ਵਿਦਿਆ ਦੀ ਦੇਵੀ ਬੀਬੀ ਹਰਨਾਮ ਕੌਰ – ਪੜ੍ਹੋ ਇਤਿਹਾਸ
ਬੀਬੀ ਹਰਨਾਮ ਕੌਰ ਇਕ ਸਹਿਜਧਾਰੀ ਪ੍ਰਵਾਰ ਵਿਚ ਜਨਮ ਲੈ ਕੇ , ਇਕ ਭਾਈ ਤਖਤ ਸਿੰਘ ਨਾਲ ਵਿਆਹ ਕਰਾ ਕੇ ਉਸ ਦੇ ਨਾਲ ਪੜਾਉਣਾ ਸ਼ੁਰੂ ਕਰ ਸਾਰੀ ਆਯੂ ਇਸਤਰੀ ਵਿਦਿਆ ਦੀ ਉਨਤੀ ਲਈ ਕੰਮ ਕਰਦੀ ਰਹੀ । ਆਪ ਨੇ ਇਸਤਰੀ ਜਾਤੀ ਨੂੰ ਉਚੀ ਪਦਵੀ ਦਿਵਾਉਣ ਲਈ ਬੜੀ ਲਗਨ , ਮਿਹਨਤ ਤੇ ਨਿਸ਼ਕਾਮ ਕੰਮ ਕਰਕੇ ਨਾਮਨਾ ਖਟਿਆ | ਆਪ ਨਿਮਰਤਾ , ਧੀਰਜ , ਸੰਤੋਖ , ਮਿੱਠ ਬੋਲੀ , ਸੇਵਾ ਭਾਵਨਾ ਵਾਲੀ , ਪਰਉਪਕਾਰੀ ਇਸਤਰੀ ਹੋਈ ਹੈ । ਉਸ ਸਮੇਂ ਕੁੜੀਆਂ ਨੂੰ ਮਾਪੇ ਘਰਦਿਆਂ ਕੰਮਾਂ ਲਈ ਹੀ ਸਿਖਿਆ ਦੇਂਦੇ ਸਨ । ਜਿਵੇਂ ਰੋਟੀ ਪਕਾਉਣਾ , ਧਾਰਾਂ ਕੱਢਣੀਆਂ , ਕਪਾਹ ਚੁਣਨੀ , ਸੂਈ ਸਿਲਾਈ ਆਦਿ ਤੋਂ ਹਟਾ ਕੇ ਆਪ ਨੇ ਚੰਗੀ ਵਿਦਿਆ , ਧਾਰਮਿਕ ਰੁਚੀ , ਸੰਗੀਤ , ਸਟੇਜਾਂ ਪਰ ਬੋਲਣਾ , ਸੂਈ ਸਿਲਾਈ ਕਢਾਈ ਦੀ ਸਿੱਖਿਆ ਵਲ ਪ੍ਰੇਰ ਕੇ ਇਸਤਰੀ ਨੂੰ ਘਰ ਦਾ ਗਹਿਣਾ ਬਣਾ ਚੰਗੀ ਭੈਣ , ਚੰਗੀ ਮਾਂ , ਹਰ ਪਾਸਿਓ ਨਿਪੁੰਨ ਬਣਾ ਦਿੱਤਾ । ਬੀਬੀ ਹਰਨਾਮ ਕੌਰ ਨੂੰ ਜੋ ਵਿਦਿਆ ਦੀ ਦੇਵੀ ਕਹਿ ਲਈਏ ਤਾਂ ਅਧਿਕਥਨੀ ਨਹੀਂ ਹੋਵੇਗਾ । ਬੀਬੀ ਜੀ ਦਾ ਜਨਮ ਇਕ ਸਹਿਜਧਾਰੀ ਪ੍ਰਵਾਰ ‘ ਚ ਭਾਈ ਭਗਵਾਨ ਦਾਸ ਤੇ ਬੀਬੀ ਰਾਮ ਦੇਈ ਦੀ ਕੁੱਖੋਂ ਫਿਰੋਜਪੁਰ ਨਗਰ ਵਿਚ ਹੋਇਆ । ਇਨ੍ਹਾਂ ਦਾ ਨਾਮ ਲਾਡ ਨਾਲ ਜੂਨੀ ਰਖਿਆ ਗਿਆ । ਆਪ ਦੇ ਮਾਪੇ ਧਾਰਮਿਕ ਵਿਚਾਰਾਂ ਦੇ ਰੱਬ ਦੇ ਭੈ ਵਾਲੇ ਸਨ । ਉਸ ਸਮੇਂ ਉਥੇ ਇਕ ਧਾਰਮਿਕ ਸੰਸਥਾ ਦਾ ਆਗੂ ਸਾਧੂ ਰਾਮ ਅਕਾਲ ਚਲਾਣਾ ਕਰ ਗਿਆ । ਭਾਈ ਭਗਵਾਨ ਦਾਸ ਨੂੰ ਧਾਰਮਿਕ ਰੁਚੀਆਂ ਦਾ ਧਾਰਨੀ ਹੋਣ ਕਰਕੇ ਸਾਰਿਆਂ ਨੇ ਸਰਬ ਸੰਮਤੀ ਨਾਲ ਇਸ ਨੂੰ ਧਾਰਮਿਕ ਸੰਸਥਾ ਦਾ ਆਗੂ ਥਾਪ ਦਿੱਤਾ , ਜਿਸ ਦੇ ਇਹ ਯੋਗ ਵੀ ਸੀ । ਜੂਨੀ ਛੋਟੀ ਉਮਰ ਵਿਚ ਹੀ ਬੜੀ ਹੋਣਹਾਰ , ਬੁੱਧੀਮਾਨ ਤੇ ਚੁਸਤ ਸੀ । ਆਪਣੇ ਮਾਤਾ – ਪਿਤਾ ਪਾਸੋਂ ਧਾਰਮਿਕ ਗੁੜ੍ਹਤੀ ਮਿਲ ਚੁੱਕੀ ਸੀ । ਛੇ ਸਾਲ ਦੀ ਉਮਰ ਵਿਚ ਮਾਪਿਆਂ ਨੇ ਗੁਰਦੁਆਰੇ ਭੇਜ ਗ੍ਰੰਥੀ ਪਾਸੋਂ ਗੁਰਮੁਖੀ ਸਿਖਣੀ ਸ਼ੁਰੂ ਕਰ ਦਿੱਤੀ । ਜਪੁ ਜੀ ਤੇ ਫਿਰ ਪੰਜ ਗ੍ਰੰਥੀ ਪੜ੍ਹਣ ਲਗੀ , ਹੌਲੀ ਹੌਲੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਵੀ ਕਰਨ ਲਗ ਪਈ । ਨਿਤਨੇਮ ਕਰਦੀ ਜਪੁ ਜੀ ਤੇ ਸੋ ਦਰੁ ਕੰਠ ਕਰ ਹੋਰ ਬਾਣੀ ਵੀ ਕੰਠ ਕਰ ਲਈ । ਜਦੋਂ ਸਿੰਘ ਸਭਾ ਲਹਿਰ ਚੱਲੀ ਤਾਂ ਇਸ ਤੋਂ ਪ੍ਰੇਰਨਾ ਲੈ ਕੇ ਇਕ ਸਿੱਖ ਤਖਤ ਸਿੰਘ ਨੇ ਫਿਰੋਜ਼ਪੁਰ ਬੱਚਿਆਂ ਨੂੰ ਗੁਰਮੁਖੀ ਪੜਾਉਣੀ ਸੁਰੂ ਕਰ ਦਿੱਤੀ ।ਹੁਣ 1892 ਵਿੱਚ ਸਿੰਘ ਸਭਾ ਫਿਰੋਜ਼ਪੁਰ ਦੀ ਸਰਪ੍ਰਸਤੀ ਹੇਠ ਇਕ ਵਿਦਿਆਲਾ ਖੋਲਿਆ ਗਿਆ ਜਿਥੇ ਤਖਤ ਸਿੰਘ ਦੇ ਸਕੂਲ ਨੂੰ ਨਾਲ ਰਲਾ ਕੇ ਉਸ ਨੂੰ ਇਕ ਕੁੜੀਆਂ ਦਾ ਵਿਦਿਆਲਾ ਚਲਾਉਣ ਦੀ ਜ਼ਿੰਮੇਵਾਰੀ ਦੇਣ ਤੋਂ ਝਿਜਕਦੀ ਸੀ ਕਿ ਇਕ ਕੰਵਾਰਾ ਨੌਜੁਆਨ ਕੁੜੀਆਂ ਨੂੰ ਇੱਕਲਾ ਪੜਾਵੇ । ਹੁਣ ਜੂਨੀ ਦੇ ਮਾਪਿਆਂ ਨੇ ਸਿੰਘ ਸਭਾ ਦੇ ਇਸ ਭੈਅ ਨੂੰ ਦੂਰ ਕਰਨ ਲਈ ਆਪਣੀ ਧੀ ਨੂੰ ਤਖਤ ਸਿੰਘ ਦੀ ਸਹਾਇਤਾ ਕਰਨ ਲਈ ਸਿੰਘ ਸਭਾ ਪਾਸ ਬੇਨਤੀ ਕੀਤੀ । ਤਖਤ ਸਿੰਘ ਨੂੰ ਵਿਦਿਆਲੇ ਦਾ ਮੈਨੇਜਰ ਥਾਪ ਕੇ ਬੀਬੀ ਜੂਨੀ ਨੂੰ ਏਥੇ ਟੀਚਰ ਨਿਯੁਕਤ ਕਰ ਦਿੱਤਾ । ਅਗਲੇ ਸਾਲ ਜੂਨੀ ਦਾ ਤਖਤ ਸਿੰਘ ਨਾਲ ਵਿਆਹ ਕਰ ਦਿੱਤਾ , 1901 ਵਿਚ ਦੋਵਾਂ ਅੰਮ੍ਰਿਤ ਛਕ ਲਿਆ । ਜੂਨੀ ਸਿੰਘਣੀ ਸੱਜ ਕੇ ਹਰਨਾਮ ਕੌਰ ਬਣ ਗਈ । ਦੋਵੇਂ ਬੜੀ ਲਗਨ ਨਾਲ ਮਿਹਨਤ ਕਰਾਉਂਦੇ , ਬੜੇ ਵਿਦਿਆਰਥੀ ਆ ਗਏ । ਉਧਰ ਸਕੂਲ ਕਮੇਟੀ ਦੀ ਦਖਲ ਅੰਦਾਜ਼ੀ ਕਰਨ ਕਰਕੇ ਇਨ੍ਹਾਂ ਵਿਦਿਆਲਾ ਛੱਡ ਕੇ ਬੱਚਿਆਂ ਨੂੰ ਘਰ ਪ੍ਰਾਈਵੇਟ ਪੜਾਉਣਾ ਸ਼ੁਰੂ ਕਰ ਦਿੱਤਾ । ਸਾਰੇ ਬੱਚੇ ਉਸ ਵਿਦਿਆਲੇ ਤੋਂ ਹੱਟ ਕੇ ਇਨ੍ਹਾਂ ਪਾਸੋਂ ਆ ਕੇ ਪੜਣ ਲਗੇ । ਘਰ ਵਿਚ ਏਨਿਆਂ ਬੱਚਿਆਂ ਦਾ ਪ੍ਰਬੰਧ ਕਰਨਾ ਕਠਿਨ ਸੀ । ਦੋਵਾਂ ਨੇ ਇਕ ਵੱਖਰਾ ਵਿਦਿਆਲਾ ਖੋਹਲਣ ਦੀ ਵਿਚਾਰ ਬਣਾਇਆ । ਪਰ ਵਿਦਿਆਲਾ ਖੋਹਲਣ ਲਈ ਬੜੀ ਮਾਇਆ ਦੀ ਲੋੜ ਸੀ । ਪਰ ਇਨ੍ਹਾਂ ਹੌਸਲਾ ਨਹੀਂ ਹਾਰਿਆ , ਬੜੇ ਦ੍ਰਿੜ੍ਹ ਵਿਸ਼ਵਾਸ਼ ਨਾਲ ਆਪਣੇ ਮਿਸ਼ਨ ਤੇ ਡਟੇ ਰਹੇ । ਗਹਿਣਾ ਗਟਾ ਤੇ ਹੋਰ ਵਾਧੂ ਘਾਟੂ ਘਰ ਦੀਆਂ ਚੀਜ਼ਾਂ ਵੇਚ ਕੇ ਕੁਝ ਸ਼ਾਕਾਂ ਸੰਬੰਧੀਆਂ ਪਾਸੋਂ ਮਾਇਆ ਸਹਾਇਤਾ ਲੈ , ਅਕਾਲ ਪੁਰਖ ਅਗੇ ਅਰਦਾਸ ਕਰ 1901 ਵਿਚ ਇਕ ਵੱਖਰਾ ਵਿਦਿਆਲਾ ਚਾਲੂ ਕਰ ਦਿੱਤਾ । ਗੁਰਮੁਖੀ ਦੇ ਨਾਲ ਨਾਲ ਅੰਗ੍ਰੇਜ਼ੀ ਦਾ ਵਿਸ਼ਾ ਵੀ ਪੜ੍ਹਾਉਣਾ ਸ਼ੁਰੂ ਕਰ ਦਿੱਤਾ । ਹੁਣ ਬੀਬੀ ਹਰਨਾਮ ਕੌਰ ਨੇ ਆਪਣੇ ਪਤੀ ਨੂੰ ਵਿਦਿਆਲੇ ਦੇ ਨਾਲ ਇਕ ਬੋਰਡਿੰਗ ਹਾਊਸ ਚਾਲੂ ਕਰਨਾ ਵੀ ਮਨਾ ਲਿਆ । ਇਨ੍ਹਾਂ ਨੇ ਕਰਜ਼ਾ ਲੈ ਕੇ ਕੁੜੀਆਂ ਦੇ ਰਹਿਣ ਲਈ 1904 ਵਿਚ ਬੋਰਡਿੰਗ ਹਾਊਸ ਖੋਹਲ ਦਿੱਤਾ । ਬੋਰਡਿੰਗ ਦੇ ਖੁਲ੍ਹਣ ਦੀ ਦੇਰ ਸੀ ਕਿ ਦੂਰੋਂ ਨੇੜਿਓਂ ਮਾਪਿਆਂ ਨੇ ਆਪਣੀਆਂ ਕੁੜੀਆਂ ਇਸ ਵਿਦਿਆਲੇ ਵਿਚ ਦਾਖਲ ਕਰਾਉਣੀਆਂ ਸ਼ੁਰੂ ਕਰ ਦਿੱਤੀਆਂ । ਇਹ ਵਿਦਿਆਲਾ ਸੇਵਾ ਭਾਵਨਾ ਨਾਲ ਚਲਦਾ ਕੋਈ ਵੀ ਫੀਸ ਆਦਿ ਨਹੀਂ ਸੀ ਲਈ ਜਾਂਦੀ , ਨਾ ਹੀ ਸਰਕਾਰ ਕੋਈ ਗਰਾਂਟ ਦੇਂਦੀ ਸੀ । ਗਰੀਬਾਂ ਦੀਆਂ ਕੁੜੀਆਂ ਨੂੰ ਤੇ ਵਿਧਵਾਵਾਂ ਨੂੰ ਬੋਰਡਿੰਗ ਵਿਚ ਮੁਫਤ ਖਾਣਾ ਮਿਲਦਾ । ਦੋਵੇਂ ਜੀਅ ਅਮੀਰ ਸਿੱਖਾਂ ਪਾਸ ਜਾ ਕੇ ਦਾਨ ਪਾਤਰ ਲਿਆ ਕੇ ਸਾਰਾ ਮਾਇਆ ਦਾ ਪ੍ਰਬੰਧ ਕਰਦੇ । ਦੋਵੇਂ ਜੀਅ ਆਪ ਵੀ ਬੋਰਡਿੰਗ ਵਿਚ ਰਹਿੰਦੇ , ਕੁੜੀਆਂ ਆਪ ਹੀ ਰਸੋਈ ਆਦਿ ਦਾ ਕੰਮ ਕਰਦੀਆਂ ( ਜਿਸ ਤਰ੍ਹਾਂ ਕਿ ਅੱਜ ਕਲ ਤੁਗਲਵਾਲ ( ਗੁਰਦਾਸਪੁਰ ) ਵਿਚ ਸੰਤ ਬਾਬਾ ਆਇਆ ਸਿੰਘ ਕਾਲਜ ਵਿਚ ਕਰਦੀਆਂ ਹਨ ) ਬੋਰਡਿੰਗ ਦੀ ਦੇਖ – ਭਾਲ ਤੇ ਪ੍ਰਬੰਧ ਬੀਬੀ ਖੁਦ ਕਰਦੀ । ਸਾਰੀਆਂ ਬੱਚੀਆਂ ਬੀਬੀ ਹਰਨਾਮ ਕੌਰ ਨੂੰ ਮਾਂ ਜੀ ਕਹਿੰਦੀਆਂ । ਉਹ ਵੀ ਸਾਰੀਆਂ ਕੁੜੀਆਂ ਨੂੰ ਮਾਵਾਂ ਵਾਲਾ ਪਿਆਰ ਤੇ ਸਿੱਖਿਆ ਦੇਂਦੀ । ਇਹ ਵੀ ਸੁਣਿਆ ਹੈ ਕਿ ਬੀਬੀ ਹਰਨਾਮ ਕੌਰ ਕਈ ਵਾਰੀ ਛੋਟੀਆਂ ਬੱਚੀਆਂ ਨੂੰ ਕੰਜਕਾਂ ਸਮਝ , ਉਨ੍ਹਾਂ ਦੇ ਪੈਰ ਧੋ ਫਿਰ ਪਰਨੇ ਨਾਲ ਪੈਰ ਸਾਫ ਕਰਦੀ ਚੰਗਾ ਚੋਖਾ ਖਿਲਾਉਂਦੀ । ਛੋਟੀਆਂ ਬੱਚੀਆਂ ਦੇ ਕੇਸੀ ਇਸ਼ਨਾਨ ਵੀ ਕਰਾਉਂਦੀ , ਉਨ੍ਹਾਂ ਦੇ ਕਪੜੇ ਆਦਿ ਧੋਣ ਦੀ ਸੇਵਾ ਵੀ ਖੁਦ ਕਰਦੀ । ਅਜਿਹੇ ਪਿਆਰ ਭਰੇ ਵਾਤਾਵਰਨ ‘ ਚ ਬੱਚੀਆਂ ਛੁੱਟੀਆਂ ‘ ਚ ਘਰ ਜਾਣ ਨਾਲੋਂ ਇਥੇ ਰਹਿਣ ਨੂੰ ਲੋਚਦੀਆਂ । ਬੀਬੀ ਹਰਨਾਮ ਕੌਰ ਕਿਹਾ ਕਰਦੀ ਸੀ ਕਿ “ ਇਹ ਵਿਦਿਆਲਾ ਖੋਲ੍ਹਣ ਦਾ ਉਦੇਸ਼ ਸੀ ਕਿ ਬੱਚੀਆਂ ਪੜ੍ਹ ਲਿਖ ਕੇ ਹਰ ਕੰਮ ਵਿਚ ਨਿਪੁੰਨ ਹੋ ਕੇ ਆਪਣੇ ਸਹੁਰੇ ਘਰ ਜਾ ਉਸ ਨੂੰ ਸਵਰਗ ਬਣਾਉਣ , ਕਿਸੇ ਗਲੋਂ ਪਿਛੇ ਨਾ ਰਹਿਣ । ਸਹੁਰੇ ਘਰ ਜਾ ਕੇ ਆਪਣੇ ਪਤੀ ਤੇ ਬੱਚਿਆਂ ਨੂੰ ਧਾਰਮਿਕ ਰੁਚੀਆਂ ਵਲ ਪ੍ਰੇਰ ਕੇ ਧਰਮੀ ਬਣਾਉਣ । ਬਚਿਆਂ ਦੀ ਚੰਗੀ ਸੇਵਾ ਸੰਭਾਲ ਕਰਨ ਦੇ ਯੋਗ ਹੋਣ । ਆਦਰਸ਼ਕ ਪਤਨੀ , ਆਦਰਸ਼ਕ ਮਾਤਾ ਤੇ ਆਦਰਸ਼ਕ ਇਸਤਰੀ ਬਣ , ਸਾਦਾਪਨ ਤੇ ਪਿਆਰ ਦੀ ਮੂਰਤ ਬਣ ਸਮਾਜ ਵਿਚ ਵਿਚਰਨ ਲਈ ਸਾਰੇ ਨੈਤਿਕ ਗੁਣਾਂ ਦੀ ਧਾਰਨੀ ਹੋਵੇ । ਇਸ ਦੇ ਉਚੇ ਤੇ ਸੁੱਚੇ ਜੀਵਨ ਵਲ ਵੇਖ ਕੇ ਹੋਰ ਇਸਤਰੀਆਂ ਵੀ ਆਪਣੇ ਵਿਚ ਅਜਿਹੇ ਗੁਣ ਉਤਪੰਨ ਕਰਨ ਲਈ ਤਤਪਰ ਹੋਣ । ਵਿਦਿਆਲੇ ਵਿਚ ਸਿੱਖ ਧਰਮ , ਸੰਗੀਤ ਤੇ ਕੀਰਤਨ ਹਰ ਇਕ ਲਈ ਜ਼ਰੂਰੀ ਕਰ ਦਿੱਤਾ ਗਿਆ । ਸੁਭਾ ਪ੍ਰਾਰਥਨਾ ਗੁਰਦੁਆਰੇ ਜਾ ਕੇ ਕੀਤਰਨ ਦੁਆਰਾ ਅਰੰਭ ਹੋਈ ਅਰਦਾਸ ਕਰ ਪੜ੍ਹਾਈ ਸ਼ੁਰੂ ਹੁੰਦੀ । ਸੂਈ ਸਿਲਾਈ ਤੇ ਕਢਾਈ ਦਾ ਵਿਸ਼ਾ ਵੀ ਹਰ ਇਕ ਲੜਕੀ ਲਈ ਜ਼ਰੂਰੀ ਕਰ ਦਿੱਤਾ ਗਿਆ । 1909 ਵਿਚ ਸਾਰੇ ਭਾਰਤ ‘ ਚੋਂ ਸਿਲਾਈ ਤੇ ਕਢਾਈ ਦੀ ਇਕ ਪ੍ਰਦਰਸ਼ਨੀ ਲਾਹੌਰ ਸ਼ਹਿਰ ਵਿਚ ਆਯੋਜਿਤ ਕੀਤੀ ਗਈ । ਇਹ ਵਿਦਿਆਲਾ ਇਸ ਪ੍ਰਦਰਸ਼ਨੀ ‘ ਚ ਸਾਰੇ ਭਾਰਤ ਚੋਂ ਪ੍ਰਥਮ ਰਿਹਾ । ਇਸ ਜੋੜੇ ਦੇ ਯਤਨਾਂ , ਲਗਨ , ਤੇ ਸਖਤ ਮਿਹਨਤ ਦੁਆਰਾ ਵਿਦਿਆਲੇ ਨੇ ਦਿਨ ਦੁਗਣੀ ਤੇ ਰਾਤ ਚੌਗਣੀ ਉਨਤੀ ਕੀਤੀ । ਚੰਗੇ ਢੰਗ ਨਾਲ ਤਿਆਰ ਕੀਤੀਆਂ ਬੱਚੀਆਂ ਨੇ ਅਣਵੰਡੇ ਪੰਜਾਬ ‘ ਚੋਂ ਸੰਗੀਤ , ਕਵਿਤਾ ਤੇ ਭਾਸ਼ਨ ਦੇ ਮੁਕਾਬਲੇ ਚੋਂ ਬੜੀਆਂ ਟਰਾਫੀਆਂ ਪ੍ਰਾਪਤ ਕੀਤੀਆਂ । ਸਾਰੇ ਪੰਜਾਬ ‘ ਚ ਸਿੱਖ ਕੰਨਿਆ ਮਹਾਂ ਵਿਦਿਆਲਾ ਦੀਆਂ ਧੁੰਮਾਂ ਪੈ ਗਈਆਂ । ਵਿਦਿਆਲੇ ਦੀ ਪ੍ਰਸਿੱਧਤਾ ਸੁਣ ਕੇ 1915 ਵਿਚ ਗਵਰਨਰ ਪੰਜਾਬ ਨੇ ਇਸ ਸਕੂਲ ਦਾ ਨਿਰੀਖਸ਼ਨ ਕੀਤਾ ਤਾਂ ਸਕੂਲ ਦੀ ਲਾਗ ਬੁਗ ਵਿਚ ਸਕੂਲ ਦੀ ਪ੍ਰਸੰਸਾ ਇਨ੍ਹਾਂ ਅੱਖਰਾਂ ‘ ਚ ਲਿਖੀ , “ ਮੈਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਈ ਹੈ ਕਿ ਇਸ ਸਕੂਲ ਵਿਚ ਇਸਤਰੀ ਅਧਿਆਪਕ ਵੀ ਤਿਆਰ ਕੀਤੇ ਜਾਂਦੇ ਹਨ ਟੀਚਰਾਂ ਦੀ ਸਿੱਖਿਆ ਦਾ ਵਿਭਾਗ ਖੋਲਿਆ ਹੋਇਆ ਹੈ । ਉਸ ਸਮੇਂ ਦਾ ਉਘਾ ਸਿੱਖ ਆਗੂ ਸ : ਸਰਦੂਲ ਸਿੰਘ ਕਵੀਸ਼ਰ ਇਸ ਵਿਦਿਆਲਾ ਚ ਪਧਾਰਿਆ । ਤੇ ਕਹਿੰਦਾ ਮੈਨੂੰ ਸਮਝ ਨਹੀਂ ਆ ਰਹੀ ਕਿ ਮੈਂ ਕਿਸ ਦੇ ਹੱਕ ਵਿਚ ਲਿਖਾਂ – ਕੰਮ ਕਰਨ ਵਾਲਿਆਂ ਜਾਂ ਇਨ੍ਹਾਂ ਦੇ ਕੀਤੇ ਕੰਮਾਂ ਬਾਰੇ । ਸਕੂਲ ‘ ਚ ਬਚਿਆਂ ਦੀ ਗਿਣਤੀ 312 ਹੈ ਜਿਨ੍ਹਾਂ ਵਿਚ 210 ਵਿਦਿਆਰਥਣਾਂ ਬੋਰਡਿੰਗ ‘ ਚ ਰਹਿ ਰਹੀਆਂ ਸਨ । ਦਸਵੀਂ ਦੀ ਪੜਾਈ ਤੋਂ ਇਲਾਵਾ ਵਿਸ਼ਵ ਵਿਦਿਆਲੇ ਦੀਆਂ ਕਲਾਸਾਂ ਵੀ ਚਲ ਰਹੀਆਂ ਸਨ । ਦੋਹਾਂ ਵਿਭਾਗਾਂ ਵਿਚ 45 ਯੋਗ ਟੀਚਰ ਕੰਮ ਕਰਦੇ ਸਨ । ਸਕੂਲ ਦੀ ਸਾਰੀ ਜਾਇਦਾਦ 2 ਲੱਖ ਤੋਂ ਉਪਰ ਸੀ । ਸਕੂਲ ‘ ਚ “ ਪੰਜਾਬੀ ਭੈਣ ‘ ਨਾਮਕ ਮਾਸਕ ਪੱਤਰ ਕੱਢਿਆ ਜਾਂਦਾ ਸੀ । ਭਾਈ ਦਿੱਤ ਸਿੰਘ ( ਜਿਸ ਨੇ ਦਯਾਨੰਦ ਨੂੰ ਧਾਰਮਿਕ ਬਹਿਸ ਵਿਚ ਲਾਜਵਾਬ ਕਰ ਦਿੱਤਾ ਸੀ ) ਦੇ ਨਾਮ ਦੀ ਇਕ ਪੁਸਤਿਕਾਲਾ ਖੋਲ੍ਹੀ ਹੋਈ ਸੀ । ਏਥੇ ਹੀ ਇਸਤਰੀ ਸੁਧਾਰ ਸਭਾ ਦਾ ਹਰ ਬੁਧਵਾਰ ਇਕ ਸਤਿਸੰਗ ਕਰਕੇ ਬੀਬੀਆਂ ਨੂੰ ਘਰੇਲੂ ਤੇ ਧਾਰਮਿਕ ਸਿਖਿਆ ਦਿੱਤੀ ਜਾਂਦੀ । ’ ’ ਗੱਲ ਕੀ ਬੀਬੀ ਹਰਨਾਮ ਕੌਰ ਅੱਜ ਤੋਂ ਸੌ ਸਾਲ ਪਹਿਲਾਂ ਇਸਤਰੀ ਵਿਦਿਆ ਦੀ ਮੋਢੀ ਜਾਂ ਵਿਦਿਆ ਦੀ ਦੇਵੀ ਸੀ । ਉਸ ਸਮੇਂ ਕੁੜੀਆਂ ਸਿਵਾਏ ਘਰ ਦੇ ਕੰਮਕਾਜ ਨੂੰ ਕਤਣਾ ਦਰੀਆਂ ਉਣਨੀਆਂ , ਫੁਲਕਾਰੀ ਕੱਢਣੀ , ਸੀਣਾ ਪੁਰੋਨਾ ਜਾਂ ਕਿਸੇ ਮਾਪੇ ਨੇ ਗੁਰਦੁਆਰੇ ਭੇਜ ਭਾਈ ਪਾਸੋਂ ਗੁਰਮੁਖੀ ਪੜ੍ਹਣੀ ਆਪਣੀ ਧੀ ਨੂੰ ਸਿਖਾ ਦਿੱਤੀ ਹੋਵੇਗੀ । ਬੀਬੀ ਹਰਨਾਮ ਕੌਰ ਬੜੀ ਗੰਭੀਰ , ਦਿਆਲੂ , ਨਿਮਰ , ਪਰਉਪਕਾਰੀ ਤੇ ਸਾਊ ਸੁਭਾ ਦੀ ਮਾਲਕ ਸੀ । ਗੁਰੂ ਪੁਰ ਸ਼ਰਧਾ , ਵਿਸ਼ਵਾਸ , ਦ੍ਰਿੜ੍ਹਤਾ ਭਰਪੂਰ ਤੇ ਹਰਮਨ ਪਿਆਰੀ ਸੀ ਤੇ ਨਿਸ਼ਕਾਮ ਸੇਵਿਕਾ ਸੀ । ਹਰ ਸਮੇਂ ਖਿੜੇ ਮੱਥੇ , ਕਿਸੇ ਨੇ ਉਸ ਦੇ ਮੱਥੇ ਤੇ ਤਿਊੜੀ ਨਹੀਂ ਸੀ ਡਿੱਠੀ । ਇਕ ਆਦਰਸ਼ਕ ਮਾਵਾਂ ਵਾਲਾ ਪਿਆਰ ਬੱਚੀਆਂ ਨੂੰ ਪ੍ਰਦਾਨ ਕਰਦੀ । ਇਸ ਮਾਂ ਪੁਣੇ ਦੀ ਉਦਾਹਰਨ ਤੇ ਕਿਸੇ ਬੱਚੀ ਨੂੰ ਦਿੱਤੇ ਪਿਆਰ ਦੀ ਉਦਾਹਰਨ ਹੇਠਾਂ ਲਿਖੀ ਜਾਂਦੀ ਹੈ । ਬੀਬੀ ਜੀ ਦੀ ਸਹੇਲੀ ਆਪਣੀ ਇਕ ਮਰੀਅਲ ਜਿਹੀ ਲੜਕੀ ਨੂੰ ਕੁਝ ਚਿਰ ਲਈ ਇਸ ਪਾਸ ਛੱਡ ਗਈ ਤੇ ਆਪ ਕਿਤੇ ਦੂਰ ਨੇੜੇ ਚਲੇ ਗਈ । ਉਸ ਸਮੇਂ ਬੀਬੀ ਜੀ ਦੇ ਵੀ ਇਕ ਬੱਚਾ ਦੁੱਧ ਚੁੰਘਦਾ ਸੀ । ਬੀਬੀ ਨੇ ਆਪਣੇ ਬੱਚੇ ਦਾ ਦੁੱਧ ਛੁਡਾ ਇਸ ਅਧਮੋਈ ਬੱਚੀ ਨੂੰ ਆਪਣਾ ਦੁੱਧ ਚੁੰਘਾਉਣਾ ਸ਼ੁਰੂ ਕਰ ਦਿੱਤਾ । ਆਪਣੇ ਬੱਚੇ ਨੂੰ ਗਾਂ ਦਾ ਦੁੱਧ ਪਿਲਾ ਦੇਣਾ । ਇਹ ਗੱਲ ਵੀ ਕਵੀਸ਼ਰ ਸਰਦੂਲ ਸਿੰਘ ਨੇ ਲਿਖੀ ਹੈ । ਉਹ ਲਿਖਦਾ ਹੈ ਕਿ ਉਹ ਜਦੋਂ ਬੋਰਡਿੰਗ ‘ ਚ ਗਿਆ , ਉਹ ਬੱਚੀ ਹੁਣ ਵੱਡੀ ਹੋ ਕੇ ਚੁੱਕੀ ਸੀ । ਬੀਬੀ ਹਰਨਾਮ ਕੌਰ ਦੀ ਫੋਟੋ ਅਗੇ ਸਕੋਰਿਆਂ ਨਾਲ ਰੋਂਦੀ ਨੇ ਉਪਰੋਕਤ ਗਲ ਦੱਸੀ ਕਿ ਕਿਸ ਤਰ੍ਹਾਂ ਬੀਬੀ ਨੇ ਇਕ ਪਰਾਈ ਬੱਚੀ ਨੂੰ ਆਪਣਾ ਮਾਂ ਵਾਲਾ ਪਿਆਰ ਤੇ ਸੇਵਾ ਸੰਭਾਲ ਕੇ ਪਾਲਿਆ । ਬੀਬੀ ਭਰ ਜੁਆਨੀ 1907 ਵਿਚ ਅਕਾਲ ਚਲਾਣਾ ਕਰ ਗਈ ਪਰ ਇਸ ਵਲੋਂ ਚਲਾਇਆ ਸਕੂਲ , ਇਨ੍ਹਾਂ ਦੇ ਪਤੀ ਤਖਤ ਸਿੰਘ ਨੇ ਹੋਰ ਵਿਆਹ ਕਰਵਾ ਕੇ ਬੀਬੀ ਆਗਿਆ ਕੌਰ ਦੇ ਸਹਿਯੋਗ ਨਾਲ ਚਾਲੂ ਰਖਿਆ । ਇਸ ਬੀਬੀ ਨੇ ਵੀ ਬੜੀ ਲਗਨ ਤੇ ਈਮਾਨਦਾਰੀ ਨਾਲ ਇਹ ਕੰਮ ਨਿਭਾਇਆ । ਭਾਈ ਤਖਤ ਸਿੰਘ ਨੂੰ ਸਿਖ ਭਾਈਚਾਰੇ ਨੇ “ ਜਿੰਦਾ ਸ਼ਹੀਦ ‘ ਦਾ ਮਾਨ ਤੇ ਸਤਿਕਾਰ ਬਖਸ਼ਿਆ । ਭਾਈ ਤਖਤ ਸਿੰਘ ਜੀ 1939 ਵਿਚ ਅਕਾਲ ਚਲਾਣਾ ਕਰ ਗਏ । ਦੋਵਾਂ ਪਰਉਪਕਾਰੀਆਂ ਦਾ ਲਾਇਆ ਇਹ ਵਿਦਿਅਕ ਅਦਾਰਾ ਅੱਜ ਵੀ ਪੰਜਾਬ ਦੇ ਚੰਗੇ ਵਿਦਿਅਕ ਅਦਾਰਿਆਂ ‘ ਚ ਗਿਣਿਆ ਜਾਂਦਾ ਹੈ । ਇਸ ਵਿਦਿਆਲੇ ਨੇ ਅਨੇਕਾਂ ਬੀਬੀਆਂ ਨੂੰ ਉਚ ਪਦਵੀਆਂ ਦੁਆਈਆਂ । ਬੀਬੀ ਜੀ ਪਰਮਪਾਲ ਕੌਰ ਇਥੇ ਵਿਦਿਆ ਪ੍ਰਾਪਤ ਕਰ ਪੰਜਾਬ ਦੇ ਸਿਖਿਆ ਵਿਭਾਗ ਦੀ ਮੁਖੀ ਡਾਇਰੈਕਟਰ ) ਬਣੀ । ਲੇਖਕ ਨੇ ਇਸ ਬੀਬੀ ਜੀ ਦੇ ਉਸ ਸਮੇਂ ਦਰਸ਼ਨ ਕੀਤੇ ਸਨ ਜਦੋਂ ਉਹ ਮੰਡਲ ਸਿੱਖਿਆ ਅਫਸਰ ਜਲੰਧਰ ਵਿਖੇ ਸਨ । ਸੋ ਬੀਬੀ ਹਰਨਾਮ ਕੌਰ ਨੇ ਇਸਤਰੀ ਸਿਖਿਆ ਲਈ ਆਪਣੀ ਸਾਰੀ ਪੂੰਜੀ ਤੇ ਆਪਣੀ ਜੁਆਨੀ ਲਾ ਦਿੱਤੀ । ਇਨ੍ਹਾਂ ਨੇ ਇਸਤਰੀ ਜਾਤੀ ਨੂੰ ਮਰਦ ਦੇ ਬਰਾਬਰ ਦੀਆਂ ਵਿਦਿਅਕ ਸਹੂਲਤਾਂ ਦੇ ਕੇ ਪੰਜਾਬ ਵਿਚ ਹੀ ਨਹੀਂ ਸਗੋਂ ਸਾਰੇ ਭਾਰਤ ਵਿਚੋਂ ਇਸਤਰੀ ਸਿਖਿਆ ਦਾ ਪਹਿਲਾ ਸਕੂਲ ਖੋਲਿਆ ਤੇ ਅਧਿਆਪਕਾਵਾਂ ਤਿਆਰ ਕਰਕੇ ਇਸਤਰੀ ਸਿਖਿਆ ਲਈ ਯੋਗਦਾਨ ਪਾਇਆ । ਬੀਬੀ ਹਰਨਾਮ ਕੌਰ ਦਾ ਨਾਮ ਇਸ ਸਕੂਲ ਅਥਵਾ ਮਹਾਂ ਵਿਦਿਆਲਾ ਨਾਲ ਸਦਾ ਲਈ ਜੁੜਿਆ ਰਹੇਗਾ । ਇਹ ਨਗਰ ਜਿਸ ਵਿਚ ਇਨ੍ਹਾਂ ਨੇ ਏਨੀਆਂ ਘਾਲਾਂ ਘਾਲੀਆਂ ਹਨ , ਸਦਾ ਲਈ ਬੀਬੀ ਜੀ ਦਾ ਰਿਣੀ ਰਹੇਗਾ ।
ਜੋਰਾਵਰ ਸਿੰਘ ਤਰਸਿੱਕਾ