19 ਜਨਵਰੀ ਦਾ ਇਤਿਹਾਸ – ਬੀਬੀ ਭਾਨੀ ਜੀ ਦਾ ਜਨਮ ਦਿਹਾੜਾ
ਬੀਬੀ ਭਾਨੀ ਗੁਰ ਪੁੱਤਰੀ , ਗੁਰ ਪਤਨੀ , ਗੁਰ ਮਾਤਾ , ਗੁਰ ਦਾਦੀ , ਗੁਰ ਪੜਦਾਦੀ , ਗੁਰ ਨਗੜ੍ਹ ਦਾਦੀ ਗੁਰੂ ਗੋਬਿੰਦ ਸਿੰਘ ਜੀ ਦੇ ਸਨ । ਬੀਬੀ ਭਾਨੀ ਜੀ ਦਾ ਜਨਮ 19 ਜਨਵਰੀ 1534 ਨੂੰ ਬਾਸਰਕੇ ਜ਼ਿਲ੍ਹਾ ਅੰਮ੍ਰਿਤਸਰ ਗੁਰੂ ਅਮਰਦਾਸ ਦੇ ਘਰ ਮਾਤਾ ਮਨਸਾ ਦੇਵੀ ਜੀ ਕੁੱਖੋਂ ਹੋਇਆ ਕੁਝ ਇਤਿਹਾਸਕਾਰ ਬੀਬੀ ਜੀ ਦਾ ਜਨਮ 1535 ਈਸ਼ਵੀ ਦਾ ਵੀ ਦਸਦੇ ਹਨ । ਬੀਬੀ ਜੀ ਸੁੰਦਰ ਮਿੱਠ ਬੋਲੜੇ ਤੇ ਸਾਰਿਆਂ ਤੋਂ ਛੋਟੇ ਹੋਣ ਕਰਕੇ ਸਾਰੇ ਪ੍ਰਵਾਰ ਦੇ ਬੜੇ ਲਾਡਲੇ ਸਨ । ਜਿਨੇ ਇਹ ਲਾਡਲੇ ਤੇ ਪਿਆਰੇ ਜਾਂਦੇ ਉਨੇ ਹੀ ਇਹ ਧਾਰਮਿਕ ਤੇ ਸੇਵਾ ਸਿਮਰਨ ਵਿਚ ਸਾਰਿਆਂ ਨਾਲੋਂ ਮੂਹਰੇ ਸਨ । ਸਿੱਖ ਇਤਿਹਾਸ ਵਿਚ ਅੰਕਤ ਹੈ ਕਿ ਛੋਟੇ ਅਵਸਥਾ ਵਿਚ ਹੀ ਪ੍ਰਭੂ ਸਿਮਰਨ ਤੇ ਭਗਤੀ ਵਿਚ ਲੀਨ ਸਨ । ਇਕੱਲ ਨੂੰ ਪਸੰਦ ਕਰਦੇ ਹਰ ਸਮੇਂ ਪ੍ਰਭੂ ਨਾਲ ਬਿਰਤੀ ਲਾਈ ਰੱਖਦੇ । ਨਿਮਰਤਾ , ਸ਼੍ਰੇਸ਼ਟ , ਬੁਧੀ , ਸਹਿਨਸ਼ੀਲਤਾ , ਸਿਦਕ ਸੇਵਾ ਭਾਵ ਜਿਹੇ ਗੁਣ ਬਚਪਨ ਵਿਚ ਹੀ ਧਾਰਨ ਕਰ ਲਏ ਸਨ । ਆਪਣੇ ਭੈਣ ਭਰਾਵਾਂ ਦਾ ਸਤਿਕਾਰ ਮਾਨ ਕਰਦੇ ।
ਬੀਬੀ ਜੀ ਬਚਪਨ ਤੋਂ ਗਹਿਰ ਗੰਭੀਰ ਰਹਿ ਪ੍ਰਭੂ ਸਿਮਰਨ ਵਿਚ ਲੀਨ ਸਨ । ਆਪਣੀਆਂ ਸਖੀਆਂ ਸਹੇਲੀਆਂ ਨੂੰ ਵੀ ਏਧਰ ਪ੍ਰੇਰਦੇ । ਮੌਤ ਦੇ ਸੱਚ ਨੂੰ ਵੀ ਆਪਣੇ ਬਚਪਨ ਵਿਚ ਹੀ ਜਾਣ ਲਿਆ ਸੀ । ਇਕ ਵਾਰੀ ਆਪਣੇ ਗੁਰਪਿਤਾ ਦੀ ਆਗਿਆ ਪਾ ਕੇ ਆਪ ਆਪਣੀ ਸਖੀਆਂ ਨਾਲ ਪੀਂਘਾਂ ਝੂਟਣ ਗਏ । ਸਾਰੀਆਂ ਨੂੰ ਇਕੱਠੇ ਕਰ ਕਿਹਾ ਤੁਸੀਂ ਕਿਵੇਂ ਹਿਰਨ ਵਾਂਗ ਚੁੰਗੀਆਂ ਲਾ ਰਹੀਆਂ ਹੋ । ਤਹਾਨੂੰ ਪਤਾ ਨਹੀਂ ਮੌਤ ਆਪਣੇ ਸਿਰਾਂ ਤੇ ਗਜ ਰਹੀ ਹੈ । ਪਤਾ ਨਹੀਂ ਕਿਹੜੇ ਵੇਲੇ ਆ ਜਾਵੇ । ਅਸੀਂ ਤਾਂ ਬੇਸਮਝ ਹਾਂ ਭੇਡਾਂ ਵਾਂਗ , ਕਸਾਈ ਰੂਪ ਮੌਤ ਸਾਡੇ ਸਿਰ ਤੇ ਖੜੀ ਝਾਕ ਰਹੀ ਹੈ । ਫਿਰ ਗੁਰੂ ਨਾਨਕ ਦੇਵ ਦੇ ਸੋਹਿਲਾ ਰਾਗ ਗਉੜੀ ਦੀਪਕੀ ਮਹਲਾ ੧ ਚੋਂ ਇਵੇਂ ਕਿਹਾ
ਘਰਿ ਘਰਿ ਏਹੋ ਪਾਹੁਚਾ ਸਦੜੇ ਨਿਤ ਪਵੰਨਿ ॥ ਸਦਣਹਾਰਾ ਸਿਮਰੀਐ ਨਾਨਕ ਸੇ ਦਿਹ ਆਵੰਨਿ ।।
ਮੈਕਾਲਿਫ ਵੀ ਲਿਖਦਾ ਹੈ ਕਿ “ ਉਹ ( ਬੀਬੀ ਭਾਨੀ ) ਬਚਪਨ ਵਿਚ ਹੀ ਪ੍ਰਭੂ ਭਗਤੀ ਦੀ ਮਹਾਨਤਾ ਅਤੇ ਮੌਤ ਦੇ ਸੱਚ ਨੂੰ ਭਲੀ ਭਾਂਤ ਜਾਣ ਗਏ ਸਨ । ਜਿਸ ਜਗਿਆਸੂ ਦੀ ਲਿਵ ਗੁਰਚਰਨਾਂ ਵਿਚ ਲੱਗ ਗਈ ਹੋਵੇ । ਉਸ ਨੂੰ ਸੰਸਾਰਕ ਪਦਾਰਥਾਂ ਦੀ ਖਿੱਚ ਨਹੀਂ ਰਹਿ ਸਕਦੀ । ਸੁੰਦਰ ਬਸਤਰ ਪਾ ਕੇ ਸਰੀਰ ਨੂੰ ਗਹਿਣਿਆਂ ਆਦਿ ਨਾਲ ਸਜਾਉਣਾ ਉਨਾਂ ਨੂੰ ਨਹੀਂ ਭਾਉਂਦਾ । ਉਹ ਬਸਤਰ ਵੀ ਬਹੁਤ ਸਾਦੇ ਪਸੰਦ ਕਰਦੇ ਹਨ । ਮੈਕਾਲਿਫ਼ ਅੱਗੇ ਲਿਖਦਾ ਹੈ ।
ਕਿ ਬੀਬੀ ਭਾਨੀ ਜੀ ਨੂੰ ਇਕ ਸਿੱਖ ਨੇ ਉਸ ਦੇ ਵਿਆਹ ਤੇ ਗੁਰੂ ਜੀ ਪਾਸੋਂ ਆਗਿਆ ਮੰਗੀ , ਕਿ ਕੁਝ ਪੈਸੇ ਦੇਣੇ ਚਾਹੁੰਦਾ ਹੈ ਤਾਂ ਉਹ ਆਪਣੇ ਮਨ ਪਸੰਦ ਦੇ ਕਪੜੇ ਤੇ ਗਹਿਣਾ ਬਣਾ ਲਵੇ । ” ਇਹ ਸਿੱਖ ਦੀਆਂ ਗੁਰੂ ਜੀ ਨਾਲ ਗੱਲਾਂ ਸੁਣ ਬੀਬੀ ਜੀ ਨੇ ਉਸ ਗੁਰੂ ਸਿੱਖ ਨੂੰ ਆਸਾ ਦੀ ਵਾਰ ’ ਚੋਂ ਇਵੇਂ ਪੜ੍ਹ ਕੇ ਸੁਣਾਇਆ : ਕੂੜੁ ਸੁਇਨਾ ਕੂੜੁ ਰੁਪਾ ਕੂੜ ਪੈਨਣ ਹਾਰੁ ॥ ਕੂੜੁ ਕਾਇਆ ਕੂੜੁ ਕਪੜ ਕੂੜ ਰੂਪ ਅਪਾਰੁ ॥ ਉਸ ਗੁਰਸਿੱਖ ਨੂੰ ਚੇਤਾ ਕਰਾਇਆ ਕਿ ਧੰਨ ਦਾ ਠੀਕ ਉਪਯੋਗ ਇਹ ਹੈ ਕਿ ਇਹ ਧੰਨ ਲੰਗਰ ਵਿਚ ਪਵੇ ਤਾਂ ਗੁਰੂ ਦੇ ਲੰਗਰ ਵਿਚ ਕਦੇ ਤੋਟ ਨਾ ਆਵੇ।ਜਿਥੇ ਹਰ ਯਾਤਰੀ ਦੀ ਲੋੜ ਪੂਰੀ ਹੁੰਦੀ ਹੈ । ਉਪਰ ਦਸਣ ਤੋਂ ਸਿੱਧ ਹੁੰਦਾ ਹੈ ਕਿ ਬੀਬੀ ਜੀ ਨੂੰ ਬਚਪਨ ਵਿਚ ਕਿੰਨੀ ਬਾਣੀ ਕੰਠ ਸੀ । ਆਪ ਉਥੇ ਉਹ ਬਾਣੀ ਗਾਉਂਦੇ ਜਿਥੇ ਉਹ ਢੁਕਦੀ ਹੁੰਦੀ । ਬੀਬੀ ਜੀ ਲੰਗਰ ਵਿਚ ਆਮ ਸਿੱਖਾਂ ਵਾਂਗ ਸੇਵਾ ਕਰਦੇ ਸਗੋਂ ਗੁਰੂ ਜੀ ਦੀ ਸਪੁੱਤਰੀ ਦੇ ਰੂਪ ਵਿਚ ਨਹੀਂ । ਇਸ ਲਈ ਆਪ ਨੇ ਸਿੱਖ ਸੰਗਤ ਦਾ ਮਨ ਮੋਹ ਲਿਆ ਸੂਰਜ ਪ੍ਰਕਾਸ਼ ਦਾ ਕਰਤਾ ਲਿਖਦਾ ਹੈ :
ਰਹੈ ਨਿੰਮ੍ ਸੇਵ ਕਮਾਵਹਿ ਅਨੁਸਾਰੀ ਹੁਇ ਸਦਾ ਚਿਤਾਵਹਿ ॥
ਏਨੀ ਸੇਵਾ ਵਿਚ ਗਲਤਾਨ ਹੋ ਕੇ ਵੀ ਬੀਬੀ ਜੀ ਆਪਣੀ ਸੁਰਤ ਅਕਾਲ ਪੁਰਖ ਤੇ ਟਿਕਾਈ ਰੱਖਦੇ ਪਰ ਕਿਸੇ ਨੂੰ ਜ਼ਾਹਿਰ ਨਹੀਂ ਹੋਣ ਦੇਂਦੇ । ਤੇ ਫੁਰਮਾਉਂਦੇ : “ ਆਛੇ ਕਾਮ ਦਿਖਾਇਨ ਚਾਹੈ । ਲਾਭ ਘਟੇ ਪਾਖੰਡ ਇਸ ਮਾਹੈ । ‘ ‘ ਕਹਿੰਦੇ ਹਨ ਕਿ ਭਲੇ ਕੰਮ ਕਰਕੇ ਦਿਖਾਵਾ ਕਰਨ ਨਾਲ ਇਸ ਦਾ ਲਾਭ ਘਟ ਜਾਂਦਾ ਹੈ ਤੇ ਫਿਰ ਪਾਖੰਡ ਬਣ ਕੇ ਰਹਿ ਜਾਂਦਾ ਹੈ । ਤਾਰੀਖ ਪੰਜਾਬ ਦਾ ਕਰਤਾ ਬੂਟੇ ਸ਼ਾਹ ਲਿਖਦਾ ਹੈ ਕਿ “ ਬੀਬੀ ਭਾਨੀ ਜੀ ਆਪਣੇ ਪਿਤਾ ਜੀ ਦੀ ਸੇਵਾ ਨੂੰ ਹਮੇਸ਼ਾ ਪਹਿਲ ਦੇਂਦੇ । ਪਿਤਾ ਦੀ ਸੇਵਾ ਤੋਂ ਇਕ ਮਿੰਟ ਵੀ ਆਵੈਸਲੇ ਨਾ ਹੁੰਦੇ । ਆਪਣੇ ਪਿਤਾ ਜੀ ਦੀ ਪਿਤਾ ਕਰਕੇ ਨਹੀਂ ਸਗੋਂ ਇਨ੍ਹਾਂ ਨੂੰ ਈਸ਼ਵਰ ਰੂਪ ਜਾਣ ਮਾਨ ਸਤਿਕਾਰ ਕਰਦੇ । ਜਿੱਥੇ ਇਹ ਆਪਣੇ ਪਿਤਾ ਜੀ ਦਾ ਹਰ ਤਰ੍ਹਾਂ ਧਿਆਨ ਤੇ ਸਹੂਲਤਾਂ ਪ੍ਰਦਾਨ ਕਰਦੇ ਆਪਣੇ ਮਾਤਾ ਮਨਸਾ ਦੇਵੀ ਜੀ ਦੀ ਸਮਾਜ ਸੁਧਾਰ ਵਾਲੀ ਹਰ ਕੋਸ਼ਿਸ਼ ਨੂੰ ਸਫਲ ਕਰਨ ਵਿਚ ਸਹਾਈ ਹੁੰਦੇ । ਕਿਹਾ ਜਾਂਦਾ ਹੈ ਕਿ ਇਕ ਵਾਰੀ ਮਾਤਾ ਮਨਸਾ ਦੇਵੀ ਜੀ ਨੇ ਆਪਣੇ ਗੁਰੂ ਪਤੀ ਨੂੰ ਕਿਹਾ ਕਿ ਆਪਣੀ ਬੱਚੀ ਭਾਨੀ ਹੁਣ ਵਰ ਯੋਗ ਹੋ ਗਈ ਹੈ । ਇਸ ਲਈ ਕੋਈ ਯੋਗ ਵਰ ਲੱਭਣਾ ਚਾਹੀਦਾ ਹੈ । ਇਹ ਗੱਲ ਸੁਣ ਕੇ ਗੁਰੂ ਅਮਰਦਾਸ ਜੀ ਨੇ ਪ੍ਰੋਹਤ ਨੂੰ ਸੱਦਿਆ ਤੇ ਮਾਤਾ ਮਨਸਾ ਦੇਵੀ ਨੂੰ ਸੱਦ ਕਿਹਾ “ ਪ੍ਰੋਹਤ ਨੂੰ ਦੱਸੋ ਕਿ ਵਰ ਕਿਹੋ ਜਿਹਾ ਕਿੱਡਾ ਕੁ ਹੋਣਾ ਚਾਹੀਦਾ ਹੈ । ‘ ਉਧਰੋਂ ਭਾਈ ਜੇਠਾ ਜੀ ਸੇਵਾ ਦਾ ਟੋਕਰਾ ਸਿਰ ਤੇ ਚੁੱਕੀ ਲੰਘ ਰਿਹਾ ਸੀ ਮਾਤਾ ਜੀ ਉਸ ਵੱਲ ਇਸ਼ਾਰਾ ਕਰਕੇ ਕਿਹਾ ਕਿ ‘ ਏਡਾ ਉਚਾ ਲੰਮਾ ਇਹੋ ਜਿਹਾ ਸੁਣਖਾ ਹੋਵੇ ਤੇ ਮਿਹਨਤੀ ਹੋਵੇ । ਕਿਉਂਕਿ ਗੁਰੂ ਜੀ ਇਸ ਨੂੰ ਸੇਵਾ ਲਗਨ ਨਾਲ ਕਰਦੇ ਵੇਖਦੇ ਸਨ । ਗੁਰੂ ਜੀ ਕਿਹਾ ਪ੍ਰੋਹਤ ਜੀ ਬਸ “ ਇਹੋ ਜਿਹਾ ਤਾਂ ਇਹ ਹੀ ਹੋ ਸਕਦਾ ਹੈ । ਤੁਸੀਂ ਇਸ ਦੇ ਪਿੰਡ ਪੀੜੀ ਪਿਉ ਬਾਰੇ ਪਤਾ ਕਰਕੇ ਦੱਸਣਾ।
ਪ੍ਰੋਹਤ ਨੇ ਛਾਣ ਬੀਣ ਕਰਕੇ ਉਸ ਬਾਰੇ ਦੱਸਿਆ ਕਿ ” ਸੋਢੀ ਬੰਸ ਵਿਚੋਂ ਲਾਹੌਰ ਦੇ ਰਹਿਣ ਵਾਲਾ ਹਰਿਦਾਸ ਦਾ ਸਪੁੱਤਰ ਹੈ । ਏਥੇ ਇਹ ਗੱਲ ਵਰਨਣ ਯੋਗ ਹੈ ਕਿ ਆਮ ਪ੍ਰਚਾਰਕ ਤੇ ਇਤਿਹਾਸਕਾਰ ਭਾਈ ਜੇਠਾ ਜੀ ਨੂੰ ਅਨਾਥ ਜਾਂ ਯਤੀਮ ਕਰਕੇ ਲਿਖਦੇ ਆਏ ਹਨ । ਪਰ ਕੁਝ ਠੀਕ ਪ੍ਰਤੀਤ ਨਹੀਂ ਹੁੰਦਾ ਕਿਉਂ ਬਹੁਤ ਥਾਂ ਵਿਆਹ ਵਿਚ ਇਨ੍ਹਾਂ ਦੇ ਪਿਤਾ ਦੀ ਹਾਜ਼ਰੀ ਦੀ ਗੱਲ ਜ਼ਰੂਰੀ ਕਹੀ ਹੈ । ਕੇਸਰ ਸਿੰਘ ਛਿੱਬਰ ਬੰਸਾਵਲੀ ਦਸ ਪਾਤਸ਼ਾਹੀ ਪੰਨਾ ੧੩੧ ਤੇ ਲਿਖਦਾ ਹੈ “ ਹਿਤ ਖੁਸ਼ੀ ਹੋਇ ਤਿਸ ਦੇ ਪਿਤਾ ਪਾਸ ਆਇਆ ਸੂਰਜ ਪ੍ਰਕਾਸ਼ ਦੇ ਪੰਨਾ ੧੪੯੩ ਇਉਂ ਲਿਖਿਆ ਹੈ : ਲੀਨ ਸਦਾਇ ਮਾਤ ਪਿਤ ਤਬੈ । ਕਹੀ ਜਗਾਈ ਹਰਖਤਿ ਸਬੈ । ਮੈਕਾਲਿਫ ਲਿਖਦਾ ਹੈ ਸਿੱਖ ਰਲੀਜਨ ਪੰਨਾ ੯੧ ਭਾਗ ਦੂਜਾ ( ਗੁਰੂ ) ਅਮਰਦਾਸ ਜੀ ਨੇ ਆਪਣੀ ਸਪੁੱਤਰੀ ਦੇ ਵਰ ਲਈ ਰਾਮਦਾਸ ਨੂੰ ਪਸੰਦ ਕੀਤਾ ਤੇ ਪਿਛੋਂ ਵਰ ਦੇ ਪਿਤਾ ਹਰੀ ਦਾਸ ਨੂੰ ਪੱਤਰ ਲਿਖਿਆਂ । ਉਧਰੋਂ ਹਾਂ ਹੋਣ ਤੋਂ ਪਿਛੋਂ ੨੨ ਫੱਗਣ ੧੬੧੦ ਈ . ਦੀ ਤਿਥੀ ਸ਼ਾਦੀ ਲਈ ਨੀਯਤ ਕਰ ਦਿੱਤੀ । ਲਾਹੌਰ ਤੋਂ ਬਰਾਤ ਗੋਇੰਦਵਾਲ ਪੁੱਜੀ । ਭਰਾ ਮੋਹਰੀ ਜੀ ਨੇ ਅੱਗੇ ਵਧ ਕੇ ਬਰਾਤ ਦਾ ਸਵਾਗਤ ਕੀਤਾ । ਜਦ ਨੀਂਗਰ ਸੌਹਰੇ ਘਰ ਦੇ ਦਰਵਾਜ਼ੇ ਅੱਗੇ ਪੁੱਜਾ ਤਾਂ ਗੁਰੂ ਅਮਰਦਾਸ ਜੀ ਨੇ ਕਿਹਾ ਕਿ “ ਪੁੱਤਰ ਜੇਠੇ ! ਸਾਡੇ ਘਰ ਦਾ ਰਿਵਾਜ਼ ਹੈ ਕਿ ਜਦੋਂ ਦੂਲਾ ਦੁਲਹਣ ਦੇ ਘਰ ਆਵੇ ਤਾਂ ਉਸ ਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ । ਇਸ ਲਈ ਤੁਸੀਂ ਵੀ ਪ੍ਰਾਰਥਨਾ ਕਰੋ । ਜੇਠਾ ਜੀ ਨੇ ਉਸ ਸਮੇਂ ਨੂੰ ਮੁਖ ਰੱਖਦਿਆਂ ਰਹਿਰਾਸ ਵਿਚ ਆਏ ਗੁਜਰੀ ਮਹਲਾ ੪ ਪਹਿਲੀ ਪਉੜੀ ਦਾ ਪਾਠ ਕੀਤਾ :
ਹਰਿ ਕੇ ਜਨ ਸਤਿਗੁਰ ਸਤ ਪੁਰਖਾ ਬਿਨਉ ਕਰਉ ਗੁਰਪਾਸਿ ॥ ਹਰਿ ਕੀਰੇ ਕਿਰਮ ਸਤਿਗੁਰ ਸਰਣਾਈ ਕਰਿ ਦਇਆ ਨਾਮੁ ਪਰਗਾਸਿ ॥੧ ॥ ਮੇਰੇ ਮੀਤ ਗੁਰਦੇਵ ਮੋ ਕਉ ਰਾਮ ਨਾਮ ਪਰਗਾਸਿ ॥ ਗੁਰਮਤਿ ਨਾਮੁ ਮੇਰਾ ਪ੍ਰਾਨ ਸਖਾਈ ਹਰਿਕੀਰਤਿ ਹਮਰੀ ਰਹਿਰਾਸਿ ॥੧॥ਰਹਾਉ ॥ ਹਰਿ ਜਨ ਕੇ ਵਡ ਭਾਗ ਵਡੇਰੇ ਜਿਨ ਹਰਿ ਹਰਿ ਸਰਧਾ ਹਰਿ ਪਿਆਸ ਹਰਿ ਹਰਿ ਨਾਮੁ ਮਿਲੈ ਤ੍ਰਿਪਤਾਸਹਿ ਮਿਲਿ ਸੰਗਤਿ ਗੁਣ ਪਰਗਾਸਿ ॥੨ ll ਜਿਨ ਹਰਿ ਹਰਿ ਹਰਿ ਰਸੁ ਨਾਮੁ ਨਾ ਪਾਇਆ ਤੇ ਭਾਗਹੀਣ ਜਮ ਪਾਸਿ ॥ ਜੋ ਸਤਿਗੁਰ ਸਰਣਿ ਸੰਗਤਿ ਨਹੀ ਆਏ ਧ੍ਰਿਗੁ ਜੀਵੇ ਧਿਗੁ ਜੀਵਾਸਿ ॥ ॥ • ਜਿਨ ਹਰਿ ਜਨ ਸਤਿਗੁਰ ਸੰਗਤਿ ਪਾਈ ਤਿਨ ਧੁਰਿ ਮਸਤਕਿ ਲਿਖਿਆ ਲਿਖਾਸ ॥ ਧੰਨੁ ਧੰਨੁ ਸਤਿ ਸੰਗਤਿ ਜਿਤੁ ਹਰਿਰਸੁ ਪਾਇਆ ਮਿਲਿ ਜਨ ਨਾਨਕ ਨਾਮ ਪਰਗਾਸਿ ।।
ਡਾ . ਹਰੀ ਰਾਮ ਗੁਪਤਾ ਵੀ ਬੀਬੀ ਭਾਨੀ ਜੀ ਦੇ ਵਿਆਹ ਦੀ ਮਿਤੀ ੧੬੧੦ ਬਿ : ਮੰਨਦਾ ਹੈ । ਬੀਬੀ ਭਾਨੀ ਜੀ ਦੀ ਪਿਤਾ ਪ੍ਰਤੀ , ਪਤੀ ਪ੍ਰਤੀ ਸੇਵਾ ਭਾਵਨਾ ਤੇ ਭਗਤੀ ਭਾਵ ਨਿਖੇੜਨਾ ਮੁਸ਼ਕਲ ਹੈ । ਆਪ ਸੇਵਾ , ਸਿਮਰਨ , ਸਿਦਕ , ਸਬਰ ਦਾ ਸਾਖਿਆਤ ਨਮੂਨਾ ਸਨ । ਆਪ ਪਿਤਾ ਦੀ ਸੇਵਾ ਕਰਨ ਅਤੇ ਸਿੱਖੀ ਸਿਧਾਂਤਾਂ ਨੂੰ ਪਾਲਣ ਵਿਚ ਲਾਸਾਨੀ ਸਨ । ਮਹਿਮਾ ਪ੍ਰਕਾਸ਼ ਵਿਚ ਸਰੂਪ ਦਾਸ ਭਲਾ ਪੰਨਾ ੨੫੩ ਇਉਂ ਲਿਖਦਾ ਹੈ : ਆਭੇਦ ਭਗਤ ਸਤਿਗੁਰੂ ਕੀ ਕਰੇ ਜੋ ਮਨ ਤਨ ਭਾਇ ॥ ਮੁਕਤਿ , ਜੁਗਤਿ , ਸੁਖ , ਭੁਗਤਿ ਸਭ ਤਾ ਕੇ ਪਲੇ ਪਾਇ ॥ ਭਾਈ ਸੰਤੋਖ ਸਿੰਘ ਸੂਰਜ ਪ੍ਰਕਾਸ਼ ਵਿਚ ਲਿਖਦਾ ਹੈ ਕਿ : ਛੋਟੀ ਸੁਤਾ ਸੇਵ ਨਿਤਿ ਕਰੈ ॥ ਲਖਹਿ ਪ੍ਰਭੂ ਇਮਿ ਭਾਉ ਸੁ ਧਰੈ ॥ ਪਿਤ ਕਰਿ ਨ ਜਾਨਹਿ ਬਹੁ ਸਿਯਾਨੀ ॥ ਭਾਉ ਭਗਤਿ ਕੋ ਤਨ ਜਨੁ ਭਾਨੀ ।। ਬੀਬੀ ਭਾਨੀ ਜੀ ਆਗਿਆਕਾਰੀ , ਪਰਉਪਕਾਰੀ ਜਿਹੇ ਸਭਿਆ ਗੁਣ , ਪ੍ਰਭੂ ਦੀ ਰਜ਼ਾ ਵਿਚ ਰਹਿਣ ਵਾਲੇ , ਉਸ ਦੇ ਭਾਣੇ ਨੂੰ ਮਿੱਠਾ ਤੇ ਪਿਆਰ ਕਰਕੇ ਜਾਨਣ ਵਾਲੇ ਆਪਣੇ ਪ੍ਰਵਾਰ ਤੇ ਸਮਾਜ ਵਿਚੋਂ ਜੋ ਕੁਝ ਪ੍ਰਾਪਤ ਕਰਨ ਤੋਂ ਪਿਛੋਂ ਉਨ੍ਹਾਂ ਧਰਮ ਤੇ ਸਮਾਜ ਨੂੰ ਅਰਪਣ ਕੀਤਾ । ਉਹ ਵਿਖਾਵੇ ਦੀ ਭਾਵਨਾ ਦੇ ਉਲਟ ਸਨ । ਬੀਬੀ ਜੀ ਸਦਾਚਾਰਕ ਪੱਖ ਤੇ ਚਰਿੱਤਰ ਦੀ ਮਹਾਨਤਾ ਬਾਰੇ ਗੁਰੂ ਅਮਰਦਾਸ ਜੀ ਨੇ ਇਨਾਂ ਦੀ ਪ੍ਰਸੰਸਾ ਵਿਚ ਸੂਰਜ ਪ੍ਰਕਾਸ਼ ਦਾ ਕਰਤਾ ਇਉਂ ਲਿਖਦਾ ਹੈ : ਤੀਨੋ ਕਾਲ ਬਿਖੈ ਤਲ ਜੈਸੀ ॥ ਹੁਈ ਨਾ ਹੈ ਹੋਵਹਿਗੀ ਐਸੀ । ਪਿਤਾ ਗੁਰੂ ਜਗ ਗੁਰੁ ਹੁਇ ਕੰਤ ।। ਪੁਤ੍ਰ ਗੁਰ ਪੁਤਰ ਹੋਇ ਮਹੰਤ ॥ ਕਯਾ ਅਬਿ ਕਹੂੰ ਤੋਰ ਬਡਿਆਈ । ਜਿਸ ਕੀ ਸਮ ਕੋ ਹਵੈ ਨ ਸਕਾਈ ॥
ਬੀਬੀ ਜੀ ਦੀ ਗੁਰੂ ਅਮਰਦਾਸ ਜੀ ਪ੍ਰਤੀ ਇਕ ਸਾਖੀ ਆਉਂਦੀ ਹੈ । ਆਪ ਬਚਪਨ ਤੋਂ ਆਪਣੇ ਪਿਤਾ ਜੀ ਦੀ ਸੇਵਾ ਕਰਦੇ ਆ ਰਹੇ ਸਨ । ਤੇ ਸੇਵਾ ਵੀ ਬੜੇ ਪਿਆਰ ਤੇ ਸ਼ਰਧਾ ਨਾਲ ਕਰਦੈ । ਪਿਤਾ ਜੀ ਨੂੰ ਪਿਤਾ ਕਰਕੇ ਨਹੀਂ ਸਗੋਂ ਗੁਰੂ ਜਾਣ ਕੇ ਨਿਸ਼ਕਾਮ ਸੇਵਾ ਕਰਦੇ । ਬੀਬੀ ਜੀ ਦੀ ਇਸ ਸੇਵਾ ਦੀ ਕਥਾ ਨੂੰ ਗ੍ਰੰਥਾਂ ਵਿਚ ਭਿੰਨ ਭਿੰਨ ਢੰਗਾਂ ਨਾਲ ਅੰਕਤਿ ਹੈ । ਕੋਈ ਸਮਾਧੀ ਵੇਲੇ ਚੌਂਕੀ ਦਾ ਪਾਵਾ ਟੁੱਟਾ ਦਸਦਾ ਹੈ ਕੋਈ ਲਿਖਦਾ ਹੈ ਗੁਰੂ ਜੀ ਬਿਰਧ ਅਵਸਥਾ ਵਿਚ ਤਾਂ ਸਨ ਹੀ । ਬੀਬੀ ਇਨਾਂ ਨੂੰ ਇਸ਼ਨਾਨ ਕਰਾ ਰਹੇ ਸਨ ਕਿ ਚੌਕੀ ਜਿਸ ਉਪਰ ਗੁਰੂ ਜੀ ਬਹਿ ਕੇ ਇਸ਼ਨਾਨ ਕਰ ਰਹੇ ਸਨ । ਇਕ ਪਾਵਾ ਟੁੱਟ ਗਿਆ ਤਾਂ ਬੀਬੀ ਜੀ ਨੇ ਇਹ ਜਾਣ ਕੇ ਇਧਰੋਂ ਉਲਰ ਕੇ ਗੁਰੂ ਜੀ ਡਿੱਗ ਪੈਣਗੇ । ਹੇਠਾਂ ਪੈਰ ਦੇ ਦਿੱਤਾ ਤੇ ਟੁਟੇ ਥਾਂ ਤੋਂ ਕਿੱਲ ਪੈਰ ਵਿਚ ਵੱਜ ਕੇ ਲਹੂ ਨਿਕਲਣਾ ਸ਼ੁਰੂ ਹੋ ਗਿਆ ਜਦੋਂ ਇਹ ਲਹੂ ਵਾਲਾ ਪਾਣੀ ਗੁਰੂ ਜੀ ਨੇ ਵੇਖਿਆ ਤਾਂ ਬੀਬੀ ਭਾਨੀ ਜੀ ਨੂੰ ਲਹੂ ਦਾ ਕਾਰਨ ਪੁੱਛਿਆ ਤਾਂ ਨਿਧੜਕ ਪੈਰ ਹੇਠਾਂ ਦਿੱਤੀ ਰੱਖਿਆ ਤੇ ਕੁਝ ਗੱਲ ਨਹੀਂ ਕਹਿ ਕੇ ਟਾਲ ਦਿੱਤਾ ਤੇ ਸ਼ਾਂਤਚਿਤ ਇਸ਼ਨਾਨ ਕਰਾਈ ਗਏ । ਗੁਰੂ ਜੀ ਫਿਰ ਪੁਛਿਆ ਕਿ “ ਇਹ ਲਹੂ ਰੰਗਾ ਪਾਣੀ ਕਿਥੋਂ ਆ ਗਿਆ ? ਤਾਂ ਬੀਬੀ ਜੀ ਨੇ ਪੈਰ ਦੀ ਚੋਟ ਬਾਰੇ ਦੱਸਿਆ । ਗੁਰੂ ਜੀ ਕਿਹਾ ਕਿ ਤੇਰੀ ਸੇਵਾ ਘਾਲ ਥਾਂਇ ਪਈ ਹੈ । ਗੁਰੂ ਜੀ ਹੋਰਾਂ ਖੁਸ਼ ਹੋ ਕੇ ਵਰ ਦਿੱਤਾ ਕਿ ਤੇਰੀ ਸੰਤਾਨ ਮਹਾਨ ਹੋਵੇਗੀ । ਤੇ ਸੰਸਾਰ ਉਸ ਦੀ ਪੂਜਾ ਕਰੇਗਾ ਭਾਈ ਸੰਤੋਖ ਸਿੰਘ ਲਿਖਦਾ ਹੈ : ਸੰਤਤਿ ਤੇਰੀ ਬਣੇ ਮਹਾਨ । ਸਕਲ ਜਗਤ ਕੀ ਹੋਵੇ ਪੂਜਾ ॥ ਆਮ ਇਤਿਹਾਸਕਾਰਾਂ ਇਹ ਸੇਵਾ ਬਦਲੇ ਗੁਰੂ ਜੀ ਨੇ ਬੀਬੀ ਜੀ ਨੂੰ ਕੁਝ ਵਰ ਮੰਗਣ ਲਈ ਗੁਰੂ ਜੀ ਕਿਹਾ ਤਾਂ ਬੀਬੀ ਜੀ ਕਿਹਾ ਕਿ ਅੱਗੇ ਤੋਂ ਗੁਰਗੱਦੀ ਘਰੇ ਰਹੇ । ਪਰ ਬੀਬੀ ਜੀ ਦੀ ਇਹ ਮੰਗ ਬੀਬੀ ਜੀ ਦੀ ਨਿਸ਼ਕਾਮਤਾ , ਉਚੀ ਆਤਮ ਅਵਸਥਾ ਨੂੰ ਛੁਟਿਆਣ ਵਾਲੀ ਗੱਲ ਜਾਪਦੀ ਹੈ । ਜੇ ਉਨ੍ਹਾਂ ਇਹ ਮੰਗ ਮੰਗੀ ਤਾਂ ਬੀਬੀ ਜੀ ਸਾਰੀ ਸੇਵਾ ਕਿਸੇ ਖਾਸ ਉਦੇਸ਼ ਲਈ ਜਾਂ ਮਤਲਬ ਲਈ ਸੀ । ਜਿਸ ਬਦਲੇ ਉਨ੍ਹਾਂ ਇਹ ਵਰ ਮੰਗਿਆ | ਪਰ ਇਹ ਗੱਲ ਬੀਬੀ ਜੀ ਦੇ ਸੁਭਾ ਜਾਂ ਗੁਣਾਂ ਦੇ ਅਨੁਕੂਲ ਨਹੀਂ । ਉਹ ਤਾਂ ਪਿਤਾ ਲਈ ਆਪਣੀ ਜਾਣ ਤੱਕ ਨਿਸ਼ਾਵਰ ਕਰ ਸਕਦੀ ਸੀ । ਇਹ ਵਰ ਮੰਗਣ ਵਾਲੀ ਗੱਲ ਨਿਮੁਲ ਹੈ । ਇਸ ਦੀ ਪੁਸ਼ਟੀ ਡਾ . ਤੇਜਿੰਦਰ ਕੌਰ ( ਜੀਵਨ ਬੀਬੀ ਭਾਨੀ ) ਵਿਚ ਇਵੇਂ ਕਰਦੇ ਹਨ “ ਫਿਰ ਭਲਾ ਖੁਦ ਆਪਣੇ ਮੁਖ ਤੋਂ ਗੁਰੂ ਜੀ ਨੂੰ ਕਿਸ ਤਰ੍ਹਾਂ ਕਹਿ ਸਕਦੇ ਸਨ । ਕਿ ਉਨ੍ਹਾਂ ( ਬੀਬੀ ਭਾਨੀ ) ਦੀ ਸੇਵਾ ਬਦਲੇ ਵਿਚ ਕੁਝ ਦਿੱਤਾ ਜਾਵੇ । ਪਰ ਇਹ ਗੱਲ ਅਲੱਗ ਵੱਖਰੀ ਗੱਲ ਹੈ ਕਿ ਅੰਤਰਜਾਮੀ ਸਰਬੱਗ ਗੁਰੂ ਅਮਰਦਾਸ ਜੀ ਖੁਦ ਉਨ੍ਹਾਂ ਦੀ ਤੇ ਉਨ੍ਹਾਂ ਦੇ ਪਤੀ ਦੀ ਭਗਤੀ ਨੂੰ ਵੇਖ ਕੇ ਜਾਣ ਗਏ ਹੋਣ ਕਿ ਆਉਣ ਵਾਲੇ ਸਮੇਂ ਵਿਚ ਇਨ੍ਹਾਂ ਤੋਂ ਵਧ ਹੋਰ ਕੋਈ ਗੁਰੂ ਪ੍ਰੰਪਰਾ ਨੂੰ ਅੱਛੇ ਢੰਗ ਨਾਲ ਨਿਭਾਅ ਨਹੀਂ ਸਕੇਗਾ ਤੇ ਪ੍ਰਸੰਨ ਹੋ ਕਿ ਵਰਦਾਨ ਦੇ ਦੇਣ । ਬੀਬੀ ਜੀ ਨਾਲ ਵਰਦਾਨ ਦੀ ਘਟਨਾ ਨੂੰ ਜੋੜ ਕੇ ਉਨਾਂ ਨੂੰ ਅਸੀਂ ਉਚਾ – ਅਸਥਾਨ ਨਹੀਂ ਦੇਂਦੇ ਬਲਕਿ ( ਸਗੋਂ ) ਪਰ ਉਚ ਅਸਥਾਨ ਤੇ ਬਿਰਾਜਮਾਨ ਬੀਬੀ ਜੀ ਦੀ ਮਹਾਨ ਹਸਤੀ ਨੂੰ ਤੁਛ ਸਿੱਧ ਕਰ ਦੇਂਦੇ ਹਾਂ ।
ਗੁਰੂ ਅਮਰਦਾਸ ਜੀ ਨੇ ਗੁਰਗੱਦੀ ਦੀ ਪ੍ਰੀਖਿਆ ਲਈ ਬੀਬੀ ਭਾਨੀ ਤੇ ਬੀਬੀ ਦਾਨੀ ਦੇ ਘਰ ਵਾਲਿਆਂ ਨੂੰ ਸੱਦ ਕੇ ਉਨਾਂ ਦੇ ਬੈਠਣ ਲਈ ਇਕ ਥੜਾ ਬਨਾਉਣ ਦਾ ਆਦੇਸ਼ ਦਿੱਤਾ । ਦੋਵਾਂ ਭਾਈ ਜੇਠਾ ਜੀ ਤੇ ਭਾਈ ਰਾਮਾ ਜੀ ਸਾਰੀ ਦਿਹਾੜੀ ਲਾ ਕੇ ਗੁਰੂ ਜੀ ਦੇ ਕਹੇ ਅਨੁਸਾਰ ਥੜੇ ਬਣਾਏ । ਸ਼ਾਮ ਨੂੰ ਗੁਰੂ ਜੀ ਭਾਈ ਰਾਮੇ ਜੀ ਦੇ ਥੜੇ ਪਾਸ ਜਾ ਕੇ ਕਿਹਾ : ਇਹ ਤੋਂ ਠੀਕ ਨਹੀਂ ਬਣਾਈ । ਬੈਠਣ ਹੇਠ ਨਾ ਹਮ ਕੋ ਭਾਈ । ਗੁਰੂ ਜੀ ਨੇ ਭਾਈ ਰਾਮਾ ਜੀ ਨੂੰ ਕਿਹਾ ਤੇਰਾ ਥੜਾ ਠੀਕ ਨਹੀਂ , ਬੈਠਣ ਯੋਗ ਨਹੀਂ ਹੈ । ਇਸ ਤਰ੍ਹਾਂ ਬਣਾਓ । ਭਾਈ ਰਾਮਾ ਨਾਰਾਸ਼ ਹੋ ਕੇ ਥੜਾ ਢਾਹ ਦਿੱਤਾ । ਤੇ ਫਿਰ ਬਣਾਉਣਾ ਸ਼ੁਰੂ ਕਰ ਦਿੱਤਾ । ਉਧਰ ਭਾਈ ਜੇਠਾ ਜੀ ਪਾਸ ਜਾ ਕਿਹਾ ਕਿ ਜਿਸ ਤਰ੍ਹਾਂ ਦਾ ਦੱਸਿਆ ਉਸ ਤਰ੍ਹਾਂ ਦਾ ਨਹੀਂ ਬਣਿਆ । ਹਮਰੇ ਆਯਾ ਤੋ ਨਹਿ ਲਹਯੋ ਯਥਾ ਬਤਾਈ ਤਯਾ ਨ ਕਰੀ । ਭਾਈ ਜੇਠਾ ਜੀ ਖਿੜੇ ਮੱਥੇ ਥੜਾ ਢਾਹ ਦਿੱਤਾ ਤੇ ਕਿਹਾ ਕਿ ਉਸ ਕੋਲੋਂ ਗਲਤੀ ਹੋ ਗਈ । ਕਿ ਗੁਰੂ ਜੀ ਨੇ ਆਸ਼ੇ ਅਨੁਸਾਰ ਥੜਾ ਨਹੀਂ ਬਣਾ ਸਕਿਆ । ਗੁਰੂ ਜੀ ਫਿਰ ਦੋਵਾਂ ਨੂੰ ਕੋਲ ਸੱਦ ਦੱਸਿਆ ਕਿ ਏਡਾ ਉਚਾ , ਏਡਾ ਚੌੜਾ ਹੋਵੇ । ਦੋਵਾਂ ਫਿਰ ਬੜੀ ਰੀਝ ਨਾਲ ਥੜੇ ਬਣਾਏ । ਜਦੋਂ ਸ਼ਾਮ ਨੂੰ ਭਾਈ ਰਾਮੇ ਦਾ ਥੜਾ ਵੇਖਿਆ ਤਾਂ ਗੁਰੂ ਜੀ ਹੋਰਾਂ ਫਿਰ ਨਾ ਮਨਜ਼ੂਰ ਕਰ ਦਿੱਤਾ ਤੇ ਫਿਰ ਢਾਹ ਕੇ ਬਣਾਉਣ ਲਈ ਕਿਹਾ ਗਿਆ ਤਾਂ ਭਾਈ ਰਾਮਾ ਕਹਿਣ ਲੱਗਾ ਕਿ “ ਤੁਹਾਡੇ ਕਹੇ ਅਨੁਸਾਰ ਤਾਂ ਬਣਾਇਆ ਸੀ । ਹਰ ਲੰਘਣ ਵਾਲਾ ਕਹਿੰਦਾ ਸੀ ਕਿ ਸੋਹਣਾ ਬਣਿਆ ਹੈ । ਇਸ ਨੂੰ ਢਾਹ ਹੋਰ ਕਿਹੋ ਚੰਗਾ ਬਣੇਗਾ । ਇਸ ਤਰ੍ਹਾਂ ਸੁਆਲ ਜਵਾਬ ਕਰਦੇ ਥੜਾ ਢਾਹ ਦਿੱਤਾ । ਮੈ ਕੈਸੇ ਕਹਿ ਦੇਹ ਢਹਾਈ ।। ਇਸ ਤੇ ਅਛਾ ਕਿਆ ਬਣ ਜਾਈ ।।
ਹੁਣ ਭਾਈ ਜੇਠਾ ਜੀ ਨੂੰ ਥੜਾ ਢਾਹ ਕੇ ਬਨਾਉਣ ਲਈ ਕਿਹਾ ਤਾਂ ਜੇਠਾ ਕਿਹਾ ਕਿ “ ਗੁਰੂ ਪਿਤਾ ਜੀ ਅਸੀਂ ਥੋੜੀ ਬੁੱਧੀ ਵਾਲੇ ਹਾਂ ਸੋ ਮੇਰੇ ਪਾਸੋਂ ਗਲਤੀ ਹੋ ਗਈ ਹੈ ਮੈਨੂੰ ਮਤ ਤੇ ਬੁੱਧੀ ਬਖਸ਼ੋ ਕਿ ਆਪ ਦੇ ਦੱਸਣ ਅਨੁਸਾਰ ਬਣਾ ਸਕਾਂ । ‘ ‘ ਜਿਸ ਪ੍ਰਕਾਰ ਕੀ ਦੇਹ ਬਤਾਇ ਹਿਤ ਗਵਾਰਿ ਅਬਹਿ ਬਨਾਇ ॥ ਤੀਜੇ ਦਿਨ ਫਿਰ ਦੋਵੇਂ ਥੜੇ ਬਣਾਏ । ਭਾਈ ਰਾਮੇ ਦਾ ਥੜਾ ਵੇਖਕੇ ਗੁਰੂ ਜੀ ਕਿਹਾ । ‘ ਭਾਈ ਰਾਮੇ । ਜਿਸ ਤਰ੍ਹਾਂ ਦਾ ਬਨਾਉਣ ਲਈ ਤੈਨੂੰ ਕਿਹਾ ਸੀ ਉਸ ਤਰ੍ਹਾਂ ਦਾ ਨਹੀਂ ਬਣਿਆ । ਨਹਿ ਪਸੰਦ ਇਹ ਆਏ ਹਮਾਰੇ । ਜਿਸ ਚਾਹਿਤ ਤਿਮਿ ਨਹੀ ਸੁਧਾਰੇ । ‘ ‘ ਭਾਵ ਰਾਮੇ ਕਿਹਾ ਕਿ “ ਤੁਹਾਡੇ ਦਸਣ ਅਨੁਸਾਰ ਤਾ ਸਾਰਾ ਤਾਣ ਲਾ ਕੇ ਬਣਾਇਆ ਹੈ । ਤੁਹਾਡੀ ਅਵਸਥਾ ਬਿਰਧ ਹੋਣ ਕਰਕੇ ਤੁਸੀਂ ਆਪੇ ਹੀ ਭੁਲ ਜਾਂਦੇ ਹੋ ਕਿ ਥੜਾ ਕਿਸ ਤਰ੍ਹਾਂ ਦਾ ਬਨਾਉਣ ਲਈ ਕਿਹਾ ਗਿਆ ਸੀ ਮੇਰਾ ਭਲਾ ਕੀ ਦੋਸ਼ ਹੈ ਇਸ ਵਿਚ ।
ਗੁਰੂ ਜੀ ਨੇ ਜਦੋਂ ਜੇਠੇ ਨੂੰ ਜਾ ਕੇ ਕਿਹਾ “ ਤੇਰਾ ਥੜਾ ਵੀ ਮੈਨੂੰ ਪਸੰਦ ਨਹੀਂ ਮੇਰੇ ਦਸਣ ਦੇ ਉਲਟ ਬਣਾਇਆ ਹੈ । ਭਾਈ ਜੇਠਾ ਜੀ ਕਿਹਾ ” ਮਹਾਰਾਜ ! ਦਾਸ ਬੇਸਮਝ ਹੈ ਤੇ ਕਮਅਕਲ ਹੈ ਤੁਸੀਂ ਹਮੇਸ਼ਾ ਬਖਸ਼ੰਦ ਹੋ ਦਾਸ ਦੀਆਂ ਗਲਤੀਆਂ ਨੂੰ ਚਿਤਾਰਦੇ ਨਹੀਂ ਹੋ । ਤੁਸੀਂ ਠੀਕ ਦਸਦੇ ਹੋ ਪਰ ਦਾਸ ਮਤਹੀਨ ਹੋਣ ਕਰਕੇ ਵਿਸਰ ਜਾਂਦਾ ਹੈ ਕਿ ਤੁਸੀਂ ਕਿਵੇਂ ਬਣਾਉਣ ਲਈ ਕਿਹਾ ਸੀ । ਆਪਣੀ ਮਿਹਰ ਸਦਕਾ ਠੀਕ ਬਣਵਾ ਲਉ । ” ਇਹ ਨਿਮਰਤਾ ਵਾਲੇ ਸ਼ਬਦ ਸੁਣ ਗੁਰੂ ਜੀ ਬੜੇ ਖੁਸ਼ ਹੋਏ ਤਾਂ ਫੁਰਮਾਇਆ ਕਿ “ ਮੈਂ ਤਾ ਜੇਠੇ ਜੀ ਦੀ ਸੇਵਾ ਤੋਂ ਖੁਸ਼ ਹੋ ਗਿਆ ਹਾਂ ਕਿ ਇਸ ਬੜੀ ਨਿਮਰਤਾ ਤੇ ਆਗਿਆ ਵਿਚ ਰਹਿ ਕੇ ਕੰਮ ਕੀਤਾ ਹੈ : ਇਨ ਕੀ ਸੇਵਾ ਮੋ ਮਨ ਭਾਵੇ । ਆਪਾ ਕਬਹੁ ਨ ਕਹਿ ਜਨਾਵਨ ॥ ਜਿਨ ਦਿਨ ਪ੍ਰੇਮ ਭਗਤਿ ਮਹਿ ਪਾਵਨ । ਸੋ ਬੀਬੀ ਦਾਨੀ ਆਪਣੀ ਭੈਣ ਭਾਨੀ ਤੋਂ ਪਿਛੇ ਰਹਿ ਗਈ । ਬੀਬੀ ਭਾਨੀ ਦੇ ਪਤੀ ਭਾਈ ਜੇਠਾ ਨੂੰ ਗੁਰੂ ਰਾਮਦਾਸ ਬਣਾ ਦਿੱਤਾ ਗਿਆ ਗੁਰਗੱਦੀ ਦੀ ਪ੍ਰੰਪਰਾ ਬਾਰੇ ਭਾਈ ਵੀਰ ਸਿੰਘ ਅਸ਼ਟ ਚਮਤਕਾਰ ‘ ਵਿਚ ਇਵੇਂ ਲਿਖਦੇ ਹਨ ਕਿ ਇਹ ਗੱਦੀ ਨਿਰੀ ਗੁਣਾਂ ਮਾਤਰਾਂ ਨੂੰ ਧਾਰਨ ਕਰਨ ਦੀ ਗੱਦੀ ਨਹੀਂ ਸੀ । ਇਸ ਤੇ ਬੈਠਣ ਵਾਲੇ ਧੁਰੋਂ ਥਾਪੇ ਹੋਏ ਆਉਂਦੇ ਸਨ । ਕੇਵਲ ਵਰਤਾਉ ਵਿਚ ਗੁਣ ਪ੍ਰਗਟ ਹੋ ਕੇ ਸਾਧਾਰਨ ਅੱਖਾਂ ਤੇ ਸੰਗਤਾਂ ਦੇ ਦਿਲਾਂ ਨੂੰ ਤਸੱਲੀ ਦਿੰਦੇ ਸਨ ਕਿ ਜੋ ਕੁਝ ਗੁਰੂ ਕਰਦਾ ਹੈ ਠੀਕ ਕਰਦਾ ਹੈ ।
ਏਥੇ ਗੋਇੰਦਵਾਲ ਜਦੋਂ ਸਮਰਾਟ ਅਕਬਰ ਗੁਰੂ ਅਮਰਦਾਸ ਜੀ ਦੇ ਦਰਸ਼ਨਾਂ ਨੂੰ ਆਇਆ ਤੇ ਗੁਰੂ ਜੀ ਦੇ ਲੰਗਰ ਦੀ ਪ੍ਰਥਾ ਤੋਂ ਪ੍ਰਭਾਵਤ ਹੋ ਕੇ ਲੰਗਰ ਨੂੰ ਚਲਾਉਣ ਲਈ ਕੁਝ ਜਗੀਰ ਦੇਣ ਦੀ ਖਾਹਿਸ਼ ਪ੍ਰਗਟ ਕੀਤੀ ਤਾਂ ਗੁਰੂ ਜੀ ਇਹ ਕਹਿ ਕੇ ਅਸਵੀਕਾਰ ਕਰ ਦਿੱਤੀ ਕਿ ” ਲੰਗਰ ਸਿੱਖਾਂ ਦੇ ਦਸਵੰਧ ਵਿਚੋਂ ਚਲਦਾ ਰਹੇਗਾ । ਇਹ ਕਿਸੇ ਦੀ ਜਾਗੀਰ ਤੇ ਨਿਰਭਰ ਨਹੀਂ ਕਰਦਾ । ਤਾਂ ਇਹ ਜਾਗੀਰ ਬੀਬੀ ਭਾਨੀ ਜੀ ਨੂੰ ਦੇਣ ਦੀ ਪੇਸ਼ਕਸ਼ ਕੀਤੀ ।
ਕੁਛ ਗਾਂਵ ਬੀਬੀ ਕੋ ਦੇਵੇਂ ਸੋ ਨਹਿ ਬਰਜੋ ਮਮ ਮੁਖ ਲੇਵੈਂ ॥
ਫਿਰ ਅੱਗੇ ੮੪ ਪਿੰਡਾਂ ਦਾ ਜ਼ਿਕਰ ਪੰਥ ਪ੍ਰਕਾਸ਼ ਦੇ ਕਰਤਾ ਨੇ ਕੀਤਾ ਹੈ । ਸਮਰਾਟ ਨੇ ਬੀਬੀ ਭਾਨੀ ਜੀ ਆਪਣੀ ਧੀ ਸਮਝ ਇਹ ਪੇਸ਼ਕਸ਼ ਇਵੇਂ ਕੀਤੀ ।
ਪਟਾ ਨ ਲੈਣਾ ਫਟਾ ਗੁਰੂ ਤੱਬ ਭਾਨੀ ਕੋਟੀਓ ॥ ਚੋਰਾਸੀ ਗਾਂਵ ਗੁਰ ਕੋ ਦੀਨੋ ਰਾਮਦਾਸ ਗੁਰ ਗਾਵ ਸੋ ਪਾਏ ॥
ਭਾਈ ਸੰਤੋਖ ਸਿੰਘ ਜੀ ਲਿਖਦੇ ਹਨ ।
ਰਾਮਦਾਸ ਹਿਤ ਗਾਮ ਸਤਿ ਲੀਨ ਗੁਰੂ ਮਹਾਰਾਜ । ਜਾਨ ਭਵਿਖਅਤ ਸਰਬ ਗਤਿ ਬਰਧਨ ਜਥਾ ਸਮਾਜ ।
ਫਿਰ ਅਕਬਰ ਨੇ ਕਿਹਾ :
ਪਟਾ ਪਰਗਨੇ ਕੋ ਲਿਖ ਦੀਨ । ਰਹੀਂ ਗ੍ਰਾਮ ਸਭਿ ਗੁਰੂ ਅਧੀਨ । ਆਦਿ ਝਭਾਲ ਬੀੜ ਜਹਿ ਕਰਯੋ ਬਹੁਤ ਗ੍ਰਾਮ ਅਪ ਮੁਏ ਭਰਯੋ ।। ਆਪਨੇ ਜਨਮ ਸਕਾਰਥ ਜਾਨਾ ਗੁਰੂ ਘਰ ਕੀਤੀ ਸੇਵਾ ਮਹਾਨਾ ।।
ਇਸ ਉਪਰ ਲਿਖੀ ਦੀ ਗਵਾਹੀ ਮੈਕਾਲਫ , ਹਰੀ ਰਾਮ ਗੁਪਤਾ ਤੇ ਖੁਸ਼ਵੰਤ ਸਿੰਘ ਦੀਆਂ ਲਿਖਤਾਂ ਤੋਂ ਮਿਲਦੀ ਹੈ । ਬੀਬੀ ਭਾਨੀ ਜੀ ਦੀ ਸਫਲ ਕੁੱਖੋਂ ਤਿੰਨ ਪੁੱਤਰਾਂ ਨੇ ਜਨਮ ਲਿਆ ਸਭ ਤੋਂ ਵੱਡੇ ਬਾਬਾ ਪ੍ਰਿਥੀ ਚੰਦ , ਮਹਾਂਦੇਵ ਤੇ ਫਿਰ ਸ੍ਰੀ ਅਰਜਨ ਦੇਵ । ਤਿੰਨਾਂ ਪੁੱਤਰਾਂ ਨੂੰ ਹਰ ਵਕਤ ਨੇਕ ਬਨਣ , ਪਿਆਰ ਤੇ ਆਗਿਆ ਵਿਚ ਰਹਿਣ ਦੀ ਸਿੱਖਿਆ ਦਿੱਤੀ ਗਈ । ਬੀਬੀ ਭਾਨੀ ਜੀ ਦੀ ਦਿੱਤੀ ਸਿੱਖਿਆ ਦੇ ਗੁਣ ਸਿਰਫ ਸਭ ਤੋਂ ਛੋਟੇ ਬੱਚੇ ਸ੍ਰੀ ਅਰਜਨ ਦੇਵ ਵਿਚ ਵਿਰਤ ਹੋਏ । ਬਾਕੀ ਦੋਵੇਂ ਭਰਾ ਇਨਾਂ ਗੁਣਾਂ ਤੋਂ ਸਖਣੇ ਹੀ ਰਹਿ ਗਏ । ਪ੍ਰੀਖਿਆ ਵਿਚੋਂ ਪ੍ਰਿਥੀਚੰਦ ਫੇਲ੍ਹ ਹੋ ਗਿਆ ਮਹਾਦੇਵ ਮਸਤ ਸੁਭਾਉ ਕਰਕੇ ਦੁਨੀਆਂ ਦੇ ਪੱਖ ਤੋ ਦੂਰ ਰਿਹਾ ਤਾਂ ਗੁਰਗੱਦੀ ਅਵੱਸ਼ ਹੀ ਸ੍ਰੀ ਅਰਜਨ ਦੇਵ ਜੀ ਨੂੰ ਮਿਲਣੀ ਸੀ ਤਾਂ ਪ੍ਰਿਥੀ ਚੰਦ ਗੁਰੂ ਰਾਮਦਾਸ ਜੀ ਨਾਲ ਝਗੜਾ ਕਰ ਬੈਠਾ ਜਿਸ ਦਾ ਜ਼ਿਕਰ ਗੁਰੂ ਰਾਮਦਾਸ ਜੀ ਸਾਰੰਗ ਮਹਲਾ ੪ ਵਿਚ ਇਵੇਂ ਕਰਦੇ ਹਨ : ਕਾਹੇ ਪੂਤ ਝਗਰਤ ਤਓ ਸੰਗ ਬਾਪ | ਜਿਨ ਕੇ ਜਣੇ ਬਡੀਰੈ ਤੁਮ ਹਉ ਤਿਨ ਸਉ ਝਗਰਤ ਪਾਪ ॥ ਰਹਾਉ ॥ ਇਸ ਝਗੜੇ ਦੀ ਗੱਲ ਕੇਸਰ ਸਿੰਘ ਵੀ ਇੰਝ ਲਿਖਦੇ ਹਨ :
ਪ੍ਰਥੀਏ ਪਿਤਾ ਨਾਲ ਕੀਤਾ ਸੀ ਜਵਾਬ ਅਰਜਨ ਨਿਕੜਾ ਅਸੀਂ ਵਡੇ ਤੂੰ ਅਸਾਡਾ ਬਾਪ ॥ ਅਸਾਂ ਤੇਰੇ ਅਗੇ ਬੇਨਤੀ ਕਰਨੀ ।। ਤਿਨੇ ਪੁਤਰ ਅਸੀ ਹਾਂ ਤੇਰੇ ਸਰਨੀ ॥
ਅੱਗੇ ਫਿਰ ਛਿਬਰ ਲਿਖਦਾ ਹੈ ਗੁਰੂ ਰਾਮ ਜੀ ਪ੍ਰਿਥੀਏ ਨੂੰ ਇਉਂ ਸਮਝਾਉਂਦੇ ਹਨ : – ਇਸ ਨੂੰ ਮੈਂ ਨਹੀਂ ਦਿੱਤੀ ਗੁਰਿਆਈ॥ਏਹ ਥਾਪੀ ਇਸ ਨੂੰ ਨਾਨੇ ਹੈ ਲਾਈ । ਹੁਣ ਗੁਰਗੱਦੀ ਗੁਰੂ ਅਰਜਨ ਦੇਵ ਜੀ ਨੂੰ ਮਿਲ ਗਈ ਤਾਂ ਪ੍ਰਿਥੀਚੰਦ ਨੇ ਰਾਹ ਵਿਚੋਂ ਹੀ ਮਸੰਦਾਂ ਪਾਸੋਂ ਦਸਵੰਧ ਤੇ ਲੰਗਰ ਦੀਆਂ ਵਸਤੂਆਂ ਬੋਚ ਲੈਣੀਆਂ ਤਾਂ ਲੰਗਰ ਮਸਤਾਨਾ ਹੋਣ ਲੱਗਾ ਤਾਂ ਭਾਈ ਗੁਰਦਾਸ ਜੀ ਨੇ ਆ ਕੇ ਲੰਗਰ ਦਾ ਪ੍ਰਬੰਧ ਸੰਭਾਲਿਆ | ਪਰ ਬੀਬੀ ਭਾਨੀ ਜੀ ਨੇ ਹੌਂਸਲਾ ਨਹੀਂ ਹਾਰਿਆ ਨਾ ਹੀ ਹੱਠ ਛੱਡਿਆ । ਸਾਰੇ ਲੰਗਰ ਦੀ ਸੇਵਾ ਤੇ ਕਰੱਤਵ ਆਪਣੇ ਹੱਥਾਂ ਨਾਲ ਪਾਲਦੇ ਰਹੇ । ਬੀਬੀ ਭਾਨੀ ਜੀ ਆਪਣੇ ਆਗਿਆਕਾਰ ਪੁੱਤਰ ਨੂੰ ਇਉਂ ਅਸੀਸ ਦੇਂਦੇ ਹਨ “ ਹੇ ਪੁੱਤਰ ! ਤੈਨੂੰ ਮਾਂ ਇਹ ਅਸੀਸ ਦੇਂਦੀ ਹੈ ਕਿ ਤੈਨੂੰ ਪ੍ਰਭੂ ਅੱਖ ਝਮਕਣ ਦੀ ਸਮੇਂ ਲਈ ਵੀ ਨਾ ਭੁਲੇ।ਤੂੰ ਜਗਤ ਪਾਲਕ ਈਸ਼ਵਰ ਦਾ ਨਾਮ ਜਪਦਾ ਰਹੇ । ਇਸ ਅਸੀਸ ਨੂੰ ਗੁਰੂ ਅਰਜਨ ਦੇਵ ਨੇ ਗੁਰਬਾਣੀ ਵਿੱਚ ਏਵੇਂ ਲਿਖਿਆ ਹੈ : ਪੂਤਾ ਮਾਤਾ ਕੀ ਅਸੀਸ । ਨਿਮਖ ਨ ਬਿਸਰਉ ਤੁਮ ਕਉ ਹਰਿ ਹਰਿ ਸਦਾ ਭਜਹੁ ਜਗਦੀਸ॥ਰਹਾਉ ॥ ਮਾਤਾ ਭਾਨੀ ਜੀ ੧੫੯੮ ਈ . ਨੂੰ ਤਰਨ ਤਾਰਨ ਵਿਖੇ ਪ੍ਰਲੋਕ ਸਿਧਾਰ ਗਏ । ਗੁਰੂ ਅਰਜਨ ਦੇਵ ਜੀ ਜਿਥੇ ਇਨਾਂ ਦਾ ਅੰਗੀਠਾ ਬਣਾਇਆ । ਉਥੇ ਹੀ ਇਨ੍ਹਾਂ ਦੀ ਯਾਦ ਇਕ ਖੂਹ ਲਵਾਇਆ । ਜਿਸ ਨਾਲ ਲਾਗੇ ਇਕ ਬਾਗ ਵੀ ਲਾਇਆ ਸੀ । ਪਰ ਹੁਣ ਪੁਰਾਣਾ ਨਿੱਕਾ ਜਿਹਾ ਗੁਰਦੁਆਰਾ ਢਾਹ ਕੇ ਇਕ ਵੱਡਾ ਸੁੰਦਰ ਗੁਰਦੁਆਰਾ ਬਣਾਇਆ ਗਿਆ ਹੈ । ਬੀਬੀ ਭਾਨੀ ਜੀ ਸਰਬ ਗੁਣਾਂ ਦੇ ਭੰਡਾਰ ਸਨ । ਆਪ ਮਿਲਾਪੜੇ ਸਹਿਯੋਗੀ , ਸੇਵਾ ਸਿਮਰਨ ਦੀ ਮੂਰਤ , ਸਹਿਣਸ਼ੀਲ , ਸੰਜਮੀ ਗਹਿਰ ਗੰਭੀਰ , ਧੀਰਜਵਾਨ , ਸਬਰ ਤੇ ਸੰਤੋਖ ਭਰਪੂਰ ਮਿੱਠਬੋਲੜੇ , ਨਿਮਰਤਾ , ਆਗਿਆਕਾਰੀ , ਪਰਉਪਕਾਰੀ , ਸਦਾਚਾਰੀ ਦੇ ਪੁੰਜ ਸਨ । ਪ੍ਰਭੂ ਭਾਣੈ ਤੇ ਉਸ ਦੀ ਰਜ਼ਾ ਵਿਚ ਰਹਿ ਕੇ ਸਮਾਜ ਲਈ ਜੋ ਕੁਝ ਅਰਪਨ ਕਰ ਸਕਦੇ ਸਨ ਕੀਤਾ । ਆਪ ਦਾ ਜੀਵਨ ਆਉਣ ਵਾਲੀ ਪੀੜੀ ਲਈ ਇਕ ਆਦਰਸ਼ਕ ਤੇ ਚਾਣਨ ਮੁਨਾਰੇ ਦਾ ਕੰਮ ਦੇਂਦਾ ਹੈ । ਆਪਣੇ ਇਹ ਗੁਣ ਆਪਣੇ ਲਾਡਲੇ ਗੁਰੂ ਅਰਜਨ ਦੇਵ ਜੀ ਵਿਚ ਪ੍ਰਚਲਤ ਕਰ ਗਏ ਜਿਹੜੇ ਸਿੱਖ ਇਤਿਹਾਸ ਵਿਚ ਮਹਾਨ ਕੁਰਬਾਨੀ ਕਰ ਗਏ । ਆਪ ਇਕ ਮਹਾਨ ਸ਼ਹੀਦ ਦੇ ਮਾਤਾ ਸਨ । ਮਾਤਾ ਜੀ ਤੁਹਾਨੂੰ ਲਖ ਲਖ ਪ੍ਰਨਾਮ !
ਦਾਸ ਜੋਰਾਵਰ ਸਿੰਘ ਤਰਸਿੱਕਾ ।