ਅਨੰਦਪੁਰ ਤੋ ਸਰਸਾ ਤੱਕ (ਭਾਗ-2)
ਅਨੰਦਪੁਰ ਤੋ ਸਰਸਾ ਤੱਕ (ਭਾਗ-2)
ਮਈ ਤੋ ਦਸੰਬਰ ਤੱਕ ਅਨੰਦਪੁਰ ਘੇਰੇ ਨੂੰ ਕਰੀਬ 7 ਮਹੀਨੇ ਹੋ ਗਏ ਸੀ , ਭੁੱਖ ਕਰਕੇ ਸਰੀਰਾਂ ਨਾਲੋਂ ਮਾਸ ਵੀ ਝੜਣ ਲੱਗ ਪਿਆ ਸੀ ਐਸੀ ਹਾਲਤ ਚ ਭੁੱਖ ਦੇ ਦੁੱਖ ਕਰਕੇ ਕੁਝ ਸਿੰਘਾਂ ਨੇ ਨਿਕਲ ਜਾਣ ਨੂੰ ਕਿਹਾ ਤਾਂ ਮਹਾਰਾਜ ਨੇ ਸਮਝਾਇਆ ,ਪਰ ਵਾਰ ਵਾਰ ਕਹਿਣ ਤੇ ਦਸਮੇਸ਼ ਜੀ ਨੇ ਕਿਹਾ ਜੇ ਤੁਸੀਂ ਜਾਣਾ ਹੈ ਤੇ ਬੇਦਾਵਾ ਲਿਖਕੇ ਜਾਊ ਕਿ “ਤੂੰ ਸਾਡਾ ਗੁਰੂ ਨਹੀਂ ਅਸੀਂ ਤੇਰੇ ਸਿੱਖ ਨਹੀ” .
ਕੰਭਦੇ ਹੱਥਾਂ ਨਾਲ ਕੁਝ ਨੇ ਬੇਦਾਵਾ ਲਿਖ ਦਿੱਤਾ ਮਾਝੇ ਦੇ ਸਿੰਘਾਂ ਦਾ ਇਤਿਹਾਸ ਚ ਖ਼ਾਸ ਜ਼ਿਕਰ ਹੈ ( ਫਿਰ ਪੜਾਇਆ ਵੀ ਮੁਕਤਸਰ ਸਾਹਿਬ ਟੁੱਟੀ ਹੋਈ ਗੰਢੀ )
ਕੁਝ ਦਿਨ ਹੋਰ ਲੰਘੇ ਉਧਰ ਦੱਖਣ ਚ ਬੈਠੇ ਬਾਦਸ਼ਾਹ ਔਰੰਗਜ਼ੇਬ ਨੂੰ ਸਾਰੀ ਖ਼ਬਰ ਪਹੁੰਚ ਰਹੀ ਸੀ। ਹੋਰ ਹੱਲ ਨ ਵੇਖ ਅਖੀਰ ਔਰੰਗਜ਼ੇਬ ਨੇ ਆਪਣੇ ਦਸਖਤ ਕੀਤਾ ਪਵਿੱਤਰ ਕੁਰਾਨ ਤੇ ਲਿਖਤੀ ਚਿੱਠੀ ਨਾਲ ਜ਼ੁਬਾਨੀ ਸੁਨੇਹਾ ਇੱਕ ਖਾਸ ਕਾਜੀ ਦੇ ਹੱਥ ਭੇਜਿਆ।
“ਜੇ ਤੁਸੀਂ ਅਨੰਦਪੁਰ ਛੱਡ ਦਿਓ ਤਾਂ ਤੁਹਾਡਾ ਕੋਈ ਨੁਕਸਾਨ ਨਹੀਂ ਹੋਊ ਮੈ ਕਸਮ ਖਾਂਦਾ ”
ਬਾਦ ਚ ਇਸ ਕੁਰਾਨ ਦਾ ਜਿਕਰ ਕਰਦਿਆਂ ਪਾਤਸ਼ਾਹ ਨੇ ਜਫਰਨਾਮੇ ਚ ਕਿਹਾ ਜੇ ਤੂੰ ਕਹੇ ਤਾਂ ਮੈ ਤੈਨੂੰ ਤੇਰਾ ਭੇਜਿਆ ਕੁਰਾਨ ਤੇ ਸੁਨੇਹਾ ਵੀ ਭੇਜ ਸਕਦਾ ਜਿਸ ਦੀ ਤੂੰ ਕਸਮ ਖਾਦੀ ਸੀ। ਉਹ ਪਾਤਸ਼ਾਹ ਨੇ ਸੰਭਾਲ ਲਿਆ ਸੀ ਔਰੰਗਜ਼ੇਬ ਦੇ ਸੁਨੇਹੇ ਤੇ ਨਵਾਬਾਂ ਦੇ ਤਰਲੇ ਸਿੰਘਾਂ ਦੀਆਂ ਵਾਰ ਵਾਰ ਬੇਨਤੀਆਂ ਮਾਤਾ ਗੁਜਰੀ ਜੀ ਵਲੋ ਬੇਨਤੀ ਆਦਿ ਸਭ ਵੇਖ ਸੁਣ ਅੰਤਰਜਾਮੀ ਗੁਰਦੇਵ ਅਕਾਲ ਦੇ ਭਾਣੇ ਚ ਕਿਲਾ ਛੱਡਣ ਨੂੰ ਮੰਨ ਗਏ।
ਲੋੜੀਦਾ ਸਮਾਨ ਚੁਕ ਲਿਆ ਜੋ ਨਾਲ ਜਾ ਸਕਦਾ ਸੀ। ਬਾਕੀ ਵਾਧੂ ਨੂੰ ਅੱਗ ਲਾ ਦਿੱਤੀ , ਚਾਰੇ ਵੱਡੀਆਂ ਤੋਪਾਂ ਜੋ ਬੜੀ ਮਿਹਨਤ ਨਾਲ ਤਿਆਰ ਕੀਤੀਆ ਸੀ ਬਿਜਘੋਰ , ਬਾਘਣ ਨਿਹੰਗਨ ਤੇ ਸ਼ਤਰੂਜੀਤ ਚਾਰੇ ਹੀ ਪਾਣੀ ਚ ਡੁਬੋ ਦਿੱਤੀਆ ਤਾਂ ਕਿ ਕੋਈ ਵੀ ਚੀਜ਼ ਵੈਰੀਆਂ ਦੇ ਹੱਥ ਨ ਆਵੇ। ਏਦਰ ਤਿਆਰੀ ਹੋਣ ਡਈ ਤੇ ਕਿਲ੍ਹਾ ਛੱਡਣ ਤੋਂ ਪਹਿਲਾਂ ਕਲਗੀਧਰ ਪਿਤਾ ਨੇ ਪੈਦਲ ਤੁਰਕੇ ਆਨੰਦਪੁਰ ਦੀਆਂ ਸਾਰੀਆਂ ਗਲੀਆਂ ਚ ਚੱਕਰ ਲਾਇਆ ਗੁਰੂ ਪਿਤਾ ਦੀ ਵਸਾਈ ਤੇ ਆਪ ਉਸਾਰੇ ਕਿਲ੍ਹੇ ਗਲੀਆਂ ਸਭ ਨੂੰ ਆਖਰੀ ਵਾਰ ਬੜੇ ਗਹੁ ਨਾਲ ਤੱਕਿਆ। ਸਭ ਪਾਸੇ ਚੁੱਪ ਚਾਪ ਸੀ ਸਰੀਰਕ ਰੂਪ ਚ ਸਤਿਗੁਰਾਂ ਦਾ ਇਹ ਆਖ਼ਰੀ ਫੇਰਾ ਸੀ।
ਚੱਲਦਿਆਂ ਹੋਇਆਂ ਜਦੋ ਗੁ ਸੀਸਗੰਜ ਸਾਹਿਬ ਪਹੁੰਚੇ ਜਿੱਥੇ ਨੌਵੇਂ ਪਾਤਸ਼ਾਹ ਦੇ ਸੀਸ ਦਾ ਸਸਕਾਰ ਕੀਤਾ ਸੀ ਤਾਂ ਨਮਸਕਾਰ ਕਰਕੇ ਆਨੰਦਪੁਰ ਛੱਡਣ ਦੀ ਆਪ ਖੜਕੇ ਅਰਦਾਸ ਕੀਤੀ। ਅਰਦਾਸ ਤੋਂ ਬਾਅਦ ਉੱਚੀ ਆਵਾਜ਼ ਚ ਕਿਹਾ ਕੋਈ ਸਿੱਖ ਹੈ ਜੋ ਇੱਥੇ ਰਹਿ ਕੇ ਅਸਥਾਨ ਦੀ ਸੇਵਾ ਕਰੇ। ਤੀਸਰੀ ਆਵਾਜ਼ ਦਿੱਤੀ ਤਾਂ ਭਾਈ ਗੁਰਬਖ਼ਸ਼ ਸਿੰਘ ਉਦਾਸੀ ਸਾਧੂ ਚਰਨੀ ਢਹਿ ਪਿਆ ਕਿਹਾ ਮਹਾਰਾਜ ਮੈਂ ਸੇਵਾ ਕਰਾਂਗਾ। ਪਰ ਮੈਨੂੰ ਆਪ ਤੋਂ ਬਗੈਰ ਕੋਈ ਜਾਣਦਾ ਨਹੀ ਮੇਰਾ ਗੁਜ਼ਾਰਾ ਕਿਵੇਂ ਹੋਊ…. ਨਾਲੇ ਪਹਾੜੀਏ ਮੈਨੂੰ ਤੰਗ ਕਰਨਗੇ ਜੀ ਗੁਰੂ ਪਿਤਾ ਨੇ ਸਾਧੂ ਨੂੰ ਗਲਵੱਕੜੀ ਚ ਲੈ ਸੀਨੇ ਨਾਲ ਲਾਇਆ ਕਿਹਾ , ਤੂ ਅਸਥਾਨ ਦੀ ਸੇਵਾ ਕਰੀ , ਤੇਰਾ ਗੁਜ਼ਾਰਾ ਚੱਲਦਾ ਰਹੂ ਤੇ ਕੋਈ ਦੁੱਖ ਨਹੀਂ ਦੇ ਸਕੇਗਾ। ਵਾਹਿਗੁਰੂ ਤੇਰੇ ਅੰਗ ਸੰਗ ਆ. ਇਵੇਂ ਦਿਲਾਸਾ ਦੇ ਕੇ ਸ਼ਹੀਦੀ ਅਸਥਾਨ ਨੂੰ ਨਮਸਕਾਰ ਕੀਤੀ , ਰਾਤ ਵਾਹਵਾ ਹੋ ਚੁੱਕੀ ਸੀ ਉਧਰ ਸਭ ਤਿਆਰੀ ਹੋ ਗਈ ਚਲਣ ਦਾ ਹੁਕਮ ਹੋਇਆ।
6 ਪੋਹ ਦੀ ਰਾਤ ਨੂੰ ਗੁਰੂ ਗੋਬਿੰਦ ਜੀ ਮਹਾਰਾਜ ਨੇ ਆਨੰਦਪੁਰ ਦਾ ਕਿਲਾ ਛੱਡਿਆ। ਚਲਣ ਸਮੇ ਸਭ ਤੋਂ ਗਾੜੀ ਮਹਾਰਾਜ ਆਪ ਪੰਜ ਪਿਆਰੇ ਤੇ ਕੁਝ ਹੋਰ ਸਿੰਘ ਸੀ ਵਿਚਕਾਰ ਮਾਈਆਂ ਬਜ਼ੁਰਗ ਤੇ ਬੱਚੇ ਸੀ। ਜਿਨ੍ਹਾਂ ਦੀ ਰਾਖੀ ਭਾਈ ਮਨੀ ਸਿੰਘ ਤੇ ਭਾਈ ਧਰਮ ਸਿੰਘ ਦਾ ਜਥਾ ਕਰ ਰਿਹਾ ਸੀ। ਪਿਛੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਦਾ ਜਥਾ ਸੀ ਸਭ ਤੋ ਮਗਰ ਕੁਝ ਹੋਰ ਸਿੰਘ ਸਨ ਜਿਨ੍ਹਾਂ ਦੇ ਕੋਲ ਲੋੜੀਂਦਾ ਸਾਮਾਨ ਸੀ। ਏਦਾ ਸਾਰੀ ਵਹੀਰ ਤੁਰਦਿਆ ਹੋਇਆਂ ਕੀਰਤਪੁਰ ਸਾਹਿਬ ਤੱਕ ਬਿਲਕੁਲ ਸਾਂਤੀ ਤੇ ਸਹੀ ਸਲਾਮਤ ਲੰਘ ਗਈ।
ਪਰ ਥੋੜੇ ਹੀ ਸਮੇ ਚ ਗਾਂ, ਜੰਞੂ ਤੇ ਗੀਤਾ ਦੀ ਸੌੰਹ ਖਾਣ ਵਾਲੇ ਪਹਾੜੀ ਰਾਜੇ ਅਤੇ ਖੁਦਾ,ਕੁਰਾਣ ਸ਼ਰੀਫ ਦੀ ਕਸਮ ਖਾਣ ਵਾਲੇ ਮੁਗਲ ਨਵਾਬ ਸਭ ਸੌਹਾਂ ਕਸਮਾਂ ਨੂੰ ਛਿੱਕੇ ਟੰਗ ਵਾਦੇ ਤੋੜ ਕੇ ਚੜ ਆਏ ਮਾਰ ਲਓ ,ਫੜ ਲਓ , ਬਚ ਕੇ ਨਾ ਜਾਵੇ ਕੋਈ ਦੀਆਂ ਆਵਾਜ਼ਾਂ ਹੀ ਸੁਣਾਈ ਦਿੰਦੀਆਂ ਸੀ। ਇੱਕ ਦਮ ਤੀਰਾਂ ਗੋਲੀਆ ਦੀ ਤਾੜ ਤਾੜ ਨੇ ਰਾਤ ਦੀ ਸ਼ਾਂਤੀ ਭੰਗ ਕਰ ਦਿੱਤੀ। ਉਦੋਂ ਸਭ ਨੂੰ ਚੇਤੇ ਆਇਆ ਦਸਮੇਸ਼ ਪਿਤਾ ਸਹੀ ਕਹਿੰਦੇ ਸੀ। ਪਰ ਹੁਣ ਸੋਚਣ ਸਮਝ ਤੋ ਗੱਲ ਬਾਹਰ ਹੋ ਗਈ ਸੀ। ਦੁਸ਼ਮਣ ਨੇ ਹਮਲਾ ਵੀ ਏਸੇ ਕਰਕੇ ਬਾਦ ਚ ਕੀਤਾ ਸੀ ਕਿ ਕੀਰਤਪੁਰ ਲੰਘ ਜਾਣ ਤਾਂ ਕਿ ਵਾਪਸ ਮੁੜਨ ਦਾ ਕੋਈ ਚਾਰਾ ਨਾ ਰਹੇ।
ਹੁਣ ਇਕ ਤਾਂ ਪੋਹ ਦਾ ਮਹੀਨਾ ਅੱਤ ਦੀ ਠੰਡ , ਅੱਧੀ ਰਾਤ ਦਾ ਸਮਾਂ , ਫਿਰ ਮੌਸਮ ਵੀ ਖ਼ਰਾਬ ਬੱਦਲਵਾਲੀ ਬਿਜਲੀ ਲਿਸ਼ਕੇ, ਥੋੜ੍ਹਾ ਥੋੜ੍ਹਾ ਮੀਹ ਪੈਣ ਡਿਆ ਸਰਸਾ ਹੜ ਆਇਆ ਇਧਰ ਵੈਰੀਆਂ ਦਾ ਹੜ੍ਹ ਅਚਾਨਕ ਚੜ੍ਹ ਆਇਆ ਸੀ।
ਬਦਬਖ਼ਤੋਂ ਨੇ ਜੋ ਵਅਦਾ ਕੀਯਾ ਥਾ ਬਿਸਰ ਗਏ ।
ਨਾਮਰਦ ਕੌਲ ਕਰਕੇ ਜ਼ਬਾਂ ਸੇ ਮੁਕਰ ਗਏ । ( ਜੋਗੀ ਜੀ)
ਸਤਿਗੁਰੂ ਨੇ ਉਸ ਸਮੇ ਭਾਈ ਮਨੀ ਸਿੰਘ ਦੇ ਪੁੱਤ ਮਹਾਨ ਜਰਨੈਲ ਭਾਈ ਉਦੈ ਸਿੰਘ (ਜਿਨ੍ਹਾਂ ਨੇ ਆਨੰਦਪੁਰ ਦੀ ਜੰਗ ਵੇਲੇ ਹੰਕਾਰੀ ਰਾਜੇ ਕੇਸਰੀ ਚੰਦ ਦਾ ਸਿਰ ਵੱਢਿਆ ਸੀ) ਨੂੰ 50 ਸਿੰਘਾਂ ਦਾ ਜਥਾ ਦੇ ਕੇ ਭੇਜਿਆ , ਭਾਈ ਊਦੈ ਸਿੰਘ ਦਾ ਜਥਾ ਕੰਧ ਬਣ ਵੈਰੀਆ ਅੱਗੇ ਖੜ੍ਹ ਗਿਆ ਏ , ਜਥੇ ਨੇ ਤਿੰਨ ਘੰਟੇ ਸਾਰੀ ਫੌਜ ਰੋਕ ਰੱਖੀ ਫੇਰ ਹੋਲੀ ਹੋਲੀ ਸਾਰੇ ਸ਼ਹੀਦੀਆ ਪਾ ਗਏ।
(ਬਾਬਾ ਉਦੈ ਸਿੰਘ ਜੀ ਸ਼ਹੀਦੀ ਬਾਰੇ ਵਖਰਾ ਲਿਖੂ)
ਸਤਿਗੁਰ ਕੇ ਗਿਰਦ ਸੀਨੇਂ ਕੀ ਦੀਵਾਰ ਖੇਂਚ ਲੀ ।
ਸੌ ਬਾਰ ਗਿਰ ਗਈ ਤੋ ਸੌ ਬਾਰ ਖੇਂਚ ਲੀ । (ਜੋਗੀ ਜੀ)
ਸਤਿਗੁਰੂ ਸ਼ਾਹੀ ਟਿੱਬੀ ਤੋਂ ਲੰਘਦਿਆਂ ਹੋਇਆਂ ਗਾੜੀ ਸਰਸਾ ਦੇ ਕੰਢੇ ਪਹੁੰਚੇ ਅੰਮ੍ਰਿਤ ਵੇਲਾ ਹੋ ਗਿਆ ਸੀ ਚੋਜੀ ਪ੍ਰੀਤਮ ਬਾਜਾਂ ਵਾਲੇ ਸਾਈਂ ਨੇ ਉੱਥੇ ਦੀਵਾਨ ਲਾਇਆ ਆਪ ਬੈਠ ਕੇ ਸੰਪੂਰਨ ਆਸਾ ਦੀ ਵਾਰ ਦਾ ਕੀਰਤਨ ਕੀਤਾ ਏ ਵੀ ਕਮਾਲ ਹੈ ਜੰਗ ਹੜ੍ਹ ਮੀਂਹ ਰਾਤ ਹਨ੍ਹੇਰਾ ਤੇ ਬਾਜਾਂਵਾਲਾ ਬਾਪੂ ਕੀਰਤਨ ਕਰਨ ਡਿਆ ਜੋਗੀ ਜੀ ਤੇ ਵਿਸਮਾਦ ਹੋ ਹੱਥ ਜੋੜ ਅਰਦਾਸ ਕਰਦੇ ਆ ਹੇ ਸਤਿਗੁਰੂ ਸਭ ਨੂੰ ਖੁਦਾ ਨਾਲ ਬੰਦਗੀ ਨਾਲ ਏਨਾ ਪਿਆਰ ਹੋਵੇ ਜਿੰਨਾਂ ਤੈਨੂ ਤੁਹੀ ਤੇ ਤਲਵਾਰ ਦੀ ਛਾਵੇ ਵੀ ਰੱਬ ਨੀ ਭੁਲਾਇਆ
ਬੇਮਿਸਲ-ਓ-ਬੇਨਜ਼ੀਰ ਤੂ ਸਤਿਗੁਰ ਹਮਾਰਾ ਹੈ ।
ਵਾਹਿਗੁਰੂ ਕੇ ਬਾਦ ਤਿਰਾ ਹੀ ਸਹਾਰਾ ਹੈ ।
ਹੋ ਕਾਸ਼ ਸਬ ਕੋ ਤੁਝ ਕੋ ਖ਼ੁਦਾ ਜਿਤਨਾ ਪਯਾਰਾ ਹੈ ।
ਤੇਗ਼ੋਂ ਕੇ ਸਾਯੇ ਮੇਂ ਕਹਾਂ ਦਾਤਾ ਬਿਸਾਰਾ ਹੈ ।
ਨੋਟ ਜੇੜੇ ਪ੍ਰਚਾਰਕ ਕਹਿ ਦਿੰਦੇ ਅੰਮ੍ਰਿਤ ਵੇਲੇ ਦੀ ਨਿਤਨੇਮ ਦੀ ਲੋੜ ਨੀ ਬਾਣੀ ਜਦੋ ਮਰਜੀ ਪੜਲੋ ਉ ਧਿਆਨ ਦੇਣ ਸਰਸਾ ਕੰਢੇ ਕੀਰਤਨ ਆ ਕਥਾਕਾਰਾਂ ਨੂੰ ਬੇਨਤੀ ਏਸ ਬਾਰੇ ਵਿਸਥਾਰ ਨਾਲ ਬੋਲਣ ਤੇ ਅੰਮ੍ਰਿਤ ਵੇਲੇ ਦੀ ਮਹਿਮਾਂ ਦਸਣ )
……ਚਲਦਾ…..
ਮੇਜਰ ਸਿੰਘ
ਗੁਰੂ ਕਿਰਪਾ ਕਰੇ
ਸਰਬੰਸ ਦਾਨੀ ਪਿਤਾ ਦੇ ਸਮੂਹ ਪਰਿਵਾਰ ਚਾਰੇ ਸਾਹਿਬਜ਼ਾਦੇ ਮਾਤਾ ਗੁਜਰੀ ਜੀ ਪਿਆਰੇ ਗੁਰਸਿੱਖੀ ਸਿੰਘਾਂ ਮਾਤਾਂਵਾਂ ਦੀ ਸ਼ਹਾਦਤ ਨੂੰ ਮੁਖ ਰੱਖਿਆ ਦੂਜੀ ਪੋਸਟ