ਇਤਿਹਾਸ ਗੁਰਦੁਆਰਾ ਸ਼੍ਰੀ ਪਾਉਂਟਾ ਸਾਹਿਬ ਜੀ
ਨਾਹਨ ਰਿਆਸਤ ਉਸ ਸਮੇਂ ਦੇ ਰਾਜਾ ਮੇਦਨੀ ਪ੍ਰਕਾਸ਼ ਦੇ ਰਾਜ ਦਾ ਇਲਾਕਾ , ਟੀਹਰੀ ਗੜ੍ਹਵਾਲ ਦੇ ਰਾਜਾ ਫਤਿਹ ਸ਼ਾਹ ਨੇ ਧੱਕੇ ਨਾਲ ਦੱਬ ਲਿਆ ਸੀ। ਨਾਹਨ ਦੇ ਰਾਜਾ ਮੇਦਨੀ ਪ੍ਰਕਾਸ਼ ਨੇ ਆਪਣੇ ਰਾਜ ਗੁਰੂ ਕਾਲਪੀ ਰਿਸ਼ੀ ਜੀ ਨੂੰ ਆਪਣੀ ਸਹਾਇਤਾ ਲਈ ਅਰਦਾਸ ਅਤੇ ਮਦਦ ਲਈ ਬੇਨਤੀ ਕੀਤੀ। ਰਿਸ਼ੀ ਜੀ ਨੇ ਰਾਜੇ ਨੂੰ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਗੱਦੀ ਤੇ ਦਸਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਬਿਰਾਜਮਾਨ ਹਨ। ਉਹਨਾਂ ਕੋਲ ਜਾ ਕੇ ਬੇਨਤੀ ਕਰੋ ਉਹ ਆਪ ਜੀ ਦੀ ਸਹਾਇਤਾ ਕਰਨਗੇ। ਮੈਂ ਵੀ ਉਮਰ ਦੇ ਆਖ਼ਿਰੀ ਦਿਨਾਂ ਵਿੱਚ ਉਹਨਾਂ ਦੇ ਦਰਸ਼ਨ ਕਰ ਲਵਾਂਗਾ। ਰਾਜਾ ਮੇਦਨੀ ਪ੍ਰਕਾਸ਼ ਨੇ ਰਿਸ਼ੀ ਜੀ ਦੀ ਆਗਿਆ ਮੰਨ ਕੇ ਗੁਰੂ ਜੀ ਨੂੰ ਬੇਨਤੀ ਕਰਨ ਲਈ ਸ਼੍ਰੀ ਆਨੰਦਪੁਰ ਸਾਹਿਬ ਆਪਣਾ ਵਜ਼ੀਰ ਭੇਜਿਆ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵੈਸਾਖ ਦੇ ਮਹੀਨੇ ਰਾਜਾ ਮੇਦਨੀ ਪ੍ਰਕਾਸ਼ ਦੀ ਬੇਨਤੀ ਨੂੰ ਸਵੀਕਾਰ ਕਰਦਿਆਂ ਹੋਇਆਂ ਪਰਿਵਾਰ ਸਹਿਤ 500 ਸਿੰਘਾਂ ਦਾ ਜੱਥਾ ਲੈ ਕੇ ਨਾਹਨ ਰਿਆਸਤ ਵਿੱਚ ਪਹੁੰਚੇ। ਰਾਜਾ ਮੇਦਨੀ ਪ੍ਰਕਾਸ਼ ਦੀ ਬੇਨਤੀ ਤੇ ਸੰਨ 1695 ਮੱਘਰ ਮਹੀਨੇ ਦੀ ਸੰਗਰਾਂਦ ਨੂੰ ਸ਼੍ਰੀ ਪਾਉਂਟਾ ਸਾਹਿਬ ਦੀ ਨੀਂਹ ਰੱਖੀ।
ਇੱਥੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਦਸਮ ਗ੍ਰੰਥ ਦੀ ਬਹੁਤ ਸਾਰੀ ਬਾਣੀ ਜਿਵੇਂ (ਸ਼੍ਰੀ ਜਾਪੁ ਸਾਹਿਬ , ਅਕਾਲ ਉਸਤਤ , ਚੰਡੀ ਦੀ ਵਾਰ ਅਤੇ ਬਚਿੱਤਰ ਨਾਟਕ ਦੇ ਬਹੁਤ ਸਾਰੇ ਹਿੱਸੇ ) ਦੀ ਰਚਨਾ ਕੀਤੀ। ਜਿਹੜੀਆਂ ਕਲਮਾਂ ਗੁਰੂ ਕਲਗੀਧਰ ਪਾਤਸ਼ਾਹ ਨੇ ਬਾਣੀਆਂ ਲਿਖਣ ਲਈ ਵਰਤੀਆਂ ਸਨ , ਉਹ ਕਲਮਾਂ ਅੱਜ ਵੀ ਦਰਬਾਰ ਸ਼੍ਰੀ ਪਾਉਂਟਾ ਸਾਹਿਬ ਵਿਖੇ ਮੌਜੂਦ ਹਨ। ਪੁਰਾਤਨ ਸਾਹਿਤ ਦੇ ਅਨੁਵਾਦ ਤੇ ਹੋਰ ਗਿਆਨ ਭਰੀ ਲਿਖਤ ਨੂੰ ਸੋਖੀ ਭਾਸ਼ਾ ਵਿੱਚ ਬਦਲਣ ਦਾ ਕੰਮ ਵੀ ਲਿਖਾਰੀਆਂ ਤੋਂ ਕਰਵਾਇਆ। ਸ਼੍ਰੀ ਪਾਉਂਟਾ ਸਾਹਿਬ ਤੋਂ ਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਸਿੱਖਾਂ ਨੂੰ ਬਨਾਰਸ (ਕਾਸ਼ੀ) ਸੰਸਕ੍ਰਿਤ ਦੀ ਉੱਚ ਵਿਦਿਆ ਹਾਸਲ ਕਰਨ ਲਈ ਭੇਜਿਆ , ਤਾਂ ਜੋ ਵਿਦਿਆ ਹਾਸਲ ਕਰਕੇ ਬਨਾਰਸ ਤੋਂ ਆ ਕੇ ਸਿੱਖਾਂ ਨੂੰ ਵਿਦਿਆ ਵਿੱਚ ਨਿਪੁੰਨ ਕਰਨ (ਜੋ ਹੁਣ ਨਿਰਮਲੇ ਸਿੰਘ ਹਨ ) । ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਵਿੱਖ ਵਿਚ ਹੋਣ ਵਾਲੇ ਸਾਰੇ ਕਾਰਜਾਂ ਦੀ ਵਿਉਂਤਬੰਦੀ ਵੀ ਇਸੇ ਅਸਥਾਨ ਤੇ (ਸ਼੍ਰੀ ਪਾਉਂਟਾ ਸਾਹਿਬ) ਤੇ ਕੀਤੀ, ਜਿਵੇਂ ਕਿ ਖਾਲਸਾ ਪੰਥ ਦੀ ਸਾਜਨਾ ਆਦਿ ਕਾਰਜ। ਇਸ ਪਵਿੱਤਰ ਅਸਥਾਨ ਤੇ ਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਤੇ ਮਾਤਾ ਸੁੰਦਰੀ ਜੀ ਦੇ ਗ੍ਰਹਿ ਵਿਖੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦਾ ਜਨਮ ਹੋਇਆ। ਇਸ ਲਈ ਇਸ ਪਵਿੱਤਰ ਦਰਬਾਰ ਨੂੰ ਜਨਮ ਅਸਥਾਨ ਬਾਬਾ ਅਜੀਤ ਸਿੰਘ ਜੀ ਵੀ ਕਿਹਾ ਜਾਂਦਾ ਹੈ।