ਧਨ ਗੁਰੂ ਧਨ ਗੁਰੂ ਦੇ ਪਿਆਰੇ
ਕਬੀਰ ਮੁਹਿ ਮਰਨੇ ਕਾ ਚਾਉ ਹੈ……
ਗੁਰੂ ਕੇ ਬਾਗ ਦੇ ਮੋਰਚੇ ਵਕਤ ਖਾਲਸਾ ਪੰਥ ਵਿੱਚ ਬਹੁਤ ਉਤਸ਼ਾਹ ਸੀ।ਹਜਾਰਾਂ ਦੀ ਤਦਾਦ ਵਿੱਚ ਸੰਗਤਾਂ ਦਰਬਾਰ ਸਾਹਿਬ ਪਹੁੰਚ ਰਹੀਆਂ ਸਨ । ਸਕੂਲਾਂ ਦੇ ਨਿਆਣੇ ਵੀ ਅਕਾਲੀ ਲਹਿਰ ‘ਚ ਸ਼ਾਮਲ ਹੋਣ ਵੱਡੀ ਗਿਣਤੀ ਵਿੱਚ ਆ ਰਹੇ ਸਨ।ਜੱਥੇ ਨੂੰ ਤੋਰਨ ਤੋਂ ਪਹਿਲਾਂ ਹਰ ਮੈਂਬਰ ਦੀ ਡਾਕਟਰੀ ਜਾਂਚ ਹੁੰਦੀ ਸੀ, ਜੋ ਇਸ ਵਿੱਚ ਅਨਫਿੱਟ ਪਾਇਆ ਜਾਂਦਾ ਉਸਨੂੰ ਜੱਥੇ ਵਿਚ ਨ ਭੇਜਿਆ ਜਾਂਦਾ।ਨਿਆਣਿਆਂ , ਔਰਤਾਂ ਤੇ ਬਹੁਤੀ ਸਿਆਣੀ ਉਮਰ ਵਾਲਿਆਂ ਨੂੰ ਫਟੜਾਂ ਦੀ ਤਮਾਰਦਾਰੀ ‘ਚ ਲਾਇਆ ਜਾਂਦਾ।
ਇੱਕ ਮੁੰਡੇ ਨੂੰ ਜਦ ਡਾਕਟਰਾਂ ਨੇ ਅਨਫਿੱਟ ਕਹਿ ਜੱਥੇ ਵਿਚੋਂ ਬਾਹਰ ਕਰ ਦਿੱਤਾ ਤਾਂ ਉਸਨੇ ਉਥੇ ਨੇੜੇ ਹੀ ਖੂਹ ਵਿਚ ਛਾਲ ਮਾਰ ਦਿੱਤੀ।ਗੁਰੂ ਸਾਹਿਬ ਦੀ ਮਿਹਰ ਸਦਕਾ ਉਸਨੂੰ ਕੋਈ ਸੱਟ ਫੇਟ ਨ ਲੱਗੀ।ਉਹ ਜੱਥੇ ਨਾਲ ਜਾ ਸਕਦਾ ਹੈ , ਇਹ ਬੋਲ ਸੁਣ ਕੇ ਹੀ ਉਹ ਕਾਕਾ ਖੂਹ ਵਿਚੋਂ ਰੱਸੇ ਆਸਰੇ ਬਾਹਰ ਨਿੱਕਲਿਆ।ਸੋਚ ਕੇ ਦੇਖੋ ਅੱਗੇ ਬੀ.ਟੀ ਦੀਆਂ ਡਾਂਗਾਂ ਵਰਨੀਆਂ ਸਨ ਇਸ ਜੱਥੇ ਤੇ ਕੋਈ ਜਲੇਬ ਨਹੀਂ ਮਿਲਨੇ ਸੀ।ਫਿਰ ਉਹ ਡਾਂਗਾਂ ਵੀ ਹੱਸ ਕੇ ਖਾਣੀਆਂ ਸਨ , ਕੋਈ ਅੱਗੋਂ ਹੱਥ ਨਹੀਂ ਚੁਕਣਾ ਸੀ।ਗੁਰੂ ਲਈ ਮਰ ਮਿਟਨ ਦਾ ਚਾਅ ਕੇਵਲ ਪ੍ਰੇਮ ਵਿਚੋਂ ਹੀ ਪੈਦਾ ਹੋ ਸਕਦਾ।
ਧਨ ਗੁਰੂ ਧਨ ਗੁਰੂ ਦੇ ਪਿਆਰੇ!
ਬਲਦੀਪ ਸਿੰਘ ਰਾਮੂੰਵਾਲੀਆ