ਮੰਜੀ ਪ੍ਰਥਾ ਦਾ ਸਿੱਖ ਇਤਿਹਾਸ ਵਿੱਚ ਵਿਸ਼ੇਸ਼ ਅਸਥਾਨ ਹੈ ਕਿਉਂਕੇ ਇਸ ਨਾਲ ਹੀ ਸਿੱਖ ਧਰਮ ਦੇਸ਼ ਦੇ ਵੱਖ-ਵੱਖ ਭਾਗਾਂ ਵਿੱਚ ਪ੍ਰਚਾਰਿਆ ਗਿਆ। ਸਿੱਖਾਂ ਦੇ ਪਹਿਲੇ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਦੇ ਪ੍ਰਚਾਰ ਲਈ ਜਿਹੜੇ ਛੋਟੇ-ਛੋਟੇ ਧਾਰਮਿਕ ਕੇਂਦਰ ਸਥਾਪਿਤ ਕੀਤੇ, ਉਹਨਾਂ ਨੂੰ ਮੰਜੀਆਂ ਦਾ ਨਾਮ ਦਿੱਤਾ ਗਿਆ ਜਿਥੇ ਅਨੁਆਈ ਗੁਰੂ ਜੀ ਦੇ ਉਪਦੇਸ਼ ਸੁਣਦੇ ਅਤੇ ਧਾਰਮਿਕ ਵਿਸ਼ਿਆਂ ਉੱਤੇ ਵਿਚਾਰ ਵਟਾਂਦਰਾ ਕਰਦੇ ਸਨ। ਪਹਿਲੇ ਗੁਰੂ ਨੇ ਜਿਲ੍ਹਾ ਗੁਜਰਾਂਵਾਲਾ ਵਿਖੇ ਐਮਨਾਬਾਦ ਦੀ ਮੰਜੀ ਦਾ ਮੁੱਖੀ ਭਾਈ ਲਾਲੋ, ਤੁਲੰਬਾ ਵਿਖੇ ਸੱਜਣ ਠੱਗ ਨੂੰ ਅਤੇ ਬਨਾਰਸ ਵਿੱਚ ਚਿਤਰਦਾਸ ਬ੍ਰਾਹਮਣ ਥਾਪਿਆ। ਤੀਜੇ ਗੁਰੂ ਅਮਰ ਦਾਸ ਜੀ ਦੇ ਸਮੇਂ ਇਸ ਪ੍ਰਥਾ ਦਾ ਬਹੁਤ ਵਿਕਾਸ ਹੋਇਆ। ਉਹਨਾਂ ਨੇ ਆਪਣੇ ਅਧਿਆਤਮਕ ਇਲਾਕੇ ਨੂੰ 22 ਭਾਗਾਂ ਵਿੱਚ ਵੰਡਿਆ ਹੋਇਆ ਸੀ। ਹਰ ਭਾਗ “ਮੰਜੀ” ਅਖਵਾਉਂਦਾ ਸੀ। ਸਾਰੀਆਂ ਮੰਜੀਆਂ ਗੁਰੂ ਸਾਹਿਬ ਦੇ ਅਧੀਨ ਹੁੰਦੀਆਂ ਸਨ। ਹਰ ਮੰਜੀ ਵਿੱਚ ਲੰਗਰ ਅਤੇ ਰਹਿਣ ਦਾ ਪ੍ਰਬੰਧ ਹੁੰਦਾ ਸੀ। ਹਰ ਮੰਜੀ ਦਾ ਖਰਚ ਲੋਕਾਂ ਦੇ ਦਾਨ ਨਾਲ ਚਲਦਾ ਸੀ। ਪੰਜਵੇ ਗੁਰੂ ਅਰਜਨ ਦੇਵ ਨੇ ਸਰੋਵਰਾਂ ਅਤੇ ਮੰਦਿਰਾਂ ਦੀ ਉਸਾਰੀ ਲਈ ਧਨ ਦੀ ਜਰੂਰਤ ਕਰਕੇ ਮੰਜੀਆਂ ਦੀ ਗਿਣਤੀ ਵਧਾ ਦਿਤੀ । ਇਹ ਦੇ ਮੁੱਖੀ ਨੂੰ ਮਸੰਦਾਂ ਕਿਹਾ ਗਿਆ। ਇਹ ਮਸੰਦ ਆਪਣੇ ਅਸਲੀ ਮਕਸਦ ਨੂੰ ਭੁੱਲ ਕੇ ਗਲਤ ਰਸਤੇ ਪੈ ਗਏ ਇਸ ਕਾਰਨ ਇਸ ਪ੍ਰਥਾ ਨੂੰ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਖਤਮ ਕਰ ਦਿੱਤਾ।
ਗੁਰੂ ਨਾਨਕ ਬਾਣੀ ਵਿਚਲੀ ਸੰਗਤ ਦਾ ਮੁਢਲਾ ਰੂਪ ਤੇ ਇਤਿਹਾਸਕ ਵਿਕਾਸ ਮੁਢਲਾ ਰੂਪ ਗੁਰੂ ਨਾਨਕ ਦੇਵ ਜੀ ਦੁਆਰਾ ਸਥਾਪਤ ਅੱਲਗ ਅੱਲਗ ਸੰਗਤਾਂ ਦੇ ਮੋਢੀ ਸਿੱਖ ਗੁਰੂ ਨਾਨਕ ਦੇਵ ਨੇ ਆਪਣੇ ਮਿਸ਼ਨ ਲਈ ਸੰਸਾਰ ਦੀਆਂ ਚਾਰ ਉਦਾਸੀਆਂ ਕੀਤੀਆਂ।ਇਹਨਾਂ ਉਦਾਸੀਆਂ ਦੇ ਦੌਰਾਨ ਉਹਨਾਂ ਨੇ ਵੱਖ ਵੱਖ ਸੰਗਤਾਂ ਦੀ ਸਥਾਪਨਾ ਕੀਤੀ ਤਾਂਕਿ ਇਸ ਵਿੱਚ ਸ਼ਾਮਲ ਹੋ ਕੇ ਮਨੁੱਖੀ ਜੀਵ ਨਾਮ ਰਸ ਦੀ ਪ੍ਰਾਪਤੀ ਕਰ ਸਕੇ ਅਤੇ ਆਪਣੇ ਮਨੁੱਖੀ ਜਨਮ ਨੂੰ ਸਫਲਾ ਕਰਕੇ ਸਚਿਆਰ ਦੀ ਪਦਵੀ ਪ੍ਰਾਪਤ ਕਰ ਸਕੇ । ਗੁਰੂ ਨਾਨਕ ਦੇਵ ਜਿੱਥੇ – ਜਿੱਥੇ ਜਾਕੇ ਉਪਦੇਸ਼ ਕਰਦੇ , ਲੋਕ ਉਹਨਾਂ ਦੀ ਵਿਚਾਰਧਾਰਾ ਨੂੰ ਸਹੀ ਮੰਨ ਕੇ ਅਪਨਾਉਂਦੇ ਕਿਉਂਕਿ ਲੋਕ ਪਹਿਲਾਂ ਹੀ ਵਰਤਮਾਨ ਸਥਿਤੀ ਤੋਂ ਅਸੰਤੁਸ਼ਟ ਸਨ । ਉਸ ਸਥਾਨ ਤੇ ਗੁਰੂ ਨਾਨਕ ਦੇਵ ‘ ਸੰਗਤ ਦੀ ਸਥਾਪਨਾ ਕਰ ਦਿੰਦੇ ਸਨ । ਇਸ ਦੀ ਗਵਾਹੀ ਭਾਈ ਗੁਰਦਾਸ ਨੇ ਭਰੀ ਹੈ । ਗੁਰੂ ਨਾਨਕ ‘ ਸੰਗਤ ਦੀ ਸਥਾਪਨਾ ਕਰਨ ਦੇ ਨਾਲ ਨਾਲ ਮੋਢੀ ਸਿੱਖ ਨੂੰ ‘ ਮੰਜੀ ਦੀ ਬਖ਼ਸ਼ਿਸ਼ ਕਰਕੇ ਇਸ ਸੰਗਤ ਦੇ ਇਲਾਕੇ ਵਿੱਚ ਸਿੱਖੀ ਦੇ ਪ੍ਰਚਾਰ ਦੀ ਜ਼ਿੰਮੇਵਾਰੀ ਵੀ ਸੌਂਪਦੇ ਸਨ । ਭਾਈ ਸੇਵਾਦਾਸ ਅਨੁਸਾਰ ਇਸ ਮੋਢੀ ਸਿੱਖ ਨੂੰ ਮੰਜੀ ਕਿਹਾ ਜਾਂਦਾ ਸੀ।ਕਿਉਂਕਿ ਉਹ ਮੰਜੀ ਤੇ ਬੈਠ ਕੇ ਸਿੱਖੀ ਦਾ ਪ੍ਰਚਾਰ ਕਰਦਾ ਸੀ।ਉਹਨਾਂ ਅਨੁਸਾਰ ਗੁਰੂ ਨਾਨਕ ਦੇਵ ਜੀਦੁਆਰਾ ਸਥਾਪਤ ਮੁੱਖ ਸੰਗਤਾਂ ਤੇ ਮੰਜੀਆਂ ਦਾ ਵੇਰਵਾ ਇਸ ਤਰ੍ਹਾਂ ਹੈ : ਸ਼ੇਖ ਸੱਜਣ ਦੱਖਣੀ ਪੱਛਮੀ ਪੰਜਾਬ ਵਿੱਚ । ਗੋਪਾਲਦਾਸ ਬਨਾਰਸ ਦੀ ਸੰਗਤ ਦਾ ਮੋਢੀ । ਭਾਈ ਲਾਲੋ ਉੱਤਰ ਦੀ ਸੰਗਤ ਦਾ ਮੋਢੀ । ਝੰਡਾਬਾਢੀ ਬੁਸ਼ਿਹਰ ਦੀ ਸੰਗਤ ਦਾ ਮੋਢੀ । ਬੁੱਢਣ ਸ਼ਾਹ ਕੀਰਤਪੁਰ ਵਿੱਚ । ਮਾਹੀ ਮਾਹੀਸਰ ਵਿੱਚ । ਕੁਲਯੁਗ ਜਗਨਨਾਥ ਪੁਰੀ ਵਿੱਚ । ਸਾਲਸ ਰਾਇ ਪਟਨਾ ਤੇ ਬਿਹਾਰ ਵਿੱਚ ਰਾਜਾ ਸ਼ਿਵਨਾਭ ਸ੍ਰੀ ਲੰਕਾ ਵਿੱਚ । ਭਾਈ ਗੁਰਦਾਸ ਜੀ ਦੀ 11 ਵੀਂ ਵਾਰ ਵਿਚ ਗੁਰੂ ਨਾਨਕ ਦੇਵ ਜੀ ਦੇ ਪੁਰਾਤਨ ਸਿੱਖਾਂ ਤੇ ‘ ਸੰਗਤਾਂ ਦੇ ਨਾਂ ਮਿਲਦੇ ਹਨ।ਕਸ਼ਮੀਰ , ਤਿੱਬਤ , ਰਾਮਪੁਰ , ਬੁਸ਼ਹਿਰ , ਦਿੱਲੀ , ਆਗਰਾ , ਉਜੈਨ , ਬਰਗਨਪੁਰ , ਢਾਕਾਆਦਿਵਿੱਚ ਸਿੱਖ ਸੰਗਤਾਂ ਦਾ ਜ਼ਿਕਰ ਆਉਂਦਾ ਹੈ । ਪ੍ਰਿੰਸੀਪਲ ਤੇਜਾ ਸਿੰਘ ਅਨੁਸਾਰ ਗੁਰੂ ਨਾਨਕ ਦੇਵ ਜੀਨੇ ਸੰਗਤਾਂ ਬਣਾਈਆਂ । ਇਸ ਤਰ੍ਹਾਂ ਸਿੱਖ ਸੰਗਤਾਂ ਦੀ ਨੀਂਹ ਗੁਰੂ ਨਾਨਕ ਦੇਵ ਜੀ ਨੇ ਰੱਖੀ।ਉਹਨਾਂ ਨੇ ਆਪਣੇ ਪ੍ਰਚਾਰ ਦੌਰਿਆਂ ਸਮੇਂ ਅਲੱਗ – ਅਲੱਗ ਸੰਗਤਾਂ ਕਾਇਮ ਕੀਤੀਆਂ।ਸੰਗਤ ਦੀ ਇਕੱਤਰਤਾ ਤੇ ਮਿਲ ਬੈਠਣ ਲਈ ਦੇਸ਼ ਦੇਸਾਂਤਰਾਂ ਵਿਚ ਗੁਰਦੁਆਰੇ ( ਜਿਹਨਾਂ ਨੂੰ ਉਸ ਸਮੇਂ ਧਰਮਸਾਲਾ ਕਿਹਾ ਜਾਂਦਾ ਸੀ ) ਬਣਾਏ।ਗਿਆਨੀ ਪ੍ਰਤਾਪ ਸਿੰਘ ਅਨੁਸਾਰ ਜੂਨਾਗੜ੍ਹ , ਕਾਮਰੂਪ ( ਆਸਾਮ ) , ਚਿੱਟਾਗਾਂਗ ( ਬੰਗਾਲ ) , ਸੂਰਤ , ਪਟਨਾ ( ਬਿਹਾਰ ) , ਕਟਕ , ਨਾਨਕਮੱਤਾ ( ਯੂ ਪੀ ) ਖਟਮੰਡੂ , ਬਗਦਾਦ , ਕਾਬਲ ਤੇ ਜਲਾਲਾਬਾਦ , ਕੰਬੂ ਰਾਮੇਸਵਰਮ , ਕਜਲੀਬਲ , ਧੋਬੜੀ ( ਆਸਾਮ ) , ਹੈਦਰਾਬਾਦ ( ਦੱਖਣ ) ਸੰਗਲਾਦੀਪ ਵਿੱਚ ਗੁਰੂ ਨਾਨਕ ਦੇਵ ਜੀ ਦੁਆਰਾ ਸਥਾਪਤ ਸਿੱਖ ਸੰਗਤਾਂ ਸਨ । ਸੰਗਤ ਦਾ ਮੁਢਲਾ ਸਰੂਪ ਤੇ ਕ੍ਰਿਆ : ਇਹਨਾਂ ਸੰਗਤਾਂ ਦੇ ਸਰੂਪ ਬਾਰੇ ਹਵਾਲੇ ਜਨਮਸਾਖੀਆਂ ਵਿੱਚ ਮਿਲਦੇ ਹਨ । ਗੁਰੂ ਨਾਨਕ ਦੇਵ ਜੀ ਮੋਢੀ ਸਿੱਖਾਂ ਨੂੰ ਮੰਜੀਆਂ ਦੀ ਬਖਸ਼ਿਸ਼ ਕਰਕੇ ਸੰਗਤ ਦਾ ਮੁਖੀਆ ਥਾਪਦੇ ਸਨ ।
ਮੰਜੀਦਾਰ ਥਾਪਣ ਸਮੇਂ ਕਿਸੇ ਦੀ ਜਾਤ ਜਾਂ ਸਮਾਜਿਕ ਰੁਤਬੇ ਨੂੰ ਨਾ ਦੇਖ ਕੇ ਯੋਗਤਾ ਦੇਖੀ ਜਾਂਦੀ ਸੀ । ਸੰਗਤ ’ ਦੇ ਸਿੱਖਾਂ ਨੂੰ ਨਾਨਕ ਪੰਥੀ ’ ਵੀ ਕਿਹਾ ਜਾਂਦਾ ਸੀ । ਸੰਗਤ ਅਤੇ ਜਿਸ ਸਥਾਨ ਤੇ ਸੰਗਤ ਦਾ ਇਕੱਠ ਹੁੰਦਾ ਉਸ ਨੂੰ ਧਰਮਸਾਲ ਆਖਿਆ ਜਾਂਦਾ ਸੀ।ਇੰਜ ਗੁਰੂ ਨਾਨਕ ਦੇਵ ਜੀ ਨੇ ਧਰਮਸਾਲਾ ਦੀ ਵੀ ਸਥਾਪਨਾ ਕੀਤੀ।ਸੰਗਤਾਂ ਨਿਯਮ ਨਾਲ ਸਵੇਰੇ ਸ਼ਾਮ ਜੁੜਦੀਆਂ ਸਨ । ਸੰਗਤ ਦਾ ਮੁੱਖ ਉਦੇਸ਼ ਪਰਮਾਤਮਾ ਦੀ ਯਾਦ ਵਿਚ ਜੁੜਨਾ , ਕੀਰਤਨ ਕਰਨਾ ਤੇ ਗੁਰਬਾਣੀ ਪੜ੍ਹਨਾ ਸੀ । ਨਾਲਦੀ ਨਾਲ ਜ਼ਿੰਦਗੀ ਨਾਲ ਸੰਬਧਿਤ ਬਾਕੀ ਮਸਲਿਆਂ ਉੱਤੇ ਵੀ ਵਿਚਾਰਾਂ ਹੁੰਦੀਆਂ ਸਨ । ਗੁਰਬਾਣੀ ਦਾ ਕੀਰਤਨ ਨੇਮ ਨਾਲ ਹੁੰਦਾ ਸੀ । ਸਿੱਖਾਂ ਨੂੰ ਸੰਗਤਾਂ ਦੀ ਸੇਵਾ ਕਰਨ ਦੀ ਤਾਕੀਦ ਕੀਤੀ ਗਈ । ਇਸਲਈ ਸਿੱਖ ਖੁਸ਼ੀ – ਖੁਸ਼ੀ ਸੇਵਾ ਕਰਦੇ ਸਨ । ਸੰਗਤਾਂ ਵਿੱਚ ਲੰਗਰ ਨਿਯਮਤ ਰੂਪ ਨਾਲ ਦਿਨ ਰਾਤ ਚਲਦਾ ਸੀ । ਸੰਗਤਾਂ ਵਿੱਚ ਸ਼ਾਮਲ ਲੋਕਾਂ ਲਈ ਕਿਰਤ ਕਰਨਾ ਲਾਜ਼ਮੀ ਐਲਾਨਿਆ ਗਿਆ । ਜਿਸ ਨਾਲ ਕਿ ਸਿੱਖਾਂ ਦੀ ਆਪਣੀ ਕਮਾਈ ਦੇ ਕੁੱਝ ਹਿੱਸੇ ਵਿੱਚੋਂ ਸੰਗਤ ਦੀ ਸੇਵਾ ਲਈ ਖਰਚ ਕੀਤਾ ਜਾਂਦਾ ਸੀ । ” ਕਿਰਤ ਨਾਲ ਇਸ਼ਨਾਨ ਕਰਨਾ ਵੀ ਸੰਗਤ ਲਈ ਜ਼ਰੂਰੀ ਕੀਤਾ ਗਿਆ । ਸੰਗਤਾਂ ਵਿੱਚ ਲੋਕਾਂ ਦੀ ਸਮੂਲੀਅਤ ਬਹੁਤ ਵੱਡੀ ਗਿਣਤੀ ਵਿੱਚ ਹੁੰਦੀ ਸੀ । ਇਹ ਸੰਗਤਾਂ ਭਾਰਤ ਤੋਂ ਇਲਾਵਾ ਹੋਰ ਦੇਸ਼ਾਂ ਵਿੱਚ ਵੀ ਸਥਾਪਤ ਹੋਈਆਂ । ਗੁਰੂ ਨਾਨਕ ਦੇਵ ਜੀ ਦੁਆਰਾ ਸਥਾਪਤ ਸੰਗਤਾਂ ਵਿੱਚ ਮੁੱਖ ਕੇਂਦਰ ਪਰਮਾਤਮਾ ਨੂੰ ਮੰਨਿਆ ਗਿਆ । ਗੁਰੂ ਦਾ ਸਮਾਵੇਸ਼ ਸ਼ਬਦ ( ਬਾਣੀ ) ਦੇ ਰੂਪ ਵਿੱਚ ਹੋਇਆ।ਮਾਲਕ ਤੇ ਨੌਕਰ ਸਭ ਨੂੰ ਸੰਗਤ ਵਿੱਚ ਬਰਾਬਰ ਦਾ ਸਥਾਨ ਦਿੱਤਾ ਗਿਆ।ਜਾਤ ਜਾਂ ਧਰਮ ਸੰਗਤ ਦੀ ਸ਼ਮੂਲੀਅਤ ਵਿਚ ਆੜੇ ਨਹੀਂ ਆਉਂਦੀ ਸੀ । ਹਰ ਜਾਤੀ , ਮਜ਼ਬ , ਕਿੱਤੇ ਤੇ ਰੁਤਬੇ ਦੇ ਲੋਕ ਇਸ ਵਿੱਚ ਸ਼ਾਮਲ ਹੁੰਦੇ ਸਨ।ਰਾਜਾ ਤੇ ਰੰਕ ਨੂੰ ਬਰਾਬਰ ਸਮਝਿਆ ਗਿਆ।ਸੰਗਤ ਦੀ ਰਚਨਾ ਵਿੱਚ ਪਰਮਾਤਮਾ , ਗੁਰੂ ਤੇ ਆਮ ਲੋਕਾਂ ਨੂੰ ਮੁੱਖ ਅੰਗਾਂ ਵਜੋਂ ਲਿਆ ਗਿਆ।ਲੰਗਰ ਨੂੰ ਸੰਗਤ ਦਾ ਅਨਿੱਖੜਵਾਂ ਅੰਗ ਬਣਾਇਆ ਗਿਆ ਜਿਸ ਵਿੱਚ ਲੋਕ ਬਿਨਾਂ ਕਿਸੇ ਭੇਦ – ਭਾਵ ਤੋਂ ਬਰਾਬਰ ਬੈਠ ਕੇ ਲੰਗਰ ਪਕਾਉਂਦੇ ਤੇ ਛਕਦੇ ਸਨ ਜਿਸ ਨਾਲ ਲੋਕਾਂ ਵਿੱਚ ਆਪਸੀ ਸਾਂਝ ਪੈਦਾ ਹੋਈ ਤੇ ਸਮਾਜਿਕ – ਦੂਰੀਆਂ ਖਤਮ ਹੋਈਆਂ । ਪੂਰਵ – ਨਾਨਕ ਕਾਲੀ ਸੰਗਤਾਂ ਵਿੱਚ ਇਸ ਤਰ੍ਹਾਂ ਦੀ ਪ੍ਰਦੀ ਅਣਹੋਂਦ ਸੀ।ਇਸ ਤਰ੍ਹਾਂ ਸਿੱਖ – ਸੰਗਤਾਂ ਨੇ ਲੋਕਾਂ ਵਿੱਚ ਜਾਤ – ਪਾਤ ਤੇ ਊਚ – ਨੀਚ ਨੂੰ ਖਤਮ ਕਰਨ ਲਈ ਅਮਲੀ ਰੂਪ ਵਿੱਚ ਉਪਰਾਲਾ ਕੀਤਾ । ਸਿੱਖ – ਸੰਗਤ ਨੇ ਲੋਕਾਂ ਨੂੰ ਕਿਰਤੀ ਹੋਣ ਦਾ ਸੰਦੇਸ਼ ਦਿੱਤਾ । ਜਿਸ ਵਿੱਚ ਲੰਗਰ – ਪ੍ਰਥਾ ਦੇ ਨਾਲ ਵੰਡ ਕੇ ਛਕਣ ਦੇ ਸਿਧਾਂਤ ( ਨਾਮ ਜਪਣਾ , ਕਿਰਤ ਕਰਨੀ ਤੇ ਵੰਡ ਛਕਣਾ ) ਨੂੰ ਅਮਲੀ ਜਾਮਾ ਪਹਿਨਾਇਆ ਗਿਆ । ਪਹਿਲੀ ‘ ਸੰਗਤ ਸੁਲਤਾਨਪੁਰ ਲੋਧੀ ਸਥਾਪਤ ਕਰਨ ਤੇ ਗੁਰੂ ਨਾਨਕ ਦੇਵ ਜੀ ਆਪਣੀ ਕਮਾਈ ਦਾ ਬਹੁਤਾ ਹਿੱਸਾ ਲੰਗਰ ਵਿੱਚ ਪਾਉਂਦੇ , ਸੰਗਤ ਵਿੱਚ ਬੈਠ ਕੇ ਸਿਮਰਨ ਕਰਦੇ ਤੇ ਲੰਗਰ ਛਕਦੇ । ਨਾਮ ਜਪਣ ਨਾਲ ਸਿੱਖਾਂ ਦੇ ਅਧਿਆਤਮਕ ਜੀਵਨ ਵਿੱਚ ਉਨਤੀ ਹੋਈ ਤੇ ਪਰਮਾਤਮਾ ਨਾਲ ਜੁੜੇ।ਕਿਰਤ ਨੇ ਸਿੱਖਾਂ ਦੇ ਆਰਥਿਕ ਪੱਖ ਨੂੰ ਮਜ਼ਬੂਤ ਕੀਤਾ ਤੇ ਵੰਡ ਕੇ ਛਕਣ ਦੇ ਸਿਧਾਂਤ ਨੇ ਇਕ ਦੂਸਰੇ ਨਾਲ ਸਮਾਜਿਕ ਸੰਬੰਧਾਂ ਨੂੰ ਮਜ਼ਬੂਤ ਕੀਤਾ । ਸੰਗਤ ਸਿੱਖਾਂ ਦੇ ਜੀਵਨ ਦੇ ਤਿੰਨਾਂ ਪੱਖਾਂ ਦੀ ਉਨਤੀ ਦਾ ਕਾਰਣ ਬਣੀ । ਇਸ ਤਰ੍ਹਾਂ ਸਿੱਖਾਂ ਨੂੰ ਸੰਸਾਰ ਵਿਚ ਵਿਚਰਦਿਆਂ ਹੀ ਜੀਵਨ ਮਨੋਰਥ ਨੂੰ ਪ੍ਰਾਪਤ ਕਰਨ ਦਾ ਸਹਿਲ ਮਾਰਗ ਦਰਸਾਇਆ।ਅਜਿਹੇ ਜੀਵਨ – ਮਾਰਗ ਦੀ ਪੂਰਵ – ਕਾਲੀ ਸੰਗਤਾਂ ਵਿੱਚ ਅਣਹੋਂਦ ਸੀ । ਸਿੱਖ ਸੰਗਤ ਦੀ ਇਹ ਵਿਸ਼ੇਸ਼ਤਾ ਇਸ ਨੂੰ ਦੂਸਰੀਆਂ ਸੰਗਤਾਂ ਦੀ ਸੰਰਚਨਾ , ਪ੍ਰਕਾਰਜ ਅਤੇ ਮਨੋਰਥ ਤੋਂ ਨਿਖੇੜਦੀ ਹੈ ।
ਇਤਿਹਾਸਕ ਵਿਕਾਸ ਗੁਰੂ ਅੰਗਦ ਦੇਵ ਸਮੇਂ ਸੰਗਤ : ਸਿੱਖ ਜਗਤ ਵਿਚ ਪ੍ਰਚਲਿਤ ‘ ਸੰਗਤ ’ ਸੰਸਥਾ ਦਾ ਨਿਕਾਸ ਤੇ ਵਿਕਾਸ ਗੁਰੂ ਨਾਨਕ ਕਾਲ ਵਿੱਚ ਹੀ ਸ਼ੁਰੂ ਹੋ ਜਾਂਦਾ ਹੈ । ਗੁਰੂ ਨਾਨਕ ਵਲੋਂ ਨਿਰਧਾਰਿਤ ਕੀਤੀ ਗਈ ਸਿੱਖ ਸੰਸਥਾ ਨੂੰ ਉਹਨਾਂ ਦੇ ਉਤਰਾਧਿਕਾਰੀ ਗੁਰੂਆਂ ਨੇ ਨਾ ਕੇਵਲ ਜਾਰੀ ਹੀ ਰੱਖਿਆ ਸਗੋਂ ਸਮਾਜਿਕ ਤੇ ਧਾਰਮਿਕ ਲੋੜਾਂ ਅਨੁਸਾਰ ਇਸ ਨੂੰ ਹੋਰ ਦ੍ਰਿੜ ਕੀਤਾ । ਨਾਨਕ ਨਾਮ ਲੇਵਾ ਸਿੱਖਾਂ ਦੀ ਗਿਣਤੀ ਵਧਣ ਕਾਰਣ ਗੁਰੂ ਅੰਗਦ ਦੇਵ ਜੀ ਨੇ ਸਿੱਖੀ ਦੇ ਕਈ ਨਵੇਂ ਕੇਂਦਰ ਖੋਲ।ਉਹਨਾਂ ਨੇ ਸਿੱਖ – ਸੰਗਤਾਂ ਦੇ ਜੋੜ ਮੇਲਿਆਂ ਦਾ ਪ੍ਰਬੰਧ ਕਰਕੇ ਸਭਿਆਚਾਰਕ ਵਿਕਾਸ ਨੂੰ ਨਵਾਂ ਰੂਪ ਦਿੱਤਾ । ਸਿੱਖ ਕੇਂਦਰਾਂ ਉਤੇ ਖੇਡਾਂ ਤੇ ਸਰੀਰਕ ਕਰਤੱਬਾਂ ਦਾ ਪ੍ਰਦਰਸ਼ਨ ਸ਼ੁਰੂ ਕਰਵਾਇਆ।ਇਸ ਕਾਰਜ – ਵਿਧੀ ਨੇ ਸੰਗਤ ਤੇ ਪੰਗਤ ਸੰਸਥਾ ਨੂੰ ਨਵੀਂ ਸੰਸਕ੍ਰਿਤਕ ਦਿਸ਼ਾ ਪ੍ਰਦਾਨ ਕੀਤੀ।ਜਿਸ ਅਧੀਨ ਸਿੱਖਾਂ ਵਿੱਚ ਭਾਈਚਾਰਕ ਸਾਂਝ ਪ੍ਰਫੁਲਤ ਹੋਈ । ਡਾ.ਏ ਸੀ.ਅਰੋੜਾ ਅਨੁਸਾਰ ਗੁਰੂ ਅੰਗਦ ਸਾਹਿਬ ਨੇ ਗੁਰੂ ਨਾਨਕ ਦੁਆਰਾ ਸਥਾਪਿਤ ਕੀਤੀ ਗਈ ਸੰਗਤ ਸੰਸਥਾ ਨੂੰ ਨਿਸ਼ਚਿਤ ਰੂਪ ਦਿੱਤਾ।ਖਡੂਰ ਸਾਹਿਬ ਵਿੱਚ ਰੋਜ਼ ਪ੍ਰਭਾਤ ਵੇਲੇ ਤੇ ਸ਼ਾਮ ਸਮੇਂ ਗੁਰੂ ਸਾਹਿਬ ਦੇ ਸਿੱਖਾਂ ਦੀ ਧਾਰਮਿਕ ਸਭਾ ਹੁੰਦੀ ਸੀਂ , ਜਿੱਥੇ ਗੁਰੂ ਨਾਨਕ ਸਾਹਿਬ ਦੁਆਰਾ ਰਚੇ ਗਏ ਸ਼ਬਦਾਂ ਦਾ ਕੀਰਤਨ ਹੁੰਦਾ ਸੀ।ਸੇਵਾ ‘ ਸੰਗਤ ’ ਦਾ ਮੁੱਖ ਕਾਰਜ ਹੁੰਦਾ ਸੀ । ਇਸ ਤੋਂ ਇਲਾਵਾ ਉਹਨਾਂ ਨੇ ਗੁਰੂ ਨਾਨਕ ਸਾਹਿਬ ਵਲੋਂ ਚਲਾਈ ਪਰਚਾਰ ਵਿਧੀ ਅਨੁਸਾਰ , ਆਪਣਾ ਸਾਰਾ ਸਮਾਂ ਰਾਵੀ ਤੇ ਬਿਆਸ ਦੇ ਵਿਚਕਾਰਲੇ ਇਲਾਕੇ ਦੇ ਪਿੰਡਾਂ ਵਿੱਚ ਧਰਮ ਪ੍ਰਚਾਰ ਕਰਨ ਲਈ ਖ਼ਰਚ ਕੀਤਾ । ਗੁਰੂ ਸਾਹਿਬ ਦੇ ਇਹਨਾਂ ਕੰਮਾਂ ਨੇ ‘ ਸੰਗਤ ’ ਸੰਸਥਾ ਨੂੰ ਨਰੋਆ ਕਰਨ ਵਿੱਚ ਵੱਡਾ ਹਿੱਸਾ ਪਾਇਆ । ਗੁਰੂ ਅਮਰਦਾਸ ਸਮੇਂ ਸੰਗਤ ਮੰਜੀ ਪ੍ਰਥਾ ; ਸੱਯਦ ਮੁਹੰਮਦ ਲਤੀਫ ਦੇ ਕਥਨ ਅਨੁਸਾਰ , “ ਗੁਰੂ ਅਮਰਦਾਸ ਜੀ ਦੇ ਉਤਸ਼ਾਹ ਪੂਰਬਕ ਧਰਮ ਪ੍ਰਚਾਰ , ਦਿਆਲੂ ਵਤੀਰੇ ਅਤੇ ਸ਼ੁਸ਼ੀਲ ਸੁਭਾਅ ਨੇ ਬਹੁਤ ਸਾਰੇ ਵਿਅਕਤੀਆਂ ਨੂੰ ਸਿੱਖ ਧਰਮ ਵਿੱਚ ਲੈ ਆਂਦਾ ਸੀ । ਗੁਰੂ ਅਮਰਦਾਸ ਜੀ ਨੇ ਸਿੱਖ ਸੰਗਤਾਂ ਨੂੰ ਵਿਕਸਤ ਕਰਨ ਵਲ ਵਧੇਰੇ ਧਿਆਨ ਦਿੱਤਾ । ਇਸ ਤਰ੍ਹਾਂ ਹੋਰ ਸਿੱਖ ਸੰਗਤਾਂ ਕਾਇਮ ਕੀਤੀਆਂ । ਇਸ ਤੋਂ ਇਹ ਪਤਾ ਲਗਦਾ ਹੈ ਕਿ ਗੁਰੂ ਅਮਰਦਾਸ ਜੀ ਦੀ ਗੁਰਿਆਈ ਦੇ ਕਾਲ ਵਿਚ ਪੰਜਾਬ ਅਤੇ ਬਾਕੀ ਦੇ ਹੋਰ ਇਲਾਕਿਆਂ ਵਿੱਚ ਸਿੱਖਾਂ ਦੀ ਗਿਣਤੀ ਕਾਫੀ ਵਧ ਗਈ ਸੀ।ਇਸ ਵੱਡੀ ਗਿਣਤੀ , ਜੋ ਕਿ ਵੱਖ ਵੱਖ ਇਲਾਕਿਆਂ ਵਿੱਚ ਖਿਲਰੀ ਹੋਈ ਸੀ , ਦੀ ਪ੍ਰਬੰਧਕੀ ਸੰਭਾਲ ਵਾਸਤੇ ਸੰਗਤ ਦੀ ਸੰਸਥਾ ਵਿੱਚ ਕੁੱਝ ਤਬਦੀਲੀ ਲਿਆਂਦੀ ਗਈ।ਇਹ ਤਬਦੀਲੀ ਸੁਭਾ ਵਿਚ ਸਿਧਾਂਤਕ ਨਹੀਂ ਸੀ ਸਗੋਂ ਪ੍ਰਬੰਧਕੀ ਸੀ।ਪਰਚਾਰ ਨੂੰ ਤੇਜ਼ ਕਰਨ ਲਈ ਅਤੇ ਸਿੱਖ ਧਰਮ ਨੂੰ ਪੱਕੇ ਪੈਰਾਂ ਤੇ ਖੜਾ ਕਰਨ ਲਈ ਗੁਰੂ ਅਮਰਦਾਸ ਜੀ ਨੂੰ ਸਿੱਖ ਵਸੋਂ ਵਾਲੇ ਇਲਾਕਿਆਂ ਨੂੰ 22 ਹਿੱਸਿਆਂ ਅਰਥਾਤ ਮੰਜੀਆਂ ਵਿੱਚ ਵੰਡ ਦਿੱਤਾ ਅਤੇ 22 ਸਿਆਣੇ ਪ੍ਰਚਾਰਕ ਇਹਨਾਂ ਦੇ ਮੰਜੀਦਾਰ ਨਿਯੁਕਤ ਕਰ ਦਿੱਤੇ । ਇਨ੍ਹਾਂ ਮੰਜੀਆਂ ਦਾ ਕੰਮ ਆਪਣੇ ਆਪਣੇ ਨਿਸ਼ਚਿਤ ਇਲਾਕੇ ਵਿੱਚ ਗੁਰੂ ਸਾਹਿਬ ਦੇ ਉਪਦੇਸ਼ਾਂ ਦਾ ਪ੍ਰਚਾਰ ਕਰਨਾ ਅਤੇ ਸਿੱਖਾਂ ਕੋਲੋਂ ਭੇਟਾ ਲੈ ਕੇ ਗੁਰੂ ਜੀ ਕੋਲ ਪਹੁੰਚਾਉਣਾ ਹੁੰਦਾ ਸੀ । ਮੰਜੀਆਂ ਨੂੰ ਅੱਗੇ ਜਾ ਕੇ ਜਿਸ ਤਰ੍ਹਾਂ ਵਿਚ ਵੰਡਿਆ ਗਿਆ , ਉਸ ਨੂੰ ਪੀੜ੍ਹੀਆਂ ਕਿਹਾ ਜਾਂਦਾ ਸੀ । ਤੇਜਾ ਸਿੰਘ 52 ਪੀੜ੍ਹੀਆਂ ਦਾ ਸੰਕੇਤ ਦਿੰਦਾ ਹੈ । ਇਸ ਤਰ੍ਹਾਂ ਕਰਕੇ ਗੁਰੂ ਅਮਰਦਾਸ ਵੇਲੇ ਮੰਜੀ ਸੰਸਥਾ ਦੀ ਸਥਾਪਨਾ ਦੁਆਰਾ ਸਿੱਖੀ ਦਾ ਪ੍ਰਚਾਰ ਹੋਰ ਵੀ ਪ੍ਰਭਾਵਸ਼ਾਲੀ ਹੋ ਗਿਆ । ਸ਼ਬਦ ਕੋਸ਼ ਦੀ ਦ੍ਰਿਸ਼ਟੀ ਤੋਂ , ਮੰਜੀ ਦਾ ਅਰਥ ਮਹਾਨ ਕੋਸ਼ ਵਿਚ ਵੀ ਆਸਣ ਅਥਵਾ ਬੈਠਣ ਦੀ ਥਾਂ ਲਿਆ ਗਿਆ ਹੈ ਪਰ ਸਿੱਖ ਧਰਮ ਵਿੱਚ ਗੁਰੂ ਅਮਰਦਾਸ ਜੀ ਵਲੋਂ ਸਿੱਖ ਸੰਗਤਾਂ ਨੂੰ ਸੰਗਠਿਤ ਰੱਖਣ ਹਿੱਤ ਬਣਾਈ ਗਈ ਯੋਜਨਾ ਅਧੀਨ 22 ਮੰਜੀਆਂ ਦੀ ਸਥਾਪਨਾ ਹੈ।ਇੰਦੂ ਭੂਸ਼ਨ ਬੈਨਰਜੀ ਅਨੁਸਾਰ , ਮੰਜੀਆਂ ਸਥਾਪਿਤ ਕਰਨ ਨਾਲ ਗੁਰੂ ਸਾਹਿਬ ਨੇ ਸਿੱਖਾਂ ਨੂੰ ਇੱਕ ਵੱਖਰੀ ਸੰਸਥਾ ਦੇਣ ਦਾ ਕਦਮ ਚੁੱਕਿਆ।ਨਿਰਸੰਦੇਹ ਉਹਨਾਂ ਦੀ ਆਪਣੀ ਪ੍ਰਭਾਵਸ਼ਾਲੀ ਸਖਸ਼ੀਅਤ ਇਸ ਜਥੇਬੰਦੀ ਨੂੰ ਜੋੜਨ ਦਾ ਕੰਮ ਕਰਦੀ ਸੀ । ਪ੍ਰੰਤੂ ਉਹਨਾਂ ਨੇ ਇਸ ਜਥੇਬੰਦੀ ਨੂੰ ਹੋਰ ਮਜ਼ਬੂਤ ਕਰਨ ਲਈ ਸਿੱਖਾਂ ਨੂੰ ਤੀਰਥ ਯਾਤਰਾ ਦਾ ਕੇਂਦਰੀ ਅਸਥਾਨ ਵੀ ਦਿੱਤਾ।ਇਹਨਾਂ ਮੰਜੀਆਂ ਨਾਲ ਸਿੱਖ – ਸੰਗਤਾਂ ਵਿੱਚ ਨਵਾਂ ਉਤਸ਼ਾਹ ਆ ਗਿਆ । ਇਹਨਾਂ ਮੰਜੀਆਂ ਵਿੱਚੋਂ ਇੱਕ ਮੰਜੀ ਕਪੂਰਥਲਾ ਦੇ ਇੱਕ ਮੁਸਲਮਾਨ ਅਲਾਯਾਰ ਖਾਂ ਪਠਾਨ ਨੂੰ ਤੇ ਇਸ ਤਰ੍ਹਾਂ ਔਰਤਾਂ ਨੂੰ ਵੀ ਮੰਜੀਆ ਬਖਸ਼ੀਆਂ।ਇਹ 22 ਕੇਂਦਰ ਹਿੰਦੋਸਤਾਨ ਵਿੱਚ ਤੇ ਬਾਹਰ ਟਾਪੂਆਂ ਤੱਕ ਫੈਲੇ ਹੋਏ ਹਨ । ਭਾਈ ਸਾਵਣ ਮੱਲ ਨੂੰ ਕਾਂਗੜਾ , ਕੁੱਲੂ ਤੇ ਸਕੱਤ ਦੇ ਬਾਹਰ ਪਹਾੜੀ ਇਲਾਕੇ ਵਿਚ ਪ੍ਰਚਾਰਕ ਨਿਯਤ ਕੀਤਾ ਗਿਆ । ਇਸ ਤੋਂ ਸਪੱਸ਼ਟ ਹੈ ਕਿ ਚਾਰੇ ਪਾਸੇ ਸਿੱਖ ਸੰਗਤ ਪ੍ਰਤੀ ਉਤਸ਼ਾਹ ਫੈਲ ਰਿਹਾ ਸੀ ਅਤੇ ਵਿਤਕਰੇ ਮਿਟ ਰਹੇ ਸਨ । ਕੁਝ ਵਿਦਵਾਨਾਂ ਦਾ ਖਿਆਲ ਹੈ ਕਿ ਗੁਰੂ ਜੀ ਨੇ ਧਰਮ ਦੀਆਂ ਪ੍ਰਚਾਰਕ ਇਸਤਰੀਆਂ ਨੂੰ 52 ਪੀਹੜੇ ਬਖਸ਼ੇ । ਬੀਬੀ ਭਾਨੀ , ਬੀਬੀ ਦਾਨੀ ਤੇ ਬੀਬੀ ਪਾਲ ਦੇ ਨਾਂ ਖਾਸ ਤੌਰ ਤੇ ਪ੍ਰਸਿੱਧ ਹਨ । ਗੁਰੂ ਅਮਰਦਾਸ ਜੀ ਵਲੋਂ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਸਥਾਪਤ 22 ਮੰਜੀਆਂ ਦੇ ਮੁਖੀਆਂ ਦਾ ਹਵਾਲਾ ਵੱਖ ਵੱਖ ਸਰੋਤਾਂ ਵਿਚ ਇਸ ਤਰ੍ਹਾਂ ਹੈ : 39 40 ਮਹਿਮਾ ਪ੍ਰਕਾਸ਼ ਅਨੁਸਾਰ 22 ਮੰਜੀਆਂ ( ਪ੍ਰਚਾਰਕਾਂ ਦੇ ਨਾਮ ) ਇਹ ਹਨ : 1 ਸਾਵਣ ਮਲ 2 . ਸਚਨ ਸੱਚ 3 ਲਾਲੂ 4 . ਮਸਾ ਧੀਰ 5. ਭੱਟ ( ਸੁਲਤਾਨਪੁਰ ) 6 . ਪਾਰੋ ( ਡੱਲਾ ) 7. ਖੰਨਾ ਚੂਹੜ ( ਡੱਲਾ ) 8. ਫਿਰਿਆ ਕਟਾਰਾ ( ਮਾਲਵਾ ) 9. ਗੰਗੂਦਾਸ ( ਘਗੌਣ ) 10. ਪ੍ਰੇਮਾ ( ਬਹਿਰਾਮਪੁਰ ) 11. ਬੀਬੀ ਭਾਗ ( ਕਾਬਲ ) 12. ਮਾਣਕ ਚੰਦ ਜੀਵੜਾ ( ਵੈਰੋਵਾਲ ) 13. ਮਾਈਦਾਸ ( ਨਰੋਲੀ ) 14 . ਖੇਡਾ ਮੁਰਾਰੀ 15. ਮਥੋ ਮੁਰਾਰੀ 16. ਹੁੰਦਾਲ ( ਜੰਡਿਆਲਾ ) 17 . ਸਾਧਾਰਨ ਲੁਹਾਰ 18. ਭੁੱਲੇ ਬੀਬੀ ਕੇ 19. ਦੁਰਗ ਭਾਈ 20. ਕਿੱਖਾਭੱਟ ( ਸੁਲਤਾਨਪੁਰ ) 21. ਕੇਸ਼ੋ ਪੰਡਤ 22. ਸਾਂਈ ਦਾਸ ਗੁਸਾਂਈ ।
ਮਹਾਨ ਕੋਸ਼ ਅਨੁਸਾਰ , 1 ਅਲਾਹਯਾਰਖਾਂ 2 . ਸਚਨ ਸੱਚ 3. ਸਾਧਾਰਣ 4 . ਸਾਵਣ ਮੱਲ 5 ਸੁੱਖਣ 6 . ਹੁੰਦਾਲ 7. ਕੇਦਾਰੀ 8 . ਖੇਡਾ 9. ਗੰਗੂ ਸ਼ਾਹ 10. ਦਰਬਾਰੀ 11. ਪਾਰੋ ਜੁਲਕਾਂ 12. ਫੇਰਾ ਕਟਾਰਾ 13. ਬੂਆ 14. ਮਹੇਸਾ 15. ਬਣੀ 16. ਮਾਈਦਾਸ 17. ਮਾਣਕ ਚੰਦ 18. ਮਥੋ , ਮੁਰਾਰੀ 19. ਰਾਜਾਰਾਮ 20. ਰੰਗ ਸ਼ਾਹ 21. ਰੰਗ ਦਾਸ 22. ਲਾਲੋ 1. ਅੱਲਾਯਾਰ : ਇੱਕ ਪਠਾਣ , ਜੋ ਦਿੱਲੀ ਅਤੇ ਲਾਹੌਰ ਘੋੜਿਆਂ ਦਾ ਵਪਾਰ ਕਰਦਾ ਸੀ । ਬਿਆਸ ਦੇ ਕਿਨਾਰੇ ਇੱਕ ਦਿਨ ਇਸ ਨੂੰ ਭਾਈ ਪਾਰੋ ਪਰਮ – ਹੰਸ ਡੱਲਾ ਨਿਵਾਸੀ ਦਾ ਮੇਲ ਹੋਇਆ , ਜਿਸ ਤੋਂ ਗੁਰੂ ਅਮਰਦਾਸ ਜੀ ਦੇ ਦਰਸ਼ਨ ਦੀ ਚਾਹਤ ਹੋਈ । ਭਾਈ ਸਾਹਿਬ ਦੇ ਨਾਲ ਗੁਰੂ ਦਰਬਾਰ ਪਹੁੰਚ ਕੇ ਗੁਰੂ ਸਿੱਖੀ ਧਾਰਨ ਕੀਤੀ ਅਤੇ ਗੁਰਮੁਖ ਸਿੱਖਾਂ ਵਿਚ ਗਿਣਿਆ ਗਿਆ । ਇਸ ਨੂੰ ਤੀਜੇ ਪਾਤਸ਼ਾਹ ਨੇ ਧਰਮ ਪ੍ਰਚਾਰ ਦੀ ਸੇਵਾ ਸੌਂਪੀ ।
2. ਸੱਚਨ ਸੱਚ : ਮੰਦਰ ਨਾਮੇ ਪਿੰਡ ( ਜ਼ਿਲਾ ਲਾਹੌਰ , ਤਸੀਲ ਸ਼ਰਨਪੁਰ ) ਦਾ ਵਸਨੀਕ ਇਕ ਬਾਹਮਣ , ਜੋ ਸ੍ਰੀ ਗੁਰੂ ਅਮਰ ਦਾਸ ਜੀ ਦਾ ਸਿੱਖ ਹੋਇਆ।ਇਹ ਹਰ ਵੇਲੇ ਸੱਚਨ ਸੱਚ ’ ਸ਼ਬਦ ਕਿਹਾ ਕਰਦਾ ਸੀ , ਇਸ ਲਈ ਇਸਦਾ ਏਹੋ ਨਾਉਂ ਸਿੱਧ ਹੋ ਗਿਆ । ਹਰੀਪੁਰ ਦੇ ਰਾਜਾ ਦੀ ਇਕ ਪਾਗਲ ਰਾਣੀ ਨੂੰ ਗੁਰੂ ਅਮਰ ਦਾਸ ਜੀ ਨੇ ਅਰੋਗ ਕਰਕੇ ਇਸ ਦਾ ਆਨੰਦ ਸੱਚਨ ਸੱਚ ਨਾਲ ਕਰਵਾ ਦਿਤਾ।ਇਹ ਜੋੜਾ ਜੀਵਨ ਭਰ ਗੁਰਮਤ ਦਾ ਪ੍ਰਚਾਰ ਕਰਦੀ ਰਹੀ । ਸ੍ਰੀ ਗੁਰੂ ਅਮਰਦਾਸ ਜੀ ਨੇ ਸੱਚਨ ਸੱਚ ਨੂੰ ਮੰਜੀ ਬਖਸ਼ੀ । ਸਾਧਾਰਣ : 3 . ਗੋਇੰਦਵਾਲ ਦਾ ਵਸਨੀਕ ਇੱਕ ਲੁਹਾਰ , ਜੋ ਗੁਰੂ ਅਮਰਦਾਸ ਜੀ ਦਾ ਸਿੱਖ ਹੋ ਕੇ ਗੁਰਮੁਖ ਪਦਵੀ ਦਾ ਅਧਿਕਾਰੀ ਹੋਇਆ।ਇਸਨੇ ਬਾਉਲੀ ਸਾਹਿਬ ਦੇ ਜਲ ਅੰਦਰ ਗੁਪਤ ਰਹਿਣ ਵਾਲੀ ਕਾਠ ਦੀ ਪੌੜੀ ਬਣਾਈ ਸੀ । ਇਸ ਦੀ ਸੇਵਾ ਅਤੇ ਭਗਤੀ ਤੋਂ ਪ੍ਰਸੰਨ ਹੋ ਕੇ ਗੁਰੂ ਸਾਹਿਬ ਨੇ ਇਸ ਨੂੰ ਪ੍ਰਚਾਰਕ ਦੀ ਮੰਜੀ ਬਖਸ਼ੀ । 4. ਸਾਵਣ ਮੱਲ : ਬਾਬਾ ਸਾਉਣ ( ਅਥਵਾ ਸਾਵਣ ) ਮੱਲ ਜੀ ਸ੍ਰੀ ਗੁਰੂ ਅਮਰਦਾਸ ਜੀ ਦੇ ਭਤੀਜੇ ਸਨ । ਗੋਇੰਦਵਾਲ ਵਿਚ ਗੁਰਦਵਾਰਾ ਅਤੇ ਸੰਗਤ ਲਈ ਮਕਾਨ ਬਣਾਉਣ ਲਈ ਜਦ ਕਾਠ ਦੀ ਜ਼ਰੂਰਤ ਹੋਈ ਤਦ ਇਨ੍ਹਾਂ ਨੂੰ ਹਰੀਪੁਰ ਵੱਲ ਪਹਾੜੀ ਲੱਕੜੀ ਲਿਆਉਣ ਲਈ ਭੇਜਿਆ ਗਿਆ । ਉਸ ਥਾਂ ਜਾ ਕੇ ਇਨ੍ਹਾਂ ਨੇ ਧਰਮ ਦਾ ਪ੍ਰਚਾਰ ਕੀਤਾ । ਰਾਜਾ ਹਰੀਪੁਰ ਨੂੰ ਗੁਰੂ ਸਾਹਿਬ ਦੀ ਸੇਵਾ ਵਿਚ ਲਿਆ ਕੇ ਪਰਿਵਾਰ ਸਮੇਤ ਸਿੱਖ ਬਣਾਇਆ । ਸ੍ਰੀ ਗੁਰੂ ਅਮਰਦਾਸ ਜੀ ਨੇ ਇਸ ਨੂੰ ਪ੍ਰਚਾਰਕ ਬਾਪ ਕੇ ਮੰਜੀ ਬਖਸ਼ੀ । 5. ਸੁੱਖਣ : ਧਮਿਆਲ ਪਿੰਡ ਦਾ ( ਜੋ ਰਾਵਲਪਿੰਡੀ ਤੋਂ ਤਿੰਨ ਮੀਲ ਹੈ ) ਵਸਨੀਕ ਖੜੀ , ਜੋ ਦੁਰਗਾ ਭਗਤ ਸੀ । ਸ੍ਰੀ ਗੁਰੂ ਅਮਰਦਾਸ ਜੀ ਦੀ ਸ਼ਰਨ ਵਿੱਚ ਜਾ ਕੇ ਗੁਰਮੁਖ ਸਿੱਖਾਂ ਵਿੱਚ ਗਿਣਿਆ ਗਿਆ । ਗੁਰੂ ਸਾਹਿਬ ਨੇ ਇਸ ਨੂੰ ਪ੍ਰਚਾਰਕ ਦੀ ਮੰਜੀ ( ਗੱਦੀ ) ਬਖਸ਼ੀ । ਭਾਈ ਸੁੱਖਣ ਨੇ ਪੋਠੋਹਾਰ ਵਿੱਚ ਗੁਰਸਿੱਖੀ ਦਾ ਵੱਡਾ ਪ੍ਰਚਾਰ ਕੀਤਾ । ਇਸ ਦੀ ਵੰਸ਼ ਦੇ ਰਤਨ ਡਾਕਟਰ ਸੁਰਜਨ ਸਿੰਘ ਜੀ ਹੁਣ ਭੀ ਗੁਰਮਤ ਦੇ ਪ੍ਰਚਾਰਕ ਹਨ । 6. ਹੰਦਾਲ ( ਨਿਰੰਜਨੀਏ ) : ਜੰਡਿਆਲਾ ਨਿਵਾਸੀ ਹੰਦਾਲ ( ਹਿੰਦਾਲ ) ਜੱਟ ਸੰਮਤ 1630 ਵਿੱਚ ਸੁੱਖੀ ਦੇ ਗਰਭ ਤੋਂ ਸਾਜੀ ਦੇ ਘਰ ਜਨਮਿਆ , ਇਸ ਦੀ ਸ਼ਾਦੀ ਹਮਜੇ ਚਾਹਲ ਦੀ ਕੁੜੀ ਉਤਮੀ ਨਾਲ ਹੋਈ , ਜਿਸ ਤੋਂ (ਦੂਜਾ) ਬਿਧੀ ਚੰਦ ਪੁਤਰ ਪੈਦਾ ਹੋਇਆ । ਭਾਈ ਹੰਦਾਲ ਸ੍ਰੀ ਗੁਰੂ ਅਮਰਦਾਸ ਜੀ ਦਾ ਅਨੰਨ ਸਿੱਖ ਹੋਇਆ ਜਿਸ ਨੂੰ ਗੁਰੂ ਸਾਹਿਬ ਨੇ ਪ੍ਰਚਾਰਕ ਥਾਪ ਕੇ ਮੰਜੀ ਬਖਸ਼ੀ।ਇਹ ਸਤਿਗੁਰੂ ਦੇ ਲੰਗਰ ਦੀ ਸੇਵਾ ਪ੍ਰੇਮ ਨਾਲ ਕਰਦਾ ਰਿਹਾ । ਇਸ ਦੇ ਪਿੰਡ ਦਾ ਨਾਉਂ ਗੁਰੂ ਕਾ ਜੰਡਿਆਲਾ ਪ੍ਰਸਿੱਧ ਹੋਇਆ । ਹੰਦਾਲ ਹਰ ਵੇਲੇ ‘ ਨਿਰੰਜਨ – ਨਿਰੰਜਨ ਸ਼ਬਦ ਦਾ ਜਾਪ ਕੀਤਾ ਕਰਦਾ ਸੀ , ਇਸ ਕਾਰਨ ਉਸ ਦੀ ਸੰਪ੍ਰਦਾਯ ਦਾ ਨਾਮ “ ਨਿਰੰਜਨੀਏ ‘ ਪੈ ਗਿਆ । ਹੰਦਾਲ ਦਾ ਦੇਹਾਂਤ ਸੰਮਤ 1705 ਵਿਚ ਹੋਇਆ । ਹੰਦਾਲ ਦਾ ਪੁਤਰ ਬਿਧੀ ਚੰਦ ਕੁਕਰਮੀ ਸੀ । ਉਸ ਨੇ ਗੁਰੂ ਨਾਨਕ ਦੇਵ ਜੀ ਦੀ ਸਾਖੀ ਬਹੁਤ ਅਸ਼ੁੱਧ ਕਰ ਦਿਤੀ ਅਤੇ ਮਨਮੰਨੀਆਂ ਗੱਲਾਂ ਲਿਖ ਕੇ ਆਪਣੇ ਔਗੁਣਾਂ ਨੂੰ ਸਿੱਖੀ ਦਾ ਨਿਯਮ ( ਉਸੂਲ ) ਸਾਬਤ ਕਰਨ ਦਾ ਯਤਨ ਕੀਤਾ।ਕਈ ਹੰਦਾਲੀਏ ਮਹੰਤਾਂ ਨੂੰ ਸਿੱਖਾਂ ਦੇ ਵਿਰੁਧ ਲਾਹੌਰ ਦੇ ਜ਼ਾਲਮ ਹਾਕਮਾਂ ਨੂੰ ਅਯੋਗਯ ਸਹਾਇਤਾ ਦਿੱਤੀ । 7. ਕੇਦਾਰੀ : ਵਟਾਲੇ ਦਾ ਵਸਨੀਕ ਲੂਬਾ ਖਤਰੀ , ਜੋ ਸ੍ਰੀ ਗੁਰੂ ਅਮਰਦਾਸ ਜੀ ਦਾ ਸਿੱਖ ਹੋ ਕੇ ਵਡਾ ਕਰਣੀ ਵਾਲਾ ਸਿੱਧ ਹੋਇਆ । ਗੁਰੂ ਸਾਹਿਬ ਨੇ ਇਸ ਨੂੰ ਪ੍ਰਚਾਰਕ ਥਾਪ ਕੇ ਮੰਜੀ ਬਖਸ਼ੀ । 8. ਖੇਡਾ : ਖੇਮ ਕਰਨ ( ਜਿਲ੍ਹਾ ਲਾਹੌਰ ਦਾ ਵਸਨੀਕ ਇੱਕ ਦੁਰਗਾ ਭਗਤ ਬਾਹਮਣ , ਜੋ ਗੁਰੂ ਅਮਰ ਦਾਸ ਜੀ ਦਾ ਸਿੱਖ ਹੋ ਕੇ ਕਰਤਾਰ ਦਾ ਅਨਿੰਨ ਸੇਵਕ ਹੋਇਆ , ਇਸ ਨੂੰ ਗੁਰੂ ਸਾਹਿਬ ਨੇ ਪ੍ਰਚਾਰਕ ਥਾਪ ਕੇ ਮੰਜੀ ਬਖਸ਼ੀ । 9. ਗੰਗੂਸ਼ਾਹ : ਗੜ੍ਹ ਸ਼ੰਕਰ ਦਾ ਵਸਨੀਕ ਗੰਗੂ ਦਾਸ ਬਸੀ ਖਤ੍ਰੀ ਗੁਰੂ ਅਮਰਦਾਸ ਦਾ ਸਿੱਖ ਹੋਇਆ । ਗੁਰੂ ਸਾਹਿਬ ਨੇ ਇਸ ਨੂੰ ਧਰਮ ਪ੍ਰਚਾਰ ਲਈ ਸਰਮੌਰ ਦੇ ਇਲਾਕੇ ਭੇਜਿਆ ਅਤੇ ਮੰਜੀ ਬਖਸ਼ੀ । ਇਸ ਦਾ ਸਿੱਧ ਅਸਥਾਨ ਦਾਉਂ ( ਜ਼ਿਲ੍ਹਾ ਅੰਬਾਲਾ ਵਰਤਮਾਨ ਜ਼ਿਲ੍ਹਾ ਰੋਪੜ ) ਵਿਚ ਹੈ।ਗੰਗੂ ਸ਼ਾਹ ਦਾ ਪੜੋਤਾ ਜਵਾਹਰ ਸਿੰਘ ਵੱਡਾ ਕਰਨੀਵਾਲਾ ਹੋਇਆ ਹੈ।ਪਹਾੜੀ ਦੇਸ਼ ਵਿਚ ਜਵਾਹਰ ਸਿੰਘ ਦਾ ਝੰਡਾ ਅਨੇਕ ਥਾਂ ਝੂਲਦਾ ਹੈ । ਜਵਾਹਰ ਸਿੰਘ ਦਾ ਦੇਹਰਾ ਖਟਕੜ ਕਲਾਂ ( ਜ਼ਿਲ੍ਹਾ ਜਲੰਧਰ ) ਵਿਚ ਹੈ । ਇਸ ਦੀ ਸੰਪ੍ਰਦਾਯ ਦੇ ਲੋਕ ਆਪਣੇ ਤਾਈਂ ਗੰਗੂਸ਼ਾਹੀ ਸਦਾਉਂਦੇ ਹਨ । 10. ਦਰਬਾਰੀ : ਪਿੰਡ ਮਜੀਠੇ ( ਜ਼ਿਲ੍ਹਾ ਅੰਮ੍ਰਿਤਸਰ ) ਦਾ ਵਸਨੀਕ ਲੂੰਬਾ ਖਤ੍ਰੀ ਭਾਈ ਦਰਬਾਰੀ , ਜੋ ਗੁਰੂ ਅਮਰਦਾਸ ਜੀ ਦਾ ਸਿੱਖ ਹੋ ਕੇ ਗੁਰਮੁਖ ਪਦਵੀ ਦਾ ਅਧਿਕਾਰੀ ਹੋਇਆ । ਇਸ ਨੂੰ ਗੁਰੂ ਸਾਹਿਬ ਨੇ ਪ੍ਰਚਾਰਕ ਦੀ ਮੰਜੀ ਬਖਸ਼ੀ । 11. ਪਾਰੋ : ਡੱਲਾ ਨਿਵਾਸੀ ਜੁਲਕਾ ਖੜੀ , ਜੋ ਗੁਰੂ ਅੰਗਦ ਦੇਵ ਜੀ ਦਾ ਸਿੱਖ ਹੋਇਆ ਅਤੇ ਸ੍ਰੀ ਗੁਰੂ ਅਮਰਦਾਸ ਜੀ ਦੀ ਸੇਵਾ ਕਰਕੇ ਪਰਮਹੰਸ ਪਦਵੀ ਪ੍ਰਾਪਤ ਕੀਤੀ । ਤੀਜੇ ਗੁਰੂ ਜੀ ਨੇ ਇਸ ਨੂੰ ਪ੍ਰਚਾਰਕ ਥਾਪ ਕੇ ਮੰਜੀ ਬਖਸ਼ੀ । ਗੁਰੂ ਹਰਗੋਬਿੰਦ ਸਾਹਿਬ ਦਾ ਸਹੁਰਾ ਨਾਰਾਯਣ ਦਾਸ ਇਸੇ ਹੀ ਵੰਸ਼ ਵਿਚੋਂ ਸੀ । ਸਭ ਤੋਂ ਪਹਿਲਾ ਵੈਸਾਖੀ ਮੇਲਾ ਭਾਈ ਪਾਰੋ ਨੇ ਗੁਰੂ ਅਮਰਦਾਸ ਜੀ ਦੀ ਆਗਿਆ ਲੈ ਕੇ ਠਹਿਰਾਇਆ ਸੀ । ‘ ਪਾਰ ਜੁਲਕਾ ਪਰਮਹੰਸ ਪੂਰੇ ਸਤਿਗੁਰੂ ਕਿਰਪਾ ਧਾਰੀ 12. ਫੇਰਾ : ਮੀਰਪੁਰ ( ਇਲਾਕਾ ਜੰਮੂ ) ਦਾ ਵਸਨੀਕ ਕਟਾਰਾ ਜਾਤਿ ਦਾਖ ਜੋ ਜੋਗੀਆ ਦਾ ਚੇਲਾ ਸੀ । ਗੁਰੂ ਅਮਰਦਾਸ ਸਾਹਿਬ ਦਾ ਸਿੱਖ ਹੋ ਕੇ ਆਤਮ ਗਯਾਨੀ ਹੋਇਆ । ਸਤਿਗੁਰੂ ਨੇ ਇਸ ਨੂੰ ਪ੍ਰਚਾਰਕ ਦੀ ਮੰਜੀ ( ਗੱਦੀ ) ਬਖਸ਼ੀ।ਇਸ ਨੇ ਪਹਾੜੀ ਇਲਾਕੇ ਵਿੱਚ ਸਿੱਖੀ ਦਾ ਬਹੁਤ ਪ੍ਰਚਾਰ ਕੀਤਾ ।
13. ਬੂਆ : ਹਰਿਗੋਬਿੰਦ ਪੁਰ ਦਾ ਵਸਨੀਕ ਤਰੇਹਣ ਖੱਤੜੀ ਭਾਈ ਬੂਆ , ਜੋ ਗੁਰੂ ਅਮਰਦਾਸ ਜੀ ਦਾ ਸਿੱਖ ਹੋਕੇ ਪਰਮ ਹੰਸ ਪਦਵੀ ਨੂੰ ਪ੍ਰਾਪਤ ਹੋਇਆ । ਗੁਰੂ ਸਾਹਿਬ ਨੇ ਇਸ ਨੂੰ ਪ੍ਰਚਾਰਕ ਥਾਪ ਕੇ ਮੰਜੀ ਬਖਸ਼ੀ । 14. ਬੇਣੀ : ਪਿੰਡ ਚੂਹਣੀਆਂ ( ਜਿਲਾ ਲਾਹੌਰ ) ਦਾ ਵਸਨੀਕ ਇਕ ਪੰਡਿਤ , ਜੋ ਦਿਗਵਿਜਯ ਕਰਦਾ ਫਿਰਦਾ ਸੀ।ਇਹ ਜਦ ਗੋਇੰਦਵਾਲ ਆਇਆ , ਤਦ ਗੁਰੂ ਅਮਰਦਾਸ ਜੀ ਦਾ ਦਰਸ਼ਨ ਕਰਕੇ ਵਿਦਯਾ ਭਿਮਾਨ ਛੱਡ ਕੇ ਗੁਰਸਿੱਖ ਹੋਇਆ । ਮਲਾਰ ਰਾਗ ਵਿੱਚ ਇਹੁ ਮਨ ਗਿਰਹੀ ਕਿ ਇਹੁ ਮਨ ਉਦਾਸੀ- ਸ਼ਬਦ ਇਸੇ ਪਰਥਾਇ ਗੁਰੂ ਸਾਹਿਬ ਨੇ ਉਚਾਰਿਆ । ਇਹ ਵੱਡਾ ਕਰਨੀ ਵਾਲਾ ਪ੍ਰਚਾਰਕ ਹੋਇਆ ਹੈ । ਗੁਰੂ ਸਾਹਿਬ ਨੇ ਇਸ ਨੂੰ ਮੰਜੀ ਬਖਸ਼ੀ । ਇਸ ਦਾ ਨਾਉਂ ਬਣੀ ਮਾਧ ਭੀ ਕਈਆਂ ਨੇ ਲਿਖਿਆ ਹੈ । ਇਸ ਦੀ ਵੰਸ਼ ਵਿਚ ਹਰਿਦਯਾਲ ਉੱਤਮ ਕਵੀ ਹੋਇਆ ਹੈ , ਜਿਸ ਨੇ ਸਾਰੁ ਕਤਾਵਲੀ ਅਤੇ ਵੈਰਾਗ ਸ਼ਤਕ ਦਾ ਮਨੋਹਰ ਉਲਥਾ ਕੀਤਾ ਹੈ । 15. ਮਹੇਸਾ : ਸੁਲਤਾਨੁਪਰ ਨਿਵਾਸੀ ਇਕ ਧੀਰ ਜਾਤਿ ਦਾ ਖੱਤੜੀ , ਜੋ ਗੁਰੂ ਅਮਰਦਾਸ ਦਾ ਅਨੰਨ ਸਿੱਖ ਹੋ ਕੇ ਆਤਮ ਗਯਾਨੀ ਹੋਇਆ । ਗੁਰੂ ਸਾਹਿਬ ਨੇ ਇਸ ਨੂੰ ਪ੍ਰਚਾਰਕ ਦੀ ਮੰਜੀ ਬਖਸ਼ੀ । 16. ਮਾਈਦਾਸ : ਨਰੋਲੀ ਪਿੰਡ ( ਮਾਝੇ ) ਦਾ ਵਸਨੀਕ ਇਕ ਸਵ ਪਾਕੀ ਵੈਸ਼ਨਵ ਜੋ ਸਤਿਗੁਰੂ ਅਮਰਦਾਸ ਜੀ ਦੀ ਸ਼ਰਣ ਆਇਆ ਅਤੇ ਗੁਰਸਿੱਖ ਮਾਣਕ ਚੰਦ ਦੀ ਸੰਗਤਿ ਨਾਲ ਆਤਮ ਗਯਾਨ ਨੂੰ ਪ੍ਰਾਪਤ ਹੋਇਆ । ਸ੍ਰੀ ਗੁਰੂ ਅਮਰ ਦਾਸ ਜੀ ਨੇ ਇਸ ਨੂੰ ਪ੍ਰਚਾਰਕ ਦੀ ਮੰਜੀ ਬਖਸ਼ੀ । ਇਸ ਨੇ ਮਾਝੇ ਦੇ ਇਲਾਕੇ ਗੁਰਸਿਖੀ ਦਾ ਵੱਡਾ ਪ੍ਰਚਾਰ ਕੀਤਾ । 17. ਮਾਣਕਚੰਦ : ਵੈਰੋਵਾਲ ਦਾ ਵਸਨੀਕ ਇੱਕ ਪਥਰੀਆਖ , ਜਿਸ ਨੇ ਗੋਇੰਦਵਾਲ ਦੀ ਬਾਉਲੀ ਦਾ ਕੜ ਭੰਨਿਆ ਅਰ ਡੁਬ ਕੇ ਮਰ ਗਿਆ । ਸ੍ਰੀ ਗੁਰੂ ਅਮਰਦਾਸ ਸਾਹਿਬ ਨੇ ਉਸ ਨੂੰ ਜੀਵਨ ਬਖਸ਼ਿਆ ਅਰ ਨਾਉਂ ਜੀਵੜਾ ਰਖਿਆ । ਇਹ ਵੱਡਾ ਕਰਨੀ ਵਾਲਾ ਗੁਰਮੁਖ ਹੋਇਆ । ਤੀਜੇ ਸਤਿਗੁਰੂ ਜੀ ਨੇ ਇਸ ਨੂੰ ਪ੍ਰਚਾਰਕ ਦੀ ਮੰਜੀ ਬਖਸ਼ੀ ਇਸ ਦੀ ਔਲਾਦ ਹੁਣ ਵੈਰੋਵਾਲ ਵਿੱਚ ‘ ਜੀਵੜੇ ਕਰਕੇ ਪ੍ਰਸਿੱਧ ਹੈ।ਇਸੇ ਦੀ ਸੰਗਤਿ ਕਰਕੇ ਮਾਈਦਾਸ ਬੈਰਾਗੀ ਗੁਰਸਿੱਖੀ ਦਾ ਅਧਿਕਾਰੀ ਹੋਇਆ ਸੀ । 18. ਮੁਰਾਰੀ : ਜਿਲਾ ਲਾਹੌਰ ਦੇ ਖਾਈ ਪਿੰਡ ਦਾ ਵਸਨੀਕ ਪ੍ਰੇਮਾ ਖਤਰੀ ਜੋ ਕੋੜੀ ਹੋ ਗਿਆ ਸੀ , ਸ੍ਰੀ ਗੁਰੂ ਅਮਰਦਾਸ ਜੀ ਦੀ ਕਿਰਪਾ ਨਾਲ ਅਰੋਗ ਹੋਇਆ । ਸਤਿਗੁਰ ਨੇ ਇਸ ਦਾ ਨਾਮ ” ਮੁਰਾਰੀ ’ ਰਖਿਆ ਸੀ । ਸੀਹੇ ਉੱਪਲ ਖੱਤਰੀ ਨੇ ਗੁਰੂ ਸਾਹਿਬ ਦੀ ਆਗਿਆ ਅਨੁਸਾਰ ਮੁਰਾਰੀ ਨੂੰ ਆਪਣੀ ਪੁਤਰੀ ‘ ਮਥੋਂ ’ ਵਿਆਹ ਦਿੱਤੀ । ਇਸ ਉੱਤਮ ਜੋੜੀ ਨੇ ਗੁਰਮਤ ਦਾ ਭਾਰੀ ਪ੍ਰਚਾਰ ਕੀਤਾ , ਅਰ ਦੋਹਾਂ ਦਾ ਸੰਮਲਿਤ ਨਾਮ ‘ ਮੁਥੋ ਮੁਰਾਰੀ ਇਤਿਹਾਸ ਵਿੱਚ ਪ੍ਰਸਿੱਧ ਹੋਇਆ । ਗੁਰੂ ਸਾਹਿਬ ਨੇ ਮਥੋ ਮੁਰਾਰੀ ਨੂੰ ਪ੍ਰਚਾਰਕ ਦੀ ਮੰਜੀ ਬਖਸ਼ੀ ।
19. ਰਾਜਾ ਰਾਮ : ਇੱਕ ਸਾਰਸ ਵਤ ਬਾਹਮਣ , ਜੋ ਗੁਰੂ ਅਮਰਦਾਸ ਜੀ ਦਾ ਸਿੱਖ ਜਾਤੀ ਅਭਿਮਾਨ ਤੋਂ ਛੁਟਕਾਰਾ ਪਾ , ਆਤਮ ਗਯਾਨੀ ਹੋਇਆ।ਇਸ ਨੂੰ ਗੁਰੂ ਸਾਹਿਬ ਨੇ ਪ੍ਰਚਾਰਕ ਦੀ ਮੰਜੀ ਬਖਸ਼ੀ।ਭਾਈ ਰਾਜਾ ਰਾਮ ਦੀ ਔਲਾਦ ਹੁਣ ਪਿੰਡ ਸੰਧਮਾ ( ਜ਼ਿਲਾ ਜਲੰਧਰ ਵਿੱਚ ਵਸਦੀ ਹੈ । 20. ਰੰਗਸ਼ਾਹ : ਪਿੰਡ ਮੱਲੂਪੋਤੇ ( ਜ਼ਿਲਾ ਜਲੰਧਰ ) ਦਾ ਵਸਨੀਕ ਅਰੋੜਾ , ਜੋ ਗੁਰੂ ਅਮਰਦਾਸ ਜੀ ਦਾ ਸਿੱਖ ਹੋ ਕੇ ਉੱਤਮ ਧਰਮ ਪ੍ਰਚਾਕ ਹੋਇਆ । ਗੁਰੂ ਸਾਹਿਬ ਨੇ ਇਸ ਨੂੰ , ਮੰਜੀ ਬਖਸ਼ੀ । ਇਸ ਨੇ ਦੁਆਬੇ ਵਿੱਚ ਗੁਰਸਿੱਖੀ ਦੇ ਫੈਲਾਉਣ ਦਾ ਪੂਰਾ ਜਤਨ ਕੀਤਾ । ਇਸ ਦੀ ਔਲਾਦ ਹੁਣ ਬੰਗਿਆ ਵਿਚ ਵਸਦੀ ਹੈ । 21. ਰੰਗਦਾਸ : ਪਿੰਡ ਘੜੂਆ ( ਜ਼ਿਲਾ ਅੰਬਾਲਾ ਵਰਤਮਾਨ ਜ਼ਿਲਾ : ਰੋਪੜ ) ਦਾ ਵਸਨੀਕ ਭੰਡਾਰੀ ਖਤ੍ਰੀ , ਜੋ ਵੈਰਾਗੀਆਂ ਦਾ ਚੇਲਾ ਸੀ । ਗੁਰੂ ਸਾਹਿਬ ਨੇ ਇਸ ਨੂੰ ਪ੍ਰਚਾਰਕ ਦੀ ਮੰਜੀ ਬਖਸ਼ੀ।ਭਾਈ ਰੰਗ ਦਾਸ ਦੀ ਵੰਸ਼ ਘੜੂਏਂ ਵਿਚ ਆਬਾਦ ਹੈ । 22. ਲਾਲੋ : ਡੱਲਾ ਨਿਵਾਸੀ ਸੱਭਰਵਾਲਖ , ਜੋ ਸ੍ਰੀ ਗੁਰੂ ਅਮਰ ਦਾਸ ਜੀ ਦਾ ਸਿੱਖ ਹੋ ਕੇ ਆਤਮ ਗਯਾਨੀ ਹੋਇਆ।ਇਸ ਨੂੰ ਗੁਰੂ ਸਾਹਿਬ ਨੇ ਪ੍ਰਚਾਰਕ ਦੀ ਮੰਜੀ ਬਖਸ਼ੀ । ਇਹ ਉੱਤਮ ਵੈਦ ਸੀ , ਖਾਸ ਕਰਕੇ ਤੇਈਆ ਤਾਪ ਦੂਰ ਕਰਨ ਵਿਚ ਕਮਾਲ ਰਖਦਾ ਸੀ । ਪ੍ਰਿੰਸੀਪਲ ਸਤਬੀਰ ਸਿੰਘ ” ਅਨੁਸਾਰ ਸੁਨਿਹਰੀ ਪੱਤਰੇ ਵਾਲੀ ਸੂਚੀ ਦੇ ਬਾਈ ਮੰਜੀਆਂ ਦੇ ਜ਼ਿੰਮੇਵਾਰਾਂ ਦਾ ਵੇਰਵਾ ਇਸ ਪ੍ਰਕਾਰ ਹੈ : 1 . ਭਾਈ ਪਾਰੋ ਜੁਲਕਾਂ , 2. ਭਾਈ ਲਾਲੂ 3. ਭਾਈ ਮੇਹੋਸ਼ਾ ਧੀਰ ਭਾਈ ਮਾਈ ਦਾਸ ਵੈਰਾਗੀ 5 . ਭਾਈ ਮਾਣਕ ਦਾਸ ਜੀਵੜਾ 6 . ਭਾਈ ਸਾਵਣ ਮਲ 7 . ਮਲ ਜੀ ਸੇਵਾ 8 . ਭਾਈ ਹਿੰਦਾਲ ਜੀ 9 . ਸੱਚ ਨਿਸੱਚ 10. ਭਾਈ ਗੰਗੂ ਸ਼ਾਹ 11. ਭਾਈ ਸਾਧਾਰਨ ਲੁਹਾਰ 12. ਮਥੋਮੁਰਾਰੀ 13. ਖੇਡਾਸੋਇਨੀ 14-15 ਭਾਈ ਫ਼ਿਰਿਆ ਅਤੇ ਕਟਾਰਾ 16. ਭਾਈ ਸਾਈ ਦਾਸ 17. ਦਿੱਤ ਕੇ ਭਲੇ 18. ਮਾਈ ਸੇਵਾ 19. ਦੁਰਗੋ ਪੰਡਿਤ 20. ਜੀਤ ਬੰਗਾਲੀ 21. ਬੀਬੀ ਭਾਗੋ 22. ਭਾਈ ਬਾਲੂ ਮਾਝੇ ਦਾ ਇਲਾਕਾ ।
ਉਪਰਲੀਆਂ ਲਿਸਟਾਂ ਵਿੱਚ 13 ਮੰਜੀਆਂ ਦੇ ਨਾਮ ਸਾਂਝੇ ਹਨ । ਇਸ ਦਾ ਭਾਵ ਹੈ ਕਿ 13 ਨਾਂਵਾਂ ਨੂੰ ਹਰ ਇਕ ਨੂੰ ਸਹੀ ਮੰਨਿਆ ਹੈ । ਬਾਕੀ ਨੌ ਨਾਮ ਕਿਹੜੇ ਹਨ ? ਇਹ ਪ੍ਰਸ਼ਨ ਡੂੰਘੀ ਖੋਜ ਮੰਗਦਾ ਹੈ । ਲਗਦਾ ਹੈ ਕਿ ਗੁਰੂ ਅਮਰਦਾਸ ਜੀ ਦੇ ਜੀਵਨ ਦੇ ਅੰਤਲੇ ਕੁੱਝ ਵਰ੍ਹਿਆਂ ਵਿੱਚ ਇਹਨਾਂ ਮੰਜੀਆਂ ਦੀ ਸੰਖਿਆਂ 22 ਤੋਂ ਵਧ ਕੇ 34 ਤਕ ਜਾ ਪੁੱਜੀ ਹੋਵੇਗੀ ਜਾਂ ਫਿਰ ਪਰਲੋਕ ਪਿਆਣਾ ਕਰ ਗਏ ਮੰਜੀਦਾਰ ਦੀ ਥਾਂ ਜਦੋਂ ਨਵੇਂ ਮੰਜੀਦਾਰ ਨਿਯੁਕਤ ਕੀਤੇ ਗਏ ਹੋਣਗੇ ਜਿਸ ਕਰਕੇ ਇਹਨਾਂ ਸੂਚੀਆਂ ਵਿੱਚ ਦਰਜ਼ ਨਾਵਾਂ ਵਿੱਚ ਫ਼ਰਕ ਪੈ ਗਿਆ ਹੋਵੇਗਾ । ਮੰਜੀ ਦੇ ਮੋਢੀ ਸਿੱਖ ਗੁਰਸਿੱਖਾਂ ਦੇ ਮੁਹਰੀ ਅਥਵਾ ਜਥੇਦਾਰ ਦਾ ਕੰਮ ਨਿਭਾਉਂਦੇ ਤੇ ਗੁਰੂ ਘਰ ਲਈ ਭੇਟਾ ਇੱਕਤਰ ਕਰਕੇ ਗੁਰੂ ਸਾਹਿਬ ਤੱਕ ਪਹੁੰਚਾਉਂਦੇ ਸਨ । ਨਿਰੰਜਨ ਰੇ ਅਨੁਸਾਰ ਗੁਰੂ ਅਮਰਦਾਸ ਜੀ ਨੇ ਵੱਧ ਰਹੇ ਸਿੱਖ ਸਮਾਜ ਲਈ ਇਕ ਯੋਗ ਸੰਸਥਾ ‘ ਮੰਜੀ ਅਤੇ ‘ ਪੀੜੀ ਦੇ ਰੂਪ ਵਿੱਚ ਸਥਾਪਿਤ ਕੀਤੀ । ਇਸ ਤਰ੍ਹਾਂ ਗੁਰੂ ਅਮਰਦਾਸ ਜੀ ਨੇ ਸਿੱਖ – ਸੰਗਤ ਨੂੰ ਇਲਾਕੇ ਅਨੁਸਾਰ ਵੰਡ ਕੇ ਸੰਗਤਾਂ ਵਿੱਚ ਸਿੱਖੀ ਦੇ ਪ੍ਰਚਾਰ ਨੂੰ ਯੋਜਨਾਬਧ ਕੀਤਾ । ਗੁਰੂ ਅਮਰਦਾਸ ਜੀ ਆਮ ਕਰਕੇ ਮੁੱਖ ਕੇਂਦਰ ਗੋਇੰਦਵਾਲ ਰਹਿੰਦੇ । ਮੰਜੀਦਾਰ ਆਪਣੇ ਆਪਣੇ ਇਲਾਕੇ ਵਿੱਚ ਗੁਰੂ ਦੇ ਸ਼ਬਦਾਂ ਦੀ ਵਿਆਖਿਆ ਕਰਦੇ ਅਤੇ ‘ ਚਰਨ ਪਾਹੁਲ ਦੇ ਕੇ ਹੋਰ ਸਿੱਖ ਬਣਾਉਂਦੇ । ਇਹ ਗੁਰੂ ਅਤੇ ਸੰਗਤਾਂ ਵਿਚਕਾਰ ਸੰਪਰਕ ਬਣੇ ਰਹਿੰਦੇ । ਇਹਨਾਂ ਨੂੰ ਆਪਣੇ ਖੇਤਰ ਵਿੱਚ ਗੁਰੂ ਦੇ ਨੁਮਾਇੰਦੇ ਕਰਕੇ ਜਾਣਿਆ ਜਾਂਦਾ ਸੀ ।
ਦਾਸ ਜੋਰਾਵਰ ਸਿੰਘ ਤਰਸਿੱਕਾ
ਭੈਰਉ ਮਹਲਾ ੩ ॥
ਮੈ ਕਾਮਣਿ ਮੇਰਾ ਕੰਤੁ ਕਰਤਾਰੁ ॥
ਜੇਹਾ ਕਰਾਏ ਤੇਹਾ ਕਰੀ ਸੀਗਾਰੁ ॥੧॥
ਜਾਂ ਤਿਸੁ ਭਾਵੈ ਤਾਂ ਕਰੇ ਭੋਗੁ ॥
ਤਨੁ ਮਨੁ ਸਾਚੇ ਸਾਹਿਬ ਜੋਗੁ ॥੧॥ ਰਹਾਉ ॥
ਉਸਤਤਿ ਨਿੰਦਾ ਕਰੇ ਕਿਆ ਕੋਈ ॥
ਜਾਂ ਆਪੇ ਵਰਤੈ ਏਕੋ ਸੋਈ ॥੨॥
ਗੁਰਪਰਸਾਦੀ ਪਿਰਮ ਕਸਾਈ ॥
ਮਿਲਉਗੀ ਦਇਆਲ ਪੰਚ ਸਬਦ ਵਜਾਈ ॥੩॥
ਭਨਤਿ ਨਾਨਕੁ ਕਰੇ ਕਿਆ ਕੋਇ ॥
ਜਿਸਨੋ ਆਪਿ ਮਿਲਾਵੈ ਸੋਇ ॥੪॥੪॥
🙏🙏❣️
ਪਉੜੀ ॥
ਖੰਡ ਪਤਾਲ ਅਸੰਖ ਮੈ ਗਣਤ ਨ ਹੋਈ ॥
ਤੂ ਕਰਤਾ ਗੋਵਿੰਦੁ ਤੁਧੁ ਸਿਰਜੀ ਤੁਧੈ ਗੋਈ ॥
ਲਖ ਚਉਰਾਸੀਹ ਮੇਦਨੀ ਤੁਝ ਹੀ ਤੇ ਹੋਈ ॥
ਇਕਿ ਰਾਜੇ ਖਾਨ ਮਲੂਕ ਕਹਹਿ ਕਹਾਵਹਿ ਕੋਈ ॥
ਇਕਿ ਸਾਹ ਸਦਾਵਹਿ ਸੰਚਿ ਧਨੁ ਦੂਜੈ ਪਤਿ ਖੋਈ ॥
ਇਕਿ ਦਾਤੇ ਇਕ ਮੰਗਤੇ ਸਭਨਾ ਸਿਰਿ ਸੋਈ ॥
ਵਿਣੁ ਨਾਵੈ ਬਾਜਾਰੀਆ ਭੀਹਾਵਲਿ ਹੋਈ ॥
ਕੂੜ ਨਿਖੁਟੇ ਨਾਨਕਾ ਸਚੁ ਕਰੇ ਸੁ ਹੋਈ ॥੧੨॥
ਜਦੋਂ ਹੋਇਆ ਮੇਰਾ ਵਾਹਿਗੁਰੂ ਮੇਰੇ ‘ਤੇ ਮਿਹਰਬਾਨ
ਆਪੇ ਬਣ ਜਾਣਾ ਕੰਮ ਤੇ ਆਪੇ ਬਣ ਜਾਣਾ ਨਾਮ
ਬੀਬੀ ਧਰਮ ਕੌਰ ਚਵਿੰਡਾ ।
ਲਾਹੌਰ ਦੇ ਜ਼ਿਲ੍ਹੇ ਦੇ ਪਿੰਡ ਨੌਸ਼ਹਿਰੇ ਦਾ ਜੈਲਦਾਰ ਸਾਹਿਬਰਾਏ ਬੜਾ ਅਭਿਮਾਨੀ ਛੇ ਬਿਘੇ ਜ਼ਮੀਨ ਦਾ ਮਾਲਕ ਤੇ ੨੦ , ੨੫ ਹਜ਼ਾਰ ਰੁਪਿਆ ਵੱਡਿਆਂ ਦਾ ਵਿਰਸੇ ਵਿਚ ਮਿਲਿਆ ਸੀ । ਬੰਦੇ ਨੂੰ ਬੰਦਾ ਨਹੀਂ ਸੀ ਸਮਝਦਾ । ਹੰਕਾਰ ਨੇ ਐਸੀ ਮੱਤ ਮਾਰੀ ਕਿ ਚੰਗੇ ਗੁਣ ਸਭ ਛਿੱਕੇ ਤੇ ਟੰਗ ਨਿਰਦਈ , ਲੋਭੀ ਅਤੇ ਅਤਿਆਚਾਰੀ ਬਣ ਗਿਆ । ਉਹ ਸਾਰੇ ਜਹਾਨ ਨੂੰ ਆਪਣੀ ਅਰਦਲ ਵਿੱਚ ਵੇਖਣਾ ਚਾਹੁੰਦਾ ਸੀ । ਆਪਣੇ ਗਾਹਕਾਂ ( ਜਿਹੜੇ ਉਸ ਦੀ ਜ਼ਮੀਨ ਵਾਹੁੰਦੇ ) ਪਾਸੋਂ ਜਬਰਨ ਵੰਗਾਰ ਲੈਂਦਾ । ਹੁਣ ਜਦੋਂ ਹਕੂਮਤ ਸਿੱਖਾਂ ਤੇ ਅਤਿਆਚਾਰ ਕਰਨ ਲੱਗ ਪਈ ਤਾਂ ਉਸ ਦੀਆਂ ਵੀ ਅੱਖਾਂ ਫਿਰ ਗਈਆਂ । ਇਸ ਦੇ ਇਲਾਕੇ ਵਿੱਚ ਜਿਹੜੇ ਸਿੱਖ ਵਸਦੇ ਉਨ੍ਹਾਂ ਨੂੰ ਡਰਾਉਣ , ਧਮਕਾਉਣ ਤੇ ਦੁੱਖ ਤੇ ਕਸ਼ਟ ਦੇਣੇ ਸ਼ੁਰੂ ਕਰ ਦਿੱਤੇ । ਆਪਣੇ ਪਿੰਡ ਦੇ ਸਿੱਖਾਂ ਦੀਆਂ ਫਸਲਾਂ ਵਿਚ ਆਪਣੇ ਡੰਗਰ ਤੇ ਘੋੜੇ – ਘੋੜੀਆਂ ਛਡ ਕੇ ਫਸਲਾਂ ਤਬਾਹ ਕਰ ਦੇਂਦਾ ਡਰਦਾ ਕੋਈ ਕੁਸਕਦਾ ਨਾ । ਜੇ ਇਸ ਨੁਕਸਾਨ ਬਾਰੇ ਉਸ ਨੂੰ ਜਾ ਕੇ ਕੋਈ ਦੱਸਦਾ ਤਾਂ ਸਗੋਂ ਉਸ ਨੂੰ ਅਗੋਂ ਸਜ਼ਾ ਦੇਂਦਾ । ਇਕ ਵਾਰੀ ਇਸ ਦੀਆਂ ਘੋੜੀਆਂ ਕੋਈ ਦੌੜਾ ਕੇ ਲੈ ਗਿਆ । ਇਸ ਦੀ ਭੈੜੀ ਨੀਤ ਨੇ ਏਸ ਨੂੰ ਸਿੰਘ ਦਾ ਕਾਰਾ ਸਮਝ ਭਾਈ ਤਾਰਾ ਸਿੰਘ ਵਾ ਦੇ ਪਾਸ ਆਇਆ ਨਾਲ ਇਕ ਥਾਨੇਦਾਰ ਤੋਂ ਕੁਝ ਸਿਪਾਹੀਆਂ ਨੂੰ ਲਿਆ ਕੇ ਰੋਅਬ ਪਾਉਣ ਲੱਗਾ । ਭਾਈ ਤਾਰਾ ਸਿੰਘ ਨੇ ਬਥੇਰਾ ਸਮਝਾਇਆ ਕਿ ਆਪਣੀਆਂ ਕਿਤੇ ਹੋਰ ਥਾਂ ਘੋੜੀਆਂ ਲੱਭ ਸਾਡੇ ਪਾਸ ਨਹੀਂ ਆਈਆਂ ਤੂੰ ਤੂੰ ਮੈਂ ਮੈਂ ਹੋ ਪਈ ਸਾਹਿਬ ਰਾਇ ਨੇ ਸਿੰਘਾਂ ਵਿਰੁੱਧ ਬਹੁਤ ਸ਼ਬਦ ਵਰਤੇ ਤੇ ਗਾਲਾਂ ਕੱਢੀਆਂ ਸਿੰਘਾਂ ਨੇ ਵੀ ਅੱਗੇ ਵੱਧੇ ਤਾਂ ਇਨ੍ਹਾਂ ਪਾਸੋਂ ਉਸ ਦਾ ਥਾਨੇਦਾਰ ਮਾਰਿਆ ਗਿਆ । ਇਸ ਦੇ ਕਬੋਲਾਂ ਬਾਰੇ ਸਿੰਘਾਂ ਵਿਚਾਰ ਕੀਤੀ ਤਾਂ ਸਾਰਿਆਂ ਇਸ ਦੇ ਸਿਰ ਵਿਚ ਜੁੱਤੀਆਂ ਮਾਰ ਮਾਰ ਕੇ ਇਸ ਦੇ ਸਿਰ ਦੇ ਵਾਲ ਉਖੇੜਣ ਦੀ ਸਜ਼ਾ ਦਿੱਤੀ ਗਈ | ਸਜਾ ਬਾਰੇ ਦਸਿਆ ਕਿ ਇਹ ਸਜ਼ਾ ਤੇਰੈ ਕਬੋਲਾਂ ਤੇ ਆਪਣੇ ਇਲਾਕੇ ਦੇ ਸਿੱਖਾਂ ਨੂੰ ਦੁੱਖ ਦੇਣ ਕਰਕੇ ਦਿੱਤੀ ਗਈ ਹੈ । ਤੇ ਅੱਗੇ ਤੋਂ ਸੁਧਰ ਜਾ । ਸਾਹਿਬ ਰਾਇ ਇਹ ਸਜਾ ਲੈ ਕੇ ਸਿੱਧਾ ਪੱਟੀ ਦੇ ਫੌਜਦਾਰ ਜਫਰ ਬੈਗ ਪਾਸ ਪੁੱਜਾ ਤੇ ਸਿੱਖਾਂ ਦੇ ਇਸ ਵਤੀਰੇ ਵਿਰੁੱਧ ਉਸ ਨੂੰ ਬਿਨੈ ਪੱਤਰ ਲਿਖ ਕੇ ਦਿੱਤਾ । ਜ਼ਫਰ ਬੈਗ ਹਜਾਰਾਂ ਦੀ ਗਿਣਤੀ ਵਿਚ ਫੌਜ ਲੈ ਆਇਆ । ਇਧਰ ਭਾਈ ਤਾਰਾ ਸਿੰਘ ਪਾਸ ਵੀ ਭਾਵੇਂ ਡੇਢ ਕੁ ਸੌ ਸਿੱਖ ਸਨ । ਇਨ੍ਹਾਂ ਨੇ ਜਫਰ ਬੇਗ ਨੂੰ ਐਸੇ ਚਣੇ ਚਬਾਏ ਕਿ ਉਹ ਤੋਬਾ ਤੋਬਾ ਕਰ ਉਠੇ । ਸ਼ਰਾਰਤ ਦੀ ਜੜ੍ਹ ਸਾਹਿਬ ਰਾਇ ਮਾਰਿਆ ਗਿਆ । ਜਫਰ ਬੇਗ ਵੀ ਵਟੜ ਹੋਇਆ ਤੇ ਰਾਤ ਦੇ ਹਨੇਰੇ ਵਿੱਚ ਮਾੜੀ ਕੰਬੋ ਕੀ ਵਿੱਚ ਜਾ ਲੁਕਿਆ ਜਿੱਤ ਭਾਈ ਤਾਰਾ ਸਿੰਘ ਵਾਂ ਦੇ ਹੱਥ ਰਹੀ । ਭਾਈ ਤਾਰਾ ਸਿੰਘ ਪਾਸੋਂ ਕੁਟ ਖਾ ਅੰਮ੍ਰਿਤਸਰ ਵਲ ਚਲ ਪਿਆ । ਉਧਰ ਚਵਿੰਡਾ ਅੰਮ੍ਰਿਤਸਰ ਦੇ ਪੱਛਮ ਵਲ ਇਕ ਪਿੰਡ ਹੈ । ਇਥੇ ਸ . ਬਹਾਦਰ ਸਿੰਘ ਜਥੇਦਾਰ ਜਿਹੜਾ ਕਿ ਕੌਮ ਪ੍ਰਤੀ ਰਬ ਤਰਸੀ ਤੇ ਗਰੀਬ ਤਰਸੀ ਦੇ ਪੁੰਜ ਧਰਮ ਲਈ ਤੇ ਚੰਗੇ ਕੰਮਾਂ ਲਈ ਆਪਣੀ ਜਾਣ ਵਾਰਨ ਲਈ ਤੱਤਪਰ ਰਹਿੰਦਾ । ਸ੍ਰੀ ਅੰਮ੍ਰਿਤਸਰ ਹੀ ਜਿਆਦਾ ਨਿਵਾਸ ਰੱਖਦਾ ਇਥੇ ਸੇਵਾ ਸੰਭਾਲ ਤੋਂ ਭਜਨ ਬੰਦਗੀ ਕਰਦਾ । ਬਿਕ੍ਰਮੀ ਸੰਮਤ ੧੭੮੨ ਵਿਚ ਆਪਣੇ ਪੁੱਤਰ ਦੇ ਵਿਆਹ ਵਿਚ ਪਿੰਡ ਹੀ ਆਇਆ ਹੋਇਆ ਸੀ । ਇਥੇ ਵਿਆਹ ਤੇ ਅੰਗ ਸਾਕ ਇਕੱਠੇ ਹੋਏ ਸਨ । ਉਧਰ ਗਸ਼ਿਤ ਕਰਦੇ ਜਫ਼ਰ ਬੇਗ ਨੂੰ ਕਿਸੇ ਦਸ ਦਿੱਤਾ ਕਿ ਇਸ ਤਰ੍ਹਾਂ ਵਿਆਹ ਤੇ ਸਿੰਘ ਇੱਕਠੇ ਹੋਏ ਹਨ । ਵਿਆਹ ਲਈ ਇਕੱਠੇ ਹੋਏ ਸਿੰਘ ਕੋਈ ਚੋਰ ਡਾਕੂ ਜਾ ਕੋਈ ਦੇਸ਼ੀ ਨਹੀਂ ਸਨ । ਪਰ ਉਦੋਂ ਦਾ ਰਵਾਜ ਸੀ ਕਿ ਚੋਰੀ , ਡਾਕੇ ਤੇ ਮੌਤ ਦੇ ਅਪਰਾਧੀ ਤਾਂ ਛੱਡੇ ਜਾ ਸਕਦੇ ਸਨ ਪਰ ਇਕ ਸਿੱਖ ਬਣ ਜਾਣਾ ਏਡਾ ਵੱਡਾ ਅਪਰਾਧ ਸਮਝਿਆ ਜਾਂਦਾ ਸੀ ਕਿ ਇਸ ਨਵੇਂ ਬਣੇ ਸਿੱਖ ਨੂੰ ਜੇ ਕੋਈ ਅਫਸਰ ਜਿਨੀ ਬੇਰਹਿਮੀ ਤੇ ਬੇਕਿਰਕੀ ਨਾਲ ਤਸੀਹੇ ਦੇ ਕੇ ਮਾਰਦਾ ਉਨ੍ਹਾਂ ਹੀ ਉਸ ਨੂੰ ਯੋਗ ਅਤੇ ਉਨਤੀ ਦਾ ਹਕਦਾਰ ਸਮਝਿਆ ਜਾਂਦਾ ਸੀ , ਤਾਂ ਦੂਜਾ ਅਪਰਾਧ ਚਵਿੰਡੇ ਵਿਚ ਇਕੱਠੇ ਹੋਏ ਸਿੱਖਾਂ ਦਾ ਇਹ ਸੀ ਕਿ ਇਨ੍ਹਾਂ ਦੇ ਸਿੱਖ ਭਰਾ ਭਾਈ ਤਾਰਾ ਸਿੰਘ ਵਾਂ ਪਾਸੋਂ ਇਹ ਸਜਰੀ ਕੁਟ ਖਾ ਕੇ ਭਜ ਕੇ ਬੱਚਿਆ ਸੀ । ਭਾਵੇਂ ਭਾਈ ਤਾਰਾ ਸਿੰਘ ਆਪਣੇ ਟਿਕਾਣੇ ਤੋਂ ਕਿਤੇ ਨਹੀਂ ਹਿਲਿਆ | ਪਰ ਜਫ਼ਰ ਨੇ ਬਦਲਾ ਲੈਣਾ ਸੀ ਭਾਵੇਂ ਕਿਸੇ ਸਿੱਖ ਪਾਸੋਂ ਲਵੇ । ਜਿਵੇਂ ੧੯੮੪ ਵਿਚ ਨੀਲਾ ਤਾਰੇ ਵੇਲੇ ਅੰਦਰ ਸਿੱਖਾਂ ਪਾਸੋਂ ਹਜਾਰਾ ਦੀ ਗਿਣਤੀ ਵਿਚ ਸੈਨਾ ਮਰ ਗਈ ਪਰ ਸੈਨਾ ਨੇ ਏਦੋਂ ਕਈ ਗੁਣਾ ਵੱਧ ਨਿਹੱਥੇ ਬੱਚਿਆਂ , ਤੀਵੀਆਂ , ਨੌਜੁਆਨਾਂ ਤੇ ਬੁਢਿਆਂ ਨੂੰ ਮੌਤ ਤੇ ਘਾਟ ਉਤਾਰ ਦਿੱਤਾ ਤੇ ਆਪਣੇ ਦਿਲ ਨੂੰ ਠੰਡ ਪਾਈ । ਜਫਰ ਬੇਗ ਨੇ ਚਵੰਡੇ ਨੂੰ ਘੇਰਾ ਪਾ ਲਿਆ । ਪਿੰਡ ਵਿੱਚ ਸਿੱਖਾਂ ਨੇ ਕੋਈ ਪਰਵਾਹ ਨਾ ਕੀਤੀ । ਬੇਫਿਕਰੀ ਨਾਲ ਵਿਆਹ ਹੁੰਦਾ ਰਿਹਾ । ਅੰਤ ਖਾਲਸੇ ਨੇ ਲੰਗਰ ਪਾਣੀ ਛਕ ਆਪਣੇ ਆਪਣੇ ਬਸਤਰ ਪਹਿਣ ਘੋੜਿਆ ਤੇ ਸਵਾਰ ਹੋ ਕੇ ਇਸ ਰਾਹ ਵਿੱਚ ਖਲੋਤੀ ਸੈਨਾ ਤੇ ਟੁੱਟ ਪਏ। ੩ ੦ ਸਿਪਾਹੀ ਤਾਂ ਮਾਰੇ ਗਏ । ਬਾਕੀ ਪੰਜਾਹ ਨੂੰ ਫਟੜ ਕਰ , ਬਹਾਦਰ ਸਿੰਘ ਵੈਰੀ ਦੀ ਸੈਨਾ ਨੂੰ ਚੀਰਦਾ ਨਿਕਲ ਗਿਆ । ਬੜਾ ਸ਼ਰਮਿੰਦਾ ਹੋਇਆ ਕਿ ਪਹਿਲਾਂ ਭਾਈ ਵਾਂ ਪਾਸੋਂ ਚ ਪਈ ਸੀ । ਹੁਣ ਸ . ਬਹਾਦਰ ਸਿੰਘ ਰਹਿੰਦੀ ਖੂੰਦੀ ਕਸਰ ਕੱਢ ਗਿਆ । ਮੂਜੀ ਤੇ ਪਾਬਰ ਜਾਂ ਕਮੀਨਾ ਕਹੀਏ , ਹਾਰ ਤੋਂ ਵਿਆਹ ਤੇ ਇਕੱਠੀਆਂ ਹੋਈਆਂ ਤੀਵੀਆਂ ਤੇ ਹਲਾ ਕਰਨ ਲਈ ਪਿੰਡ ਵਿਚ ਜਾ ਵੜਿਆ । ਇਸਤਰੀ ਤੇ ਵਾਰ ਕਰਨਾ ਇਕ ਅਸਭਿਅ ਤੇ ਵਹਿਣੀ ਕੌਮ ਦਾ ਕੰਮ ਹੈ , ਇਸ ਮੂਜੀ ਨੇ ਸੁਣਿਆ ਹੋਇਆ ਸੀ । ਖਾਲਸੇ ਨੇ ਮੁਸਲਮਾਨ ਇਸਤਰੀਆਂ ਉਨ੍ਹਾਂ ਦੇ ਹੱਥ ਆਈਆਂ ਨੂੰ ਕਈ ਵਾਰ ਬੜੇ ਸਤਿਕਾਰ ਨਾਲ ਉਨ੍ਹਾਂ ਦੇ ਘਰੋਂ ਘਰੀ ਪੁਚਾਇਆ ਸੀ । ਪਰ ਇਸ ਕਮੀਨੇ ਨੇ ਵਿਆਹ ਵਿੱਚ ਖੁਸ਼ੀ ਮਣਾ ਰਹੀਆਂ ਇਸਤਰੀਆਂ ਤੇ ਹਮਲਾ ਕਰਨ ਵਿਚ ਵੀ ਬਹਾਦਰੀ ਸਮਝੀ ਹੋਵੇਗੀ । ਇਧਰ ੨੦ ਜਾ ਬਾਈ ਬੁੱਢੀਆਂ ਤੇ ਕੁੜੀਆਂ ਅੰਦਰ ਸਨ ਦੋ ਜਣੀਆਂ ਵੱਡੇ ਦਰਵਾਜੇ ਤੇ ਕਿਰਪਾਨ ਲੈ ਖੜ ਗਈਆਂ ਦੋ ਤਿੰਨ ਕੰਧਾਂ ਅੰਦਰ ਵਾਰ ਚਲਣ ਫਿਰਨ ਲੱਗੀਆਂ ਕਿ ਕੰਧ ਪਾੜ ਕੇ ਅੰਦਰ ਨਾ ਜਾਣ ।੧੪ ਕੁ ਬੰਦੂਕਾਂ ਤੇ ਤੀਰ ਕਮਾਨ ਤੇ ਤੀਰ ਲੈ ਕੇ ਛੱਤ ਤੇ ਵੈਰੀ ਨੂੰ ਉਡੀਕਣ ਲੱਗੀਆਂ ਤਿੰਨ ਚਾਰ ਲੋੜ ਵੇਲੇ ਵਰਤਨ ਲਈ ਸਾਮਾਨ ਮੁਹਈਆ ਕਰਨ ਲਈ ਖੜ ਗਈਆਂ । ਇਹ ਸੰਸਾਰ ਦੇ ਇਤਿਹਾਸ ਵਿੱਚ ਅਨੋਖੀ ਲੜਾਈ ਹੋਣ ਲੱਗੀ ਹੈ । ਇਕ ਪਾਸੇ ਦੋ ਵਾਰੀ ਸਿੱਖਾਂ ਪਾਸੋਂ ਆਪਣੀ ਖੁੰਬ ਠਪਵਾ ਜਫਰ ਬੇਗ ਹੁਣ ਇਸਤਰੀਆਂ ਨਾਲ ਲੜਨ ਲਈ ਬਹੁਤ ਸਾਰਾ ਲਾਮ ਲਸ਼ਕਰ ਲੈ ਕੇ ਆ ਗਿਆ ਹੈ । ਦੂਜੇ ਪਾਸੇ ਗੁਰੂ ਗੋਬਿੰਦ ਸਿੰਘ ਦੀਆਂ ਬਹਾਦਰ ਪੁਤਰੀਆਂ ਆਪਣੀਆਂ ਇਜਤ ਤੇ ਅਣਖ ਬਚਾਉਣ ਲਈ ਸੀਸ ਤਲੀ ਤੇ ਰੱਖ ਖੜੀਆਂ ਹਨ । ਮਿਰਜ਼ਾ ਜਫਰ ਬੇਗ ਆਪਣੀ ਪੂੰਜੀ ਹੋਈ ਇੱਜ਼ਤ ਨੂੰ ਕਾਇਮ ਕਰਨ ਲਈ ਆਪਣੇ ਸਿਪਾਹੀਆਂ ਨੂੰ ਅੱਗੇ ਵਧਣ ਲਈ ਕਹਿੰਦਾ ਹੈ । ਅੱਗੇ ਸਹੀਣੀਆਂ ਵੀ ਅਤੁਲ ਬਲ ਅਟੱਲ ਸਾਹਸ , ਨਿਰਭੈ ਦ੍ਰਿੜਤਾ ਤੇ ਹੋਸਲੇ ਨਾਲ ਰਾਹ ਰੋਕੀ ਟੋਟੇ ਹੋ ਜਾਣ ਲਈ ਤਿਆਰ ਖੜੀਆਂ ਹਨ । ਜਫਰ ਬੇਗ ਦੀ ਫੌਜ ਸਾਹਮਣੇ ਆਉਂਦਿਆਂ ਹੀ ਸ਼ੀਹਣੀਆਂ ਨੇ ਗੋਲੀਆਂ ਦੀ ਵਾਛੜ ਲਾ ਦਿੱਤੀ ਪਹਿਲੀ , ਵਿਰ ਦੂਜੀ ਤੀਜੀ ਵਾਛੜ ਨਾਲ ਤਿੰਨੇ ਵੈਰੀ ਦੀਆਂ ਕਤਾਰਾਂ ਭੋਇ ਗਿਰਾ ਦਿੱਤੀਆਂ ਹਨ । ਫੌਜ ਸੁਸਰੀ ਵਾਂਗ ਸੌਦੀ ਵੇਖ ਜਫਰ ਬੇਗ ਦਾ ਦਿਲ ਧੜਕਣ ਲੱਗਾ । ਉਸ ਦੀ ਫੌਜ ਘਾਬਰ ਗਈ । ਅੱਗੇ ਵਧਣੋ ਜੁਆਬ ਦੇ ਦਿੱਤਾ । ਹੁਣ ਬੀਬੀਆਂ ਕਮਾਨ ਸੰਭਾਲ ਖਿੱਚ ਖਿੱਚ ਚਿੱਲੇ ਚੜਾਏ ॥ ਨਾਗਾਂ ਵਾਂਗ ਸ਼ੂਕਦੇ ਤੀਰ ਜਾ ਤਿੰਨ ਤਿੰਨ ਚਾਰ – ਚਾਰ ਨੂੰ ਪ੍ਰੋਈ ਜਾਣ । ਤੀਰਾਂ ਦੀ ਝੜੀ ਲੱਗ ਗਈ । ਧਰਤ ਨੇ ਲਾਲ ਰੰਗ ਦੀ ਚਾਦਰ ਲੈ ਲਈ ਲੋਥਾਂ ਦੇ ਢੇਰ ਲੱਗ ਗਏ । ਹੁਣ ਜਫਰ ਬੇਗ ਚੌਣਵੇਂ ਪੰਜਾਹ ਕੁ ਸਿਪਾਹੀ ਲੈ ਕੇ ਵਰਦੇ ਤੀਰਾਂ ਦੇ ਇਕ ਪਾਸੇ ਹੋ ਘਰ ਦੇ ਬਿਲਕੁੱਲ ਲਾਗੇ ਆ ਗਿਆ । ਹੁਣ ਸ਼ੇਰਾਂ ਦੀਆਂ ਪੁੱਤਰੀਆਂ ੧੦ ਕੁ ਨੇ ਕੋਠੇ ਤੋਂ ਨੰਗੀਆਂ ਕਿਰਪਾਨਾਂ ਹੱਥ ਵਿੱਚ ਲੈ ਛਾਲਾਂ ਮਾਰ ਵੈਰੀ ਦਲ ਤੇ ਟੁੱਟ ਪਈਆਂ । ਇਨਾਂ ਵਿਚ ਬਹਾਦਰ ਧਰਮ ਕੌਰ ਜਿਸ ਦਾ ਦੋ ਕੁ ਘੰਟੇ ਪਹਿਲਾਂ ਵਿਆਹ ਹੋਇਆ ਸੀ ਉਹ ਵੀ ਸੀ । ਇਸ ਦੀ ਤਲਵਾਰ ਨੇ ਵੈਰੀ ਲਈ ਪਰਲੇ ਲੈ ਆਂਦੀ । ਪਹਿਲੀ ਵਾਰ ਬਚਾਉਂਦੀ ਫਿਰ ਬੜੀ ਚੁਸਤੀ ਨਾਲ ਅਗਲੇ ਦੇ ਗਾਟੇ , ਹੱਥ ਜਿਥੇ ਵਜਦੀ ਆਹੂ ਲਾਈ ਜਾਂਦੀ । ਦੂਜੀਆਂ ਬੀਬੀਆਂ ਨੇ ਵੀ ਏਨੇ ਆਹੂ ਲਾਏ ਕਿ ਵੈਰੀ ਨੂੰ ਨਾਨੀ ਚੌੜ ਕਰਾ ਦਿੱਤੀ । ਸ਼ੀਹਣੀ ਧਰਮ ਕੌਰ ਵੈਰੀ ਦੇ ਡੱਕਰੇ ਕਰਦੀ ਥੱਕ ਕੇ ਨਿਢਾਲ ਹੋ ਧਰਤੀ ਤੇ ਡਿੱਗ ਪਈ । ਹੁਣ ਪਾਪੀ ਜਫਰ ਬੇਗ ਨੇ ਸ਼ੀਹਣੀ ਨੂੰ ਡਿਗੀ ਵੇਖ ਅੱਗੇ ਹੋ ਘੋੜੇ ਤੇ ਲੱਦਣ ਲੱਗਾ । ਹੁਣ ਬੇਸੁੱਧ ਪਈ ਧਰਮ ਕੌਰ ਨੇ ਓਪਰੇ ਬੰਦੇ ਨੂੰ ਆਪਣੇ ਵਲ ਵਧਦਾ ਵੇਖ ਆਪਣੀ ਤਲਵਾਰ ਫੜ , ਜ਼ਫਰ ਬੇਗ ਦਾ ਇਸ ਵਲ ਵਧਦਾ ਹੱਥ ਬੜੀ ਫੁਰਤੀ ਨਾਲ ਗਾਜਰ ਵਾਂਗ ਕੱਟ ਕੇ ਸੁੱਟ ਦਿੱਤਾ । ਉਹ ਵੀ ਰੌਲਾ ਪਾਉਂਦਾ ਪਿਛੇ ਪਰਤ ਗਿਆ । ਇਸ ਲੜਾਈ ਵਿਚ ਚਾਰ ਪੰਜ ਸਿੰਘਣੀਆਂ ਫਟੜ ਹੋਈਆਂ।ਜਫਰ ਬੇਗ ਦੇ ਦੋ ਕੁ ਸੌ ਸਿਪਾਹੀ ਮਾਰੇ ਗਏ ਬਾਕੀ ਡਰਦੇ ਭੱਜ ਗਏ । ਜਾਫਰ ਬੇਗ ਵੀ ਟੁੰਡਾ ਬਣ ਕੇ ਵਾਪਿਸ ਪੱਟੀ ਪਰਤਿਆ । ਉਸ ਵੇਲੇ ਸਿੰਘਣੀਆਂ ਵੀ ਸਿੰਘਾਂ ਵਾਂਗ ਹਰ ਸਮੇਂ ਲੜਣ ਮਰਨ ਲਈ ਤਿਆਰ ਰਹਿੰਦੀਆਂ ਸਨ ।
ਜੋਰਾਵਰ ਸਿੰਘ ਤਰਸਿੱਕਾ।
ਬਹਾਦਰ ਬੀਬੀ ਬਲਬੀਰ ਕੌਰ ( ਸ਼ਹੀਦ )
ਗੁਰਦੁਆਰਾ ਸੁਧਾਰ ਵੇਲੇ ਰਿਆਸਤ ਨਾਭਾ ਦੇ ਰਾਜੇ ਨੇ ਸਿੱਖਾਂ ਨਾਲ ਹਮਦਰਦੀ ਪ੍ਰਗਟਾਈ ਸੀ । ਜਿਸ ਦੇ ਸਿੱਟੇ ਵਜੋਂ ਅੰਗਰੇਜ਼ਾਂ ਨੇ ਉਸ ਨੂੰ ਗੱਦੀ ਤੋਂ ਲਾਹ ਕੇ ਉਸ ਦੀ ਥਾਂ ਇਕ ਗੋਰਾ ਰੈਜ਼ੀਡੈਂਟ ਨੀਅਤ ਕਰ ਕੇ ਰਿਆਸਤ ਦਾ ਪ੍ਰਬੰਧ ਸਰਕਾਰ ਨੇ ਆਪਣੇ ਹੱਥ ਚ ਲੈ ਲਿਆ ਸੀ । ਇਸ ਦੀ ਬਹਾਲੀ ਖਾਤਿਰ ਗੰਗਸਰ ਜੈਤੋ ਦੇ ਗੁਰਦੁਆਰੇ ਵਿੱਚ ਸਿੱਖਾਂ ਨੇ ਅਖੰਡ ਪਾਠ ਰਖਾਇਆ । ਗੋਰੀ ਸਰਕਾਰ ਨੇ ਅਖੰਡ ਪਾਠ ਵਿਚੇ ਰੋਕ ਪਾਠੀਆਂ ਤੇ ਹੋਰ ਸਿੱਖਾਂ ਨੂੰ ਗ੍ਰਿਫ਼ਤਾਰ ਕਰ ਲਿਆ । ਇਸ ਕਾਰਵਾਈ ਵਿਰੁੱਧ ਸਿੱਖਾਂ ‘ ਚ ਬੜਾ ਰੋਸ ਉਪਜਿਆ । ਉਧਰ ਗੋਰੀ ਸਰਕਾਰ ਏਥੇ ਜਾਣੋ ਸਿੱਖਾਂ ਨੂੰ ਰੋਕਦੀ । ਇਸ ਸ਼ਹੀਦੀ ਜਥੇ ਵਿਚ ਇਕ ਬੀਬੀ ਬਲਬੀਰ ਕੌਰ ਨੇ ਵੀ ਨਾਲ ਰਲ ਕੇ ਆਪਣੇ ਦੋ ਸਾਲ ਦੇ ਲਾਡਲੇ ਨਾਲ ਸ਼ਹੀਦੀ ਪ੍ਰਾਪਤ ਕੀਤੀ । ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਗੁਰਧਾਮਾਂ ਵਿਚ ਬਿਠਾਏ ਗਏ ਮਹੰਤਾਂ ਨੇ ਆਪਣੀ ਸਾਦੀ ਜ਼ਿੰਦਗੀ ਗੁਜ਼ਾਰਨ ਦੀ ਥਾਂ ਬੜੇ ਐਸ਼ੋ ਆਰਾਮਾਂ ਤੇ ਗੁਰਧਾਮਾਂ ‘ ਚ ਚੜਾਇਆ ਚੜਾਵਾ , ਗੁਰਧਾਮਾਂ ਨਾਲ ਲਾਈ ਜ਼ਮੀਨ ਦੀ ਆਮਦਨ ਨੂੰ ਭ੍ਰਿਸ਼ਟ ਢੰਗਾਂ ਨਾਲ ਉਜਾੜਨ ਲਗੇ । ਇਨ੍ਹਾਂ ਦੇ ਭੈੜੇ ਪ੍ਰਬੰਧ ਵਿਰੁੱਧ ਸਿੱਖਾਂ ਵਲੋਂ ਗੁਰਦੁਆਰਾ ਸੁਧਾਰ ਲਹਿਰ ਚਲਾਈ ਗਈ । ਮਹੰਤਾਂ ਤੇ ਪੁਜਾਰੀਆਂ ਪਾਸੋਂ ਗੁਰਧਾਮ ਆਜ਼ਾਦ ਕਰਾਏ । ਨਾਭੇ ਦੀ ਰਿਆਸਤ ਦਾ ਰਾਜਾ ਰਿਪੁਦਮਨ ਸਿੰਘ ਸਿੱਖਾਂ ਦੀ ਇਸ ਲਹਿਰ ‘ ਚ ਹਮਦਰਦ ਸੀ । ਉਧਰ ਪਟਿਆਲੇ ਤੇ ਨਾਭੇ ਦੀ ਰਿਆਸਤ ਦਾ ਕੁਝ ਆਪਸੀ ਝਗੜਾ ਹੋ ਗਿਆ । ਗੋਰੀ ਸਰਕਾਰ ਜਿਹੜੀ ਕਿ ਮਹੰਤਾਂ ਦੀ ਪਿੱਠ ਠੋਕਦੀ ਸੀ , ਇਸਨੂੰ ਰਿਪੁਦਮਨ ਸਿੰਘ ਨੂੰ ਸਜਾ ਦੇਣ ਦਾ ਅਵਸਰ ਮਿਲ ਗਿਆ । ਉਸ ਨੇ ਰਾਜਾ ਰਿਪੁਦਮਨ ਸਿੰਘ ਨੂੰ ਗੱਦੀਓਂ ਲਾਹ ਕੇ ਇਸ ਦੀ ਰਿਆਸਤ ਦਾ ਪ੍ਰਬੰਧ ਆਪਣੇ ਅਧੀਨ ਕਰ ਲਿਆ । ਇਕ ਅੰਗਰੇਜ਼ ਰੈਜ਼ੀਡੈਂਟ ਰਿਆਸਤ ਦੇ ਪ੍ਰਬੰਧ ਲਈ ਨੀਅਤ ਕਰ ਦਿੱਤਾ । ਇਸ ਦੇ ਪ੍ਰਤੀਕਰਮ ਵਜੋਂ ਸਿੱਖਾਂ ਨੇ ਨਾਭੇ ਰਿਆਸਤ ਦੇ ਇਤਿਹਾਸਕ ਗੁਰਧਾਮ ਜੈਤੋ ਵਿਚ ਇਕ ਰੋਸ ਇਕੱਤਰਤਾ ਰੱਖ ਲਈ ਤੇ ਇਥੇ ਅਖੰਡ ਪਾਠ ਰਖਾ ਦਿੱਤਾ । ਰਾਜੇ ਦੀ ਚੜ੍ਹਦੀ ਕਲਾ ਲਈ ਇਕੱਤਰਤਾ ਵਾਲੇ ਦਿਨ ਭੋਗ ਪੈਣਾ ਸੀ । ਸਰਕਾਰ ਨੇ ਇਹ ਅਖੰਡ ਪਾਠ ਖੰਡਣ ਕਰ ਦਿੱਤਾ । ਪਾਠੀਆਂ ਨੂੰ ਤੇ ਉਥੇ ਵਿਚਰ ਰਹੇ ਸਿੱਖਾਂ ਨੂੰ ਕੈਦ ਕਰ ਦਿੱਤਾ । ਸਿੱਖ ਪਹਿਲਾਂ ਹੀ ਬੜੇ ਗੁੱਸੇ ‘ ਚ ਸਨ । ਉਹ ਇਸ ਘ ž ਨੀ ਤੇ ਭੈੜੀ ਨੀਤੀ ਵਿਰੁੱਧ ਭੜਕ ਉਠੇ ਕਿ ਗੋਰੀ ਸਰਕਾਰ ਹੁਣ ਸਿੱਖਾਂ ਦੇ ਧਾਰਮਿਕ ਸਮਾਗਮਾਂ ਵਿਚ ਵੀ ਦਖਲ ਦੇਣ ਲਗ ਪਈ ਹੈ । ਕਿਉਂਕਿ ਸਿੱਖਾਂ ਨੇ ਕੁਰਬਾਨੀਆਂ ਦੇ ਨਨਕਾਣਾ ਸਾਹਿਬ , ਗੁਰੂ ਕਾ ਬਾਗ ਅਤੇ ਹੋਰ ਇਤਿਹਾਸਕ ਗੁਰਧਾਮਾਂ ਨੂੰ ਸੁਤੰਤਰ ਕਰਾ ਲਿਆ ਸੀ । ਉਸ ਵੇਲੇ ਦੀ ਸੱਜਰੀ ਥਾਪੀ ਗਈ ਗੁਰਦੁਆਰਾ ਕਮੇਟੀ , ਸਿੱਖਾਂ ਵਲੋਂ ਰਖੇ ਗਏ ਅਖੰਡ ਪਾਠ ਦੇ ਖੰਡਣ ਹੋਏਂ ਦਾ ਅਪਮਾਨ ਨਾ ਜਰਦਿਆਂ ਉਥੇ ਹੀ ਇਸ ਖੰਡਣ ਹੋ ਚੁਕੇ ਅਖੰਡ ਪਾਠ ਦੇ ਪਸ਼ਚਾਤਾਪ ਵਜੋਂ ਹੋਰ ਅਖੰਡ ਪਾਠ ਰਖਵਾਣਾ ਚਾਹੁੰਦੀ ਸੀ । ਪਰ ਉਧਰ ਗੋਰੀ ਸਰਕਾਰ ਏਥੇ ਅਖੰਡ ਪਾਠ ਦਾ ਹੋਣਾ ਆਪਣੀ ਹੇਠੀ ਸਮਝਣੀ ਸੀ । ਉਸ ਨੇ ਸਿੱਖਾਂ ਨੂੰ ਏਥੇ ਅਖੰਡ ਪਾਠ ਰਖਣੇ ਜ਼ਬਰਨ ਰੋਕਣਾ ਚਾਹਿਆ । ਸ੍ਰੀ ਅਕਾਲ ਤਖ਼ਤ ਪੁਰ ਮਤਾ ਕਰਕੇ ਇਸ ਕਾਰਜ ਲਈ ਇਥੋਂ ਰੋਜ਼ 500 ਸਿੱਖਾਂ ਦਾ ਸ਼ਾਂਤਮਈ ਰਹਿਣ ਦਾ ਪ੍ਰਣ ਕਰਕੇ ਜੱਥਾ ਜੈਤੋ ਨੂੰ ਪੈਦਲ ਤੋਰਿਆ ਜਾਂਦਾ । ਇਹ ਖਬਰ ਸੁਣ ਕੇ ਹਜ਼ਾਰਾਂ ਦੀ ਗਿਣਤੀ ਵਿਚ ਸਿੱਖ ਕੁਰਬਾਨੀ ਦੇਣ ਲਈ ਅੰਮ੍ਰਿਤਸਰ ਪੁਜ ਗਏ । 24 ਫਰਵਰੀ 1924 ਨੂੰ ਇਹ ਨਿਸ਼ਕਾਮ ਜਥਾ ਸ਼ਾਂਤਮਈ ਰਹਿਣ ਦਾ ਪ੍ਰਣ ਕਰਕੇ ਸ੍ਰੀ ਅਕਾਲ ਤਖਤ ਤੇ ਅਰਦਾਸ ਕਰਕੇ ਤੁਰਿਆ । ਪਰ ਬੀਬੀਆਂ ਨੂੰ ਇਸ ਜਥੇ ਵਿਚ ਭਾਗ ਲੈਣ ਤੋਂ ਵਰਜ ਦਿੱਤਾ ਗਿਆ । ਕੋਸਰੀ ਸ਼ਹੀਦੀ ਬਾਣੇ , ਸੀਸ ਪਰ ਕਾਲੀਆਂ ਦਸਤਾਰਾਂ , ਕਾਲੇ ਗਾਤਰੇ ਪਾ ਜੈਕਾਰਿਆਂ ਦੀ ਗੂੰਜ ਪਾਉਂਦਾ ਪਹਿਲਾਂ ਜਥਾ ਨਾਉ ਰਿਆਸਤ ਵਲ ਤੁਰ ਪਿਆ । ਰਸਤੇ ਵਿਚ ਥਾਂ ਥਾਂ ਜਥੇ ਦਾ ਸਿੱਖ ਸੰਗਤਾਂ ਸੁਆਗਤ ਕਰਦੀਆਂ ਹਰ ਪ੍ਰਕਾਰ ਦਾ ਲੰਗਰ ਲੱਸੀ ਪਾਣੀ ਆਦਿ ਨਾਲ ਜਿਥੇ ਰਾਤ ਅਟਕਣਾ ਹੁੰਦਾ ਉਥੇ ਪਹਿਲਾਂ ਹੀ ਸਾਰੇ ਸਿੱਖਾਂ ਲਈ ਹਰ ਪ੍ਰਕਾਰ ਦੇ ਆਰਾਮ ਕਰਨ ਤੇ ਲੰਗਰ ਦਾ ਪ੍ਰਬੰਧ ਕੀਤਾ ਹੁੰਦਾ ਸੀ । ਰਾਹ ਵਿਚ ਸ਼ਬਦ ਪੜ੍ਹਦੇ ਸਿੱਖ ਮਸਤੀ ਚ ਝੂਮਦੇ ਜਾਂਦੇ । ਪਹਿਲਾਂ ਕੁਝ ਬੀਬੀਆਂ ਰਸਤੇ ਵਿਚ ਲੰਗਰ ਆਦਿ ਤਿਆਰ ਕਰਨ ਲਈ ਨਾਲ ਚਲ ਪਈਆਂ ਸਨ ਪਰ ਜਦੋਂ ਰਸਤੇ ਵਿਚ ਹਰ ਪ੍ਰਕਾਰ ਦੀ ਖਾਣ ਪੀਣ ਦੀ ਸਹੂਲਤ ਮਿਲਣ ਲਗੀ ਤਾਂ ਬੀਬੀਆਂ ਨੂੰ ਵਾਪਸ ਆਪਣੀ ਘਰੀ ਪਰਤਣ ਲਈ ਜਥੇਦਾਰ ਨੇ ਕਹਿ ਦਿੱਤਾ । ਪਰ ਇਨ੍ਹਾਂ ਨਾਲ ਅਰਦਾਸਾ ਸੋਧ ਤੇ ਪ੍ਰਣ ਕਰਕੇ ਆਈ ਬੀਬੀ ਬਲਬੀਰ ਕੌਰ ਆਪਣੇ ਬਹਾਦਰ ਸਿੱਖ ਵੀਰਾਂ ਦਾ ਸਾਥ ਨਹੀਂ ਸੀ ਛਡਣਾ ਚਾਹੁੰਦੀ । ਇਹ ਫਿਰ ਜਥੇ ਦੇ ਨਾਲ ਤੁਰ ਪਈ । ਜਦੋਂ ਜਥੇਦਾਰ ਨੇ ਜ਼ੋਰ ਦੇ ਕੇ ਵਾਪਸ ਪਰਤਨ ਲਈ ਕਿਹਾ ਤਾਂ ਬੀਬੀ ਦੇ ਨੈਣਾਂ ‘ ਚੋਂ ਹੰਝੂ ਕਿਰਨ ਲਗੇ ਤੇ ਉਥੇ ਸਾਹਾਂ ਵਿਚ ਕਹਿਣ ਲਗੀ ਵੀਰੋ ! ਸਾਡੇ ਦਸਮੇਸ਼ ਪਿਤਾ ਜੀ ਨੇ ਇਸਤਰੀ ਨੂੰ ਮਰਦਾਂ ਬਰਾਬਰ ਹੱਕ ਦਿੱਤੇ ਹਨ ਤੁਸੀਂ ਮੈਨੂੰ ਇਸ ਧਰਮ ਯੁੱਧ ਵਿਚ ਕੁਰਬਾਨੀ ਦੇਣੋ ਕਿਉਂ ਵਰਜਦੇ ਹੋ ? ਜੇ ਮਾਤਾ ਭਾਗੋ ਵੀਰਾਂ ਨਾਲ ਜਾ ਸਕਦੀ ਹੈ ਮੈਂ ਕਿਉਂ ਨਹੀਂ ਜਾ ਸਕਦੀ । ਮੈਂ ਪੁਰ ਅਮਨ ਰਹਿ ਕੇ ਕੁਰਬਾਨੀ ਦੇਵਾਂਗੀ , ਮੈਂ ਮੌਤ ਤੋਂ ਨਹੀਂ ਡਰਦੀ । ” ਬੀਬੀ ਦੀਆਂ ਤਰਲੇ ਭਰੀਆਂ ਗੱਲਾਂ ਸੁਣ ਕੇ ਜਥੇਦਾਰ ਚੁਪ ਹੋ ਗਿਆ । ਬਹਾਦਰ ਬੀਬੀ ਆਪਣਾ ਨੰਨਾ ਮੁਨਾ ਬੱਚਾ ਚੁੱਕੀ ਜਥੇ ਦੇ ਪਿਛੇ ਤੁਰ ਪਈ । ਬੀਬੀ ਭਰ ਜੁਆਨ , ਸੁਸ਼ੀਲ , ਸੁਣਖੀ , ਨਿਰਭੈਅਤਾ ਤੇ ਦਲੇਰ ਸੁਭਾ ਦੀ ਮਾਲਕ ਸੀ । ਮੁਖੜੇ ਤੇ ਗੰਭੀਰਤਾ , ਦ੍ਰਿੜ੍ਹਤਾ ਤੇ ਕੁਰਬਾਨੀ ਦਾ ਜਜ਼ਬਾ ਪ੍ਰਤੀਤ ਹੁੰਦਾ ਸੀ । ਸਮਝੋ ਇਕ ਕੁਰਬਾਨੀ ਤੇ ਨਿਰਭੈਅਤਾ ਦੀ ਦੇਵੀ ਹੈ । ਕੁਛੜ ਦੋ ਸਾਲਾਂ ਦਾ ਮਾਸੂਮ ਲਾਡਲਾ ਸਾਰੇ ਜਥੇ ਦੀ ਇਕ ਬਾਜ਼ੀ ਦੀ ਨਿਆਈ ਹੈ । ਹਰ ਇਕ ਪਾਸ ਬੜਾ ਖੁਸ਼ ਹੋ ਕੇ ਚਲਾ ਜਾਂਦਾ ਹੈ । ਜਦੋਂ ਸਿੰਘ ਸ਼ਬਦ ਪੜ੍ਹਦੇ ਜੈਕਾਰੇ ਬੁਲਾਉਂਦੇ ਹਨ ਤਾਂ ਬੱਚਾ ਕਦੇ ਕਿਸੇ ਦੇ ਮੂੰਹ ਵਲ ਵੇਖਦਾ ਹੈ ਕਦੇ ਕਿਸੇ ਤੋਂ ਮੂੰਹ ਵਲ । ਪੈਂਡਾ ਕਰਦੇ ਕਰਦੇ ਜੈਤੋ ਦੇ ਲਾਗੇ ਪੁੱਜ ਗਏ ਹਨ । ਅਗੋਂ ਕਨਸੋਆਂ ਮਿਲ ਰਹੀਆਂ ਹਨ ਕਿ ਸਰਕਾਰ ਨੇ ਅਗੇ ਮਸ਼ੀਨਗੰਨਾਂ ਬੀੜੀਆਂ ਹੋਈਆਂ ਹਨ । ਜੈਤੋ ਚ ਵੜਨ ਲਗਿਆਂ ਜਥੇਦਾਰ ਨੇ ਸਿੰਘਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤੁਹਾਨੂੰ ਪਤਾ ਹੀ ਹੈ ਅਗੈ ਗੋਰੀ ਸਰਕਾਰ ਨੇ ਮਸ਼ੀਨਾਂ ਬੀੜੀਆਂ ਹੋਈਆਂ ਹਨ । ਇਸ ਤੋਂ ਅਗੇ ਕੈਵਲ ਉਹ ਸਿੰਘ ਜਾਣ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸ ‘ ਚ ਸ਼ਾਮਲ ਹਨ । ਜਿਨ੍ਹਾਂ ਨੇ ਪੂਰੇ ਅਮਨ ਰਹਿਣ ਦਾ ਪ੍ਰਣ ਕੀਤਾ ਹੈ ਬਾਕੀ ਸਭ ਵਾਪਸ ਪਰਤ ਜਾਣ । ਜਥੇ ਦੇ ਨਾਲ ਰਸਤੇ ‘ ਚੋਂ ਕਾਫੀ ਸਿੱਖ ਨਾਲ ਰਲ ਗਏ ਸਨ । ਕੁਝ ਤਾਂ ਵਾਪਸ ਚਲੇ ਗਏ ਕੁਝ ਚੋਰੀ ਅਗੇ ਜਾਣ ਲਗੇ , ਇਹ ਸੋਚ ਕੇ ਕਿ ਜੇ ਗੋਲੀ ਚੱਲੀ ਤਾਂ ਅਸੀਂ ਵੀ ਸ਼ਹੀਦੀ ਜਾਮ ਪੀ ਲਵਾਂਗੇ । ਜਦੋਂ ਜਥੇਦਾਰ ਨੇ ਬੀਬੀ ਬਲਬੀਰ ਕੌਰ ਨੂੰ ਸ਼ਹੀਦੀ ਜਥੇ ਦਾ ਪਿੱਛਾ ਕਰਦੀ ਡਿੱਠਾ ਤਾਂ ਖੜਾ ਹੋ ਕੇ ਕਹਿਣ ਲਗਾ ਕਿ ‘ ਭੈਣ ਜੀ ! ਅਗੇ ਗੰਨਾਂ ਦੇ ਫਾਇਰ ਖੁਲਣ ਦਾ ਡਰ ਹੈ ਤੁਸੀਂ ਹੁਣ ਅਗੇ ਨਹੀਂ ਜਾਣਾ ਪਿਛੇ ਮੁੜ ਜਾਓ ਨਿੱਕਾ ਮਾਸੁਮ ਕੁਛੜ ਚੁਕਿਆ ਹੋਇਆ ਹੈ । ਇਸ ਦੀ ਜਾਨ ਦਾ ਵਾਸਤਾ ਜੇ , ਇਸ ਦਾ ਖਿਆਲ ਕਰੋ ਇਸ ਦਾ ਕੀ ਬਣੇਗਾ । ਅਗੋਂ ਬੀਬੀ ਜੀ ਹੱਥ ਜੋੜ ਕੇ ਕਹਿਣ ਲਗੀ , “ ਵੀਰ ਜੀ ਮੈਨੂੰ ਰੋਕੋ ਨਾ ਮੈਂ ਵੀ ਵੀਰਾਂ ਨਾਲ ਦਸ਼ਮੇਸ਼ ਪਿਤਾ ਜੀ ਦਾ ਅੰਮ੍ਰਿਤ ਛਕਿਆ ਹੈ । ਉਸ ਵੇਲੇ ਆਪਣਾ ਸੀਸ ਗੁਰੂ ਜੀ ਦੇ ਹਵਾਲੇ ਕੀਤਾ ਸੀ । ਮੈਂ ਭਾਗਾਂ ਵਾਲੀ ਹੋਵਾਂਗੀ ਜੇ ਮੈਂ ਆਪਣੇ ਪੁੱਤਰ ਸਮੇਤ ਆਪਣੇ ਭਰਾਵਾਂ ਦੇ ਨਾਲ ਰਲ ਕੇ ਆਪਣਾ ਸੀਸ ਗੁਰੂ ਜੀ ਦੇ ਅਰਪਨ ਕਰਾਂ । ਮੈਂ ਬਹਾਦਰ ਵੀਰਾਂ ਨੂੰ ਛਡ ਕੇ ਅਧਰਮਨ ਨਹੀਂ ਹੋਣਾ ਚਾਹੁੰਦੀ ਤੇ ਵੀਰਾਂ ਦੇ ਨਾਲ ਹੀ ਮੇਰੇ ਲਾਡਲੇ ਨੂੰ ਕੌਮ ਦੀ ਸੇਵਾ ਕਰਨ ਦਾ ਅਵਸਰ ਮਿਲੇਗਾ ਤੇ ਮੇਰਾ ਦੁੱਧ ਸਫਲ ਹੋਵੇਗਾ । ਉਪਰੋਕਤ ਸ਼ਬਦ ਬੋਲਦਿਆਂ ਬੀਬੀ ਜੀ ਭਾਵੁਕ ਹੋ ਗਈ ਤੇ ਗਲਾ ਭਰ ਗਿਆ ਬੋਲਿਆ ਨਾ ਗਿਆ , ਫਿਰ ਬੋਲੀ “ ਮੇਰੇ ਵੀਰੋ ਅਜਿਹਾ ਸੁਭਾਗਾ ਕੁਰਬਾਨੀ ਦਾ ਅਵਸਰ ਮੁੜ ਹੱਥ ਨਹੀਂ ਆਉਣਾ ਮੈਨੂੰ ਨਾ ਰੋਕੋ । ਹੁਣ ਹੋਰਨਾਂ ਨੇ ਵੀ ਉਸ ਨੂੰ ਉਸ ਦੇ ਬੱਚੇ ਦਾ ਵਾਸਤਾ ਪਾ ਕੇ ਪਿਛੇ ਮੁੜਨ ਲਈ ਕਿਹਾ । ਪਰ ਉਸ ਦੀ ਆਤਮਾ ਇਸ ਕੁਰਬਾਨੀ ਦੇ ਕੁੰਭ ਵਿਚ ਕੁੱਦਣ ਲਈ ਮਜਬੂਰ ਕਰ ਰਹੀ ਸੀ । ਬੀਬੀ ਨੇ ਕਿਸੇ ਦੀ ਇਕ ਨਾ ਮੰਨੀ , ਦਿਲ ਨਹੀਂ ਛਡਿਆ । ਹਾਰ ਕੇ ਉਸ ਨੂੰ ਕੁਰਬਾਨੀ ਦੇਣ ਨੂੰ ਕਿਸੇ ਨਹੀਂ ਰੋਕਿਆ ॥ ਅਗੇ ਪੰਜ ਪਿਆਰੇ ਕੇਸਰੀ ਨਿਸ਼ਾਨ ਸਾਹਿਬ ਉਠਾਏ ਸ਼ਹੀਦੀ ਕੇਸਰੀ ਬਾਣੇ ਸਜਾ ਕਾਲੀਆਂ ਦਸਤਾਰਾਂ , ਸੀਸ ਪਰ ਕੇਸਰੀ ਠਾਠੇ ਸਾਰਾ ਜਥਾ ਪਿਛੇ ਮਟਕ ਮਟਕ ਹਸੂੰ ਹਸੂੰ ਕਰਦੇ ਖਿੜੇ ਮੱਥੇ ਮੌਤ ਲਾੜੀ ਨੂੰ ਵਰਨ ਜਾ ਰਹੇ ਹਨ । ਕਿਸੇ ਦੇ ਮੁਖੜੇ ਤੇ ਉਦਾਸੀ ਜਾਂ ਨਿਰਾਸਤਾ ਦਾ ਕੋਈ ਚਿੰਨ੍ਹ ਨਹੀਂ ਹੈ । ਸੰਤ ਸਿਪਾਹੀ ਵਾਹਿਗੁਰੂ ਦਾ ਜਾਪ ਕਰਦੇ ਜਾ ਰਹੇ ਹਨ । ਬੜੇ ਅਨੁਸ਼ਾਸ਼ਕ ਢੰਗ ਨਾਲ ਜਥੇਦਾਰ ਦੀ ਅਗਵਾਈ ਵਿਚ ਮਸਤ ਚਾਲ ਚਲ ਰਹੇ ਹਨ । ਰਸਤੇ ਵਿਚ ਹਰ ਥਾਂ ਹਰ ਧਰਮ ਦੇ ਲੋਕਾਂ ਨੇ ਇਨ੍ਹਾਂ ਨੂੰ ਜੀ ਆਇਆਂ ਕਿਹਾ ਹੁਣ ਨਾਭਾ ਰਿਆਸਤ ਦੀ ਹੱਦ ਸ਼ੁਰੂ ਹੋ ਗਈ ਹੈ । ਪੁਲਿਸ ਨੇ ਜਥੇ ਨੂੰ ਤਾੜਨਾ ਦੇ ਕੇ ਸ਼ਹੀਦੀ ਜਥੇ ਦੇ ਰੂਪ ਵਿਚ ਆਏ ਹਨ । ਇਹ ਪਿਛੇ ਤਾਂ ਨਹੀਂ ਪਰਤ ਸਕਦੇ ਹੈ । ਰਾਹ ਵਿਚ ਇਨ੍ਹਾਂ ਉਪਰ ਫੁਲਾਂ ਤੇ ਅਤਰ ਫੁਲੇਲਾਂ ਦੀ ਵਰਖਾ ਹੁੰਦੀ ਰਹੀ ਹੈ । ਬੜਾ ਆਦਰ ਤੇ ਸਤਿਕਾਰ ਮਿਲਦਾ ਰਿਹਾ ਹੈ । ਕਰਦਿਆਂ ਕਿਹਾ ਕਿ ਅਗੋਂ ਤੁਹਾਡੇ ਲਈ ਗੰਨਾਂ ਫਿਟ ਕੀਤੀਆਂ ਹਨ ਤੁਹਾਨੂੰ ਗੁਰਦੁਆਰੇ ਨਹੀਂ ਲੰਘਣ ਦੇਣਾ ਪਿਛੇ ਪਰਤ ਜਾਓ । ‘ ‘ ਅਗੋਂ ਜਥੇਦਾਰ ਨੇ ਕਿਹਾ “ ਸਿੰਘ ਅਰਦਾਸਾ ਕਰ ਕੇ ਮੌਤ ਨੂੰ ਗਲੇ ਲਾਉਣ ਲਈ ਤੁਰੇ ਹਾ ਗੋਲੀਆਂ ਖਾ ਸਕਦੇ ਹਾ ਵਾਪਸ ਨਹੀਂ ਪਰਤਾਂ ਗੇ । ਸ਼ੇਰ – ਦਿਲ ਬਹਾਦਰ ਤੇ ਜਾਂਬਾਜ਼ ਸੰਤ ਸਿਪਾਹੀ ਰੁਕੇ ਨਹੀਂ ਛਾਤੀਆਂ ਚੌੜੀਆਂ ਕਰਕੇ ਜਾ ਰਹੇ ਹਨ ਤਾਂ ਕਿ ਗੋਲੀਆਂ ਛਾਤੀਆਂ ਤੋਂ ਬਾਹਰ ਨਾ ਜਾਣ । ਹੁਣ ਜੈਤੋ ਨਗਰ ਵਿਚ ਦਾਖਲ ਹੋਏ ਹਨ । ਗੋਰੇ ਮਸ਼ੀਨਗੰਨਾਂ ਤਾਣੀ ਬੈਠੇ ਹਨ । ਉਧਰ ਸਿੰਘਾਂ ਨੇ ਜੈਕਾਰਾ ਛਡਿਆ ਉਧਰ ਅਗੇ ਗੋਲੀਆਂ ਦੇ ਮੀਂਹ ਨੇ ਇਨ੍ਹਾਂ ਦਾ ਸੁਆਗਤ ਕੀਤਾ ਹੈ । ਗੋਲੀਆਂ ਚਲ ਰਹੀਆਂ ਹਨ । ਸਿੰਘ ਹਾਥੀ ਦੀ ਤੋਰ ਮਸਤ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੇ ਸਮਝੇ ਖੂਨ ਦੀ ਹੋਲੀ ਖੇਡ ਰਹੇ ਹਨ । ਧਰਤੀ ਤੇ ਖੂਨ ਦੀ ਸੂਹੀ ਚਾਦਰ ਵਿਛ ਗਈ ਹੈ । ਕਿਸੇ ਨੇ ਪਿੱਠ ਨਹੀਂ ਵਿਖਾਲੀ ਬੜੀ ਜੁਰੱਅਤ ਨਾਲ ਨਿਰਭੈ ਹੋ ਕੇ ਅਗੇ ਵਧ ਵਧ ਹਿੱਕਾਂ ਡਾਹ ਸ਼ਹੀਦੀ ਜਾਮ ਪੀ ਰਹੇ ਹਨ । ਖੂਨ ਚੋ ਕੇ ਨਿਢਾਲ ਹੋ ਧਰਤੀ ‘ ਤੇ ਡਿੱਗ ਪੈਂਦੇ ਹਨ , ਫਿਰ ਬੜੇ ਹੌਸਲੇ ਨਾਲ ਉਠ ਕੇ ਗੋਲੀਆਂ ਅਗੇ ਆਪਣੀਆਂ ਹਿੱਕਾਂ ਡਾਹ ਡਾਹ ਕੇ ਸ਼ਹੀਦੀ ਜਾਮ ਪੀਤਾ । ਗੋਰੇ ਮਸ਼ੀਨਗੰਨਾਂ ਚਲਾਉਣ ਵਾਲੇ ਕਹਿੰਦੇ ਕਿ ਸਿੱਖ ਕਿਸ ਮਿੱਟੀ ਦੇ ਬਣੇ ਹਨ ਤੇ ਕਿਹੜੀ ਰੂਹ ਇਨ੍ਹਾਂ ਵਿਚ ਭਰੀ ਹੈ ਜਿਹੜੀ ਮੌਤ ਨੂੰ ਮਖੌਲ ਕਰਦੀ ਹੈ । ਬੀਬੀ ਬਲਬੀਰ ਕੌਰ ਆਪਣੇ ਲਾਡਲੇ ਨੂੰ ਗਲ ਨਾਲ ਲਾ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੀ ਅਗੇ ਵਧ ਰਹੀ ਹੈ । ਚਿਹਰੇ ਤੇ ਮੁਸਕਰਾਹਟ ਹੈ ਦਿਲ ਵਿਚ ਆਪਣੇ ਲਈ ਬਣੀ ਗੋਲੀ ਦੀ ਉਡੀਕ ਹੋ ਰਹੀ ਹੈ । ਏਨੇ ਚਿਰ ਨੂੰ ਇਕ ਗੋਲੀ ਮੱਥੇ ਵਿਚ ਲਗੀ ਹੈ । ਲਹੂ ਲੁਹਾਨ ਹੋ ਗਈ । ਨੰਨ੍ਹਾ ਵਗ ਰਹੇ ਲਹੂ ਨੂੰ ਆਪਣੇ ਹੱਥਾਂ ਨੂੰ ਲਾ ਕੇ ਖੇਡਦਾ ਖੁਸ਼ ਹੋ ਰਿਹਾ ਹੈ । ਗੋਲੀ ਖਾ ਕੇ ਵੀ ਅਗੇ ਵਧਦੀ ਜਾਂਦੀ ਹੈ । ਹੁਣ ਇਕ ਗੋਲੀ ਜਿਗਰ ਦੇ ਟੋਟੇ ਦੇ ਕੰਨਾਂ ਵਿਚ ਆ ਵੱਜੀ ਹੈ । ਉਸ ਨੂੰ ਅੰਤਮ ਵਾਰ ਹਿੱਕ ਨਾਲ ਲਾਉਂਦੀ ਚੁੰਮਦੀ ਚਟਦੀ ਹੈ , ਉਹ ਸ਼ਹੀਦੀ ਜਾਮ ਪੀ ਚੁੱਕਾ ਹੈ । ਇਸ ਨੂੰ ਹੇਠਾਂ ਰਖਦੀ , ਲਾਗੇ ਖੜ੍ਹੀ ਹੋ ਕੇ ਅਕਾਲ ਪੁਰਖ ਦਾ ਸ਼ੁਕਰਾਨਾ ਕਰਦਿਆਂ ਕਹਿੰਦੀ , “ ਧੰਨ ਭਾਗ ਹਨ ਮੇਰੇ , ਮੇਰੇ ਲਾਡਲਾ ਮੇਰੇ ਸਾਹਮਣੇ ਕੌਮ ਵਲੋਂ ਚਲਾਏ ਜਾ ਰਹੇ ਧਰਮ ਯੁੱਧ ਵਿੱਚ ਹਿੱਸਾ ਪਾ ਕੇ ਦਸ਼ਮੇਸ਼ ਪਿਤਾ ਜੀ ਦੇ ਚਰਨਾਂ ‘ ਚ ਜਾ ਬਿਰਾਜਿਆ ਹੈ । ਮੇਰੀ ਕੁੱਖ ਸਫਲ ਕਰਕੇ ਗਿਆ ਹੈ । ਤੇਰੀ ਬਖਸ਼ੀ ਦਾਤ ਤੁਹਾਡੇ ਹਵਾਲੇ ਹੈ । ਕੋਈ ਸ਼ਿਕਵਾ ਨਹੀਂ ਕੀਤਾ ਸਗੋਂ ਪ੍ਰਮਾਤਮਾ ਦਾ ਧੰਨਵਾਦ ਕੀਤਾ । ਕੋਈ ਚੀਖ ਨਹੀਂ ਮਾਰੀ , ਕਿਤੇ ਹਊਂ ਨਹੀਂ ਕਰੇ । ਬੜੇ ਹੌਸਲੇ , ਜੁਰੱਅਤ ਤੇ ਦ੍ਰਿੜਤਾ ਨਾਲ ਹੌਲੀ ਹੌਲੀ ਜਥੇ ਦੇ ਪਿਛੇ ਤੁਰ ਪਈ । ਬੱਚੇ ਦੀ ਕੋਈ ਪ੍ਰਵਾਹ ਨਹੀਂ ਕੀਤੀ , ਆਪਣੇ ਮਿਸ਼ਨ ‘ ਚ ਮੁਘਨ ਗੁਰਦੁਆਰੇ ਵਲ ਸੀਸ ਨਿਵਾ ਕੇ ਪ੍ਰਮਾਤਮਾ ਦਾ ਧੰਨਵਾਦ ਕਰਦੀ ਕਿ ਉਹ ਸ਼ਾਂਤਮਈ ਦੇ ਪ੍ਰਣ ਨੂੰ ਨਿਭਾਉਂਦੀ ਗੁਰਦੁਆਰੇ ਦੇ ਲਾਗੇ ਪੁੱਜ ਗਈ ਹੈ । ਇਸ ਤਰ੍ਹਾਂ ਆਪਣੇ ਵੀਰਾਂ ਦੇ ਮੋਢੇ ਨਾਲ ਮੋਢਾ ਜੋੜ ਸ਼ਹੀਦ ਹੋਏ ਵੀਰਾਂ ਦੇ ਲਾਗੋਂ ਦੀ ਲੰਘਦੀ ਜਾ ਰਹੀ ਹੈ , ਕਪੜੇ ਲਹੂ ਲੁਹਾਨ ਹੋਏ , ਮਾਨੋ ਲਹੂ ਦੀ ਹੋਲੀ ਖੇਡਦੀ ਰਹੀ ਹੈ । ਏਨੇ ਚਿਰ ਨੂੰ ਇਕ ਗੋਲੀ ਛਾਤੀ ਚ ਲੰਘ ਗਈ ਹੈ । ਹੁਣ ਕੁਰਬਾਨੀ ਦੀ ਦੇਵੀ ਆਪਣੇ ਪ੍ਰਣ ਨੂੰ ਨਿਭਾਉਂਦੀ ਧਰਤੀ ‘ ਤੇ ਡਿੱਗ ਪਈ ਹੈ । ਜਲਦੀ ਹੀ ਇਸ ਦੀ ਰੂਹ ਆਪਣੇ ਲਾਡਲੇ ਦੀ ਰੂਹ ਨਾਲ ਜਾ ਰਲੀ ਹੈ । ਇਸ ਤਰ੍ਹਾਂ ਸੈਂਕੜੇ ਕੁਰਬਾਨੀਆਂ ਦੇਣ ਉਪਰੰਤ 21 ਮਹੀਨੇ ਬਾਅਦ ਗੋਰੀ ਸਰਕਾਰ ਨੂੰ ਸਿੱਖਾਂ ਦੇ ਸ਼ਾਂਤਮਈ ਰੋਸ ਅਗੇ ਝੁਕਣਾ ਪਿਆ । ਏਥੇ ਏਨੀਆਂ ਕੁਰਬਾਨੀਆਂ ਬਾਅਦ 101 ਅਖੰਡ ਪਾਠਾਂ ਦੀ ਲੜੀ ਚਲਾ ਕੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ । ਬੀਬੀ ਬਲਬੀਰ ਕੌਰ ਇਹ ਬਹਾਦਰ ਕਾਰਨਾਮਾ ਕਰ ਕੇ ਅਮਰ ਹੋ ਗਈ ਤੇ ਹੋਰਨਾਂ ਬੀਬੀਆਂ ਲਈ ਪ੍ਰੇਰਨਾ ਸਰੋਤ ਬਣ ਗਈ । ਲੇਖਕ ਵੀ ਇਸ ਬੀਬੀ ਦੀ ਰੂਹ ਅਗੇ ਪ੍ਰਣਾਮ ਕਰਦਾ ਹੈ । ਰੱਬ ਅਗੇ ਦੁਆ ਕਰਦਾ ਹੈ ਕਿ ਇਹੋ ਜਿਹੀਆਂ ਬੀਬੀਆਂ ਸਿੱਖ ਕੌਮ ਵਿਚ ਹੋਰ ਪੈਦਾ ਕਰੇ ।
ਜੋਰਾਵਰ ਸਿੰਘ ਤਰਸਿੱਕਾ ।
ੴ ਥਿਰੁ ਘਰਿ ਬੈਸਹੁ ਹਰਿ ਜਨ ਪਿਆਰੇ || ੴ
ੴ ਸਤਿਗੁਰਿ ਤੁਮਰੇ ਕਾਜ ਸਵਾਰੇ || ੴ