ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪਰਿਵਾਰ – ਵਿਛੋੜਾ ਭਾਗ 10
ਸੂਰਜ ਚੜ ਕੇ ਕਿੰਨਾ ਉੱਚਾ ਚੜ੍ਹ ਆਇਆ । ਦੂਰ ਤਕ ਅਮਨ ਸੀ । ਜੀਊਣਾ , ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਤਿੰਨੇ ਮਾਛੀਵਾੜੇ ਦੇ ਵਿਚ ਆ ਗਏ । ਉਹ ਕੁਝ ਬੇਰੀਆਂ ਤੋਂ ਅੱਗੇ ਹੋਏ ਤਾਂ ਉਹਨਾਂ ਨੂੰ ਭਾਈ ਦਇਆ ਸਿੰਘ ਨੇ ਆ ਫ਼ਤਹਿ ਬੁਲਾਈ । ਉਹਨਾਂ ਕੰਬਲੀ ਦਾ ਝੁੰਬ ਮਾਰਿਆ ਹੋਇਆ ਸੀ । ਫ਼ਤਹਿ ਬੁਲਾਉਣ ਤੋਂ ਪਤਾ ਲੱਗਾ । ਖ਼ੁਸ਼ ਹੋ ਗਏ । ਅੱਗੇ ਚੱਲ ਪਏ । ਉਹ ਤਿੰਨਾਂ ਤੋਂ ਚਾਰ ਹੋਏ ਤੇ ਚਾਰੇ ਗ਼ਨੀ ਖ਼ਾਂ ਨਬੀ ਖ਼ਾਂ ਦੇ ਬਾਗ ਵਿਚ ਆਏ । ਜੰਡ ਦੇ ਹੇਠਾਂ ਕਲਗੀਧਰ ਪਿਤਾ ਜੀ ਨੂੰ ਸੁੱਤਿਆਂ ਦੇਖ ਲਿਆ । ਨੱਸ ਕੇ ਅੱਗੇ ਹੋਏ । ਕੋਲ ਹੋ ਕੇ ਪੈਰ ਦੱਬੇ ਤੇ ਚਰਨਾਂ ਉੱਤੇ ਨਮਸਕਾਰ ਕਰ ਕੇ ਬੈਠ ਗਏ । ਭਾਈ ਦਇਆ ਸਿੰਘ ਜੀ ਨੇ ਸ੍ਰੀ ਅਨੰਦੁ ਸਾਹਿਬ ਦੀ ਬਾਣੀ ਦਾ ਪਾਠ ਰਤਾ ਉੱਚੀ ਕੀਤਾ ਤਾਂ ਪਾਠ ਦੀ ਆਵਾਜ਼ ਨਾਲ ਸਤਿਗੁਰੂ ਜੀ ਦੀ ਨੀਂਦ ਖੁੱਲ੍ਹ ਗਈ । ਨੇਤਰ ਖੁੱਲ੍ਹੇ ਤਾਂ ਆਪਣੇ ਪਿਆਰੇ ਸਿੱਖਾਂ ਨੂੰ ਹਾਜ਼ਰ ਬੈਠਿਆਂ ਦੇਖਦੇ ਸਾਰ ਮੁਸਕਰਾਏ , ਉੱਠ ਕੇ ਬੈਠ ਗਏ ਤੇ ਫ਼ਤਹਿ ਬੁਲਾ ਕੇ ਸੁੱਖ ਸਾਂਦ ਪੁੱਛੀ । “ ਸੇਵਾ । ” ਭਾਈ ਦਇਆ ਸਿੰਘ ਨੇ ਹੱਥ ਜੋੜ ਕੇ ਬੇਨਤੀ ਕੀਤੀ ਤੇ ਭਾਈ ਧਰਮ ਸਿੰਘ ਤੇ ਮਾਨ ਸਿੰਘ ਸਤਿਗੁਰੂ ਜੀ ਦੇ ਚਰਨ ਘੁੱਟਣ ਲੱਗ ਪਏ । “ ਜਲ ਲਿਆਉ । ” ਗੁਰੂ ਜੀ ਨੇ ਫੁਰਮਾਇਆ । ਉਸੇ ਵੇਲੇ ਭਾਈ ਦਇਆ ਸਿੰਘ ਉੱਠ ਕੇ ਖੂਹ ਵੱਲ ਗਿਆ ਤੇ ਖੂਹ ਦੀ ਮਾਹਲ ਨਾਲੋਂ ਪਾਣੀ ਦੀ ਭਰੀ ਹੋਈ ਟਿੰਡ ਲਾਹ ਕੇ ਲੈ ਆਇਆ । ਭਾਈ ਦਇਆ ਸਿੰਘ ਦੇ ਪਾਸ ਕੁਝ ਮਿੱਠਾ ਸੀ । ਉਹ ਮਿੱਠਾ ਗੁਰੂ ਜੀ ਨੂੰ ਦਿੱਤਾ । ਉਹਨਾਂ ਨੇ ਛਕ ਕੇ ਪਾਣੀ ਪੀਤਾ ਤੇ ਬਚਨ ਬਿਲਾਸ ਕਰਨ ਲੱਗੇ । ਚਮਕੌਰ ਸਾਹਿਬ ਤੋਂ ਮਾਛੀਵਾੜੇ ਤਕ ਕੀਤੇ ਸਫ਼ਰ ਬਾਬਤ ਬਚਨ – ਬਿਲਾਸ ਕਰ ਰਹੇ ਸਨ ਕਿ ਘੋੜੇ ਉੱਤੇ ਸਵਾਰ ਮੁਸਲਮਾਨ ਆਇਆ । ਉਸ ਦਾ ਲਿਬਾਸ ਕੁਝ ਠਾਠ ਵਾਲਾ ਸੀ । ਉਸ ਨੂੰ ਦੇਖ ਕੇ ਸਿੰਘ ਚੌਕਸ ਹੋਏ , ਪਰ ਉਹ ਨੇੜੇ ਆ ਕੇ ਘੋੜੇ ਤੋਂ ਉੱਤਰ ਬੈਠਾ । ਉੱਤਰ ਕੇ ਅੱਗੇ ਹੋਇਆ ਤੇ ਹੱਥ ਜੋੜ ਕੇ ਆ ਨਿਮਸ਼ਕਾਰ ਕੀਤੀ । ਬੈਠ ਗਿਆ । ਸਤਿਗੁਰੂ ਜੀ ਤੇ ਧਰਮ ਸਿੰਘ ਜੀ ਨੇ ਸਿਆਣ ਲਿਆ ਗੁਰੂ ਜੀ ਮੁਸਕਰਾ ਕੇ ਬੋਲੇ , “ ਆਓ ਨਬੀ ਖ਼ਾਂ ਜੀ ! ਅੱਜ ਅਸੀਂ ਤੁਸਾਂ ਦੇ ਘਰ ਆਏ ਹਾਂ । ” “ ਮੇਰੇ ਧੰਨ ਭਾਗ ! ਇਸ ਬਾਗ਼ ਵਿਚ ਚਰਨ ਪਾਏ ਜੇ । ਇਹ ਬਾਗ ਆਪ ਦਾ ਹੀ ਹੈ , ਪਰ ਇਹ ਮਾਮਲਾ ਕੀ ? ” ਉਸ ਮੁਸਲਮਾਨ ਦਾ ਨਾਂ ਨਬੀ ਖ਼ਾਂ ਸੀ ਤੇ ਉਸ ਦਾ ਵੱਡਾ ਭਰਾ ਗ਼ਨੀ ਖ਼ਾਂ । ਦੋਨੋਂ ਭਰਾ ਮਾਛੀਵਾੜੇ ਦੇ ਵਸਨੀਕ ਤੇ ਘੋੜਿਆਂ ਦੇ ਸੌਦਾਗਰ ਸਨ । ਅਨੰਦਪੁਰ ਘੋੜੇ ਵੇਚਣ ਜਾਇਆ ਕਰਦੇ ਸਨ । ਉਸ ਨੇ ਸਤਿਗੁਰੂ ਜੀ ਨੂੰ ਸਿਆਣ ਲਿਆ । “ ਸ਼ਾਹੀ ਲਸ਼ਕਰ ਦਾ ਰੌਲਾ ਤੁਸਾਂ ਸੁਣਿਆ ਹੋਏਗਾ ? ” ਭਾਈ ਧਰਮ ਸਿੰਘ ਜੀ ਬੋਲੇ । “ ਸੁਣਿਆ ਤਾਂ ਹੈ , ਪਰ ਜਿੰਨੇ ਮੂੰਹ , ਉਨੀਆਂ ਹੀ ਗੱਲਾਂ । ” ਨਬੀ ਖ਼ਾਂ ਨੇ ਉੱਤਰ ਦਿੱਤਾ , “ ਅਸਲ ਗੱਲ ਕੀ ਹੈ ? ” “ ਅਨੰਦਪੁਰ ਛੱਡਣਾ ਪਿਆ । ” ਭਾਈ ਧਰਮ ਸਿੰਘ ਨੇ ਚਮਕੌਰ ਸਾਹਿਬ ਤਕ ਸਾਰਾ ਹਾਲ ਸੁਣਾ ਦਿੱਤਾ ਤੇ ਆਖਿਆ , “ ਚਮਕੌਰ ਸਾਹਿਬ ਦੀ ਗੜ੍ਹੀ ਵਿਚ ਮਹਾਰਾਜ ਜੀ ਦੇ ਦੋ ਵੱਡੇ ਪੁੱਤਰ ਸ਼ਹੀਦ ਹੋ ਗਏ ਹਨ । ਨਿੱਕਿਆਂ ਸਪੁੱਤਰਾਂ , ਮਹਿਲਾਂ , ਵੱਡੇ ਮਾਤਾ ਜੀ ਅਤੇ ਸਿੱਖਾਂ ਸੇਵਕਾਂ ਦਾ ਕੋਈ ਪਤਾ ਨਹੀਂ , ਕਿਧਰ ਗਏ , ਕਿਸ ਹਾਲਤ ਵਿਚ ਹਨ ? ਹੁਣੇ ਹੀ ਅਸੀਂ ਆ ਕੇ ਮਿਲੇ ਹਾਂ । ਮਹਾਰਾਜ ਹਨੇਰੇ ਵਿਚ ਇਕੱਲੇ ਹੀ ਆਏ । ਦੇਖੋ ਚਰਨਾਂ ਵਿਚੋਂ ਲਹੂ ਸਿੰਮ ਰਿਹਾ ਹੈ । ਖਾਧਾ ਪੀਤਾ ਵੀ ਸ਼ਾਇਦ ਕੁਝ ਨਹੀਂ । ਹੁਣੇ ਤੁਸਾਂ ਦੇ ਖੂਹ ‘ ਚੋਂ ਜਲ ਲਿਆ ਕੇ ਛਕਾਇਆ ਹੈ । ਪਾਤਸ਼ਾਹੀ ਨਾ ਰਹੀ , ਪਾਤਸ਼ਾਹ ਹਨ । ”ਸਾਰੀ ਵਾਰਤਾ ਸੁਣ ਕੇ ਨਬੀ ਖ਼ਾਂ ਦੇ ਨੇਤਰ ਸੱਜਲ ਹੋ ਗਏ । ਉਹਨਾਂ ਨੇ ਚਰਨਾਂ ਨੂੰ ਹੱਥ ਲਾ ਕੇ ਕਿਹਾ , “ ਅਸੀਂ ਦੋਵੇਂ ਭਰਾ ਸੇਵਾ ਕਰਾਂਗੇ । ਜੇ ਜਾਨ…
ਚਲੀ ਜਾਏ , ਤਾਂ ਵੀ ਧੰਨ ਭਾਗ ! ਮੈਂ ਹੁਣੇ ਆਇਆ , ਆਪਣੇ ਭਰਾ ਗ਼ਨੀ ਖ਼ਾਂ ਨੂੰ ਦੱਸਦਾ ਹਾਂ । ਦੁੱਧ ਲਿਆਉਂਦੇ ਹਾਂ , ਅਜੇ ਏਥੇ ਬਿਰਾਜੋ । ” “ ਹਾਂ ! ਰਤਾ ਪੰਜਾਬੇ ਗੁਲਾਬੇ ਨੂੰ ਸੁਨੇਹਾ ਦੇਣਾ । ਮਸੰਦ ਹੈ ਗੁਰੂ ਘਰ ਦਾ । ” “ ਖੱਤਰੀ । ” ਹਾਂ ! ’ ’ “ ਉਹਨਾਂ ਨੂੰ ਹੀ ਸਾਰਾ ਸਾਮਾਨ ਚੁਕਵਾ ਕੇ ਲਿਆਉਂਦੇ ਹਾਂ । ਚਿੰਤਾ ਨਹੀਂ ਕਰਨੀ , ਅੱਗੇ ਪਿੱਛੇ ਨਹੀਂ ਜਾਣਾ । ਮੈਂ ਖ਼ੁਦਾ ਨੂੰ ਹਾਜ਼ਰ – ਨਾਜ਼ਰ ਸਮਝ ਕੇ ਕਸਮ ਖਾਂਦਾ ਹਾਂ , ਸੱਚੀ ਸੇਵਾ ਕਰਾਂਗਾ । ” ਨਬੀ ਖ਼ਾਂ ਨੇ ਹੱਥ ਜੋੜ ਕੇ ਦਿਲ ਦੀ ਗੱਲ ਇਸ ਕਰਕੇ ਦੱਸੀ ਕਿ ਕਿਤੇ ਗੁਰੂ ਜੀ ਸ਼ੱਕ ਨਾ ਕਰ ਲੈਣ ਕਿ ਮੁਸਲਮਾਨ ਹੈ , ਕੀ ਪਤਾ ਇਨਾਮ ਲੈਣ ਲਈ ਧੋਖਾ ਕਰੇ | ਪਰ ਉਹ ਭੋਲਾ ਨਹੀਂ ਸੀ ਸਮਝਦਾ ਕਿ ਮਹਾਰਾਜ ਤਾਂ ਹਰ ਇਕ ‘ ਤੇ ਹੀ ਭਰੋਸਾ ਕਰ ਲੈਂਦੇ ਸਨ । ਸਤਿਗੁਰੂ ਜੀ ਨੇ ਆਪ ਫ਼ੁਰਮਾਇਆ , “ ਨਬੀ ਖ਼ਾਂ ਜੀ ! ਐਸਾ ਖ਼ਿਆਲ ਅਸਾਂ ਦੇ ਮਨ ਵਿਚ ਕਦੀ ਨਹੀਂ ਆ ਸਕਦਾ । ਭਲਾ ਕਰਨ ਵਾਲੇ ਨੇ ਭਲਿਆਈ ਦਾ ਫਲ ਲੈਣਾ ਹੈ ਤੇ ਬੁਰਿਆਈ ਕਰਨ ਵਾਲੇ ਨੇ ਬੁਰਿਆਈ ਦਾ । ਅਕਾਲ ਪੁਰਖ ਸਭ ਕੁਝ ਦੇਖਦਾ ਤੇ ਜਾਣਦਾ ਹੈ । ” ਨਬੀ ਖ਼ਾਂ ਨਿਮਸ਼ਕਾਰ ਕਰ ਕੇ ਘੋੜੇ ‘ ਤੇ ਸਵਾਰ ਹੋਇਆ ਤੇ ਘਰ ਨੂੰ ਤੁਰ ਗਿਆ । ਭਾਈ ਜੀਊਣਾ , ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਸਤਿਗੁਰੂ ਜੀ ਦੇ ਸਰੀਰ ਨੂੰ ਘੁੱਟਦੇ ਰਹੇ । ਭਾਈ ਦਇਆ ਸਿੰਘ ਨੇ ਸੁੱਕੀਆਂ ਲੱਕੜਾਂ ਇਕੱਠੀਆਂ ਕੀਤੀਆਂ ਤੇ ਦੂਰ ਦੇਖਿਆ , ਬਾਗ ਦੇ ਇਕ ਪਾਸੇ ਇਕ ਆਦਮੀ ਅੱਗ ਧੁਖਾਈ ਬੈਠਾ ਸੀ । ਉਸ ਕੋਲੋਂ ਅੱਗ ਲੈ ਆਂਦੀ ਤੇ ਅੱਗ ਬਾਲ ਦਿੱਤੀ । ਸਿੰਘ ਗੁਰੂ ਜੀ ਦੇ ਨਾਲ ਹੀ ਅੱਗ ਸੇਕ ਕੇ ਆਪਣੇ ਆਪ ਨੂੰ ਵੀ ਨਿੱਘਿਆਂ ਕਰਨ ਲੱਗੇ । “ ਮਹਾਰਾਜ ) ਪੂਰਨ ਮਸੰਦ ਵੀ ਦੇਖੋ । ” ਜੀਉਣਾ ਬੋਲਿਆ , “ ਕਿੰਨਾ ਅਕ੍ਰਿਤਘਣ ਨਿਕਲਿਆ । ਆਪ ਨੂੰ ਆਸਰਾ ਨਾ ਦਿੱਤਾ । ਜੇ ਆਸਰਾ ਦਿੰਦਾ ਤਾਂ ਕਿੰਨਾ ਚੰਗਾ ਹੁੰਦਾ । ” “ ਗੁਰਮੁਖਾ ! ਸ਼ਾਇਦ ਉਸ ਕੋਲੋਂ ਅਕਾਲ ਪੁਰਖ ਨੇ ਚੰਗਾ ਹੀ ਕਰਾਇਆ । ਸੂਰਮਾ ਤੇ ਸ਼ੇਰ ਜੰਗਲ ਵਿਚ ਹੀ ਠੀਕ ਰਹਿੰਦੇ ਹਨ । ਮਕਾਨਾਂ ਵਿਚ ਘਿਰ ਜਾਂਦੇ ਹਨ । ਪੂਰਨ ਨੂੰ ਮਾੜਾ ਕਾਹਨੂੰ ਆਖਣਾ । ਅਕਾਲ ਪੁਰਖ ਜਾਣਦਾ ਹੀ ਹੈ । ” “ ਧੰਨ ਹੋ ਆਪ ! ਮਹਾਰਾਜ , ਵੈਰੀ ਦਾ ਵੀ ਭਲਾ ਤੱਕਦੇ ਹੋ । ” “ ਸਭ ਦਾ ਭਲਾ । ਕਿਸੇ ਨੂੰ ਜ਼ਬਾਨੋਂ ਮੰਦਾ ਆਖਣਾ ਠੀਕ ਨਹੀਂ । ਕਿਉਂਕਿ ਸਭ ਕੁਝ ਅਕਾਲ ਪੁਰਖ ਦੇ ਹੁਕਮ ਨਾਲ ਹੁੰਦਾ ਹੈ । ” ਉਨੇ ਨੂੰ ਗ਼ਨੀ ਖ਼ਾਂ ਤੇ ਨਬੀ ਖ਼ਾਂ ਦੋਵੇਂ ਭਰਾ ਆ ਗਏ । ਗੁਲਾਬਾ ਮਸੰਦ ਵੀ ਆਇਆ । ਉਸ ਨੂੰ ਗਰਮ ਦੁੱਧ ਚੁਕਵਾ ਕੇ ਲਿਆਏ ਸਨ । ਸਤਿਗੁਰੂ ਜੀ ਨੇ ਦੁੱਧ ਛਕਿਆ । ਦੁੱਧ ਦੇ ਛਕਣ ਨਾਲ ਸਾਰਿਆਂ ਦੀ ਕੁਝ ਨਾ ਕੁਝ ਭੁੱਖ ਮਰੀ ਤੇ ਸਰੀਰਾਂ ਦਾ ਥਕੇਵਾਂ ਦੂਰ ਹੋਇਆ । “ ਆਪ ਗੁਲਾਬੇ ਦੇ ਘਰ ਚੱਲੋ । ” ਨਬੀ ਖ਼ਾਂ ਨੇ ਆਖਿਆ । “ ਗੁਲਾਬੇ ਦੀ ਕੀ ਇੱਛਾ ਹੈ ? ” “ ਚਲੋ ਮਹਾਰਾਜ ! ਅਸਾਂ ਦੇ ਧੰਨ ਭਾਗ , ਆਉ । ” “ ਦੇਖ ਲੈ । ” ਭਾਈ ਦਇਆ ਸਿੰਘ ਜੀ ਵਿਅੰਗ ਨਾਲ ਬੋਲੇ । “ ਦੇਖਣਾ ਕੀ ਹੈ । ਵਾਹਿਗੁਰੂ ਦਾ ਦਿੱਤਾ ਸਭ ਕੁਝ ਹੈ । ” “ ਜਿਸ ਚੀਜ਼ ਦੀ ਲੋੜ ਹੋਵੇਗੀ , ਅਸੀਂ ਪਹੁੰਚਾਵਾਂਗੇ । ਹੱਥ ਬੰਨ੍ਹੀ ਗ਼ੁਲਾਮ ਹਾਂ । ” ਗ਼ਨੀ ਖ਼ਾਂ ਦਾ ਬੋਲ ਸੀ । ਗੁਲਾਬਾ ਮੰਨ ਗਿਆ । ਉਸ ਨੇ ਪਹਿਲਾਂ ਵੀ ਨਾਂਹ ਨਹੀਂ ਸੀ ਕੀਤੀ । ਸਤਿਗੁਰੂ ਜੀ ਤੁਰਨ ਲੱਗੇ ਤਾਂ ਪੈਰਾਂ ਨੂੰ ਕੁਝ ਤਕਲੀਫ਼ ਹੋਈ ਪਰ ਆਪ ਨੇ ਤਕਲੀਫ਼ ਨੂੰ ਪ੍ਰਗਟ ਨਾ ਹੋਣ ਦਿੱਤਾ । ਚੱਲ ਪਏ । ਗ਼ਨੀ ਖ਼ਾਂ ਸਿੱਧਾ ਬਾਜ਼ਾਰ ਨੂੰ ਤੁਰ ਗਿਆ ਤੇ ਮੋਚੀ ਕੋਲੋਂ ਤਿਆਰ ਹੋਇਆ ਇਕ ਜੋੜਾ ਲੈ ਆਇਆ । ਉਹ ਜੋੜਾ ਕਿਸੇ ਹੋਰ ਵਾਸਤੇ ਤਿਆਰ ਕੀਤਾ ਸੀ । ਮਾਛੀਵਾੜਾ ਪਿੰਡ ਦੇ ਵਿਚਾਲੇ ਗੁਲਾਬੇ ਮਸੰਦ ਦਾ ਘਰ ਸੀ , ਗੁਰੂ ਜੀ ਉਸ ਘਰ ਵਿਚ ਜਾ ਬਿਰਾਜੇ ।
( ਚਲਦਾ )