਣ ਦਾ ਮਾਣ ਮਿਲਿਆ ਫਿਰ ਸਾਰੇ ਹੀ ਚੜ੍ਹਦੇ ਤੋਂ ਚੜ੍ਹਦੇ ਸੂਰਮੇ ਤੇ ਨਿਰਭੈਤਾ ਅਤੇ ਕੁਰਬਾਨੀ ਦੇ ਪੁੰਜ । ਆਪ ਸਿੱਖੀ ਸੰਘਰਸ਼ ਤੇ ਸੰਕਟ ਵਿਚ ਦੀ ਵਿਚਰਦੇ ਵੀ ਪ੍ਰਵਾਰਿਕ ਧੰਦੇ ਬੜੇ ਸੁਚੱਜੇ ਤੇ ਪਿਆਰ ਪੂਰਵਕ ਢੰਗ ਨਾਲ ਨਿਭਾਉਂਦੇ ਰਹੇ । ਸਿੱਖ ਧਰਮ ਨੂੰ ਫੈਲਾਣ , ਸਿੱਖ ਲਹਿਰ ਨੂੰ ਪ੍ਰਚੰਡ ਕਰਨ ਤੇ ਪੁੱਤ – ਪੋਤਰੇ ਦੀ ਪ੍ਰਤਿਭਾ ਨੂੰ ਸਵਾਰਨ ਘੜਣ ਵਿਚ ਕਾਫੀ ਯੋਗ ਦਾਨ ਪਾਇਆ । ਮਾਤਾ ਜੀ ਸਿੱਖ ਧਰਮ ਨੂੰ ਸੰਭਾਲਣ ਤੇ ਨਿਡਰ ਹੋ ਕੇ ਭਾਰਤੀ ਧਰਮ ਦੀ ਆਜਾਦੀ ਦੀ ਰਖਿਆ ਕਰਨ ਹਿਤ ਆਪਣੇ ਪੁੱਤ , ਪੋਤਰੇ ਤੇ ਸਿੱਖਾਂ ਨੂੰ ਪ੍ਰੇਰਦੇ ਰਹੇ । ਮਾਤਾ ਨਾਨਕੀ ਜੀ ਦਾ ਆਦਰਸ਼ਕ ਜੀਵਨ ਸਿੱਖ ਇਤਿਹਾਸ ਨੂੰ ਘੜਣ , ਸੇਵਾ , ਸਿਮਰਨ , ਭਗਤੀ ਸਾਧਣਾ ਭਰਭੂਰ ਆਉਣ ਵਾਲੀ ਪੀੜ੍ਹੀ ਲਈ ਪ੍ਰੇਰਨਾ ਦਾ ਸਰੋਤ ਬਣਿਆ ਰਹੇਗਾ ।
☬ ਭੁੱਲ ਚੁੱਕ ਦੀ ਮੁਆਫੀ ☬
ਦਾਸ ਜੋਰਾਵਰ ਸਿੰਘ ਤਰਸਿੱਕਾ ।

ਬਾਬਾ ਦੀਪ ਸਿੰਘ ਸ਼ੂਰਵੀਰ ਬਲਵਾਨ ,
ਧਰਮ ਲਈ ਦਿੱਤਾ ਸੀਸ ਕੁਰਬਾਨ ।
ਖੰਡੇ ਦੀ ਧਾਰ ‘ਤੇ ਲੜਦੇ ਰਹੇ ,
ਸਿੱਖੀ ਦੇ ਚਾਨਣ ਨੂੰ ਸਾਂਭਦੇ ਰਹੇ ।

ਸ਼੍ਰੀ ਗੁਰੂ ਹਰਿਰਾਇ ਜੀ ਦੇ
ਗੁਰਗੱਦੀ ਦਿਵਸ ਦੀਆਂ
ਸਮੂਹ ਸੰਗਤਾਂ ਨੂੰ ਲੱਖ-ਲੱਖ
ਵਧਾਈਆਂ ਹੋਵਣ ਵਾਹਿਗੁਰੂ ਜੀ

ਅੰਗ : 706
सलोक ॥ रचंति जीअ रचना मात गरभ असथापनं ॥ सासि सासि सिमरंति नानक महा अगनि न बिनासनं ॥१॥ मुखु तलै पैर उपरे वसंदो कुहथड़ै थाइ ॥ नानक सो धणी किउ विसारिओ उधरहि जिस दै नाइ ॥२॥ पउड़ी ॥ रकतु बिंदु करि निमिआ अगनि उदर मझारि ॥ उरध मुखु कुचील बिकलु नरकि घोरि गुबारि ॥ हरि सिमरत तू ना जलहि मनि तनि उर धारि ॥ बिखम थानहु जिनि रखिआ तिसु तिलु न विसारि ॥ प्रभ बिसरत सुखु कदे नाहि जासहि जनमु हारि ॥२॥
ਅਰਥ: जो परमात्मा जीवों की बनतर बनाता है उनको माँ के पेट में जगह देता है, हे नानक! जीव उसको हरेक सांस के साथ-साथ याद करते हैं और (माँ के पेट की) बड़ी ( भयानक) आग उनका नाश नहीं कर सकती।1।
हे नानक! (कह– हे भाई!) जब तेरा मुँह नीचे को था, पैर ऊपर की तरफ थे, बड़ी मुश्किल जगह में तू बसता था तब जिस प्रभू के नाम की बरकति से तू बचा रहा, अब उस मालिक को तूने क्यों भुला दिया?।2। (हे जीव!) (माँ के) रक्त और (पिता के) वीर्य से (माँ के) पेट की आग में तू उगा। तेरा मुँह नीचे को था, गंदा और डरावना था, (जैसे) एक अंधेरे घोर नर्क में पड़ा हुआ था। जिस प्रभू को सिमर के तू जलता नहीं था- उसको (अब भी) मन से तन से हृदय में याद कर। जिस प्रभू ने तुझे मुश्किल जगह से बचाया, उसको रक्ती भर भी ना भुला।
प्रभू को भुलाने से कभी सुख नहीं मिलता, (अगर भुलाएगा तो) मानस जन्म (की बाजी) हार के जाएगा।2

ਅੰਗ : 706
ਸਲੋਕ ॥ ਰਚੰਤਿ ਜੀਅ ਰਚਨਾ ਮਾਤ ਗਰਭ ਅਸਥਾਪਨੰ ॥ ਸਾਸਿ ਸਾਸਿ ਸਿਮਰੰਤਿ ਨਾਨਕ ਮਹਾ ਅਗਨਿ ਨ ਬਿਨਾਸਨੰ ॥੧॥ ਮੁਖੁ ਤਲੈ ਪੈਰ ਉਪਰੇ ਵਸੰਦੋ ਕੁਹਥੜੈ ਥਾਇ ॥ ਨਾਨਕ ਸੋ ਧਣੀ ਕਿਉ ਵਿਸਾਰਿਓ ਉਧਰਹਿ ਜਿਸ ਦੈ ਨਾਇ ॥੨॥ ਪਉੜੀ ॥ ਰਕਤੁ ਬਿੰਦੁ ਕਰਿ ਨਿੰਮਿਆ ਅਗਨਿ ਉਦਰ ਮਝਾਰਿ ॥ ਉਰਧ ਮੁਖੁ ਕੁਚੀਲ ਬਿਕਲੁ ਨਰਕਿ ਘੋਰਿ ਗੁਬਾਰਿ ॥ ਹਰਿ ਸਿਮਰਤ ਤੂ ਨਾ ਜਲਹਿ ਮਨਿ ਤਨਿ ਉਰ ਧਾਰਿ ॥ ਬਿਖਮ ਥਾਨਹੁ ਜਿਨਿ ਰਖਿਆ ਤਿਸੁ ਤਿਲੁ ਨ ਵਿਸਾਰਿ ॥ ਪ੍ਰਭ ਬਿਸਰਤ ਸੁਖੁ ਕਦੇ ਨਾਹਿ ਜਾਸਹਿ ਜਨਮੁ ਹਾਰਿ ॥੨॥
ਅਰਥ: ਜੋ ਪਰਮਾਤਮਾ ਜੀਵਾਂ ਦੀ ਬਣਤਰ ਬਣਾਉਂਦਾ ਹੈ ਤੇ ਉਹਨਾਂ ਨੂੰ ਮਾਂ ਦੇ ਪੇਟ ਵਿਚ ਥਾਂ ਦੇਂਦਾ ਹੈ, ਹੇ ਨਾਨਕ! ਜੀਵ ਉਸ ਨੂੰ ਹਰੇਕ ਸਾਹ ਦੇ ਨਾਲ ਨਾਲ ਯਾਦ ਕਰਦੇ ਰਹਿੰਦੇ ਹਨ ਤੇ (ਮਾਂ ਦੇ ਪੇਟ ਦੀ) ਵੱਡੀ (ਭਿਆਨਕ) ਅੱਗ ਉਹਨਾਂ ਦਾ ਨਾਸ ਨਹੀਂ ਕਰ ਸਕਦੀ।੧।
ਹੇ ਨਾਨਕ! ਆਖ-ਹੇ ਭਾਈ!) ਜਦੋਂ ਤੇਰਾ ਮੂੰਹ ਹੇਠਾਂ ਨੂੰ ਸੀ, ਪੈਰ ਉਤਾਂਹ ਨੂੰ ਸਨ, ਬੜੇ ਔਖੇ ਥਾਂ ਤੂੰ ਵੱਸਦਾ ਸੈਂ ਤਦੋਂ ਜਿਸ ਪ੍ਰਭੂ ਦੇ ਨਾਮ ਦੀ ਬਰਕਤਿ ਨਾਲ ਤੂੰ ਬਚਿਆ ਰਿਹਾ, ਹੁਣ ਉਸ ਮਾਲਕ ਨੂੰ ਤੂੰ ਕਿਉਂ ਭੁਲਾ ਦਿੱਤਾ?।੨। (ਹੇ ਜੀਵ!) (ਮਾਂ ਦੀ) ਰੱਤ ਤੇ (ਪਿਉ ਦੇ) ਵੀਰਜ ਤੋਂ (ਮਾਂ ਦੇ) ਪੇਟ ਦੀ ਅੱਗ ਵਿਚ ਤੂੰ ਉੱਗਿਆ। ਤੇਰਾ ਮੂੰਹ ਹੇਠਾਂ ਨੂੰ ਸੀ, ਗੰਦਾ ਤੇ ਡਰਾਉਣਾ ਸੈਂ, (ਮਾਨੋ) ਇਕ ਹਨੇਰੇ ਘੋਰ ਨਰਕ ਵਿਚ ਪਿਆ ਹੋਇਆ ਸੈਂ। ਜਿਸ ਪ੍ਰਭੂ ਨੂੰ ਸਿਮਰ ਕੇ ਤੂੰ ਨਹੀਂ ਸੈਂ ਸੜਦਾ-ਉਸ ਨੂੰ (ਹੁਣ ਭੀ) ਮਨੋਂ ਤਨੋਂ ਹਿਰਦੇ ਵਿਚ ਯਾਦ ਕਰ। ਜਿਸ ਪ੍ਰਭੂ ਨੇ ਤੈਨੂੰ ਔਖੇ ਥਾਂ ਤੋਂ ਬਚਾਇਆ, ਉਸ ਨੂੰ ਰਤਾ ਭੀ ਨਾਹ ਭੁਲਾ।
ਪ੍ਰਭੂ ਨੂੰ ਭੁਲਾਇਆਂ ਕਦੇ ਸੁਖ ਨਹੀਂ ਹੁੰਦਾ, (ਜੇ ਭੁਲਾਇਂਗਾ ਤਾਂ) ਮਨੁੱਖਾ ਜਨਮ (ਦੀ ਬਾਜ਼ੀ) ਹਾਰ ਕੇ ਜਾਵੇਂਗਾ।੨।

ਮਨ ਰੇ ਕਹਾ ਭਇਓ ਤੈ ਬਉਰਾ।।
ਅਹਿਨਿਸਿ ਅਉਧ ਘਟੈ ਨਹੀ ਜਾਨੈ ਭਇਓ ਲੋਭ ਸੰਗਿ ਹਉਰਾ ।।

ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।”

ਹੇ ਨਾਨਕ! (ਆਖ) ਜੋ ਇਨਸਾਨ ਨਾਮ ਜਪਦਾ ਹੈ, ਉਸ ਦੀ ਆਤਮਕ ਅਵਸਥਾ ਚੜ੍ਹਦੀ ਕਲਾ ਵਿੱਚ ਰਹਿੰਦੀ ਹੈ। ਅਸੀਂ ਪ੍ਰਭੂ ਦੇ ਭਾਣੇ ਵਿੱਚ ਰਹਿ ਕੇ ਸਾਰੇ ਸੰਸਾਰ ਦੀ ਭਲਾਈ ਦੀ ਅਰਦਾਸ ਕਰੀਏ।

ਅੰਗ : 706
सलोक ॥*
*मन इछा दान करणं सरबत्र आसा पूरनह ॥ खंडणं कलि कलेसह प्रभ सिमरि नानक नह दूरणह ॥१॥ हभि रंग माणहि जिसु संगि तै सिउ लाईऐ नेहु ॥ सो सहु बिंद न विसरउ नानक जिनि सुंदरु रचिआ देहु ॥२॥ पउड़ी ॥ जीउ प्रान तनु धनु दीआ दीने रस भोग ॥ ग्रिह मंदर रथ असु दीए रचि भले संजोग ॥ सुत बनिता साजन सेवक दीए प्रभ देवन जोग ॥ हरि सिमरत तनु मनु हरिआ लहि जाहि विजोग ॥ साधसंगि हरि गुण रमहु बिनसे सभि रोग ॥३॥

ਅਰਥ: हे नानक जी! जो प्रभू हमें मन-इच्छत दातां देता है जो सब जगह (सब जीवों की) उम्मीदें पूरी करता है, जो हमारे झगड़े और कलेश नाश करने वाला है उस को याद कर, वह तेरे से दूर नहीं है ॥१॥ जिस प्रभू की बरकत से तुम सभी आनंद मानते हो, उस से प्रीत जोड़। जिस प्रभू ने तुम्हारा सुंदर शरीर बनाया है, हे नानक जी! रब कर के वह तुझे कभी भी न भूले ॥२॥ (प्रभू ने तुझे) जिंद प्राण शरीर और धन दिया और स्वादिष्ट पदार्थ भोगणें को दिए। तेरे अच्छे भाग बना कर, तुझे उस ने सुंदर घर, रथ और घोडे दिए। सब कुछ देने-वाले प्रभू ने तुझे पुत्र, पत्नी मित्र और नौकर दिए। उस प्रभू को सिमरनें से मन तन खिड़िया रहता है, सभी दुख खत्म हो जाते हैं। (हे भाई!) सत्संग में उस हरी के गुण चेते किया करो, सभी रोग (उस को सिमरनें से) नाश हो जाते हैं ॥३॥

ਅੰਗ : 706
ਸਲੋਕ ॥*
*ਮਨ ਇਛਾ ਦਾਨ ਕਰਣੰ ਸਰਬਤ੍ਰ ਆਸਾ ਪੂਰਨਹ ॥ ਖੰਡਣੰ ਕਲਿ ਕਲੇਸਹ ਪ੍ਰਭ ਸਿਮਰਿ ਨਾਨਕ ਨਹ ਦੂਰਣਹ ॥੧॥ ਹਭਿ ਰੰਗ ਮਾਣਹਿ ਜਿਸੁ ਸੰਗਿ ਤੈ ਸਿਉ ਲਾਈਐ ਨੇਹੁ ॥ ਸੋ ਸਹੁ ਬਿੰਦ ਨ ਵਿਸਰਉ ਨਾਨਕ ਜਿਨਿ ਸੁੰਦਰੁ ਰਚਿਆ ਦੇਹੁ ॥੨॥ ਪਉੜੀ ॥ ਜੀਉ ਪ੍ਰਾਨ ਤਨੁ ਧਨੁ ਦੀਆ ਦੀਨੇ ਰਸ ਭੋਗ ॥ ਗ੍ਰਿਹ ਮੰਦਰ ਰਥ ਅਸੁ ਦੀਏ ਰਚਿ ਭਲੇ ਸੰਜੋਗ ॥ ਸੁਤ ਬਨਿਤਾ ਸਾਜਨ ਸੇਵਕ ਦੀਏ ਪ੍ਰਭ ਦੇਵਨ ਜੋਗ ॥ ਹਰਿ ਸਿਮਰਤ ਤਨੁ ਮਨੁ ਹਰਿਆ ਲਹਿ ਜਾਹਿ ਵਿਜੋਗ ॥ ਸਾਧਸੰਗਿ ਹਰਿ ਗੁਣ ਰਮਹੁ ਬਿਨਸੇ ਸਭਿ ਰੋਗ ॥੩॥

ਅਰਥ: ਹੇ ਨਾਨਕ ਜੀ! ਜੋ ਪ੍ਰਭੂ ਅਸਾਨੂੰ ਮਨ-ਮੰਨੀਆਂ ਦਾਤਾਂ ਦੇਂਦਾ ਹੈ ਜੋ ਸਭ ਥਾਂ (ਸਭ ਜੀਵਾਂ ਦੀਆਂ) ਆਸਾਂ ਪੂਰੀਆਂ ਕਰਦਾ ਹੈ, ਜੋ ਅਸਾਡੇ ਝਗੜੇ ਤੇ ਕਲੇਸ਼ ਨਾਸ ਕਰਨ ਵਾਲਾ ਹੈ ਉਸ ਨੂੰ ਯਾਦ ਕਰ, ਉਹ ਤੈਥੋਂ ਦੂਰ ਨਹੀਂ ਹੈ ॥੧॥ ਜਿਸ ਪ੍ਰਭੂ ਦੀ ਬਰਕਤਿ ਨਾਲ ਤੂੰ ਸਾਰੀਆਂ ਮੌਜਾਂ ਮਾਣਦਾ ਹੈਂ, ਉਸ ਨਾਲ ਪ੍ਰੀਤ ਜੋੜ। ਜਿਸ ਪ੍ਰਭੂ ਨੇ ਤੇਰਾ ਸੋਹਣਾ ਸਰੀਰ ਬਣਾਇਆ ਹੈ, ਹੇ ਨਾਨਕ ਜੀ! ਰੱਬ ਕਰ ਕੇ ਉਹ ਤੈਨੂੰ ਕਦੇ ਭੀ ਨਾਹ ਭੁੱਲੇ ॥੨॥ (ਪ੍ਰਭੂ ਨੇ ਤੈਨੂੰ) ਜਿੰਦ ਪ੍ਰਾਣ ਸਰੀਰ ਤੇ ਧਨ ਦਿੱਤਾ ਤੇ ਸੁਆਦਲੇ ਪਦਾਰਥ ਭੋਗਣ ਨੂੰ ਦਿੱਤੇ। ਤੇਰੇ ਚੰਗੇ ਭਾਗ ਬਣਾ ਕੇ, ਤੈਨੂੰ ਉਸ ਨੇ ਘਰ ਸੋਹਣੇ ਮਕਾਨ, ਰਥ ਤੇ ਘੋੜੇ ਦਿੱਤੇ। ਸਭ ਕੁਝ ਦੇਣ-ਜੋਗੇ ਪ੍ਰਭੂ ਨੇ ਤੈਨੂੰ ਪੁੱਤਰ, ਵਹੁਟੀ ਮਿੱਤ੍ਰ ਤੇ ਨੌਕਰ ਦਿੱਤੇ। ਉਸ ਪ੍ਰਭੂ ਨੂੰ ਸਿਮਰਿਆਂ ਮਨ ਤਨ ਖਿੜਿਆ ਰਹਿੰਦਾ ਹੈ, ਸਾਰੇ ਦੁੱਖ ਮਿਟ ਜਾਂਦੇ ਹਨ। (ਹੇ ਭਾਈ!) ਸਤਸੰਗ ਵਿਚ ਉਸ ਹਰੀ ਦੇ ਗੁਣ ਚੇਤੇ ਕਰਿਆ ਕਰੋ, ਸਾਰੇ ਰੋਗ (ਉਸ ਨੂੰ ਸਿਮਰਿਆਂ) ਨਾਸ ਹੋ ਜਾਂਦੇ ਹਨ ॥੩॥

27 ਮਾਰਚ 1628 ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਾਤਾ ਗੰਗਾ ਜੀ ਆਪਣਾ ਪੰਜ ਭੂਤਕ ਸਰੀਰ ਤਿਆਗ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਚਰਨਾਂ ਵਿੱਚ ਜਾ ਬਿਰਾਜੇ ਸਨ ।
ਮਾਤਾ ਗੰਗਾ ਜੀ।
ਗੁਰੂ ਅਰਜਨ ਦੇਵ ਜੀ ਦਾ ਪਹਿਲਾਂ ਵੀ ਇਕ ਵਿਆਹ ਗੁਰੂ ਰਾਮਦਾਸ ਦੇ ਸਮੇਂ ਵਿਚ ਹੋਇਆ ਸੀ । ਜਿਸ ਦੀ ਆਮ ਇਤਿਹਾਸਕਾਰ ਪੁਸ਼ਟੀ ਕਰਦੇ ਹਨ । ਗਿਆਨੀ ਸੋਹਨ ਸਿੰਘ ਸੀਤਲ ਲਿਖਦੇ ਹਨ “ ਗੁਰੂ ਅਰਜਨ ਦੇਵ ਜੀ ਦੀ ਪਹਿਲੀ ਸ਼ਾਦੀ ਪਿੰਡ ਮੌੜ ਦੇ ਭਾਈ ਚੰਦਨ ਦਾਸ ਖੱਤਰੀ ਦੀ ਪੁੱਤਰੀ ਬੀਬੀ ਰਾਮੋ ਦੇਵੀ ਨਾਲ ਹੋਈ । ਜੋ ਥੋੜੇ ਸਮੇਂ ਬਾਦ ਬਿਨਾਂ ਕੋਈ ਸੰਤਾਨ ਉਤਪੰਨ ਦੇ ਹੀ ਅਕਾਲ ਚਲਾਣਾ ਕਰ ਗਈ । ਪੰਜਵੀਂ ਪਾਤਸ਼ਾਹੀ ਦਾ ਦੂਜਾ ਵਿਆਹ ਪਿੰਡ ਮਾਓ ਪਰਗਨਾ ਫਿਲੌਰ ਦੇ ਭਾਈ ਕਿਸ਼ਨ ਚੰਦ ਖੱਤਰੀ ਦੀ ਪੁੱਤਰੀ ਬੀਬੀ ਗੰਗਾ ਜੀ ਨਾਲ ਹੋਇਆ । ਜੋ ਗੁਰੂ ਇਤਿਹਾਸ ਵਿਚ ਮਾਤਾ ਗੰਗਾ ਜੀ ਕਰਕੇ ਪ੍ਰਸਿੱਧ ਹਨ ਤੇ ਬੜੇ ਸਤਿਕਾਰੇ ਜਾਂਦੇ ਹਨ । ‘ ‘ਮਾਤਾ ਗੰਗਾ ਜੀ ਪਿੰਡ ਮਾਓ ( ਮੌਅ ) ( ਫਿਲੌਰ ਤੋਂ ਅੱਠ ਕੁ ਮੀਲ ਦੱਖਣ ਪੱਛਮ ਵਿਚ ਭਾਈ ਕਿਸ਼ਨ ਚੰਦ ਖੱਤਰੀ ਦੇ ਘਰ ਮਾਤਾ ਧੰਨਵੰਤੀ ਦੀ ਕੁਖੋਂ 1567 ਈਸ਼ਵੀ ਦੇ ਨੇੜੇ ਤੇੜੇ ਪੈਦਾ ਹੋਏ । ਮਾਤਾ ਗੰਗਾ ਜੀ ਦੇ ਵਿਆਹ ਦੀ ਜਬਾਨੀ ਤੁਰੀ ਆਉਂਦੀ ਸਾਖੀ ਲੇਖਕ ਨੇ ਮੌਅ ਗੁਰੂ ਜੀ ਦੇ ਵਿਆਹ ਦੀ ਯਾਦ ਵਿਚ ਬਣੇ ਗੁਰਦੁਆਰੇ ਵਿਚ ਸੁਣੀ । ਜਿਹੜੀ ਇਵੇਂ ਹੈ “ ਗੁਰੂ ਅਰਜਨ ਦੇਵ ਜੀ ਜਦੋਂ ਏਥੇ ਵਿਆਹੁਣ ਆਏ ਤਾਂ ਆਪਦੇ ਨਾਲ ਨਾਮੀ ਸਿੱਖ ਸਨ ਜਿਹੜੇ ਕਿ ਚੰਗੇ ਘੋੜ ਸੁਆਰ ਤੇ ਘੋੜਿਆਂ ਦੀਆਂ ਖੇਡਾਂ ਦੇ ਜਾਣੂ ਸਨ । ਗੁਰੂ ਜੀ ਵੀ ਚੰਗੇ ਘੋੜੇ ਸਵਾਰ ਸਨ । ਬਰਾਤ ਤੋਂ ਅਗਲੇ ਦਿਨ ਫੇਰਿਆਂ ਤੋਂ ਪਹਿਲਾਂ ਪਿੰਡ ਵਾਲਿਆਂ ਨੇ ਗੁਰੂ ਜੀ ਅੱਗੇ ਇਕ ਸ਼ਰਤ ਰੱਖੀ ਕਿ ਏਥੇ ਜਿਹੜਾ ਵੀ ਲਾੜਾ ਵਿਆਹੁਣ ਆਉਂਦਾ ਹੈ ਉਸ ਨੂੰ ਨੇਜ਼ਾ ਬਾਜ਼ੀ ਖੇਡਣੀ ਪੈਂਦੀ ਹੈ । ਸੋ ਗੁਰੂ ਜੀ ਨੂੰ ਵੀ ਇਹ ਨੇਜ਼ਾਬਾਜ਼ੀ ਦਾ ਕਰਤੱਵ ਦਿਖਾਉਣ ਲਈ ਕਿਹਾ ਗਿਆ ਤੇ ਗੁਰੂ ਜੀ ਮੰਨ ਗਏ ।
ਕਈ ਨੌਜੁਆਨ ਗੱਭਰੂਆਂ ਗੁਰੂ ਜੀ ਅਜ਼ਮਤ ਟੋਹਣੀ ਚਾਹੀ।ਇਨ੍ਹਾਂ ਨੇ ਚਲਾਕੀ ਨਾਲ ਇੱਕ ਟਾਹਲੀ ਉਤੋਂ ਕੱਟ ਹੇਠਾਂ ਜੜਾਂ ਰਹਿਣ ਦਿੱਤੀਆਂ ਤੇ ਇਸ ਨੂੰ ਇਕ ਕਿਲੇ ਦਾ ਰੂਪ ਦੇ ਦਿੱਤਾ । ਹੁਣ ਗੁਰੂ ਜੀ ਨੂੰ ਇਸ ਕਿਲੇ ਨਾਲ ਨੇਜ਼ਾਬਾਜ਼ੀ ਦਾ ਕਰਤੱਵ ਦਿਖਾਉਣ ਲਈ ਕਿਹਾ ਗਿਆ | ਸਾਰਾਂ ਪਿੰਡ ਇਹ ਕਰਤੱਵ ਵੇਖਣ ਲਈ ਪਿੰਡੋਂ ਬਾਹਰ ਰੋੜ ਵਿਚ ਆ ਗਿਆ । ਗੁਰੂ ਜੀ ਦੂਰੋਂ ਘੋੜਾ ਦੌੜਾ ਕੇ ਆਏ ਤੇ ਕਿਲੇ ਵਿਚ ਨੇਜ਼ਾ ਮਾਰਿਆ ਤੇ ਕਿਲਾ ਜੜਾਂ ਸਮੇਤ ਉਖਾੜ ਲੈ ਗਏ । ਲੋਕ ਇਹ ਵੇਖ ਕੇ ਅਸਚਰਜ ਹੋ ਗਏ । ਪਰ ਗੁਰੂ ਜੀ ਦਾ ਪਿਆਰਾ ਘੋੜਾ ਬਹੁਤ ਜਿਆਦਾ ਜੋਰ ਲੱਗਣ ਕਾਰਨ ਆਪਣਾ ਸਰੀਰ ਤਿਆਗ ਗਇਆ ਗੁਰੂ ਜੀ ਕਿਹਾ ਕਿ “ ਜਿਸ ਤਰ੍ਹਾਂ ਇਸ ਕਿੱਲੇ ਦੀਆਂ ਜੜਾਂ ਪੁੱਟੀਆਂ ਗਈਆਂ ਹਨ ਏਸੇ ਤਰ੍ਹਾਂ ਮੌਅ ਪਿੰਡ ਦੀਆਂ ਜੜਾਂ ਪੁੱਟੀਆਂ ਜਾਣਗੀਆਂ । ਗੁਰੂ ਜੀ ਦਾ ਕਿਹਾ ਸੱਚ ਨਿਕਲਿਆ ਕੁਝ ਚਿਰ ਬਾਦ ਜਰਵਾਨਿਆਂ ਪਿੰਡ ਲੁੱਟ ਕਤਲੋ ਗਾਰਤ ਕਰ ਪਿੰਡ ਨੂੰ ਢਹਿ ਢੇਰੀ ਕਰ ਦਿੱਤਾ । ਲੋਕੀਂ ਜਿਹੜੇ ਬਚੇ ਉਹ ਪਿੰਡ ਛੱਡ ਕਿਸੇ ਹੋਰ ਥਾਂ ਜਾ ਵੱਸੇ ‘ ‘ ਸੋ ਮੌਅ ਪਿੰਡ ਦਾ ਥੇਅ ਅਜ ਵੀ ਵੇਖਿਆ ਜਾ ਸਕਦਾ ਹੈ।ਗੁਰੂ ਜੀ ਦੇ ਵਿਆਹ ਵਾਲੇ ਦਿਨ ੨੩ ਹਾੜ ( ੧੫੮੮ ) ਨੂੰ ਹੋਇਆ ਸੀ । ੨੧ , ੨੨ , ੨੩ ਹਾੜ ਨੂੰ ਬਹੁਤ ਭਾਰਾ ਮੇਲਾ ਲਗਦਾ ਹੈ । ਮਾਤਾ ਗੰਗਾ ਜੀ ਬੜੇ ਭਾਗਾਂ ਵਾਲੇ ਸਨ ਜਿਨਾਂ ਨੂੰ ਸਭ ਗੁਣਾਂ ਸਮਰਥ ਮਾਤਾ ਭਾਨੀ ਜਿਹੇ ਸੱਸ ਤੇ ਧੀਰਜ , ਸਹਿਨਸ਼ੀਲਤਾ , ਮਿਠਬੋਲੜੇ ਗੁਰੂ ਪਤੀ ਸ੍ਰੀ ਅਰਜਨ ਦੇਵ ਮਿਲੇ ਸਨ । ਮਾਤਾ ਗੰਗਾ ਜੀ ਨੇ ਆਉਂਦਿਆਂ ਹੀ ਮਾਤਾ ਭਾਨੀ ਜੀ ਨੂੰ ਜਿਹੜੇ ਆਪ ਸੇਵਾ ਤੇ ਸਿਮਰਨ ਦੇ ਪੁੰਜ ਸਨ ਸਭ ਸੇਵਾ ਤੇ ਸਹੂਲਤਾਂ ਪ੍ਰਦਾਨ ਕਰਨੀਆਂ ਸ਼ੁਰੂ ਕਰ ਦਿੱਤੀਆਂ । ਜਿਹੜੀਆਂ ਇਸ ਅਵਸਥਾ ਵਿਚ ਲੋੜੀਂਦੀਆਂ ਸਨ । ਮਾਤਾ ਜੀ ਗੁਰੂ ਜੀ ਦੇ ਹਰ ਕੰਮ ਕਾਜ ਵਿਚ ਪੂਰੀ ਪੂਰੀ ਦਿਲਚਸਪੀ ਲੈਂਦੇ ਤੇ ਹਰ ਤਰ੍ਹਾਂ ਉਨ੍ਹਾਂ ਦਾ ਹੱਥ ਵਟਾਉਂਦੇ । ਜਿਸ ਦੇ ਪ੍ਰਮਾਨ ਇਤਿਹਾਸ ਵਿਚ ਆਮ ਮਿਲਦੇ ਹਨ । ਜਿਵੇਂ ਜਦੋਂ ਆਦਿ ਗ੍ਰੰਥ ਦੀ ਰਚਨਾ ਕਰਨੀ ਚਾਹੀ ਤਾਂ ਲੰਮੇ ਸਮੇਂ ਲਈ ਬਾਹਰ ਰਹਿ ਗੁਰਬਾਣੀ ਤੇ ਭਗਤਾਂ ਦੀ ਬਾਣੀ ਇਕੱਠੀ ਕਰਨੀ ਪਈ । ਆਪ ਨੇ ਇਨ੍ਹਾਂ ਤੋਂ ਪਿੱਛੋਂ ਬੜੇ ਸੁਚੱਜੇ ਢੰਗ ਨਾਲ ਸਾਰਾ ਕੰਮ ਸੰਭਾਲਦੇ।ਜਦੋਂ ਗੁਰੂ ਜੀ ਆਪਣਾ ਇਹ ਕਾਰਜ ਕਰ ਵਾਪਸ ਅੰਮ੍ਰਿਤਸਰ ਪਰਤੇ ਮਾਤਾ ਜੀ ਇਸ ਕੰਮ ਦੀ ਸਫਲਤਾ ਤੇ ਬੜੇ ਖੁਸ਼ ਹੋਏ । ਜਿਸ ਦਾ ਜ਼ਿਕਰ ਭਾਈ ਸੰਤੋਖ ਸਿੰਘ ਨੇ ਇਉਂ ਕੀਤਾ ਹੈ :
ਜਿਸ ਕਾਰਜ ਗਮਨੇ ਕਰਿਆਏ । ਸਨਿ ਗੰਗਾ ਮਨ ਆਨੰਦ ਪਾਏ । ਪੁਸਤਕ ਸਭਿ ਖਾਸੇ ਧਰ ਲਯਾਵਤਿ ਆਪ ਗੁਰੂ ਪਨਹੀ ਬਿਨ ਆਵਤਿ ॥ ਮਾਤਾ ਗੰਗਾ ਜੀ ਗੁਰਪਤੀ ਦੀ ਸੇਵਾ ਵਿਚ ਮਗਨ ਰਹਿ ਕੇ ਮਾਨਸਿਕ ਅਨੰਦ ਪ੍ਰਾਪਤ ਕਰਦੇ । ਸੇਵਾ , ਸਿਮਰਨ , ਸਬਰ ਸੰਤੋਖ ਤੇ ਤਿਆਗ ਮਾਤਾ ਦੇ ਅੰਗ ਦੇ ਗਹਿਣੇ ਬਣ ਚੁੱਕੇ ਸਨ । ਇਸ ਸੇਵਾ ਤੇ ਪ੍ਰੇਮ ਦਾ ਪ੍ਰਗਟਾ ਭਾਈ ਸੰਤੋਖ ਸਿੰਘ ਜੀ ਇਵੇਂ ਕਰਦੇ ਹਨ : ਅੰਤਰ ਪਰਵਿਸ਼ੇ ਉਠਿ ਸੀ ਗੰਗਾ ॥ ਆਨਿ ਲਗੀ ਪਾਇਨ ਦੇ ਸੰਗਾ ॥॥ ਸੂਤ ਕੋ ਲੇ ਪਯੰਕ ਪਰ ਬੈਸੇ ॥ ਰਾਮ ਚੰਦ ਕੋ ਦਸਰਥ ਜੈਸੇ ॥ ਮਾਤੁਲ ਪਤਨੀ ਕੇ ਸੰਦੇਸ਼ ਅਸਰ ਬਾਰਤਾ ਬਿਤੀ ਅਸੇਸ ਸਨੇ , ਸਨੇ ਗੰਗ ਦੇ ਸੋਰਨ । ਕੀਨਿ ਸੁਨਾਵਿਨ ਗੁਰ ਸੁਖ ਭੌਨ ॥ ਤਬ ਗੰਗਾ ਮਨ ਆਨੰਦ ਪਾਏ ॥ ਨਿਕਟ ਬੈਠ ਭੋਜਨ ਅਚਵਾਏ ॥ ਨਿੱਜ ਕਰ ਤੇ ਠਾਨਤਿ ਬਹੁ ਸੇਵਾ।ਮਹਿਮਾ ਜਾਨਹਿ ਸ੍ਰੀ ਗੁਰਦੇਵਾ ਮਾਤਾ ਗੰਗਾ ਜੀ ਦੇ ਕਾਫੀ ਚਿਰ ਲੰਘ ਗਿਆ ਕੋਈ ਸੰਤਾਨ ਨਾ ਹੋਈ ਤਾਂ ਮਾਤਾ ਚਿੰਤਾਤਰ ਰਹਿੰਦੇ । ਪਰ ਕਰਮੋ ਪ੍ਰਿਥੀ ਚੰਦ ਦੀ ਘਰਵਾਲੀ ਦੀਆਂ ਸੜੀਆਂ ਬਲੀਆਂ ਤੇ ਈਰਖਾ ਵਾਲੀਆਂ ਗੱਲਾਂ ਸੁਣ ਮਾਤਾ ਗੰਗਾ ਜੀ ਹੋਰ ਚਿੰਤਾਤਰ ਹੋਏ । ਇਕ ਵਾਰੀ ਜਦੋਂ ਗੁਰੂ ਕੇ ਮਹਿਲਾਂ ਵਿਚ ਕੀਮਤੀ ਬਸਤਰ ਸੰਦੂਕਾਂ ਵਿਚੋਂ ਕੱਢ ਕੇ ਹਵਾ ਲਵਾਉਣ ਲਈ ਬਾਹਰ ਸੁਕਣੇ ਪਾਏ ਤਾਂ ਕਰਮੋ ਵੇਖਕੇ ਜਰ ਨਾ ਸਕੀ । ਆਪਣੇ ਘਰ ਵਾਲੇ ਨੂੰ ਕਹਿੰਦੀ “ ਇਹੋ ਜਿਹੇ ਕੀਮਤੀ ਕਪੜੇ ਆਪਣੇ ਘਰ ਵੀ ਹੋਣੇ ਚਾਹੀਦੇ ਹਨ ਜੇ ਤੂੰ ਪਿਤਾ ਦਾ ਆਗਿਆਕਾਰ ਹੁੰਦਾ ਸੇਵਾ ਕਰਦਾ ਤਾਂ ਇਹੋ ਜਿਹੇ ਕਪੜੇ ਆਪਣੇ ਵੀ ਹੁੰਦੇ । ਪ੍ਰਿਥੀ ਚੰਦ ਅੱਗੋਂ ਕਿਹਾ ਕਿ ਭਲੀਏ ਲੋਕੇ । ਗੰਗੋ ਦੀ ਕਿਹੜੀ ਕੁਖ ਹਰੀ ਹੋਣੀ ਹੈ । ਇਹ ਗੁਰਗੱਦੀ ਤੇਰੇ ਪੁੱਤਰ ਮਿਹਰਬਾਨ ਪਾਸ ਹੀ ਆਉਣੀ ਹੈ । ਗੁਰੂ ਅਰਜਨ ਦੇਵ ਜੀ ਮਿਹਰਬਾਨ ਨੂੰ ਬਹੁਤ ਪਿਆਰ ਕਰਦੇ ਤੇ ਹਰ ਵਕਤ ਆਪਣੇ ਪਾਸ ਰੱਖਦੇ ਸਨ । ਜਦੋਂ ਇਹ ਗੱਲਾਂ ਮਾਤਾ ਗੰਗਾ ਜੀ ਆਪਣੇ ਕੰਨੀਂ ਸੁਣੀਆਂ ਤਾਂ ਸਭ ਗੁਰੂ ਜੀ ਨੂੰ ਦਸ ਕੇ ਆਪਣੇ ਘਰ ਪੁੱਤਰ ਦੀ ਜਾਚਨਾ ਕੀਤੀ । ਗੁਰੂ ਜੀ ਨੇ ਮਾਤਾ ਜੀ ਨੂੰ ਕਿਹਾ ਕਿ “ ਇਹ ਜਾਚਨਾ ਬਾਬਾ ਬੁੱਢਾ ਜੀ ਪੂਰਨ ਕਰ ਸਕਦੇ ਹਨ । ਉਹ ਪੂਰਨ ਬ੍ਰਹਮ ਅਵਸਥਾ ਨੂੰ ਪੁੱਜੇ ਹੋਏ ਹਨ । ਪੰਜਾਂ ਗੁਰੂ ਸਾਹਿਬਾਨ ਦੇ ਦਰਸ਼ਨ ਕਰ ਚੁੱਕੇ ਹਨ । ਉਹ ਤੁਹਾਡੀ ਪੁੱਤਰ ਦੀ ਆਸ ਪੂਰੀ ਕਰ ਸਕਦੇ ਹਨ । ਤੁਸੀਂ ਸਵਛ ਲੰਗਰ ਤਿਆਰ ਕਰ ਕੇ ਉਸ ਨੂੰ ਛਕਾ ਕੇ ਖੁਸ਼ੀਆਂ ਪ੍ਰਾਪਤ ਕਰ ਸਕਦੇ ਹੋ । ਮਾਤਾ , ਹੋਰਾਂ ਨੂੰ ਨਾਲ ਲੈ ਕੇ ਚੰਗਾ ਪਕਵਾਨ ਤਿਆਰ ਕਰ ਕੇ ਨਾਲ ਸੇਵਕ ਲੈ ਕੇ ਬੜੇ ਸਜ ਧਜ ਨਾਲ ਤਿਆਰ ਹੋ ਕੇ ਗੜਬਹਿਲਾਂ ਤੇ ਤਿਆਰ ਹੋ ਇਕ ਗੱਡੇ ਤੇ ਲੰਗਰ ਵਾਲੇ ਬਰਤਨ ਲੱਦ ਲਏ । ਇਸ ਤਰ੍ਹਾਂ ਜਦੋਂ ਬਾਬਾ ਦੀ ਬੀੜ ਪੁੱਜੇ ਤਾਂ ਦੂਰੋਂ ਇਨ੍ਹਾਂ ਨੂੰ ਆਉਂਦਿਆਂ ਨੂੰ ਵੇਖ ਕੇ ਬਾਬਾ ਜੀ ਕਿਸੇ ਪਾਸੋਂ ਪੁਛਿਆ ਕਿ ‘ ਲਿਸ਼ਕਾਰਾ ( ਭਾਂਡਿਆਂ ਦਾ ਧੁੱਪ ਵਿਚ ) ਤੇ ਖੜਕਾ ਆ ਰਿਹਾ ਹੈ ਤਾਂ ਉਸ ਨੇ ਦੱਸਿਆ ਕਿ “ ਇਹ ਗੁਰੂ ਕੇ ਮਹਿਲ ਆ ਰਹੇ ਹਨ । ਬਾਬਾ ਬੁੱਢਾ ਜੀ ਤੋਂ ਸਾਧਾਰਨ ਮੂੰਹੋਂ ਨਿਕਲਿਆ “ ਗੁਰੂ ਕਿਆਂ ਨੂੰ ਕਿਧਰ ਭਾਜੜਾਂ ਪੈ ਗਈਆਂ । ਗਡੀ ਛਕੜੇ ਚਲੇ ਅਪਾਰਾ ।। ਉਡੀ ਧੂੜ ਕੁਛ ਨਹੀ ਦਿਰਸਟਾਰਾ ॥ ਘੂੰਘਰ ਆ ਰੱਥ ਸ਼ਬਦ ਸੁਨਾਏ ਬੁੱਢਾ ਸਾਹਿਬ ਐਸ ਅਲਾਏ ॥ ਰਾਮਦਾਸ ਪੁਰ ਭਾਜੜ ਕਿਨ ਪਾਈ ।। ਸਾਡੇ ਲੋਕ ਕਿਹ ਸਿਧਾਈ ॥
ਬਾਬਾ ਜੀ ਦੇ ਵਰ ਦੇ ਥਾਂ ਸਰਾਪ ਦੇ ਸ਼ਬਦ ਸੁਣ ਮਾਤਾ ਜੀ ਬਹੁਤ ਨਿਰਾਸ ਹੋ ਵਾਪਸ ਪਰਤੇ ਆ ਕੇ ਗੁਰੂ ਜੀ ਨੂੰ ਦੱਸਿਆ ਤਾਂ ਗੁਰੂ ਜੀ ਕਿਹਾ ਕਿ ਆਪਣੇ ਹੱਥੀਂ ਸਭ ਲੰਗਰ ਤਿਆਰ ਕਰਕੇ ਇਕੱਲੀ ਬੜੇ ਸਾਦੇ ਬਣ ਕੇ ਜਾਓ ਜਦੋਂ ਕਿਸੇ ਪਾਸ ਕੋਈ ਵਰ ਪ੍ਰਾਪਤ ਕਰਨਾ ਹੁੰਦਾ ਹੈ । ਆਪਣੀ ਹਉਮੈ ਤਿਆਗ ਨਿਮਰਤਾ ਨਾਲ ਜਾਈਦਾ ਹੈ ।ਸੋ ਮਾਤਾ ਗੰਗਾ ਜੀ ਅੰਮ੍ਰਿਤ ਵੇਲੇ ਉਠ ਪਾਠ ਕਰਦਿਆਂ ਦੁਧ ਰਿੜਕਿਆ ਮੱਖਣ ਬਣਾਇਆ ਮਿਸੀ ਨਮਕੀਨ ਰੋਟੀਆਂ ਤਿਆਰ ਕੀਤੀਆਂ । ਲੱਸੀ ਦੀ ਤੋੜੀ ਦੇ ਉਪਰ ਰੋਟੀਆਂ ਰੱਖ ਇਕੱਲੇ ਹੀ ਰਾਮਦਾਸਪੁਰ ਤੋਂ ੧੦ ਮੀਲ ਬਾਬੇ ਦੀ ਬੀੜ ਪੈਦਲ ਚਲ ਪਏ । ਇਸ ਤਰ੍ਹਾਂ ਗੁਰੂ ਜੀ ਨੇ ਜਾਣ ਲਈ ਕਿਹਾ ਸੀ : ਲਸੀ ਮੱਖਣ ਮਟਕੀ ਭਰੋ । ਸੱਭ ਪ੍ਰਸਾਦਿ ਨਿਜ ਸਿਰਧਰੋ ॥ ਨਾਂਗੇ ਪਾਇਨ ਇਕਲੋ ਜਾਵੇਂ ਭਤੇਹਾਰੀ ਵੇਸ ਬਣਾਓ ॥ ਸੁਤ ਇਛਾ ਤਬ ਪੂਰੀ ਹੋਈ । ਯਾਮੈ ਸੰਸ ਨਹੀਂ ਕੋਈ ।।
ਜਦੋਂ ਇਸ ਤਰ੍ਹਾਂ ਗਏ ਤਾਂ ਬਾਬਾ ਬੁੱਢਾ ਜੀ ਅੱਗੇ ਹੋ ਕੇ ਲੈਣ ਆਏ ਅਤੇ ਪ੍ਰਸਾਦਿ ਛਕਦਿਆਂ ਵਰਾਂ ਨਾਲ ਨਿਹਾਲ ਕਰ ਦਿੱਤਾ । “ ਐਸਾ ਸੂਰਮਾ ਮਹਾਂਬਲੀ ਹੋਵੇਗਾ । ਜਿਹੜਾ ਜ਼ਾਲਮਾਂ ਦੇ ਇਸ ਤਰ੍ਹਾਂ ਸਿਰ ਫੇਹੇਗਾ । ਗੰਡੇ ਨੂੰ ਮੁਕੀ ਨਾਲ ਭੰਨਦਿਆਂ ਕਿਹਾ ।
ਤੁਮਰੇ ਘਰ ਪ੍ਰਗਟੇ ਗਾ ਯੋਧਾ ॥ ਜਾ ਕੋ ਬਲ ਗੁਨ ਕਿਨੂੰ ਨਾ ਸੋਧਾ ।
ਚੁਪੇ ( ਗੰਡੇ ) ਛਕੇ ਮੈਂ ਜੈਸੰ ਮਰੋਰੇ । ਤੁਰਕ ਸੀਸ ਤੈਸੇ ਵੇਹੁ ਤੋਰੇ ॥ ਹਰਿ ਗੋਬਿੰਦ ਸੁਭੇ ਨਾਮ ਕਹਾਵੈ ।। ਬਹੁ ਮਲੇਛ ਕੋ ਮਾਰ ਗਰਾਵੇ ॥ ਗੁਰੂ ਅਰਜਨ ਦੇਵ ਜੀ ਦੇ ਸੁਖਮਨੀ ਸਾਹਿਬ ਵਿਚ ਸਤਵੀਂ ਤੇ ਅਠਵੀਂ ਅਸ਼ਟਪਟੀ ਦੇ ਵਿਚ ਸੰਤ ਤੇ ਬ੍ਰਹਮ ਗਿਆਨੀ ਦੀ ਅਵਸਥਾ ਦੱਸੀ ਹੋਈ ਹੈ ਇਹ ਸਾਰੀ ਅਵਸਥਾ ਦੇ ਬਾਬਾ ਬੁੱਢਾ ਜੀ ਧਾਰਨੀ ਸਨ । “ ਬ੍ਰਹਮ ਗਿਆਨੀ ਆਪ ਪ੍ਰਮੇਸ਼ਰ ‘ ਵੀ ਸਿੱਧ ਕਰਕੇ ਦਿਖਾ ਦਿੱਤਾ । ਸਿੱਖਾਂ ਨੂੰ ਇਕ ਸੰਤ ਤੇ ਬ੍ਰਹਮ ਗਿਆਨੀ ਦੇ ਸਤਿਕਾਰ ਦੀ ਉਧਾਰਨ ਵੀ ਕਾਇਮ ਕਰ ਦਿੱਤੀ । ਇਕ ਗੁਰਸਿੱਖ ਨੂੰ ਵਡਿਆਈ ਦੇਣ ਬਾਰੇ ਸਰੂਪ ਦਾਸ ਭਲਾ ਇਉਂ ਲਿਖਦਾ ਹੈ : ਸਿਖ ਕੋ ਗੁਰ ਦੇਇ ਵਡਿਆਈ । ਸੇਵਿਕ ਮਹਿਮਾ ਸੁਆਮੀ ਭਾਈ ॥ ਬਾਬਾ ਜੀ ਦਾ ਵਰ ਸਫਲ ਹੋਇਆ । ਨੌ ਜੂਨ ੧੫੯੫ ਨੂੰ ਵਡਾਲੀ ਪਿੰਡ ਵਿਚ ਭਾਈ ਹੇਮੇ ਦੀ ਹਵੇਲੀ ਵਿਚ ਗੁਰੂ ਹਰਿਗੋਬਿੰਦ ਸਾਹਿਬ ਦਾ ਪ੍ਰਕਾਸ਼ ਹੋਇਆ । ਜਿਸ ਨੂੰ ਗੁਰੂ ਕੀ ਵਡਾਲੀ ਤੇ ਫਿਰ ਅੱਜ ਕਲ੍ਹ ਇਸ ਨੂੰ ਛੇਹਰਟਾ ਸਾਹਿਬ ਕਹਿੰਦੇ ਹਨ । ਬਾਲਕ ਦੇ ਪ੍ਰਕਾਸ਼ ਤੇ ਸਿੱਖਾਂ ਬੜੀਆਂ ਖੁਸ਼ੀਆਂ ਮਨਾਈਆਂ ਮਾਤਾ ਭਾਨੀ ਜੀ ਚੰਦ ਵਰਗਾ ਪੋਤਾ ਵੇਖ ਕੇ ਗਦ ਗਦ ਹੋਏ । ਮਾਤਾ ਗੰਗਾ ਜੀ ਪਾਸੋਂ ਖੁਸ਼ੀਆਂ ਝੱਲੀਆਂ ਨਹੀਂ ਜਾਂਦੀਆਂ ਬੱਚੇ ਦਾ ਸੁੰਦਰ ਮੁੱਖੜਾ ਵੇਖ ਮਾਤਾ ਜੀ ਦੀ ਲਿਵ ਲੱਗ ਗਈ । ਦੇਖ ਮੁਖ ਮਾਤਾ ਅਤ ਬਿਗਸਾਨੀ । ਜਿਉ ਲਿਵ ਲਾਗੀ ਪਾਵੈ ਸੁਖ ਪਿਆਨੀ ॥ ਬਾਲ ਮੁਕੰਦ ਰੂਪ ਹਰਿਧਾਰਾ ॥ ਸੂਤਹ ਸਿਧ ਗਿਆਨ ਸੁਧਸਾਰਾ । ਵਿਹੜਾ ਖੁਸ਼ੀਆਂ ਨਾਲ ਭਰ ਗਿਆ । ਮਾਤਾ ਜੀ ਦੀਆਂ ਭਾਵਨਾਵਾਂ ਬਾਰੇ ਸਰੂਪ ਦਾਸ ਭਲਾ ਇਉਂ ਲਿਖਦਾ ਹੈ :
ਮਾਤਾ ਜੀ ਲੈ ਗੋਦ ਖਿਲਾਵੈ ਜਿਉਂ ਰਾਮ ਕੋਸ਼ਲਿਆ ਲਾਡ ਲਡਾਵੈ ॥ ਜਬ ਜਾਤ ਬਰਸ ਕੇ ਭਏ ਦਿਆਲ ।। ਮਿਲ ਬਾਲਕ ਖੇਲੇ ਸੁਖ ਨਾਲ ਗ੍ਰਹਿ ਆਂਙਣ ਨਿਸਦਿਨ ਅਨੰਦ । ਜਿਓ ਜਸੋਧਾ ਆਢਣ ਬਾਲ ਮੁਕੰਦ ॥ ਸਾਰਾ ਪ੍ਰਵਾਰ ਪ੍ਰਮਾਤਮਾ ਦਾ ਧੰਨਵਾਦ ਕਰਦਾ ਨਹੀਂ ਥਕਦਾ । ਬਾਬੇ ਬੁੱਢੇ ਜੀ ਦਾ ਬਚਨ ਗੁਰ ਕਿਆਂ ਨੂੰ ਕਿਧਰ ਭਾਜੜਾਂ ਪੈ ਗਈਆਂ ਵੀ ਪੂਰਾ ਹੋ ਗਿਆ । ਗੁਰੂ ਘਰ ਦੇ ਵੈਰੀ ਏਨੇ ਬਣ ਗਏ ਕਿ ਗੁਰੂ ਅਰਜਨ ਦੇਵ ਜੀ ਨੂੰ ਅੰਮ੍ਰਿਤਸਰ ਛੱਡ ਕੇ ਵਡਾਲੀ ਆਉਣਾ ਪਿਆ । ਧੰਨਭਾਗ ਭਾਈ ਹੇਮੇ ਦੇ ! ਜਿਸ ਦੇ ਘਰ ਮੀਰੀ ਪੀਰੀ ਦੇ ਮਾਲਕ ਦਾ ਪ੍ਰਕਾਸ਼ ਹੋਇਆ । ਮਾਤਾ ਗੰਗਾ ਜੀ ਏਥੇ ਸੁਰੱਖਿਅਤ ਥਾਂ ਰਹੇ । ਭਾਈ ਵੀਰ ਸਿੰਘ ਜੀ ਨੇ ਮਾਤਾ ਜੀ ਦੀ ਖੁਲ ਦਿਲੀ , ਉਦਾਰਤਾ ਤੇ ਵੈਰ ਭਾਵਨਾ ਤੋਂ ਉਪਰ ਉਠ ਅਸ਼ਟ ਚਮਤਕਾਰ ਵਿਚ ਇਵੇਂ ਲਿਖਿਆ
ਹੈ । “ ਦੇਖੋ ਮਾਤਾ ਗੰਗਾ ਜੀ ਦਾ ਸੀਲ ਸੁਭਾਉ , ਅੰਮ੍ਰਿਤਸਰ ਆਇ ਕੇ ਪਹਿਲਾਂ ਜੇਠ ਦੇ ਘਰ ਗਈ । ਪੁੱਤਰ ਨੇ ਪਹਿਲਾਂ ਪ੍ਰਿਥਵੀ ਦੇ ਚਰਨਾਂ ਵਿੱਚ ਮੱਥਾ ਟੇਕਿਆ , ਜਿਸ ਨੇ ਉਪਰੋਂ ਕੁਝ ਕਹਿਕੇ ਸਮਾਂ ਟਪਾਇ ਲਿਆ | ਪਰ ਅੰਦਰੋਂ ਉਸਦੀ ਵਹੁਟੀ ਅਤੇ ਉਸ ਦੇ ਮਨ ਵਿਚ ਸੱਪ ਲੇਟਣ ਲੱਗ ਪਏ । ਫਿਰ ਵੀ ਮਾਤਾ ਜੀ ਨੇ ਹਿਰਦੇ ਵਿੱਚ ਵੈਰ ਨਹੀਂ ਰਖਿਆ ਮਨ ਦੀ ਸ਼ੁਧੀ ਤੇ ਵੈਰ ਭਾਵਨਾ ਤੋਂ ਸਫਾਈ ਦਾ ਸੱਚਾ ਨਮੂਨਾ ਦਿਖਾ ਦਿੱਤਾ । ਮਾਤਾ ਜੀ ਬੜੀ ਫਰਾਖ ਦਿਲੀ ਵਿਖਾਈ ਪਰ ਪ੍ਰਿਥੀ ਚੰਦ ਦੇ ਪ੍ਰਵਾਰ ਦਾ ਹਿਰਦਾ ਅੰਦਰੋਂ ਨਵ ਜੰਮੇ ਲਈ ਠੀਕ ਨਹੀਂ ਸੀ । ਫਤੋਂ ਦਾਈ ਨੂੰ ਲਾਲਚ ਦੇ ਕੇ ਬੱਚੇ ਨੂੰ ਜ਼ਹਿਰ ਦੇਣ ਦੀ ਵਿਓਂਤ ਬਣਾਈ।ਉਸ ਅਤਘਣ ਦਾਈ ਨੇ ਪੈਸੇ ਦੇ ਲਾਲਚ ‘ ਚ ਆ ਕੇ ਆਪਣੇ ਥਣਾਂ ਨੂੰ ਜ਼ਹਿਰ ਲਾ ਕੇ ਬਾਲਕ ਹਰਿਗੋਬਿੰਦ ਜੀ ਨੂੰ ਚੰਗਾਉਣ ਦੀ ਕੋਸ਼ਿਸ਼ ਕੀਤੀ । ਬਾਲਕ ਉਸ ਦਾ ਥਣ ਮੂੰਹ ’ ਚ ਨਾ ਪਾਵੇ ਰੋਣ ਲੱਗਾ ਮਾਤਾ ਜੀ ਭਜੇ ਆਏ ਬੱਚਾ ਹਥ ਵਿੱਚੋਂ ਖੋਹ ਲਿਆ । ਫਤੋਂ ਜ਼ਹਿਰ ਦੇ ਅਸਰ ਨਾਲ ਮਰਦੀ ਪ੍ਰਥੀਏ ਦੀ ਕਾਲੀ ਕਰਤੂਤ ਬਾਰੇ ਦਸ ਗਈ ਗੁਰੂ ਜੀ ਨੇ ਕੋਈ ਗਿੱਲਾ ਨਹੀਂ ਕੀਤਾ , ਸਗੋਂ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਗਿਆ ।
ਫਿਰ ਇਕ ਬਾਹਮਣ ਨੂੰ ਜ਼ਹਿਰੀਲਾ ਦਹੀਂ ਦੇ ਕੇ ਬਾਲਕ ਨੂੰ ਪੀਣ ਲਈ ਭੇਜਿਆ । ਬਾਲਕ ਨੇ ਨਹੀਂ ਪੀਤਾ ਸਗੋਂ ਕੁੱਤੇ ਅੱਗੇ ਸੁੱਟ ਦਿੱਤਾ । ਕੁੱਤਾ ਇਹ ਖਾ ਕੇ ਤੜਪ – ਤੜਪ ਮਰ ਗਿਆ ਬਾਹਮਣ ਨੇ ਵੀ ਦੱਸ ਦਿੱਤਾ ਕਿ ਲਾਲਚ ਵਸ ਹੋ ਕੇ ਉਸ ਨੇ ਇਹ ਕੰਮ ਕੀਤਾ ਹੈ । ਬਾਹਮਣ ਪਿਛੋਂ ਪੇਟ ਦੇ ਸੂਲ ਨਾਲ ਮਰ ਲਿਆ । ਪ੍ਰਿਥੀ ਦੇ ਦਿਲ ਵਿਚ ਈਰਖਾ ਦੀ ਅੱਗ ਅਜੇ ਨਹੀਂ ਬੁੱਝੀ । ਇਕ ਸਪੇਰੇ ਨੂੰ ਹੇਮੇ ਦੀ ਹਵੇਲੀ ਭੇਜਿਆ ਗਿਆ । ਉਥੇ ਸਪੇਰਾ ਆਪਣੇ ਕਰਤੱਵ ਦਿਖਾ ਰਿਹਾ ਸੀ । ਉਸ ਨੇ ਬਾਲਕ ਹਰਿਗੋਬਿੰਦ ਜੀ ਵੱਲ ਇਕ ਜ਼ਹਿਰੀਲਾ ਸੱਪ ਛਡਿਆ । ਜਦੋਂ ਇਹ ਬਾਲਕ ਦੇ ਲਾਗੇ ਗਿਆ ਤਾਂ ਹਰਿਗੋਬਿੰਦ ਜੀ ਨੇ ਸੱਪ ਤੇ ਝਮਟ ਮਾਰ ਉਸ ਦੀ ਸਿਰੀ ਫੜ ਕੇ ਮੁੱਠ ਵਿਚ ਪੀਚ ਦਿੱਤੀ । ਸੱਪ ਜ਼ਹਿਰ ਘੋਲ ਦਾ ਤੜਫ – ਤੜਫ ਕੇ ਮਰ ਗਿਆ ਤਾਂ ਵਗਾਹ ਸਪੇਰੇ ਵਲ ਮਾਰਿਆ । ਸਪੇਰਾ ਵੀ ਇਸ ਤਰਾਂ ਆਪਣੇ ਉਦੇਸ਼ ਵਿਚ ਸਫਲ ਨਹੀਂ ਹੋਇਆ ਸਗੋਂ ਸ਼ਰਮਿੰਦਾ ਹੋ ਕੇ ਪਰਤਿਆ । ਮਾਤਾ ਜੀ ਸਾਰਾ ਪ੍ਰਵਾਰ ਹੁਣ ਫਿਰ ਗੁਰੂ ਕੇ ਮਹਿਲ ਆ ਗਏ । ਏਥੇ ਆਉਂਦਿਆ ਬਾਲਕ ਨੂੰ ਚੇਚਕ ( ਮਾਤਾ ) ਨਿਕਲ ਆਈ । ਮਾਤਾ ਜੀ ਨੇ ਬੜੀ ਚਿੰਤਾ ਕੀਤੀ । ਕਿਸੇ ਤੀਰਮਤ ਦੇ ਦੱਸੇ ਅਨੁਸਾਰ ਇਕ ਰਖ ਜਿਹੀ ਬਾਲਕ ਦੇ ਡੋਲੇ ਨਾਲ ਬਨਣ ਲਗੇ ਤਾਂ ਗੁਰੂ ਜੀ ਨੇ ਮਾਤਾ ਜੀ ਨੂੰ ਵਰਜਦਿਆ ਕਿਹਾ ਕਿ “ ਇਸ ਬਾਲਕ ਨੂੰ ਅਕਾਲ ਪੁਰਖ ਨੇ ਬਖ਼ਸ਼ਿਆ ਹੈ ਉਹ ਹੀ ਇਸ ਰਖਿਆ ਕਰਦਾ ਹੈ ਅਗੋਂ ਵੀ ਇਸ ਦਾ ਰਾਖਾ ਹੈ । ਕੁਝ ਦਿਨ ਬਾਦ ਬਾਲ ਨਰੋਆ ਹੋ ਗਿਆ ਅਤੇ ਗੁਰੂ ਜੀ ਨੇ ਪ੍ਰਮਾਤਮਾ ਦੇ ਸ਼ਰਕਾਨੇ ਵਜੋਂ ਇਓ ਸ਼ਬਦ ਉਚਾਰਿਆ : ਸਦਾ ਸਦਾ ਹਰਿ ਜਾਪੈ ਪ੍ਰਭਿ ਬਾਲਕ ਰਾਖੇ ਆਪੇ ॥ ਸੀਤਲਾ ਠਾਕਿ ਰਹਾਇ ॥ ਬਿਘਨ ਗਏ ਹਰਿ ਨਾਇ । ਮੇਰਾ ਪ੍ਰਭੂ ਹੋਇਆ ਸਦਾ ਦਇਆਲਾ।ਅਰਦਾਸਿ ਸੁਣੀ ਭਗਤ ਆਪਣੇ ਕੀ , ਸਭ ਜੀਆ ਭਇਆ ਕ੍ਰਿਪਾਲਾ ॥ ਰਹਾਓ ॥੧ ॥ ਪ੍ਰਭ ਕਰਨ ਕਾਰਣ ਸਮਰਾਥਾ॥ਹਰਿ ਸਿਮਰਤ ਸਭ ਦੁਖ ਲਾਥਾ ॥ ਆਪਣੇ ਦਾਸ ਕੀ ਸੁਣੀ ਬੇਨੰਤੀ । ਸਭ ਨਾਨਕ ਸੁਖਿ ਵਸੰਤੀ ( ਪੰਨਾਂ ੬੨੭ ) ਪ੍ਰਿਥੀ ਚੰਦ ਦੀ ਦੁਸ਼ਟਤਾ ਅਜੇ ਨਹੀਂ ਗਈ ਹੁਣ ਬਾਲਕ ਹਰਿਗੋਬਿੰਦ ਜੀ ਦੇ ਹਾਣੀ ਰਾਹੀਂ ਕੁਝ ਜ਼ਹਿਰੀਲੀ ਚੀਜ਼ ਖਵਾਉਣ ਦੀ ਵਿਉਂਤ ਬਣਾਈ । ਇਕ ਨੰਦ ਨਾਮੀ ਬੱਚੇ ਰਾਹੀਂ ਉਸਦੀ ਇਕ ਜੇਬ ਜ਼ਹਿਰੀਲੀ ਤੇ ਦੂਜੀ ਵਿਚ ਚੰਗੀ ਬਰਫੀ ਪਵਾ ਬਾਲਕ ਨਾਲ ਖੇਡਣ ਘਲਿਆ ਨੰਦ ਕੋਲੋਂ ਆਪ ਜ਼ਹਿਰੀਲੀ ਤੇ ਬਾਲਕ ਹਰਿਗੋਬਿੰਦ ਜੀ ਚੰਗੀ ਖਵਾਈ ਗਈ ਕੇਸਰ ਸਿੰਘ ਛਿਬਰ ਲਿਖਦਾ ਹੈ : -ਜਾਇ ਖੇਡ ਨਾਲੇ ਮਠਿਆਈ ਖਾਈ । ਇਕ ਮੁਠ ਹਰਿਗੋਬਿੰਦ ਸੁਖ ਲਾਏ । ਚੰਗੀ ਦੇਵੇ ਸਾਹਿਬ ਮੰਦੀ ਆਪ ਖਾਏ । ਨੰਦ ਰਾਮ ਖਾਂਦਾ ਖਾਂਦਾ ਢਹਿ ਢੇਰੀ ਹੋ ਗਿਆ । ਪ੍ਰਿਥੀਏ ਦਾ ਇਹ ਤੀਰ ਵੀ ਖਾਲੀ ਗਿਆ । ਗੁਰੂ ਅਰਜਨ ਦੇਵ ਜੀ ਇਕ ਮਹਾਨ ਕਾਰਜ ਆਦਿ ਗ੍ਰੰਥ ਜੀ ਦੀ ਸਥਾਪਨਾ ਵਿਚ ਰੁੱਝੇ ਸਨ । ਹਰਿ ਗੋਬਿੰਦ ਜੀ ਸ਼ਾਸਤਰ ਤੇ ਸ਼ਸ਼ਤਰ ਵਿਦਿਆ ਦਾ ਧਿਆਨ ਮਾਤਾ ਗੰਗਾ ਜੀ ਸਪੁਰਦ ਕੀਤੇ ਗਏ ਸਨ । ਮਾਤਾ ਜੀ ਨੇ ਬਾਬਾ ਬੁੱਢਾ ਜੀ ਰਾਹੀਂ ਬਾਲਕ ਗੁਰੂ ਨੂੰ ਲਿਖਾਈ ਪੜਾਈ ਗੁਰਮਤਿ ਆਦਿ ਦੀ ਵਿਦਿਆ ਤੇ ਭਾਈ ਪਰਾਗਾ ਜੀ ਸ਼ਸਤਰ ਵਿਦਿਆ ਤੇ ਭਾਈ ਗੰਗਾ ਸਹਿਗਲ ਕੋਲੋਂ ਘੋੜ ਸਵਾਰੀ ਦੀ ਸਿਖਿਆ ਦਵਾਈ । ਗੁਰੂ ਅਰਜਨ ਦੇਵ ਦੀ ਸ਼ਹੀਦੀ ਵੇਲੇ ਗੁਰੂ ਜੀ ਦੀ ਆਯੂ ਕੇਵਲ ਗਿਆਰਾ ਬਰਸ ਸੀ । ਮਾਤਾ ਗੰਗਾ ਜੀ ਤੇ ਵੀ ਇਸ ਸ਼ਹੀਦੀ ਦਾ ਬੜਾ ਪ੍ਰਭਾਵ ਪਿਆ । ਉਹ ਬੜੇ ਗਮਗੀਨ ਤੇ ਉਦਾਸ ਰਹਿਣ ਲੱਗੇ । ਕਿਉਂ ਗੁਰੂ ਜੀ ਵਿਛੋੜੇ ਦਾ ਸਲ ਝਲਣਾ ਮਾਤਾ ਜੀ ਲਈ ਬੜਾ ਕਠਨ ਤੇ ਅਸਹਿ ਸੀ । ਭਾਵੇਂ ਗੁਰੂ ਜੀ ਜਾਣ ਲਗਿਆਂ ਮਾਤਾ ਜੀ ਤੇ ਸੰਗਤ ਨੂੰ ਉਪਦੇਸ਼ ਕਰ ਕੇ ਗਏ ਸਨ ਕਿ “ ਜਿਹੜਾ ਉਪਜਿਆ ਹੈ ਉਸ ਨੇ ਇਕ ਦਿਨ ਬਿਨਸਨਾ ਜਰੂਰ ਹੈ । ਇਸ ਲਈ ਸ਼ੋਕ ਨਹੀਂ ਚਾਹੀਦਾ । ਹਰਿਗੋਬਿੰਦ ਨੂੰ ਧੀਰਜ ਤੇ ਹੌਸਲਾ ਦੇਣਾ ਹੈ । ਮਾਤਾ ਗੰਗਾ ਜੀ ਨੂੰ ਇਉ ਉਪਦੇਸ਼ ਦਿੱਤਾ :
ਸ੍ਰੀ ਗੰਗਾ ਸਭ ਮਤਿ ਮਹਿ ਸਯਾਨੀ ॥ ਕਰਹ ਨ ਸ਼ੋਕ ਸਣਾਵਹੁ ਬਾਨੀ ॥ ਜਹਾ ਗੁਰ ਕੀ ਆਗਯਾ ਜਿਸ ਹੋਇ ॥ ਕੈਸੇ ਕਹਿ ਉਲੰਘਨਿ ਸੋਇ ॥ ਗੁਰੂ ਜੀ ਦੀ ਸ਼ਹੀਦੀ ਤੋਂ ਪਿਛੋਂ ਮਾਤਾ ਗੰਗਾ ਜੀ ਗੁਰੂ ਜੀ ਦੇ ਅੰਤਮ ਉਪਦੇਸ਼ ਅਨੁਸਾਰ ਬਾਣੀ ਨਾਲ ਜੁੜ ਕੇ ਸੰਗਤ ਨੂੰ ਵੀ ਬਾਣੀ ਨਾਲ ਜੋੜਿਆ । ਨਾਲ ਹੀ ਬਾਲਕ ਗੁਰੂ ਜੀ ਨੂੰ ਸਫਲ ਕਰਨ ਲਈ ਹਰ ਯੋਗ ਅਗਵਾਈ ਕੀਤੀ | ਬਾਲਕ ਗੁਰੂ ਜੀ ਵੀ ਆਪਣੀ ਮਾਤਾ ਜੀ ਨੂੰ ਆਪਣੇ ਪਿਤਾ ਵਾਂਗ ਸਤਿਕਾਰ ਤੇ ਮਾਨ ਦਿੱਤਾ । ਬਾਲਕ ਗੁਰੂ ਜੀ ਵੀ ਆਪਣੀ ਮਾਤਾ ਜੀ ਦੀ ਯੋਗ ਅਗਵਾਈ ਦੇ ਨਾਲ ਮੁੱਖੀ ਸਿੱਖਾਂ ਭਾਈ ਗੁਰਦਾਸ ਜੀ ਤੇ ਬਾਬਾ ਬੁੱਢਾ ਜੀ ਪਾਸੋਂ ਵੀ ਸਲਾਹ – ਮਸ਼ਵਰਾ ਲੈਂਦੇ । ਗੁਰੂ ਹਰਿਗੋਬਿੰਦ ਸਾਹਿਬ ਆਪਣੀ ਅਥਾਹ ਪਿਆਰ ਦੇਣ ਵਾਲੀ ਮਾਤਾ ਨੂੰ ਪ੍ਰੇਮ ਵੀ ਬਹੁਤ ਕਰਦੇ । ਮਾਤਾ ਦੇ ਚਰਨ ਤੇ ਸੀਸ ਰੱਖ ਅਸ਼ੀਰਵਾਦ ਪ੍ਰਾਪਤ ਕਰਦੇ । ਹਰ ਔਖ ਸੌਖ ਵਿਚ ਮਾਤਾ ਜੀ ਦੀ ਅਸ਼ੀਰਵਾਦ ਦੀ ਉਡੀਕ ਕਰਦੇ । ਜਿਵੇਂ ਅਕਾਲ ਤਖ਼ਤ ਦੀ ਉਸਾਰੀ ਉਪਰੰਤ ਮਾਤਾ ਜੀ ਦੇ ਚਰਨਾਂ ਵਿਚ ਸਿਰ ਝੁਕਾਉਣ ਗਏ ਤਾਂ ਮਾਤਾ ਗੰਗਾ ਜੀ ਉਨ੍ਹਾਂ ਨੂੰ ਗਲੇ ਲਾ ਕੇ ਅਸੀਸ ਦਿੱਤੀ ।
ਮਾਤਾ ਗੰਗਾ ਜੀ ਦਾ ਅਕਾਲ ਚਲਾਣਾ : ਭਾਈ ਮਿਹਰਾ ਜੀ ਪੂਰਨ ਗੁਰ ਸਿੱਖ ਗੁਰੂ ਘਰ ਦੇ ਬਹੁਤ ਸ਼ਰਧਾਲੂ ਸਨ । ਇਸ ਨੇ ਇਕ ਹਵੇਲੀ ਤੇ ਮਕਾਨ ਬਣਾਇਆ । ਤੇ ਦਿਲ ਇਹ ਧਾਰੀ ਕਿ ਜਿਨਾਂ ਚਿਰ ਗੁਰੂ ਹਰਿ ਗੋਬਿੰਦ ਸਾਹਿਬ ਜੀ ਏਥੇ ਬਕਾਲੇ ਨਹੀਂ ਆਉਂਦੇ । ਉਨਾਂ ਚਿਰ ਇਸ ਮਕਾਨ ਵਿੱਚ ਵਸੋਂ ਨਹੀਂ ਕਰਨੀ । ਸੁਭਾ ਇਸ ਮਕਾਨ ਵਿਚ ਧੂਫ ਕਰਨੀ ਰਾਤ ਇਕ ਨਵੇਂ ਪਲੰਘ ਤੇ ਨਵਾਂ ਬਿਸਤਰਾਂ ਵਿਛਾ ਦੇਣਾ ਤੇ ਦੀਵਾ ਬਤੀ ਕਰਨਾ । ਨਿਤ ਏਵੇਂ ਕਰੇਦਿਆਂ ਤੇ ਗੁਰੂ ਜੀ ਨੂੰ ਯਾਦ ਕਰਨਾ ਕਿ “ ਕਦੋਂ ਗੁਰੂ ਜੀ ਦਾਸਾਂ ਦੇ ਗ੍ਰਹਿ ਨੂੰ ਆਪਣੇ ਪਵਿਤਰ ਚਰਨਾ ਨਾਲ ਨਿਵਾਜਣਗੇ । ਕਈ ਮਹੀਨੇ ਲੱਗ ਗਏ । ਉਧਰ ਅੰਤਰਜਾਮੀ ਦੇ ਦਿਲ ਦੀਆਂ ਤਾਰਾਂ ਖੜਕੀਆਂ । ਅੰਮ੍ਰਿਤਸਰ ਤੋਂ ਬਕਾਲੇ ਦੀ ਤਿਆਰੀ ਕਰ ਲਈ । ਮਾਤਾਵਾਂ ਨਾਨਕੀ ਜੀ ਤੇ ਗੰਗਾ ਜੀ ਨੂੰ ਪ੍ਰਵਾਰ ਦੇ ਜੀਆਂ ਨੂੰ ਮੁੜ ਬਹਿਲਾਂ ਤੇ ਬਿਠਾ ਕੇ ਨਾਲ ਭਾਈ ਬਿਧੀ ਚੰਦ , ਭਾਈ ਪਿਰਾਨਾ ਤੇ ਭਾਈ ਜੇਠਾ ਜੀ ਨੂੰ ਤੋਰ ਦਿੱਤਾ ਸ਼ਾਮ ਨੂੰ ਸਾਰੇ ਬਕਾਲੇ ਪੁੱਜ ਗਏ । ਮਿਹਰੇ ਦੇ ਭਾਗ ਖੁਲ੍ਹ ਗਏ । ਗੁਰੂ ਜੀ ਤੇ ਪ੍ਰਵਾਰ ਨੇ ਆ ਉਸ ਦੀ ਹਵੇਲੀ ਚਰਨ ਪਾਏ । ਪਿੰਡੋ ਬਾਹਰ ਸਿੱਖਾਂ ਨੇ ਆਪਣੇ ਖੈਮੇ ਲਾ ਲਏ । ਓਧਰ ਗੁਰੂ ਜੀ ਤੇ ਮਾਤਾ ਗੰਗਾ ਜੀ ਤੇ ਆਗਿਆ ਪਾ . ਮਾਤਾ ਨਾਨਕੀ ਜੀ ਮਾਤਾ ਗੰਗਾ ਜੀ ਨੂੰ ਨਾਲ ਆਪਣੇ ਪੇਕੇ ਘਰ ਭਾਈ ਹਰੀ ਚੰਦ ਖੱਤਰੀ ਜਾ ਪੁੱਜੇ । ਅਚਨਚੇਤ ਇਨਾਂ ਨੂੰ ਆਇਆਂ ਵੇਖ ਘਰ ਦੇ ਬੜੇ ਖੁਸ਼ ਹੋਏ । ਇਧਰੋ ਰਿਆੜਕੀ ਤੇ ਇਰਦ ਗਿਰਦ ਦੇ ਸਿੱਖਾਂ ਨੂੰ ਗੁਰੂ ਜੀ ਦੇ ਏਥੇ ਆਉਣਾ ਸੁਣ ਬੜੇ ਖੁਸ਼ ਹੋਏ ਵਹੀਰਾਂ ਘੱਤ ਦਿੱਤੀਆ , ਸ਼ੱਕਰ , ਆਟਾ ਦੁੱਧ , ਘਿਓ , ਬਾਲਣ ਲਈ ਆਉਣ । ਮਿਹਰੇ ਦੇ ਭਾਗ ਜਾਗ ਪਏ ਘਰ ਵਿਚ ਸੰਗਤ ਤੇ ਪੰਗਤ ਜੁੜ ਗਈ । ਸਵੇਰੇ ਆਸਾ ਦੀ ਵਾਰ ਦਾ ਦੁਪਹਿਰ ਢਾਡੀ ਵਾਰਾਂ ਰਾਤ ਗੁਰੂ ਜੀ ਉਪਦੇਸ਼ ਦੇਂਦੇ । ਜਾਣੋਂ ਇਹ ਹਵੇਲੀ ਸਚ ਖੰਡ ਹੀ ਬਣ ਗਈ।ਲੋਕੀਂ ਗੁਰ ਉਪਦੇਸ਼ ਵੀ ਸੁਣਦੇ ਨਾਲ ਗੁਰੂ ਜੀ ਪਾਸੋਂ ਸਿੱਖਾਂ ਦੇ ਯੁੱਧਾਂ ਬਾਰੇ ਸੁਣਦੇ।ਭਾਵੇਂ ਢਾਡੀ ਵੀ ਯੁੱਧਾਂ ਦੀਆਂ ਵਾਰਾਂ ਦਸਦੇ ਸਨ । ਇਨਾਂ ਰੌਣਕਾਂ ਵਿਚ ਹੀ ਇਕ ਦਿਨ ਮਾਤਾ ਗੰਗਾ ਜੀ ਇਸ਼ਨਾਨ ਕਰ । ਸ਼ਵਛ ਬਸਤਰ ਪਾਏ । ਤੇ ਗੁਰੂ ਜੀ ਨੂੰ ਪਾਸ ਬੁਲਾ ਕੇ ਕਿਹਾ ਕਿ “ ਮੇਰਾ ਅੰਤਮ ਸਮਾਂ ਆ ਗਿਆ ਹੈ । ਪੁੱਤਰਾ ਮੇਰੇ ਸਰੀਰ ਨੂੰ ਜਲ ਪ੍ਰਵਾਹ ਕਰਨਾ ਹੈ ਤਾਂ ਮੈਂ ਆਪਣੀ ਪਤੀ ਪਾਸ ਜਾ ਸਕਾਂ । ” ਮਾਤਾ ਜੀ ਚੇਤ ਸੁਦੀ ੧੪ ਸੰਨ ੧੬੨੮ ਨੂੰ ਪ੍ਰਲੋਕ ਸਿਧਾਰੇ ਕੁਝ ਇਤਿਹਾਸਕਾਰ ੧੬੨੬ ਈਸ਼ਵੀ ਮੰਨਦੇ ਹਨ । ਇਥੇ ਬਕਾਲੇ ਪੁਜਣ ਤੋਂ ਚੌਥੇ ਦਿਨ ਦੀ ਗੱਲ ਹੈ :
ਚਤਰਥ ਦਿਨ ਮਾਤਾ ਲਖ ਪਾਯੋ।।ਪ੍ਰਾਨ ਅੰਤ ਮੈਹਰਾ ਅਬ ਆਯੋ ॥ ਜਪੁਜੀ ਪੜਤ ਦਾਗ ਜਲੇ ਦੀਜੈ । ਹੇ ਸੁਤ ਕ੍ਰਿਆ ਤੁਮ ਕੀਜੈ ॥ ਹੌ ਜਾਵੇਂ ਗੁਰ ਕੇ ਨਿਕਟਾਈ । ਦਯਾ ਸਿੰਧ ਪ੍ਰਭ ਮੋਹਿ ਬੁਲਾਈ ॥ ਇਸਤਰਾਂ ਆਪ ਨੇ ਆਪਣੇ ਪੁੱਤਰ ਨੂੰ ਸਮਾਧੀ ਗਤਿ ਸੁਖਮਨੀ ਸਾਹਿਬ ਤੇ ਜਪੁ ਜੀ ਦਾ ਪਾਠ ਕੀਤਾ ਤਾਂ ਸਰੀਰ ਵਿਚੋਂ ਪੰਖਾਰੂ ਉਡ ਸਚ ਖੰਡ ਜਾ ਪਧਾਰਿਆ । ਹੁਣ ਮਾਤਾ ਗੰਗਾ ਜੀ ਦੇ ਅਕਾਲ ਚਲਾਨੇ ਬਾਦ ਇਸ਼ਨਾਨ ਕਰ ਇਕ ਬਿਬਾਨ ਤਿਆਰ ਕਰਾ । ਇਨਾਂ ਦਾ ਸਰੀਰ ਵਿੱਚ ਰੱਖ ਉਪਰੋਂ ਫੁੱਲਾਂ ਦੀ ਬਰਖਾਂ ਢੋਲਕੀ ਛੇਣਿਆ ਨਾਲ ਲਿਆ ਪਿੰਡੋ ਬਾਰ ਰਖਿਆ ਤਾਂ ਕਿ ਸਾਰੀ ਸੰਗਤ ਇਨ੍ਹਾਂ ਦੇ ਅੰਤਮ ਦਰਸ਼ਨ ਦੀਦਾਰ ਕਰ ਸਕੇ । ਜਿਥੇ ਇਨ੍ਹਾਂ ਦਾ ਬਿਬਾਨ ਰਖਿਆ ਗਿਆ ਸੀ ਏਥੇ ਸੁੰਦਰ ਗੁਰਦੁਆਰਾ ਬਣਿਆ ਹੋਇਆ ਹੈ । ਜਿਸ ਨੂੰ ਮਾਤਾ ਗੰਗਾ ਦਾ ਡੇਰਾ ਕਰਕੇ ਕਹਿੰਦੇ ਹਨ । ਏਥੇ ਨਿਹੰਗ ਸਿੰਘਾਂ ਦਾ ਕਬਜ਼ਾ ਹੈ । ਹਰ ਸਾਲ ਫਰਵਰੀ ਦੇ ਮਹੀਨੇ ਵਿਚ ਇਕ ਬਹੁਤ ਮਹਾਨ ਰੈਣ ਸਬਾਈ ਕੀਰਤਨ ਹੁੰਦਾ ਹੈ । ਮਾਤਾ ਦੇ ਨਾਂ ਦਾ ਮਾਤਾ ਗੰਗਾ ਖਾਲਸਾ ਕੁੜੀਆਂ ਦਾ ਹਾਈ ਸਕੂਲ ਵੀ ਬਕਾਲੇ ਚਲਦਾ ਹੈ । ਹੁਣ ਮਾਤਾ ਜੀ ਦਾ ਬਿਬਾਨ ਚੁੱਕ ਕੇ ਸੰਗਤ ਜਲੂਸ ਦੀ ਸ਼ਕਲ ਵਿੱਚ ਮਾਤਾ ਜੀ ਦੇ ਬਿਬਾਨ ਪਿਛੇ ਸ਼ਬਦ ਚੌਕੀ ਕਰਦੇ ਪਿੰਡ ਬਲਸਰਾਂ ਲੰਘ ਕੇ ਬਿਆਸਾ ਦਰਿਆ ਦੇ ਕੰਢੇ ਬਿਬਾਨ ਰੱਖ ਕੇ ਅੰਤਮ ਦਰਸ਼ਨ ਕਰਾ ਪ੍ਰਮਾਤਮਾ ਅੱਗੇ ਅਰਦਾਸ ਕਰ ਜਲ ਪਰਵਾਹ ਕਰ . ਦਿੱਤਾ ਗਿਆ । ਬਿਬਾਨ ਨੂੰ ਗੁਰੂ ਜੀ ਹੋਰਾਂ ਤੋਂ ਗੈਰ ਭਾਈ ਬਿਧੀ ਚੰਦ , ਭਾਈ ਪਿਰਾਣਾ , ਭਾਈ ਜੇਠਾ ਜੀ , ਭਾਈ ਸਾਈਂ ਦਾਸ ਜੀ , ਭਾਈ ਪੈੜਾ ਸੀ ਆਦਿ ਨੇ ਮੋਢਾ ਦਿੱਤਾ । ਜਿਥੇ ਮਾਤਾ ਜੀ ਦਾ ਜਲ ਪ੍ਰਵਾਹ ਕੀਤਾ ਸੀ ਉਥੇ ਅੱਜ ਕੱਲ ਰਾਧਾ ਸੁਆਮੀਆ ਦਾ ਡੇਰਾ ਹੈ । ਮਾਤਾ ਗੰਗਾ ਜੀ ਨੇ ਆਪਣੇ ਇਕਲੋਤੇ ਲਾਡਲੇ ਤੇ ਦੋਖੀਆਂ ਵੱਲੋਂ ਕਮੀਨੀਆਂ ਜਾਨ ਲੇਵਾ ਸਾਜ਼ਸ਼ਾ ਵੀ ਝਲੀਆਂ । ਫਿਰ ਗੁਰ ਪਤੀ ਦੀ ਸ਼ਹੀਦੀ ਦਾ ਸਲ ਵੀ ਬੜਾ ਤਕੜਾ ਹੌਸਲਾ ਕਰਕੇ ਝਲਦਿਆਂ ਬਾਲ ਹਰਿਗੋਬਿੰਦ ਸਾਹਿਬ ਦੀ ਪੂਰੀ ਸਰਪ੍ਰਸਤੀ ਤੇ ਯੋਗ ਅਗਵਾਈ ਕੀਤੀ । ਇਕ ਕ੍ਰਾਂਤੀਕਾਰੀ ਮੋੜ ਮੀਰੀ – ਪੀਰੀ , ਅਕਾਲ ਤਖ਼ਤ ਦੇ ਸਿਰਜਨ ਵਿਚ ਆਪ ਦਾ ਮਹਾਨ ਯੋਗਦਾਨ ਹੈ । ਆਪ ਸਮੇਂ ਸਮੇਂ ਸੰਗਤਾਂ ਤੇ ਮਸੰਦਾਂ ਦੇ ਦਿਲਾਂ ਵਿਚੋਂ ਗੁਰੂ ਜੀ ਬਾਰੇ ਸ਼ੰਕੇ ਨਵਿਰਤ ਕਰਦੇ ਰਹੇ । ਗੁਰੂ ਜੀ ਨਾਲ ਅਥਾਹ ਪਿਆਰ ਸੀ ਉਸ ਦੀ ਸੰਤਾਨ ਨਾਲ ਅਥਾਹ ਪਿਆਰ ਸੀ । ਆਪ ਨੂੰ ਗੁਰੂ – ਪਤਨੀ , ਗੁਰ – ਮਾਤਾ , ਗੁਰ – ਦਾਦੀ , ਗੁਰ – ਪੜਦਾਦੀ ਤੇ ਗੁਰ – ਲਕੜ ਦਾਦੀ ( ਗੁਰੂ ਹਰਿਕ੍ਰਿਸ਼ਨ ਜੀ ) ਬਨਣ ਦਾ ਮਾਨ ਪ੍ਰਾਪਤ ਹੈ ।
ਦਾਸ ਜੋਰਾਵਰ ਸਿੰਘ ਤਰਸਿੱਕਾ ।

Begin typing your search term above and press enter to search. Press ESC to cancel.

Back To Top