27 ਦਸੰਬਰ ਛੋਟੇ ਸਾਹਿਬਜ਼ਾਦਿਆਂ ਦਾ ਦੂਜਾ ਦਿਨ ਕਚਹਿਰੀ ਵਿੱਚ
ਦੂਜਾ ਦਿਨ ਕਚਹਿਰੀ ਵਿੱਚ …….12 ਪੋਹ 27 ਦਸੰਬਰ (date as per sgpc)
ਸਾਰੀ ਰਾਤ ਦਾਦੀ ਦੀ ਗੋਦੀ ਵਿੱਚ ਸਾਹਿਬਜ਼ਾਦਿਆਂ ਨੇ ਕੱਟੀ, ਮਾਤਾ ਗੁਜਰ ਕੌਰ ਕਦੇ ਉਹਨਾਂ ਦੇ ਹੱਥਾਂ ਨੂੰ ਮਲਦੀ ਹੈ, ਕਦੇ ਪੈਰਾਂ ਨੂੰ ਅਤੇ ਨਾਲ ਨਾਲ ਆਪਣੇ ਇਤਿਹਾਸ ਦੀਆਂ ਸਾਖੀਆਂ ਸੁਣਾ ਕੇ ਉਹਨਾਂ ਨੂੰ ਹੋਰ ਮਜਬੂਤ ਅਤੇ ਨਿਗ ਦੇ ਰਹੇ ਹਨ ।
(ਦੋਸਤੋ ਸਿਆਲਾਂ ਦੀਆਂ ਤਾਂ ਰਾਤਾਂ ਹੀ ਐਨੀਆਂ ਲੰਬੀਆਂ ਹੁੰਦੀਆਂ ਨੇ ਕਿ ਮੁੱਕਣ ਤੇ ਨਹੀਂ ਆਉਂਦੀਆਂ, ਉਹ ਵੀ ਜਦ ਬਾਹਰ ਬੈਠੇ ਹੋਈਏ, ਹਥ ਪੈਰ ਸੁੰਨ ਹੋ ਜਾਂਦੇ ਨੇ, ਕੜਾਕੇ ਦੀ ਠੰਡ ਵਿੱਚ ਤਾਂ ਬਿਨਾਂ ਅੱਗ ਦੇ ਤਾਂ ਹਥ ਪੈਰ ਵੀ ਸਿੱਧੇ ਨਹੀਂ ਹੁੰਦੇ, ਧੰਨ ਹਨ ਸਾਹਿਬਜ਼ਾਦੇ ਜੋ ਨਿੱਕੀਆਂ ਨਿੱਕੀਆਂ ਉਮਰਾਂ ਵਿੱਚ ਵੀ ਜ਼ਰਾ ਜਿਹਾ ਵੀ ਡੋਲੇ ਨਹੀਂ, ਡੋਲਣ ਵੀ ਕਿਵੇਂ, ਉਹਨਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਖੂਨ ਅਤੇ ਰਗਾਂ ਵਿੱਚ ਦਾਦੇ ਦੀ ਸ਼ਹਾਦਤ, ਦਾਦੀ ਦੀ ਸਿੱਖਿਆ ਅਤੇ ਰੋਮ ਰੋਮ ਵਿੱਚ ਗੁਰਬਾਣੀ ਵੱਸੀ ਹੋਈ ਹੈ ।)
ਸਵੇਰ ਹੋਈ ਤਾਂ ਸਿਪਾਹੀ ਫਿਰ ਸਾਹਿਬਜ਼ਾਦਿਆਂ ਨੂੰ ਲੈਣ ਲਈ ਆਏ, ਦਾਦੀ ਨੇ ਸਾਹਿਬਜ਼ਾਦਿਆਂ ਨੂੰ ਘੁਟ ਸੀਨੇ ਨਾਲ ਲਾ ਕੇ ਫ਼ਤਿਹ ਦੀ ਅਸੀਸ ਦਿੱਤੀ, ਸਾਹਿਬਜ਼ਾਦਿਆਂ ਨੇ ਵੀ ਦਾਦੀ ਨੂੰ ਕਿਹਾ ਕਿ ਦਾਦੀ ਜੀ ਤੁਸੀ ਜ਼ਰਾ ਵੀ ਫਿਕਰ ਨਾ ਕਰਨਾ, ਅਸੀਂ ਤੁਹਾਡੀ ਦੱਸੀ ਹੋਈ ਹਰੇਕ ਗੱਲ ਨੂੰ ਯਾਦ ਰੱਖਾਂਗੇ, ਅਤੇ ਆਪਣੇ ਦਾਦਾ ਜੀ ਦਾ ਸਿਰ ਉੱਚਾ ਕਰਕੇ ਆਵਾਂਗੇ ।
ਕਚਹਿਰੀ ਵਿੱਚ ਅੱਜ ਖਾਸ ਤੌਰ ਤੇ ਸ਼ੇਰ ਮਹੁੰਮਦ ਖਾਨ ਨੂੰ ਵੀ ਬੁਲਾਇਆ ਗਿਆ ਸੀ, ਨਵਾਬ ਵਜ਼ੀਰ ਖ਼ਾਨ ਨੇ ਸ਼ੇਰ ਮੁਹੰਮਦ ਨੂੰ ਕਿਹਾ ਕਿ ਸ਼ੇਰ ਮਹੁੰਮਦ ਅੱਜ ਤੇਰੇ ਕੋਲ ਇੱਕ ਸੁਨਹਿਰੀ ਮੌਕਾ ਹੈ ਆਪਣੇ ਭਰਾ ਦਾ ਬਦਲਾ ਲੈਣ ਲਈ, ਦੇਖ ਤੇਰੇ ਸਾਮ੍ਹਣੇ ਤੇਰੇ ਦੁਸ਼ਮਨ ਦੇ ਲਾਲ ਖੜ੍ਹੇ ਨੇ, ਤੂੰ ਜੋ ਚਾਹੇ ਇਨ੍ਹਾਂ ਨੂੰ ਸਜਾ ਦੇ ਸਕਦਾ ਹੈ ਸਾਡੇ ਵੱਲੋਂ ਕੋਈ ਇਤਰਾਜ਼ ਨਹੀਂ ਹੈ
ਤਾਂ ਸ਼ੇਰ ਮਹੁੰਮਦ ਨੇ ਉਹਨਾਂ ਦੇ ਦਗ ਦਗ ਕਰਦੇ ਚੇਹਰੇ ਵੇਖੇ ਤਾਂ ਤੱਕਦਾ ਹੀ ਰਹਿ ਗਿਆ, ਐਨਾ ਨੂਰ ਸੀ ਸਾਹਿਬਜ਼ਾਦਿਆਂ ਦੇ ਚੇਹਰੇ ਤੇ, ਸ਼ੇਰ ਮੁਹੰਮਦ ਨੇ ਕਿਹਾ ਕਿ ਨਵਾਬ ਜੀ, ਇਹ ਠੀਕ ਹੈ ਕਿ ਮੇਰਾ ਗੋਬਿੰਦ ਨਾਲ ਵੈਰ ਹੈ, ਅਤੇ ਮੈਂ ਉਸਨੂੰ ਸਜ਼ਾ ਵੀ ਦੇਣਾ ਚਾਹੁੰਦਾ ਹਾਂ ਪਰ ਮੇਰੇ ਇਹਨਾਂ ਬੱਚਿਆਂ ਨੇ ਕੁਝ ਨਹੀਂ ਵਿਗਾੜਿਆ, ਇਹ ਤਾਂ ਮਾਸੂਮ ਅਤੇ ਬੇਕਸੂਰ ਨੇ ਅਤੇ ਇਸਲਾਮ ਵੀ ਬੱਚਿਆਂ ਤੇ ਔਰਤਾਂ ਤੇ ਜ਼ੁਲਮ ਕਰਨ ਤੋਂ ਰੋਕਦਾ ਹੈ, ਫਿਰ ਮੈਂ ਇਹ ਪਾਪ ਕਿਉਂ ਕਰਾਂ, ਮੇਰੀ ਮੰਨੋ ਤਾਂ ਇਹਨਾਂ ਨਾਂ ਬਰੀ ਕਰ ਦੇਵੋ, ਮੈਂ ਵੀ ਇਹਨਾਂ ਨੂੰ ਕੋਈ ਸਜਾ ਨਹੀਂ ਦੇਣੀ ਚਾਹੁੰਦਾ, ਮੈਂ ਆਪਣੀ ਲੜਾਈ ਖੁਦ ਲੜ ਲਵਾਂਗਾ ।
ਨਵਾਬ ਨੂੰ ਇਹ ਸਭ ਸੁਣਕੇ ਬਹੁਤ ਗੁੱਸਾ ਆਇਆ ਤੇ ਦੂਜੇ ਪਾਸੇ ਸਾਹਿਬਜ਼ਾਦੇ ਸ਼ੇਰ ਮੁਹੰਮਦ ਵੱਲ ਵੇਖਕੇ ਮੁਸਕਾ ਰਹੇ ਸਨ ਅਤੇ ਕਿਹਾ ਕਿ ਅੱਜ ਤੁਸੀ ਸੱਚੇ ਮੁਸਲਮਾਨ ਹੋਣ ਦਾ ਸਬੂਤ ਦਿੱਤਾ ਹੈ, ਇਥੇ ਤਾਂ ਜਿੰਨ੍ਹੇ ਵੀ ਮੁਸਲਮਾਨ ਬੈਠੇ ਨੇ ਇਹ ਸਾਰੇ ਦੇ ਸਾਰੇ ਸਿਰਫ ਲਿਬਾਸ ਤੋ ਵੀ ਮੁਸਲਿਮ ਨਜ਼ਰ ਆ ਰਹੇ ਨੇ ਪਰ ਅੰਦਰ ਇਨ੍ਹਾਂ ਦੇ ਤਾਂ ਸ਼ੈਤਾਨ ਬੈਠਾ ਹੈ, ਪਰ ਅੱਜ ਖੁਸ਼ੀ ਹੋਈ ਕਿ ਇਸ ਦਰਬਾਰ ਵਿੱਚ ਅਜੇ ਵੀ ਕਿਸੇ ਵਿੱਚ ਦੀਨ ਬਾਕੀ ਹੈ । ਤੁਹਾਡੇ ਇਸ ਹਾਅ ਦੇ ਨਾਅਰੇ ਨੂੰ ਦੁਨੀਆ ਯਾਦ ਰੱਖੇਗੀ ।
ਨਵਾਬ ਨੇ ਕਿਹਾ ਕਿ ਸ਼ੇਰ ਮੁਹੰਮਦ ਤੂੰ ਇਹਨਾਂ ਨੂੰ ਮਾਫ ਕਰ ਸਕਦਾ ਹੈ ਪਰ ਮੈਂ ਨਹੀਂ, ਉਸੇ ਸਮੇਂ ਕਾਜ਼ੀ ਨੂੰ ਕਿਹਾ ਕਿ ਤੁਸੀ ਫਤਵਾ ਸੁਣਾਉ, ਮੈਂ ਇਨ੍ਹਾਂ ਕਾਫਰਾਂ ਨੂੰ ਜੀਉਂਦੇ ਨਹੀਂ ਵੇਖਣਾ ਚਾਹੁੰਦਾ, (ਕਾਜ਼ੀ ਜੋ ਕਿ ਰਿਸ਼ਵਤ ਲੈ ਕਿ ਫ਼ਤਵਾ ਸੁਣਾ ਰਿਹਾ ਸੀ) ਫ਼ਤਵਾ ਤਾਂ ਉਸਨੇ ਪਹਿਲਾਂ ਹੀ ਤਿਆਰ ਕਰਕੇ ਰੱਖਿਆ ਸੀ, ਉਸਨੇ ਫ਼ਤਵਾ ਨਵਾਬ ਦੇ ਹੱਥ ਵਿੱਚ ਫੜਾਇਆ ਅਤੇ ਨਵਾਬ ਨੇ ਫ਼ਤਵਾ ਪੜ੍ਹ ਕੇ ਸੁਣਾਇਆ ਕਿ ਇਨਾਂ ਨੂੰ ਜੀਉਂਦਾ ਨੀਹਾਂ ਵਿੱਚ ਚਿਣ ਦਿੱਤਾ ਜਾਵੇ ।
ਨਵਾਬ ਨੇ ਫਿਰ ਸਾਹਿਬਜ਼ਾਦਿਆਂ ਨੂੰ ਕਿਹਾ ਕਿ ਹੁਣ ਤੁਹਾਡੀ ਮੌਤ ਨਿਸ਼ਚਿਤ ਹੈ, ਜੇ ਤੁਸੀ ਬਚਨਾ ਚਾਹੁੰਦੇ ਹੋ ਤਾਂ ਮੇਰੀ ਗੱਲ ਮੰਨ ਲਉ, ਇਸਲਾਮ ਕਬੂਲ ਕਰ ਲਉ ਨਹੀਂ ਤਾਂ ਮਾਰੇ ਜਾਉਂਗੇ
ਸਾਹਿਬਜ਼ਾਦਿਆਂ ਨੇ ਕਿਹਾ ਕਿ “ਮਰਣੁ ਲਿਖਾਇ ਮੰਡਲ ਮਹਿ ਆਏ ॥“ ਇਥੇ ਸਦਾ ਲਈ ਕੋਈ ਵੀ ਨਹੀਂ ਰਹੇਗਾ, ਹਰੇਕ ਇਸ ਧਰਤੀ ਤੇ ਆਉਣ ਵਾਲਾ ਪ੍ਰਾਣੀ ਅਪਨੀ ਮੌਤ ਲਿਖਵਾਂ ਕਿ ਲਿਆਉਂਦੇ ਹੈ, ਅੱਜ ਸਾਡੀ ਤੇ ਕਲ ਤੇਰੀ ਹੋਏਗੀ ।
ਨਵਾਬ ਨੇ ਕਿਹਾ ਕਿ ਸਾਡੀ ਮੌਤ ਤੇ ਤੁਹਾਡੀ ਮੌਤ ਵਿੱਚ ਫਰਕ ਹੈ
ਸਾਹਿਬਜ਼ਾਦਿਆਂ ਨੇ ਕਿਹਾ, ਹਾਂ ਬਹੁਤ ਫਰਕ ਹੈ, ਅਸੀਂ ਬਹਾਦਰਾਂ ਵਾਲੀ ਮੌਤ ਮਰਾਂਗੇ ਪਰ ਤੂੰ ਤਾਂ ਜੀਉਂਦਾ ਹੀ ਮਰਿਆ ਹੋਇਆ ਹੈ, ਤੇਰੇ ਅੰਦਰੋਂ ਤਾਂ ਆਤਮਾ ਹੀ ਖ਼ਤਮ ਹੀ ਹੋ ਚੁੱਕੀ ਹੈ, ਬਸ ਉਹ ਦਿਨ ਬਾਕੀ ਹੈ ਜਦ ਤੇਰੇ ਪਾਪ ਹੀ ਤੇਰਾ ਗਲਾ ਘੁੱਟ ਦੇਣਗੇ ।
ਨਵਾਬ ਨੇ ਕਿਹਾ ਤੁਹਾਡੇ ਭਰਾਵਾਂ ਨੂੰ ਵੀ ਕਫ਼ਨ ਨਸੀਬ ਨਹੀਂ ਹੋਇਆ ਤੇ ਤਹਾਨੂੰ ਵੀ ਸਰਹਿੰਦ ਦੀਆਂ ਗਲੀਆਂ ਵਿੱਚ ਮਰਿਆ ਸੁੱਟ ਦੇਵਾਂਗਾਂ ।
ਸਾਹਿਬਜ਼ਾਦਿਆਂ ਨੇ ਗੁਰਬਾਣੀ ਸੁਣਾਈ ਕਿ ਕਬੀਰਾ ਮਰਤਾ ਮਰਤਾ ਜਗੁ ਮੁਆ ਮਰਿ ਭਿ ਨ ਜਾਨੈ ਕੋਇ ॥ ਐਸੀ ਮਰਨੀ ਜੋ ਮਰੈ ਬਹੁਰਿ ਨ ਮਰਨਾ ਹੋਇ ॥੧॥
ਦੁਨੀਆ ਤਾਂ ਹਰ ਰੋਜ਼ ਮਰਦੀ ਹੈ ਪਰ ਮਰੋ ਤਾਂ ਇੰਝ ਕਿ ਫਿਰ ਉਸਤੋ ਬਾਅਦ ਕੋਈ ਮਰਨ ਨਾ ਹੋਏ, ਤੂੰ ਸਾਡੀ ਫਿਕਰ ਨਾ ਕਰ, ਅਸੀ ਤਾਂ ਜਿੰਦਗੀ-ਮੌਤ, ਦੁੱਖ-ਸੁਖ, ਡਰ-ਤਕਲੀਫ, ਖੁਸ਼ੀ-ਗਮੀ ਇਹਨਾਂ ਸਭ ਤੋਂ ਉਤਾਂਹ ਹਾਂ, ਸਾਨੂੰ ਮੌਤ ਵੀ ਜਿੰਦਗੀ ਵਾਂਗ ਹੀ ਪਿਆਰੀ ਹੈ
ਨਵਾਬ ਹੁਣ ਜਿਆਦਾ ਨਹੀਂ ਸੁਣ ਸਕਦਾ ਸੀ, ਉਸਨੇ ਹੁਕਮ ਕੀਤਾ ਕਿ ਇਹਨਾਂ ਨੂੰ ਹੁਣੇ ਹੀ ਨੀਹਾਂ ਵਿੱਚ ਚਿਣ ਦਿੱਤਾ ਜਾਏ ਤਾਂ ਜੋ ਇਹਨਾਂ ਦੀ ਸਾਰੀ ਆਕੜ ਭੰਨੀ ਜਾ ਸਕੇ ………. ਪਰ ਉਸ ਵੇਲੇ ਕੋਈ ਵੀ ਜ਼ਲਾਦ ਜਾਂ ਮਿਸਤਰੀ ਇਹ ਸਭ ਕਰਨ ਲਈ ਤਿਆਰ ਨਹੀੰ ਹੋ ਰਿਹਾ ਸੀ, ਕਿਉਕਿ ਐਨੇ ਨਿੱਕੇ ਨਿੱਕੇ ਬੱਚਿਆਂ ਨੂੰ ਕੌਣ ਚਿਣੇ, ਐਡਾ ਕਲੇਜਾ ਕਿਸੇ ਦਾ ਵੀ ਨਹੀਂ ਸੀ, ਅੰਤ ਸਾਹਿਬਜ਼ਾਦਿਆਂ ਨੂੰ ਵਾਪਸ ਠੰਡੇ ਬੁਰਜ ਵਿੱਚ ਭੇਜਿਆ ਗਿਆ ਅਤੇ ਜਲਦੀ ਤੋ ਜਲਦੀ ਜਲਾਦਾਂ ਦਾ ਪ੍ਰਬੰਧ ਕਰਨ ਲਈ ਆਦੇਸ਼ ਦਿੱਤੇ ਗਏ
ਸਾਹਿਬਜ਼ਾਦੇ ਬੁਰਜ ਵਿੱਚ ਪਹੁੰਚ ਕੇ ਮਾਤਾ ਜੀ ਨੂੰ ਸਾਰੀ ਗੱਲ ਸੁਣਾਈ ਤਾਂ ਦਾਦੀ ਦਾ ਰੁਗ ਭਰ ਆਇਆ ਅਤੇ ਕਿਹਾ, ਕਿ ਤੁਸਾਂ ਰੱਖ ਵਖਾਈ ਏ ਪੁੱਤਰੋ, ਤੁਸੀ ਆਪਣੇ ਦਾਦੇ ਦਾ ਸਚਮੁਚ ਸਿਰ ਉੱਚਾ ਕਰ ਦਿੱਤਾ ਹੈ, ਕਰਤਾਰ ਤੁਹਾਡੇ ਅੰਗ ਸੰਗ ਸਹਾਈ ਹੋਵੇ ।
ਇਸ ਰਾਤ ਨੂੰ ਕੱਟਣਾ ਕੋਈ ਸੌਖਾ ਨਹੀਂ ਸੀ, ਸਾਹਿਬਜ਼ਾਦਿਆਂ ਨੂੰ ਵੇਖ ਕਿ ਇੰਝ ਲਗ ਰਿਹੀ ਸੀ ਜਿਵੇਂ ਉਹਨਾਂ ਨੂੰ ਸ਼ਹੀਦੀਆਂ ਦਾ ਚਾਅ ਸੀ, ਕਿ ਅਸੀਂ ਉਹ ਕਰਨ ਜਾ ਰਹੇ ਹਾਂ ਜੋ ਸਾਡੇ ਦਾਦਾ ਜੀ ਨੇ ਕੀਤਾ ਅਤੇ ਜੋ ਸਾਡੇ ਪੁਰਖਾਂ ਨੇ ਕੀਤਾ, ਉਹ ਆਪਣੇ ਆਪ ਨੂੰ ਉਹਨਾਂ ਦੀ ਗੋਦ ਵਿੱਚ ਪਾ ਰਹੇ ਸਨ,
ਮਾਤਾ ਗੁਜਰ ਕੌਰ ਜੀ ਉਹਨਾਂ ਦੇ ਚਿਹਰੇ ਵੇਖ ਕੇ ਫ਼ਖ਼ਰ ਮਹਿਸੂਸ ਕਰ ਰਹੀ ਸੀ, ਅਤੇ ਉਹਨਾਂ ਨੂੰ ਇੰਝ ਪ੍ਰਤੀਤ ਹੋ ਰਿਹਾ ਸੀ ਜਿਵੇਂ ਉਹਨਾਂ ਨੇ ਇੱਕ ਬਹੁਤ ਵੱਡੀ ਜੰਗ ਜਿੱਤ ਲਈ ਹੋਵੇ, ਬਿਨਾਂ ਕੋਈ ਤੀਰ ਤਲਵਾਰ ਚਲਾਏ ਸਾਰੇ ਵੈਰੀਆਂ ਨੂੰ ਚਿਤ ਕਰ ਦਿੱਤਾ ਹੋਵੇ, ਇਹ ਜਿੱਤ ਵਿੱਚ ਦਾਦੀ ਨੇ ਆਪਣੇ ਸਾਹਿਬਜ਼ਾਦਿਆਂ ਨੂੰ ਹੋਰ ਸਾਖੀਆਂ ਅਤੇ ਗੁਰਬਾਣੀ ਰਾਂਹੀ ਤੇਜ਼ ਕੀਤਾ, ਰਾਤ ਨੂੰ ਰਹਿਰਾਸ ਅਤੇ ਸੋਹਿਲਾ ਪੜਿਆ ਅਤੇ ਸਵੇਰੇ ਨਿਤਨੇਮ ਕਰਨ ਤੋ ਬਾਅਦ ਦਾਦੀ ਜੀ ਨੇ ਪੋਤਿਆਂ ਨੂੰ ਬੜੇ ਚਾਵਾਂ ਨਾਲ ਤਿਆਰ ਕੀਤਾ, ਉਹਨਾਂ ਨੂੰ ਪਤਾ ਸੀ ਕਿ ਅੱਜ ਇਹ ਆਖ਼ਰੀ ਮੁਲਾਕਾਤ ਹੈ ਪਰ ਕੋਈ ਘਬਰਾਹਟ ਨਹੀਂ ਸੀ, ਬਲਕਿ ਰੋਮ ਰੋਮ ਸ਼ੁਕਰਾਨਾ ਕਰ ਰਹੀ ਸੀ ਕਿ ਅਸੀਂ ਤਿੰਨੇ ਹੀ ਆਪਣੇ ਇਮਤਿਹਾਨਾ ਵਿੱਚ ਪਾਸ ਹੋਣ ਜਾ ਰਹੇ ਹਾਂ, ਉਹਨਾਂ ਦੇ ਸਿਰ ਤੇ ਕਰਤਾਰ ਦਾ ਹੱਥ ਸੀ, ਉਹਨਾਂ ਦੇ ਚਿਹਰਿਆਂ ਤੇ ਜਲਾਲ ਸੀ ਤੇ ਦੁਸ਼ਮਨਾਂ ਦੇ ਚਿਹਰਿਆਂ ਤੇ ਨਾਮੌਸ਼ੀ ਛਾਈ ਪਈ ਸੀ ਕਿਉਕਿ ਉਹ ਨਿੱਕੇ ਨਿੱਕੇ ਸਾਹਿਬਜ਼ਾਦਿਆਂ ਕੋਲੋ ਹਾਰ ਗਏ ਸਨ
ਅਗਲਾ ਦਿਨ —
ਜਦ ਸਾਹਿਬਜ਼ਾਦਿਆਂ ਨੂੰ ਮੁੜ ਨਵਾਬ ਦੀ ਕਚਹਿਰੀ ਵਿੱਛ 13 ਪੋਹ ਨੂੰ ਪੇਸ਼ ਕੀਤਾ ਤਾਂ ਨਵਾਬ ਨੇ ਉਨਾਂ ਨੂੰ ਪੁੱਛਿਆ, ਕਿਉ ਬਚਿਓ ਤੁਹਾਡੀ ਕੀ ਇਰਾਦਾ ਹੈ ? ਦੀਨ ਕਬੂਲਦੇ ਹੋ ਕਿ ਤਹਾਨੂੰ ਨੀਹਾਂ ਵਿੱਚ ਚਿਣਵਾ ਦਿੱਤਾ ਜਾਏ
ਦੋਵੇ ਸਾਹਿਬਜ਼ਾਦੇ ਨਿਧੜਕ ਬੋਲੇ, ਅਸੀਂ ਕਦੇ ਵੀ ਧਰਮ ਨਹੀਂ ਤਿਆਗਾਂਗੇ
ਇਹ ਸੁਣ ਕਿ ਨਵਾਬ ਅਚੰਭਿਤ ਹੋ ਗਿਆ, ਉਸਦਾ ਇੱਕ ਅਹਿਲਕਾਰ ਅੱਗੇ ਆਇਆ ਤੇ ਕਹਿਣ ਲੱਗ ਕਿ ਹਜ਼ੂਰ ਜੱਲਾਦ ਸ਼ਾਸ਼ਲ ਬੇਗ ਤੇ ਵਾਸ਼ਲ ਬੇਗ ਕਚਹਿਰੀ ਵਿੱਚ ਪੇਸ਼ ਹਨ, ਜੇ ਤੁਸੀ ਇਹਨਾਂ ਨੂੰ ਬਰੀ ਕਰ ਦਿਉ ਤਾਂ ਇਹ ਇਨ੍ਹਾਂ ਬੱਚਿਆਂ ਨੂੰ ਨੀਹਾਂ ਵਿੱਚ ਚਿਣਨ ਲਈ ਤਿਆਰ ਹਨ
ਨਵਾਬ ਨੇ ਹੁਕਮ ਦਿੱਤਾ ਕਿ ਇਹਨਾਂ ਜੱਲਾਦਾਂ ਦਾ ਮੁਕਦਮਾ ਬਰਖ਼ਾਸਤ ਕੀਤਾ ਜਾਂਦਾ ਹੈ ਅਤੇ ਇਹ ਦੋਵੇ ਬਾਲ ਇਨ੍ਹਾਂ ਦੇ ਹਵਾਲੇ ਕੀਤੇ ਜਾਣ
ਸਿਪਾਹੀ ਦੋਹਾਂ ਸਾਹਿਬਜ਼ਾਦਿਆਂ ਨੂੰ ਕਚਹਿਰੀ ਤੋਂ ਬਾਹਰ ਲੈ ਆਏ, ਲੋਕਾਂ ਦੀ ਭੀੜ ਜੁੜ ਗਈ, ਮਰਦ ਤੇ ਔਰਤਾਂ ਇਹ ਸੁਣ ਕੇ ਹੈਰਾਨ ਸਨ ਕਿ ਇਨ੍ਹਾਂ ਮਾਸੂਮ ਬੱਚਿਆਂ ਨੂੰ ਜਿੰਦਾ ਦੀਵਾਰਾਂ ਵਿੱਚ ਚਿਣੇ ਜਾਣ ਦੀ ਸਜ਼ਾ ਮਿਲੀ ਹੈ ….
ਏਧਰੋ ਅਵਾਜਾਂ ਆ ਰਹੀਆਂ ਸਨ
“ਕੀ ਜ਼ੁਰਮ ਕੀਤਾ ਏ ਇਨ੍ਹਾਂ ਨਿਆਣਿਆ ਨੇ ?”
“ਹਨੇਰ ਸਾਈਂ ਦਾ, ਕਿੱਡਾ ਜੁਲਮ ਏ ”
“ਨੀ ਭੈਣੋ, ਦੇਖ ਕਿੱਡੇ ਬੇਖੌਫ ਨੇ ਇਹ ਬਾਲਕ”
“ਗੁਰੂ ਗੋਬਿੰਦ ਸਿੰਘ ਦੇ ਬਹਾਦਰ ਸਪੂਤ ਨੇ ”
ਲੋਕੀਂ ਉਂਗਲਾਂ ਟੁਕ ਰਹੇ ਸਨ, ਸਿਪਾਹੀ ਵਾਹੋ ਦਾਹੀ ਉਹਨਾਂ ਨੂੰ ਅੱਗੇ ਲਿਜਾ ਰਹੇ ਸਨ, ਲੋਕਾਂ ਦੀਆਂ ਗੱਲ਼ਾਂ ਸੁਣ ਕੇ ਸਿਰ ਨੀਵਾਂ ਪਾਈ ਸਿਪਾਹੀ ਟੁਰੇ ਜਾ ਰਹੇ ਸਨ, ਜਿਵੇਂ ਉਹ ਵੀ ਅੰਦਰੋਂ ਅੰਦਰੀ ਦੁੱਖੀ ਹੋਣ ਕਿ ਸਾਡੇ ਹੱਥੋ ਕੇਡਾ ਜੁਲਮ ਹੋਣ ਜਾ ਰਿਹਾ ਹੈ ।
ਸਾਹਿਬਜ਼ਾਦਿਆਂ ਨੂੰ ਉੱਥੇ ਲਿਆਂਦਾ ਗਿਆ ਜਿਥੇ ਦੀਵਾਰ ਉਸਾਰੀ ਜਾ ਰਹੀ ਸੀ, ਦੋਹਾਂ ਸਾਹਿਬਜ਼ਾਦਿਆਂ ਨੂੰ ਕਾਜ਼ੀ ਦੇ ਕਹਿਣ ਤੇ ਉਸ ਦੀਵਾਰ ਵਿੱਚ ਖੜਾ ਕਰ ਦਿੱਤਾ, ਕਾਜ਼ੀ ਨੇ ਫਿਰ ਕਿਹਾ ਕਿ ਦੀਨ ਕਬੂਲ ਲਵੋਂ, ਕਿਉਂ ਆਪਣੀਆਂ ਨਿੱਕੀਆਂ ਜਹੀਆਂ ਜਿੰਦਾਂ ਅਜ਼ਾਈ ਗੁਆਂਦੇ ਹੋ ?
ਸਾਹਿਬਜ਼ਾਦਿਆਂ ਨੇ ਨਾਂਹ ਕੀਤੀ
ਜਲਾਦਾਂ ਨੇ ਵੀ ਸਾਹਿਬਜ਼ਾਦਿਆਂ ਨੂੰ ਕਿਹਾ ਕਿ ਤੁਸੀ ਮੰਨ ਜਾਉ, ਕਿਉਂ ਮਰਨ ਲੱਗੇ ਹੋ
ਤਾਂ ਸਾਹਿਬਜ਼ਾਦੇ ਅੱਗੋਂ ਕਹਿਣ ਲੱਗੇ ਕਿ ਤੁਸੀ ਜਲਦੀ ਜਲਦੀ ਮੁਗਲ ਰਾਜ ਦਾ ਖਾਤਮਾ ਕਰੋ, ਇਹ ਪਾਪਾਂ ਦੀ ਦੀਵਾਰ ਨੂੰ ਹੋਰ ਉੱਚੀ ਕਰੋ, ਢਿਲ ਕਿਉਂ ਕਰਦੇ ਹੋ, ਇਹ ਕਹਿ ਕਿ ਸਾਹਿਬਜ਼ਾਦਿਆਂ ਨੇ ਜਪੁਜੀ ਸਾਹਿਬ ਦਾ ਪਾਠ ਸ਼ੁਰੂ ਕਰ ਦਿੱਤਾ ਤੇ ਜਲਾਦਾਂ ਨੇ ਦੀਵਾਰੀ ਦੀ ਚਿਣਾਈ ਸ਼ੁਰੂ ਕਰ ਦਿੱਤੀ
ਦੀਵਾਰ ਛਾਤੀਆਂ ਤੱਕ ਪਹੁੰਚੀ ਤਾ ਨਵਾਬ ਤੇ ਕਾਜੀ ਨੇ ਫਿਰ ਉਨ੍ਹਾਂ ਦੇ ਕੋਲ ਆਏ ਤੇ ਕਹਿਣ ਲੱਗੇ, ਬੱਚਿਓ ਅਜੇ ਵੀ ਵਕਤ ਹੈ, ਜਾਨ ਬਖ਼ਸ਼ ਦਿੱਤੀ ਜਾਏਗੀ, ਕਲਮਾ ਪੜ੍ਹੋ ।
ਸਾਹਿਬਜ਼ਾਦੇ ਗੱਜ ਕੇ ਬੋਲੇ ਕਿ ਤੁਸੀ ਬੋਲ ਕਿ ਅਪਨਾ ਵਕਤ ਨੂੰ ਗਵਾ ਰਹੇ ਹੋ, ਸਾਡੇ ਪੁਰਖ ਵੀ ਮੌਤ ਤੋ ਨਹੀਂ ਘਬਰਾਏ ਅਸੀਂ ਵੀ ਉਹਨਾਂ ਦਾ ਖੂਨ ਹਾਂ ਅਸੀਂ ਵੀ ਮੌਤ ਤੋਂ ਨਹੀਂ ਡਰਦੇ ।
ਇਹ ਸੁਣ ਕੇ ਸਭ ਦੰਗ ਰਹਿ ਗਏ, ਲਾਗੇ ਖੜੇ ਲੋਕ ਰੋ ਰਹੇ ਸਨ ਕਿ ਇਹ ਕੈਡਾ ਜ਼ੁਲਮ ਹੋ ਰਿਹਾ ਹੈਂ, ਲੋਕ ਇਹਨਾਂ ਦੀ ਮਾਤਾ ਜੀ ਤੇ ਪਿਤਾ ਜੀ ਨੂੰ ਦੁਆਵਾਂ ਦੇ ਰਹੇ ਸਨ ਕਿ ਕੈਡੇ ਮਹਾਨ ਮਾਤਾ ਪਿਤਾ ਹਨ ਜਿੰਨ੍ਹਾਂ ਨੇ ਐਡੇ ਦਲੇਰ ਬੱਚੇ ਜਨਮੇ ਹਨ ।
ਧੰਨੁ ਜਨਨੀ ਜਿਨਿ ਜਾਇਆ ਧੰਨੁ ਪਿਤਾ ਪਰਧਾਨ
ਦੀਵਾਰਾਂ ਹੋਰ ਉੱਚੀਆਂ ਹੋ ਗਈਆਂ ਗਲੇ ਤਕ ਪਹੁੰਚ ਗਈਆਂ । ਦੋਨੋ ਸਾਹਿਬਜ਼ਾਦਿਆਂ ਨੇ ਇੱਕ ਦੂਜੇ ਵੱਲ ਦੇਖਿਆ, ਇੱਕ ਦੂਜੇ ਦੇ ਹਥ ਫੜੇ ਤੇ ਮੁਸਕਰਾ ਕੇ ਬਾਬਾ ਫਤਿਹ ਸਿੰਘ ਜੀ ਕਹਿਣ ਲੱਗੇ ਕਿ ਸਾਡੇ ਦਾਦਾ ਜੀ ਗੁਰੂ ਤੇਗ ਬਹਾਦਰ ਜੀ ਨੇ ਸੀਸ ਦੀਆ ਪਰ ਸਿਰਰ ਨ ਕੀਆ, ਅਸੀਂ ਹੁਣ ਜਲਦੀ ਹੀ ਉਨ੍ਹਾਂ ਕੋਲ ਪਹੁੰਚ ਜਾਵਾਂਗੇ, ਉਹ ਸਾਨੂੰ ਉਡੀਕ ਰਹੇ ਹਨ ।
ਦੀਵਾਰ ਜਦ ਪੂਰੀ ਹੋਈ ਤਾਂ ਦੋਨੋਂ ਸਾਹਿਬਜ਼ਾਦੇ ਬੇਹੋਸ਼ ਹੋ ਗਏ
ਇਹ ਵੇਖ ਕੇ ਨਵਾਬ ਨੇ ਆਪਣਾ ਆਖ਼ਰੀ ਤੀਰ ਮਾਰਿਆ ਤੇ ਪੁੱਛਿਆ ਕਿ ਇਹਨਾਂ ਨੂੰ ਉਠਾ ਕੇ ਇਹਨਾਂ ਤੋ ਆਖਰੀ ਵਾਰ ਫਿਰ ਪੁੱਛੋ ਜੇ ਮੰਨਦੇ ਹਨ ਤਾਂ ਠੀਕ ਨਹੀਂ ਤਾਂ ਇਹਨਾਂ ਨੂੰ ਜਿਬ੍ਹਾ ਕਰ ਕੇ ਖ਼ਤਮ ਕਰੋ
ਜਲਾਦਾਂ ਨੇ ਪੁੱਛਿਆ ਪਰ ਸਾਹਿਬਜ਼ਾਦੇ ਬੇਹੋਸ਼ੀ ਦੀ ਹਾਲਤ ਵਿੱਚ ਸਨ, ਉਹਨਾਂ ਨੇ ਨਾਂਹ ਨਾਲ ਸਿਰ ਹਿਲਾਇਆ ਤੇ ਜ਼ਮੀਨ ਤੇ ਲਿਟਾ ਕੇ ਦੋਹਾਂ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰ ਦਿੱਤਾ ………………….
ਲਾਗੇ ਖੜੇ ਲੋਕਾਂ ਦੀਆਂ ਅੱਖਾਂ ਵਿੱਚ ਹੰਝੂ ਵਹਿ ਤੁਰੇ ਤੇ ਹੌਕਾ ਭਰ ਕੇ ਕਹਿਣ ਲੱਗੇ ਕਿ ਐਡਾ ਜੁਲਮ, ਹਾਏ ਰੱਬਾ, ਇਹ ਰੱਬ ਦੀ ਕਚਹਿਰੀ ਵਿੱਚ ਕੀ ਜਵਾਬ ਦੇਣਗੇ, ਇਹ ਜ਼ਾਲਮ ਨਵਾਬ ਤੇ ਕਾਜ਼ੀ
ਇਧਰ ਜਦ ਸਾਹਿਬਜ਼ਾਦਿਆਂ ਦੀ ਖ਼ਬਰ ਦੇਣ ਲਈ ਸਿਪਾਹੀ ਬੁਰਜ ਤੇ ਪਹੁੰਚੇ ਤੇ ਦੇਖਦੇ ਹਨ ਕਿ ਮਾਤਾ ਜੀ ਨੇ ਵੀ ਪ੍ਰਾਣ ਤਿਆਗ ਦਿੱਤੇ ਹਨ, ਹਥ ਜੁੜੇ ਹੋਏ ਹਨ, ਤੇ ਚਿਹਰਾ ਅਜੇ ਵੀ ਦਗਦਗ ਕਰ ਰਿਹਾ ਹੈ ।
ਸਰਹਿੰਦ ਸ਼ਹਿਰ ਵਿੱਚ ਸੁੰਨਸਨੀ ਫੈਲ ਗਈ, ਘਰ ਘਰ ਵਿੱਚ ਇਸ ਜੁਲਮ ਦੀ ਚਰਚਾ ਹੋਣ ਲੱਗੀ, ਲ਼ੋਕ ਕਹਿਣ, ਕਿੰਨਾ ਕਹਿਰ ਹੈ, ਦੁਨੀਆਂ ਵਿੱਚ ਏਹੋ ਜਿਹਾ ਜ਼ੁਲਮ ਕਦੀ ਨਹੀਂ ਹੋਇਆ, ਆਪਣਾ ਰਾਜ ਮੁਗਲਾਂ ਆਪੇ ਨਸ਼ਟ ਕਰ ਲਿਆ ।
ਜੋ ਵੀ ਸੁਣਦਾ, ਬੇਵਸੋ ਹੀ ਉਸ ਦੀਆਂ ਅੱਖਾਂ ਵਿੱਚ ਹੰਝੂ ਭਰ ਆਉਂਦੇ ।
(ਸੋ ਇਹ ਸੀ ਇਤਿਹਾਸ 12 ਅਤੇ 13 ਪੋਹ ਦਾ ਉਸਤੋ ਬਾਅਦ ਦੀਵਾਨ ਟੋਡਰ ਮੱਲ ਜੀ ਬਾਰੇ 14 ਪੋਹ ਨੂੰ ਦੱਸਣ ਦੀ ਕੋਸ਼ਿਸ਼ ਗੁਰੂ ਕਿਰਪਾ ਸਦਕਾ ਕਰਾਂਗਾ ਅਤੇ ਬਾਕੀ ਸਰਹਿੰਦ ਵਿੱਚ ਕੀ ਕੁਝ ਹੋਇਆ ਉਹ ਤੁਸੀ ਜਾਣਦੇ ਹੀ ਹੋ ਪਰ ਸਾਨੂੰ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋ ਸਿਖਿਆ ਲੈਣੀ ਚਾਹਿਦੀ ਹੈ, ਆਪਣੀ ਜਿੰਦਗੀ ਦੀ ਸੇਧ ਸਾਹਿਬਜ਼ਾਦਿਆਂ ਤੋ ਲੈਣੀ ਚਾਹਿਦੀ ਹੈ ਅਤੇ ਉਹਨਾਂ ਨੂੰ ਹਰ ਦਮ ਯਾਦ ਰੱਖਣਾ ਚਾਹਿਦਾ ਹੈ ਜਿੰਨ੍ਹਾ ਨੇ ਐਨੀ ਛੋਟੀ ਉਮਰ ਵਿੱਚ ਵੱਡੀਆਂ ਕੁਰਬਾਨੀਆਂ ਦਿੱਤੀਆਂ
ਮਾਤਾ ਗੁਜਰ ਕੋਰ ਜੀ ਅਤੇ ਸਾਹਿਬਜਾਦਾ ਜ਼ੋਰਵਾਰ ਸਿੰਘ ਜੀ ਅਤੇ ਸਾਹਿਬਜ਼ਾਦਾ ਫ਼ਤਿਹ ਸਿੰਘ ਜੀ ਨੂੰ ਲੱਖ ਲੱਖ ਪ੍ਰਣਾਮ ਹੈ ।