ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਗੁਰਗੱਦੀ ਗੁਰਪੁਰਬ ਤੇ ਵਿਸ਼ੇਸ
ਤਿਆਗ ਤੇ ਦਇਆ ਦੀ ਮੂਰਤ ਹਿੰਦ ਦੀ ਚਾਦਰ, ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜਨਮ 1 ਅਪ੍ਰੈਲ 1621 ਨੂੰ ਅੰਮ੍ਰਿਤਸਰ ਵਿਖੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗ੍ਰਹਿ ਵਿਖੇ ਮਾਤਾ ਨਾਨਕੀ ਜੀ ਦੇ ਉਦਰ ਤੋਂ ਹੋਇਆ। ਗੁਰੂ ਤੇਗ ਬਹਾਦਰ ਜੀ, ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਭ ਤੋਂ ਛੋਟੇ ਸਾਹਿਬਜ਼ਾਦੇ ਸਨ। ਗੁਰੂ ਹਰਿਗੋਬਿੰਦ ਸਾਹਿਬ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਗੁਰਗੱਦੀ ਮਿਲਣ ਤਕ ਆਪ ਲਗਪਗ 20 ਸਾਲ ਪ੍ਰਭੂ ਭਗਤੀ ‘ਚ ਲੀਨ ਰਹੇ। ਗੁਰ ਇਤਿਹਾਸ ‘ਚ ਪਹਿਲੀ ਵਾਰ ਅਜਿਹਾ ਹੋਇਆ ਕਿ ਦਿੱਲੀ ਤੋਂ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਬਾਬਾ ਬਕਾਲਾ ਵਿਖੇ ਭਗਤੀ ‘ਚ ਲੀਨ ਤੇਗ ਬਹਾਦਰ ਜੀ ਨੂੰ ਗੁਰਿਆਈ ਸੌਂਪੀ। ਇਸਤੋਂ ਪਹਿਲਾਂ ਹਰ ਗੁਰੂ ਸਾਹਿਬ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਆਪਣੇ ਹੱਥੀਂ ਆਪਣੇ ਉਤਰਾਧਿਕਾਰੀ ਨੂੰ ਗੁਰਿਆਈ ਦੀ ਜਿੰਮਵਾਰੀ ਸੌਂਪੀ ਪਰ ਅੱਠਵੇਂ ਪਾਤਸ਼ਾਹ ਨੂੰ ਦਿੱਲੀ ‘ਚ ਚੇਚਕ ਦੇ ਰੋਗੀਆਂ ਦੀ ਸੇਵਾ ਕਰਦੇ-ਕਰਦੇ ਖੁਦ ਨੂੰ ਚੇਚਕ ਹੋ ਗਈ ਤਾਂ 1664 ਵਿਚ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰੂ ਤੇਗ ਬਹਾਦਰ ਜੀ ਵੱਲ ਗੁਰਿਆਈ ਦਾ ਇਸ਼ਾਰਾ ਕਰਦਿਆਂ ਕਿਹਾ — ‘ਬਾਬਾ ਬਕਾਲਾ ‘
ਗੁਰੂ ਸਾਹਿਬ ਦੇ ਇਹ ਬਚਨ ਸੁਣਨ ਤੋਂ ਬਾਅਦ ਬਹੁਤ ਸਾਰੇ ਪਖੰਡੀਆਂ ਨੇ, ਜਿਨ੍ਹਾਂ ਵਿਚ ਬਾਬਾ ਗੁਰਦਿਤਾ ਜੀ ਦਾ ਪੁਤਰ ਧੀਰ ਮੱਲ ਮੁੱਖ ਸੀ, ਉਹਨਾਂ ਨੇ ਬਕਾਲੇ ਵਿਚ ਡੇਰੇ ਲਗਾ ਲਏ। ਗੁਰਗੱਦੀ ਦੇ ਕਰੀਬ 22 ਦਾਅਵੇਦਾਰ ਜੋ ਆਪਣੇ-ਆਪ ਨੂੰ ਗੁਰੂ ਅਖਵਾਉਂਦੇ ਰਹੇ, ਬਕਾਲੇ ਵਿਖੇ ਮੰਜੀਆਂ ਲਗਾ ਕੇ ਬੈਠ ਗਏ ਤੇ ਸੰਗਤਾਂ ਨੂੰ ਗੁੰਮਰਾਹ ਕਰ ਕੇ ਭੇਟਾ ਉਗਰਾਹੁਣ ਲਗੇ। ਇਹ ਸਭ ਵੇਖ ਤੇ ਸਮਝ ਕੇ ਵੀ ਗੁਰੂ ਤੇਗ ਬਹਾਦਰ ਜੀ ਚੁੱਪ ਰਹੇ ਅਤੇ ਸ਼ਾਂਤ ਤੇ ਅਡੋਲ ਚਿੱਤ ਹੋ ਕੇ ਇਕਾਂਤ ਵਿਚ ਬੈਠ ਭਜਨ-ਬੰਦਗੀ ਕਰਦੇ ਰਹੇ।
ਸੰਗਤਾਂ ਅਖੋਤੀ ਗੁਰੂਆਂ ਕੋਲ ਆਓਂਦੀਆ ਪਰ ਜਿਸ ਆਤਮਿਕ ਸ਼ਾਂਤੀ ਤੇ ਮਨ ਦੇ ਸੁਖ ਦੀ ਉਨਾਂ ਨੂੰ ਤਾਂਘ ਸੀ, ਉਹ ਨਹੀਂ ਸੀ ਮਿਲਦਾ। ਇਸੇ ਰਾਮ ਰੌਲੇ ਵਿਚ ਲੰਮਾ ਸਮਾਂ ਬੀਤ ਗਿਆ। ਮਾਰਚ 1665 ਵਿਚ ਇਕ ਵਪਾਰੀ ਮੱਖਣ ਸ਼ਾਹ ਲੁਬਾਣਾ, ਜੋ ਗੁਰੂ ਘਰ ਦਾ ਸ਼ਰਧਾਲੂ ਸੀ, ਆਪਣੀ ਅਰਦਾਸ ਦੀਆਂ 500 ਮੋਹਰਾਂ ਗੁਰੂ ਸਾਹਿਬ ਨੂੰ ਭੇਟ ਕਰਨ ਲਈ ਬਕਾਲੇ ਪੁੱਜਾ। ਇਥੇ ਤਾਂ ਕਈ ਗੁਰੂ ਬਣੇ ਬੈਠੇ ਸਨ। ਅਰਦਾਸ ਦੀ ਭੇਟਾ ਉਹ ਕਿਸ ਨੂੰ ਦੇਵੇ? ਇਹ ਸਮਝ ਨਹੀਂ ਆਈ। ਮੱਖਣ ਸ਼ਾਹ ਨੇ ਮਨ ਹੀ ਮਨ ਸੱਚੇ ਗੁਰੂ ਅੱਗੇ ਅਰਦਾਸ ਕੀਤੀ ਕਿ ਤੁਸੀਂ ਆਪਣੀ ਭੇਟਾ ਆਪ ਹੀ ਮੰਗ ਲੈਣਾ। ਇਹ ਅਰਦਾਸ ਕਰਕੇ ਉਹ ਹਰ ਮੰਜੀ ਤੇ ਬੈਠੇ ਆਪੋ ਬਣੇ ਗੁਰੂਆਂ ਅੱਗੇ 2-2 ਮੋਹਰਾਂ ਰੱਖ ਕੇ ਮੱਥਾ ਟੇਕਦਾ ਗਿਆ, ਸੋਚਿਆ- ਜੋ ਅਸਲੀ ਗੁਰੂ ਹੋਵੇਗਾ ਆਪ ਆਪਣੀ ਅਮਾਨਤ ਮੰਗ ਲਵੇਗਾ। 2-2 ਮੋਹਰਾਂ ਲੈ ਕੇ ਸਭ ਖੁਸ਼ ਹੋ ਜਾਂਦੇ ਤੇ ਆਸ਼ੀਰਵਾਦ ਦਿੰਦੇ ਪਰ ਅਸਲੀ ਭੇਟਾ ਕਿਸੇ ਨੇ ਵੀ ਨਹੀਂ ਮੰਗੀ। ਪਰੇਸ਼ਾਨ ਹੋਏ ਮੱਖਣ ਸ਼ਾਹ ਨੂੰ ਕਿਸੇ ਨੇ ਗੁਰੂ ਤੇਗ ਬਹਾਦਰ ਬਾਰੇ ਦੱਸਿਆ ਕਿ ਇਕ ਹੋਰ ਸੰਤ ਵੀ ਹੈ ਜੋ ਜ਼ਿਆਦਾਤਰ ਭੋਰੇ ਵਿਚ ਬੈਠ ਉਸ ਅਕਾਲ ਪੁਰਖ ਦੀ ਭਗਤੀ ‘ਚ ਰਹਿੰਦਾ ਹੈ। ਮੱਖਣ ਸ਼ਾਹ ਗੁਰੂ ਸਾਹਿਬ ਕੋਲ ਪਹੁੰਚ ਗਿਆ ਤੇ ਇਥੇ ਵੀ 2 ਮੋਹਰਾਂ ਰੱਖ ਕੇ ਮੱਥਾ ਟੇਕਿਆ। ਗੁਰੂ ਤੇਗ ਬਹਾਦਰ ਜੀ ਨੇ ਅੱਖਾਂ ਖੋਲ੍ਹੀਆਂ ਤੇ ਬੋਲੇ ‘ਭਾਈ ਸਿੱਖਾ ! ਗੁਰੂ ਦੀ ਅਮਾਨਤ
ਦਿੱਤੀ ਹੀ ਭਲੀ ਹੁੰਦੀ ਹੈ, 500 ਵਿਚੋਂ ਕੇਵਲ ਦੋ ਮੋਹਰਾਂ ?
ਗੁਰੂ ਸਾਹਿਬ ਦੇ ਇਹ ਬਚਨ ਸੁਣ ਕੇ ਮੱਖਣ ਸ਼ਾਹ ਖੁਸ਼ੀ ਨਾਲ ਗਦਗਦ ਹੋ ਉਠਿਆ। ਕੋਠੇ ਚੜ੍ਹ ਕੇ ਪੱਲਾ ਫੇਰਿਆ ਤੇ ਉੱਚੀ-ਉੱਚੀ ਹੋਕਾ ਦੇਣ ਲੱਗਾ- ‘ਗੁਰੂ ਲਾਧੋ ਰੇ, ਗੁਰੂ ਲਾਧੋ ਰੇ’ ਸੰਗਤਾਂ ਵੀ ਚਾਅ ਤੇ ਖੇੜੇ ਵਿਚ ਦਰਸ਼ਨਾਂ ਲਈ ਨੱਸ ਤੁਰੀਆਂ, ਭੇਟਾ ਦੇ ਢੇਰ ਲਗ ਗਏ। ਬਾਬਾ ਬੁੱਢਾ ਜੀ ਦੇ ਪੋਤਰੇ ਤੋਂ ਗੁਰਗੱਦੀ ਦੀ ਰਸਮ ਅਦਾ ਕਰਵਾਈ ਗਈ। ਇਸ ਤਰ੍ਹਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਗੁਰਗੱਦੀ ’ਤੇ ਬਿਰਾਜਮਾਨ ਹੋਏ ਅਤੇ ਉਨ੍ਹਾਂ ਨੇ ਸਿੱਖੀ ਦੇ ਪ੍ਰਚਾਰ-ਪ੍ਰਸਾਰ ਲਈ ਪ੍ਰਚਾਰਕ ਦੌਰੇ ਆਰੰਭ ਕੀਤੇ। ਗੁਰੂ ਤੇਗ ਬਹਾਦਰ ਜੀ ਦੀ ਸਿੱਖਿਆ ਸਦਕਾ ਅਨੇਕਾਂ ਲੋਕਾਂ ਨੇ ਸਿੱਖੀ ਧਾਰਨ ਕੀਤੀ। ਇਸੇ ਦੌਰਾਨ ਗੁਰੂ ਤੇਗ ਬਹਾਦਰ ਜੀ ਨੇ ਕਸ਼ਮੀਰੀ ਪੰਡਤਾਂ ਦੀ ਬੇਨਤੀ ‘ਤੇ ਦਿੱਲੀ ਦੇ ਚਾਂਦਨੀ ਚੌਂਕ ਚ ਆਪਣੀ ਮਹਾਨ ਸ਼ਹਾਦਤ ਦੇ ਕੇ ਹਿੰਦੂ ਧਰਮ ਦੀ ਡੁਬਦੀ ਬੇੜੀ ਨੂੰ ਬਚਾਇਆ।