ਅੰਗ : 673
ਧਨਾਸਰੀ ਮਹਲਾ ੫ ॥ ਪਾਨੀ ਪਖਾ ਪੀਸਉ ਸੰਤ ਆਗੈ ਗੁਣ ਗੋਵਿੰਦ ਜਸੁ ਗਾਈ ॥ ਸਾਸਿ ਸਾਸਿ ਮਨੁ ਨਾਮੁ ਸਮ੍ਹ੍ਹਾਰੈ ਇਹੁ ਬਿਸ੍ਰਾਮ ਨਿਧਿ ਪਾਈ ॥੧॥ ਤੁਮ੍ਹ੍ਹ ਕਰਹੁ ਦਇਆ ਮੇਰੇ ਸਾਈ ॥ ਐਸੀ ਮਤਿ ਦੀਜੈ ਮੇਰੇ ਠਾਕੁਰ ਸਦਾ ਸਦਾ ਤੁਧੁ ਧਿਆਈ ॥੧॥ ਰਹਾਉ ॥ ਤੁਮ੍ਹ੍ਹਰੀ ਕ੍ਰਿਪਾ ਤੇ ਮੋਹੁ ਮਾਨੁ ਛੂਟੈ ਬਿਨਸਿ ਜਾਇ ਭਰਮਾਈ ॥ ਅਨਦ ਰੂਪੁ ਰਵਿਓ ਸਭ ਮਧੇ ਜਤ ਕਤ ਪੇਖਉ ਜਾਈ ॥੨॥ ਤੁਮ੍ਹ੍ਹ ਦਇਆਲ ਕਿਰਪਾਲ ਕ੍ਰਿਪਾ ਨਿਧਿ ਪਤਿਤ ਪਾਵਨ ਗੋਸਾਈ ॥ ਕੋਟਿ ਸੂਖ ਆਨੰਦ ਰਾਜ ਪਾਏ ਮੁਖ ਤੇ ਨਿਮਖ ਬੁਲਾਈ ॥੩॥ ਜਾਪ ਤਾਪ ਭਗਤਿ ਸਾ ਪੂਰੀ ਜੋ ਪ੍ਰਭ ਕੈ ਮਨਿ ਭਾਈ ॥ ਨਾਮੁ ਜਪਤ ਤ੍ਰਿਸਨਾ ਸਭ ਬੁਝੀ ਹੈ ਨਾਨਕ ਤ੍ਰਿਪਤਿ ਅਘਾਈ ॥੪॥੧੦॥
ਅਰਥ: (ਹੇ ਪ੍ਰਭੂ! ਮੇਹਰ ਕਰ) ਮੈਂ (ਤੇਰੇ) ਸੰਤਾਂ ਦੀ ਸੇਵਾ ਵਿਚ (ਰਹਿ ਕੇ, ਉਹਨਾਂ ਵਾਸਤੇ) ਪਾਣੀ (ਢੋਂਦਾ ਰਹਾਂ, ਉਹਨਾਂ ਨੂੰ) ਪੱਖਾ (ਝੱਲਦਾ ਰਹਾਂ, ਉਹਨਾਂ ਵਾਸਤੇ ਆਟਾ) ਪੀਂਹਦਾ ਰਹਾਂ, ਤੇ, ਹੇ ਗੋਬਿੰਦ! ਤੇਰੀ ਸਿਫ਼ਤ-ਸਾਲਾਹ ਤੇਰੇ ਗੁਣ ਗਾਂਦਾ ਰਹਾਂ। ਮੇਰਾ ਮਨ ਹਰੇਕ ਸਾਹ ਦੇ ਨਾਲ (ਤੇਰਾ) ਨਾਮ ਚੇਤੇ ਕਰਦਾ ਰਹੇ, ਮੈਂ ਤੇਰਾ ਇਹ ਨਾਮ ਪ੍ਰਾਪਤ ਕਰ ਲਵਾਂ ਜੋ ਸੁਖ ਸ਼ਾਂਤੀ ਦਾ ਖ਼ਜ਼ਾਨਾ ਹੈ ॥੧॥ ਹੇ ਮੇਰੇ ਖਸਮ-ਪ੍ਰਭੂ! (ਮੇਰੇ ਉੱਤੇ) ਦਇਆ ਕਰ। ਹੇ ਮੇਰੇ ਠਾਕੁਰ! ਮੈਨੂੰ ਇਹੋ ਜਿਹੀ ਅਕਲ ਬਖ਼ਸ਼ ਕਿ ਮੈਂ ਸਦਾ ਹੀ ਤੇਰਾ ਨਾਮ ਸਿਮਰਦਾ ਰਹਾਂ ॥੧॥ ਰਹਾਉ ॥ ਹੇ ਪ੍ਰਭੂ! ਤੇਰੀ ਕਿਰਪਾ ਨਾਲ (ਮੇਰਾ ਅੰਦਰੋਂ) ਮਾਇਆ ਦਾ ਮੋਹ ਮੁੱਕ ਜਾਏ, ਅਹੰਕਾਰ ਦੂਰ ਹੋ ਜਾਏ, ਮੇਰੀ ਭਟਕਣਾ ਦਾ ਨਾਸ ਹੋ ਜਾਏ, ਮੈਂ ਜਿੱਥੇ ਕਿੱਥੇ ਜਾ ਕੇ ਵੇਖਾਂ, ਸਭਨਾਂ ਵਿਚ ਮੈਨੂੰ ਤੂੰ ਆਨੰਦ-ਸਰੂਪ ਹੀ ਵੱਸਦਾ ਦਿੱਸੇਂ ॥੨॥ ਹੇ ਧਰਤੀ ਦੇ ਖਸਮ! ਤੂੰ ਦਇਆਲ ਹੈਂ, ਕਿਰਪਾਲ ਹੈਂ, ਤੂੰ ਦਇਆ ਦਾ ਖ਼ਜ਼ਾਨਾ ਹੈਂ, ਤੂੰ ਵਿਕਾਰੀਆਂ ਨੂੰ ਪਵਿੱਤ੍ਰ ਕਰਨ ਵਾਲਾ ਹੈਂ। ਜਦੋਂ ਮੈਂ ਅੱਖ ਝਮਕਣ ਜਿਤਨੇ ਸਮੇ ਲਈ ਭੀ ਮੂੰਹੋਂ ਤੇਰਾ ਨਾਮ ਉਚਾਰਦਾ ਹਾਂ, ਮੈਨੂੰ ਇਉਂ ਜਾਪਦਾ ਹੈ ਕਿ ਮੈਂ ਰਾਜ-ਭਾਗ ਦੇ ਕ੍ਰੋੜਾਂ ਸੁਖ ਆਨੰਦ ਮਾਣ ਲਏ ਹਨ ॥੩॥ ਉਹੀ ਜਾਪ ਤਾਪ ਉਹੀ ਭਗਤੀ ਸਿਰੇ ਚੜ੍ਹੀ ਜਾਣੋ, ਜੇਹੜੀ ਪਰਮਾਤਮਾ ਦੇ ਮਨ ਵਿਚ ਪਸੰਦ ਆਉਂਦੀ ਹੈ। ਹੇ ਨਾਨਕ ਜੀ! ਪਰਮਾਤਮਾ ਦਾ ਨਾਮ ਜਪਿਆਂ ਸਾਰੀ ਤ੍ਰਿਸ਼ਨਾ ਮੁੱਕ ਜਾਂਦੀ ਹੈ, (ਮਾਇਕ ਪਦਾਰਥਾਂ ਵਲੋਂ) ਪੂਰੇ ਤੌਰ ਤੇ ਰੱਜ ਜਾਈਦਾ ਹੈ ॥੪॥੧੦॥
ਗੁਰੂ ਲਾਧੋ ਰੇ ਦਿਵਸ ਦੇ ਸਬੰਧ ਵਿੱਚ ਮੇਰੀ ਇੱਕ ਰਚਨਾ
ਸਾਖੀ ਬਾਬਾ ਮੱਖਣ ਸ਼ਾਹ ਲੁਬਾਣਾ ਜੀ
ਜਹਾਜ਼ ਸਮੁੰਦਰ ‘ਚ ਫਸ ਗਿਆ ਮੱਖਣ ਸ਼ਾਹ ਪਿਆ ਪੁਕਾਰੇ,
ਮੇਰਾ ਬੇੜਾ ਬੰਨੇ ਲਾ ਦਿਓ ਆਵਾਂਗਾ ਗੁਰੂ ਦਰਬਾਰੇ,
ਮੇਰੀ ਡੋਰ ਤੇਰੇ ਹੱਥ ਦਾਤਿਆ ਸੱਭ ਹੈ ਤੇਰੇ ਸਹਾਰੇ,
ਪੰਜ ਸੌ ਮੋਹਰਾ ਗੁਰੂ ਘਰ ਦੇਵਾਂਗਾ ਮਨ ਵਿੱਚ ਸੋਚ ਵਿਚਾਰੇ,
ਅਰਦਾਸ ਧੁਰ ਦਰਗਾਹੇ ਪਹੁੰਚ ਗਈ ਸੱਚੇ ਗੁਰੂ ਸਹਾਰੇ,
ਬੇੜਾ ਬੰਨੇ ਲੱਗ ਗਿਆ ਮੱਖਣ ਸ਼ਾਹ ਜਾਵੇ ਬਲਿਹਾਰੇ,
ਮੱਖਣ ਸ਼ਾਹ ਨੰਗੇ ਪੈਰੀਂ ਪਹੁੰਚ ਗਿਆ ਬਾਬੇ ਬਕਾਲੇ,
ਉੱਥੇ ਸੰਗਤਾਂ ਸਨ ਘੱਟ ਤੇ ਗੁਰੂ ਸੀ ਵਾਹਲੇ,
ਸ਼ਾਹ ਜੀ ਸੋਚਾਂ ਵਿੱਚ ਪੈ ਗਏ ਕੋਈ ਤਰਕੀਬ ਲਗਾਵੇ,
ਸੱਭ ਅੱਗੇ ਦੋ ਦੋ ਮੋਹਰਾਂ ਰੱਖ ਕੇ ਨਮਸਕਾਰ ਗੁਜਾਰੇ,
ਹਰ ਕੋਈ ਦੇਈ ਜਾਵੇ ਅਸੀਸਾਂ ਅਸਲ ਨਜ਼ਰ ਨਾ ਆਵੇ,
ਹੈ ਕੋਈ ਹੋਰ ਗੁਰੂ ਮੱਖਣ ਸ਼ਾਹ ਪੁਛਦਾ ਜਾਵੇ,
ਇੱਕ ਆਦਮੀ ਆ ਕਹਿੰਦਾ ਸੁਣ ਐ ਸਿੱਖ ਪਿਆਰੇ,
ਤੇਗਾ ਮਾਂ ਨਾਨਕੀ ਦਾ ਜਾਇਆ ਰਹਿੰਦਾ ਭੋਰੇ ਵਿਚਕਾਰੇ,
ਮੱਖਣ ਸ਼ਾਹ ਦਰਸ਼ਨ ਲਈ ਪਹੁੰਚਿਆ ਓਸ ਦਵਾਰੇ,
ਗੁਰੂ ਦਰਸ਼ਨਾਂ ਨੂੰ ਆਇਆ ਮਾਂ ਨਾਨਕੀ ਤਾਈਂ ਪੁਕਾਰੇ,
ਗੁਰੂ ਦਾ ਤੇਗ ਚਿਹਰੇ ਤੇ ਝਲਕਦਾ ਮਨ ਜਾਵੇ ਬਲਿਹਾਰੇ,
ਇਹੀ ਸੱਚਾ ਗੁਰੂ ਲੱਗਦਾ ਮਨ ਵਿੱਚ ਸੋਚ ਵਿਚਾਰੇ,
ਦੋ ਮੋਹਰਾਂ ਅੱਗੇ ਰੱਖ ਕੇ ਗੁਰਾਂ ਵੱਲ ਤੱਕੀ ਜਾਵੇ,
ਜਾਣੀ ਜਾਣ ਗੁਰੂ ਜੀ ਸਮਝ ਗਏ ਮੁੱਖੋਂ ਮੁਸਕਰਾਵੇ,
ਭਾਵੇਂ ਲੋੜ ਨਹੀਂ ਤੇਰੀਆਂ ਮੋਹਰਾਂ ਦੀ ਐ ਸਿਖ ਪਿਆਰੇ,
ਵਾਅਦਾ ਕਰਕੇ ਪੰਜ ਸੌ ਮੋਹਰਾਂ ਦਾ ਹੁਣ ਦੋ ਨਾਲ ਸਾਰੇਂ,
ਮੱਖਣ ਸ਼ਾਹ ਜੀ ਪੈਰਾਂ ਉੱਪਰ ਡਿੱਗ ਕੇ ਪਿਆ ਭੁੱਲ ਬਖਸ਼ਾਵੇ,
ਪਹਿਚਾਨ ਨਾ ਸਕਿਆ ਤੁਹਾਨੂੰ ਬਖਸ਼ੋ ਮੇਰੇ ਗੁਰੂ ਪਿਆਰੇ,
ਪੰਜ ਸੌ ਮੋਹਰਾਂ ਅੱਗੇ ਰੱਖ ਮੱਖਣ ਸ਼ਾਹ ਪੈਰੀਂ ਹੱਥ ਲਾਵੇ,
ਖੁਸ਼ੀ ਵਿੱਚ ਕੋਠੇ ਉੱਪਰ ਚੜ੍ਹ ਪੱਲਾ ਹਿਲਾਵੇ,
ਗੁਰੂ ਲਾਧੋ ਰੇ ਗੁਰੂ ਲਾਧੋ ਰੇ ਮੁੱਖੋਂ ਪਿਆ ਪੁਕਾਰੇ,
‘ਸ਼ਿਵ’ ਸੱਚਾ ਗੁਰੂ ਮਿਲ ਜਾਂਵਦਾ ਜੇ ਕੋਈ ਮਨੋ ਧਿਆਵੇ।
ਦੁਨਿਆਂ ਦੇ ਮਾਲਕਾਂ,ਫੇਰ ਧਰਤੀ ਤੇ ਆ ਜਾ ਤੂੰ,
ਡੁੱਬਦੀ ਏ ਦੁਨਿਆਂ ਨੂੰ,ਆਣ ਕੇ। ਬਚਾ ਜਾ ਤੂੰ।
ਦੁਨਿਆਂ ਦੇ ਮਾਲਕਾਂ,,,,
ਵੱਧ ਗਈਆਂ ਧਰਤੀ ਤੇ,ਬਹੁਤ ਹੇਰਾ ਫੇਰੀਆਂ,
ਰਹਿਆਂ ਨਾ ਉਹ ਗੱਲਾ ਬਾਬਾ, ਪਹਿਲਾ ਹੀ ਸੀ ਜਿਹੜੀਆ।
ਪੈ ਗਈਆਂ ਜੋ ਦੂਰੀਆਂ,ਭਾਈ ਭਾਈ ਚ ਮਿਟਾ ਜਾ ਤੂੰ,
ਦੁਨਿਆਂ ਦੇ ਮਾਲਕਾਂ,,,,,
ਇੱਕ ਦੂਜੇ ਦੇ ਜੋ,ਦੁੱਖ ਸੁੱਖ ਨੂੰ ਵੰਡਾਉਦੇ ਸੀ,
ਸੱਚ ਦੇ ਪੁਜਾਰੀ,ਕਦੇ ਦਗਾ ਨਾ ਕਮਾਉਦੇ ਸੀ।।
ਸਾਂਝ ਪਿਆਰਾ ਵਾਲੀ,ਇੱਕ ਦੂਜੇ ਚ ਵਧਾ ਜਾ ਤੂੰ,
ਦੁਨਿਆਂ ਦੇ ਮਾਲਕਾਂ,,,,
ਸੰਧੂ ਹਰਜੀਤ ,ਹੋਰ ਕੁੱਝ ਨਾ ਮੈ ਮੰਗਦੀ,
ਤੇਰਾ ਨਾਮ ਜੱਪਦੀ ਦੀ, ਜਿੰਦ ਜਾਵੇ ਲੰਘਦੀ।
ਕੋਟਲੇ ਬਥੁੰਨ ਗੜ ,ਬੂਟਾ ਐਸਾ ਲਾ ਜਾ ਤੂੰ,
ਦੁਨਿਆਂ ਦੇ ਮਾਲਕਾਂ,ਫੇਰ ਧਰਤੀ ਤੇ ਆ ਜਾ ਤੂੰ,,,,,
ਤੂੰ ਘਟਾਂ ਘਟਾਂ ਵਿੱਚ ਵੱਸਦਾ ਏ ,
ਸਾਨੂੰ ਜਾਚ ਜਿਉਣ ਦੀ ਦੱਸਦਾ ਏ ਦੁੱਖ ਵਿੱਚ ਤੂੰ ਏ,
ਸੁੱਖ ਵਿੱਚ ਤੂੰ ਏ ਸਾਹ ਵਿੱਚ ਤੇਰੇ ਵਾਸੇ ਵੇ ,
ਤੂਹੀਂ ਚਾਰੇ ਪਾਸੇ ਵੇ ਬਾਬਾ ਨਾਨਕਾ.