31 ਮਾਰਚ 1522 ਨੂੰ ਮਾਤਾ ਖੀਵੀ ਜੀ ਦਾ ਅਨੰਦ ਕਾਰਜ ਗੁਰੂ ਅੰਗਦ ਦੇਵ ਜੀ ਨਾਲ ਹੋਇਆ ਸੀ । ਆਉ ਮਾਤਾ ਖੀਵੀ ਜੀ ਦੇ ਜੀਵਨ ਕਾਲ ਤੇ ਸੰਖੇਪ ਝਾਤ ਮਾਰੀਏ ਜੀ
ਮਾਤਾ ਖੀਵੀ ਜੀ ਦਾ ਜਨਮ ਸੰਨ 1506 ਈ: ਵਿੱਚ ਭਾਈ ਦੇਵੀ ਚੰਦ ਖੱਤਰੀ ਦੇ ਗ੍ਰਹਿ, ਮਾਤਾ ਕਰਮ ਦੇਵੀ ਦੀ ਕੁੱਖੋਂ ਹੋਇਆ। ਭਾਈ ਦੇਵੀ ਚੰਦ ਓਸ ਸਮੇਂ ਦੇ ਜ਼ਿਲ੍ਹਾ ਅੰਮ੍ਰਿਤਸਰ ਦੇ ਨੱਗਰ ਸੰਘਰ ਦੇ ਵਸਨੀਕ ਸਨ ਅਤੇ ਹੁਣ ਇਹ ਨੱਗਰ ਜ਼ਿਲ੍ਹਾ ਤਰਨਤਾਰਨ ਵਿੱਚ ਹੈ। ਭਾਈ ਦੇਵੀ ਚੰਦ ਇਕ ਦੁਕਾਨਦਾਰ ਸਨ ਅਤੇ ਛੋਟੇ ਪੱਧਰ ਉੱਤੇ ਸ਼ਾਹੂਕਾਰੇ ਦਾ ਕੰਮ ਵੀ ਕਰਦੇ ਸਨ। ਬਚਪਨ ਵਿੱਚ ਹੀ ਸਾਊ, ਮਿਠਬੋਲੜਾ ਅਤੇ ਮਸਤ ਸੁਭਾਅ ਹੋਣ ਕਰਕੇ ਮਾਤਾ-ਪਿਤਾ ਨੇ ਆਪਣੀ ਬੱਚੀ ਦਾ ਨਾਮ ਖੀਵੀ ਰੱਖਿਆ।
ਖੀਵੀ ਜੀ ਦੇ ਮਾਤਾ-ਪਿਤਾ ਧਾਰਮਿਕ ਬਿਰਤੀ ਵਾਲੇ ਵਿਅਕਤੀ ਸਨ ਅਤੇ ਦੇਵੀ ਦੇ ਪੁਜਾਰੀ ਸਨ।ਬਾਲ ਅਵਸਥਾ ਵਿੱਚ ਮਾਤਾ-ਪਿਤਾ ਦੇ ਧਾਰਮਿਕ ਜੀਵਨ ਦਾ ਪ੍ਰਭਾਵ ਬੀਬੀ ‘ਤੇ ਪੈਣਾ ਕੁਦਰਤੀ ਸੀ। ਇਸ ਤਰ੍ਹਾਂ ਬਾਲ ਅਵਸਥਾ ਵਿੱਚ ਹੀ ਬੀਬੀ ਖੀਵੀ ਜੀ ਨੇ ਸੰਤੋਖ, ਸੰਜਮ ਅਤੇ ਸੱਚ ਦੇ ਸ਼ੁਭ ਗੁਣ ਗ੍ਰਹਿਣ ਕਰ ਲਏ ਸਨ। ਬੀਬੀ ਖੀਵੀ ਜੀ ਦੁਕਾਨ ਉੱਤੇ ਆਪਣੇ ਪਿਤਾ ਨਾਲ ਕੰਮ ਵਿੱਚ ਹਥ ਵਟਾਂਦੇ ਸਨ ਅਤੇ ਘਰ-ਪਰਵਾਰ ਵਿੱਚ ਮਾਤਾ-ਪਿਤਾ ਦੁਆਰਾ ਪੂਜਾ ਕਰਨ ਸਮੇਂ ਨਿਤ ਉਨ੍ਹਾਂ ਪਾਸ ਬੈਠਦੇ ਸਨ।
ਬੀਬੀ ਵਿਰਾਈ ਜੀ (ਜਾਂ ਬੀਬੀ ਭਰਾਈ ਜੀ) ਖਡੂਰ ਸਾਹਿਬ ਦੇ ਵਸਨੀਕ ਸਨ ਅਤੇ ਗੁਰੂ ਨਾਨਕ ਦੇਵ ਜੀ ਦੇ ਸ਼ਰਧਾਲੂ ਸਨ। ਭਾਈ ਫੇਰੂ ਮੱਲ ਵੀ ਖਡੂਰ ਸਾਹਿਬ ਦੇ ਵਸਨੀਕ ਸਨ ਅਤੇ ਇਕ ਫਿਰੋਜ਼ਪੁਰ ਦੇ ਅਧਿਕਾਰੀ ਪਾਸ ਨੌਕਰੀ ਕਰਦੇ ਸਨ। ਬੀਬੀ ਵਿਰਾਈ ਜੀ ਦੇ ਭਾਈ ਫੇਰੂ ਮੱਲ ਨਾਲ ਨੇੜਲੇ ਸੰਬੰਧ ਸਨ ਅਤੇ ਭਾਈ ਦੇਵੀ ਚੰਦ ਦੇ ਪਰਵਾਰ ਦੇ ਵੀ ਨੇੜੇ ਤੋਂ ਭੂਆ ਜੀ ਸਨ।
ਓਸ ਸਮੇਂ ਦੀਆਂ ਰੀਤਾਂ ਅਨੁਸਾਰ, ਬੀਬੀ ਵਿਰਾਈ ਦੇ ਕਹਿਣ ਉੱਤੇ ਬੀਬੀ ਖੀਵੀ ਦਾ ਵਿਆਹ ਭਾਈ ਫੇਰੂ ਮੱਲ ਦੇ ਬੇਟੇ ਭਾਈ ਲਹਿਣਾ ਜੀ ਨਾਲ ਸੰਨ 1522 ਈ: ਵਿੱਚ ਹੋ ਗਿਆ। ਭਾਈ ਲਹਿਣਾ ਜੀ ਆਪਣੇ ਪਿਤਾ ਭਾਈ ਫੇਰੂ ਮੱਲ ਅਤੇ ਪਰਵਾਰ ਨਾਲ ਵੈਸ਼ਨੋ ਦੇਵੀ ਦੇ ਤੀਰਥ ਯਾਤਰਾ ਉੱਤੇ ਜਾਇਆ ਕਰਦੇ ਸਨ। ਇਸ ਤਰ੍ਹਾਂ ਦੋਹਾਂ ਪਰਵਾਰਾਂ ਵਿੱਚ ਸਮਾਜਿਕ ਸਾਂਝ ਦੇ ਨਾਲ-ਨਾਲ ਧਾਰਮਿਕ ਸਾਂਝ ਵੀ ਸੀ। ਇਸ ਸੋਚ, ਸੁਭਾਅ, ਸਮਾਜਿਕ ਅਤੇ ਧਾਰਮਿਕ ਸਾਂਝ ਦੇ ਕਾਰਨ ਇਹ ਨਵ-ਵਿਆਹੀ ਜੋੜੀ ਇਕਸਾਰਤਾ ਅਤੇ ਇਕਸੁਰਤਾ ਵਾਲੀ ਆਦਰਸ਼ਕ ਜੋੜੀ ਹੋ ਨਿੱਬੜੀ। ਦੋਹਾਂ ਨੇ ਆਪਣੀ ਨਿੱਜੀ ਹਉਮੈ ਸਮਾਪਤ ਕਰਕੇ ਆਪਣੀ ਹਸਤੀ ਇਕ-ਦੂਜੇ ਵਿੱਚ ਸਮੋ ਦਿੱਤੀ ਅਤੇ ਇਹ “ਏਕ ਜੋਤਿ ਦੁਇ ਮੂਰਤੀ” ਬਣ ਗਏ।
ਗ੍ਰਿਹਸਤੀ ਜੀਵਨ ਜਿਉਂਦਿਆਂ ਇਸ ਜੋੜੀ ਦੇ ਗ੍ਰਹਿ ਵਿਖੇ ਦੋ ਪੁੱਤਰਾਂ ਅਤੇ ਦੋ ਧੀਆਂ ਨੇ ਜਨਮ ਲਿਆ। ਵੱਡੇ ਪੁੱਤਰ ਦਾਸੂ ਜੀ ਦਾ ਜਨਮ 9 ਭਾਦਰੋਂ 1532 , ਬੀਬੀ ਅਨੋਖੀ ਜੀ ਦਾ ਜਨਮ 29 ਜੇਠ 1534 ਅਤੇ ਭਾਈ ਦਾਤੂ ਜੀ ਦਾ ਜਨਮ 1 ਵੈਸਾਖ 1537 ਨੂੰ ਅਤੇ ਬੀਬੀ ਅਮਰੋ ਜੀ ਦਾ ਜਨਮ 2 ਪੋਹ 1538 ਨੂੰ ਹੋਇਆ। ਦੋਹਾਂ ਜੀਆਂ ਨੇ ਆਪਣੇ ਗ੍ਰਿਹਸਤ ਦੀਆਂ ਜ਼ਿੰਮੇਂਵਾਰੀਆਂ ਚੰਗੀ ਤਰਾਂ ਨਿਭਾਉਂਦਿਆਂ ਹੋਇਆਂ ਬੱਚਿਆਂ ਦਾ ਵਧੀਆ ਤਰੀਕੇ ਨਾਲ ਪਾਲਣ-ਪੋਸ਼ਣ ਕੀਤਾ ਅਤੇ ਉਨ੍ਹਾਂ ਅੰਦਰ ਵੀ ਧਾਰਮਿਕ ਸੰਸਕਾਰ ਪੈਦਾ ਕੀਤੇ।
ਜਦੋਂ ਭਾਈ ਫੇਰੂ ਮੱਲ ਅਤੇ ਭਾਈ ਦੇਵੀ ਚੰਦ ਹਰ ਵਰ੍ਹੇ ਧਾਰਮਿਕ ਯਾਤਰਾ ਉੱਤੇ ਜਾਇਆ ਕਰਦੇ ਸਨ ਤਾਂ ਭਾਈ ਲਹਿਣਾ ਜੀ ਵੀ ਆਪਣੇ ਪਿਤਾ ਜੀ ਨਾਲ ਹੀ ਹੁੰਦੇ ਸਨ। ਭਾਈ ਫੇਰੂ ਮੱਲ ਜੀ ਦੇ ਅਕਾਲ ਚਲਾਣੇ ਮਗਰੋਂ ਭਾਈ ਲਹਿਣਾ ਜੀ ਨੇ ਆਪਣੇ ਪਿਤਾ ਦੀਆਂ ਸਾਰੀਆਂ ਜਿੰਮੇਵਾਰੀਆਂ ਸੰਭਾਲੀਆਂ। ਹੁਣ ਭਾਈ ਲਹਿਣਾ ਜੀ ਵੀ ਆਪਣੇ ਪਿਤਾ ਵਾਂਗ ਹੋਰ ਦਰਸ਼ਨ-ਅਭਿਲਾਖੀਆਂ ਨੂੰ ਨਾਲ ਲੈ ਕੇ ਤੀਰਥ ਯਾਤਰਾ ਉੱਤੇ ਜਾਣ ਲਗ ਪਏ। ਪਰੰਤੂ ਭਾਈ ਲਹਿਣਾ ਜੀ ਨੂੰ ਆਤਮਿਕ ਤ੍ਰਿਪਤੀ ਨਹੀਂ ਸੀ ਹੋ ਰਹੀ। ਭਾਈ ਲਹਿਣਾ ਜੀ ਆਤਮਿਕ ਤ੍ਰਿਪਤੀ ਦੀ ਭਾਲ ਵਿੱਚ ਹਮੇਸ਼ਾ ਹੀ ਆਸ਼ਾਵਾਦੀ ਅਤੇ ਤਾਂਘ ਵਿੱਚ ਰਹਿੰਦੇ ਸਨ। ਭਾਈ ਲਹਿਣਾ ਜੀ ਦੀ ਮਾਨਸਿਕ ਦਸ਼ਾ ਤੋਂ ਬੀਬੀ ਖੀਵੀ ਜੀ ਪੂਰੀ ਤਰ੍ਹਾਂ ਜਾਣੂ ਸਨ ਅਤੇ ਉਹ ਆਪ ਵੀ ਉਨ੍ਹਾਂ ਨਾਲ ਪੂਰੀ ਤਰ੍ਹਾਂ ਸਹਿਮਤ ਸਨ। ਅੰਤ ਉਹ ਸੁਭਾਗਾ ਦਿਹਾੜਾ ਵੀ ਆ ਗਿਆ ਜਦੋਂ ਭਾਈ ਲਹਿਣਾ ਜੀ, ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਜਾਣਕਾਰੀ ਪ੍ਰਾਪਤ ਕਰਕੇ ਕਰਤਾਰਪੁਰ ਚਲੇ ਗਏ। ਬਸ ਫਿਰ ਕੀ ਸੀ, ਪਹਿਲੀ ਮੁਲਾਕਾਤ ਵਿੱਚ ਹੀ ਭਾਈ ਲਹਿਣਾ ਜੀ ਨੂੰ ਆਪਣੀ ਮਨ ਬਾਂਛਤ ਵਸਤੂ, ਸੱਚ, ਸੰਤੋਖ, ਆਤਮਿਕ ਤ੍ਰਿਪਤੀ ਅਤੇ ਸ਼ਾਂਤੀ ਦੀ ਪ੍ਰਾਪਤੀ ਹੋ ਗਈ ਅਤੇ ਉਹ ਨਿਹਾਲ ਹੋ ਗਏ। ਹੁਣ ਤੋਂ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਹੀ ਹੋ ਕੇ ਰਹਿ ਗਏ ਅਤੇ 7 ਸਾਲ ਗੁਰੂ ਜੀ ਦੀ ਸੰਗਤ ਕੀਤੀ।
ਪੂਰਬ ਕਰਮ ਅੰਕੁਰ ਜਬ ਪ੍ਰਗਟੇ ਭੇਟਿਓ ਪੁਰਖੁ ਰਸਿਕ ਬੈਰਾਗੀ॥ ਭਾਵ: ਇਸੇ ਜੀਵਨ ਦੇ ਪਹਿਲਾਂ ਬੀਤ ਚੁਕੇ ਸਮੇਂ ਵਿੱਚ ਕੀਤੇ ਕੰਮਾ ਕਾਰਾਂ ਅਤੇ ਉਨ੍ਹਾਂ ਅਨੁਸਾਰ ਬਣੀਆਂ ਆਦਤਾਂ ਅਤੇ ਅਪਨਾਈਆਂ ਕਦਰਾਂ ਕੀਮਤਾਂ ਅਨੁਸਾਰ…
ਮਿਟਿਓ ਅੰਧੇਰੁ ਮਿਲਤ ਹਰਿ ਨਾਨਕ ਜਨਮ ਜਨਮ ਕੀ ਸੋਈ ਜਾਗੀ॥ (ਪੰਨਾ 204)
ਕਰਤਾਰ ਪੁਰ ਤੋਂ, ਕਦੇ ਕਦੇ ਭਾਈ ਲਹਿਣਾ ਜੀ ਖਡੂਰ ਵਾਪਸ ਜਾਂਦੇ ਅਤੇ ਆਪਣੇ ਪਰਿਵਾਰ ਦੀ ਜਾਣਕਾਰੀ ਲੈਂਦੇ। ਇਸੇ ਤਰਾਂ, ਮਾਤਾ ਖੀਵੀ ਜੀ ਵੀ ਕਈ ਵਾਰ, ਭਾਈ ਲਹਿਣਾ ਜੀ ਨੂੰ ਮਿਲਨ ਲਈ ਕਰਤਾਰ ਪੁਰ ਜਾਂਦੇ ਅਤੇ ਗੁਰੂ ਨਾਨਕ ਦੇ ਦਰਬਾਰ ਵਿੱਚ ਜਾਕੇ ਗੁਰੂ ਜੀ ਦੇ ਵਿਚਾਰ ਅਤੇ ਪ੍ਰਚਾਰ ਨੂੰ ਸੁਣਦੇ, ਸਮਝਦੇ ਅਤੇ ਬੜੇ ਉਤਸ਼ਾਹਤ ਹੁੰਦੇ। ਇਥੇ ਮਾਤਾ ਖੀਵੀ ਜੀ ਨੇ ਦੇਖਿਆ ਕਿ ਗੁਰੂ ਨਾਨਕ ਦੇਵ ਜੀ ਤੀਂਵੀ ਨੂੰ ਬਹੁਤ ਸਤਿਕਾਰ ਬਖਸ਼ਦੇ ਹਨ ਅਤੇ ਤੀਂਵੀਆਂ ਨੂੰ ਘੁੰਡ ਕੱਢਣ ਤੋਂ ਬਗੈਰ ਸੰਗਤ ਵਿੱਚ ਆਉਣ ਲਈ ਪ੍ਰਚਾਰਦੇ ਸਨ। ਤੀਂਵੀ ਜਾਤੀ ਲਈ ਘੁੰਡ ਕਢਣ ਦੇ ਬਗੈਰ ਆਉਣਾ ਇਕ ਨਵੀਂ ਰੀਤ ਸੀ। ਸਮਾਜ ਲਈ ਸਦੀਆਂ ਪੁਰਾਨੀ ਤੀਂਵੀ ਦੀ ਘੁੰਢ ਕੱਢਕੇ ਸਮਾਜ ਵਿੱਚ ਵਿਚਰਨ ਦੀ ਰੀਤ ਨੂੰ ਬਦਲਨਾ ਇਕ ਬੜੀ ਅਚੰਬੇ ਦੀ ਗਲ ਸੀ। ਇਸੇ ਤਰਾਂ ਮਾਤਾ ਖੀਵੀ ਜੀ ਨੇ ਇਹ ਵੀ ਦੇਖਿਆ ਕਿ ਗੁਰੂ ਨਾਨਕ ਦੇਵ ਜੀ ਵਲੋਂ ਸੰਗਤਾਂ ਲਈ ਲੰਗਰ ਚਲ ਰਿਹਾ ਹੈ ਜਿਥੇ ਮਰਦ ਅਤੇ ਤੀਂਵੀਆਂ ਲੰਗਰ ਵਿੱਚ ਇਕੱਠੇ ਜ਼ੁਮੇਵਾਰੀ ਨਿਭਾ ਰਹੇ ਸਨ ਅਤੇ ਸੇਵਾ ਕਰ ਰਹੇ ਸਨ।
ਗੁਰੂ ਨਾਨਕ ਦੇਵ ਜੀ ਦੇ ਇਸ ਦੁਨੀਆਂ ਵਿੱਚ ਆਉਣ ਸਮੇਂ, ਲੋਕ ਸਮਾਜਕ ਤੌਰ ‘ਤੇ ਅਖੌਤੀ ਜਾਤ-ਪਾਤ, ਊਚ ਨੀਚ, ਛੂਤ ਆਦਿ ਦੀ ਵਰਨ-ਆਸ਼ਰਮ ਵੰਡ ਕਰਕੇ ਬੁਰੀ ਤਰਾਂ ਵੰਡੇ ਹੋਏ ਸਨ। ਧਾਰਿਮਕ ਤੌਰ ‘ਤੇ, ਸ਼ੂਦਰ ਅਤੇ ਨੀਵੀਆਂ ਜਾਤੀਆਂ ਨੂੰ ਮੰਦਰਾਂ ਵਿੱਚ ਜਾਣਾ ਅਤੇ ਰੱਬ ਦੀ ਪੂਜਾ ਕਰਨੀ ਮਨ੍ਹਾਂ ਸੀ। ਉਚ ਜਾਤੀ ਅਨੁਸਾਰ, ਅਖੌਤੀ ਸ਼ੂਦਰ ਅਤੇ ਨੀਵੀਆਂ ਜਾਤੀਆਂ ਨੂੰ ਰੱਬ ਦੀ ਪੂਜਾ ਕਰਨ ਦਾ ਕੋਈ ਹਕ ਨਹੀਂ ਸੀ।
ਤੀਵੀਂ ਭਾਵੇਂ ਅਖੌਤੀ ਉੱਚੀ ਜਾਤ ਦੇ ਪਰਿਵਾਰ ਵਿੱਚੋਂ ਹੋਵੇ ਜਾਂ ਅਖੌਤੀ ਨੀਵੀਂ ਜਾਤ ਦੀ ਹੋਵੇ, ਉਹ ਮੰਦਰਾਂ ਵਿੱਚ ਨਹੀਂ ਸੀ ਜਾ ਸਕਦੀ ਅਤੇ ਰੱਬ ਦੀ ਪੂਜਾ ਨਹੀਂ ਸੀ ਕਰ ਸਕਦੀ।
ਅਮੀਰ, ਸ਼ਾਹੂਕਾਰ ਅਤੇ ਜਾਗੀਰਦਾਰ ਲੋਕ ਗਰੀਬ ਲੋਕਾਂ ਨੂੰ ਹਰ ਤਰੀਕੇ ਨਾਲ ਤੰਗ ਕਰਦੇ ਅਤੇ ਲੁਟਦੇ ਸਨ। ਰਾਜਨੀਤਕ ਤੌਰ ‘ਤੇ ਗਰੀਬ ਅਤੇ ਅਖੌਤੀ ਨੀਵੀਂ ਜਾਤ ਨੂੰ ਕੋਈ ਇਨਸਾਫ ਨਹੀਂ ਸੀ ਮਿਲਦਾ। ਸਰਕਾਰੀ ਅਫਸਰ ਵੱਡੀ ਖੋਰ ਅਤੇ ਭ੍ਰਿਸ਼ਟ ਸਨ ਜੋ ਗਰੀਬਾਂ ਅਤੇ ਅਖੌਤੀ ਨੀਵੀਂ ਜਾਤ ਦੇ ਲੋਕਾਂ ਨੂੰ ਤੰਗ ਅਤੇ ਪ੍ਰੇਸ਼ਾਨ ਕਰਦੇ ਸਨ।
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਰਬਪੱਖੀ ਇਨਕਲਾਬੀ ਲਹਿਰ ਅਰੰਭੀ ਜਿਸ ਰਾਹੀਂ ਆਪ ਨੇ ਭਾਰਤ ਅਤੇ ਖਾਸ ਕਰਕੇ ਪੰਜਾਬ ਦੀ ਹਰ ਪੱਖੋਂ ਕਾਇਆ ਕਲਪ ਕਰ ਦਿੱਤੀ। ਹਰ ਖੇਤਰ ਵਿੱਚ ਅਸਚਰਜ ਕਰਨ ਵਾਲੇ ਕਾਰਨਾਮੇ ਕੀਤੇ ਅਤੇ ਕਿਸੇ ਵੀ ਸੋਚ ਤੋਂ ਪਰ੍ਹੇ ਦੀਆਂ ਤਬਦੀਲੀਆਂ ਲਿਆਂਦੀਆਂ। ਨਤੀਜੇ ਵਜੋਂ ਸਮਾਜਿਕ ਪਖੋਂ ਧਾਰਮਿਕ ਪਖੋਂ ਰਾਜਨੀਤਿਕ ਪਖੋਂ ਸਮਾਜਕ ਮਾਨਸਿਕਤਾ ਪਖੋਂ ਅਤੇ ਆਰਥਿਕ ਖੇਤਰ ਵਿੱਚ ਇਤਿਹਾਸ ਨੇ ਇਕ ਨਵਾਂ ਮੋੜ ਲਿਆਂਦਾ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪੁਰਾਣੇ ਜਗੀਰਦਾਰੀ ਸਰਮਾਏਦਾਰੀ ਅਜਾਰੇਦਾਰੀ, ਪੂੰਜੀਪਤੀ ਸਿਸਟਮ ਨੂੰ ਅਤੇ ਕਰਮਕਾਂਡੀ ਪਾਖੰਡੀ, ਕਪਟੀ ਅਤੇ ਛਲੀ ਲੋਕਾਂ ਵਲੋਂ ਅਖੌਤੀ ਧਾਰਮਿਕ ਰਹੁਰੀਤੀਆਂ ਨੂੰ ਬਦਲਣ ਬਾਰੇ ਲੋਕਾਂ ਵਿੱਚ ਜਾਗ੍ਰਤੀ ਲਿਆਂਦੀ। ਐਸ਼ਪ੍ਰਸਤੀ ਵਿੱਚ ਗ੍ਰਸੇ ਹੋਏ ਜਗੀਰਦਾਰ ਅਤੇ ਅਖੌਤੀ ਉੱਚ ਜਾਤੀਆਂ ਦੇ ਲੋਕ, ਸਾਧਾਰਨ ਪਰਜਾ ਉਤੇ ਜ਼ੁਲਮ ਢਾਹੁਣ ਵਾਲੇ ਰਜਵਾੜੇ ਅਤੇ ਉਨ੍ਹਾਂ ਦੇ ਭ੍ਰਿਸ਼ਟ ਪ੍ਰਸ਼ਾਸਨ ਦੇ ਕਰਮਚਾਰੀ ਗਰੀਬ ਕਿਰਤੀਆਂ ਅਤੇ ਅਖੌਤੀ ਸ਼ੂਦਰਾਂ ਦੀਆਂ ਜਿੰਦਗੀਆਂ ਨਾਲ ਖਿਲਵਾੜ ਅਤੇ ਸ਼ੋਸ਼ਣ ਕਰ ਰਹੇ ਸਨ। ਸਮਾਜ ਦੇ ਠੇਕੇਦਾਰ ਤੀਵੀਂ ਜਾਤੀ ਨੂੰ ਉਸਦਾ ਬਣਦਾ ਸਨਮਾਨ ਦੇਣ ਤੋਂ ਇਨਕਾਰੀ ਸਨ। ਇਨ੍ਹਾਂ ਸਭ ਦੇ ਵਿਰੁਧ ਗੁਰੂ ਨਾਨਕ ਦੇਵ ਜੀ ਨੇ ਆਵਾਜ਼ ਉਠਾਈ ਅਤੇ ਦਸ ਜਾਮਿਆਂ ਵਿੱਚ ਇਨ੍ਹਾਂ ਸਭ ਪਹਿਲੂਆਂ ਵਿੱਚ ਸੁਧਾਰ ਲਿਆਂਦਾ। ਲੋਕ-ਮਾਰੂ, ਭਿ੍ਸ਼ਟ ਅਤੇ ਜ਼ੁਲਮੀ ਸਿਸਟਮ ਨੂੰ ਤਹਿਸ-ਨਹਿਸ ਕਰ ਕੇ “ਨਾਨਕ ਨਿਰਮਲ ਪੰਥ ਚਲਾਇਆ॥” ਅਨੁਸਾਰ ਇੱਕ ਨਵੇਂ ਸਮਾਜ ਦੀ ਨੀਂਹ ਰੱਖੀ ਜਿਸ ਰਾਹੀਂ ਹਰ ਮਨੁਖ ਨੂੰ ਬਰਾਬਰਤਾ ਅਤੇ ਸਮਾਜ ਵਿੱਚ ਪੂਰੇ ਹੱਕ ਲੈਣ ਲਈ ਜਾਗਰਤ ਅਤੇ ਉਤਸ਼ਾਹਤ ਕੀਤਾ।
ਗੁਰੂ ਜੀ ਨੇ ਸਾਰੀ ਮਨੁਖ ਜਾਤੀ ਦੀ ਹਰ ਪਖੋਂ ਪ੍ਰਫੁਲਤਾ ਦੇ ਇਸ ਸੰਘਰਸ਼ ਦੀ ਸਫਲਤਾ ਲਈ ਆਪਣਾ ਨਿੱਜੀ ਅਮਲੀ ਜੀਵਨ ਅਤੇ ਇਕ ਆਦਰਸ਼ਕ ਜੀਵਨ ਰੋਲ-ਮਾਡਲ ਦੇ ਤੌਰ ਉੱਤੇ ਸੰਸਾਰ ਸਾਹਮਣੇ ਪੇਸ਼ ਕੀਤਾ।
ਸੰਸਾਰ ਵਿੱਚ ਬਹੁਤ ਇਨਕਲਾਬ ਅਤੇ ਕ੍ਰਾਂਤੀਆਂ ਆਈਆਂ ਅਤੇ ਕਈ ਖੇਤਰਾਂ ਵਿੱਚ ਉਨ੍ਹਾਂ ਦੇ ਸਾਰਥਕ ਨਤੀਜੇ ਵੀ ਨਿਕਲੇ ਪਰੰਤੂ ਇਹ “ਸਿੱਖ ਕ੍ਰਾਂਤੀ” ਅਤੇ “ਸਿੱਖ ਇਨਕਲਾਬ” ਆਪਣੀ ਹੀ ਕਿਸਮ ਦਾ ਮੁਕੰਮਲ, ਨਿਰਾਲਾ ਅਤੇ ਨਿਵੇਕਲਾ ਸੀ ਜੋ ਸਾਰਥਕ ਸੀ।
ਇਸ ਕ੍ਰਾਂਤੀ ਵਿੱਚ ਹੋਰਨਾਂ ਪਹਿਲੂਆਂ ਦੇ ਨਾਲ-ਨਾਲ ਸਮੇਂ ਦੇ ਸਮਾਜ ਵਿੱਚ ਤੀਵੀਂ ਦੀ ਦੁਰਗਤੀ, ਅਪਮਾਨ, ਸ਼ੋਸ਼ਣ ਅਤੇ ਬੇਹੁਰਮਤੀ ਹੋ ਰਹੀ ਸੀ ਜਿਸ ਕਾਰਨ ਤੀਵੀਂ ਅਬਲਾ, ਨਿਮਾਣੀ, ਨਿਤਾਣੀ, ਪੈਰ ਦੀ ਜੁੱਤੀ ਅਤੇ ਕਲੰਕਣ ਗਰਦਾਨੀ ਗਈ ਸੀ।
ਭਾਰਤ ਵਿੱਚ ਪੱਥਰ ਦੀ ਮੂਰਤੀ ਬਣਾ ਕੇ ਦੇਵੀ ਦੀ ਪੂਜਾ ਤਾਂ ਕੀਤੀ ਜਾਂਦੀ ਸੀ ਜੋ ਅੱਜ ਵੀ ਜਾਰੀ ਹੈ ਪਰ ਹੱਡ-ਮਾਸ ਦੀ ਜਿਉਂਦੀ-ਜਾਗਦੀ ਔਰਤ ਨਾਲ ਘਿਰਣਾ ਅਤੇ ਦੁਰ-ਵਿਵਹਾਰ ਕੀਤਾ ਜਾਂਦਾ ਸੀ। ਦੇਵੀ ਦੇ ਰੂਪ ਵਿੱਚ ਨਾਰੀ ਸ਼ਕਤੀ ਨੂੰ ਪ੍ਰਵਾਨਿਆ ਤਾਂ ਜਾਂਦਾ ਸੀ ਪਰ ਉਸ ਦੀ ਜੀਵਤ ਹੋਂਦ-ਹਸਤੀ ਨੂੰ ਧਿਰਕਾਰਿਆ ਅਤੇ ਤ੍ਰਿਸਕਾਰਿਆ ਜਾਂਦਾ ਸੀ। ਇਹ ਸ਼ੋਸ਼ਨ, ਹਿੰਦੂ ਭਾਈਚਾਰੇ, ਸਿਖ ਭਾਈਚਾਰੇ ਅਤੇ ਮੁਸਲਮਾਨ ਭਾਈਚਾਰੇ ਵਿੱਚ ਅਜ ਵੀ ਜਾਰੀ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਨੇ “ਇਸਤਰੀ ਜਾਤੀ” ਦੇ ਸਨਮਾਨ, ਸਤਿਕਾਰ ਅਤੇ ਸਵੈਮਾਣ ਦੀ ਬਹਾਲੀ ਲਈ ਵੀ ਭਰਪੂਰ ਹੰਭਲਾ ਮਾਰਿਆ। ਗੁਰੂ ਨਾਨਕ ਦੇਵ ਜੀ ਨੇ ਠੋਸ ਦਲੀਲਾਂ ਦੇ ਕੇ ਔਰਤ ਨੂੰ ਜਗਤ-ਜਣਨੀ, ਸਮਾਜ ਦਾ ਧੁਰਾ ਅਤੇ ਸੰਸਾਰ ਦਾ ਕੇਂਦਰ-ਬਿੰਦੂ ਸਿੱਧ ਕੀਤਾ। ਇਹ ਸਭ ਕੁਝ ਇਸ ਲਈ ਕੀਤਾ ਤਾਂ ਜੋ ਗ੍ਰਿਹਸਤੀ ਸਮਾਜ ਦਾ ਸਹੀ ਸੰਤੁਲਨ ਕਾਇਮ ਕੀਤਾ ਜਾ ਸਕੇ, ਗ੍ਰਿਹਸਤ-ਸਮਾਜ ਖੁਸ਼ਹਾਲ ਹੋ ਸਕੇ, ਸਮਾਜ ਵਿੱਚ ਆਪਸੀ ਪਿਆਰ, ਸਤਿਕਾਰ, ਸਹਿਨਸ਼ੀਲਤਾ ਅਤੇ ਸਹਿਯੋਗ ਪੂਰੀ ਤਰ੍ਹਾਂ ਕਾਇਮ ਹੋ ਸਕੇ।
ਗੁਰਮਤਿ ਨੇ ਸੰਸਾਰ ਨੂੰ ਬਿਲਕੁਲ ਨਵਾਂ-ਨਿਰੋਆ, ਸ੍ਰੇਸ਼ਠ ਅਤੇ ਸਾਰਥਕ ਸਿਧਾਂਤ, ਸਿਸਟਮ, ਸ਼ਿਸ਼ਟਾਚਾਰ ਅਤੇ ਸਦਾਚਾਰ ਪ੍ਰਦਾਨ ਕੀਤਾ। ਇਹ ਸਹਿਹੋਂਦ ਅਤੇ ਸਹਿਨਸ਼ੀਲਤਾ ਦਾ ਸਿਧਾਂਤ ਸੀ ਜਿਸ ਦਾ ਆਧਾਰ ਕਿਰਤ ਕਰਨਾ, ਵੰਡ ਛਕਣਾ, ਸੇਵਾ, ਸਿਮਰਨ, ਪ੍ਰਭੂ ਗੁਣਾਂ ਦੇ ਧਾਰਨੀ ਬਣਨਾ, ਕਰਤੇ ਦੀ ਰਚਨਾ ਦਾ ਸਤਿਕਾਰ, ਪੰਗਤ ਅਤੇ ਸੰਗਤ ਸੀ। ਇਸ ਵਿੱਚ ਹੋਰਨਾਂ ਮਹੱਤਵਪੂਰਨ ਗਲਾਂ ਤੋਂ ਇਲਾਵਾ ਦਰਸ਼ਨ-ਇਸ਼ਨਾਨ ਦੀ ਸਾਂਝ, ਕਥਾ-ਕੀਰਤਨ ਅਤੇ ਪ੍ਰਭੂ ਗੁਣਾਂ ਅਨੁਸਾਰੀ ਜੀਵਨ ਜਿਊਣ ਦੀ ਸਾਂਝ ਅਤੇ ਬਗੈਰ ਊਚ-ਨੀਚ, ਛੂਤ, ਲਿੰਗ – ਪੁਲਿੰਗ ਦਾ ਵਿਤਕਰਾ ਰ੍ਖਣ ਦੇ ਖਾਣ-ਪੀਣ ਦੀ ਸਾਂਝ ਸਥਾਪਤ ਕੀਤੀ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਬਾਰ ਵਿੱਚ ਬੀਬੀਆਂ ਨੂੰ ਬਿਨਾਂ ਘੁੰਡ ਕੱਢੇ ਆਉਣ, ਸੇਵਾ ਕਰਨ ਅਤੇ ਗੁਰਬਾਣੀ-ਕੀਰਤਨ ਸੁਣਨ ਦੀ ਆਗਿਆ ਸੀ। ਕਰਤਾਰਪੁਰ ਦੀ ਇਹੋ ਕ੍ਰਾਂਤੀਕਾਰੀ ਰੀਤ ਮਾਤਾ ਖੀਵੀ ਜੀ ਨੇ ਖਡੂਰ ਸਾਹਿਬ ਦੀ ਧਰਤੀ ਉੱਤੇ ਪ੍ਰਚਲਤ ਕੀਤੀ। ਜਿਥੇ ਗੁਰੂ ਅੰਗਦ ਦੇਵ ਜੀ ਨੇ ਗੁ੍ਰੂ ਨਾਨਕ ਗਾਡੀ ਰਾਹ ਨੂੰ ਅਪਨਾ ਕੇ ਜਨਤਾ ਵਿੱਚ ਚੰਗੇ ਗੁਣਾਂ ਦੇ ਧਾਰਨੀ ਹੋਣ ਦੇ ਨਾਲ ਨਾਲ ਸਰੀਰਕ ਬਲ ਨੂੰ ਮੱਲ ਅਖਾੜੇ ਸਥਾਪਤ ਕਰਕੇ ਉਤਸ਼ਾਹਤ ਕੀਤਾ ਅਤੇ ਨਾਲ ਜੋੜਿਆ, ਉਥੇ ਮਾਤਾ ਖੀਵੀ ਜੀ ਨੇ ਤੀਵੀਂ ਜਾਤੀ ਨੂੰ ਬਿਨਾਂ ਘੁੰਡ ਕੱਢੇ ਆਉਣ, ਸੇਵਾ ਕਰਨ ਅਤੇ ਗੁਰਬਾਣੀ-ਕੀਰਤਨ ਸੁਣਨ ਲਈ ਉਤਸ਼ਾਹਤ ਕੀਤਾ ਜਿਸ ਕਰਕੇ, ਮਾਤਾ ਖੀਵੀ ਜੀ ਸਿੱਖ ਧਰਮ ਦੀ ਪਹਿਲੀ ਇਸਤਰੀ ਪ੍ਰਚਾਰਕ ਹੋਣ ਦਾ ਮਾਣ ਵੀ ਪ੍ਰਾਪਤ ਹੋਇਆ।
ਮਾਤਾ ਖੀਵੀ ਜੀ ਇਕ ਆਦਰਸ਼ਕ ਮਾਤਾ ਵੀ ਸੀ ਜਿਸ ਨੇ ਆਪਣੇ ਬੇਟਿਆਂ ਅਤੇ ਬੇਟੀਆਂ ਅੰਦਰ ਸੇਵਾ ਅਤੇ ਪ੍ਰਮਾਤਮਾਂ ਦੇ ਗੁਣਾਂ ਨੂੰ ਸੰਗਤ ਵਿਚੋਂ ਸਮਝਣ, ਸਿਖਣ ਅਤੇ ਆਪਣੇ ਜੀਵਨ ਵਿੱਚ ਅਪਨਾਉਣ ਲਈ ਬੁਹਤ ਪ੍ਰੇਰਤ ਕੀਤਾ। ਉਹ ਆਪਣੇ ਬੱਚਿਆਂ ਨਾਲ ਅਥਾਹ ਪਿਆਰ ਵੀ ਕਰਦੇ ਸਨ। ਮਾਤਾ ਖੀਵੀ ਜੀ ਆਪਣੀਆਂ ਬੇਟੀਆਂ ਨੂੰ ਆਪਣੇ ਪੁਤਰਾਂ ਦੀ ਤਰਾਂ ਹੀ ਪਿਆਰ ਕਰਦੇ ਸਨ। ਮਾਤਾ ਖੀਵੀ ਜੀ ਆਪਣੀਆਂ ਸਾਰੀਆਂ ਬਹੁਪੱਖੀ ਜ਼ਿੰਮੇਵਾਰੀਆਂ ਦੇ ਬਾਵਜੂਦ ਗੁਰੂ ਸਾਹਿਬ ਦੇ ਸੁਖ-ਅਰਾਮ ਦਾ ਵੀ ਪੂਰਾ ਧਿਆਨ ਰੱਖਦੇ ਸਨ। ਸੱਚਮੁੱਚ ਹੀ ਉਹ ਸਦਗੁਣਾਂ ਵਾਲੀ ਇਕ ਆਦਰਸ਼ਕ ਪਤਨੀ ਸਨ।
ਲੰਗਰ ਬਾਰੇ ਮਹਿਮਾ ਪ੍ਰਕਾਸ਼ ਦੇ ਕਰਤਾ ਬਾਵਾ ਸਰੂਪ ਦਾਸ ਭੱਲਾ:
ਸ੍ਰੀ ਗੁਰੂ ਅੰਗਦ ਦੇਵ ਜੀ ਜਿਥੇ ਆਪਣੇ ਪ੍ਰਵਚਨਾਂ ਦੁਆਰਾ ਗੁਰੂ ਦਰਬਾਰ ਵਿੱਚ ਆਉਣ ਵਾਲੇ ਜਗਿਆਸੂਆਂ ਨੂੰ ਆਤਮਕ ਗਿਆਨ ਦੇ ਭੋਜਨ ਦੁਆਰਾ ਤ੍ਰਿਪਤ ਕਰਕੇ ਉਨ੍ਹਾਂ ਦੇ ਮਨਾਂ ਦੀ ਭਟਕਣਾਂ ਨੂੰ ਦੂਰ ਕਰਦੇ ਸਨ, ਉਥੇ ਮਾਤਾ ਖੀਵੀ ਜੀ ਆਉਣ ਵਾਲੀਆਂ ਸੰਗਤਾਂ ਵਾਸਤੇ ਲੰਗਰ ਦੇ ਪ੍ਰਬੰਧ ਦੀ ਜ਼ਿੰਮੇਵਾਰੀ ਨੂੰ ਸੰਭਾਲਦੇ ਸਨ।
ਭਾਈ ਸੱਤਾ ਤੇ ਬਲਵੰਡ ਦੁਆਰਾ ਰਾਮਕਲੀ ਕੀ ਵਾਰ ਅੰਦਰ ਵਰਨਣ ਕੀਤਾ ਗਿਆ ਹੈ:
ਬਲਵੰਡ ਖੀਵੀ ਨੇਕ ਜਨ ਜਿਸੁ ਬਹੁਤੀ ਛਾਉ ਪਤ੍ਰਾਲੀ॥ ਲੰਗਰਿ ਦਉਲਤਿ ਵੰਡੀਐ ਰਸੁ ਅੰਮ੍ਰਿਤੁ ਖੀਰਿ ਘਿਆਲੀ॥ (ਪੰਨਾ 967)
ਸਹੁਰੇ-ਘਰ ਦੇ ਬਜ਼ੁਰਗ ਭਾਈ ਅਮਰਦਾਸ ਜੋ ਦੇਵੀ ਦੇ ਪੁਜਾਰੀ ਸਨ। ਜਦੋਂ ਉਹ ਗੁਰੂ ਅੰਗਦ ਦੇਵ ਜੀ ਦੇ ਦਰਬਾਰ ਵਿੱਚ ਆਏ ਤਾਂ ਉੱਥੋਂ ਦੀ ਸੋਭਾ, ਕਾਰਜ ਮਾਹੌਲ ਅਤੇ ਸਿਧਾਂਤ ਨੂੰ ਵੇਖ ਅਤੇ ਸਮਝ ਕੇ ਉੱਥੇ ਹੀ ਟਿਕ ਗਏ । ਭਾਵੇਂ ਉਹ ਰਿਸ਼ਤੇ ਵਿੱਚ ਗੁਰੂ ਅੰਗਦ ਦੇਵ ਜੀ ਦੇ ਕੁੜਮ ਸਨ ਪਰੰਤੂ ਉਨ੍ਹਾਂ ਨੇ ਜਦੋਂ ਇਹ ਵੇਖਿਆ ਕਿ ਗੁਰੂ-ਪਤਨੀ ਮਾਤਾ ਖੀਵੀ ਜੀ ਖ਼ੁਦ ਹੱਥੀਂ ਲੰਗਰ ਤਿਆਰ ਕਰ ਰਹੇ ਹਨ, ਵਰਤਾ ਰਹੇ ਹਨ ਅਤੇ ਜੂਠੇ ਬਰਤਨ ਮਾਂਜਣ ਦੀ ਸੇਵਾ ਨਿਝਿਜਕ ਹੋ ਕੇ ਪੂਰੀ ਸ਼ਰਧਾ ਨਾਲ ਕਰ ਰਹੇ ਹਨ ਤਾਂ ਉਨ੍ਹਾਂ ਨੇ ਵੀ ਲੰਗਰ ਵਿੱਚ ਬਰਤਨ ਮਾਂਜਣ ਅਤੇ ਪਾਣੀ ਲਿਆਉਣ ਦੀ ਸੇਵਾ ਅਰੰਭ ਦਿੱਤੀ। ਇਸੇ ਤਰ੍ਹਾਂ ਮਾਤਾ ਖੀਵੀ ਜੀ ਦਾ ਜੀਵਨ ਅਨੇਕਾਂ ਵਿਅਕਤੀਆਂ ਲਈ ਇਕ ਮਿਸਾਲ ਅਤੇ ਪ੍ਰੇਰਨਾ-ਸ੍ਰੋਤ ਬਣਿਆ ਅਤੇ ਲੋਕਾਂ ਅੰਦਰ ਨਿਸ਼ਕਾਮ ਸੇਵਾ ਕਰਨ ਦੀ ਭਾਵਨਾ ਜਾਗੀ।
ਜਦੋਂ ਮਾਤਾ ਖੀਵੀ ਜੀ ਨੂੰ ਪਤਾ ਲੱਗਾ ਕਿ ਉਨ੍ਹਾਂ ਦੇ ਪੁੱਤਰਾਂ, ਦਾਸੂ ਜੀ ਅਤੇ ਦਾਤੂ ਜੀ ਨੇ ਘੋੜੀ ਉੱਤੇ ਚੜ੍ਹ ਕੇ ਭਾਈ ਅਮਰਦਾਸ ਦਾ ਪਿੱਛਾ ਕੀਤਾ ਅਤੇ ਬਾਸਰਕੇ ਜਾ ਕੇ, ਉਨ੍ਹਾਂ ਨੂੰ ਘੇਰ ਲੈਣ ਦੀ ਗੱਲ ਸੁਣੀ ਤਾਂ ਮਾਤਾ ਖੀਵੀ ਜੀ ਆਪਣੇ ਦੋਹਾਂ ਪੁੱਤਰਾਂ ਨੂੰ ਨਾਲ ਲੈ ਕੇ ਉਨ੍ਹਾਂ ਪਾਸ ਗਏ ਤਾਂ ਭਾਈ ਅਮਰਦਾਸ ਨੇ ਮਾਤਾ ਖੀਵੀ ਜੀ ਨੂੰ ਬਾਸਰਕੇ ਵੇਖਕੇ ਕਿਹਾ ਕਿ ਤੁਸੀਂ ਕਿਉਂ ਖੇਚਲ ਕੀਤੀ, ਮੈਨੂੰ ਬੁਲਾ ਲੈਣਾ ਸੀ। ਨਿਮਰਤਾ ਦੇ ਪੁੰਜ ਮਾਤਾ ਖੀਵੀ ਜੀ ਨੇ ਕਿਹਾ, “ਗੁਰੂ ਨਾਨਕ ਦੇ ਘਰ ਦੀ ਦੌਲਤ ਹੀ ਗਰੀਬੀ ਹੈ, ਨਿਮਰਤਾ ਹੈ। ਮੈਂ ਦੋਵੇਂ ਬੱਚੇ ਲੈ ਕੇ ਆਈ ਹਾਂ। ਆਪ ਮਿਹਰ ਕਰੋ, ਖਿਮਾ ਕਰੋ ਅਤੇ ਭੁੱਲਣਹਾਰ ਜਾਣ ਕੇ ਅਤੇ ਆਪਣੇ ਬੱਚੇ ਸਮਝ ਕੇ ਬਖਸ਼ ਦਿਉ ਜੀ।” ਉਸ ਸਮੇਂ ਭਾਈ ਅਮਰਦਾਸ ਗੁਰੂ ਨਹੀਂ ਸਨ ਬਣੇ। ਜਦ ਭਾਈ ਅਮਰਦਾਸ ਜੀ ਨੇ ਕਿਹਾ ਕਿ ਬਖਸ਼ਣਹਾਰ ਤਾਂ ਗੁਰੂ ਅੰਗਦ ਦੇਵ ਜੀ ਹੀ ਹਨ ਤਾਂ ਮਾਤਾ ਖੀਵੀ ਜੀ ਨੇ ਕਿਹਾ, “ਮੈਨੂੰ ਪਤਾ ਹੈ ਕਿ ਇਹ ਅਪਰਾਧ ਬਖਸ਼ਣ ਯੋਗ ਨਹੀਂ। ਬੱਚਿਆਂ ਉੱਤੇ ਮਿਹਰ ਕਰ ਦਿਓ।” ਭਾਈ ਅਮਰ ਦਾਸ ਜੀ ਨੇ ਮਾਤਾ ਖੀਵੀ ਜੀ ਨੂੰ ਧੰਨ ਆਖ ਕੇ ਬੱਚਿਆਂ ਨੂੰ ਛਾਤੀ ਨਾਲ ਲਾ ਲਿਆ। ਅਜੋਕੀਆਂ ਮਾਤਾਵਾਂ ਲਈ ਇਹ ਇਕ ਬਹੁਤ ਹੀ ਸਾਰਥਕ ਅਤੇ ਉੱਤਮ ਉਪਦੇਸ਼ ਹੈ।
ਇਸ ਦਾ ਆਧਾਰ ਹੈ “ਸੇਵਾ-ਸਿਮਰਨ ਦੇ ਨਾਲ-ਨਾਲ ਸਹਿਜਤਾ, ਸਹਿਨਸ਼ੀਲਤਾ, ਸਾਂਝੀਵਾਲਤਾ, ਉਦਮ ਕਰਨਾ ਅਤੇ ਪਰਉਪਕਾਰੀ ਹੋਣਾ।” ਸਮਾਜਿਕ ਅਤੇ ਧਾਰਮਿਕ ਖੇਤਰ ਵਿੱਚ ਜਾਤ-ਪਾਤੀ ਸਿਸਟਮ ਅਤੇ ਧਰਮ ਵਿੱਚ ਊਚ-ਨੀਚ, ਜਾਤ-ਪਾਤ ਦੇ ਭੇਦ ਭਾਵ ਨੂੰ ਸਮਾਪਤ ਕਰਕੇ ਇਸ ਵਿੱਚ ਆਮ ਕਿਰਤੀ, ਅਖੌਤੀ ਸੂਦਰ ਅਤੇ ਅਛੂਤ ਸਮਝੇ ਜਾਂਦੇ ਅਖੌਤੀ ਨੀਵੇਂ ਲੋਕਾਂ ਨੂੰ ਅਤੇ ਪੈਰ ਦੀ ਜੁੱਤੀ ਸਮਝੀ ਜਾਂਦੀ ਔਰਤ ਨੂੰ ਬਰਾਬਰ ਦਾ ਸਥਾਨ, ਸਨਮਾਣ, ਸਤਿਕਾਰ ਅਤੇ ਸ੍ਰੇਸ਼ਟਤਾ ਪ੍ਰਦਾਨ ਕਰਾਉਣਾ ਅਤੇ “ਕਾਦਰ ਦੀ ਕੁਦਰਤ” ਵਿੱਚ ਬਰਾਬਰ ਦਾ ਸਾਂਝੀਵਾਲ ਬਣਾਉਣਾ ਸੀ। ਇਸ ਦਾ ਆਧਾਰ ਸਤਿਗੁਰਾਂ ਨੇ ਹੋਰਨਾਂ ਢੰਗ-ਤਰੀਕਿਆਂ ਦੇ ਨਾਲ-ਨਾਲ “ਸੰਗਤ ਅਤੇ ਪੰਗਤ” ਦੇ ਸੰਕਲਪ ਨੂੰ ਬਣਾਇਆ। ਸੰਗਤ ਵਿੱਚ ਸਭ ਇਸ ਤਰ੍ਹਾਂ ਸਿੱਖ ਗੁਰਦੁਆਰਾ ਸਾਹਿਬ ਦੀ ਸੰਸਥਾ ਨਿਆਸਰਿਆਂ ਦਾ ਆਸਰਾ, ਨਿਓਟਿਆਂ ਦੀ ਓਟ, ਲੋੜਵੰਦਾਂ ਲਈ ਲੰਗਰ, ਨਿਘਰਿਆ ਲਈ ਰੈਣ-ਬਸੇਰਾ, ਆਤਮ-ਅਭਿਲਾਖੀਆਂ ਲਈ ਸਿਮਰਨ ਦਾ ਸਥਾਨ, ਗਰੀਬਾਂ ਅਤੇ ਅਨਾਥਾਂ ਲਈ ਸਹਾਇਤਾ ਦਾ ਕੇਂਦਰ, ਮਰੀਜ਼ਾਂ, ਬੀਮਾਰਾਂ ਅਤੇ ਲਾਚਾਰਾਂ ਅਤੇ ਲੋੜਵੰਦਾਂ ਲਈ ਦਵਾ-ਦਾਰੂ (ਚਕਿਤਸਾ) ਦਾ ਪ੍ਰਬੰਧ ਆਦਿ ਬਣ ਗਿਆ। ਸੱਚਮੁਚ ਹੀ ਗੁਰਦੁਆਰਾ ਸਾਹਿਬ ਸਰਬ-ਸਾਂਝੇ ਰੱਬ ਦਾ ਸਰਬ-ਸਾਂਝਾ ਪਵਿੱਤਰ ਸਥਾਨ ਬਣ ਗਿਆ। ਇਸ ਵਿੱਚੋਂ “ਸਰਬਸਾਂਝੀ ਗੁਰਬਾਣੀ” ਅਤੇ ਗੁਰਮਤਿ ਸੰਗੀਤ ਰਾਹੀਂ ਤਪਦੇ ਹਿਰਦਿਆਂ ਨੂੰ ਠਾਰਦਾ ਬਾਣੀ ਰੂਪੀ ਅੰਮ੍ਰਿਤ ਵਰਸਾਇਆ ਹੈ। ਗੁਰਦੁਆਰਾ ਸਾਹਿਬ ਦਾ ਪਵਿੱਤਰ ਉਪਦੇਸ਼ ਸਾਰੀਆਂ ਧਾਰਮਿਕ, ਰਾਜਨੀਤਿਕ, ਸਮਾਜਿਕ, ਊਚ-ਨੀਚ, ਜਾਤ-ਪਾਤੀ, ਰਾਣਾ ਅਤੇ ਰੰਕ, ਗਰੀਬ-ਅਮੀਰ, ਪੜ੍ਹਿਆ-ਅਣਪੜ੍ਹਿਆ ਦੀਆਂ ਸਭ ਵੱਲਗਣਾਂ ਨੂੰ ਟੱਪ ਕੇ, ਸਰ ਕਰ ਕੇ, ਸਰਬ-ਲੋਕਾਈ ਲਈ ਇਕ ਸਮਾਨ ਹੋ ਗਿਆ। ਗੁਰਮਤਿ ਦੇ ਧਾਰਨੀ ਲਈ ਸਤ, ਸੰਤੋਖ, ਦਇਆ, ਖਿਮਾ ਆਦਿ ਉਸ ਦੇ ਗਹਿਣੇ ਹਨ ਜਿਨ੍ਹਾਂ ਨੂੰ ਧਾਰਨ ਕਰ ਕੇ ਉਹ ਆਦਰਸ਼ਕ ਜੀਵ ਹੋ ਜਾਂਦਾ ਹੈ। ਗੁਰ ਦਰਬਾਰ ਵਿੱਚ ਪ੍ਰਵਾਨ ਚੜ੍ਹਦਾ ਹੈ। ਇਸੇ ਕਰਕੇ ਉਨ੍ਹਾਂ ਨੇ ਲੋਕਾਈ ਸਾਹਮਣੇ ਆਪਣੇ ਆਦਰਸ਼ਕ ਜੀਵਨ ਦੁਆਰਾ “ਮਿਸਾਲੀ ਅਤੇ ਮਿਆਰੀ ਜੀਵਨ ਜੁਗਤ” ਪੇਸ਼ ਕੀਤੀ। ਇਹ ਜੀਵਨ-ਜੁਗਤ, “ਨਾਨਕ ਸਤਿਗੁਰਿ ਭੇਟਿਐ ਪੂਰੀ ਹੋਵੈ ਜੁਗਤਿ॥ ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ ਵਿਚੇ ਹੋਵੈ ਮੁਕਤਿ॥” ਉੱਤੇ ਅਧਾਰਿਤ ਹੈ।
ਇੱਕੋ ਸਮੇਂ ਇੱਕੋ ਸਥਾਨ (ਸਤਿਸੰਗਤ ਵਿਚ) ਇਕਸਾਰ ਸ਼ਬਦ ਦੀ ਦੌਲਤ ਦਾ ਲੰਗਰ ਵੰਡਿਆ ਜਾਂਦਾ ਹੈ ਅਤੇ ਸ਼ਬਦ-ਕੀਰਤਨ, ਕਥਾ, ਪਾਠ ਅਤੇ ਅਰਦਾਸ ਕੋਈ ਵੀ ਕਰ ਸਕਦਾ ਹੈ। ਇਸ ਉੱਤੇ ਕਿਸੇ ਵਿਅਕਤੀ ਵਿਸ਼ੇਸ਼ ਜਾਂ ਵਿਸ਼ੇਸ਼ ਜਾਤੀ ਦਾ ਅਧਿਕਾਰ ਨਹੀਂ ਹੈ। ਇੱਥੇ ਤਾਂ ” ਸਤਸੰਗਤਿ ਕੈਸੀ ਜਾਣੀਐ॥ ਜਿਥੈ ਏਕੋ ਨਾਮੁ ਵਖਾਣੀਐ॥” ਹੀ ਹੈ। ਇੱਥੇ ਤਾਂ ਜੀਵਨ ਦੇ ਹਰਿ ਪਹਿਲੂ ਵਿੱਚ ਸੱਚ ਦਾ ਹੀ ਵਰਤਾਰਾ ਹੈ। ਖਾਣ, ਪੀਣ, ਪਹਿਨਣ, ਉਠਣ, ਬੈਠਣ, ਸੋਚਣ ਆਦਿ, ਭਾਵ ਹਰ ਸਮੇਂ ਸੱਚ ਨੂੰ ਹੀ ਪਰਨਾਏ ਰਹਿਣਾ ਹੈ।
ਜਿਥੇ ਗੁਰੂ ਅੰਗਦ ਦੇਵ ਜੀ, ਸੰਗਤ ਦਾ ਦਰਬਾਰ ਲਾਉਂਦੇ, ਬੱਚਿਆਂ ਅਤੇ ਵਡਿਆਂ ਨੂੰ ਗੁਰਮੁਖੀ ਲਿਪੀ ਵਿੱਚ ਕਿਤਾਬਾਂ ਲਿਖ ਕੇ ਦੇਂਦੇ ਅਤੇ ਪੰਜਾਬੀ ਪੜ੍ਹਨੀ ਸਿਖਾਂਦੇ, ਸਰੀਰਕ ਬਲਵਾਨਤਾ ਲਈ ਮੱਲ ਅਖਾੜੇ ਲਾਉਂਦੇ, ਉਥੇ ਮਾਤਾ ਖੀਵੀ ਜੀ ਸੰਗਤ ਨੂੰ ਨਾਲ ਲੈਕੇ ਲੰਗਰ ਦੀ ਸੇਵਾ ਵਿੱਚ ਰੁੱਝੇ ਰਹਿੰਦੇ। ਇਸ ਤਰਾਂ ਸੰਗਤ ਵਿੱਚ ਤੀਂਵੀ ਦਾ ਮਾਨ, ਸਨਮਾਨ ਅਤੇ ਬਰਾਬਰਤਾ ਲਈ ਅਤੇ ਗੁਰਬਾਣੀ ਦੇ ਪ੍ਰਚਾਰ ਨੂੰ ਬੜਾ ਬੱਲ ਬਖਸ਼ਿਆ।
ਸਮਾਜ ਦੀ ਉਚਾਈ ਮਾਪਣ ਦਾ ਸਹੀ ਪੈਮਾਨਾ ਇਸਤਰੀ ਨੂੰ ਦਿੱਤਾ ਜਾਂਦਾ ਦਰਜਾ ਹੈ।ਬਹੁਤ ਸਾਰੇ ਧਰਮਾਂ ਵਿਚ ਇਸਤਰੀਆਂ ਨਾਲ ਵਿਤਕਰੇ ਕੀਤੇ ਜਾਂਦੇ ਰਹੇ ਹਨ। ਉਨ੍ਹਾਂ ਨੂੰ ਹਮੇਸ਼ਾ ਆਪਣੀ ਗੋਲੀ,ਪੈਰ ਦੀ ਜੁੱਤੀ ਸਮਝ ਕੇ ਰੱਖਿਆ ਜਾਂਦਾ ਰਿਹਾ ਹੈ।ਪਰੰਤੂ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਸਾਹਿਬ ਜੀ ਨੇ ਇਸਤਰੀਆਂ ਨੂੰ ਮਰਦਾਂ ਬਰਾਬਰ ਸਤਿਕਾਰ ਦਿੱਤਾ ਹੈ।ਸਮਾਜ ਵਿਚ ਇਸਤਰੀਆਂ ਨਾਲ ਸੰਬੰਧਤ ਅਜਿਹੀਆਂ ਪ੍ਰਥਾਵਾਂ ਦਾ ਖੰਡਨ ਕੀਤਾ ਹੈ ਜਿਹੜੀਆਂ ਕਿ ਇਸਤਰੀ ਨੂੰ ਗੁਲਾਮ ਕਰਦੀਆਂ ਰਹੀਆਂ ਹਨ। ਗੁਰੂ ਸਹਿਬਾਨ ਦੇ ਨਾਲ ਨਾਲ ਗੁਰੂ ਮਹਿਲਾਂ ਦੀ ਵੀ ਨਿਵੇਕਲੀ ਦੇਣ ਰਹੀ ਹੈ।ਗੁਰੂ ਅੰਗਦ ਸਾਹਿਬ ਜੀ ਸਮੇਂ ਉਨ੍ਹਾਂ ਦੇ ਸੁਪਤਨੀ ਮਾਤਾ ਖੀਵੀ ਜੀ ਨੇ ਬਿਨਾਂ ਕਿਸੇ ਭੇਦ ਭਾਵ,ਊਚ ਨੀਚ ਦੇ ਵਿਤਕਰੇ ਤੋਂ ਸੇਵਾ ਕੀਤੀ।ਮਾਤਾ ਖੀਵੀ ਜੀ ਅਜਿਹੇ ਪਹਿਲੇ ਸਿੱਖ ਇਸਤਰੀ ਹਨ ਜਿਨ੍ਹਾਂ ਦਾ ਜਿਕਰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਉਂਦਾ ਹੈ।
ਮਾਤਾ ਖੀਵੀ ਦਾ ਜੀ ਜਨਮ ਖਡੂਰ ਦੇ ਨੇੜੇ ਸੰਘਰ ਪਿੰਡ ਵਿਖੇ ਭਾਈ ਦੇਵੀ ਚੰਦ ਖੱਤਰੀ ਦੇ ਘਰ ਹੋਇਆ। ਦੇਵੀ ਚੰਦ ਜੀ ਇਕ ਵੱਡੇ ਹਟਵਾਣੀਏ ਤੇ ਸ਼ਾਹੂਕਾਰ ਸਨ। ਮਾਈ ਵੀਰਾਈ , ਜਿਹੜੇ ਕਿ ਚੌਧਰੀ ਤੱਖਤ ਮੱਲ, ਮੱਤੇ ਦੀ ਸਰਾਂ ਵਾਲਿਆਂ ਦੀ ਸਪੁੱਤਰੀ ਸਨ, ਨੇ ਖੀਵੀ ਜੀ ਦਾ ਰਿਸ਼ਤਾ ਭਾਈ ਲਹਿਣਾ ਜੀ ਨਾਲ ਪੱਕਾ ਕਰਾ ਦਿੱਤਾ। ਮਹਾਨਕੋਸ਼ ਦੇ ਅਨੁਸਾਰ ਮਾਤਾ ਖੀਵੀ ਜੀ ਦਾ ਵਿਆਹ ਸੰਨ 1519ਈ: ਵਿਚ ਹੋਇਆ। ਕੁਝ ਕਾਰਨਾਂ ਕਰਕੇ ਚੌਧਰੀ ਤੱਖ਼ਤ ਮੱਲ ਨੇ ਭਾਈ ਲਹਿਣਾ ਜੀ ਦੇ ਪਿਤਾ ਬਾਬਾ ਫੇਰੂ ਜੀ ਨੂੰ ਨੌਕਰੀ ਤੋਂ ਵੱਖਰਾ ਕਰ ਦਿੱਤਾ।ਭਾਈ ਦੇਵੀ ਚੰਦ ਜੀ ਬਾਬਾ ਫੇਰੂ ਤੇ ਭਾਈ ਲਹਿਣਾ ਜੀ ਨੂੰ ਸੰਘਰ ਵਿਖੇ ਹੀ ਲੈ ਆਏ। ਬਾਬਾ ਫੇਰੂ ਜੀ ਨੇ ਹਰੀਕੇ ਪੱਤਣ ਦੁਕਾਨ ਪਾ ਲਈ ।ਛੇਤੀ ਹੀ ਆਪ ਜੀ ਖਡੂਰ ਮੁੜ ਆਏ ਤੇ ਸ਼ਾਹੂਕਾਰਾ ਕਰਨ ਲੱਗੇ ਅਤੇ ਨਾਲ ਦੁਕਾਨ ਵੀ ਰੱਖੀ। 1526 ਈ: ਨੂੰ ਬਾਬਾ ਫੇਰੂ ਜੀ ਚੜਾਈ ਕਰ ਗਏ ।ਉਨ੍ਹਾਂ ਦੇ ਜਾਣ ਤੋਂ ਬਾਅਦ ਸਾਰਾ ਕੰਮ-ਕਾਜ ਭਾਈ ਲਹਿਣਾ ਜੀ ਨੇ ਸੰਭਾਲ ਲਿਆ। ਬਾਬਾ ਫੇਰੂ ਜੀ ਨਾ ਸਿਰਫ਼ ਦੇਵੀ ਭਗਤ ਸਨ, ਸਗੋਂ ਹਰ ਸਾਲ ਪਹਾੜਾਂ ਵਾਲੀ ਦੇਵੀ ਦੇ ਦਰਸ਼ਨ ਨੂੰ ਜੱਥਾ ਵੀ ਲੈ ਜਾਂਦੇ ਸਨ ਅਤੇ ਉਸ ਸੰਗ ਦੇ ਜਥੇਦਾਰ ਵੀ ਸਨ। ਪਿਤਾ ਜੀ ਚਲ੍ਹਾਣੇ ਤੋਂ ਬਾਅਦ ਜਿੱਥੇ ਘਰ ਦੀ ਜ਼ਿੰਮੇਵਾਰੀ ਉਹਨਾਂ ਉੱਤੇ ਪਈ, ਉਥੇ ਸੰਗ ਨੂੰ ਲੈ ਜਾਣ ਦੀ ਜਥੇਦਾਰੀ ਵੀ ਉਨ੍ਹਾਂ ਸਿਰ ਆਈ। ਭਾਈ ਲਹਿਣਾ ਜੀ ਕਈ ਸਾਲ ਉਸ ਜ਼ਿੰਮੇਵਾਰੀ ਨੂੰ ਨਿਭਾਉਂਦੇ ਰਹੇ। ਇਕ ਵਾਰੀ ਖਡੂਰ ਸਾਹਿਬ ਵਿਖੇ ਹੀ ਭਾਈ ਜੋਧ ਜੀ ਦੇ ਮੂੰਹੋਂ ਗੁਰੂ ਨਾਨਕ ਜੀ ਦੀ ਬਾਣੀ ਸੁਣ ਕੇ ਕਰਤਾਰਪੁਰ ਜਾਣ ਦੀ ਵਿਚਾਰ ਬਣਾਈ।ਸੰਗ ਦੇ ਸਾਥੀਆਂ ਨੂੰ ਰਾਹ ਵਿਚ ਛੱਡ ਕੇ ਕਰਤਾਰਪੁਰ ਆਏ ਤੇ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰ ਕੇ ਉਥੇ ਹੀ ਟਿਕਣ ਦਾ ਮਨ ਬਣਾ ਲਿਆ। ਭਾਈ ਦਾਸੂ ਜੀ ਤੇ ਬੀਬੀ ਅਮਰੋ ਜੀ ਦਾ ਜਨਮ ਹੋ ਚੁੱਕਿਆ ਸੀ। ਜਦੋਂ ਜੱਥਾ ਜੰਮੂ ਤੋਂ ਪਹਾੜ ਵਾਲੀ ਦੇਵੀ ਦੇ ਦਰਸ਼ਨ ਕਰ ਖਡੂਰ ਮੁੜ ਆਇਆ ਤਾਂ ਆ ਕੇ ਕਿਸੇ ਨੇ ਮਾਤਾ ਖੀਵੀ ਜੀ ਨੂੰ ਕਿਹਾ ‘ਤੇਰਾ ਪਤੀ, ਤੇਰਾ ਸਾਥ ਛੱਡ ਕੇ ਕਰਤਾਰਪੁਰ ਦਾ ਹੋ ਗਿਆ। ਠੰਢੇ ਸੁਭਾਓ ਦੀ ਮੂਰਤ ਖੀਵੀ ਅਡੋਲ ਰਹੀ।ਜਦੋਂ ਸਾਰਿਆਂ ਲਾ-ਲਾ ਕੇ ਗੱਲਾਂ ਕੀਤੀਆਂ ਤੇ ਕਿਹਾ, “ਲਹਿਣਾ` (ਜੀ) ਕਰਤਾਰਪੁਰ ਹੀ ਨਾਨਕ ਦੇ ਪਾਸ ਰਹਿ ਪਿਆ, ਸੰਗ ਨੂੰ ਜਵਾਬ ਦੇ ਦਿੱਤਾ। ਆਪ ਸਾਧ ਹੋ ਕੇ ਬੈਠ ਗਿਆ ਤੇ ਤਪੇ (ਗੁਰੂ ਨਾਨਕ ਜੀ) ਦੇ ਦੁਆਰੇ ਹੀ ਧੂਣੀ ਰਮਾ ਲਈ ਹੈ। ਮਾਤਾ ਖੀਵੀ ਜੀ ਨੇ ਸਿਰਫ਼ ਇਹ ਹੀ ਆਖਿਆ ਜਿਥੇ ਉਹ ਜਿਸ ਹਾਲ ‘ਚ ਮੈਨੂੰ ਰੱਖੇਗਾ, ਉਸ ਹਾਲ ‘ਚ ਹੀ ਰਹਾਂਗੀ।’ ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਕਰਤਾਰਪੁਰ ਤੋਂ ਘਰ ਖਡੂਰ ਦੀ ਸਾਰ ਲੈਣ ਲਈ ਭਾਈ ਲਹਿਣਾ ਜੀ ਨੂੰ ਭੇਜਿਆ ਤਾਂ ਮਾਤਾ ਖੀਵੀ ਜੀ ਨੇ ਸਾਫ਼ ਦੇਖ ਲਿਆ ਕਿ ਉਹਨਾਂ ਦਾ ਦਿਲ ਘਰ ਦੇ ਕੰਮਾਂ ਵਿਚ ਨਹੀਂ ਲੱਗਦਾ ਤੇ ਦੁਕਾਨ ਦਾ ਸਾਰਾ ਕੰਮ ਵੀ ਆਪਣੇ ਭਣੇਵੇਂ ਨੂੰ ਸੌਂਪ ਰਹੇ ਹਨ ਤੇ ਆਪ ਜੀ ਨੇ ਸਿਰਫ ਇਨ੍ਹਾਂ ਹੀ ਕਿਹਾ “ਬਾਹਰ ਨਾ ਜਾਓ, ਘਰ ਰਹਿ ਜੋਗ ਕਮਾਓ, ਜਿਵੇਂ ਤੁਸੀਂ ਆਖੋਗੇ ਮੈ ਉਸੇ ਤਰ੍ਹਾਂ ਹੀ ਤੁਰਾਂਗੀ,ਤੁਹਾਡੇ ਤਪ ਵਿੱਚ ਮੈ ਕਦੇ ਰੋੜਾ ਨਹੀਂ ਬਣਦੀ। ਉਸ ਸਮੇਂ ਭਾਈ ਲਹਿਣਾ ਜੀ ਨੇ ਕਿਹਾ ‘ਜਿਸ ਕੋਲ ਮੈਂ ਚਲਿਆ ਹਾਂ, ਉਹ ਜੋਗੀ, ਜੰਗਮ, ਸੰਨਿਆਸੀ ਸਰੇਵੜਾ ਨਹੀਂ, ਉਸ ਨੇ ਗ੍ਰਹਿਸਤ ਵਿੱਚ ਉਦਾਸੀ ਦਾ ਰਾਹ ਦਿਖਾਇਆ ਹੈ।’
ਮਾਤਾ ਜੀ ਨੇ ਕਿਸੇ ਪ੍ਰਕਾਰ ਤੋਂ ਨਾ ਰੋਕਿਆ। ਬੱਚੇ ਭਾਵੇਂ ਬਹੁਤ ਛੋਟੇ ਸਨ ਪਰ ਉਨ੍ਹਾਂ ਦਾ ਸਾਰਾ ਭਾਰ ਮਾਤਾ ਜੀ ਨੇ ਆਪਣੇ ਸਿਰ ਉੱਤੇ ਚੁੱਕ ਲਿਆ। ਉਸ ਸਮੇਂ ਮਾਤਾ ਖੀਵੀ ਜੀ ਦੀ ਇਹ ਕੁਰਬਾਨੀ ਕੋਈ ਘੱਟ ਨਹੀਂ ਸੀ।ਮਾਤਾ ਖੀਵੀ ਜੀ ਨੂੰ ਉਸ ਸਮੇਂ ਇਹ ਨਹੀਂ ਸੀ ਪਤਾ ਕਿ ‘ਦੀਨ-ਦੁਨੀ’ ਦਾ ਛਤਰ ਉਸੇ ਦੇ ਪਤੀ ਉੱਤੇ ਝੂਲਣਾ ਹੈ।ਭਾਈ ਲਹਿਣਾ ਜੀ ਨੂੰ ਗੁਰੂ ਨਾਨਕ ਜੀ ਕੋਲ ਖੁਸ਼ੀ ਨਾਲ ਭੇਜਦੇ ਸਨ। ਭਾਈ ਲਹਿਣਾ ਜੀ ਗੁਰੂ ਨਾਨਕ ਸਾਹਿਬ ਜੀ ਦੀ ਹਰ ਪ੍ਰੀਖਿਆ ਵਿਚੋਂ ਖਰੇ ਉਤਰੇ।ਗੁਰੂ ਪਦਵੀ ਸੌਂਪ ਗੁਰੂ ਨਾਨਕ ਸਾਹਿਬ ਜੀ ਨੇ ਲਹਿਣੇ ਤੋਂ ਗੁਰੂ ਅੰਗਦ ਬਣਾ ਦਿੱਤਾ।ਸ਼ਬਦ ਦੀ ਦਾਤ ਲੈ ਕੇ ਗੁਰੂ ਅੰਗਦ ਸਾਹਿਬ ਜੀ ਖਡੂਰ ਮੁੜ ਆਏ।
ਮਾਤਾ ਜੀ ਦਾ ਸੁਭਾਅ ਵੀ ਬਹੁਤ ਮਿੱਠਾ ਸੀ। ਖਡੂਰ ਸਾਹਿਬ ਪਰਿਵਾਰ ਵਿਚ ਰਹਿੰਦਿਆਂ ਕਦੇ ਕਿਸੇ ਨਾਲ ਗੁੱਸਾ ਗਿਲਾ ਨਹੀਂ ਕੀਤਾ, ਸਗੋਂ ਮਿੱਠਾ ਬੋਲ ਕੇ ਸਭ ਨੂੰ ਆਪਣੇ ਵਲ ਕਰ ਲੈਂਦੇ। ਕਿਸੇ ਦੀ ਹਿੰਮਤ ਨਾ ਹੁੰਦੀ ਕਿ ਉਨ੍ਹਾਂ ਦੇ ਸੁਭਾਅ ਅੱਗੇ ਕੋਈ ਬੋਲ ਸਕੇ। ਮਾਤਾ ਖੀਵੀ ਜੀ ਆਪਣੀ ਦੋਹਰੀ ਜ਼ਿੰਮੇਵਾਰੀ ਨੂੰ ਬੜੇ ਵਧੀਆ ਢੰਗ ਨਾਲ ਨਿਭਾ ਰਹੇ ਸਨ। ਗੁਰੂ ਅੰਗਦ ਦੇਵ ਜੀ ਨੂੰ ਭੇਟ ਕੀਤੀ ਮਾਇਆ ਆਪਣੇ ਨਿੱਜੀ ਪਰਿਵਾਰ ਨੂੰ ਕਦੇ ਵਰਤਣ ਨਾ ਦਿੱਤੀ। ਮਾਤਾ ਖੀਵੀ ਜੀ ਆਪ ਘਰੋਂ ਅਣ-ਚੋਪੜੀ ਰੋਟੀ ਪਕਾ ਕੇ ਲਿਆਉਂਦੇ ਤੇ ਪੁੱਤਰਾਂ ਨੂੰ ਆਪਣੀ ਦੁਕਾਨ ਸਾਂਭਣ ਲਈ ਕਿਹਾ ਕਰਦੇ।
ਭੇਟਾ ਨੂੰ ਨਿੱਜ ਲਈ ਵਰਤਣਾ ਗੁਰੂ ਅੰਗਦ ਦੇਵ ਜੀ ਠੀਕ ਨਹੀਂ ਸਮਝਦੇ ਸਨ।
ਜੋ ਕੁਝ ਆਉਂਦਾ, ਲੰਗਰ ਵਿਚ ਪੈਂਦਾ। ਲੰਗਰ ਵਿਚ ਖੀਰ, ਕੜਾਹ,ਸਭ ਕੁਝ ਬਣਦਾ ਪਰ ਗੁਰੂ ਅੰਗਦ ਦੇਵ ਜੀ ਉਹ ਕੁਝ ਖਾਂਦੇ, ਜੋ ਮਾਤਾ ਜੀ ਘਰੋਂ ਪਕਾ ਕੇ ਲਿਆਉਂਦੇ।
ਤਾਰੀਖ਼-ਇ-ਪੰਜਾਬ ਕ੍ਰਿਤ ਕਨ੍ਹਈਆ ਲਾਲ ਵਿਚ ਵੀ ਲਿਖਿਆ ਹੈ ਕਿ ਗੁਰੂ ਜੀ ਆਪਣੇ ਹੱਥਾਂ ਨਾਲ ਮਿਹਨਤ ਕਰਦੇ ਤੇ ਉਸ ਦੀ ਆਮਦਨੀ ਨਾਲ ਭੋਜਨ ਖਾਂਦੇ।
ਮਾਤਾ ਖੀਵੀ ਜੀ ਨੇ ਬੱਚੀਆਂ ਨੂੰ ਘਰੇ ਪਰਿਵਾਰ ਸਾਂਭਣ ਦੇ ਨਾਲ ਕੋਲ ਬਿਠਾ ਕੇ ਬਾਣੀ ਵੀ ਯਾਦ ਕਰਾਈ। ਐਸੀ ਸਿੱਖਿਆ ਦਿੱਤੀ ਕਿ ਉਨ੍ਹਾਂ ਕਦੇ ਨਾ ਵਿਸਾਰੀ ।
ਭਾਈ ਬਲਵੰਡ ਜੀ ਦੀ ਵਾਰ ਅਨੁਸਾਰ,’ ਮਾਤਾ ਖੀਵੀ ਜੀ ਆਪਣੇ ਪਤੀ ਵਾਂਗ ਬਹੁਤ ਭਲੇ ਹਨ, ਮਾਤਾ ਜੀ ਦੀ ਛਾਂ ਬਹੁਤ ਪੱਤ੍ਰਾ ਵਾਲੀ ਸੰਘਣੀ ਹੈ।ਜਿਵੇਂ ਮਾਂ ਦੀ ਠੰਢੀ ਛਾਂ ਹੈ,ਇਸੇ ਤਰ੍ਹਾਂ ਉਨ੍ਹਾਂ ਪਾਸ ਬੈਠਿਆਂ ਵੀ ਹਿਰਦੇ ਵਿਚ ਸ਼ਾਂਤੀ ਤੇ ਠੰਢ ਪੈਂਦੀ ਹੈ।
ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਛਾਉ ਪਤ੍ਰਾਲੀ।।
ਬੀਬੀ ਅਮਰੋ ਜੀ ਮਾਤਾ ਖੀਵੀ ਜੀ ਦੀ ਸਪੁੱਤਰੀ ਸੀ ,ਇਨ੍ਹਾਂ ਨੂੰ ਬਾਣੀ ਬਹੁਤ ਕੰਠ ਸੀ।ਇਨ੍ਹਾਂ ਦੇ ਨਿੱਤ ਉਠ ਬਾਣੀ ਪੜ੍ਹਨ ਕਾਰਨ ਹੀ ਭਾਈ ਅਮਰਦਾਸ ਜੀ ਦੀ ਖਿੱਚ ਗੁਰੂ ਅੰਗਦ ਸਾਹਿਬ ਨੂੰ ਮਿਲਣ ਦੀ ਹੋਈ।
ਮਨ ਨੂੰ ਅਜਿਹੀ ਚੋਟ ਲੱਗੀ ਕਿ ਬੀਬੀ ਅਮਰੋ ਜੀ ਨੂੰ ਨਾਲ ਲੈ ਕੇ ਗੁਰੂ ਅੰਗਦ ਦੇਵ ਜੀ ਦੇ ਦਰਬਾਰ ਵਿਚ ਆਏ । ਫਿਰ ਗੁਰੂ ਜੀ ਦੇ ਹੋ ਗਏ ਤੇ ਐਸੀ ਘਾਲ ਘਾਲੀ ਕਿ ‘ਪਿਉ ਦਾਦੇ ਜੇਵੇਹਾ ਪੋਤਾ ਪ੍ਰਵਾਨ ਹੋਆ’।
ਜੇਕਰ ਧਿਆਨ ਨਾਲ ਨਜ਼ਰ ਮਾਰੀਏ ਤਾਂ ਗੁਰੂ ਅਮਰਦਾਸ ਨੂੰ ਸਿੱਖੀ ਵਲ ਪ੍ਰੇਰਨ ਦਾ ਮਾਣ ਮਾਤਾ ਖੀਵੀ ਜੀ ਨੂੰ ਹੀ ਜਾਂਦਾ ਹੈ।ਮਾਂ ਦੇ ਦੁੱਧ ਅਤੇ ਗੁੜ੍ਹਤੀ ਨੇ ਇਹ ਚਮਤਕਾਰ ਦਿਖਾਇਆ, ਜਿਸ ਨੂੰ ਕਦੇ ਅੱਖਾਂ ਤੋਂ ਓਹਲੇ ਨਹੀਂ ਕੀਤਾ ਜਾ ਸਕਦਾ।
ਮਾਤਾ ਖੀਵੀ ਜੀ ਆਪਣੀ ਸੰਤਾਨ ਨੂੰ ਕਿਵੇਂ ਕੀਲ ਕੇ ਰੱਖਦੀ ਸੀ। ਇਸ ਦੀ ਇਕ ਉਦਾਹਰਣ ਉਸ ਸਮੇਂ ਦੀ ਹੈ, ਜਦੋ ਘੋੜੀ ਤੇ ਸਵਾਰ ਹੋ ਦਾਸੂ ਜੀ ਨੇ ਗੁਰੂ ਅਮਰਦਾਸ ਜੀ ਦਾ ਪਿੱਛਾ ਕੀਤਾ ਸੀ। ਮਾਤਾ ਖੀਵੀ ਨੂੰ ਜਦ ਦਾਤੂ ਜੀ ਤੇ ਦਾਸੂ ਜੀ ਵਲੋਂ ਗੁਰੂ ਅਮਰਦਾਸ ਜੀ ਨੂੰ ਬਾਸਰਕੇ ਰਾਹ ਵਿਚ ਘੇਰ ਲੈਣ ਦੀ ਖ਼ਬਰ ਮਿਲੀ ਤਾਂ ਆਪ ਜੀ ਉਸ ਸਮੇਂ ਤੁਰ ਕੇ ਗੁਰੂ ਅਮਰਦਾਸ ਜੀ ਦੇ ਪਾਸ ਗਏ ਅਤੇ ਉਨ੍ਹਾਂ ਨਿਮਰਤਾ ਵਿਚ ਭਿੱਜ ਜੋ ਸ਼ਬਦ ਆਖੇ, ਉਹ ਸ਼ਬਦ ਹਰ ਮਾਂ ਨੂੰ ਸਦਾ ਚੇਤੇ ਰੱਖਣੇ ਚਾਹੀਦੇ ਹਨ।ਇਥੇ ਇਹ ਵੀ ਯਾਦ ਰਵੇ ਕਿ ਗੁਰੂ ਅਮਰਦਾਸ ਜੀ ਉਸ ਸਮੇਂ ਅਜੇ ਗੁਰੂ ਨਹੀਂ ਸਨ ਬਣੇ । ਮਾਤਾ ਖੀਵੀ ਜੀ ਨੂੰ ਬਾਸਰਕੇ ਦੇਖ ਕੇ ਗੁਰੂ ਅਮਰਦਾਸ ਜੀ ਨੇ ਕਿਹਾ, “ਤੁਸਾਂ ਕਿਉਂ ਖੇਚਲ ਕੀਤੀ, ਮੈਨੂੰ ਬੁਲਾ ਲੈਣਾ ਸੀ” । ਮਾਤਾ ਜੀ ਨੇ ਕਿਹਾ, “ਗੁਰੂ ਨਾਨਕ ਦੇ ਘਰ ਦੀ ਦੌਲਤ ਹੀ ਗਰੀਬੀ ਹੈ, ਨਿਮਰਤਾ ਹੈ । ਮੈਂ ਦੋਵੇਂ ਬੱਚੇ ਨਾਲ ਲੈ ਕੇ ਆਈ ਹਾਂ। ਇਨ੍ਹਾਂ ਨੇ ਲੋਕਾਂ ਦੇ ਚੁੱਕ ‘ਚਆਪ ਜੀ ਦੀ ਬੇਅਦਬੀ ਕੀਤੀ ਹੈ। ਆਪ ਜੀ ਨੂੰ ਘੇਰਿਆ ਹੈ । ਆਪ ਮਿਹਰ ਕਰੋ, ਭੁੱਲਣਹਾਰ ਜਾਣ ਕੇ ਤੇ ਆਪਣੇ ਸਮਝ ਕੇ ਬਖ਼ਸ਼ ਦਿਓ ਨੇ । ਗੁਰੂ ਅਮਰਦਾਸ ਜੀ ਨੇ ਕਿਹਾ “ਬਖ਼ਸ਼ਸ਼ ਦਾਤਾ ਤਾਂ ਗੁਰੂ ਅੰਗਦ ਦੇਵ ਜੀ ਹੀ ਹਨ ਤਾਂ ਮਾਤਾ ਜੀ ਨੇ ਹੋਰ ਨਿਮਰ ਹੋ ਕੇ ਕਿਹਾ, “ਮੈਨੂੰ ਪਤਾ ਹੈ ਕਿ ਇਹ ਅਪਰਾਧ ਬਖ਼ਸ਼ਣ ਯੋਗ ਨਹੀਂ, ਮਿਹਰ ਕਰ ਦਿਓ ਨੇ । ਗੁਰੂ ਅਮਰਦਾਸ ਜੀ ਨੇ ਗੁਰੂ ਅੰਗਦ ਦੇਵ ਜੀ ਤੇ ਧੰਨ ਮਾਤਾ ਖੀਵੀ ਜੀ ਕਹਿ ਕੇ ਬੱਚਿਆਂ ਨੂੰ ਛਾਤੀ ਨਾਲ ਲਗਾ ਲਿਆ। ਫਿਰ ਜਦ ਗੁਰੂ ਅੰਗਦ ਦੇਵ ਜੀ ਨੇ ਮਾਤਾ ਖੀਵੀ ਜੀ ਨੂੰ, ਅਮਰਦਾਸ ਜੀ ਨੂੰ ਗੁਰਗੱਦੀ ਦੀ ਜ਼ਿੰਮੇਵਾਰੀ ਦੇਣ ਦੀ ਖ਼ਬਰ ਦਿੱਤੀ ਤਾਂ ਆਪ ਜੀ ਨੇ ਖੁਸ਼ੀ ਮਨਾਈ।ਗੁਰੂ ਅੰਗਦ ਦੇਵ ਜੀ ਨੇ ਕਿਹਾ, “ਸਾਨੂੰ ਪਤਾ ਹੈ ਕਿ ਤੁਸੀਂ ਰਜ਼ਾ ਵਿਚ ਰਾਜ਼ੀ ਹੋ । ਪੁੱਤਰਾਂ ਦੀ ਗੱਲ ਵੀਚਾਰੋ । ਮਾਤਾ ਜੀ ਨੇ ਪੁੱਤਰਾਂ ਦੇ ਸੰਬੰਧ ਵਿਚ ਕਿਹਾ, “ਪੁੱਤਰ ਪੁੱਤਰਪੁਣੇ ਵਿਚ ਹਨ, ਤੁਸੀਂ ਹੀ ਮਿਹਰ ਕਰੋ । ਮਾਤਾ ਜੀ ਦੋਵੇ ਪੁੱਤਰਾਂ ਨੂੰ ਬਹੁਤ ਸਮਝਾਉਂਦੇ ਰਹੇ । ਬੜੇ ਮਿੱਠੇ ਢੰਗ ਨਾਲ ਕਹਿੰਦੇ ਕਿ ਇਹ ਮੇਰੀ ਜਾਂ ਤੇਰੀ ਸਿਫ਼ਾਰਸ਼ ਦੀ ਗੱਲ ਨਹੀਂ, ਕਿਸੇ ਦੇ ਹੱਥ ਕੁਝ ਨਹੀਂ, ਸਭ ਕੁਝ ਕਰਤਾਰ ਦੇ ਅਧੀਨ ਹੈ।
ਕਹਿ ਕਾਹੂ ਕੇ ਕਰ ਬਿਥੈ, ਸਭ ਕਰਤਾਰ ਅਧੀਨੈ ॥
ਭਾਈ ਕੇਸਰ ਸਿੰਘ ਨੇ ਬੰਸਾਵਲੀਨਾਮਾ ਵਿਚ ਲਿਖਿਆ ਹੈ ਕਿ
ਮਾਤਾ ਜੀ ਸਮਝਾਉਂਦੇ ਕਿ , ‘ਪੰਡ ਭਾਰੀ ਹੈ, ਤੁਸਾਂ ਤੇ ਚੁਕੀ ਨਾ ਜਾਸੀ । ਇਹ ਚੁਕੇਗਾ ਸਾਰੀ ।ਛੇ ਮਹੀਨੇ ਤੱਕ ਮਾਤਾ ਜੀ ਸਮਝਾਉਂਦੇ ਰਹੇ।
ਦੋਵੇਂ ਪੁੱਤਰਾਂ ਚੋਂ ਗੱਦੀ ਕਿਸ ਨੂੰ ਨਾ ਮਿਲਣ ਦਾ ਰੋਸ ਹੋਇਆ।ਦਾਸੂ ਜੀ ਗੁਰਗੱਦੀ ਜਾ ਬੈਠੇ । ਉਨ੍ਹਾਂ ਦਾ ਸਿਰ ਫਿਰ ਗਿਆ।
ਇਸੇ ਤਰ੍ਹਾਂ ਜਦੋਂ ਭਰੇ ਦਰਬਾਰ ਵਿਚ ਦਾਤੂ ਜੀ ਨੇ ਗੁਰੂ ਅਮਰਦਾਸ ਜੀ ਨੂੰ ਲੱਤ ਮਾਰੀ ਤਾਂ ਗੁਰੂ ਪਾਤਸ਼ਾਹ ਨੇ ਉਸ ਦੇ ਪੈਰ ਪਕੜ ਲਏ ਤੇ ਕਿਹਾ ” ਤੁਹਾਡੇ ਚਰਨ ਕੋਮਲ ਤੇ ਮੇਰੇ ਹੱਡ ਕਰੜੇ’ ਹਨ ਇਹ ਆਖ ਕੇ ਆਪ ਜੀ ਨੇ ਖਿਮਾ ਦੀ ਹੱਦ ਦੱਸੀ। ਅਹੰਕਾਰੀ ਦਾਤੂ ਦਾ ਪੈਰ ਪੀੜਾ ਨਾਲ ਐਸਾ ਵਿਗੜਿਆ ਕਿ ਪਿਛੋਂ ਗੁਰੂ ਅਰਜਨ ਜੀ ਦੀ ਚਰਨ-ਛੁਹ ਨਾਲ ਹੀ ਠੀਕ ਹੋ ਸਕਿਆ।
ਪੈਰ ਵਿਚ ਪੀੜ ਉਠਣ ’ਤੇ ਵੀ ਮਾਂ ਦਾ ਹਿਰਦਾ ਪਿਘਲਿਆ ਨਹੀਂ।ਉਨ੍ਹਾਂ ਦਾਤੂ ਦਾ ਸਾਥ ਨਾ ਦਿੱਤਾ । ਉਹ ਮਨਮੁਖ ਦਾ ਸਾਥ ਕਿਵੇਂ ਦੇ ਸਕਦੇ ਸਨ।
ਗੁਰੂ ਅੰਗਦ ਦੇਵ ਜੀ ਦੇ ਜੋਤੀ ਜੋਤਿ ਸਮਾਉਣ ਤੋਂ ਬਾਅਦ ਵੀ ਮਾਤਾ ਜੀ ਲੰਗਰ ਦੀ ਸੇਵਾ ਕਰਦੇ ਰਹੇ । ਖਡੂਰ ਸਾਹਿਬ ਉਸੇ ਤਰ੍ਹਾਂ ਲੰਗਰ ਜਾਰੀ ਰਹਿਆ । ਗੁਰੂ ਅਮਰਦਾਸ ਜੀ ਵੇਲੇ ਲੰਗਰ ਵਿਚ ਨਿੱਤ ਘਿਉ ,ਮੈਦਾ ਪੱਕਦਾ ਤੇ ਰਬਾਬੀ ਸੱਤਾ ਜੀ ਨੇ ਫਿਰ ‘”ਨਿਤ ਰਸੋਈ ਤੇਰੀਐ, ਘਿਉ ਮੈਦਾ ਖਾਣੂ” ਦੀ ਧੁਨੀ ਉਠਾਈ ।
ਭਾਵੇਂ ਮਾਤਾ ਜੀ ਕਾਫ਼ੀ ਬਿਰਧ ਹੋ ਗਏ ਸਨ ਪਰ ਲੰਗਰ ਦੀ ਨਿਗਰਾਨੀ ਪੂਰੀ ਤਰ੍ਹਾਂ ਕਰਦੇ । ਜਦੋ ਅੰਮ੍ਰਿਤਸਰ ਵੱਸਿਆ ਤਾਂ ਆਪ ਜੀ ਕੁਝ ਚਿਰ ਉੱਥੇ ਵੀ ਆ ਕੇ ਸੇਵਾ ਕਰਦੇ ਰਹੇ । ਸੰਨ 1582 ਵਿਚ ਆਪ ਜੀ ਖਡੂਰ ਸਾਹਿਬ ਹੀ ਅਕਾਲ ਚਲਾਣਾ ਕਰ ਗਏ ਅਤੇ ਗੁਰੂ ਅਰਜਨ ਦੇਵ ਜੀ ਨੇ ਆਪ ਆ ਕੇ ਹੱਥੀਂ ਸਸਕਾਰ ਕੀਤਾ।
ਮਾਤਾ ਖੀਵੀ ਜੀ ਨੇ ਜੋ ਸੇਵਾ ਦੀ ਰੀਤ ਚਲਾਈ, ਉਹ ਹੁਣ ਤੱਕ ਚੱਲਦੀ ਆ ਰਹੀ ਹੈ । ਜੇ ਪਹਿਲੀ ਸਿੱਖ ਬੇਬੇ ਨਾਨਕੀ ਸੀ ਤਾਂ ਪਹਿਲੀ ਸੇਵਿਕਾ ਮਾਤਾ ਖੀਵੀ ਜੀ ਸਨ।
ਜੋਰਾਵਰ ਸਿੰਘ ਤਰਸਿੱਕਾ ।

धनासरी महला ५ ॥ पानी पखा पीसउ संत आगै गुण गोविंद जसु गाई ॥ सासि सासि मनु नामु सम्हारै इहु बिस्राम निधि पाई ॥१॥ तुम्ह करहु दइआ मेरे साई ॥ ऐसी मति दीजै मेरे ठाकुर सदा सदा तुधु धिआई ॥१॥ रहाउ ॥ तुम्हरी क्रिपा ते मोहु मानु छूटै बिनसि जाइ भरमाई ॥ अनद रूपु रविओ सभ मधे जत कत पेखउ जाई ॥२॥ तुम्ह दइआल किरपाल क्रिपा निधि पतित पावन गोसाई ॥ कोटि सूख आनंद राज पाए मुख ते निमख बुलाई ॥३॥ जाप ताप भगति सा पूरी जो प्रभ कै मनि भाई ॥ नामु जपत त्रिसना सभ बुझी है नानक त्रिपति अघाई ॥४॥१०॥

अर्थ: (हे प्रभु! कृपा कर) मैं (तेरे) संतों की सेवा में (रह के, उनके लिए) पानी (ढोता रहूँ, उनको) पंखा (झलता रहूँ, उनके लिए आटा) पीसता रहूँ, और, हे गोबिंद! तेरी सिफत सलाह तेरे सुन गाता रहूँ। मेरे मन प्रतेक साँस के साथ (तेरा) नाम याद करता रहे, मैं तेरा यह नाम प्राप्त कर लूँ जो सुख शांति का खज़ाना है ॥१॥ हे मेरे खसम-प्रभु! (मेरे ऊपर) दया कर। हे मेरे ठाकुर! मुझे ऐसी अक्ल दो कि मैं सदा ही तेरा नाम सिमरता रहूँ ॥१॥ रहाउ ॥ हे प्रभु! तेरी कृपा से (मेरे अंदर से) माया का मोह ख़त्म हो जाए, अहंकार दूर हो जाए, मेरी भटकना का नास हो जाए, मैं जहाँ जहाँ जा के देखूँ सब में मुझे तूँ आनंद-सरूप ही वसता दिखे ॥२॥ हे धरती के खसम! तूँ दयाल हैं, कृपाल हैं, तूँ दया का खज़ाना हैं, तूँ विकारियों को पवित्र करने वाले हैं। जब मैं आँख झमकण जितने समय के लिए मुँहों तेरा नाम उचारता हूँ, मुझे इस तरह जापता है कि मैं राज-भाग के करोड़ों सुख आनन्द प्रापत कर लिए हैं ॥३॥ वही जाप ताप वही भगती पूरन मानों, जो परमात्मा के मन में पसंद आती है। हे नानक जी! परमात्मा का नाम जपिया सारी त्रिसना खत्म हो जाती है, (माया वाले पदार्थों से) पूरन तौर से संतुस्टी हो जाती है ॥४॥१०

ਅੰਗ : 673

ਧਨਾਸਰੀ ਮਹਲਾ ੫ ॥ ਪਾਨੀ ਪਖਾ ਪੀਸਉ ਸੰਤ ਆਗੈ ਗੁਣ ਗੋਵਿੰਦ ਜਸੁ ਗਾਈ ॥ ਸਾਸਿ ਸਾਸਿ ਮਨੁ ਨਾਮੁ ਸਮ੍ਹ੍ਹਾਰੈ ਇਹੁ ਬਿਸ੍ਰਾਮ ਨਿਧਿ ਪਾਈ ॥੧॥ ਤੁਮ੍ਹ੍ਹ ਕਰਹੁ ਦਇਆ ਮੇਰੇ ਸਾਈ ॥ ਐਸੀ ਮਤਿ ਦੀਜੈ ਮੇਰੇ ਠਾਕੁਰ ਸਦਾ ਸਦਾ ਤੁਧੁ ਧਿਆਈ ॥੧॥ ਰਹਾਉ ॥ ਤੁਮ੍ਹ੍ਹਰੀ ਕ੍ਰਿਪਾ ਤੇ ਮੋਹੁ ਮਾਨੁ ਛੂਟੈ ਬਿਨਸਿ ਜਾਇ ਭਰਮਾਈ ॥ ਅਨਦ ਰੂਪੁ ਰਵਿਓ ਸਭ ਮਧੇ ਜਤ ਕਤ ਪੇਖਉ ਜਾਈ ॥੨॥ ਤੁਮ੍ਹ੍ਹ ਦਇਆਲ ਕਿਰਪਾਲ ਕ੍ਰਿਪਾ ਨਿਧਿ ਪਤਿਤ ਪਾਵਨ ਗੋਸਾਈ ॥ ਕੋਟਿ ਸੂਖ ਆਨੰਦ ਰਾਜ ਪਾਏ ਮੁਖ ਤੇ ਨਿਮਖ ਬੁਲਾਈ ॥੩॥ ਜਾਪ ਤਾਪ ਭਗਤਿ ਸਾ ਪੂਰੀ ਜੋ ਪ੍ਰਭ ਕੈ ਮਨਿ ਭਾਈ ॥ ਨਾਮੁ ਜਪਤ ਤ੍ਰਿਸਨਾ ਸਭ ਬੁਝੀ ਹੈ ਨਾਨਕ ਤ੍ਰਿਪਤਿ ਅਘਾਈ ॥੪॥੧੦॥

ਅਰਥ: (ਹੇ ਪ੍ਰਭੂ! ਮੇਹਰ ਕਰ) ਮੈਂ (ਤੇਰੇ) ਸੰਤਾਂ ਦੀ ਸੇਵਾ ਵਿਚ (ਰਹਿ ਕੇ, ਉਹਨਾਂ ਵਾਸਤੇ) ਪਾਣੀ (ਢੋਂਦਾ ਰਹਾਂ, ਉਹਨਾਂ ਨੂੰ) ਪੱਖਾ (ਝੱਲਦਾ ਰਹਾਂ, ਉਹਨਾਂ ਵਾਸਤੇ ਆਟਾ) ਪੀਂਹਦਾ ਰਹਾਂ, ਤੇ, ਹੇ ਗੋਬਿੰਦ! ਤੇਰੀ ਸਿਫ਼ਤ-ਸਾਲਾਹ ਤੇਰੇ ਗੁਣ ਗਾਂਦਾ ਰਹਾਂ। ਮੇਰਾ ਮਨ ਹਰੇਕ ਸਾਹ ਦੇ ਨਾਲ (ਤੇਰਾ) ਨਾਮ ਚੇਤੇ ਕਰਦਾ ਰਹੇ, ਮੈਂ ਤੇਰਾ ਇਹ ਨਾਮ ਪ੍ਰਾਪਤ ਕਰ ਲਵਾਂ ਜੋ ਸੁਖ ਸ਼ਾਂਤੀ ਦਾ ਖ਼ਜ਼ਾਨਾ ਹੈ ॥੧॥ ਹੇ ਮੇਰੇ ਖਸਮ-ਪ੍ਰਭੂ! (ਮੇਰੇ ਉੱਤੇ) ਦਇਆ ਕਰ। ਹੇ ਮੇਰੇ ਠਾਕੁਰ! ਮੈਨੂੰ ਇਹੋ ਜਿਹੀ ਅਕਲ ਬਖ਼ਸ਼ ਕਿ ਮੈਂ ਸਦਾ ਹੀ ਤੇਰਾ ਨਾਮ ਸਿਮਰਦਾ ਰਹਾਂ ॥੧॥ ਰਹਾਉ ॥ ਹੇ ਪ੍ਰਭੂ! ਤੇਰੀ ਕਿਰਪਾ ਨਾਲ (ਮੇਰਾ ਅੰਦਰੋਂ) ਮਾਇਆ ਦਾ ਮੋਹ ਮੁੱਕ ਜਾਏ, ਅਹੰਕਾਰ ਦੂਰ ਹੋ ਜਾਏ, ਮੇਰੀ ਭਟਕਣਾ ਦਾ ਨਾਸ ਹੋ ਜਾਏ, ਮੈਂ ਜਿੱਥੇ ਕਿੱਥੇ ਜਾ ਕੇ ਵੇਖਾਂ, ਸਭਨਾਂ ਵਿਚ ਮੈਨੂੰ ਤੂੰ ਆਨੰਦ-ਸਰੂਪ ਹੀ ਵੱਸਦਾ ਦਿੱਸੇਂ ॥੨॥ ਹੇ ਧਰਤੀ ਦੇ ਖਸਮ! ਤੂੰ ਦਇਆਲ ਹੈਂ, ਕਿਰਪਾਲ ਹੈਂ, ਤੂੰ ਦਇਆ ਦਾ ਖ਼ਜ਼ਾਨਾ ਹੈਂ, ਤੂੰ ਵਿਕਾਰੀਆਂ ਨੂੰ ਪਵਿੱਤ੍ਰ ਕਰਨ ਵਾਲਾ ਹੈਂ। ਜਦੋਂ ਮੈਂ ਅੱਖ ਝਮਕਣ ਜਿਤਨੇ ਸਮੇ ਲਈ ਭੀ ਮੂੰਹੋਂ ਤੇਰਾ ਨਾਮ ਉਚਾਰਦਾ ਹਾਂ, ਮੈਨੂੰ ਇਉਂ ਜਾਪਦਾ ਹੈ ਕਿ ਮੈਂ ਰਾਜ-ਭਾਗ ਦੇ ਕ੍ਰੋੜਾਂ ਸੁਖ ਆਨੰਦ ਮਾਣ ਲਏ ਹਨ ॥੩॥ ਉਹੀ ਜਾਪ ਤਾਪ ਉਹੀ ਭਗਤੀ ਸਿਰੇ ਚੜ੍ਹੀ ਜਾਣੋ, ਜੇਹੜੀ ਪਰਮਾਤਮਾ ਦੇ ਮਨ ਵਿਚ ਪਸੰਦ ਆਉਂਦੀ ਹੈ। ਹੇ ਨਾਨਕ ਜੀ! ਪਰਮਾਤਮਾ ਦਾ ਨਾਮ ਜਪਿਆਂ ਸਾਰੀ ਤ੍ਰਿਸ਼ਨਾ ਮੁੱਕ ਜਾਂਦੀ ਹੈ, (ਮਾਇਕ ਪਦਾਰਥਾਂ ਵਲੋਂ) ਪੂਰੇ ਤੌਰ ਤੇ ਰੱਜ ਜਾਈਦਾ ਹੈ ॥੪॥੧੦॥

ਲਾਹੌਰ ਵਿੱਚ ਖ਼ਾਲਸੇ ਦਾ ਆਖਰੀ ਦਰਬਾਰ
29 ਮਾਰਚ 1849
29 ਮਾਰਚ ਨੂੰ ਲਾਹੌਰ ਵਿੱਚ ਸਵੇਰੇ 7 ਵਜੇ ਦਰਬਾਰ ਲੱਗਾ। ਸ਼ੇਰੇ ਪੰਜਾਬ ਦਾ ਸਭ ਤੋਂ ਛੋਟਾ ਪੁੱਤਰ ਮਹਾਰਾਜਾ ਦਲੀਪ ਸਿੰਘ ਆਖ਼ਰੀ ਵਾਰ ਲਾਹੌਰ ਦੇ ਤਖ਼ਤ ਉੱਤੇ ਬੈਠਾ। ਅਜ ਦਰਬਾਰ ਵਿਚ ਜੋ ਸਿੱਖ ਸਰਦਾਰ ਬੈਠੇ ਸਨ , ਉਨ੍ਹਾਂ ਦੇ ਕੱਪੜੇ ਬਿਲਕੁਲ ਸਾਧਾਰਨ ਸਨ। ਕਿਸੇ ਦੇ ਕੋਲ ਕੋਈ ਸ਼ਸਤਰ ਨਹੀਂ ਸੀ। ਵੇਖ ਕੇ ਲੱਗਦਾ ਹੀ ਨਹੀਂ ਸੀ ਕਿ ਇਹ ਦਰਬਾਰ ਖ਼ਾਲਸੇ ਦਾ ਹੈ।
ਕੁਝ ਸਮੇਂ ਦੇ ਬਾਅਦ ਅੰਗਰੇਜ਼ ਅਫ਼ਸਰ ਆਏ ਜਿਨ੍ਹਾਂ ਨੇ ਡਲਹੌਜ਼ੀ ਦੇ ਵੱਲੋਂ ਲਿਆਂਦਾ ਹੋਇਆ ਇਕ ਲੰਬਾ ਚੌੜਾ ਪੱਤਰ ਪਡ਼੍ਹਿਆ ਤੇ ਫਿਰ ਪੰਜ ਸ਼ਰਤਾਂ ਸੁਣਾਈਆਂ। ਜਿਨ੍ਹਾਂ ਦੇ ਵਿੱਚ ਅੰਗਰੇਜ਼ ਸਰਕਾਰ ਦੀ ਧੱਕੇਸ਼ਾਹੀ ਡੁੱਲ੍ਹ ਡੁੱਲ੍ਹ ਪੈਂਦੀ।
1. ਮਹਾਰਾਜਾ ਦਲੀਪ ਸਿੰਘ ਆਪਣੇ ਵੱਲੋਂ ਆਪਣੇ ਵਾਰਸਾਂ ਵੱਲੋਂ ਤੇ ਆਪਣੇ ਉਤਰ-ਅਧਿਕਾਰੀਆਂ ਵੱਲੋਂ ਸਾਰੇ ਦਾਅਵਿਆਂ ਨੂੰ ਤਿਆਗਦਾ ਹੈ।
2. ਲਾਹੌਰ ਦਰਬਾਰ ਨੇ ਜੋ ਅੰਗਰੇਜ਼ ਸਰਕਾਰ ਦਾ ਕਰਜ਼ਾ ਦੇਣਾ ਤੇ ਲੜਾਈਆਂ ਦੇ ਖ਼ਰਚੇ ਬਦਲੇ ਲਾਹੌਰ ਰਿਆਸਤ ਦੀ ਹਰ ਚੀਜ਼ ਹਰ ਜਾਇਦਾਦ ਜਿੱਥੇ ਵੀ ਹੋਵੇ ਅੰਗਰੇਜ਼ ਸਰਕਾਰ ਜ਼ਬਤ ਕਰ ਲਵੇ।
3. ਕੋਹੇਨੂਰ ਹੀਰਾ ਮਹਾਰਾਜਾ ਲਾਹੌਰ ਆਪ ਇੰਗਲੈਂਡ ਦੀ ਮਲਕਾਂ ਨੂੰ ਭੇਟਾ ਕਰੇਗਾ।
4. ਮਹਾਰਾਜਾ ਦਲੀਪ ਸਿੰਘ ਆਪਣੀ ਆਪਣੇ ਸਹਾਇਕਾਂ ਦੀ ਆਪਣੇ ਨੌਕਰਾਂ ਦੀ ਜ਼ਰੂਰਤ ਲਈ ਈਸਟ ਇੰਡੀਆ ਕੰਪਨੀ ਤੋਂ ਪੈਨਸ਼ਨ ਲਵੇਗਾ , ਜੋ ਚਾਰ ਲੱਖ ਤੋਂ ਵੱਧ ਤੇ ਪੰਜ ਲੱਖ ਤੋਂ ਘੱਟ ਹੋਵੇਗੀ , ਇਕ ਸ਼ਰਤ ਹੋਰ ਸੀ।
29 ਮਾਰਚ ਨੂੰ 11 ਕੁ ਸਾਲ ਦੇ ਮਾਸੂਮ ਬੇਸਮਝ ਮਹਾਰਾਜਾ ਦਲੀਪ ਸਿੰਘ ਕੋਲੋਂ ਇਸ ਚਿਠੀ ਉਪਰ ਸੈਨ ਕਰਵਾਏ ਤੇ ਸਦਾ ਦੇ ਲਈ ਲਾਹੌਰ ਦੇ ਤਖ਼ਤ ਤੋਂ ਲਾਹ ਦਿੱਤਾ।
ਇਸ ਤਰ੍ਹਾਂ ਖ਼ਾਲਸੇ ਦਾ ਲਾਹੌਰ ਦੇ ਵਿੱਚ ਆਖ਼ਰੀ ਦਰਬਾਰ ਲੱਗਾ। ਉਸ ਮਾਰਚ ਤੋਂ ਲੈ ਕੇ ਅੱਜ ਤਕ ਕਈ ਆਏ ਤੇ ਗਏ ਪਰ ਖਾਲਸੇ ਦਾ ਰਾਜ ਅਜੇ ਤਕ ਵਾਪਸ ਨਹੀ ਆਇਆ।
ਗੁਰੂ ਕਿਰਪਾ ਕਰੇ
ਮੇਜਰ ਸਿੰਘ

29 ਮਾਰਚ 1682 ਨੂੰ ਭਾਈ ਨੰਦ ਲਾਲ ਜੀ ਔਰੰਗਜ਼ੇਬ ਤੋ ਜਾਨ ਬਚਾ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨਾਂ ਵਿੱਚ ਆਨੰਦਪੁਰ ਸਾਹਿਬ ਪਹੁੰਚਿਆ ਸੀ । ਆਉ ਸੰਖੇਪ ਝਾਤ ਮਾਰੀਏ ਭਾਈ ਨੰਦ ਲਾਲ ਜੀ ਦੇ ਜੀਵਨ ਕਾਲ ਤੇ ਜੀ ।
ਭਾਈ ਨੰਦ ਲਾਲ ਜੀ ਗੋਯਾ (੧੬੩੩–੧੭੧੩) ਦਾ ਜਨਮ ਗ਼ਜ਼ਨੀ (ਅਫ਼ਗ਼ਾਨਿਸਤਾਨ) ਵਿਚ ਹੋਇਆ । ਉਨ੍ਹਾਂ ਦੇ ਪਿਤਾ ਛੱਜੂ ਮੱਲ ਜੀ ਸ਼ਹਿਜ਼ਾਦਾ ਦਾਰਾ ਸ਼ਿਕੋਹ ਦੇ ਮੁਨਸ਼ੀ ਅਤੇ ਬਹੁਤ ਚੰਗੇ ਵਿਦਵਾਨ ਸਨ । ਭਾਈ ਨੰਦ ਲਾਲ ਜੀ ਨੇ ਬਾਰਾਂ ਸਾਲ ਦੀ ਉਮਰੀ ਵਿਚ ਕਵਿਤਾ ਲਿਖਣੀ ਸ਼ੁਰੂ ਕੀਤੀ ਅਤੇ ਆਪਣਾ ਤਖੱਲੁਸ ‘ਗੋਯਾ’ ਰੱਖਿਆ । ਜਦੋਂ ਉਹ ਸਤਾਰਾਂ ਸਾਲ ਦੇ ਹੋਏ ਤਾਂ ਉਨ੍ਹਾਂ ਦੇ ਮਾਤਾ ਜੀ ਅਤੇ ਉਸਤੋਂ ਦੋ ਸਾਲ ਬਾਅਦ ਉਨ੍ਹਾਂ ਦੇ ਪਿਤਾ ਜੀ ਦਾ ਦੇਹਾਂਤ ਹੋ ਗਿਆ ।
ਗੁਰਮਤਿ ਦੇ ਇਤਿਹਾਸ ਵਿਚ ਭਾਈ ਨੰਦ ਲਾਲ ਜੀ ਦੀ ਖਾਸ ਜਗਹ ਹੈ । ਇਹ ਇਸਲਾਮੀ ਵਿਦਿਅਕ ਤੇ ਧਾਰਮਿਕ ਪਰੰਪਰਾਵਾਂ ਥਲੇ ਪਲੇ ਪੜੇ ਤੇ ਪ੍ਰਵਾਨ ਚੜੇ ਇਸਲਾਮੀ ਵਿਦਿਆ ਦਾ ਰੰਗ ਇਨ੍ਹਾ ਦੇ ਉਪਰ ਸਪੱਸ਼ਟ ਚੜਿਆ ਦਿਖਦਾ ਸੀ । ਇਹ ਫ਼ਾਰਸੀ ਤੇ ਅਰਬੀ ਦੇ ਬਹੁਤ ਵਡੇ ਵਿਦਵਾਨ ਸਨ ਉਹ ਕੁਰਾਨ ਸ਼ਰੀਫ਼ ਸਿਰਫ ਪੜਨਾ ਹੀ ਨਹੀਂ ਸੀ ਜਾਣਦੇ ਬਲਿਕ ਉਸਦੀ ਸਹੀ ਤਦਸੀਰ ਕਰਨ ਵਿਚ ਵਡੇ ਵਡੇ ਮੌਲਵੀਆਂ ਨੂੰ ਵੀ ਚਕਿਤ ਕਰ ਦਿੰਦੇ ਸਨ । ਜੋ ਬਾਅਦ ਵਿਚ ਔਰੰਗਜ਼ਬ ਦੇ ਦਰਬਾਰ ਵਿਚੋਂ ਉਨ੍ਹਾ ਦੇ ਭਜਣ ਦਾ ਕਾਰਣ ਬਣਿਆ ਔਰੰਗਜ਼ੇਬ ਇਸ ਨੂੰ ਮੁਸਲਮਾਨਾਂ ਦੀ ਕਤਾਰ ਵਿਚ ਖੜੇ ਹੋਏ ਵੇਖਣਾ ਚਾਹੁੰਦਾ ਸੀ ਜੋ ਨੰਦ ਲਾਲ ਨੂੰ ਮਨਜੂਰ ਨਹੀਂ ਸੀ ।
ਕਿਸੇ ਵਕ਼ਤ ਇਹ ਔਰੰਗਜ਼ੇਬ ਦੇ ਪੁਤਰ ਮੁਆਜਮ ,ਬਹਾਦੁਰ ਸ਼ਾਹ ਨੂੰ ਫਾਰਸੀ ਪੜਾਂਦਾ ਸੀ । ਇਕ ਵਾਰੀ ਫ਼ਾਰਸੀ ਦੀ ਚਿਠੀ ਦਾ ਤਜ਼ਰੁਮਾ ਕਰਣ ਲਈ ਓਹ ਔਰੰਗਜ਼ੇਬ ਦੇ ਦਰਬਾਰ ਵਿਚ ਆਇਆ ਉਸ ਨੇ ਚਿਠੀ ਦਾ ਤਜਰਮਾ ਇਤਨਾ ਸੋਹਣੇ ਢੰਗ ਨਾਲ ਕੀਤਾ ਕਿ ਔਰੰਗਜ਼ੇਬ ਨੇ ਕੰਨਾ ਨੂੰ ਹਥ ਲਗਾਏ ਦਰਬਾਰੀਆਂ ਤੋ ਇਸਦਾ ਦਾ ਨਾਂ ਪੁਛਿਆ ਜਦ ਔਰੰਗਜ਼ੇਬ ਨੂੰ ਪਤਾ ਚਲਿਆ ਕੀ ਇਹ ਹਿੰਦੂ ਹੈ ਤਾਂ ਉਸਨੇ ਦਰਬਾਰੀਆਂ ਨੂੰ ਹਿਤਾਇਤ ਦਿਤੀ ਕਿ ਜਾਂ ਤਾ ਇਸ ਨੂੰ ਦੀਨ-ਏ-ਇਸਲਾਮ ਵਿਚ ਲੈ ਆਉ ਜਾ ਇਸਦਾ ਕਤਲ ਕਰ ਦਿਉ । ਉਸ ਕੋਲੋਂ ਬਰਦਾਸ਼ਤ ਨਹੀਂ ਹੋਇਆ ਕਿ ਇਤਨਾ ਕਾਬਿਲ ਇਨਸਾਨ ਕਿਸੇ ਦੂਸਰੇ ਮਹਜਬ ਦੀ ਸ਼ਾਨ ਹੋਵੇ ਇਹ ਗਲ ਔਰੰਗਜ਼ੇਬ ਦੇ ਬੇਟੇ ਤਕ ਵੀ ਪਹੁੰਚ ਗਈ ਉਸਨੇ ਨੰਦ ਲਾਲ ਨੂੰ ਜਦ ਦਸਿਆ ਨੰਦ ਲਾਲ ਘਬਰਾ ਗਿਆ ਤੇ ਪੁਛਣ ਲਗਾ ਕੀ ਮੈਨੂੰ ਆਪਣੀ ਜਾਨ ਤੇ ਧਰਮ ਦੋਨੋ ਪਿਆਰੇ ਹਨ , ਐਸੀ ਕਿਹੜੀ ਥਾਂ ਹੈ ਜਿਥੇ ਮੈਂ ਦੋਵਾ ਨੂੰ ਬਚਾ ਸਕਾਂ । ਤਾਂ ਔਰੰਗਜ਼ੇਬ ਦੇ ਪੁਤਰ ਨੇ ਕਿਹਾ ਕੀ ਜੇ ਤੂੰ ਆਪਣੇ ਜਾਨ ਤੇ ਧਰਮ ਦੀ ਸਲਾਮਤੀ ਚਾਹੁੰਦਾ ਹੈ ਤਾਂ ਆਨੰਦਪੁਰ ਚਲਾ ਜਾ ਨੰਦ ਲਾਲ ਰਾਤੋ ਰਾਤ ਆਪਣੇ ਮੁਸਲਮਾਨ ਪ੍ਰਬੰਧਕ ਤੇ ਅਨੁਯਾਈ ਦੀ ਮਦਤ ਨਾਲ ਆਗਰੇ ਦੇ ਕਿਲੇ ਤੋਂ ਬਚ ਨਿਕਲਿਆ ਤੇ ਅਨੰਦ ਪੁਰ ਸਾਹਿਬ ਜਾ ਪੁਜਾ ।
ਗੁਰੂ ਸਾਹਿਬ ਇਸਦੀ ਵਿਦਵਤਾ ਦੇਖ ਕੇ ਬੜੇ ਖੁਸ਼ ਹੋਏ ਪਰ ਕਿਤੇ ਹੰਕਾਰ ਨਾ ਹੋ ਜਾਏ ਇਸ ਲਈ ਇਸ ਨੂੰ ਲੰਗਰ ਦੇ ਭਾਂਡੇ ਮਾਂਜਣ ਦੀ ਸੇਵਾ ਤੇ ਲਗਾ ਦਿਤਾ । ਨੰਦ ਲਾਲ ਨੂੰ ਇਹ ਸੇਵਾ ਚੰਗੀ ਨਾ ਲਗੀ ਬੜਾ ਹੈਰਾਨ ਹੋਕੇ ਸੋਚਣ ਲਗਾ ਕੀ ਇਹਨਾ ਨੂੰ ਤਾਂ ਮੈਨੂੰ ਕਵਿਤਾਂ ਜਾ ਕੁਝ ਲਿਖਿਆ ਸੁਣਾਣ ਵਾਸਤੇ ਕਹਿਣਾ ਚਾਹੀਦਾ ਸੀ , ਭਾਂਡੇ ਮਾਜਣ ਤੇ ਲਗਾ ਦਿਤਾ ਹੈ । ਖੈਰ ਹੁਕਮ ਤਾਂ ਮੰਨਨਾ ਹੀ ਪੈਣਾ ਸੀ ਭਾਡੇ ਮਾਂਜਦਿਆਂ ਮਾਂਜਦਿਆਂ ਮਨ ਦਾ ਹੰਕਾਰ ਵੀ ਹੋਲੀ ਹੋਲੀ ਸਾਫ਼ ਹੁੰਦਾ ਗਿਆ ਕੁਝ ਚਿਰ ਮਗਰੋ ਲੰਗਰ ਦੀ ਸ਼ਾਖ ਦਾ ਮੁਖੀ ਬਣਾ ਦਿਤਾ ਗਿਆ ।
ਇਕ ਦਿਨ ਗੁਰੂ ਸਾਹਿਬ ਨੇ ਲੰਗਰ ਦੇ ਪ੍ਰਬੰਧ ਦਾ ਨਰੀਖਸ਼ਣ ਕਰਨ ਦਾ ਸੋਚਿਆ , ਭੇਸ ਬਦਲ ਕੇ ਸਭ ਦੇ ਲੰਗਰ-ਖਾਨਿਆ ਵਿਚ ਗਏ ਤੇ ਕਿਹਾ ,” ਮੈਂ ਦੋ ਦਿਨ ਦਾ ਭੁਖਾ ਹਾਂ ਬੜੀ ਦੂਰੋਂ ਚਲ ਕੇ ਆਇਆ ਹਾਂ ਭੁਖ ਲਗੀ ਹੈ ਕੁਝ ਖਾਣ ਨੂੰ ਦੇ ਦਿਓ ” । ਲੰਗਰ ਦਾ ਵਕਤ ਨਹੀਂ ਸੀ ,ਹਰ ਇਕ ਮੁਖੀਏ ਨੇ ਕਹਿ ਦਿਤਾ ਕੀ ਅਜੇ ਲੰਗਰ ਦਾ ਵਕਤ ਨਹੀਂ ਹੋਇਆ , ਲੰਗਰ ਤਿਆਰ ਨਹੀਂ ਹੈ , ਕੁਝ ਚਿਰ ਬਾਅਦ ਵਿਚ ਆਣਾ ਫਿਰ ਭਾਈ ਨੰਦ ਲਾਲ ਦੇ ਲੰਗਰ ਵਿਚ ਗਏ ਤੇ ਬੋਲੇ ਮੈਂ ਬੜੀ ਦੂਰੋਂ ਚਲ ਕੇ ਆਇਆ ਹਾਂ ਥਕਿਆ ਹੋਇਆਂ ਹਾਂ ਦੋ ਦਿਨ ਤੋਂ ਕੁਝ ਖਾਧਾ ਨਹੀ, ਕੁਝ ਖਾਣ ਨੂੰ ਹੈ ਤਾਂ ਦੇ ਦਿਉ ਨੰਦ ਲਾਲ ਬੜੇ ਪਿਆਰ ਸਤਿਕਾਰ ਨਾਲ ਉਨਾ ਨੂੰ ਮੰਜੇ ਤੇ ਬਿਠਾਇਆ , ਥਕਾਨ ਉਤਾਰਨ ਲਈ ਗਰਮ ਪਾਣੀ ਨਾਲ ਉਨਾ ਦੇ ਪੈਰ ਧੋਤੇ ਤੇ ਬੋਲੇ ਤੁਸੀਂ ਥੋੜਾ ਆਰਾਮ ਕਰੋ ਮੈਂ ਹੁਣੇ ਕੁਝ , ਜੋ ਵੀ ਜਲਦੀ ਜਲਦੀ ਬਣ ਸਕਦਾ ਹੈ ਲੈਕੇ ਆਂਦਾ ਹਾਂ । ਜੋ ਕੁਝ ਬਣਿਆ ਲੈਕੇ ਆਏ ਬੜੇ ਪਿਆਰ ਸਤਕਾਰ ਨਾਲ ਖੁਆਇਆ ਗੁਰੂ ਸਾਹਿਬ ਨੇ ਆਪਣੀ ਚੇਹਰੇ ਤੋ ਚਾਦਰ ਲਾਹੀ ਤੇ ਕਹਿਣ ਲਗੇ ” ਮੈਂ ਬਹੁਤ ਖੁਸ਼ ਹਾਂ ਨੰਦ ਲਾਲ ਕੁਝ ਮੰਗ ਲੈ “ ਤਾਂ ਨੰਦ ਲਾਲ ਨੇ ਕੀ ਮੰਗਿਆ ,”ਬਸ ਆਪਣੇ ਚਰਨਾ ਵਿਚ ਥਾਂ ਦੇ ਦਿਉ ਇਸਤੋ ਵਧ ਮੈਨੂੰ ਕੁਝ ਨਹੀਂ ਚਾਹਿਦਾ ।
ਇਕ ਵਾਰੀ ਗੁਰੂ ਸਾਹਿਬ ਨੰਦ ਲਾਲ ਤੇ ਕੁਝ ਹੋਰ ਸਿਖਾਂ ਨਾਲ ਸੈਰ ਕਰਨ ਨੂੰ ਜਾ ਰਹੇ ਸੀ ਰਸਤੇ ਵਿਚੋਂ ਉਹਨਾ ਨੇ ਇਕ ਪਥਰ ਚੁਕਿਆ , ਨਦੀ ਵਿਚ ਸੁਟਿਆ ਤੇ ਸਿਖਾਂ ਤੋਂ ਪੁਛਣ ਲਗੇ ਕੀ ਇਹ ਪਥਰ ਕਿਓਂ ਡੁਬਿਆ ਹੈ ? ਸਿਖਾਂ ਨੇ ਕਿਹਾ ਕੀ ਪਥਰ ਭਾਰੀ ਹੁੰਦਾ ਹੈ ਇਸ ਲਈ ਪਾਣੀ ਵਿਚ ਡੁਬ ਗਿਆ ਹੈ, ਥੋੜੀ ਦੂਰ ਜਾਕੇ ਫਿਰ ਇਕ ਹੋਰ ਪਥਰ ਚੁਕਿਆ , ਨਦੀ ਵਿਚ ਸੁਟਿਆ , ਫਿਰ ਓਹੀ ਸਵਾਲ , ਤੀਸਰੀ ਵਾਰੀ ਫਿਰ ਪਥਰ ਸੁਟ ਕੇ ਓਹੀ ਸਵਾਲ ਪਥਰ ਡੁਬਿਆ ਕਿਓਂ ਹੈ । ਬਾਰ ਬਾਰ ਇਕੋ ਸਵਾਲ ਤੇ ਇਕ ਸਿਖ ਨੇ ਥੋੜੇ ਖਿਝ ਕੇ ਕਿਹਾ ਪਾਤਸ਼ਾਹ ਕੀ ਕਰਦੇ ਹੋ , ਪਥਰ ਚੁਕਦੇ ਹੋ , ਸੁਟਦੇ ਹੋ ਤੇ ਮੁੜ ਮੁੜ ਕੇ ਉਹੀ ਸਵਾਲ ਕਰਦੇ ਹੋ ਤੁਹਾਨੂੰ ਵੀ ਪਤਾ ਹੈ ਕੀ ਪਥਰ ਭਾਰੀ ਹੈ ਇਸ ਲਈ ਡੁਬ ਗਿਆ ਹੈ । ਚੌਥੀ ਵਾਰ ਫਿਰ ਪਥਰ ਨਦੀ ਵਿਚ ਸੁਟਿਆ ਤੇ ਸਵਾਲ ਕੀਤਾ ਨੰਦ ਲਾਲ ਪਥਰ ਡੁਬਿਆ ਕਿਓਂ ਹੈ ? ਇਸ ਵਾਰੀ ਸਿਖਾਂ ਨੂੰ ਨਹੀ ਨੰਦ ਲਾਲ ਤੋਂ ਪੁਛਦੇ ਹਨ ਨੰਦ ਲਾਲ ਚੁਪ, ਫਿਰ ਕਿਹਾ ਨੰਦ ਲਾਲ ਮੈਂ ਤੇਰੇ ਕੋਲੋਂ ਪੁਛ ਰਿਹਾਂ ਹਾਂ ਪਥਰ ਡੁਬਿਆ ਕਿਓਂ ਹੈ ਨੰਦ ਲਾਲ ਦੇ ਅਖਾਂ ਵਿਚ ਹੰਜੂ ਸੀ ,ਕਹਿਣ ਲਗਾ ,” ਪਾਤਸ਼ਾਹ , ਨਾ ਮੈਂ ਪਾਣੀ ਦੇਖਿਆ .ਨਾ ਪੱਥਰ ,ਮੈਨੂੰ ਤਾ ਬਸ ਇਤਨਾ ਪਤਾ ਹੈ ਕੀ ਜੋ ਤੇਰੇ ਹਥੋਂ ਛੁੱਟ ਗਿਆ ਓਹ ਡੁਬ ਗਿਆ । ਇਤਨੀ ਸ਼ਰਧਾ ਤੇ ਪਿਆਰ ਸੀ ਉਸਦਾ ਗੁਰੂ ਸਹਿਬ ਨਾਲ ਨੰਦ ਲਾਲ ਦਾ ਜਵਾਬ ਸੁਣ ਕੇ ਗੁਰੂ ਸਾਹਿਬ ਨੇ ਕੁਝ ਮੰਗਣ ਲਈ ਕਿਹਾ ਤਾਂ ਉਸਦਾ ਜਵਾਬ ਸੀ , ਮੈਂ ਕੀ ਮੰਗਾ ? ਤੁਹਾਡੇ ਚੇਹਰੇ ਵਿਚੋਂ ਮੈਨੂ ਸਾਰੀ ਕਾਇਨਾਤ ਦੇ ਦਰਸ਼ਨ ਹੁੰਦੇ ਹਨ ਤੇ ਕੇਸਾਂ ਵਿਚੋ ਲੋਕ ਪ੍ਰਲੋਕ ਦੇ ਇਸਤੋਂ ਵਧ ਮੈਨੂੰ ਕੀ ਚਾਹਿਦਾ ਹੈ ? ਜਦ ਗੁਰੂ ਸਾਹਿਬ ਨੇ ਫਿਰ ਵੀ ਮੰਗਣ ਲਈ ਕਿਹਾ ਤਾਂ ਨੰਦ ਲਾਲ ਨੇ ਇਕ ਬੜੀ ਖੂਬਸੂਰਤ ਗਲ ਕਹੀ ਕੀ ਬਸ ਮੇਰੀ ਇਕ ਮੰਗ ਹੈ ਕੀ ਜਦੋ ਮੈਂ ਮਰਾਂ ਤਾਂ ਮੇਰੇ ਤਨ ਦੀ ਸਵਾਹ ਤੁਹਾਡੇ ਚਰਨਾਂ ਤੋ ਸਿਵਾ ਕਿਸੀ ਹੋਰ ਦੇ ਪੈਰਾਂ ਨੂੰ ਨਾ ਲਗੇ ।
ਇਸਤੋਂ ਬਾਦ ਉਹ ਗੁਰੂ ਤੋ ਕਦੇ ਵਿਛੜਿਆ ਨਹੀ ਤਦ ਤਕ ਜਦ ਤਕ ਗੁਰੂ ਸਾਹਿਬ ਨੇ ਆਨੰਦਪੁਰ ਦਾ ਕਿਲਾ ਖਾਲੀ ਕਰਨ ਸਮੇ ਉਸ ਨੂੰ ਖੁਦ ਵਾਪਸ ਨਹੀਂ ਭੇਜਿਆ ਵਿਛੜਨ ਵੇਲੇ ਨੰਦ ਲਾਲ ਦੇ ਅਖਾਂ ਵਿਚ ਅਥਰੂ ਸਨ , ਕਹਿਣ ਲਗਾ ਕੀ ਪਾਤਸ਼ਾਹ ਮੇਰਾ ਵੀ ਦਿਲ ਕਰਦਾ ਹੈ ਕਿ ਮੈਂ ਹੋਰ ਕੁਝ ਨਹੀ ਤਾਂ ਆਪਣੇ ਪਿਆਰੇ ਦੇ ਖੇਮੇ ਦੇ ਬਾਹਰ ਖੜਾ ਹੋਕੇ ਪਹਿਰਾ ਦਿਆਂ , ਤਾਂ ਗੁਰੂ ਸਾਹਿਬ ਨੇ ਉਸਦੇ ਹਥ ਕਲਮ ਪਕੜਾ ਦਿਤੀ ਤੇ ਕਹਿਣ ਲਗੇ ” ਇਹ ਸੂਰੇ ਦੀ ਤਲਵਾਰ ਵਾਗ ਚਲੇ ਤੇਗ ਵਾਲੀਆਂ ਨੇ ਤੇਗ ਵਾਹੁਣੀ ਹੈ ਤੇ ਤੁਸੀਂ ਕਲਮ ਇਕ ਸਿਪਾਹੀ ਦੀਆਂ ਬਾਹਾਂ ਨਾਲੋ ਵਧ ਤਾਕਤ ਇਸ ਕਲਮ ਵਿਚ ਹੈ, ਇਹੀ ਨੇਕੀ, ਧਰਮ,ਸਿਮਰਨ ਤੇ ਸ਼ੁਭ ਆਚਰਣ ਸਿਖਾਵੇ ,ਇਹੀ ਤੁਹਾਡੇ ਵਾਸਤੇ ਹੁਕਮ ਹੈ । ਆਨੰਦਪੁਰ ਸਾਹਿਬ ਛਡਣ ਵੇਲੇ ਹਰ ਪਖੋਂ ਸੋਚ ਵਿਚਾਰ ਕੇ ਗੁਰੂ ਸਾਹਿਬ ਵਲੋਂ ਉਸ ਨੂੰ ਮੁਲਤਾਨ ਵਾਪਸ ਜਾਣ ਦੀ ਆਗਿਆ ਹੋਈ । ਨੰਦ ਲਾਲ ਦੀ ਕਲਮ ਵਿਚੋਂ ਨਿਕਲੀਆਂ ਗੁਰੂ ਸਹਿਬ ਬਾਰੇ ਕੁਝ ਸਤਰਾਂ :–
ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ
ਏਜਦੀ ਮਨੂੰਰ ਗੁਰੂ ਗੋਬਿੰਦ ਸਿੰਘ
ਹਕ ਹਕ ਮਨਜੂਰ ਗੁਰੂ ਗੋਬਿੰਦ ਸਿੰਘ
ਜੁਮਲਾ ਫੈਜ਼ੀਲੂਰ ਗੁਰੂ ਗੋਬਿੰਦ ਸਿੰਘ
ਹਕ ਹਕ ਆਗਾਹ ਗੁਰੂ ਗੋਬਿੰਦ ਸਿੰਘ
ਸ਼ਾਹੇ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ
ਖਾਲਸੇ ਬੇ ਦੀਨਾ ਗੁਰੂ ਗੋਬਿੰਦ ਸਿੰਘ
ਹਕ ਹਕ ਆਇਨਾ ਗੁਰੂ ਗੋਬਿੰਦ ਸਿੰਘ
ਹਕ ਹਕ ਅੰਦੇਸ਼ ਗੁਰੂ ਗੋਬਿੰਦ ਸਿੰਘ
ਬਾਦਸ਼ਾਹ ਦਰਵੇਸ ਗੁਰੂ ਗੋਬਿੰਦ ਸਿੰਘ
ਇਨ੍ਹਾ ਦਾ ਜਨਮ 1633 ਈਸਵੀ ਨੂੰ ਗਜਨੀ ਵਿਚ ਛੱਜੂ ਰਾਮ ਖਤ੍ਰੀ ਦੇ ਘਰ ਹੋਇਆ ਛੱਜੂ ਰਾਮ ਆਪ ਵੀ ਅਰਬੀ ਤੇ ਫ਼ਾਰਸੀ ਦੇ ਬਹੁਤ ਵਡੇ ਤੇ ਪ੍ਰਸਿਧ ਵਿਦਵਾਨ ਸੀ । ਉਸ ਨੇ ਆਪਣੇ ਪਿਤਾ ਤੋਂ ਸੰਸਕ੍ਰਿਤ, ਹਿੰਦੀ, ਅਰਬੀ ਅਤੇ ਫ਼ਾਰਸੀ ਸਿੱਖੀ ਤੇ ਬਾਅਦ ਵਿਚ ਅਰਬੀ ਤੇ ਫ਼ਾਰਸੀ ਦੀ ਉਚ ਵਿਦਿਆ ਵੀ ਪ੍ਰਾਪਤ ਕੀਤੀ । ਜ਼ਰੀਆ-ਮੁਆਸ਼ ਦੀ ਤਲਾਸ਼ ਵਿਚ ਉਹ ਆਪਣਾ ਵਤਨ ਮੁਲਤਾਨ (ਪੰਜਾਬ) ਛੱਡ ਕੇ ਗਜਨੀ (ਅਫ਼ਗਾਨਿਸਤਾਨ) ਵਿਚ ਜਾ ਵੱਸੇ। ਉਨ੍ਹਾਂ ਦੀ ਯੋਗਤਾ ਅਤੇ ਫ਼ਾਰਸੀ ਦੇ ਗਿਆਨ ਦੀ ਤਾਰੀਫ਼ ਸੁਣ ਕੇ ਉਥੋਂ ਦੇ ਹਾਕਮ ਨਵਾਬ ਮੁਅੱਯੂਦੀਨ ਨੇ ਉਨ੍ਹਾਂ ਨੂੰ ਆਪਣਾ ਮੀਰ ਮੁਨਸ਼ੀ (ਦੀਵਾਨ) ਮੁਕੱਰਰ ਕਰ ਦਿੱਤਾ। ਇਥੇ ਹੀ ਭਾਈ ਨੰਦ ਲਾਲ ਦਾ ਜਨਮ ਹੋਇਆ ਜਦ ਉਹ 12 ਸਾਲ ਤੇ ਹੋਏ ਤਾਂ ਰਸਮ ਅਨੁਸਾਰ ਰਾਮਾਨੰਦੀ ਬੈਰਾਗੀਆਂ ਦੇ ਕੁਲ ਗੁਰੂ ਨੇ ਭਾਈ ਸਾਹਿਬ ਦੇ ਗਲ ਵਿਚ ਕਾਠ ਦੇ ਮਣਕਿਆਂ ਦੀ ਕੰਠੀ ਪਾਉਣੀ ਚਾਹੀ ਤਾਂ ਬਾਲਕ ਨੰਦ ਲਾਲ ਨੇ ਪੂਰੇ ਅਦਬ ਨਾਲ ਇਸ ਕੰਠੀ ਨੂੰ ਗ੍ਰਹਿਣ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਤਾਂ ਉਨ੍ਹਾਂ ਤਸ਼ਰੀਹੀ ਵਜਾਹਤ ਨਾਲ ਆਖਿਆ ਕਿ ‘ਧਰਮ ਤੇ ਆਤਮਿਕ ਮਾਰਗ ਦੀ ਚੋਣ ਮੇਰੇ ਲਈ ਕੋਈ ਰਸਮੀ ਬੰਧਨ ਨਹੀਂ, ਮੈਂ ਆਤਮਿਕ ਸੁਰਤੀ ਦੀ ਪ੍ਰਵਾਜ਼ ਰਾਹੀਂ ਆਪਣੇ ਧਰਮ ਗੁਰੂ ਦੀ ਤਲਾਸ਼ ਖੁਦ ਕਰਾਂਗਾ। ਕਿਸੇ ਨੂੰ ਕੀ ਪਤਾ ਸੀ ਕਿ ਜਿਸ ਕਾਮਲ ਮੁਰਸ਼ਦ ਦੀ ਤਲਾਸ਼ ਬਾਲਕ ਨੰਦ ਲਾਲ ਨੂੰ ਹੈ, ਉਹ ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹਨ।
ਜਦੋਂ ਉਹ ਸਤਾਰਾਂ ਸਾਲ ਦੇ ਹੋਏ ਤਾਂ ਉਨ੍ਹਾਂ ਦੇ ਮਾਤਾ ਜੀ ਅਤੇ ਉਸਤੋਂ ਦੋ ਸਾਲ ਬਾਦ ਉਨ੍ਹਾਂ ਦੇ ਪਿਤਾ ਜੀ ਦਾ ਦੇਹਾਂਤ ਹੋ ਗਿਆ । ਪਿਤਾ ਦੀ ਮੌਤ ਤੋਂ ਬਾਅਦ ਭਾਈ ਨੰਦ ਲਾਲ ਜੀ ਪੰਜਾਬ ਮੁੜ ਆਏ ਅਤੇ ਮੁਲਤਾਨ ਵਿਚ ਰਹਿਣ ਲੱਗੇ । ਭਾਈ ਸਾਹਿਬ ਦੀ ਵਿਦਵਤਾ ਅਤੇ ਯੋਗਤਾ ਦੀ ਖ਼ਬਰ, ਗਲੀ-ਕੂਚੇ ਹੁੰਦੀ ਹੋਈ ਜਦੋਂ ਮੁਲਤਾਨ ਦੇ ਹਾਕਮ ਤੱਕ ਪਹੁੰਚੀ, ਤਦ ਮੁਲਤਾਨ ਦੇ ਹਾਕਮ ਨੇ ਖੁਦ ਭਾਈ ਸਾਹਿਬ ਨੂੰ ਆਪਣੇ ਦਰਬਾਰ ਵਿਚ ਬੁਲਾ ਕੇ, ਆਪਣੇ ਮੀਰ ਮੁਨਸ਼ੀ (ਦੀਵਾਨ) ਦੀ ਪਦਵੀ ‘ਤੇ ਮੁਕੱਰਰ ਕਰ ਦਿੱਤਾ, ਜੋ ਭਾਈ ਸਾਹਿਬ ਨੇ ਪੂਰੀ ਇਮਾਨਦਾਰੀ ਅਤੇ ਯੋਗਤਾ ਨਾਲ ਪੂਰੇ 6 ਸਾਲ ਤੱਕ ਨਿਭਾਈ। ਕੁਝ ਸਮਾ ਪਾਕੇ ਭਾਈ ਨੰਦ ਲਾਲ ਆਗਰਾ ਚਲੇ ਗਏ, ਜਿੱਥੇ ਆਪ ਔਰੰਗਜ਼ੇਬ ਦੇ ਵੱਡੇ ਸ਼ਹਿਜ਼ਾਦੇ ਮੁਅੱਜ਼ਮ (ਬਹਾਦਰ ਸ਼ਾਹ) ਦੇ ਮੀਰ ਮੁਨਸ਼ੀ ਨਿਯੁਕਤ ਹੋ ਗਏ। ਸ਼ਹਿਜ਼ਾਦਾ ਮੁਅੱਜ਼ਮ ਆਪ ਦੇ ਦੈਵੀ ਗੁਣਾਂ ਅਤੇ ਵਿਦਵਤਾ ਦਾ ਮੁਰੀਦ ਹੋ ਗਿਆ ਤੇ ਅਖੀਰ ਨੂੰ ਇਹ ਗੁਣ ਅਤੇ ਸ਼ੋਭਾ ਹੀ ਉਨ੍ਹਾਂ ਲਈ ਵੱਡੀ ਮੁਸੀਬਤ ਦਾ ਕਾਰਨ ਬਣ ਗਈ ਜਿਸ ਕਰਕੇ ਉਨ੍ਹਾ ਨੂੰ ਰਾਤੋ -ਰਾਤ ਨਸ ਕੇ ਆਨੰਦਪੁਰ ਸਾਹਿਬ ਜਾਣਾ ਪਿਆ ।
ਭਾਈ ਨੰਦ ਲਾਲ ਜੀ ਨੇ ‘ਗੋਇਆ’ ਦੇ ‘ਤਖੱਲਸ’ ਨਾਲ 12 ਸਾਲ ਦੀ ਉਮਰ ਚ ਫ਼ਾਰਸੀ ਕਵਿਤਾ ਲਿਖਣਾ ਸ਼ੁਰੂ ਕਰ ਦਿੱਤਾ। ਨੰਦ ਲਾਲ ਗੁਰੂ ਸਾਹਿਬ ਦੇ ਦਰਬਾਰ ਦੇ 52 ਕਵੀਆਂ ਵਿਚੋਂ ਇਕ ਸੀ । ਕਵਿਤਾ ਰਾਹੀਂ ਸਿਖ ਧਰਮ ਨੂੰ ਪੇਸ਼ ਕਰਕੇ ਗੁਰੂ ਸਾਹਿਬ ਨੇ ਗੋਯਾ ਦੇ ਬੰਦਗੀ ਨਾਮਾ ਨੂੰ ਜਿੰਦਗੀ ਨਾਮਾ ਦਾ ਨਾਮ ਦਿਤਾ । ਇਨ੍ਹਾ ਦਾ ਵਿਆਹ ਇਕ ਸ਼ਰਧਾਲੂ ਸਿਖ ਘਰਾਣੇ ਵਿਚ ਹੋਇਆ ਜਿਸਤੋਂ ਪ੍ਰੇਰਿਤ ਹੋਕੇ ਆਪ ਸਿਰਫ ਸਿਖ ਧਰਮ ਦੇ ਸ਼ਰਧਾਲੂ ਹੀ ਨਹੀਂ ਬਲਿਕ ਪੂਰੇ ਤੌਰ ਤੇ ਗੁਰਮਤਿ ਦੇ ਕਾਇਲ ਹੋ ਗਏ । ਆਪ ਦੇ ਘਰ ਦੋ ਪੁੱਤਰਾਂ ਨੇ ਜਨਮ ਲਿਆ, ਜਿਨ੍ਹਾਂ ਦੇ ਨਾਂ ਲਖਪਤ ਰਾਇ ਤੇ ਲੀਲਾ ਰਾਮ ਰੱਖੇ ਗਏ।
ਨੰਦ ਲਾਲ ਜੀ
ਇਨ੍ਹਾ ਦੀਆਂ ਕੁਲ 9 ਰਚਨਾਵਾਂ ,ਤਨਖਾਹ ਨਾਮਾ ਤੇ ਰਹਿਤਨਾਮਾ ਉਪਲਬਧ ਹਨ :-
ਦੀਵਾਨਿ ਗੋਇਆ (ਫ਼ਾਰਸੀ )
ਜਿੰਦਗੀ ਨਾਮਾ (ਫ਼ਾਰਸੀ )
ਜੋਤ ਬਿਕਾਸ (ਫ਼ਾਰਸੀ )
ਜੋਤ ਬਿਕਾਸ (ਹਿੰਦੀ)
ਗੰਜ ਨਾਮਾ (ਫ਼ਾਰਸੀ)
ਤੋਸੀਫ-ਓ-ਸਿਨਾ (ਫ਼ਾਰਸੀ )
ਅਰਜ਼ੁਲ ਅਲਫਾਜ਼ (ਫ਼ਾਰਸੀ)
ਦਸਤੂਰ-al-ਇੰਨਸ਼ਾ (ਫ਼ਾਰਸੀ)
ਖਾਤਿਮਾ (ਫ਼ਾਰਸੀ)
ਜਿਸ ਤਰਹ ਗੁਰਮਤਿ ਦੀ ਸੋਝੀ ਲਈ ਗੁਰੂ ਗਰੰਥ ਸਾਹਿਬ ਪੜਨਾ ਜਰੂਰੀ ਹੈ ਇਸੇ ਤਰਹ ਭਾਈ ਗੁਰਦਾਸ ਜੀ ਦੀਆਂ ਵਾਰਾਂ ਤੇ ਨੰਦ ਲਾਲ ਗੋਇਆ ਦੀਆਂ ਰਚਨਾਵਾਂ ਪੜਨੀਆਂ ਜਰੂਰੀ ਹਨ ਕਿਓਂਕਿ ਉਨ੍ਹਾ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਸੰਗਤ ਦਾ ਰਸ ਮਾਣਿਆ ਹੈ ਜਿਸਦਾ ਪ੍ਰਭਾਵ ਤੇ ਗੁਰੂ ਸਾਹਿਬ ਦੀ ਸੰਗਤ ਦਾ ਅਸਰ ਪ੍ਰਤਖ ਉਨ੍ਹਾ ਦੀਆਂ ਰਚਨਾਵਾਂ ਵਿਚ ਦਿਸਦਾ ਹੈ । ਉਨ੍ਹਾ ਦੀਆਂ ਰਚਨਾਵਾਂ ਗੁਰਮਤਿ ਸਿਧਾਂਤਾਂ ਨਾਲ ਪੂਰੀ ਤਰਹ ਮੇਲ ਖਾਂਦੀਆਂ ਹਨ । ਵਾਹਿਗੁਰੂ ਵਿਚ ਵਿਸ਼ਵਾਸ ਤੇ ਉਸਦਾ ਸਿਮਰਨ ਨੂੰ ਈਮਾਨ ਦੀ ਵਡੀ ਪੂੰਜੀ ਤੇ ਜੀਵਨ ਅਧਾਰ ਕਿਹਾ ਹੈ । ਸਾਧ ਦੀ ਸੰਗਤ ਵਿਚ ਬੈਠ ਕੇ ਰਬ ਦੀ ਬੰਦਗੀ ਕਰਨੀ, ਚਾਹੇ ਉਹ ਕਿਤੇ ਵੀ ਕਿਸੇ ਥਾਂ ਤੇ ਹੋਵੇ ਉਤਮ ਮਨਿਆ ਹੈ । ਇਸ ਨੂੰ ਕਿਸੇ ਬੁਤਖਾਨੇ ਜਾਂ ਕਾਅਬੇ ਵਿਚ ਸੀਮਤ ਨਹੀਂ ਰਖਿਆ । ਚਾਹੇ ਉਨ੍ਹਾ ਦੀਆਂ ਲਿਖਤਾਂ ਵਿਚ ਇਸਲਾਮੀ ਵਿਦਿਆ ਦਾ ਡੂੰਘਾ ਅਸਰ ਹੈ ਪਰ ਕਿਤੇ ਵੀ ਉਹ ਗੁਰਮਤਿ ਸਿਧਾਂਤਾਂ ਤੋਂ ਪਾਸੇ ਨਹੀਂ ਹਟੇ ਤੇ ਬੜੀ ਬਖੂਬੀ ਨਾਲ ਚਿਤਰਣ ਕੀਤਾ ਹੈ । ਉਮਰ ਦੀ ਆਖਰੀ ਅਵਸਥਾ ਵਿਚ ਭਾਈ ਨੰਦ ਲਾਲ ਨੂੰ, ਜੋ ਉਮਰ ਵਿਚ ਦਸਮ ਪਾਤਸ਼ਾਹ ਹਜ਼ੂਰ ਨਾਲੋਂ 33 ਸਾਲ ਵੱਡੇ ਸਨ, ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਦੀ ਆਖਰੀ ਜੰਗ ਤੋਂ ਪਹਿਲਾਂ, ਸਾਰੀ ਸਥਿਤੀ ਦੀ ਨਾਜ਼ੁਕਤਾ ਵਿਚਾਰਦਿਆਂ ਹੋਇਆਂ ਭਾਈ ਸਾਹਿਬ ਨੂੰ ਮੁਲਤਾਨ ਭੇਜ ਦਿੱਤਾ। ਇੱਥੇ ਹੀ ਆਪ ਆਖ਼ਰ 80 ਸਾਲ ਦੀ ਉਮਰ ਭੋਗ ਕੇ ਸੰਨ 1713 ਵਿਚ ਗੁਰੂ ਜੀ ਦੀ ਗੋਦ ਵਿਚ ਜਾ ਬਿਰਾਜੇ। ਭਾਈ ਸਾਹਿਬ ਦੀ ਮਹਾਨ ਸ਼ਖ਼ਸੀਅਤ ‘ਤੇ ਇਕਬਾਲ ਦਾ ਇਹ ਸ਼ਿਅਰ ਇੰਨ-ਬਿੰਨ ਉਨ੍ਹਾ ਤੇ ਢੁਕਦਾ ਹੈ ।
ਹੋਤਾ ਹੈ ਕੋਹੋ ਦਸ਼ਤ ਮੇਂ ਪੈਦਾ ਕਭੀ ਕਭੀ।ਵੋਹ ਮਰਦ ਜਿਸ ਕਾ ਫ਼ਕਰ ਕਰੇ, ਖਜ਼ਫ਼ ਕੋ ਨਗੀਂ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ।

28 ਮਾਰਚ 1613 ਈਸ਼ਵੀ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਅਨੰਦ ਕਾਰਜ ਮਾਤਾ ਨਾਨਕੀ ਜੀ ਨਾਲ ਬਕਾਲੇ ਨਗਰ ਵਿੱਚ ਹੋਇਆ । ਆਉ ਮਾਤਾ ਨਾਨਕੀ ਜੀ ਦੇ ਇਤਿਹਾਸ ਤੇ ਇਕ ਸੰਖੇਪ ਝਾਤ ਮਾਰੀਏ ਜੀ ।
ਮਾਤਾ ਨਾਨਕੀ ਜੀ ( ਗੁਰੂ ਤੇਗ ਬਹਾਦਰ ਜੀ ਦੇ ਸਤਿਕਾਰਯੋਗ ਮਾਤਾ ਜੀ )
ਮਾਤਾ ਨਾਨਕੀ ਜੀ ਦਾ ਜਨਮ ਖੱਤਰੀ ਹਰੀ ਚੰਦ ਦੇ ਘਰ ਮਾਤਾ ਹਰਦਈ ਦੀ ਕੁੱਖੋਂ ਬਕਾਲੇ ਪਿੰਡ ( ਅੰਮ੍ਰਿਤਸਰ ਜ਼ਿਲੇ ਵਿਚ ੧੫੯੭ ਦੇ ਲਗਭਗ ਹੋਇਆ । ਆਪ ਦੇ ਚੰਗਾ ਕਾਰੋਬਾਰ ਹੋਣ ਕਰਕੇ ਇਰਦ – ਗਿਰਦ ਚੰਗਾ ਪ੍ਰਭਾਵ ਸੀ ਤੇ ਚੰਗੇ ਪੂਰਨ ਸਿੱਖ ਸਨ । ਘਰ ਵਿੱਚ ਧਾਰਮਿਕ ਵਾਤਾਵਰਨ ਹੋਣ ਕਰਕੇ ਬਾਲੜੀ ਦੇ ਵਿਚਾਰ ਧਾਰਮਿਕ ਹੋ ਗਏ ਤੇ ਉਹ ਸਾਰੇ ਗੁਣ ਜਿਹੜੇ ਇਕ ਸੁਚੱਜੀ ਤਰੀਮਤ ਵਿਚ ਹੋਣੀ ਚਾਹੀਦੇ ਹਨ , ਗ੍ਰਹਿਣ ਕਰ ਲਏ । ਜਦੋਂ ਘਰ ਵਿਚ ਸਿੱਖ ਪਿਤਾ ਜੀ ਨੂੰ ਮਿਲਣ ਆਉਂਦੇ ਭੱਜ – ਭੱਜ ਕੇ ਉਨ੍ਹਾਂ ਦੀ ਹਰ ਕਿਸਮ ਦੀ ਸੇਵਾ ਕਰਦੇ।ਲੰਗਰ ਤਿਆਰ ਕਰਨਾ , ਭਾਂਡੇ ਮਾਂਜਣੇ , ਪਾਣੀ ਲਿਆਉਣਾ ਆਦਿ ਵਰਗੀ ਸੇਵਾ ਕਰ ਕੇ ਖੁਸ਼ ਹੁੰਦੇ । ਅੰਮ੍ਰਿਤ ਵੇਲੇ ਉਠ ਮਾਪਿਆਂ ਵਾਂਗ ਨਾਮ ਅਭਿਆਸ ਵਿਚ ਜੁੱਟ ਜਾਂਦੇ । ਸੁਭਾਅ ਬੜਾ ਨਿੱਘਾ ਮਿਲਾਪੜਾ ਤੇ ਸੀਤਲ ਸੀ । ਉਪਰੋਂ ਪ੍ਰਮਾਤਮਾ ਨੇ ਲੰਮਾ ਕੱਦ ਸੁੰਦਰ ਤੇ ਖੂਬਸੂਰਤ ਭਰਵਾਂ ਜੁੱਸਾ ਬਖ਼ਸ਼ਿਆ ਸੀ । ਭਗਤੀ ਭਾਵ ਸੁਭਾਅ ਹੋਣ ਕਰਕੇ ਪਿਤਾ ਹਰੀ ਚੰਦ ਨੇ ਇਨ੍ਹਾਂ ਦਾ ਰਿਸ਼ਤਾ ਉਸ ਸਮੇਂ ਦੇ ਚੋਟੀ ਦੇ ਖੂਬਸੂਰਤ ਉਚੇ ਲੰਮੇ ਕੱਦ ਕਾਠ ਗੁਰੂ ਹਰਿਗੋਬਿੰਦ ਸਾਹਿਬ ਨਾਲ ਕਰ ੧੬੧੩ ਈ : ਨੂੰ ਬੜੀ ਧੂਮ – ਧਾਮ ਨਾਲ ਵਿਆਹ ਕਰ ਦਿੱਤਾ ।
ਮਾਤਾ ਨਾਨਕੀ ਜੀ ਸੌਹਰੇ ਘਰ ਜਾਂਦਿਆਂ ਹੀ ਆਪਣੇ ਗੁਣਾਂ ਕਾਰਨ ਸੱਸ ਮਾਤਾ ਗੰਗਾ ਜੀ ਦਾ ਦਿਲ ਮੋਹ ਲਿਆ । ਅੰਮ੍ਰਿਤ ਵੇਲੇ ਉਠ ਇਸ਼ਨਾਨ ਕਰਾਉਂਦੀ ਫਿਰ ਗੁਰੂ ਜੀ ਲਈ ਪਾਣੀ ਆਦਿ ਲਿਆ ਕੇ ਦੇਂਦੇ । ਫਿਰ ਨਾਮ ਅਭਿਆਸ ਵਿਚ ਜੁੱਟ ਜਾਂਦੇ।ਮਾਤਾ ਦਮੋਦਰੀ ਜੀ ਨਾਲ ਵੀ ਬਹੁਤ ਪਿਆਰ ਕਰਦੇ ਤੇ ਉਸ ਨੂੰ ਕੰਮ ਨਾ ਕਰਨ ਦੇਂਦੇ ਹਰ ਕੰਮ ਹੰਸੂ – ਹੰਸੂ ਕਰ ਖੁਦ ਕਰੀ ਜਾਂਦੇ । ਇਨ੍ਹਾਂ ਦੇ ਬੱਚਿਆਂ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਆਪਣੇ ਸਿਰ ਲੈ ਲਈ । ਬਾਲੜੀ ਵੀਰੋ ਜੀ ਨਾਲ ਬਹੁਤ ਪਿਆਰ ਕਰਦੇ | ਸਾਰੇ ਲੰਗਰ ਤੇ ਆਇ ਗਏ ਦੀ ਵੀ ਵੇਖ ਭਾਲ ਕਰਦੇ।ਰਾਤ ਮਾਤਾ ਗੰਗਾ ਜੀ ਦੀ ਮੁੱਠੀ ਚਾਪੀ ਵੀ ਕਰਦੇ । ਆਪ ਦੀ ਕੁੱਖੋਂ ੧੬੧੯ ਵਿਚ ਬਾਬਾ ਅਟੱਲ ਰਾਇ ਜੀ ਦਾ ਜਨਮ ਹੋਇਆ । ਬੜੇ ਚਾਂਵਾਂ ਸੱਧਰਾਂ ਨਾਲ ਪਾਲਦੇ । ਗੁਰੂ ਜੀ ਦੀ ਸੁਚੱਜੀ ਸਿੱਖਿਆ ਸਦਕਾ ਨਿੱਕੇ ਹੁੰਦੇ ਹੀ ਨਾਮ ਅਭਿਆਸ ਵਿਚ ਲੀਣ ਰਹਿੰਦੇ ।੧੬੨੧ ਵਿੱਚ ਪਹਿਲੀ ਅਪੈਲ ਵਾਲੇ ਦਿਨ ਮਾਤਾ ਨਾਨਕੀ ਜੀ ਦੀ ਸਫਲ ਕੁੱਖੋਂ ਬਾਬਾ ਤਿਆਗ ਮਲ { ਗੁਰੂ ਤੇਗ ਬਹਾਦਰ ਜੀ } ਦਾ ਜਨਮ ਹੋਇਆ ਤਾਂ ਬੜੀਆਂ ਖੁਸ਼ੀਆਂ ਮਨਾਈਆਂ ਗਈਆਂ । ਗੁਰੂ ਜੀ ਨੇ ਬਾਲਕ ਨੂੰ ਹੱਥਾਂ ਵਿਚ ਲੈ ਕੇ ਚਰਨ ਬੰਧਨਾਂ ਕਰਨ ਉਪ੍ਰੰਤ ਵਰ ਦਿੱਤਾ , “ ਇਹ ਇੰਦਰੀ ਜਿੱਤ , ਤਿਆਗ ਦਾ ਸਿੱਖਰ , ਕੁਰਬਾਨੀ ਦਾ ਪੁੰਜ , ਦੀਨ , ਸੰਕਟ ਹਰੇ , ਬ੍ਰਹਮ ਗਿਆਨੀ , ਤੇਗ ਦਾ ਧਨੀ , ਬਚਨ ਦਾ ਪੂਰਾ , ਤੇ ਧਰਮ ਤੇ ਦੀਨ ਦਾ ਰਖਿਅਕ ਹੋਵੇਗਾ । ਮਾਤਾ ਜੀ ਇਹ ਵਰ ਸੁਣ ਗੱਦ – ਗੱਦ ਹੋਈ ਝੂਮੀ ਜਾਵੇ । ਬਾਲਕ ਬੜੇ ਚਾਵਾਂ ਤੇ ਸੱਧਰਾਂ ਨਾਲ ਪਾਲਿਆ ਦਾਦੀ ਮਾਤਾ ਗੰਗਾ ਜੀ ਕੁਛੜੋ ਨਾ ਉਤਾਰਦੇ ਬੜੇ ਪਿਆਰ ਤੇ ਲਾਡ ਲਡਾਂਦੇ । ਬਾਬਾ ਅਟੱਲ ਜੀ ਭੈਣ ਵੀਰੋ ਜੀ ਬਾਲਕ ਨਾਲ ਬਹੁਤ ਪਿਆਰ ਕਰਦੇ ਤੇ ਉਂਗਲੀ ਲਾਈ ਫਿਰਦੇ ।
ਬਕਾਲੇ ਫੇਰੀ : ਭਾਈ ਮਿਹਰਾਜੀ ਬਕਾਲੇ ਦੇ ਵਸਨੀਕ ਗੁਰੂ ਘਰ ਦੇ ਅਨਿਨ ਸ਼ਰਧਾਲੂ ਹੋਏ ਹਨ । ਇਸ ਨੇ ਇਕ ਨਵੀਂ ਹਵੇਲੀ ਤਿਆਰ ਕਰਾਈ ਪਰ ਉਸ ਵਿਚ ਗੁਰੂ ਹਰਿ ਗੋਬਿੰਦ ਸਾਹਿਬ ਦੇ ਚਰਨ ਪਵਾਏ ਬਿਨਾਂ ਵਿਚ ਵਾਸਾ ਨਹੀਂ ਸੀ ਕਰਨਾ ਚਾਹੁੰਦਾ । ਇਕ ਕਮਰੇ ਵਿੱਚ ਨਵਾਂ ਪਲੰਘ , ਨਵਾਂ ਬਿਸਤਰਾਂ , ਵਿਛਾ ਮਕਾਨ ਵਿਚ ਸਵੇਰੇ ਧੂਫ ਬੱਤੀ ਕਰ ਗੁਰੂ ਜੀ ਨੂੰ ਯਾਦ ਕਰਦਾ ਕਿ ਉਹ ਏਥੇ ਆਪਣੇ ਪਵਿੱਤਰ ਚਰਨ ਪਾਉਣ ।ਉਧਰ ਅੰਮ੍ਰਿਤਸਰ ਬੈਠੇ ਗੁਰੂ ਜੀ ਦੇ ਦਿਲਦੀਆਂ ਤਾਰਾਂ ਖੜਕੀਆਂ । ਭਾਈ ਬਿਧੀ ਚੰਦ , ਭਾਈ ਜੇਠੇ , ਭਾਈ ਪਿਰਾਣੇ ਆਦਿ ਨੂੰ ਨਾਲ ਤਿਆਰ ਕਰ ਮਾਤਾਵਾਂ ਨੂੰ ਗੜਬੈਹਲਾ ’ ਚ ਬਿਠਾਲ ਸਵੇਰੇ ਏਥੋਂ ਤੁਰ ਸ਼ਾਮ ਨੂੰ ਬਕਾਲੇ ਜਾ ਪੁੱਜੇ । ਮਿਹਰੇ ਦੇ ਭਾਗ ਜਾਗ ਪਏ । ਗੁਰੂ ਜੀ ਦਾ ਉਤਾਰਾ ਹਵੇਲੀ ਵਿਚ ਕਰਾਉਣ , ਪਲੰਘ ਤੇ ਬਿਠਾ ਚਰਨਾ ਤੇ ਸੀਸ ਰੱਖ ਧੰਨਵਾਦ ਕਰਦਾ ਨਾ ਥੱਕੇ । ਅਗਲੇ ਸਵਖਤੇ ਹਰੀ ਚੰਦ ਦੇ ਪ੍ਰਵਾਰ ਨੂੰ ਪਤਾ ਲੱਗਾ ਤਾਂ ਆ ਦਰਸ਼ਨ ਕੀਤੇ ਤੇ ਖੁਸ਼ੀਆਂ ਪ੍ਰਾਪਤ ਕੀਤੀਆਂ , ਮਾਤਾ ਨਾਨਕੀ ਜੀ ਆਪਣੇ ਸਹਿਬਜ਼ਾਦਿਆਂ ਨੂੰ ਨਾਨਕੇ ਪਿੰਡ ਲਿਆ ਫੁਲੇ ਨਹੀਂ ਸਮਾਂਦੇ।ਬੱਚੇ ਨਾਨੇ – ਨਾਨੀ ਨੂੰ ਮਿਲ ਬੜੇ ਖੁਸ਼ ਹੋਏ । ਗੁਰੂ ਜੀ ਦਾ ਏਥੇ ਆਉਣਾ ਸੁਣ ਦੁਆਬੇ ਤੇ ਰਿਆੜਕੀ ਤੋਂ ਸਿੱਖ ਗੁਰੂ ਜੀ ਦੇ ਦਰਸ਼ਨ ਨੂੰ ਉਮਡ ਪਏ । ਘਿਓ , ਦੁੱਧ , ਆਟਾ ਗੁੜ ਸ਼ੱਕਰ ਲਈ ਆਉਣ ਲੰਗਰ ਲਗ ਗਏ ਰਾਤ ਦਿਨ ਲੰਗਰ ਚਲਦਾ ਸੰਗਤ ਜੁੜਦੀ , ਕੀਰਤਨ ਤੇ ਢਾਡੀ ਵਾਰਾਂ ਸੁਣ ਸੰਗਤ ਨਿਹਾਲ ਹੁੰਦੀ । ਅੰਤ ਵਿਚ ਗੁਰੂ ਜੀ ਗੁਰ ਉਪਦੇਸ਼ ਦੇਂਦੇ , ਮਾਨੋ ਬਕਾਲੇ ਵਿਚ ਸਚਖੰਡ ਬਣ ਗਿਆ ।
ਏਥੇ ਹੀ ਬਿਰਧ ਮਾਤਾ ਗੰਗਾ ਨੇ ਕੁਝ ਬੀਮਾਰ ਰਹਿ ਚੇਤ ਵਧੀ ੧੪ ਸੰਮਤ ੧੬੮੫ ਨੂੰ ਦੇਹ ਤਿਆਗ ਦਿੱਤੀ । ਗੁਰੂ ਜੀ ਆਪਣੇ ਹੱਥੀ ਮਾਤਾ ਦਾ ਬਿਬਾਨ ਸਜਾਇਆ । ਮਾਤਾ ਜੀ ਦੀ ਵਸੀਅਤ ਅਨੁਸਾਰ ਬਿਆਸਾ ਦਰਿਆ ਵਿਚ ਜਲ ਪ੍ਰਵਾਹ ਕਰ ਦਿੱਤਾ । ਜਿਥੇ ਅੱਜ ਕਲ ਰਾਧਾ ਸੁਆਮੀਆਂ ਸਤਿਸੰਗ ਘਰ ਬਣਿਆ ਹੋਇਆ ਹੈ । ਜਿਥੇ ਇਨ੍ਹਾਂ ਦਾ ਬਿਬਾਨ ਸੰਗਤਾਂ ਦੇ ਦਰਸ਼ਨ ਲਈ ਰਖਿਆ ਗਿਆ ਹੈ । ਓਥੇ ਮਾਤਾ ਗੰਗਾ ਜੀ ਦੇ ਦੇਹਰੇ ਨਾਂ ਦਾ ਸੁੰਦਰ ਗੁਰਦੁਆਰਾ ਬਣਿਆ ਹੋਇਆ ਹੈ ਜੋ ਬਾਬਾ ਬਕਾਲਾ ਸਾਹਿਬ ਵਿਖੇ ਸਥਿੱਤ ਹੈ ਜੋ ਮਹਿਤਾ ਰੋਡ ਉਪਰ ਸਥਿੱਤ ਹੈ । ਜਿਹੜਾ ਨਿਹੰਗ ਸਿੰਘਾਂ ਦੇ ਕਬਜ਼ੇ ਵਿਚ ਹੈ । ਏਥੇ ਹਰ ਸਾਲ ਫਰਵਰੀ ਵਿਚ ਭਾਰੀ ਰੈਣ ਸਬਾਈ ਕੀਰਤਨ ਹੁੰਦਾ ਹੈ । ਇਥੇ ਕੁਝ ਹਫਤੇ ਰਹਿ ਗੁਰੂ ਜੀ ਸੰਗਤਾਂ ਨੂੰ ਤਾਰਦੇ ਫਿਰ ਅੰਮ੍ਰਿਤਸਰ ਵਾਪਸ ਆ ਗਏ ।
ਬਾਬਾ ਅਟੱਲ ਰਾਇ ਜੀ ਦਾ ਅਕਾਲ ਚਲਾਣਾ
ਮਾਤਾ ਨਾਨਕੀ ਦੀ ਯੋਗ ਸਿਖਿਆ ਤੇ ਨਾਮ ਅਭਿਆਸ ਦੁਆਰਾ ਬਾਬਾ ਅਟੱਲ ਰਾਇ ਜੀ ਨੌਂ ਸਾਲ ਦੀ ਆਯੂ ਦੇ ਵਿਚ ਹੀ ਬ੍ਰਹਮ ਅਵਸਥਾ ਨੂੰ ਪੁਜ ਆਤਮਿਕ ਸ਼ਕਤੀਆਂ ਆਪ ਮੁਹਾਰੇ ਫੁਰਨ ਲੱਗੀਆ । ਏਥੇ ਇਕ ਮੋਹਨ ਨਾਮੀ ਲੜਕੇ ਉੱਪਰ ਰਾਤ ਇਨ੍ਹਾਂ ਦੇ ਖਿਦੋ – ਖੂੰਡੀ ਖੇਡਦਿਆਂ ਮੀਟੀ ਰਹਿ ਗਈ । ਜਿਹੜੀ ਉਸ ਨੇ ਸਵੇਰੇ ਦੇਣੀ ਕਰ ਘਰ ਨੂੰ ਆ ਗਿਆ । ਰਾਤ ਉਹ ਸੱਪ ਲੜ ਕੇ ਮਰ ਗਿਆ । ਘਰ ਵਿਚ ਰੋਣ ਪਿਟਣ ਹੋ ਰਿਹਾ ਹੈ । ਬਾਲਕ ਬਾਬਾ ਅਟੱਲ ਰਾਇ ਜੀ ਆਪਦੇ ਸਾਥੀਆਂ ਸਮੇਤ ਉਸ ਦੇ ਘਰ ਜਾ ਉਸ ਦੀ ਧੌਣ ਨੂੰ ਖੁੱਡੀ ਪਾ ਖਿੱਚਦਿਆਂ ਕਿਹਾ , “ ਉਠ ਕੇ ਸਾਡੀ ਰਾਤ ਵਾਲੀ ਮੀਟੀ ਦੇਹ ਮੁਕਰ ਕਰ ਲੰਮਾ ਪੈ ਰਿਹਾ ਹੈ । ਉਹ ਉਠ ਕੇ ਆਪਣੀ ਖੂੰਡੀ ਫੜ ਬਚਿਆਂ ਨਾਲ ਖੇਡਣ ਤੁਰ ਪਿਆ । ਇਸ ਅਨੌਖੀ ਘਟਨਾ ਦੀ ਸਾਰੇ ਨਗਰ ਵਿਚ ਚਰਚਾ ਚਲ ਪਈ । ਜਦੋਂ ਗੁਰੂ ਜੀ ਨੇ ਇਹ ਸੁਣੀ ਤਾਂ ਕਹਿਣ ਲੱਗੇ “ ਸਾਡੇ ਘਰ ਵਿਚ ਕੌਣ ਰਬ ਦਾ ਸ਼ਰੀਕ ਜੰਮ ਪਿਆ ਹੈ । ਇਹ ਗੁੱਸੇ ਵਾਲੇ ਸ਼ਬਦ ਸੁਣ ਬਾਬਾ ਜੀ ਘਰੋਂ ਇਕ ਚਾਦਰ ਲੈ ਕੌਲਸਰ ਦੀ ਦੱਖਣੀ ਬਾਹੀ ਉਪਰ ਚਾਦਰ ਲੈ ਸਮਾਧ ਗਤਿ ਹੋ ਪ੍ਰਾਣ ਤਿਆਗ ਗਏ । ਏਥੇ ਹੀ ਇਨ੍ਹਾਂ ਨੂੰ ਇਸ਼ਨਾਨ ਕਰਾ ਸੰਸਕਾਰ ਕਰ ਦਿੱਤਾ । ਇਸ ਥਾਂ ਤੇ ਅਜ – ਕਲ ਇਕ ਨੌਂ ਮੰਜ਼ਿਲਾ ਮੁਨਾਰਾ ਬਾਬਾ ਅਟੱਲ ਰਾਇ ਜੀ ਦੀ ਯਾਦ ਤਾਜਾ ਕਰਾਉਂਦਾ ਦਿਸ ਰਿਹਾ ਹੈ । ਇਸ ਘਟਨਾ ਦਾ ਮਾਤਾ ਨਾਨਕੀ ਜੀ ਦੇ ਅਸਰ ਹੋਣਾ ਜਰੂਰੀ ਸੀ । ਪਰ ਮਾਤਾ ਜੀ ਇਹ ਸਦਮਾ ਬੜੀ ਦਲੇਰੀ ਨਾਲ ਜਰਿਆ ਤੇ ਅੱਖਾਂ ਵਿਚੋਂ ਹੰਝੂ ਤਕ ਨਾ ਕੇਰਿਆ ਸਗੋਂ ਪ੍ਰਚਾਉਣੀ ਕਰਨ ਆਈ ਸੰਗਤ ਨੂੰ ਸਮਝਾਉਂਦੇ ਤੇ ਹੌਸਲਾ ਤੇ ਦਿਲਾਸਾ ਦੇਂਦੇ ਕਹਿੰਦੇ “ ਇਹ ਧੀਆਂ ਪੁੱਤ ਅਕਾਲ ਪੁਰਖ ਦੀ ਦਿੱਤੀ ਮਾਇਆ ਹੈ ਭਾਵੇਂ ਖੋਹ ਲਵੇ ਸਾਨੂੰ ਕੋਈ ਰੋਸ ਨਹੀਂ ਕਰਨਾ ਚਾਹੀਦਾ । ਸਗੋਂ ਉਸ ਦੀ ਰਜ਼ਾ ਵਿਚ ਰਹਿ ਕੇ ਭਾਣਾ ਮੰਨਣਾ ਚਾਹੀਦਾ ਹੈ । ਬੀਬੀ ਵੀਰੋ ਜੀ ਤੇ ਨਿਕੇ ਵੀਰ ਜੀ ਬਾਬਾ ਤਿਆਗ ਮਲ ਤੇ ਇਸ ਘਟਣਾ ਦਾ ਬਹੁਤ ਪ੍ਰਭਾਵ ਪਿਆ । ਭੈਣ ਵੀਰੋ ਜੀ ਵੀਰ ਦੇ ਵਿਯੋਗ ਵਿੱਚ ਕਈ ਵਾਰ ਰੁਦਨ ਕਰਨ ਲੱਗਦੇ ਤਾਂ ਮਾਤਾ ਗਲ ਨਾਲ ਲਾ ਉਹਨਾਂ ਨੂੰ ਧਰਵਾਸ ਦੇਂਦੇ । ਮਾਤਾ ਜੀ ਦਾ ਬੀਬੀ ਵੀਰੋ ਜੀ ਨਾਲ ਅਥਾਹ ਪਿਆਰ ਤੇ ਸੁਨੇਹ ਸੀ । ਇਨ੍ਹਾਂ ਦੇ ਵਿਆਹ ਦੀ ਸਾਰੀ ਕਾਰ ਮੁਖਤਾਰੀ ਮਾਤਾ ਨਾਨਕੀ ਜੀ ਨੇ ਸੰਭਾਲੀ ਤੇ ਵਿਆਹ ਭਾਵੇ ਝਬਾਲ ਕੀਤਾ ਪਰ ਵਿਆਹ ਤੇ ਆਏ ਅੰਗ – ਸਾਕਾਂ ਨੂੰ ਸੰਭਾਲਣ ਤੇ ਲੈਣ ਦੇਣ ਦੀ ਜ਼ਿਮੇ ਵਾਰੀ ਆਪ ਨੇ ਬੜੇ ਸੁਚੱਜੇ ਢੰਗ ਨਾਲ ਖਿੜੇ ਮੱਥੇ ਨਿਭਾਈ ।
ਹੁਣ ਯੁੱਧਾਂ ਤੋਂ ਵਿਹਲੇ ਤੋਂ ਗੁਰੂ ਜੀ ਕੀਰਤਪੁਰ ਜਾ ਟਿੱਕੇ । ਏਥੇ ਰਹਿੰਦਿਆਂ ਸ੍ਰੀ ਤੇਗ ਬਹਾਦਰ ਜੀ ਦੀ ਸ਼ਾਦੀ ਦੀ ਤਾਰੀਖ ਮਿਥ ਕੇ ਕਰਤਾਰਪੁਰ ਚਲ ਪਏ ੧ ਮਾਰਚ ੧੬੩੨ ਵਿਚ ਤੇਗ ਬਹਾਦਰ ਦਾ ਵਿਆਹ ਲਾਲ ਚੰਦ ਜੀ ਕਰਤਾਰਪੁਰ ਵਾਸੀ ਦੀ ਪੁੱਤਰੀ ਗੁਜਰੀ ਨਾਲ ਪੂਰਨ ਗੁਰ ਮਰਿਆਦਾ ਨਾਲ ਕੀਤਾ ਗਿਆ । ਲਾਲ ਚੰਦ ਜੀ ਨੇ ਬੜੀ ਅਧੀਨਗੀ ਨਾਲ ਕਿਹਾ ਕਿ ਉਸ ਪਾਸ ਗੁਰੂ ਜੀ ਨੇ ਦੇਣ ਯੋਗ ਕੁਝ ਨਹੀਂ ਹੈ , ਜੋ ਉਹ ਦੇ ਸਕਦੇ । ਸਚੇ ਪਾਤਸ਼ਾਹ ਨੇ ਅਗੋ ਫੁਰਮਾਇਆ : ਲਾਲ ਚੰਦ ! ਤੁਮ ਦੀਨੋ ਸਕਲ ਬਿਸਾਲਾ , ਜਿਨ ਤੁਣਜਾ ਅਰਪਨ ਕੀਨੇ । ਤੈ ਪਾਛੈ ਕਿਆ ਰੱਖ ਲੀਨੇ । ਭਾਈ ਲਾਲ ਚੰਦ ਜੀ ਜਦੋਂ ਤੁਸੀਂ ਬੇਟੀ ਦੇ ਦਿੱਤੀ ਤਾਂ ਪਿਛੇ ਕੀ ਰਖ ਲਿਆ ਹੈ ?
ਮਾਤਾ ਨਾਨਕੀ ਜੀ ਪਾਸੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਪੂਰਨ ਅਧਿਆਤਮਿਕ ਤੇ ਆਦਰਸ਼ਿਕ ਗੁਣ ਪ੍ਰਾਪਤ ਹੋਏ । ਜਿਨਾਂ ਕਰਕੇ ਆਪ ਏਨੀ ਮਹਾਨ ਘਾਲਣਾ ਘਾਲਣ ਵਿਚ ਸਫਲ ਰਹੇ । ਏਥੋ ਫਿਰ ਸਾਰਾ ਪ੍ਰਵਾਰ ਕੀਰਤਪੁਰ ਚਲਾ ਗਿਆ । ਏਥੇ ਕੀਰਤਪੁਰ ਤਕਰੀਬਨ ਮਾਤਾ ਨਾਨਕੀ ਜੀ ਤੇਗ ਬਹਾਦਰ ਸਮੇਤ ਦਸ ਸਾਲ ਗੁਰੂ ਜੀ ਦੇ ਨਾਲ ਰਹੇ । ਏਥੇ ਵੀ ਮਾਤਾ ਜੀ ਨੇ ਗੁਰੂ ਜੀ ਦੀ ਬਹੁਤ ਧਿਆਨ ਰੱਖਣਾ ਤੇ ਹਰ ਸਹੂਲਤ ਮੁਹਈਆਂ ਕਰਨੀ । ਏਥੇ ਗੁਰੂ ਜੀ ਨੇ ਗੁਰਗੱਦੀ ਦੀ ਪੁੱਤਰਾਂ ਨੂੰ ਛੱਡ ਪੋਤਰੇ ਨੂੰ ਦੇ ਨਵੀਂ ਪਿਰਤ ਪਾਈ । ਮਾਤਾ ਨਾਨਕੀ ਜੀ ਨੇ ਇਹ ਗਲ ਸਵੀਕਾਰ ਕਰ ਲਈ ਸੂਰਜ ਮਲ ਦੀ ਮਾਤਾ ਨੇ ਜਿੱਦ ਕੀਤੀ । ਮਾਤਾ ਨਾਨਕੀ ਜੀ ਬੜੇ ਵਿਸ਼ਾਲ ਦਿਲ ਤੇ ਦੂਰ ਦਰਸ਼ੀ ਸਨ । ਆਪ ਨੇ ਗੁਰੂ ਦਾ ਹੁਕਮ ਸਿਰ ਮੱਥੇ ਰੱਖ , ਗੁਰੂ ਜੀ ਦੀ ਆਗਿਆ ਵਿੱਚ ਜੀਵਨ ਬਤੀਤ ਕਰਨ ਵਾਲੀ ਤੇ ਗੁਰਗੱਦੀ ਦੇ ਲੋਭ ਲਾਲਚ ਤੋਂ ਉਪਰ ਉਠ ਸ੍ਰੀ ਹਰਿਰਾਇ ਜੀ ਨੂੰ ਗੁਰਗੱਦੀ ਤੇ ਬਾਜਮਾਨ ਹੋਏ ਨੂੰ ਸਤਿਕਾਰਿਆ ਤੇ ਆਪਣੇ ਪੁੱਤਰ ਲਈ ਕੋਈ ਪਕੜ ਜਾਂ ਲੋਭ ਨੂੰ ਛਡ ਹਰਿਰਾਇ ਜੀ ਨੂੰ ਸਵੀਕਾਰਿਆ | ਸੋ ਮਾਤਾ ਨਾਨਕੀ ਜੀ ਦਾ ਗੁਰ ਗੱਦੀ ਪ੍ਰਤੀ ਵਤੀਰਾ , ਚੇਤਨਾ ਤੇ ਕਰਤੱਵ ਸਦਾ ਗੁਰੂ ਜੀ ਦੇ ਦੱਸੇ ਆਦੇਸ਼ਾ ਪ੍ਰਤੀ ਠੀਕ ਤੇ ਸਿਰਜਨਾਤਮਿਕ ਪੱਖੀ ਰਿਹਾ ਹੈ । ਮਾਤਾ ਜੀ ਢਹਿੰਦੀਆਂ ਕਲਾਂ ਨਿਰਾਸ਼ਤਾ , ਕ੍ਰੋਧ , ਨਿੰਦਾ ਚੁਗਲੀ ਤੇ ਕਿਸੇ ਦਾ ਮਾੜਾ ਸੋਚਣਾ ਜਿਹੇ ਮਾੜੇ ਕੰਮ ਕਦੇ ਲਾਗੇ ਨਹੀਂ ਸੀ ਫਟਕਣ ਦਿੱਤੇ ।
ਗੁਰੂ ਜੀ ਹੋਰਾ ਮਾਤਾ ਨਾਨਕੀ ਜੀ ਨੂੰ ਅੰਤਮ ਬਚਨ ਏਵੇਂ ਕੀਤੇ ਸਨ , “ ਤੁਸੀਂ ਬਕਾਲੇ ਨਿਵਾਸ ਰੱਖੋ , ਹਰਿਗੋਬਿੰਦਪੁਰ ਦਾ ਸਾਰਾ ਇਲਾਕਾ ਤੇਗ਼ ਬਹਾਦਰ ਦੇ ਅਧੀਨ ਰਹੇਗਾ । ਤਿਆਗ ਤੇ ਕੁਰਬਾਨੀ ਦੇ ਪੁਤਲੇ ਤੇਗ ਬਹਾਦਰ ਦੀ ਸਾਧਣਾ ਤੇ ਤਪੱਸਿਆ ਦੀ ਸਾਰੀ ਦੁਨੀਆਂ ਵਿਚ ਚਰਚਾ ਹੋਵੇਗੀ । ਇਨ੍ਹਾਂ ਦੀ ਮਾਨ ਵਡਿਆਈ ਵੀ ਅਪਾਰ ਹੋਵੇਗੀ । ਰਜ਼ਾ ਅੰਦਰ ਰਹੋ । ਜਿਸ ਵਸਤੂ ਦੇ ਚਾਹਵਾਨ ਹੋ ( ਗੁਰਗੱਦੀ ) ਉਸ ਦੇ ਪਿਛੇ ਦੌੜਣ ਦੀ ਲੋੜ ਨਹੀਂ ਹੈ । ਉਸ ਦੀ ਲਾਲਸਾ ਕਰਨ ਦੀ ਲੋੜ ਨਹੀਂ ਹੈ । ਉਹ ਧੁਰ ਦਰਗਾਹ ਦੀ ਦਾਤ ਹੈ । ਜਦੋਂ ਨਿਰੰਕਾਰ ਦਾ ਹੁਕਮ ਹੋਇਆ ਖੁਦ ਤੁਹਾਡੇ ਘਰ ਪੁੱਜੇਗੀ । ਨਾਲ ਹੀ ਮਾਤਾ ਜੀ ਨੂੰ ਹੁਕਮ ਹੋਇਆ ਕਿ “ ਤੁਸੀਂ ਬਕਾਲੇ ਜਾ ਟਿਕਾਣਾ ਭਾ : ਮਿਹਰੇ ਦੇ ਘਰ ਕਰਨਾ ਹੈ । ਉਥੇ ਇਕਾਂਤ ਮਾਣੋ । ਸੱਚੀ ਘਾਲ ਘਾਲੋ ਤੁਹਾਡੀ ਘਾਲਣਾ ਨੂੰ ਤਪੱਸਿਆ ਦੀ ਅਟਲ ਪਦਵੀ ਮਿਲੇਗੀ । ਨਾਲ ਹੀ ਗੁਰੂ ਹਰਿਰਾਇ ਜੀ ਨੂੰ ਗੁਰੂ ਜੀ ਨੇ ਕਿਹਾ ਕਿ ਆਪਣੇ ਚਾਚੇ ਤੇਗ ਬਹਾਦਰ ਦਾ ਮਾਨ ਸਤਿਕਾਰ ਆਪਣੇ ਪਿਤਾ ਵਾਂਗ ਕਰਨਾ ਹੈ । ”ਮਾਤਾ ਜੀ ਦਾ ਬਕਾਲੇ ਆਉਣਾ ਮਾਤਾ ਨਾਨਕੀ ਜੀ ਆਪਣੇ ਗੁਰੂ ਪਤੀ ਦੇ ਹੁਕਮ ਮੁਤਾਬਿਕ ਆਪਣੇ ਲੜਕੇ ਤੇਗ ਬਹਾਦਰ ਤੇ ਨੂੰਹ ਗੁਜਰੀ ਨੂੰ ਨਾਲ ਲੈ ਕੇ ਭਾ : ਮਿਹਰੇ ਦੀ ਹਵੇਲੀ ਆ ਟਿਕੇ । ਮਿਹਰਾ ਜੀ ਨੇ ਬੜਾ ਮਾਨ ਤੇ ਸਤਿਕਾਰ ਕੀਤਾ , ਰਹਿਣ ਲਈ ਇਕ ਵੱਖਰਾ ਮਕਾਨ ਦੇ ਦਿੱਤਾ ਤੇ ਤੇਗ ਬਹਾਦਰ ਜੀ ਦੀ ਤਪੱਸਿਆ ਲਈ ਇਕ ਭੋਰਾ ਪਟਵਾ ਦਿੱਤਾ । ਇਥੇ ਅੰਮ੍ਰਿਤ ਵੇਲੇ ਇਸ਼ਨਾਨ ਕਰਨ ਉਪ੍ਰੰਤ ਆ ਬਿਰਾਜਦੇ ਤੇ ਮਹਾਨ ਤਪ ਕਰਦੇ । ਮਾਤਾ ਨਾਨਕੀ ਦੀ ਛਤਰ ਛਾਇਆ ਹੇਠ ਤੇਗ ਬਹਾਦਰ ਜੀ ਦੀ ਵਿਅਕਤੀਗਤ ਨਿਖਰੀ । ਆਪਾ ਤਿਆਗ , ਗਿਆਨ , ਸਹਿਜ , ਤੇ ਨਿਰਭੈਅਤਾ ਇਨ੍ਹਾਂ ਦੇ ਜੀਵਨ ਦਾ ਅੰਗ ਬਣ ਗਏ । ਮਾਤਾ ਨਾਨਕੀ ਜੀ ਵੀ ਤੇਗ ਬਹਾਦਰ ਜੀ ਸਿਹਤ ਤੇ ਹਰ ਤਰ੍ਹਾਂ ਆਪ ਖਿਆਲ ਰੱਖਦੇ । ਤੇਗ ਬਹਾਦਰ ਤਪਸਿਆ ਕਰਦੇ ਵੀ ਕਈ ਵਾਰ ਬਾਹਰ ਨਿਕਲ ਕਈ – ਕਈ ਦਿਨ ਪ੍ਰਚਾਰ ਦੌਰਿਆ ਤੇ ਜਾਂਦੇ ਤੇ ਸਿੱਖੀ ਦਾ ਪ੍ਰਚਾਰ ਕਰਦੇ ਜਦੋਂ ਸਿੱਖ ਸੰਗਤਾਂ ਦਰਸ਼ਨਾਂ ਨੂੰ ਆਉਂਦੀਆਂ ਤਾਂ ਉਨ੍ਹਾਂ ਨੂੰ ਨੀਅਤ ਕੀਤੇ ਸਮੇਂ ਅਨੁਸਾਰ ਦਰਸ਼ਨ ਦੇਂਦੇ ਤੇ ਉਪਦੇਸ਼ ਵੀ ਦੇਂਦੇ ਤਾਹੀਓਂ ਤਾਂ ਇਸ ਇਲਾਕੇ ਸਿੱਖੀ ਪ੍ਰਫੁਲ ਰਹੀ ਹੈ । ਗੁਰੂ ਹਰਿ ਰਾਇ ਜੀ ਏਧਰ ਘਟ ਹੀ ਆਏ । ਆਪ ਨੇ ਸਿੱਖੀ ਪ੍ਰਚਾਰ ਨਹੀਂ ਛੱਡਿਆ ਸੰਗਤ ਨੂੰ ਗੁਰੂ ਘਰ ਨਾਲ ਜੋੜੀ ਰਖਿਆ । ਇਹ ਨਹੀਂ ਕਿ ਹਰ ਸਮੇਂ ਭੋਰੇ ਵਿਚ ਹੀ ਬੈਠੇ ਰਹੇ । ਦਿੱਲੀ ਜਦੋਂ ਬਾਲਕ ਗੁਰੂ ਹਰਿਕ੍ਰਿਸ਼ਨ ਜੀ ਜੋਤੀ ਜੋਤ ਸਮਾਉਣ ਲਗੇ ਤਾਂ ਸੰਗਤ ਨੇ ਪੁੱਛਿਆ ਉਹ ਸੰਗਤ ਨੂੰ ਕਿਸ ਦੇ ਲੜ ਲਾ ਚਲੇ ਹਨ , ਭਾਈ ਕੇਸਰ ਸਿੰਘ ਛਿਬਰ ਬੰਸਾਵਾਲੀ ਨਾਮੇ ਵਿਚ ਲਿਖਦਾ ਹੈ : – “ ਵਕਤ ਚਲਾਣੇ ਸਿੱਖਾਂ ਕੀਤੀ ਅਰਦਾਸ।ਗਰੀਬ ਸੰਗਤ ਵਡੀ ਕਿਸ ਪਾਸ । ਉਸ ਵਕਤ ਬਚਨ ਕੀਤਾ | ਬਾਬਾ ਬਕਾਲੇ । ਆਪ ਗਏ ਗੁਰਪੁਰ , ਦਹਿ ਜਾਲਾਏ ਸਨ ਚੰਦਨ ਨਾਲੇ।ਇਹ ਬਚਨ ਜ਼ਾਹਿਰ ਕਰਦੇ ਹਨ ਤੇਗ ਬਹਾਦਰ ਗੁਰੂ ਹਰਿਕ੍ਰਿਸ਼ਨ ਦੇ ਬਾਬੇ ਦੇ ਭਰਾ ਬਾਬੇ ਹੀ ਲੱਗਦੇ ਸਨ ਜਿਹੜੇ ਬਕਾਲੇ ਟਿਕੇ ਹੋਏ ਸਨ । ਮਾਤਾ ਸੁਲੱਖਣੀ ਜੀ ਨੇ ਗੁਰੂ ਗੱਦੀ ਸਾਮਾਨ ਤੇ ਪੋਥੀ ਸਾਹਿਬ ਦੀਵਾਨ ਦਰਗਾਹ ਮਲ , ਭਾਈ ਦਿਆਲਾ ਜੀ ਭਾਈ ਜੇਠਾ ਜੀ ਪਹਿਲਾਂ ਕੀਰਤਪੁਰ ਲੈ ਗਏ।ਉਥੇ ਬਾਬਾ ਗੁਰਦਿੱਤਾ ਜੀ ਬਾਬਾ ਬੁੱਢਾ ਜੀ ਨੂੰ ਲੈ ਕੇ ਬਕਾਲੇ ਵਲ ਚਲ ਪਏ ।
ਬਾਬਾ ਬਕਾਲੇ ਦੀ ਖਬਰ ਸੁਣ ਧੀਰ ਮਲ ਤੇ ਬਾਬਾ ਪ੍ਰਿਥੀ ਚੰਦ ਦਾ ਪੋਤਾ ਹਰਿ ਜੀ , ਮੀਣਾ ਆਦਿ ੨੨ ਪਾਖੰਡੀ ਨਾਲ ਲੈ ਲੋਕਾਂ ਨੂੰ ਗੁਮਰਾਹ ਕਰਨ ਲਈ ਆ ਗਏ।ਉਧਰੋਂ ਦਰਬਾਰੀ ਸਿੱਖ ਮਾਤਾ ਸੁਲੱਖਣੀ ਜੀ ਗੁਰ ਗੱਦੀ ਦੀਆਂ ਵਸਤੂਆਂ ਲੈ ਮਾਤਾ ਨਾਨਕੀ ਜੀ ਪਾਸ ਆ ਗਏ । ਉਧਰ ਮਾਤਾ ਸੁਲੱਖਣੀ ਜੀ ਨੇ ਸੁਨੇਹਾ ਭੇਜਿਆ ਸੀ ਬਜ਼ੁਰਗ ਦੁਆਰਕਾ ਦਾਸ ਭੱਲਾ ਤੇ ਅੰਮ੍ਰਿਤਸਰ ਤੋਂ ਪ੍ਰਸਿੱਧ ਗੁਰਮੁਖ ਭਾਈ ਗੜੀਆ ਜੀ ਵੀ ਆਣ ਪੁੱਜੇ । ਜਦੋਂ ਗੁਰਿਆਈ ਦੀਆਂ ਵਸਤੂਆਂ ਗੁਰੂ ਤੇਗ ਬਹਾਦਰ ਜੀ ਅੱਗੇ ਰੱਖੀਆਂ ਤਾਂ ਇਹ ਪ੍ਰਵਾਨ ਕਰਦਿਆਂ ਹੁਕਮ ਕੀਤਾ ਕਿ “ ਇਹ ( ਗੁਰ ਗੱਦੀ ) ਅਕਾਲ ਪੁਰਖ ਦੀ ਦਾਤ ਹੈ । ਇਸ ਦਾ ਢੰਡੋਰਾ ਪਿੱਟਣ ਦੀ ਲੋੜ ਨਹੀਂ ਹੈ । ਅਸੀਂ ਉਨ੍ਹਾਂ ੨੨ ਦੁਕਾਨਦਾਰਾਂ ਵਿੱਚ ਅਪਣੀ ਚਰਚਾ ਨਹੀਂ ਕਰਾਉਣੀ ਚਾਹੁੰਦੇ।ਨਾ ਹੀ ਕਿਸੇ ਨਾਲ ਵੈਰ ਵਿਰੋਧ ਲੈਣ ਦੀ ਲੋੜ ਹੈ । ਅਕਾਲ ਪੁਰਖ ਸੰਗਤ ਅੱਗੇ ਆਪਣੇ ਆਪ ਸਚਾਈ ਪ੍ਰਗਟ ਕਰੇਗਾ । ਹੁਣ ਅਕਾਲ ਪੁਰਖ ਨੇ ਭਾਈ ਮੱਖਣ ਸ਼ਾਹ ਨੂੰ ਗੁਰੂ ਜੀ ਨੂੰ ਪ੍ਰਗਟ ਕਰਨ ਲਈ ਭੇਜ ਦਿੱਤਾ । ਗੁਰੂ ਤੇਗ ਬਹਾਦਰ ਪ੍ਰਗਟ ਹੋ ਪਹਿਲਾਂ ਅੰਮ੍ਰਿਤਸਰ ਤਰਨਤਾਰਨ , ਖਡੂਰ ਸਾਹਿਬ ਗੋਇੰਦਵਾਲ ਤੇ ਕਰਤਾਰਪੁਰ ਹੁੰਦੇ ਸਿੱਖ ਜਗਤ ਨੂੰ ਤਾਰਦੇ ਕੀਰਤਪੁਰ ਜਾ ਪੁੱਜੇ । ਮਾਤਾ ਨਾਨਕੀ ਜੀ ਨੇ ਗੁਰੂ ਜੀ ਨੂੰ ਸਲਾਹ ਦਿੱਤੀ ਏਥੇ ਬਾਬੇ ਸੂਰਜ ਮਲ ਦੀ ਉਲਾਦ ਹੈ ਲੜਾਈ ਦਾ ਡਰ ਹੈ , ਕਿਤੇ ਅਗੇ ਚਲੀਏ । ਏਥੋਂ ਚੱਲ ਪੰਜ ਕੋਹ ਤੇ ਪਿੰਡ ਮਾਖੋਵਾਲ ਜਾ ਟਿੱਕੇ । ਏਥੇ ਥਾਂ ਮੁੱਲ ਲੈ ਕੇ ਉਸਾਰੀ ਸ਼ੁਰੂ ਕਰਾ ਦਿੱਤੀ । ਏਥੇ ਨਗਰ ਦੀ ਉਸਾਰੀ ਦੀ ਜ਼ਿਮੇਵਾਰੀ ਕੁਝ ਮੁਖ ਸਿੱਖਾਂ ਨੂੰ ਸੌਂਪ ਕੇ ਆਪ ਸਾਰੇ ਪ੍ਰਵਾਰ ਸਮੇਤ ਕੁਝ ਪ੍ਰਮੁੱਖ ਸਿੱਖਾਂ ਤੇ ਕਿਰਪਾਲ ਚੰਦ ਆਦਿ ਨੂੰ ਨਾਲ ਲੈ ਕੇ ਦੱਖਣ ਵਲ ਪ੍ਰਚਾਰ ਯਾਤਰਾ ਦਾ ਪ੍ਰੋਗਰਾਮ ਬਣਾ ਚਲ ਪਏ । ਰਾਹ ਵਿਚ ਸੰਗਤਾਂ ਨੂੰ ਤਾਰਦੇ ਦਿੱਲੀ , ਯੂ . ਪੀ . ਤੋਂ ਬਿਹਾਰ ਪਟਨਾ ਜਾ ਪੁੱਜੇ ਏਥੇ ਮਾਤਾ ਗੁਜਰੀ ਦੀ ਕੁੱਖ ਹਰੀ ਹੋਣ ਕਰਕੇ ਇਨ੍ਹਾਂ ਨੂੰ ਕਿਰਪਾਲ ਚੰਦ ਤੇ ਕੁਝ ਸਿੱਖਾਂ ਨੂੰ ਪਟਨੇ ਛਡ ਆਪ ਬੰਗਾਲ ਢਾਕਾ ਹੁੰਦੇ ਅਮਨ ਤੇ ਪਿਆਰ ਦਾ ਸੁਨੇਹਾ ਦੇਂਦੇ ਆਸਾਮ ਪੁੱਜ ਗਏ । ਪੋਹ ਸੁਦੀ ਸਤਵੀ ੧੭੨੩ ਬਿ . ਨੂੰ ਏਥੇ ਬਾਲ ਗੋਬਿੰਦ ਜੀ ਦਾ ਪ੍ਰਕਾਸ਼ ਹੋਇਆ । ਗੁਰੂ ਤੇਗ ਬਹਾਦਰ ਪੰਜ ਛੇ ਸਾਲ ਧਰਮ ਪ੍ਰਚਾਰ ਕਰਦੇ ਸੱਚ ਦਾ ਉਪਦੇਸ਼ ਦਿੰਦੇ ਰਹੇ ਇਧਰ ਪਟਨੇ ਵਿਚ ਬਾਲ ਗੋਬਿੰਦ ਰਾਇ ਜੀ ਦੀ ਪਾਲਣਾ ਆਪਦੀ ਦਾਦੀ ਮਾਤਾ ਨਾਨਕੀ ਜੀ ਦੀ ਛਤਰ ਛਾਇਆ ਹੇਠ ਹੁੰਦੀ ਰਹੀ । ਏਥੇ ਚੋਜ ਕਰ ਸੰਗਤਾਂ ਨੂੰ ਨਿਹਾਲ ਕਰਦੇ।ਉਧਰੋਂ ਗੁਰੂ ਜੀ ਹੋਰਾਂ ਨੂੰ ਚੱਕ ਨਾਨਕੀ ਆਉਣ ਲਈ ਸੰਦੇਸ਼ ਭੇਜਿਆ । ਉਧਰ ਆਪ ਆ ਪੁੱਜੇ । ਬਾਲਕ ਗੋਬਿੰਦ ਰਾਇ ਦੇ ਇੱਥੇ ਪੁਜਣ ਤੇ ਬਹੁਤ ਖੁਸ਼ੀਆਂ ਤੇ ਆਨੰਦ ਮਾਣੇ । ਦੀਪ ਮਾਲਾ ਕੀਤੀ ਗਈ । ਮਾਤਾ ਨਾਨਕੀ ਜੀ ਨੂੰ ਵਧਾਈਆਂ ਮਿਲਣ ਲਗੀਆਂ । ਬਾਲਕ ਗੋਬਿੰਦ ਰਾਇ ਦੇ ਨਾਨਕੀ ਚੱਕ ਆਉਣ ਦੀ ਖੁਸ਼ੀ ਵਿਚ ਇਸ ਚੱਕ ਨਾ ਬੱਦਲ ਕੇ ਆਨੰਦਪੁਰ ( ਖੁਸ਼ੀ ਦਾ ਘਰ ਰੱਖ ਦਿੱਤਾ ਗਿਆ |
ਗੁਰੂ ਤੇਗ ਬਹਾਦਰ ਜੀ ਨੇ ਬਚਪਨ ਵਿਚ ਹੀ ‘ ਗੋਬਿੰਦ ਰਾਇ ਜੀ ਨੂੰ ਭਾਂਤ ਭਾਂਤ ਦੇ ਸ਼ਾਸਤਰ ਦੇ ਸ਼ਸ਼ਤਰ ਦੀ ਵਿੱਦਿਆ ਤੇ ਸਿਖਿਆ ਦਾ ਪ੍ਰਬੰਧ ਕੀਤਾ । ਦੂਜੇ ਅਣਖ ਨਾਲ ਜੀਣਾ , ਧਰਮ ਦੀ ਆਜ਼ਾਦੀ ਨੂੰ ਬਚਾਈ ਰੱਖਣ , ਕਿਸੇ ਨੂੰ ਡਰਾਓ , ਨਾ ਕਿਸੇ ਤੋਂ ਡਰੋ ਦਾ ਉਪਦੇਸ਼ ਤੇ ਸਿਧਾਂਤ ਦਿਤਾ । ਮਾਤਾ ਨਾਨਕੀ ਜੀ ਨੇ ਜਿਹੜੇ ਗੁਣ ਨਿਰਭੈਅਤਾ , ਪਰਉਪਕਾਰ , ਦਯਾ ਤੇ ਦ੍ਰਿੜ ਵਿਸ਼ਵਾਸ਼ ਆਪਣੇ ਲਾਡਲੇ ਗੁਰੂ ਤੇਗ਼ ਬਹਾਦਰ ਵਿਚ ਭਰੇ ਸਨ ਉਹ ਸਾਰੇ ਗੁਣ ਬਾਲਕ ਗੋਬਿੰਦ ਰਾਇ ਵਿਚ ਆਪਣੇ ਆਪ ਆ ਗਏ । ਦਯਾ ਤੇ ਪਰਉਪਕਾਰ ਦੀ ਮੂਰਤ ਹੋਣ ਕਰਕੇ ਨੌਂ ਸਾਲ ਦੀ ਆਯੂ ਵਿਚ ਜ਼ਾਰ – ਜ਼ਾਰ ਰੋਦਿਆਂ ਬਾਹਮਣਾ ਨੂੰ ਵੇਖ ਆਪ ਨੇ ਯਤੀਮ ਹੋ ਜਾਣਾ ਕਬੂਲ ਕਰ ਲਿਆ ਤੇ ਇਨ੍ਹਾਂ ਦੇ ਧਰਮੀ ਤਿਲਕ ਤੇ ਜੰਝੂ ਬਦਲੇ ਆਪਣੇ ਪਿਤਾ ਦਾ ਬਲੀਦਾਨ ਦੇ ਦਿੱਤਾ ਤੇ ਮਾਤਾ ਨਾਨਕੀ ਜੀ ਨੇ ਬਿਰਧ ਅਵਸਥਾ ਵਿਚ ਆਪਣੇ ਹੱਥੀ ਆਪਣੀ ਅੱਖ ਦੇ ਤਾਰੇ ਨੂੰ ਧਰਮ ਰੱਖਿਆ ਲਈ ਤੋਰਿਆ । ਕਿੱਡਾ ਵੱਡਾ ਜਿਗਰਾ ਹੋਵੇਗਾ ਮਾਤਾ ਜੀ ਦਾ । ਜਦੋਂ ਗੁਰੂ ਜੀ ਦਾ ਸੀਸ ਦਿੱਲੀ ਤੋਂ ਜੈਤਾ ਜੀ ਕੀਰਤਪੁਰ ਸਾਹਿਬ ਲੈ ਕੇ ਆਏ ਤਾਂ ਓਥੋਂ ਇਹ ਸੀਸ ਦਾ ਮਾਤਮੀ ਜਲੂਸ ਅਨੰਦਪੁਰ ਸਾਹਿਬ ਆਇਆ ਤਾਂ ਮਾਤਾ ਨਾਨਕੀ ਜੀ ਤੇ ਨੌਂ ਸਾਲ ਦਾ ਮਰਦ ਅੰਗਮੜਾ ਇਸ ਜਲੂਸ ਦੀ ਅਗਵਾਈ ਕਰ ਰਹੇ ਸਨ । ਮਾਤਾ ਜੀ ਨੇ ਲੋਕਾਂ ਨੂੰ ਰੁਦਨ ਕਰਨ ਤੋਂ ਵਰਜ ਕੇ ਸ਼ਬਦ ਪੜਣ ਤੇ ਭਾਣੇ ਵਿਚ ਰਹਿਣ ਦਾ ਉਪਦੇਸ਼ ਦੇਂਦੇ ਰਹੇ । ਇਸ ਤਰ੍ਹਾਂ ਆਪਣੇ ਲਾਡਲੇ ਦੀ ਸ਼ਹੀਦੀ ਦੇ ਤਿੰਨ ਸਾਲ ਬਾਅਦ ਪ੍ਰਲੋਕ ਸਿਧਾਰ ਗਏ । ਆਪ ਜੀ ਦੀ ਆਯੂ ਉਸ ਵੇਲੇ ਅੱਸੀ ਸਾਲ ਦੇ ਲਾਗੇ ਸੀ । ਮਾਤਾ ਨਾਨਕੀ ਜੀ ਨੂੰ ਗੁਰੂ ਨੌਹ ਗੁਰੂ ਪਤਨੀ , ਗੁਰੂ ਮਾਤਾ ਤੇ ਗੁਰੂ ਦਾਦੀ ਹੋਣ ਦਾ ਮਾਣ ਮਿਲਿਆ ਫਿਰ ਸਾਰੇ ਹੀ ਚੜ੍ਹਦੇ ਤੋਂ ਚੜ੍ਹਦੇ ਸੂਰਮੇ ਤੇ ਨਿਰਭੈਤਾ ਅਤੇ ਕੁਰਬਾਨੀ ਦੇ ਪੁੰਜ । ਆਪ ਸਿੱਖੀ ਸੰਘਰਸ਼ ਤੇ ਸੰਕਟ ਵਿਚ ਦੀ ਵਿਚਰਦੇ ਵੀ ਪ੍ਰਵਾਰਿਕ ਧੰਦੇ ਬੜੇ ਸੁਚੱਜੇ ਤੇ ਪਿਆਰ ਪੂਰਵਕ ਢੰਗ ਨਾਲ ਨਿਭਾਉਂਦੇ ਰਹੇ । ਸਿੱਖ ਧਰਮ ਨੂੰ ਫੈਲਾਣ , ਸਿੱਖ ਲਹਿਰ ਨੂੰ ਪ੍ਰਚੰਡ ਕਰਨ ਤੇ ਪੁੱਤ – ਪੋਤਰੇ ਦੀ ਪ੍ਰਤਿਭਾ ਨੂੰ ਸਵਾਰਨ ਘੜਣ ਵਿਚ ਕਾਫੀ ਯੋਗ ਦਾਨ ਪਾਇਆ । ਮਾਤਾ ਜੀ ਸਿੱਖ ਧਰਮ ਨੂੰ ਸੰਭਾਲਣ ਤੇ ਨਿਡਰ ਹੋ ਕੇ ਭਾਰਤੀ ਧਰਮ ਦੀ ਆਜਾਦੀ ਦੀ ਰਖਿਆ ਕਰਨ ਹਿਤ ਆਪਣੇ ਪੁੱਤ , ਪੋਤਰੇ ਤੇ ਸਿੱਖਾਂ ਨੂੰ ਪ੍ਰੇਰਦੇ ਰਹੇ । ਮਾਤਾ ਨਾਨਕੀ ਜੀ ਦਾ ਆਦਰਸ਼ਕ ਜੀਵਨ ਸਿੱਖ ਇਤਿਹਾਸ ਨੂੰ ਘੜਣ , ਸੇਵਾ , ਸਿਮਰਨ , ਭਗਤੀ ਸਾਧਣਾ ਭਰਭੂਰ ਆਉਣ ਵਾਲੀ ਪੀੜ੍ਹੀ ਲਈ ਪ੍ਰੇਰਨਾ ਦਾ ਸਰੋਤ ਬਣਿਆ ਰਹੇਗਾ ।
☬ ਭੁੱਲ ਚੁੱਕ ਦੀ ਮੁਆਫੀ ☬
ਦਾਸ ਜੋਰਾਵਰ ਸਿੰਘ ਤਰਸਿੱਕਾ ।

सलोक ॥ मन इछा दान करणं सरबत्र आसा पूरनह ॥ खंडणं कलि कलेसह प्रभ सिमरि नानक नह दूरणह ॥१॥ हभि रंग माणहि जिसु संगि तै सिउ लाईऐ नेहु ॥ सो सहु बिंद न विसरउ नानक जिनि सुंदरु रचिआ देहु ॥२॥ पउड़ी ॥ जीउ प्रान तनु धनु दीआ दीने रस भोग ॥ ग्रिह मंदर रथ असु दीए रचि भले संजोग ॥ सुत बनिता साजन सेवक दीए प्रभ देवन जोग ॥ हरि सिमरत तनु मनु हरिआ लहि जाहि विजोग ॥ साधसंगि हरि गुण रमहु बिनसे सभि रोग ॥३॥

अर्थ: हे नानक जी! जो प्रभू हमें मन-इच्छत दातां देता है जो सब जगह (सब जीवों की) उम्मीदें पूरी करता है, जो हमारे झगड़े और कलेश नाश करने वाला है उस को याद कर, वह तेरे से दूर नहीं है ॥१॥ जिस प्रभू की बरकत से तुम सभी आनंद मानते हो, उस से प्रीत जोड़। जिस प्रभू ने तुम्हारा सुंदर शरीर बनाया है, हे नानक जी! रब कर के वह तुझे कभी भी न भूले ॥२॥ (प्रभू ने तुझे) जिंद प्राण शरीर और धन दिया और स्वादिष्ट पदार्थ भोगणें को दिए। तेरे अच्छे भाग बना कर, तुझे उस ने सुंदर घर, रथ और घोडे दिए। सब कुछ देने-वाले प्रभू ने तुझे पुत्र, पत्नी मित्र और नौकर दिए। उस प्रभू को सिमरनें से मन तन खिड़िया रहता है, सभी दुख खत्म हो जाते हैं। (हे भाई!) सत्संग में उस हरी के गुण चेते किया करो, सभी रोग (उस को सिमरनें से) नाश हो जाते हैं ॥३॥

ਅੰਗ : 706

ਸਲੋਕ ॥ ਮਨ ਇਛਾ ਦਾਨ ਕਰਣੰ ਸਰਬਤ੍ਰ ਆਸਾ ਪੂਰਨਹ ॥ ਖੰਡਣੰ ਕਲਿ ਕਲੇਸਹ ਪ੍ਰਭ ਸਿਮਰਿ ਨਾਨਕ ਨਹ ਦੂਰਣਹ ॥੧॥ ਹਭਿ ਰੰਗ ਮਾਣਹਿ ਜਿਸੁ ਸੰਗਿ ਤੈ ਸਿਉ ਲਾਈਐ ਨੇਹੁ ॥ ਸੋ ਸਹੁ ਬਿੰਦ ਨ ਵਿਸਰਉ ਨਾਨਕ ਜਿਨਿ ਸੁੰਦਰੁ ਰਚਿਆ ਦੇਹੁ ॥੨॥ ਪਉੜੀ ॥ ਜੀਉ ਪ੍ਰਾਨ ਤਨੁ ਧਨੁ ਦੀਆ ਦੀਨੇ ਰਸ ਭੋਗ ॥ ਗ੍ਰਿਹ ਮੰਦਰ ਰਥ ਅਸੁ ਦੀਏ ਰਚਿ ਭਲੇ ਸੰਜੋਗ ॥ ਸੁਤ ਬਨਿਤਾ ਸਾਜਨ ਸੇਵਕ ਦੀਏ ਪ੍ਰਭ ਦੇਵਨ ਜੋਗ ॥ ਹਰਿ ਸਿਮਰਤ ਤਨੁ ਮਨੁ ਹਰਿਆ ਲਹਿ ਜਾਹਿ ਵਿਜੋਗ ॥ ਸਾਧਸੰਗਿ ਹਰਿ ਗੁਣ ਰਮਹੁ ਬਿਨਸੇ ਸਭਿ ਰੋਗ ॥੩॥

ਅਰਥ: ਹੇ ਨਾਨਕ ਜੀ! ਜੋ ਪ੍ਰਭੂ ਅਸਾਨੂੰ ਮਨ-ਮੰਨੀਆਂ ਦਾਤਾਂ ਦੇਂਦਾ ਹੈ ਜੋ ਸਭ ਥਾਂ (ਸਭ ਜੀਵਾਂ ਦੀਆਂ) ਆਸਾਂ ਪੂਰੀਆਂ ਕਰਦਾ ਹੈ, ਜੋ ਅਸਾਡੇ ਝਗੜੇ ਤੇ ਕਲੇਸ਼ ਨਾਸ ਕਰਨ ਵਾਲਾ ਹੈ ਉਸ ਨੂੰ ਯਾਦ ਕਰ, ਉਹ ਤੈਥੋਂ ਦੂਰ ਨਹੀਂ ਹੈ ॥੧॥ ਜਿਸ ਪ੍ਰਭੂ ਦੀ ਬਰਕਤਿ ਨਾਲ ਤੂੰ ਸਾਰੀਆਂ ਮੌਜਾਂ ਮਾਣਦਾ ਹੈਂ, ਉਸ ਨਾਲ ਪ੍ਰੀਤ ਜੋੜ। ਜਿਸ ਪ੍ਰਭੂ ਨੇ ਤੇਰਾ ਸੋਹਣਾ ਸਰੀਰ ਬਣਾਇਆ ਹੈ, ਹੇ ਨਾਨਕ ਜੀ! ਰੱਬ ਕਰ ਕੇ ਉਹ ਤੈਨੂੰ ਕਦੇ ਭੀ ਨਾਹ ਭੁੱਲੇ ॥੨॥ (ਪ੍ਰਭੂ ਨੇ ਤੈਨੂੰ) ਜਿੰਦ ਪ੍ਰਾਣ ਸਰੀਰ ਤੇ ਧਨ ਦਿੱਤਾ ਤੇ ਸੁਆਦਲੇ ਪਦਾਰਥ ਭੋਗਣ ਨੂੰ ਦਿੱਤੇ। ਤੇਰੇ ਚੰਗੇ ਭਾਗ ਬਣਾ ਕੇ, ਤੈਨੂੰ ਉਸ ਨੇ ਘਰ ਸੋਹਣੇ ਮਕਾਨ, ਰਥ ਤੇ ਘੋੜੇ ਦਿੱਤੇ। ਸਭ ਕੁਝ ਦੇਣ-ਜੋਗੇ ਪ੍ਰਭੂ ਨੇ ਤੈਨੂੰ ਪੁੱਤਰ, ਵਹੁਟੀ ਮਿੱਤ੍ਰ ਤੇ ਨੌਕਰ ਦਿੱਤੇ। ਉਸ ਪ੍ਰਭੂ ਨੂੰ ਸਿਮਰਿਆਂ ਮਨ ਤਨ ਖਿੜਿਆ ਰਹਿੰਦਾ ਹੈ, ਸਾਰੇ ਦੁੱਖ ਮਿਟ ਜਾਂਦੇ ਹਨ। (ਹੇ ਭਾਈ!) ਸਤਸੰਗ ਵਿਚ ਉਸ ਹਰੀ ਦੇ ਗੁਣ ਚੇਤੇ ਕਰਿਆ ਕਰੋ, ਸਾਰੇ ਰੋਗ (ਉਸ ਨੂੰ ਸਿਮਰਿਆਂ) ਨਾਸ ਹੋ ਜਾਂਦੇ ਹਨ ॥੩॥

सलोक मः ५ ॥ नदी तरंदड़ी मैडा खोजु न खु्मभै मंझि मुहबति तेरी ॥ तउ सह चरणी मैडा हीअड़ा सीतमु हरि नानक तुलहा बेड़ी ॥१॥ मः ५ ॥ जिन्हा दिसंदड़िआ दुरमति वंञै मित्र असाडड़े सेई ॥हउ ढूढेदी जगु सबाइआ जन नानक विरले केई ॥२॥ पउड़ी ॥ आवै साहिबु चिति तेरिआ भगता डिठिआ ॥ मन की कटीऐ मैलु साधसंगि वुठिआ ॥ जनम मरण भउ कटीऐ जन का सबदु जपि ॥ बंधन खोलन्हि संत दूत सभि जाहि छपि ॥ तिसु सिउ लाइन्हि रंगु जिस दी सभ धारीआ ॥ ऊची हूं ऊचा थानु अगम अपारीआ ॥ रैणि दिनसु कर जोड़ि सासि सासि धिआईऐ ॥ जा आपे होइ दइआलु तां भगत संगु पाईऐ
॥९॥

(संसार) नदी में तैरते मेरा पैर ( मोह के कीचड में ) नहीं गुस्ता , क्योकि मेरे दिल में तेरी प्रीत है। हे पति (प्रभु) ! मेंने अपना यह निमन्हा सा दिल तेरे चरणों में परो लिया है, हे हरी ! ( संसार- समुन्दर में तेरने के लिए , तू ही ) नानक का तुला है और बेडी है ॥੧॥ हमारे (असली) मित्र वही मानुष है जिनका दीदार होने से गलत मत (सोच) दूर हो जाती है, पर , गुरू नानक जी स्वयं को कहते हैं, हे दास नानक ! में सारा जगत देख लिया है , कोई विरले ( इस प्रकार के मनुषः मिलते है) ॥੨॥ ( हे प्रभु!) तेरे भगतो के दर्शन करने सेतू मालिक हमारे मन में आ बस्ता है। साध सांगत में हमारी मन की मेल कट जाती है, और फिर सिफत -सलाह की बाणी पड़ने से सेवक का जनम मरण का ( भाव, सारी उम्र का ) डर कट जाता है। क्योकि संत ( जिस मनुषः के माया वाले ) बंधन खोलते है ( उस के विकार रूप ) सारे जिन भुत छुप जाते है। यह सारा संसार जिस प्रभु का बनाया हुआ है , जिस का अस्थान सब से उचा है, जो बहुत बेअंत है, संत उस परमात्मा के साथ ( हमारा ) प्यार जोड़ देते है। दिन रात हर साँस के साथ हाथ जोड़ के प्रभु का सिमरन करना चाहिए । जब प्रभु सवम दयाल होता तो उस के भगतो की सांगत प्राप्त होती है ॥९॥

ਅੰਗ : 520

ਸਲੋਕ ਮ:੫ ॥ ਨਦੀ ਤਰੰਦੜੀ ਮੈਡਾ ਖੋਜੁ ਨ ਖੁੰਭੈ ਮੰਝਿ ਮੁਹਬਤਿ ਤੇਰੀ ॥ ਤਉ ਸਹ ਚਰਣੀ ਮੈਡਾ ਹੀਅੜਾ ਸੀਤਮੁ ਹਰਿ ਨਾਨਕ ਤੁਲਹਾ ਬੇੜੀ ॥੧॥ ਮ: ੫ ॥ ਜਿਨ੍ਹ੍ਹਾ ਦਿਸੰਦੜਿਆ ਦੁਰਮਤਿ ਵੰਞੈ ਮਿਤ੍ਰ ਅਸਾਡੜੇ ਸੇਈ ॥ ਹਉ ਢੂਢੇਦੀ ਜਗੁ ਸਬਾਇਆ ਜਨ ਨਾਨਕ ਵਿਰਲੇ ਕੇਈ ॥੨॥ ਪਉੜੀ ॥ ਆਵੈ ਸਾਹਿਬੁ ਚਿਤਿ ਤੇਰਿਆ ਭਗਤਾ ਡਿਠਿਆ ॥ ਮਨ ਕੀ ਕਟੀਐ ਮੈਲੁ ਸਾਧਸੰਗਿ ਵੁਠਿਆ ॥ ਜਨਮ ਮਰਣ ਭਉ ਕਟੀਐ ਜਨ ਕਾ ਸਬਦੁ ਜਪਿ ॥ ਬੰਧਨ ਖੋਲਨ੍ਹ੍ਹਿ ਸੰਤ ਦੂਤ ਸਭਿ ਜਾਹਿ ਛਪਿ ॥ ਤਿਸੁ ਸਿਉ ਲਾਇਨ੍ਹ੍ਹਿ ਰੰਗੁ ਜਿਸ ਦੀ ਸਭ ਧਾਰੀਆ ॥ ਊਚੀ ਹੂੰ ਊਚਾ ਥਾਨੁ ਅਗਮ ਅਪਾਰੀਆ ॥ ਰੈਣਿ ਦਿਨਸੁ ਕਰ ਜੋੜਿ ਸਾਸਿ ਸਾਸਿ ਧਿਆਈਐ ॥ ਜਾ ਆਪੇ ਹੋਇ ਦਇਆਲੁ ਤਾਂ ਭਗਤ ਸੰਗੁ ਪਾਈਐ ॥੯॥

ਅਰਥ: (ਸੰਸਾਰ-) ਨਦੀ ਵਿਚ ਤਰਦੀ ਦਾ ਮੇਰਾ ਪੈਰ (ਮੋਹ ਦੇ ਚਿੱਕੜ ਵਿਚ) ਨਹੀਂ ਖੁੱਭਦਾ,ਕਿਉਂਕਿ ਮੇਰੇ ਹਿਰਦੇ ਵਿਚ ਤੇਰੀ ਪ੍ਰੀਤ ਹੈ। ਹੇ ਪਤੀ (ਪ੍ਰਭੂ)! ਮੈਂ ਆਪਣਾ ਇਹ ਨਿਮਾਣਾ ਜਿਹਾ ਦਿਲ ਤੇਰੇ ਚਰਨਾਂ ਵਿਚ ਪ੍ਰੋ ਲਿਆ ਹੈ, ਹੇ ਹਰੀ! (ਸੰਸਾਰ-ਸਮੁੰਦਰ ਵਿਚੋਂ ਤਰਨ ਲਈ, ਤੂੰ ਹੀ) ਨਾਨਕ ਦਾ ਤੁਲ੍ਹਾ ਹੈਂ ਤੇ ਬੇੜੀ ਹੈਂ ॥੧॥ ਸਾਡੇ (ਅਸਲ) ਮਿੱਤਰ ਉਹੀ ਮਨੁੱਖ ਹਨ ਜਿਨ੍ਹਾਂ ਦਾ ਦੀਦਾਰ ਹੋਇਆਂ ਭੈੜੀ ਮੱਤ ਦੂਰ ਹੋ ਜਾਂਦੀ ਹੈ, ਪਰ, ਗੁਰੂ ਨਾਨਕ ਜੀ ਆਪ ਨੂੰ ਕਹਿੰਦੇ ਹਨ, ਹੇ ਦਾਸ ਨਾਨਕ! ਮੈਂ ਸਾਰਾ ਜਗਤ ਭਾਲ ਵੇਖਿਆ ਹੈ, ਕੋਈ ਵਿਰਲੇ (ਅਜੇਹੇ ਮਨੁੱਖ ਮਿਲਦੇ ਹਨ) ॥੨॥ (ਹੇ ਪ੍ਰਭੂ!) ਤੇਰੇ ਭਗਤਾਂ ਦੇ ਦਰਸ਼ਨ ਕੀਤਿਆਂ ਤੂੰ ਮਾਲਕ ਅਸਾਡੇ ਮਨ ਵਿਚ ਆ ਵੱਸਦਾ ਹੈਂ। ਸਾਧ ਸੰਗਤ ਵਿਚ ਅੱਪੜਿਆਂ ਮਨ ਦੀ ਮੈਲ ਕੱਟੀ ਜਾਂਦੀ ਹੈ, ਤੇ ਫਿਰ ਸਿਫ਼ਤ-ਸਾਲਾਹ ਦੀ ਬਾਣੀ ਪੜ੍ਹਿਆਂ ਸੇਵਕ ਦਾ ਜਨਮ ਮਰਨ ਦਾ (ਭਾਵ, ਸਾਰੀ ਉਮਰ ਦਾ) ਡਰ ਕੱਟਿਆ ਜਾਂਦਾ ਹੈ। ਕਿਉਂਕਿ ਸੰਤ (ਜਿਸ ਮਨੁੱਖ ਦੇ ਮਾਇਆ ਵਾਲੇ) ਬੰਧਨ ਖੋਲ੍ਹਦੇ ਹਨ (ਉਸ ਦੇ ਵਿਕਾਰ ਰੂਪ) ਸਾਰੇ ਜਿੰਨ ਭੂਤ ਲੁਕ ਜਾਂਦੇ ਹਨ। ਇਹ ਸਾਰੀ ਸ੍ਰਿਸ਼ਟੀ ਜਿਸ ਪ੍ਰਭੂ ਦੀ ਟਿਕਾਈ ਹੋਈ ਹੈ, ਜਿਸ ਦਾ ਅਸਥਾਨ ਸਭ ਤੋਂ ਉੱਚਾ ਹੈ, ਜੋ ਅਪਹੁੰਚ ਤੇ ਬੇਅੰਤ ਹੈ, ਸੰਤ ਉਸ ਪਰਮਾਤਮਾ ਨਾਲ (ਅਸਾਡਾ) ਪਿਆਰ ਜੋੜ ਦੇਂਦੇ ਹਨ। ਦਿਨ ਰਾਤਿ ਸੁਆਸ ਸੁਆਸ ਹੱਥ ਜੋੜ ਕੇ ਪ੍ਰਭੂ ਦਾ ਸਿਮਰਨ ਕਰਨਾ ਚਾਹੀਦਾ ਹੈ। ਜਦੋਂ ਪ੍ਰਭੂ ਆਪ ਹੀ ਦਿਆਲ ਹੁੰਦਾ ਹੈ ਤਾਂ ਉਸ ਦੇ ਭਗਤਾਂ ਦੀ ਸੰਗਤ ਪ੍ਰਾਪਤ ਹੁੰਦੀ ਹੈ ॥੯॥

Begin typing your search term above and press enter to search. Press ESC to cancel.

Back To Top