ਅਮ੍ਰਿਤ ਵੇਲੇ ਦਾ ਹੁਕਮਨਾਮਾ – 7 ਫਰਵਰੀ 2024

ਅੰਗ : 601

ਸੋਰਠਿ ਮਹਲਾ ੩ ॥ ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ ॥ ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ ॥ ਬਿਨੁ ਸਤਿਗੁਰ ਸੁਖੁ ਕਦੇ ਨ ਪਾਵੈ ਭਾਈ ਫਿਰਿ ਫਿਰਿ ਪਛੋਤਾਵੈ ॥੧॥ ਹਰਿ ਕੇ ਦਾਸ ਸੁਹੇਲੇ ਭਾਈ ॥ ਜਨਮ ਜਨਮ ਕੇ ਕਿਲਬਿਖ ਦੁਖ ਕਾਟੇ ਆਪੇ ਮੇਲਿ ਮਿਲਾਈ ॥ ਰਹਾਉ ॥ ਇਹੁ ਕੁਟੰਬੁ ਸਭੁ ਜੀਅ ਕੇ ਬੰਧਨ ਭਾਈ ਭਰਮਿ ਭੁਲਾ ਸੈਂਸਾਰਾ ॥ ਬਿਨੁ ਗੁਰ ਬੰਧਨ ਟੂਟਹਿ ਨਾਹੀ ਗੁਰਮੁਖਿ ਮੋਖ ਦੁਆਰਾ ॥ ਕਰਮ ਕਰਹਿ ਗੁਰ ਸਬਦੁ ਨ ਪਛਾਣਹਿ ਮਰਿ ਜਨਮਹਿ ਵਾਰੋ ਵਾਰਾ ॥੨॥ ਹਉ ਮੇਰਾ ਜਗੁ ਪਲਚਿ ਰਹਿਆ ਭਾਈ ਕੋਇ ਨ ਕਿਸ ਹੀ ਕੇਰਾ ॥ ਗੁਰਮੁਖਿ ਮਹਲੁ ਪਾਇਨਿ ਗੁਣ ਗਾਵਨਿ ਨਿਜ ਘਰਿ ਹੋਇ ਬਸੇਰਾ ॥ ਐਥੈ ਬੂਝੈ ਸੁ ਆਪੁ ਪਛਾਣੈ ਹਰਿ ਪ੍ਰਭੁ ਹੈ ਤਿਸੁ ਕੇਰਾ ॥੩॥ ਸਤਿਗੁਰੂ ਸਦਾ ਦਇਆਲੁ ਹੈ ਭਾਈ ਵਿਣੁ ਭਾਗਾ ਕਿਆ ਪਾਈਐ ॥ ਏਕ ਨਦਰਿ ਕਰਿ ਵੇਖੈ ਸਭ ਊਪਰਿ ਜੇਹਾ ਭਾਉ ਤੇਹਾ ਫਲੁ ਪਾਈਐ ॥ ਨਾਨਕ ਨਾਮੁ ਵਸੈ ਮਨ ਅੰਤਰਿ ਵਿਚਹੁ ਆਪੁ ਗਵਾਈਐ ॥੪॥੬॥

ਅਰਥ: ਹੇ ਭਾਈ! ਉਹੀ ਮਨੁੱਖ ਗੁਰੂ ਦਾ ਸਿੱਖ ਹੈ , ਗੁਰੂ ਦਾ ਮਿੱਤਰ ਹੈ, ਗੁਰੂ ਦਾ ਰਿਸ਼ਤੇਦਾਰ ਹੈ, ਜੇਹੜਾ ਗੁਰੂ ਦੀ ਰਜ਼ਾ ਵਿਚ ਤੁਰਦਾ ਹੈ। ਪਰ, ਜੇਹੜਾ ਮਨੁੱਖ ਆਪਣੀ ਮਰਜ਼ੀ ਅਨੁਸਾਰ ਤੁਰਦਾ ਹੈ, ਉਹ ਪ੍ਰਭੂ ਤੋਂ ਵਿੱਛੁੜ ਕੇ ਦੁਖ ਸਹਾਰਦਾ ਹੈ। ਗੁਰੂ ਦੀ ਸਰਨ ਪੈਣ ਤੋਂ ਬਿਨਾ ਮਨੁੱਖ ਕਦੇ ਸੁਖ ਨਹੀਂ ਪਾ ਸਕਦਾ, ਤੇ ਮੁੜ ਮੁੜ (ਦੁੱਖੀ ਹੋ ਕੇ) ਪਛੁਤਾਂਦਾ ਹੈ ॥੧॥ ਹੇ ਭਾਈ! ਪਰਮਾਤਮਾ ਦੇ ਭਗਤ ਸੁਖੀ ਜੀਵਨ ਬਿਤੀਤ ਕਰਦੇ ਹਨ। ਪਰਮਾਤਮਾ ਆਪ ਉਹਨਾਂ ਦੇ ਜਨਮਾਂ ਜਨਮਾਂ ਦੇ ਦੁੱਖ ਪਾਪ ਕੱਟ ਦੇਂਦਾ ਹੈ, ਤੇ, ਉਹਨਾਂ ਨੂੰ ਆਪਣੇ ਚਰਨਾਂ ਵਿਚ ਮਿਲਾ ਲੈਂਦਾ ਹੈ ॥ ਰਹਾਉ॥ ਹੇ ਭਾਈ! (ਗੁਰੂ ਦੀ ਰਜ਼ਾ ਵਿਚ ਤੁਰਨ ਤੋਂ ਬਿਨਾ) ਇਹ (ਆਪਣਾ) ਪਰਵਾਰ ਭੀ ਜਿੰਦ ਵਾਸਤੇ ਨਿਰਾ ਮੋਹ ਦੇ ਬੰਧਨ ਬਣ ਜਾਂਦਾ ਹੈ, (ਤਾਂਹੀਏਂ) ਜਗਤ (ਗੁਰੂ ਤੋਂ) ਭਟਕ ਕੇ ਕੁਰਾਹੇ ਪਿਆ ਰਹਿੰਦਾ ਹੈ। ਗੁਰੂ ਦੀ ਸਰਨ ਆਉਣ ਤੋਂ ਬਿਨਾ ਇਹ ਬੰਧਨ ਟੁੱਟਦੇ ਨਹੀਂ। ਗੁਰੂ ਦੀ ਸਰਨ ਪੈਣ ਵਾਲਾ ਮਨੁੱਖ (ਮੋਹ ਦੇ ਬੰਧਨਾਂ ਤੋਂ) ਖ਼ਲਾਸੀ ਪਾਣ ਦਾ ਰਸਤਾ ਲੱਭ ਲੈਂਦਾ ਹੈ। ਜੇਹੜੇ ਮਨੁੱਖ ਨਿਰੇ ਦੁਨੀਆ ਦੇ ਕੰਮ-ਧੰਧੇ ਹੀ ਕਰਦੇ ਹਨ, ਪਰ ਗੁਰੂ ਦੇ ਸ਼ਬਦ ਨਾਲ ਸਾਂਝ ਨਹੀਂ ਪਾਂਦੇ, ਉਹ ਮੁੜ ਮੁੜ ਜੰਮਦੇ ਮਰਦੇ ਰਹਿੰਦੇ ਹਨ ॥੨॥ ਹੇ ਭਾਈ! ‘ਮੈਂ ਵੱਡਾ ਹਾਂ’, ‘ਇਹ ਧਨ ਆਦਿਕ ਮੇਰਾ ਹੈ’-ਇਸ ਵਿਚ ਹੀ ਜਗਤ ਉਲਝਿਆ ਪਿਆ ਹੈ (ਉਂਞ) ਕੋਈ ਭੀ ਕਿਸੇ ਦਾ (ਸਦਾ ਦਾ ਸਾਥੀ) ਨਹੀਂ ਬਣ ਸਕਦਾ। ਗੁਰੂ ਦੀ ਸਰਨ ਪੈਣ ਵਾਲੇ ਮਨੁੱਖ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦੇ ਹਨ, ਤੇ, ਪਰਮਾਤਮਾ ਦੀ ਹਜ਼ੂਰੀ ਪ੍ਰਾਪਤ ਕਰੀ ਰੱਖਦੇ ਹਨ, ਉਹਨਾਂ ਦਾ (ਆਤਮਕ) ਨਿਵਾਸ ਪ੍ਰਭੂ-ਚਰਨਾਂ ਵਿਚ ਹੋਇਆ ਰਹਿੰਦਾ ਹੈ। ਜੇਹੜਾ ਮਨੁੱਖ ਇਸ ਜੀਵਨ ਵਿਚ ਹੀ (ਇਸ ਭੇਤ ਨੂੰ) ਸਮਝਦਾ ਹੈ, ਉਹ ਆਪਣੇ ਆਤਮਕ ਜੀਵਨ ਨੂੰ ਪੜਤਾਲਦਾ ਰਹਿੰਦਾ ਹੈ, ਪਰਮਾਤਮਾ ਉਸ ਮਨੁੱਖ ਦਾ ਸਹਾਈ ਬਣਿਆ ਰਹਿੰਦਾ ਹੈ।੩। ਹੇ ਭਾਈ! ਗੁਰੂ ਹਰ ਵੇਲੇ ਹੀ ਦਇਆਵਾਨ ਰਹਿੰਦਾ ਹੈ (ਮਾਇਆ-ਵੇੜ੍ਹਿਆ ਮਨੁੱਖ ਗੁਰੂ ਦੀ ਸਰਨ ਨਹੀਂ ਆਉਂਦਾ) ਕਿਸਮਤਿ ਤੋਂ ਬਿਨਾ (ਗੁਰੂ ਪਾਸੋਂ) ਕੀਹ ਮਿਲੇ? ਗੁਰੂ ਸਭਨਾਂ ਨੂੰ ਇਕ ਪਿਆਰ ਦੀ ਨਿਗਾਹ ਨਾਲ ਵੇਖਦਾ ਹੈ। (ਪਰ ਸਾਡੀ ਜੀਵਾਂ ਦੀ) ਜਿਹੋ ਜਿਹੀ ਭਾਵਨਾ ਹੁੰਦੀ ਹੈ ਉਹੋ ਜਿਹਾ ਫਲ (ਸਾਨੂੰ ਗੁਰੂ ਪਾਸੋਂ) ਮਿਲ ਜਾਂਦਾ ਹੈ। ਹੇ ਨਾਨਕ! ਜੇ ਗੁਰੂ ਦੀ ਸਰਨ ਪੈ ਕੇ ਆਪਣੇ) ਅੰਦਰੋਂ ਆਪਾ-ਭਾਵ ਦੂਰ ਕਰ ਲਈਏ, ਤਾਂ ਪਰਮਾਤਮਾ ਦਾ ਨਾਮ ਮਨ ਵਿਚ ਆ ਵੱਸਦਾ ਹੈ।੪।੬।


Related Posts

One thought on “ਸੰਧਿਆ ਵੇਲੇ ਦਾ ਹੁਕਮਨਾਮਾ – 6 ਜਨਵਰੀ 2023

Leave a Reply

Your email address will not be published. Required fields are marked *

Begin typing your search term above and press enter to search. Press ESC to cancel.

Back To Top