ਅੰਗ : 680

ਧਨਾਸਰੀ ਮਹਲਾ ੫ ॥ ਜਤਨ ਕਰੈ ਮਾਨੁਖ ਡਹਕਾਵੈ ਓਹੁ ਅੰਤਰਜਾਮੀ ਜਾਨੈ ॥ ਪਾਪ ਕਰੇ ਕਰਿ ਮੂਕਰਿ ਪਾਵੈ ਭੇਖ ਕਰੈ ਨਿਰਬਾਨੈ ॥੧॥ ਜਾਨਤ ਦੂਰਿ ਤੁਮਹਿ ਪ੍ਰਭ ਨੇਰਿ ॥ ਉਤ ਤਾਕੈ ਉਤ ਤੇ ਉਤ ਪੇਖੈ ਆਵੈ ਲੋਭੀ ਫੇਰਿ ॥ ਰਹਾਉ ॥ ਜਬ ਲਗੁ ਤੁਟੈ ਨਾਹੀ ਮਨ ਭਰਮਾ ਤਬ ਲਗੁ ਮੁਕਤੁ ਨ ਕੋਈ ॥ ਕਹੁ ਨਾਨਕ ਦਇਆਲ ਸੁਆਮੀ ਸੰਤੁ ਭਗਤੁ ਜਨੁ ਸੋਈ ॥੨॥੫॥੩੬॥

ਅਰਥ : ਹੇ ਭਾਈ! (ਲਾਲਚੀ ਮਨੁੱਖ) ਅਨੇਕਾਂ ਜਤਨ ਕਰਦਾ ਹੈ, ਲੋਕਾਂ ਨੂੰ ਧੋਖਾ ਦੇਂਦਾ ਹੈ, ਵਿਰਕਤਾਂ ਵਾਲੇ ਧਾਰਮਿਕ ਪਹਿਰਾਵੇ ਬਣਾਈ ਰੱਖਦਾ ਹੈ, ਪਾਪ ਕਰ ਕੇ (ਫਿਰ ਉਹਨਾਂ ਪਾਪਾਂ ਤੋਂ) ਮੁੱਕਰ ਭੀ ਜਾਂਦਾ ਹੈ, ਪਰ ਸਭ ਦੇ ਦਿਲ ਦੀ ਜਾਣਨ ਵਾਲਾ ਉਹ ਪਰਮਾਤਮਾ (ਸਭ ਕੁਝ) ਜਾਣਦਾ ਹੈ।੧। ਹੇ ਪ੍ਰਭੂ! ਤੂੰ (ਸਭ ਜੀਵਾਂ ਦੇ) ਨੇੜੇ ਵੱਸਦਾ ਹੈਂ, ਪਰ (ਲਾਲਚੀ ਪਖੰਡੀ ਮਨੁੱਖ) ਤੈਨੂੰ ਦੂਰ (ਵੱਸਦਾ) ਸਮਝਦਾ ਹੈ। ਲਾਲਚੀ ਮਨੁੱਖ (ਲਾਲਚ ਦੇ) ਗੇੜ ਵਿਚ ਫਸਿਆ ਰਹਿੰਦਾ ਹੈ, (ਮਾਇਆ ਦੀ ਖ਼ਾਤਰ) ਉੱਧਰ ਤੱਕਦਾ ਹੈ, ਉੱਧਰ ਤੋਂ ਉੱਧਰ ਤੱਕਦਾ ਹੈ (ਉਸ ਦਾ ਮਨ ਟਿਕਦਾ ਨਹੀਂ)।ਰਹਾਉ। ਹੇ ਭਾਈ! ਜਦੋਂ ਤਕ ਮਨੁੱਖ ਦੇ ਮਨ ਦੀ (ਮਾਇਆ ਵਾਲੀ) ਭਟਕਣਾ ਦੂਰ ਨਹੀਂ ਹੁੰਦੀ, ਇਹ (ਲਾਲਚ ਦੇ ਪੰਜੇ ਤੋਂ) ਆਜ਼ਾਦ ਨਹੀਂ ਹੋ ਸਕਦਾ। ਹੇ ਨਾਨਕ! ਆਖ-(ਪਹਿਰਾਵਿਆਂ ਨਾਲ ਭਗਤ ਨਹੀਂ ਬਣ ਜਾਈਦਾ) ਜਿਸ ਮਨੁੱਖ ਉਤੇ ਮਾਲਕ-ਪ੍ਰਭੂ ਦਇਆਵਾਨ ਹੁੰਦਾ ਹੈ (ਤੇ, ਉਸ ਨੂੰ ਨਾਮ ਦੀ ਦਾਤਿ ਦੇਂਦਾ ਹੈ) ਉਹੀ ਮਨੁੱਖ ਸੰਤ ਹੈ ਭਗਤ ਹੈ।੨।੫।੩੬।

ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਭਾਈ ਗੁਰਦਾਸ ਜੀ ਪਾਸੋਂ ਲਿਖਵਾਈ ਸੀ। ਗੁਰੂ ਸਾਹਿਬ ਬੋਲਦੇ ਸਨ ਅਤੇ ਭਾਈ ਸਾਹਿਬ ਲਿਖਦੇ ਸਨ। ਜਦੋਂ ਭਗਤਾਂ ਦੀ ਬਾਣੀ ਆਰੰਭ ਕੀਤੀ ਤਾਂ ਗੁਰੂ ਸਾਹਿਬ ਜੀ ਨੇ ਆਪਣੇ ਅਤੇ ਭਾਈ ਗੁਰਦਾਸ ਜੀ ਦੇ ਵਿਚਕਾਰ ਇੱਕ ਪਰਦਾ ਕਰ ਲਿਆ। ਸਿਰਫ ਆਵਾਜ਼ ਸੁਣਦੀ ਸੀ ਗੁਰੂ ਸਾਹਿਬ ਦਿਖਾਈ ਨਹੀਂ ਦੇਂਦੇ ਸਨ। ਗੁਰੂ ਸਾਹਿਬ ਜੀ ਭਗਤਾਂ ਦੀ ਬਾਣੀ ਲਿਖਵਾਉਂਦੇ ਗਏ। ਇੱਕ ਸਮਾਂ ਐਸਾ ਆਇਆ ਜਦੋਂ ਭਾਈ ਗੁਰਦਾਸ ਜੀ ਦੇ ਮਨ ਵਿੱਚ ਅੱਖ ਝਮਕਣ ਜਿੰਨੇ ਸਮੇਂ ਲਈ ਸ਼ੰਕਾ ਆ ਗਿਆ। ਭਾਈ ਸਾਹਿਬ ਨੇ ਸੋਚਿਆ ਕਿ ਗੁਰੂ ਸਾਹਿਬ ਜੀ ਸਾਰੇ ਭਗਤਾਂ ਦੀ ਬਾਣੀ ਲਿਖਵਾ ਰਹੇ ਨੇ ਪਰ ਗੁਰੂ ਸਾਹਿਬ ਜੀ ਨੂੰ ਕਿਸ ਤਰਾਂ ਪਤਾ ਕਿ ਕਿਹੜੇ ਭਗਤ ਨੇ ਕਿਹੜੀ ਬਾਣੀ ਲਿਖੀ ਹੈ। ਭਗਤ ਸਾਹਿਬਾਨਾਂ ਨੇ ਕਿੰਨੇ ਸ਼ਲੋਕ ਲਿਖੇ ਹਨ ਅਤੇ ਬਾਣੀ ਤੋਂ ਪਹਿਲਾਂ ਗੁਰੂ ਸਾਹਿਬ ਰਾਗ ਦਾ ਨਾਮ ਲਿਖਵਾ ਰਹੇ ਹਨ ਇਹ ਗੁਰੂ ਸਾਹਿਬ ਜੀ ਨੂੰ ਕਿਸ ਤਰਾਂ ਪਤਾ ਹੈ। ਖਿਨ ਪਲ ਲਈ ਸ਼ੰਕਾ ਆ ਗਿਆ। ਰਿਹਾ ਨਾ ਗਿਆ ਤਾਂ ਭਾਈ ਸਾਹਿਬ ਜੀ ਨੇ ਥੋੜਾ ਜਿਹਾ ਪਰਦਾ ਚੁੱਕ ਕੇ ਵੇਖ ਲਿਆ। ਪਰ ਕੀ ਹੋਇਆ ਕਿ ਭਾਈ ਸਾਹਿਬ ਜੀ ਨੂੰ ਗੁਰੂ ਸਾਹਿਬ ਜੀ ਦੇ ਪਾਸ ਬੈਠੇ ਸਾਰੇ ਭਗਤਾਂ ਦੇ ਦਰਸ਼ਨ ਹੋਏ।
ਸੰਗਤ ਜੀ ਗੁਰੂ ਭਗਤਾਂ ਨਾਲੋਂ ਵੱਖ ਨਹੀਂ ਹੈ। ਓਹ ਆਪਣੇ ਭਗਤਾਂ ਨਾਲ ਇੱਕ ਮਿੱਕ ਹੈ। ਅੱਜ ਅਸੀਂ ਆਮ ਇਨਸਾਨ ਕਈ ਤਰਾਂ ਦੇ ਸ਼ੰਕੇ ਕਰ ਬੈਠਦੇ ਹਾਂ ਕਿਉਂਕਿ ਸਾਡੀ ਸਮਝ ਦੀ ਪਹੁੰਚ ਖੂਹ ਦੇ ਡੱਡੂ ਵਾਂਗ ਹੁੰਦੀ ਹੈ ਪਰ ਸੱਚੇ ਪਾਤਸ਼ਾਹ ਬੇਅੰਤ ਹਨ, ਸਾਰੀ ਸ੍ਰਿਸਟੀ ਦੇ ਮਾਲਕ ਹਨ। ਓਹਨਾ ਤੋਂ ਕੁਝ ਵੀ ਓਹਲੇ ਨਹੀਂ ਹੈ।
(ਰਣਜੀਤ ਸਿੰਘ ਮੋਹਲੇਕੇ)

ਸਮੰਤ 1631 ਬਿ: ਨੂੰ ਤੀਜੇ ਪਾਤਸਾਹ ਜੀ ਦੀ ਆਗਿਆ ਨਾਲ ਸ਼੍ਰੀ ਗੁਰੂ ਰਾਮਦਾਸ ਜੀ ਨੇ ਇਸ ਥਾਂ ਮੋਹੜੀ ਗੱਡ ਕੇ ਨਗਰ ਦੀ ਨੀਂਹ ਰੱਖੀ ਤੇ ਨਾਮ “ਗੁਰੂ ਕਾ ਚੱਕ” ਰੱਖਿਆ ਹੋ ਬਾਅਦ ਚ “ਰਾਮਦਾਸਪੁਰਾ” ਤੇ ਹੁਣ “ਅਮ੍ਰਿਤਸਰ” ਦੇ ਨਾਮ ਨਾਲ ਜਾਣਿਆ ਜਾਂਦਾ ਹੈ |
ਇਹ ਪਵਿੱਤਰ ਅਸਥਾਨ ਸ਼੍ਰੀ ਗੁਰੂ ਰਾਮਦਾਸ ਜੀ , ਸ਼੍ਰੀ ਗੁਰੂ ਅਰਜਨ ਦੇਵ ਜੀ ਅਤੇ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਜੀ ਦੀ ਰਿਹਾਇਸ਼ਗਾਹ ਹੈ | ਸ਼੍ਰੀ ਗੁਰੂ ਅਰਜਨ ਦੇਵ ਜੀ ਅਤੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਵਿਆਹ ਇਥੇ ਹੋਇਆ ਸੀ ਅਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਜਨਮ ਅਸਥਾਨ ਹੋਣ ਕਰਕੇ ਗੁ: ਗੁਰੂ ਕੇ ਮਹਿਲ ਕਰਕੇ ਪ੍ਰਸਿੱਧ ਹੈ |
ਇਥੇ ਗੁਰੂ ਸਾਹਿਬ ਜੀ ਦੇ ਸਮੇਂ ਦਾ ਇਕ ਖੂਹ ਵੀ ਹੈ

ਭਾਈ ਸੋਮਾ ਜੀ ਉਮਰ 14 ਸਾਲ , ਪਿਤਾ ਦਾ ਸਾਇਆ ਨਹੀਂ । ਮਾਂ ਨੇ ਘਰ ਗ਼ਰੀਬੀ ਹੋਣ ਕਾਰਨ ਪੜਨਾਂ ਬੰਦ ਕਰਕੇ ਘਰ ਦੀ ਰੋਟੀ ਦਾ ਗੁਜ਼ਾਰਾ ਕਰਨ ਲਈ ਸੋਮੇ ਨੂੰ ਕਿਹਾ ਮੈਂ ਤੈਨੂੰ ਘੁੰਗਣੀਆਂ ਬਣਾ ਦਿਆ ਕਰਾਂਗੀ ਤੂੰ ਵੇਚ ਆਇਆ ਕਰ । ਪਹਿਲੇ ਦਿਨ ਘੁੰਗਣੀਆਂ ਬਣਾਈਆਂ , ਛਾਬਾ ਤਿਆਰ ਕੀਤਾ । ਸੋਮਾ ਮਾਂ ਨੂੰ ਪੁੱਛਦਾ ਹੈ , ਕਿਥੇ ਬੈਠ ਕੇ ਵੇਚਾਂ ? ਮਾਂ ਕਹਿੰਦੀ ਗੁਰੂ ਰਾਮਦਾਸ ਜੀ ਅੰਮ੍ਰਿਤਸਰ ਵਿਖੇ ਤਾਲ ( ਸਰੋਵਰ ) ਦੀ ਖੁਦਵਾਈ ਕਰਵਾ ਰਹੇ ਹਨ , ਉਥੇ ਬਹੁਤ ਸੰਗਤਾਂ ਆਉਂਦੀਆਂ ਹਨ , ਬਹੁਤ ਇਕੱਠ ਹੁੰਦਾ ਹੈ , ਉਥੇ ਤੇਰੀ ਛਾਬੜੀ ਜਲਦੀ ਵਿੱਕ ਜਾਵੇਗੀ । ਰੋਜ਼ ਛਾਬੜੀ ਲਗਾਉਣੀ ਤੇ ਵੇਚਣੀ । ਇਕ ਦਿਨ ਕਰਮਾਂ ਭਾਗਾਂ ਵਾਲਾ ਦਿਨ ਆ ਗਿਆ । ਸੋਮਾ ਜਿਥੇ ਘੁੰਗਣੀਆਂ ਵੇਚਦਾ ਸੀ ਅੱਜ ਗੁਰੂ ਰਾਮਦਾਸ ਜੀ ਉਸ ਰਸਤੇ ਤੋਂ ਲੰਘੇ । ਜਿਧਰ ਸੋਮੇ ਨੇ ਛਾਬਾ ਲਾਇਆ ਸੀ ਛਾਬੇ ਵੱਲ ਨਜ਼ਰ ਪੈ ਗਈ , ਛਾਬੇ ਵੱਲ ਦੇਖ ਗੁਰੂ ਜੀ ਨੂੰ ਆਪਣਾ ਸਮਾਂ ਯਾਦ ਆ ਗਿਆ ਕਿ ਜਦ ਮੈਂ ਛੋਟਾ ਸੀ ਉਦੋਂ ਮੈਂ ਵੀ ਇਸੇ ਤਰ੍ਹਾਂ ਘੁੰਗਣੀਆਂ ਵੇਚਦਾ ਸੀ । ਗੁਰੂ ਸਾਹਿਬ ਸੋਮੇ ਦੀ ਛਾਬੜੀ ਦੇ ਕੋਲ ਆ ਗਏ । ਤੇ ਪੁੱਛ ਲਿਆ ਕੀ ਨਾਂ ਹੈ , ਤੂੰ ਕੀ ਕਰਦਾ ਹੈਂ ? ਸੋਮੇ ਨੇ ਬੜੇ ਸਤਿਕਾਰ ਨਾਲ ਆਖਿਆ ਸਤਿਗੁਰੂ ਜੀ ਸੋਮਾ ਨਾਮ ਹੈ ਤੇ ਘੁਗਨੀਆਂ ਵੇਚਦਾ ਹਾ ਗੁਰੂ ਜੀ ਨੇ ਤਲੀ ਅੱਗੇ ਕਰਕੇ ਕਹਿੰਦੇ ਜੇ ਅੱਜ ਦੀ ਵੱਟਤ ਸਾਨੂੰ ਦੇ ਦੇਵੇਂ । ਬੜਾ ਔਖਾ ਵੱਟਤ ਦੇਣੀ ਪਰ ਉਸ ਬੱਚੇ ਨੇ ਸਾਰੀ ਵੱਟਤ ਗੁਰੂ ਜੀ ਦੀ ਤਲੀ ਤੇ ਰੱਖ ਦਿੱਤੀ । ਜਦੋਂ ਘਰ ਗਿਆ । ਮਾਂ ਕਹਿੰਦੀ ਵੱਟਤ ਕਿੱਥੇ ਹੈ ? ਘਰ ਵਿਚ ਬੜੀ ਗ਼ਰੀਬੀ ਸੀ । ਸੋਮਾ ਕਹਿਣ ਲੱਗਾ , ਅੱਜ ਮੇਰੇ ਛਾਬੇ ਅਗੋਂ ਗੁਰੂ ਰਾਮਦਾਸ ਜੀ ਲੰਘੇ ਤੇ ਕਹਿੰਦੇ ਅੱਜ ਦੀ ਸਾਰੀ ਵੱਟਤ ਸਾਨੂੰ ਦੇ ਦੇ , ਮੈਂ ਦੇ ਦਿੱਤੀ । ਮਾਂ ਕਹਿੰਦੀ ਸ਼ੁਕਰ ਹੈ ਸਾਡੀ ਗੁਰੂ ਨਾਲ ਸਾਂਝ ਪੈ ਗਈ । ਜੇ ਕੱਲ੍ਹ ਵੀ ਲੰਘਣ ਤੇ ਕੱਲ੍ਹ ਵੀ ਵਟਤ ਦੇ ਦੇਵੀਂ । ਜੇ ਨਾ ਲੰਘਣ ਤਾ ਆਪ ਦੇਣ ਚਲਾ ਜਾਵੀਂ । ਅਗਲੇ ਦਿਨ ਫਿਰ ਗੁਰੂ ਜੀ ਉਧਰੋਂ ਲੰਘੇ ਤੇ ਸੋਮੇ ਨੇ ਵੱਟਤ ਦੇ ਦਿੱਤੀ । ਤੀਜੇ ਦਿਨ ਗੁਰੂ ਜੀ ਨਹੀਂ ਆਏ , ਸੋਮਾ ਆਪ ਵੱਟਤ ਦੇਣ ਚਲਾ ਗਿਆ । ਗੁਰੂ ਜੀ ਤਲੀ ਅੱਗੇ ਕਰਕੇ ਕਹਿੰਦੇ ਲਿਆ ਸੋਮਿਆ ਵੱਟਤ , ਜਿਸ ਵੇਲੇ ਦਿੱਤੀ ਤਾਂ ਗੁਰੂ ਜੀ ਕਹਿੰਦੇ ਸੋਮਿਆਂ ਤੇਰੀ ਵੱਟਤ ਘੱਟਦੀ ਕਿਉਂ ਜਾ ਰਹੀ ਹੈ ? ਪਹਿਲੇ ਦਿਨ ਸਵਾ ਰੁਪਿਆ , ਦੂਜੇ ਦਿਨ 70 ਪੈਸੇ , ਤੀਜੇ ਦਿਨ 40 ਪੈਸੇ । ਸੋਮਾ ਕਹਿੰਦਾ ਮੈਂ ਗ਼ਰੀਬ ਹਾਂ ਘਰ ਏਨੇ ਪੈਸੇ ਨਹੀ ਮੈ ਸਮਾਨ ਜਿਆਦਾ ਪਾ ਸਕਾ । ਗੁਰੂ ਸਾਹਿਬ ਦਇਆ ਦੇ ਘਰ ਵਿਚ ਆ ਗਏ , ਕਹਿੰਦੇ , “ ਤੂੰ ਗ਼ਰੀਬ ਨਹੀਂ ਸ਼ਾਹ ਹੈਂ , ‘ ਸੋਮਾ ਕਹਿੰਦਾ , “ ਮੈਂ ਸ਼ਾਹ ਨਹੀਂ , ਗ਼ਰੀਬ ਹਾਂ , ‘ ‘ ਸਤਿਗੁਰੂ ਫਿਰ ਕਹਿੰਦੇ ਤੂੰ ਗ਼ਰੀਬ ਨਹੀਂ ਸ਼ਾਹ ਹੈ । ਉਸ ਸਮੇਂ ਕਹਿਣਾ ਬੰਦ ਕੀਤਾ ਜਦੋਂ ਤਕ ਜਨਮਾਂ – ਜਨਮਾਂ ਦੀ ਗ਼ਰੀਬੀ ਕੱਟੀ ਗਈ । ਹੁਣ ਸਤਿਗੁਰੂ ਜੀ ਨੇ ਸੋਚਿਆ ਇਸ ਦੇ ਮੂੰਹ ਤੋਂ ਸੁਣਨਾ ਹੈ ਇਹ ਸ਼ਾਹ ਹੈ । ਗੁਰੂ ਜੀ ਕਹਿੰਦੇ ਦੱਸ ਸੋਮਿਆ ਮਾਇਆ ਦੇਣ ਵਾਲਾ ਸ਼ਾਹ ਹੁੰਦਾ ਹੈ ਜਾਂ ਲੈਣ ਵਾਲਾ ? ਤਾਂ ਭਾਈ ਸੋਮਾ ਆਖਣ ਲੱਗਾ , “ ਮਹਾਰਾਜ ਦੇਣ ਵਾਲਾ । ” ਗੁਰੂ ਰਾਮਦਾਸ ਜੀ ਕਹਿੰਦੇ ਤੂੰ ਸਾਨੂੰ ਮਾਇਆ ਦਿੱਤੀ ਹੈ ਕਿ ਅਸੀਂ ਤੈਨੂੰ ਦਿੱਤੀ ਹੈ ? ਭੋਲੇ ਭਾਅ ਕਹਿਣ ਲੱਗਾ ਜੀ ਮੈਂ ਤੁਹਾਨੂੰ ਦਿੱਤੀ ਹੈ । ਗੁਰੂ ਜੀ ਕਹਿਣ ਲੱਗੇ , ਫਿਰ ਤੂੰ ਸ਼ਾਹ ਹੋਇਆ ਕਿ ਅਸੀਂ ? ” ਭੋਲੇ ਭਾਅ ਕਹਿੰਦਾ , “ ਜੀ ਮੈਂ ਸ਼ਾਹ ਹੋਇਆ । ” ਗੱਲ ਨਾਲ ਲਗਾ ਕੇ ਗੁਰੂ ਰਾਮਦਾਸ ਜੀ ਨੇ ਬਖਸ਼ਿਸ਼ ਕੀਤੀ ਤੇ ਵਰ ਦਿੱਤਾ ,
“ ਭਾਈ ਸੋਮਾ ਸ਼ਾਹ , ਸ਼ਾਹਾਂ ਦਾ ਸ਼ਾਹ , ਬੇਪਰਵਾਹ ” ਤੇ ਨਾਲ ਬਚਨ ਕੀਤਾ , “ ਇਹ ਵਰ ( ਬਖਸ਼ਿਸ਼ ) ਤੇਰੀਆਂ ਕੁਲਾਂ ਤੱਕ ਚਲੇਗਾ ।
ਸ਼ਰਧਾ ਸਹਿਤ ਗੁਰੂ ਨਾਲ ਨਾਤਾ ਜੋੜਿਆ । ਸੋਮਾਂ ਜੀ ਬਖਸ਼ਿਸ਼ਾਂ ਦੇ ਪਾਤਰ ਬਣ ਗਏ । ਗੁਰੂ ਜੀ ਦੀ ਨਦਰਿ ਪਲ ਵਿਚ ਕੁਲਾ ਤੱਕ ਬਾਦਸ਼ਾਹੀਆਂ ਬਖਸ਼ ਸਕਦੀ ਹੈ ।
ਜੋਰਾਵਰ ਸਿੰਘ ਤਰਸਿੱਕਾ ।

ਸਤਿਗੁਰ ਗੁਰੂ ਗੋਬਿੰਦ ਸਿੰਘ ਜੀ ਗੁਰਦੁਆਰਾ ਟਿੱਬੀ ਸਾਹਿਬ ਦੇ ਅਸਥਾਨ ਤੋਂ ਆ ਕੇ ਅੰਮ੍ਰਿਤ ਵੇਲੇ ਦਾਤਣ ਕੁਰਲਾ ਕਰ ਰਹੇ ਸਨ ਤੇ ਅਚਾਨਕ ਇਕ ਮੁਸਲਮਾਨ ਜੋ ਸਿੱਖ ਦੇ ਭੇਸ ਵਿੱਚ ਪਿੱਛੋਂ ਦੀ ਆ ਕੇ ਤਲਵਾਰ ਦਾ ਵਾਰ ਕੀਤਾ ਜੋ ਗੁਰੂ ਸਾਹਿਬ ਨੇ ਬੜੀ ਫੁਰਤੀ ਨਾਲ ਰੋਕ ਕੇ ਜਲ ਵਾਲਾ ਸਰਬ ਲੋਹ ਦਾ ਗੜਵਾ ਮਾਰ ਕੇ ਉਸ ਮੁਸਲਮਾਨ ਨੂੰ ਚਿਤ ਕੀਤਾ , ਜਿਸ ਦੀ ਕਬਰ ਗੁਰਦੁਆਰਾ ਸਾਹਿਬ ਦੇ ਚੜ੍ਹਦੇ ਵੱਲ ਬਾਹਰਲੇ ਪਾਸੇ ਬਣੀ ਹੋਈ ਹੈ , ਗੁਰੂ ਸਾਹਿਬ ਦੇ ਹੁਕਮ ਅਨੁਸਾਰ ਯਾਤਰੀ ਕਬਰ ਉਤੇ ਪੰਜ ਪੰਜ ਜੁੱਤੀਆਂ ਮਾਰਦੇ ਹਨ , ਇਸੇ ਅਸਥਾਨ ਤੇ ਮਾਘੀ ਦੇ ਮੇਲੇ ਤੇ ਨਿਹੰਗ ਸਿੰਘ ਘੋੜ ਦੌੜ ਅਤੇ ਨੇਜੇ ਬਾਜੀ ਦੇ ਜੌਹਰ ਦਿਖਾਉਂਦੇ ਹਨ .

22 ਮਾਰਚ ਗੁਰਗੱਦੀ ਦਿਹਾੜਾ (1552) – ਧੰਨ ਗੁਰੂ ਅਮਰਦਾਸ ਜੀ
ਗੁਰੂ ਸ਼ਰਨ ਅਉਣ ਤੋ ਪਹਿਲਾ ਬਾਬਾ ਅਮਰਦਾਸ ਜੀ ਗੰਗਾ ਦੀ ਯਾਤਰਾ ਜਾਂਦੇ ਸੀ। ਹਰ 6 ਮਹੀਨੇ ਬਾਦ ਦਾ ਗੇੜਾ ਸੀ। 20 ਵਾਰ ਯਾਤਰਾ ਗਏ। ਇੱਕ ਵਾਰ ਗੰਗਾ ਤੋ ਵਾਪਸ ਆ ਰਹੇ ਸੀ , ਰਾਹ ਚ ਇੱਕ ਸਾਧੂ ਮਿਲਿਆ। ਘਰ ਨਾਲ ਲੈ ਆਏ। ਗੱਲਾਂ ਬਾਤਾਂ ਕਰਦਿਆਂ ਸਾਧੂ ਨੇ ਪੁੱਛਿਆ , ਤੁਹਾਡਾ ਗੁਰੂ ਕੌਣ ਹੈ ?? ਬਾਬਾ ਜੀ ਨੇ ਕਿਹਾ ਅਜੇ ਤਕ ਕੋਈ ਗੁਰੂ ਨਹੀਂ ਧਾਰਿਆ, ਸਾਧੂ ਨੇ ਤਾਅਨਾ ਮਾਰਿਆ ਤੁਸੀਂ ਨਿਗੁਰੇ ਹੋ …. ਸਾਧੂ ਨੇ ਕਿਆ ਮੇਰੇ ਸਾਰੇ ਕਰਮ ਧਰਮ ਨਸ਼ਟ ਹੋ ਗਏ। ਮੈ ਨਿਗੁਰੇ ਦਾ ਸੰਗ ਕਰਲਿਆ। ਸਾਧੂ ਦੇ ਬੋਲ ਸੁਣ ਮਨ ਨੂੰ ਬੜੀ ਸੱਟ ਵੱਜੀ। ਮੈ ਏਨਾ ਬੁਰਾ ਕੇ ਮੇਰੇ ਸੰਗ ਨਾਲ ਕਿਸੇ ਦਾ ਧਰਮ ਨਸ਼ਟ ਹੋ ਜਾਦਾ …
ਹੁਣ ਬਸ ਇਕ ਵਿਚਾਰ ਕੇ ਗੁਰੂ ਧਾਰਨਾ ਗੁਰੂ ਵਾਲੇ ਬਨਣਾ ਹਰ ਪੱਲ ਗੁਰੂ ਮਿਲਾਪ ਲਈ ਅਰਦਾਸਾਂ ……
ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਸਪੁੱਤਰੀ ਬੀਬੀ ਅਮਰੋ ਜੀ ਜੋ ਬਾਬਾ ਅਮਰਦਾਸ ਜੀ ਦੇ ਭਰਾ ਭਾਈ ਮਾਣਕ ਚੰਦ ਦੇ ਪੁੱਤ ਬਾਬਾ ਜੱਸੂ ਜੀ ਨਾਲ ਵਿਆਹੀ ਹੋਈ ਸੀ। ਉਸ ਤੋਂ ਅੰਮ੍ਰਿਤ ਵੇਲੇ ਗੁਰੂ ਨਾਨਕ ਸਾਹਿਬ ਦੀ ਬਾਣੀ ਸੁਣੀ।
ਮਾਰੂ ਰਾਗ ਦਾ ਸਬਦ ਸੀ
ਮਾਰੂ ਮਹਲਾ ੧ ਘਰੁ ੧ ॥
ਕਰਣੀ ਕਾਗਦੁ ਮਨੁ ਮਸਵਾਣੀ ਬੁਰਾ ਭਲਾ ਦੁਇ ਲੇਖ ਪਏ ॥
ਜਿਉ ਜਿਉ ਕਿਰਤੁ ਚਲਾਏ ਤਿਉ ਚਲੀਐ ਤਉ ਗੁਣ ਨਾਹੀ ਅੰਤੁ ਹਰੇ ॥੧॥…..
ਬਾਣੀ ਸੁਣ ਗੁਰੂ ਮਿਲਾਪ ਦੀ ਹੋਰ ਇੱਛਾ ਪੈਦਾ ਹੋਈ ਬੀਬੀ ਅਮਰੋ ਜੀ ਹੁਣੀ ਬਾਬਾ ਅਮਰਦਾਸ ਜੀ ਨੂੰ ਖਡੂਰ ਸਾਹਿਬ ਗੁਰੂ ਪਿਤਾ ਜੀ ਦੀ ਸ਼ਰਨ ਲੈ ਕੇ ਆਈ, ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਚਰਨੀਂ ਲੱਗੇ ਤੇ ਸਦਾ ਲੀ ਗੁਰੂ ਦੇ ਹੋ ਕੇ ਰਹਿ ਗਏ। 12 ਸਾਲ ਦਿਨ ਰਾਤ ਸੇਵਾ ਕਰਦੇ ਰਹੇ ਸੇਵਾ ਤੇ ਹੋਰ ਵੀ ਬੜੀ ਕਰਦੇ ਪਰ ਸਭ ਤੋਂ ਵੱਡੀ ਤੇ ਖਾਸ ਸੇਵਾ ਜੋ ਇਤਿਹਾਸ ਚ ਦਰਜ ਆ ਬਿਆਸ ਦਰਿਆ ਤੋਂ ਗਾਗਰ ਭਰ ਕੇ ਪਾਣੀ ਲਿਆ ਗੁਰੂ ਅੰਗਦ ਸਾਹਿਬ ਦਾ ਇਸ਼ਨਾਨ ਕਰਵਾਉਣਾ , ਭਾਵੇ ਮੀਹ ਹੋਵੇ ਜਾਂ ਨੇਰੀ ਗਰਮੀ ਹੋਵੇ ਜਾਂ ਠੰਡ ਜੇਠ ਪੋਹ ਹਰ ਹਾਲਤ ਚ ਏ ਸੇਵਾ ਜਾਰੀ ਰੱਖੀ। ਹਰ ਸਾਲ ਇਕ ਸਿਰਪਾਉ ਬਖਸ਼ਿਸ਼ ਮਿਲਦੀ
ਅਖੀਰ ਸੇਵਾ ਤੋਂ ਪ੍ਰਸੰਨ ਹੋ ਕੇ ਚੇਤ ਸੁਦੀ ਏਕਮ ਬਿਕਰਮੀ ਸੰਮਤ 1609 ਈਸਵੀ ਸੰਨ 1552 ਨੂੰ ਅਜ ਦੇ ਦਿਨ ਦੂਸਰੇ ਗੁਰਦੇਵ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਸਭ ਸੰਗਤ ਦੇ ਸਾਮਣੇ ਭਰੇ ਦਰਬਾਰ ਚ ਪੰਜ ਪੈਸੇ ਤੇ ਨਾਰੀਅਲ ਰੱਖ ਕੇ ਤਿੰਨ ਪ੍ਰਕਰਮਾਂ ਕਰਕੇ ਮੱਥਾ ਟੇਕ ਗੁਰ ਤਖ਼ਤ ਗੁਰੂ ਅਮਰਦਾਸ ਮਹਾਰਾਜ ਨੂੰ ਬਖ਼ਸ਼ਿਸ਼ ਕੀਤਾ ਨਾਲ 12 ਵਰ ਦਿੱਤੇ।
ਨਿਮਾਣਿਆ ਦੇ ਮਾਣ ਗੁਰੂ ਅਮਰਦਾਸ
ਨਿਤਾਣਿਆ ਦੇ ਤਾਣ ਗੁਰੂ ਅਮਰਦਾਸ
ਨਿਓਟਿਆ ਦੀ ਓਟ ਗੁਰੂ ਅਮਰਦਾਸ
ਨਿਧਰਿਆ ਦੀ ਧਰ ਗੁਰੂ ਅਮਰਦਾਸ
……
ਏਦਾ 12 ਬਖਸ਼ਿਸ਼ਾਂ ਕੀਤੀਆ
ਗੁਰੂ ਅਮਰਦਾਸ ਜੀ ਮਹਾਰਾਜ ਨੇ ਗੋਇੰਦਵਾਲ ਸਾਹਿਬ ਨਗਰ ਵਸਾਇਆ 22 ਸਾਲ ਗੁਰਗੱਦੀ ਤੇ ਬਿਰਾਜਮਾਨ ਰਹੇ।
ਤਖਤ ਤੇ ਬਿਰਾਜਮਾਨ ਹੋ ਗੋਇੰਦਵਾਲ ਚ 84 ਪੌੜੀਆਂ ਵਾਲੀ ਬਾਉਲੀ ਬਣਵਾਈ ਤੇ ਬਚਨ ਕਹੇ ਜੋ ਪਾਠ ਤੇ ਇਸ਼ਨਾਨ ਕਰੂੰ 84 ਕੱਟੀ ਜਾਊ
ਆਪ ਨੇ ਪ੍ਰਚਾਰ ਦੇ ਵਾਸਤੇ 22 ਮੰਜੀਆਂ 52 ਪੀੜ੍ਹੇ ਸਥਾਪਤ ਕੀਤੇ ਸੰਗਤ ਦੇ ਨਾਲ ਨਾਲ ਪੰਗਤ ਨੂੰ ਇਨ੍ਹਾਂ ਲਾਜ਼ਮੀ ਕੀਤਾ ਜਦੋ ਬਾਦਸ਼ਾਹ ਅਕਬਰ ਦਰਸ਼ਨਾਂ ਕਰਨ ਆਇਆ ਤਾਂ ਪਹਿਲਾ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕਣਾ ਦਾ ਹੁਕਮ ਹੋਇਆ ਆਪ ਨੇ ਸਤੀ ਪ੍ਰਥਾ ਬੰਦ ਕਰਵਾਈ ਵਿਧਵਾ ਵਿਆਹ ਦੀ ਪ੍ਰਥਾ ਚਲਾਈ
ਆਪ ਜੀ ਨੇ ਬਹੁਤ ਸਾਰੀ ਬਾਣੀ ਉਚਾਰਨ ਕੀਤੀ ਜਿਸ ਵਿਚੋਂ ਅਨੰਦ ਸਾਹਿਬ ਦੀ ਬਾਣੀ ਬੜੀ ਪ੍ਰਚੱਲਤ ਹੈ ਜੋ ਨਿਤਨੇਮ ਦਾ ਹਿੱਸਾ ਵੀ ਹੈ
ਭੱਟਾਂ ਨੇ ਆਪ ਦੀ ਮਹਿਮਾ ਚ 22 ਸਵੱਈਏ ਉਚਾਰਨ ਕੀਤੇ ਨੇ ਜੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਚ ਦਰਜ ਨੇ
ਤੀਜੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਗੁਰਤਾਗੱਦੀ ਦਿਹਾੜੇ ਦੀਆ ਲਖ ਲਖ ਵਧਾਈਆ ਜੀ
ਮੇਜਰ ਸਿੰਘ

Begin typing your search term above and press enter to search. Press ESC to cancel.

Back To Top