ਜਦ ਭਾਈ ਜੇਠਾ ਜੀ ਗੋਇੰਦਵਾਲ ਪਹੁੰਚੇ ਤਾਂ ਉਨ੍ਹਾਂ ਵੇਖਿਆ ਕਿ ਗੋਇੰਦਵਾਲ ਸ਼ਹਿਰ ਦੀ ਉਸਾਰੀ ਜ਼ੋਰ ਸ਼ੋਰ ਨਾਲ ਹੋ ਰਹੀ ਹੈ ਅਤੇ ਪਿੰਡਾਂ ਦੇ ਲੋਕ ਬੜੇ ਸਤਿਕਾਰ ਅਤੇ ਪ੍ਰੇਮ ਨਾਲ ਸੇਵਾ ਕਰ ਰਹੇ ਸਨ।
ਉਨਾਂ ਨੇ ਉਥੇ ਜਾ ਕੇ ਘੁੰਗਣੀਆਂ ਦੀ ਛਾਬੜੀ ਲਾ ਲਈ। ਜਦ ਘੁੰਗਣੀਆਂ ਵਿਕ ਜਾਂਦੀਆਂ ਤਾਂ ਉਹ ਵੀ ਸੇਵਾ ਵਿਚ ਲੱਗ ਜਾਂਦੇ। ਬਾਬਾ ਅਮਰ ਦਾਸ ਜੀ ਜਿਨ੍ਹਾਂ ਨੂੰ ਉਸ ਸਮੇਂ ਹਾਲੇ ਗੁਰੂ ਗਦੀ ਨਹੀ ਮਿਲੀ ਸੀ, ਸਵੇਰੇ ਸਵੱਖਤੇ ਉੱਠ ਕੇ ਪਾਣੀ ਦੀ ਗਾਗਰ ਦਰਿਆ ਬਿਆਸ ਵਿਚੋਂ ਭਰ ਕੇ ਖਡੂਰ ਸਾਹਿਬ ਚਲੇ ਜਾਂਦੇ ਸਨ। ਭਾਈ ਜੇਠਾ ਜੀ ਦੇ ਕੰਮ ਕਾਰ ਤੇ ਉਹ ਬਹੁਤ ਖੁਸ਼ ਸਨ।
ਬਾਬਾ ਜੀ ਨੇ ਉਨ੍ਹਾਂ ਦੇ ਰਹਿਣ ਦਾ ਵੀ ਚੰਗਾ ਪ੍ਰਬੰਧ ਕਰ ਦਿੱਤਾ ਸੀ। ਸਾਰੇ ਲੋਕ ਉਨ੍ਹਾਂ ਨੂੰ ਬਾਬਾ ਪਰਿਵਾਰ ਦਾ ਹੀ ਸਮਝਦੇ ਸਨ, ਕਿਉਂਕਿ ਬਸਾਰਕੇ ਤੋਂ ਉਹ ਬਾਬਾ ਜੀ ਨਾਲ ਹੀ ਆਏ ਸਨ।
ਉਹ ਹੀ ਪਰਿਵਾਰ ਨਾਲ ਘੁਲ ਮਿਲ ਗਏ ਸਨ। ਉਹ ਮਾਤਾ ਮਨਸਾ ਦੇਵੀ ਜੀ ਨੂੰ ਆਪਣੀ ਸਕੀ ਮਾਂ ਵਾਂਗ ਸਮਝਦੇ ਸਨ ਅਤੇ ਮਾਤਾ ਮਨਸਾ ਦੇਵੀ ਜੀ ਵੀ ਉਨ੍ਹਾਂ ਨੂੰ ਆਪਣਾ ਪੁੱਤਰ ਹੀ ਸਮਝਦੀ ਸੀ। ਇਸ ਤਰ੍ਹਾਂ ਛੇ ਸਾਲ ਗੋਇੰਦਵਾਲ ਦੀ ਉਸਾਰੀ ਚਲਦੀ ਰਹੀ। ਜਿਵੇਂ ਜਿਵੇਂ ਬਾਬਾ ਅਮਰ ਦਾਸ ਜੀ ਗੋਇੰਦੇ ਨੂੰ ਕਹਿੰਦੇ ਗਏ, ਉਸ ਤਰ੍ਹਾਂ ਹੀ ਉਹ ਸ਼ਹਿਰ ਦੀ ਉਸਾਰੀ ਕਰਵਾਉਂਦਾ ਗਿਆ।
ਸੈਂਕੜਿਆਂ ਦੀ ਗਿਣਤੀ ਵਿਚ ਸਿੱਖ ਸੰਗਤਾਂ ਨੂੰ ਸ਼ਹਿਰ ਦੀ ਉਸਾਰੀ ਕਰਦੇ ਵੇਖ ਕੇ ਗੋਇੰਦੇ ਦੇ ਸ਼ਰੀਕਾਂ ਦੀ ਇਹ ਹਿੰਮਤ ਨਾ ਹੋਈ ਕਿ ਉਹ ਭੂਤਾਂ ਪੇ੍ਰਤਾਂ ਦਾ ਡਰਾਵਾ ਦੇ ਕੇ ਕੰਮ ਵਿਚ ਰੁਕਾਵਟ ਪਾ ਸਕਣ। ਹੁਣ ਉਹ ਵੀ ਉਸਾਰੀ ਵਿਚ ਸਹਾਇਤਾ ਕਰਨ ਲੱਗੇ।
ਜਦ ਸ਼ਹਿਰ ਦੀ ਕਾਫੀ ਹੱਦ ਤਕ ਉਸਾਰੀ ਹੋ ਗਈ ਤਾਂ ਬਾਬਾ ਅਮਰ ਦਾਸ ਜੀ ਗੁਰੂ ਜੀ ਪਾਸੋਂ ਪਿੰਡ ਦਾ ਨਾਂ ਰਖਣ ਬਾਰੇ ਪੁਛਣ ਗਏ। ਗੁਰੂ ਜੀ ਨੇ ਨਵੇ ਨਗਰ ਦਾ ਨਾਂ ਗੋਇੰਦਵਾਲ ਰੱਖਣ ਵਾਸਤੇ ਕਿਹਾ, ਇਹੋ ਨਾਂ ਬਾਅਦ ਵਿਚ ਪ੍ਰਸਿੱਧ ਹੋ ਗਿਆ।
ਗੁਰੂ ਅੰਗਦ ਦੇਵ ਜੀ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰ ਗੱਦੀ ਬਾਬਾ ਅਮਰ ਦਾਸ ਜੀ ਨੂੰ ਸੌਂਪ ਗਏ। ਗੁਰ ਗੱਦੀ ਸੌਂਪਣ ਤੋਂ ਬਾਅਦ ਉਨ੍ਹਾਂ ਬਾਬਾ ਜੀ ਨੂੰ ਇਹ ਆਦੇਸ਼ ਕੀਤਾ ਕਿ ਉਹ ਆਪਣੀ ਪੱਕੀ ਰਿਹਾਇਸ਼ ਗੋਇੰਦਵਾਲ ਹੀ ਰੱਖਣ ਅਤੇ ਉਥੇ ਰਹਿਕੇ ਹੀ ਸਿੱਖੀ ਦਾ ਪ੍ਰਚਾਰ ਕਰਨ।
ਗੋਇੰਦਵਾਲ ਕਿਉਂਕਿ ਵੱਡੀ ਸੜਕ ਦੇ ਉੱਤੇ ਸਥਿਤ ਸੀ ਇਸ ਲਈ ਇਸ ਸਥਾਨ ਤੇ ਦੂਰੋਂ ਦੂਰੋਂ ਲੋਕਾਂ ਦਾ ਆਉਣਾ ਆਸਾਨ ਸੀ। ਜਦ ਗੁਰੂ ਅੰਗਦ ਦੇਵ ਜੀ ਜੋਤੀ ਜੋਤ ਸਮਾ ਗਏ ਤਾਂ ਗੁਰੂ ਅਮਰਦਾਸ ਜੀ ਪੱਕੇ ਤੌਰ ਤੇ ਗੋਇੰਦਵਾਲ ਆ ਗਏ।
ਹੁਣ ਭਾਈ ਜੇਠਾ ਜੀ ਨੂੰ ਗੁਰੂ ਜੀ ਦੀ ਸੇਵਾ ਕਰਨ ਦਾ ਸਮਾਂ ਮਿਲਿਆ। ਉਹ ਹਰ ਵੇਲੇ ਉਨ੍ਹਾਂ ਦੇ ਨਾਲ ਰਹਿੰਦੇ ਅਤੇ ਹਰ ਹੁਕਮ ਦੀ ਤੁਰੰਤ ਪਾਲਣਾ ਕਰਦੇ।
ਸੰਗਤ ਵਾਸਤੇ ਹਰ ਸਮੇਂ ਲੰਗਰ ਵਰਤਦਾ ਸੀ, ਪਰ ਭਾਈ ਜੇਠਾ ਜੀ ਫਿਰ ਵੀ ਘੁੰਗਣੀਆਂ ਦੀ ਛਾਬੜੀ ਲਾਉਂਦੇ। ਗੁਰੁ ਘਰ ਦੀ ਸੇਵਾ ਵਲੋਂ ਉਹ ਕਦੇ ਅਵੇਸਲੇ ਨਹੀਂ ਸਨ ਹੁੰਦੇ।
ਗੁਰੂ ਅਮਰ ਦਾਸ ਜੀ ਜਦ ਰੋਜ਼ ਵੇਖਦੇ ਕਿ ਭਾਈ ਜੇਠਾ ਜੀ ਦੀਵਾਨ ਦੀ ਹਾਜ਼ਰੀ ਵੀ ਭਰਦੇ ਹਨ, ਸੇਵਾ ਵੀ ਪੂਰੀ ਤਨਦੇਹੀ ਨਾਲ ਕਰਦੇ ਹਨ ਅਤੇ ਦਸਾਂ ਨੌਹਾਂ ਦੀ ਕਿਰਤ ਵੀ ਕਰਦੇ ਹਨ ਤਾਂ ਉਨ੍ਹਾਂ ਭਾਈ ਜੇਠਾ ਜੀ ਨੂੰ ਆਪਣੇ ਪਾਸ ਬੁਲਾਇਆ ਅਤੇ ਕਿਹਾ, ‘ਬੇਟਾ! ਕੀ ਖਾਹਿਸ਼ ਲੈ ਕੇ ਇਥੇ ਆਏ ਹੋ?’
ਭਾਈ ਜੇਠਾ ਜੀ ਨੇ ਕਿਹਾ, ‘ਮੈਂ ਸਭ ਖਾਹਿਸ਼ਾਂ ਛੱਡ ਕੇ ਇਥੇ ਆਇਆ ਹਾਂ’। ਗੁਰੂ ਜੀ ਉਨ੍ਹਾਂ ਦਾ ਇਹ ਉੱਤਰ ਸੁਣ ਕੇ ਬਹੁਤ ਪ੍ਰਸੰਨ ਹੋਏ।
ਅਗਲਾ ਹਿੱਸਾ ਕੱਲ

ਸਾਖੀ ਭਾਗ ਪਹਿਲਾ – *ਗੁਰੂ ਰਾਮਦਾਸ ਸਾਹਿਬ ਜੀ* – ਪ੍ਰਕਾਸ਼
*ਸਾਡੀ ਵਿਚਾਰ*:~ ਸੰਗਤ ਜੀ ਅੱਜ ਤੋਂ ਗੁਰੂ ਰਾਮਦਾਸ ਸਾਹਿਬ ਜੀ ਦੇ ਜੀਵਨ ਦਾ ਇਤਿਹਾਸ ਸ਼ੁਰੂ ਕਰ ਰਹੇ ਹਾਂ ਉਮੀਦ ਕਰਦੇ ਹਾਂ ਤੁਸੀਂ ਪਹਿਲਾਂ ਦੀ ਤਰ੍ਹਾਂ ਹੀ ਪੋਸਟ ਸ਼ੇਅਰ ਕਰ ਕੇ ਸਾਡਾ ਸਾਥ ਦੇਵੋ ਗੇ ਧੰਨਵਾਦ
ਗੁਰੂ ਰਾਮਦਾਸ ਜੀ ਦਾ ਜਨਮ ਚੂਨਾ ਮੰਡੀ ਲਾਹੌਰ ਵਿਖੇ 24 ਸਤੰਬਰ, 1534 ਨੂੰ ਬਾਬਾ ਹਰਿਦਾਸ ਜੀ ਦੇ ਘਰ ਮਾਤਾ ਅਨੂਪੀ ਜੀ ਦੀ ਕੁੱਖ ਤੋਂ ਹੋਇਆ।
ਉਨ੍ਹਾਂ ਦਾ ਨਾਂ ਰਾਮਦਾਸ ਰੱਖਿਆ ਗਿਆ ਪਰ ਕਿਉਂਕਿ ਘਰ ਵਿਚ ਸਭ ਤੋਂ ਵਡੇ ਪੁੱਤਰ ਸਨ ਇਸ ਲਈ ਉਨ੍ਹਾਂ ਦਾ ਨਾਂ ਜੇਠਾ ਹੀ ਪ੍ਰਸਿਧ ਹੋਇਆ। ਉਨਾਂ ਤੋਂ ਛੋਟਾ ਇਕ ਭਰਾ ਹਰਿਦਿਆਲ ਅਤੇ ਭੈਣ ਰਾਮਦਾਸੀ ਸੀ।
ਆਪ ਬੜੇ ਸੁੰਦਰ, ਸੁਣੱਖੇ ਅਤੇ ਹਰ ਸਮੇਂ ਮੁਸਕਰਾਉਂਦੇ ਰਹਿੰਦੇ ਸਨ।ਆਪ ਦਾ ਪ੍ਰਭੂ ਨਾਲ ਬਚੱਪਨ ਹੋਂ ਹੀ ਪਿਆਰ ਸੀ। ਆਪ ਜੀ ਬੜੇ ਧੀਰਜ ਵਾਲੇ ਅਤੇ ਮਿਲਾਪੜੇ ਸਨ।
ਆਪ ਜੀ ਜਦ ਕਿਸੇ ਮਹਾਂਪੁਰਸ਼ ਜਾਂ ਸਾਧੂ ਮਹਾਤਮਾ ਨੂੰ ਮਿਲਦੇ ਤਾਂ ਉਸ ਨੂੰ ਘਰ ਲੈ ਆਉਂਦੇ ਅਤੇ ਉਸ ਨੂੰ ਅੰਨ ਪਾਣੀ ਛਕਾ ਕੇ ਬੜੇ ਪ੍ਰਸੰਨ ਹੁੰਦੇ। ਜਦ ਬੱਚਿਆਂ ਨਾਲ ਖੇਡਦੇ ਤਾਂ ਉਨ੍ਹਾਂ ਨੂੰ ਵੀ ਪ੍ਰਭੂ ਭਗਤੀ ਦੀਆਂ ਸਾਖੀਆਂ ਹੀ ਸੁਣਾਉਂਦੇ।
ਆਪ ਹਾਲੇ ਸੱਤ ਸਾਲ ਦੇ ਹੀ ਹੋਏ ਸਨ ਕਿ ਆਪ ਦੇ ਮਾਤਾ ਪਿਤਾ ਗੁਜ਼ਰ ਗਏ। ਆਪ ਬਹੁਤ ਛੋਟੀ ਉਮਰ ਵਿਚ ਹੀ ਅਨਾਥ ਹੋ ਗਏ। ਛੋਟੇ ਭੈਣ ਭਰਾਵਾਂ ਦੇ ਪਾਲਣ ਪੋਸ਼ਣ ਦੀ ਜ਼ਿੰਮੇਵਾਰੀ ਵੀ ਆਪ ਤੇ ਆ ਪਈ। ਇਸ ਲਈ ਮਾਂ ਬਾਪ ਦਾ ਲਾਡ ਪਿਆਰ ਮਿਲਣ ਦੇ ਥਾਂ ਆਪ ਨੂੰ ਕਿਰਤ ਕਮਾਈ ਕਰਨੀ ਪਈ।
ਆਪ ਜੀ ਦੇ ਨਾਨਾਂ ਨਾਨੀ ਨੇ ਜਦ ਇਹ ਵੇਖਿਆ ਕਿ ਆਪ ਜੀ ਦਾ ਕੋਈ ਨਹੀਂ ਰਿਹਾ ਤਾਂ ਉਹ ਉਹਨਾਂ ਸਾਰਿਆਂ ਨੂੰ ਪਿੰਡ ਬਸਾਰਕੇ ਲੈ ਆਏ। ਆਪ ਜੀ ਦੇ ਨਾਨਾਂ ਜੀ ਵੀ ਦੁਕਾਨ ਕਰਦੇ ਸਨ। ਪਰਿਵਾਰ ਵੱਡਾ ਹੋਣ ਕਰਕੇ ਗੁਜ਼ਾਰਾ ਮੁਸ਼ਕਲ ਨਾਲ ਚਲਦਾ ਸੀ। ਇਸ ਕਰਕੇ ਇਥੇ ਵੀ ਆ ਕੇ ਆਪ ਜੀ ਨੂੰ ਕੋਈ ਨਾ ਕੋਈ ਕੰਮ ਕਰਨਾ ਜ਼ਰੂਰੀ ਬਣ ਗਿਆ।
ਉਸ ਸਮੇਂ ਬਸਾਰਕੇ ਪਿੰਡ ਲਾਗੇ ਇਕ ਬਹੁਤ ਵੱਡਾ ਸਰੋਵਰ ਸੀ ਜਿਸ ਦੇ ਕੰਢੇ ਉਤੇ ਪਿਪਲ ਦੇ ਛਾਂ ਦਾਰ ਦਰੱਖਤ ਸਨ। ਇਨਾਂ ਦਰੱਖਤਾਂ ਹੇਠਾਂ ਆਪ ਜੀ ਨੇ ਘੁੰਗਣੀਆਂ ਦੀ ਛਾਬੜੀ ਲਾ ਲਈ। ਮਿੱਠੇ ਬੋਲੜੇ ਅਤੇ ਮਿਲਾਪੜੇ ਸੁਭਾੳੇ ਕਰਕੇ ਆਪ ਗੁਜ਼ਾਰੇ ਜੋਗੇ ਪੈਸੇ ਕਮਾ ਲੈਂਦੇ ਸਨ।
ਗੁਰੂ ਅਮਰਦਾਸ ਜੀ ਵੀ ਬਸਾਰਕੇ ਪਿੰਡ ਦੇ ਰਹਿਣ ਵਾਲੇ ਸਨ, ਭਾਈ ਜੇਠਾ ਜੀ ਦੇ ਨਾਨਾਂ ਨਾਨੀ ਨੂੰ ਉਹ ਚੰਗੀ ਤਰ੍ਹਾਂ ਜਾਣਦੇ ਸਨ ਅਤੇ ਇਕ ਬਰਾਦਰੀ ਦੇ ਹੋਣ ਕਰਕੇ ਉਨਾਂ ਨਾਲ ਚੰਗੇ ਸੰਬੰਧ ਸਨ।
ਜਦ ਉਨ੍ਹਾਂ ਨੂੰ ਉਨ੍ਹਾਂ ਯਤੀਮ ਬੱਚਿਆਂ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੂੰ ਤਰਸ ਆਇਆ। ਉਹ ਬੱਚਿਆਂ ਦੀ ਹਰ ਹਾਲਤ ਵਿਚ ਕੁਝ ਨਾ ਕੁਝ ਮਦਦ ਕਰਨਾ ਚਾਹੁੰਦੇ ਸਨ। ਉਹ ਭਾਈ ਜੇਠਾ ਜੀ ਨੂੰ ਘੁੰਗਣੀਆਂ ਵੇਚਦੇ ਨੂੰ ਬੜੇ ਪਿਆਰ ਨਾਲ ਮਿਲਦੇ ਅਤੇ ਉਨ੍ਹਾਂ ਨਾਲ ਵਿਚਾਰ ਵਟਾਂਦਰਾ ਵੀ ਕਰਦੇ।
ਜਦ ਗੁਰੂ ਅਮਰਦਾਸ ਜੀ ਨੂੰ ਗੋਇੰਦਵਾਲ ਸ਼ਹਿਰ ਵਸਾਉਣ ਅਤੇ ਵਸੇਬਾ ਉਥੇ ਕਰ ਲੈਣ ਦਾ ਆਦੇਸ਼ ਹੋਇਆ ਤਾਂ ਭਾਈ ਜੇਠਾ ਜੀ ਨੇ ਵੀ ਗੋਇੰਦਵਾਲ ਜਾਣ ਦਾ ਮਨ ਬਣਾ ਲਿਆ। ਉਸ ਸਮੇਂ ਉਨ੍ਹਾਂ ਦੀ ਆਯੂ 12 ਵਰਿਆਂ ਦੀ ਹੋ ਗਈ ਸੀ।
ਨਵੇਂ ਸ਼ਹਿਰ ਵਿਚ ਕਮਾਈ ਦੀ ਜ਼ਿਆਦਾ ਸੰਭਾਵਨਾ ਨੂੰ ਮੁਖ ਰੱਖ ਕੇ ਉਨ੍ਹਾਂ ਵੀ ਗੋਇੰਦਵਾਲ ਜਾਣ ਦੀ ਇੱਛਾ ਪ੍ਰਗਟ ਕੀਤੀ। ਨਾਨਾਂ ਨਾਨੀ ਨੇ ਵੀ ਉਹਨਾਂ ਨੂੰ ਗੋਇੰਦਵਾਲ ਜਾਣ ਤੋਂ ਨਾ ਰੋਕਿਆ।
ਬਸਾਰਕੇ ਪਿੰਡ ਵਿਚ ਪੰਜ ਸਾਲ ਰਹਿਣ ਕਰਕੇ ਗੁਰੂ ਅਮਰਦਾਸ ਜੀ ਦਾ ਸਾਰਾ ਪਰਿਵਾਰ ਭਾਈ ਜੇਠਾ ਜੀ ਨੂੰ ਜਾਣਦਾ ਸੀ ਅਤੇ ਬੜੇ ਮਿਲਾਪੜੇ ਹੋਣ ਕਰਕੇ ਸਾਰੇ ਉਹਨਾਂ ਨੂੰ ਪਿਆਰ ਕਰਦੇ ਸਨ। ਚਲਦਾ

Begin typing your search term above and press enter to search. Press ESC to cancel.

Back To Top