ਅੰਗ : 794

ੴ ਸਤਿਗੁਰ ਪ੍ਰਸਾਦਿ ॥ ਰਾਗੁ ਸੂਹੀ ਬਾਣੀ ਸੇਖ ਫਰੀਦ ਜੀ ਕੀ ॥ ਤਪਿ ਤਪਿ ਲੁਹਿ ਲੁਹਿ ਹਾਥ ਮਰੋਰਉ ॥ ਬਾਵਲਿ ਹੋਈ ਸੋ ਸਹੁ ਲੋਰਉ ॥ ਤੈ ਸਹਿ ਮਨ ਮਹਿ ਕੀਆ ਰੋਸੁ ॥ ਮੁਝੁ ਅਵਗਨ ਸਹ ਨਾਹੀ ਦੋਸੁ ॥੧॥ ਤੈ ਸਾਹਿਬ ਕੀ ਮੈ ਸਾਰ ਨ ਜਾਨੀ ॥ ਜੋਬਨੁ ਖੋਇ ਪਾਛੈ ਪਛੁਤਾਨੀ ॥੧॥ ਰਹਾਉ ॥ ਕਾਲੀ ਕੋਇਲ ਤੂ ਕਿਤ ਗੁਨ ਕਾਲੀ ॥ ਅਪਨੇ ਪ੍ਰੀਤਮ ਕੇ ਹਉ ਬਿਰਹੈ ਜਾਲੀ ॥ ਪਿਰਹਿ ਬਿਹੂਨ ਕਤਹਿ ਸੁਖੁ ਪਾਏ ॥ ਜਾ ਹੋਇ ਕ੍ਰਿਪਾਲੁ ਤਾ ਪ੍ਰਭੂ ਮਿਲਾਏ ॥੨॥ ਵਿਧਣ ਖੂਹੀ ਮੁੰਧ ਇਕੇਲੀ ॥ ਨਾ ਕੋ ਸਾਥੀ ਨਾ ਕੋ ਬੇਲੀ ॥ ਕਰਿ ਕਿਰਪਾ ਪ੍ਰਭਿ ਸਾਧਸੰਗਿ ਮੇਲੀ ॥ ਜਾ ਫਿਰਿ ਦੇਖਾ ਤਾ ਮੇਰਾ ਅਲਹੁ ਬੇਲੀ ॥੩॥ ਵਾਟ ਹਮਾਰੀ ਖਰੀ ਉਡੀਣੀ ॥ ਖੰਨਿਅਹੁ ਤਿਖੀ ਬਹੁਤੁ ਪਿਈਣੀ ॥ ਉਸੁ ਊਪਰਿ ਹੈ ਮਾਰਗੁ ਮੇਰਾ ॥ ਸੇਖ ਫਰੀਦਾ ਪੰਥੁ ਸਮ੍ਹ੍ਹਾਰਿ ਸਵੇਰਾ ॥੪॥੧॥

ਅਰਥ: ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਰਾਗ ਸੂਹੀ ਵਿੱਚ ਸ਼ੇਖ ਫਰੀਦ ਜੀ ਦੀ ਬਾਣੀ। ਬੜੀ ਦੁਖੀ ਹੋ ਕੇ, ਬੜੀ ਤੜਫ ਕੇ ਮੈਂ ਹੁਣ ਹੱਥ ਮਲ ਰਹੀ ਹਾਂ, ਤੇ ਝੱਲੀ ਹੋ ਕੇ ਹੁਣ ਮੈਂ ਉਸ ਖਸਮ ਨੂੰ ਲੱਭਦੀ ਫਿਰਦੀ ਹਾਂ। ਹੇ ਖਸਮ-ਪ੍ਰਭੂ! ਤਾਹੀਏਂ ਤੂੰ ਆਪਣੇ ਮਨ ਵਿਚ ਮੇਰੇ ਨਾਲ ਰੋਸਾ ਕੀਤਾ। ਤੇਰਾ ਕੋਈ ਦੋਸ (ਮੇਰੀ ਇਸ ਭੈੜੀ ਹਾਲਤ ਬਾਰੇ) ਨਹੀਂ ਹੈ, ਮੇਰੇ ਵਿਚ ਹੀ ਔਗੁਣ ਸਨ ॥੧॥ ਹੇ ਮੇਰੇ ਮਾਲਿਕ! ਮੈਂ ਤੇਰੀ ਕਦਰ ਨਾ ਜਾਤੀ। ਜੁਆਨੀ ਦਾ ਵੇਲਾ ਗਵਾ ਕੇ ਹੁਣ ਪਿਛੋਂ ਮੈਂ ਝੁਰ ਰਹੀ ਹਾਂ ॥੧॥ ਰਹਾਉ ॥ (ਹੁਣ ਮੈਂ ਕੋਇਲ ਨੂੰ ਪੁੱਛਦੀ ਫਿਰਦੀ ਹਾਂ-) ਹੇ ਕਾਲੀ ਕੋਇਲ! ਭਲਾ, ਮੈਂ ਤਾਂ ਆਪਣੇ ਕਰਮਾਂ ਦੀ ਮਾਰੀ ਦੁਖੀ ਹਾਂ ਹੀ) ਤੂੰ ਭੀ ਕਿਉਂ ਕਾਲੀ (ਹੋ ਗਈ) ਹੈਂ ? (ਕੋਇਲ ਭੀ ਇਹੀ ਉੱਤਰ ਦੇਂਦੀ ਹੈ) ਮੈਨੂੰ ਮੇਰੇ ਪ੍ਰੀਤਮ ਦੇ ਵਿਛੋੜੇ ਨੇ ਸਾੜ ਦਿੱਤਾ ਹੈ। (ਠੀਕ ਹੈ) ਖਸਮ ਤੋਂ ਵਿੱਛੁੜ ਕੇ ਕਿਥੇ ਕੋਈ ਸੁਖ ਪਾ ਸਕਦੀ ਹੈ ? (ਪਰ ਜੀਵ-ਇਸਤ੍ਰੀ ਦੇ ਵੱਸ ਦੀ ਗੱਲ ਨਹੀਂ ਹੈ) ਜਦੋਂ ਪ੍ਰਭੂ ਆਪ ਮਿਹਰਬਾਨ ਹੁੰਦਾ ਹੈ ਤਾਂ ਆਪ ਹੀ ਮਿਲਾ ਲੈਂਦਾ ਹੈ ॥੨॥ (ਇਸ ਜਗਤ-ਰੂਪ) ਡਰਾਉਣੀ ਖੂਹੀ ਵਿਚ ਮੈਂ ਜੀਵ-ਇਸਤ੍ਰੀ ਇਕੱਲੀ (ਡਿੱਗੀ ਪਈ ਸਾਂ, ਇਥੇ) ਕੋਈ ਮੇਰਾ ਸਾਥੀ ਨਹੀਂ (ਮੇਰੇ ਦੁੱਖਾਂ ਵਿਚ) ਕੋਈ ਮੇਰਾ ਮਦਦਗਾਰ ਨਹੀਂ। ਹੁਣ ਜਦੋਂ ਪ੍ਰਭੂ ਨੇ ਮੇਹਰ ਕਰ ਕੇ ਮੈਨੂੰ ਸਤਸੰਗ ਵਿਚ ਮਿਲਾਇਆ ਹੈ, (ਸਤਸੰਗ ਵਿਚ ਆ ਕੇ) ਜਦੋਂ ਮੈਂ ਵੇਖਦੀ ਹਾਂ ਤਾਂ ਮੈਨੂੰ ਮੇਰਾ ਰੱਬ ਬੇਲੀ ਦਿੱਸ ਰਿਹਾ ਹੈ ॥੩॥ ਹੇ ਭਾਈ! ਅਸਾਡਾ ਇਹ ਜੀਵਨ-ਪੰਧ ਬੜਾ ਭਿਆਨਕ ਹੈ, ਖੰਡੇ ਨਾਲੋਂ ਤਿੱਖਾ ਹੈ, ਬੜੀ ਤੇਜ਼ ਧਾਰ ਵਾਲਾ ਹੈ। ਇਸ ਦੇ ਉਤੋਂ ਦੀ ਅਸਾਂ ਲੰਘਣਾ ਹੈ। ਇਸ ਵਾਸਤੇ, ਹੇ ਫਰੀਦ ਜੀ! ਸਵੇਰੇ ਸਵੇਰੇ ਰਸਤਾ ਸੰਭਾਲ ॥੪॥੧॥

Begin typing your search term above and press enter to search. Press ESC to cancel.

Back To Top