15 ਨਵੰਬਰ ਦਾ ਇਤਿਹਾਸ – ਸ਼ਹੀਦੀ ਬਾਬਾ ਦੀਪ ਸਿੰਘ ਜੀ ਦੀ
15 ਨਵੰਬਰ ਸ਼ਹੀਦੀ ਬਾਬਾ ਦੀਪ ਸਿੰਘ ਜੀ ਦੀ ਆਉ ਸੰਖੇਪ ਝਾਤ ਮਾਰੀਏ ਬਾਬਾ ਜੀ ਦੇ ਇਤਿਹਾਸ ਤੇ ਜੀ ।
ਸਿੱਖ ਕੌਮ ਦੇ ਮਹਾਨ ਜਰਨੈਲ ਤੇ ਅਣਖੀਲੇ ਯੋਧੇ ਬਾਬਾ ਦੀਪ ਸਿੰਘ ਜੀ ਦਾ ਜਨਮ 26 ਜਨਵਰੀ ਨੂੰ ਮਾਤਾ ਜਿਊਣੀ ਜੀ ਦੇ ਉਦਰ ਤੋਂ ਪਿਤਾ ਭਾਈ ਭਗਤੂ ਜੀ ਦੇ ਗ੍ਰਹਿ ਪਿੰਡ ਪਹੂਵਿੰਡ, ਵਿੱਚ ਹੋਇਆ। ਮਾਤਾ ਪਿਤਾ ਨੇ ਬਾਲਕ ਦਾ ਨਾਮ ਦੀਪਾ ਰੱਖਿਆ ਗਿਆ।ਜਦ ਆਪ 18 ਸਾਲ ਦੇ ਹੋਏ, ਉਧਰ ਹੋਲੇ-ਮਹੱਲੇ ਦਾ ਸਮਾਂ ਨਜ਼ਦੀਕ ਆ ਚੁੱਕਾ ਸੀ। ਮਾਤਾ ਪਿਤਾ ਗੁਰੂ ਘਰ ਦੇ ਅਨਿੰਨ ਸੇਵਕ ਸਨ। ਮਾਝੇ ਦੀਆਂ ਸੰਗਤਾਂ ਨੇ ਐਂਤਕੀ ਹੋਲਾ-ਮਹੱਲਾ ਸ੍ਰੀ ਆਨੰਦਪੁਰ ਸਾਹਿਬ ਵਿੱਚ ਮਨਾਉਣ ਦਾ ਫੈਸਲਾ ਕੀਤਾ। ਦੀਪਾ ਜੀ ਵੀ ਆਪਣੇ ਮਾਤਾ ਪਿਤਾ ਨਾਲ ਗੁਰੂ ਦਰਸ਼ਨਾਂ ਨੂੰ ਤਿਆਰ ਹੋ ਗਏ। ਕਈ ਦਿਨ ਪੈਦਲ ਯਾਤਰਾ ਕਰਕੇ ਜਥਾ ਸ੍ਰੀ ਆਨੰਦਪੁਰ ਸਾਹਿਬ ਪੁੱਜਾ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਦੀਦਾਰੇ ਕਰਕੇ ਸੰਗਤਾਂ ਨਿਹਾਲ ਹੋਈਆਂ ਤੇ ਗੁਰੂ ਜੀ ਦੀ ਪ੍ਰੇਰਨਾ ਸਦਕਾ ਸਭ ਨੇ ਕਲਗੀਧਰ ਪਾਤਸ਼ਾਹ ਜੀ ਕੋਲੋਂ ਪਵਿੱਤਰ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਤੋਂ ਬਾਅਦ ਆਪ ਜੀ ਦਾ ਨਾਮ ਦੀਪ ਸਿੰਘ’ ਰੱਖਿਆ ਗਿਆ। ਕੁੱਝ ਮਹੀਨੇ ਸੇਵਾ ਕਰਕੇ ਜਦੋਂ ਸੰਗਤਾਂ ਵਾਪਸ ਮੁੜਨ ਲੱਗੀਆਂ ਤੇ ਪਾਤਸ਼ਾਹ ਜੀ ਨੇ ਭਾਈ ਦੀਪ ਸਿੰਘ ਨੂੰ ਆਪਣੇ ਕੋਲ ਹੀ ਰੱਖ ਲਿਆ। ਅਨੰਦਪੁਰ ਸਾਹਿਬ ਰਹਿ ਕੇ ਭਾਈ ਦੀਪ ਸਿੰਘ ਨੇ ਗੁਰਮੁੱਖੀ, ਫਾਰਸੀ ਤੇ ਅਰਬੀ ਲਿਪੀ ਵਿੱਚ ਨਿਪੁੰਨਤਾ ਹਾਸਲ ਕੀਤੀ ਤੇ ਇੱਥੇ ਹੀ ਆਪ ਨੇ ਸ਼ਸਤਰ ਵਿੱਦਿਆ, ਘੋੜ ਸਵਾਰੀ, ਤਲਵਾਰਬਾਜ਼ੀ, ਤੀਰਅੰਦਾਜ਼ੀ ਤੇ ਨੇਜ਼ਾਬਾਜ਼ੀ ਦੀ ਮੁਹਾਰਤ ਹਾਸਲ ਕੀਤੀ। ਜਦੋਂ ਕਲਗੀਧਰ ਪਾਤਸ਼ਾਹ ਸ਼ਿਕਾਰ ਖੇਡਣ ਜਾਂਦੇ ਤਾਂ ਭਾਈ ਦੀਪ ਸਿੰਘ ਜੀ ਵੀ ਨਾਲ ਹੀ ਜਾਂਦੇ ਸਨ । ਆਪ ਜੀ ਨੇ ਇਥੇ ਰਹਿੰਦੀਆਂ ਭਾਈ ਮਨੀ ਸਿੰਘ ਜੀ ਦੀ ਦੇਖ-ਰੇਖ ਹੇਠ ਪਵਿੱਤਰ ਧਾਰਮਿਕ ਗੰਰਥਾਂ ਤੇ ਗੁਰਬਾਣੀ ਦਾ ਡੂੰਘਾ ਅਧਿਅਨ ਕੀਤਾ। । ਆਪ ਸਰੀਰ ਦੇ ਸੁਡੌਲ ਅਤੇ ਦ੍ਰਿੜ ਇਰਾਦੇ , ਭਜਨ ਬੰਦਗੀ ਕਰਨ ਵਾਲੇ ,ਧਾਰਮਿਕ ਬਿਰਤੀ ਵਾਲੇ ਪੁਰਸ਼ ਸਨ ਤੇ ਹਮੇਸ਼ਾਂ ਭਜਨ ਬੰਦਗੀ ਵਿਚ ਮਸਤ ਰਹਿੰਦੇ ਸਨ।
ਜਦੋਂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਤਾਂ ਆਪਣੇ ਮਹਿਲ ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਕੌਰ ਜੀ ਦੀ ਸੇਵਾ ਸੰਭਾਲ ਅਤੇ ਦੇਖ-ਰੇਖ ਲਈ ਭਾਈ ਮਨੀ ਸਿੰਘ, ਭਾਈ ਧੰਨਾ ਸਿੰਘ ਅਤੇ ਭਾਈ ਜਵਾਹਰ ਸਿੰਘ ਜੀ ਨੂੰ ਮੁੱਖੀਆ ਬਣਾ ਕੇ ਦੋ ਦਾਸੀਆਂ ਬੀਬੀ ਭਾਗ ਕੌਰ ਤੇ ਬੀਬੀ ਹਰਦਾਸ ਕੌਰ ਦੇ ਕੇ ਦਿੱਲੀ ਭੇਜ ਦਿੱਤਾ। ਉਸ ਸਮੇਂ ਭਾਈ ਦੀਪ ਸਿੰਘ ਕੁਝ ਸਮਾਂ ਭਾਈ ਜਵਾਹਰ ਸਿੰਘ ਦੇ ਘਰ ਰਹਿ ਕੇ ਮਾਤਾ ਜੀ ਦੀ ਖੁਸ਼ੀ ਅਤੇ ਆਗਿਆ ਲੈ ਕੇ ਆਪਣੇ ਪਿੰਡ ਪਹੂਵਿੰਡ ਆ ਕੇ ਸਿੱਖੀ ਦਾ ਪ੍ਰਚਾਰ ਕਰਨ ਵਿੱਚ ਜੁੱਟ ਗਏ।
ਜਦ ਗੁਰੂ ਸਾਹਿਬ ਖਿਦਰਾਣੇ ਦੀ ਜੰਗ ਤੋ ਬਾਅਦ ਦਮਦਮਾ ਸਾਹਿਬ ਪੁਜੇ ਤਾ ਬਾਬਾ ਦੀਪ ਸਿੰਘ ਤੇ ਜਥੇਦਾਰ ਬੁੱਢਾ ਸਿੰਘ ਜੀ ਨੂੰ ਇਥੇ ਠਹਿਰ ਕੇ ਸੇਵਾ ਕਰਨ ਦਾ ਹੁਕਮ ਦਿਤਾ । ਜਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਦਿ ਬੀੜ ਦੀ ਤਿਆਰੀ ਦਾ ਕੰਮ ਮੁੜ ਕੇ ਆਰੰਭ ਕੀਤਾ ਤਾਂ ਉਸ ਸਮੇਂ ਬਾਬਾ ਦੀਪ ਸਿੰਘ ਜੀ ਦਸਮ ਪਾਤਸ਼ਾਹ ਜੀ ਦੇ ਹੁਕਮ ਅਨੁਸਾਰ ਲਿਖਾਰੀ ਦਾ ਕੰਮ ਕਰਦੇ ਰਹੇ। ਗੁਰੂ ਪਾਤਸ਼ਾਹ ਜੀ ਜਦੋਂ ਦੱਖਣ ਵੱਲ ਗਏ ਤਾਂ ਬਾਬਾ ਦੀਪ ਸਿੰਘ ਜੀ ਤੇ ਬਾਬਾ ਬੁਢਾ ਸਿੰਘ ਨੂੰ ‘ਗੁਰੂ ਕੀ ਕਾਂਸ਼ੀ ਦਮਦਮਾ ਸਾਹਿਬ ਦੇ ਅਸਥਾਨ ਦੀ ਸੇਵਾ-ਸੰਭਾਲ ਅਤੇ ਗੁਰਬਾਣੀ ਪੜ੍ਹਨ-ਪੜ੍ਹਾਉਣ ਤੇ ਲਿਖਵਾਉਣ ਦੀ ਸੇਵਾ ਲਈ ਨਿਯਤ ਕਰ ਗਏ ਸਨ। ਬਾਬਾ ਦੀਪ ਸਿੰਘ ਜੀ ਨੇ ਇਹ ਸੇਵਾ ਬਹੁਤ ਸ਼ਰਧਾ ਤੇ ਪ੍ਰੇਮ ਸਹਿਤ ਨਿਭਾਈ। ਦਮਦਮਾ ਸਾਹਿਬ ਵਿਖੇ ਸੇਵਾ-ਸੰਭਾਲ ਕਰਦਿਆਂ ਬਾਬਾ ਦੀਪ ਸਿੰਘ ਜੀ ਨੇ ਇਕ ਖੂਹ ਲਗਵਾਇਆ ਜੋ ਤਖ਼ਤ ਸਾਹਿਬ ਦੀ ਪਰਕਰਮਾ ਵਿਚ ਹੈ, ਜੋ ਸ਼ਹੀਦਾਂ ਦੇ ਖੂਹ ਨਾਲ ਜਾਣਿਆ ਜਾਂਦਾ ਹੈ। ਜਥੇਦਾਰ ਬੁੱਢਾ ਸਿੰਘ ਜੀ ਨੇ ਬੇਰੀਆਂ ਦੇ ਦਰੱਖ਼ਤ ਲਗਵਾਏ।
ਬਾਬਾ ਦੀਪ ਸਿੰਘ ਜੀ ਨੇ ਆਪ ਖ਼ੁਦ ਗੁਰਬਾਣੀ ਦੇ ਅਭਿਲਾਸ਼ੀ ਅਤੇ ਰਸੀਏ ਹੋਣ ਕਰਕੇ ਵਿਸ਼ੇਸ਼ ਦਿਲਚਸਪੀ ਨਾਲ ਇਹ ਸੇਵਾ ਕੀਤੀ ਤੇ ਸਥਾਨਕ ਸੰਗਤਾਂ ਨੂੰ ਸਿੱਖੀ ਤੋਂ ਜਾਣੂ ਕਰਵਾਉਂਦੇ ਰਹੇ । ਇਸ ਸਮੇਂ ਦੌਰਾਨ ਹੀ ਬਾਬਾ ਜੀ ਨੇ ਸ੍ਰੀ ਗੁਰੂ ਗੰਰਥ ਸਾਹਿਬ ਜੀ ਦੀਆਂ ਚਾਰ ਬੀੜਾਂ ਦਾ ਆਪਣੇ ਹੱਥੀਂ ਉਤਾਰਾ ਕੀਤਾ ਸੀ। ਇਹ ਆਪਣੇ ਸਮੇ ਦੇ ਸਭ ਤੋਂ ਉਚੇ ਸਿਖ ਵਿਦਵਾਨਾਂ ਵਿਚੋਂ ਇਕ ਸਨ । ਕਿਹਾ ਜਾਂਦਾ ਹੈ ਕਿ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਤੋਂ ਪਿੱਛੋਂ ਬਾਬਾ ਦੀਪ ਸਿੰਘ ਜੀ ਨੇ ਸਿਖੀ ਵਿਦਵਤਾ ਨੂੰ ਸਿਖਰਾਂ ਤੇ ਪਹੁੰਚਾਇਆ ।
ਨੰਦੇੜ ਵਿਚ ਜਦੋਂ ਗੁਰੂ ਗੋਬਿੰਦ ਜੀ ਨੇ ਮਾਧੋ ਦਾਸ ਨੂੰ ਬੰਦਾ ਬਹਾਦੁਰ ਦਾ ਖਿਤਾਬ ਬਖਸ਼ ਕੇ 1708 ਈ:ਵਿਚ ਪੰਜਾਬ ਭੇਜਿਆ ਤਾਂ ਸਿੱਖੀ ਦੀ ਸ਼ਾਨ ਹੋਰ ਵਧਾਉਣ ਲਈ ਆਪ ਬਾਬਾ ਦੀਪ ਸਿੰਘ ਜੀ ਮੈਦਾਨ ਵਿੱਚ ਕੁੱਦ ਪਏ ਤੇ ਬਾਬਾ ਬੰਦਾ ਬਹਾਦਰ ਦੇ ਮੁਗਲ ਹਕੂਮਤ ਖਿਲਾਫ਼ ਹਰ ਯੁੱਧ ਵਿੱਚ ਸਾਥ ਦਿਤਾ । ਇਹ ਮੈਦਾਨ-ਏ-ਜੰਗ ਵਿਚ ਸਭ ਤੋਂ ਅੱਗੇ ਹੋ ਕੇ ਲੜਦੇ ਜਿਸ ਨਾਲ ਵਿਰੋਧੀਆਂ ਵਿਚ ਬਾਬਾ ਜੀ ਦਾ ਇਤਨਾ ਦਬਦਬਾ ਬੈਠ ਗਿਆ ਕਿ ਬਾਬਾ ਦੀਪ ਸਿੰਘ ਜੀ ਦਾ ਨਾਂ ਸੁਣ ਕੇ ਹੀ ਮੈਦਾਨ ਵਿੱਚੋਂ ਫੌਜ਼ ਤਿੱਤਰ-ਬਿੱਤਰ ਹੋ ਜਾਇਆ ਕਰਦੀ ਇਨ੍ਹਾਂ ਦੇ ਜਥੇ ਦਾ ਨਾਂ ਸ਼ਹੀਦੀ ਜਥਾ ਪ੍ਰਸਿੱਧ ਹੋ ਗਿਆ ਸੀ। ਅਖੀਰ ਸਰਹੰਦ ਨੂੰ ਫਤਹਿ ਕਰਕੇ ਜਿੱਤ ਦਾ ਪਰਚਮ ਸਰਹੰਦ ਦੇ ਕਿਲੇ ਤੇ ਜਾ ਲਹਿਰਾਇਆ।
ਉਨ੍ਹਾ ਨੇ ਆਪਣੇ ਹਥਾਂ ਨਾਲ ਸ੍ਰੀ ਗੁਰੂ ਗਰੰਥ ਸਾਹਿਬ ਦੀਆਂ ਚਾਰ ਬੀੜਾਂ ਲਿਖਣ ਦੀ ਸੇਵਾ ਕੀਤੀ ਜੋ ਮਗਰੋਂ ਚਾਰੇ ਤਖਤਾਂ ਤੇ ਪ੍ਰਕਾਸ਼ ਕਰਨ ਲਈ ਭੇਜ ਦਿਤੀਆਂ ਗਈਆਂ । ਇਤਿਹਾਸ ਵਿਚ ਜ਼ਿਕਰ ਆਉਂਦਾ ਹੈ ਕਿ ਜਦ ਬਾਬਾ ਜੀ ਨੇ ਗੁਰੂ ਗਰੰਥ ਸਾਹਿਬ ਦੀ ਲਿਖਾਈ ਸ਼ੁਰੂ ਕੀਤੀ ਤਾਂ ਪਹਿਲੇ ਕਲਮਾਂ ਘੜ ਘੜ ਕੇ ਕੋਠਾ ਭਰ ਲਿਆ । ਜਦ ਲਿਖਦਿਆਂ ਲਿਖਦਿਆਂ ਕਲਮ ਘਿਸ ਕੇ ਮੋਟੀ ਹੋ ਜਾਂਦੀ ਤਾਂ ਉਹ ਕਲਮ ਸਰੋਵਰ ਵਿਚ ਪਾਕੇ ਦੂਸਰੀ ਲੈ ਲੈਂਦੇ ਇਕ ਸਿਖ ਜੋ ਕੋਲ ਬੈਠਾ ਸੀ ਕਿਹਾ ,” ਬਾਬਾ ਜੀ ਕਲਮ ਤਾਂ ਅਜੇ ਚੰਗੀ ਭਲੀ ਹੈ ਜੋ ਤੁਸੀਂ ਸੁਟ ਦਿੰਦੇ ਹੋ ਥੋੜਾ ਚਾਕੂ ਨਾਲ ਛਿਲ ਕੇ ਇਸ ਨਾਲ ਕਿਤਨਾ ਕੁਝ ਹੋਰ ਲਿਖਿਆ ਜਾ ਸਕਦਾ ਹੈ । ਤਾਂ ਬਾਬਾ ਜੀ ਨੇ ਜਵਾਬ ਦਿਤਾ ,” ਸਿੰਘੋ ਤੁਸੀਂ ਮੇਰੇ ਭਾਵ ਨੂੰ ਨਹੀਂ ਸਮਝ ਰਹੇ ,ਜਿਹੜੀ ਕਲਮ ਮਹਾਰਾਜ ਦੀ ਪਵਿਤਰ ਬਾਣੀ ਨੂੰ ਲਿਖਦੀ ਹੈ , ਉਸ ਕਲਮ ਦੇ ਮੂੰਹ ਨੂੰ ਚਾਕੂ ਨਾਲ ਛਿਲਾਂ ? ਉਸਦਾ ਸਨਮਾਨ ਕਰਨ ਦੀ ਬਜਾਏ ਅਪਮਾਨ ਕਰਾਂ ਇਹ ਮੈਥੋ ਨਹੀਂ ਹੋ ਸਕਦਾ ਇਹ ਸੀ ਉਨ੍ਹਾ ਦੀ ਸੋਚ ਦੀ ਉਚਾਈ ।
18 ਵੀਂ ਸਦੀ ਵਿੱਚ ਸਮੁੱਚਾ ਖਾਲਸਾ ਪੰਥ ਜੰਗਲਾਂ ਤੇ ਪਹਾੜਾਂ ਵਿੱਚੋਂ ਬਾਹਰ ਆ ਕੇ ਇੱਕ ਸੰਗਠਿਤ ਰੂਪ ਵਿੱਚ ਇਕੱਤਰ ਹੋਇਆ। ਖਾਲਸਾ ਪੰਥ ਦੀਆਂ ਸਮੁੱਚੀਆਂ ਜਥੇਬੰਦੀਆਂ ਨੂੰ ਇਕੱਤਰ ਕਰ ਕੇ 12 ਮਿਸਲਾਂ ਅੰਦਰ ਵੰਡਿਆ ਗਿਆ ਜਿਸ ਦੇ 12 ਮੁੱਖ ਜਥੇਦਾਰ ਥਾਪੇ ਗਏ। ਇਨ੍ਹਾਂ ਮਿਸਲਾਂ ਵਿੱਚੋਂ ਇੱਕ ਮਿਸਲ ਦਾ ਨਾਂ ਸੀ ‘ਸ਼ਹੀਦ ਮਿਸਲ ‘ਜਿਸਦੇ ਬਾਬਾ ਦੀਪ ਸਿੰਘ ਜੀ ਮੁੱਖ ਜਥੇਦਾਰ ਸਨ। ਇਸ ਸਦੀ ਅੰਦਰ ਭਾਰਤ ਨੂੰ ਨਾਦਰਸ਼ਾਹ ਤੇ ਅਹਿਮਦਸ਼ਾਹ ਵਰਗੇ ਧਾੜਵੀਆਂ ਤੇ ਵਿਦੇਸ਼ੀ ਹਮਲਾਵਾਰਾਂ ਨੇ ਖ਼ੂਬ ਲੁੱਟਿਆ ਤੇ ਇਥੋਂ ਦੇ ਧੰਨ ਦੌਲਤ ਸਮੇਤ ਜਵਾਨ ਬਚੇ ਬੱਚੀਆਂ ਨੂੰ ਗੁਲਾਮ ਬਣਾਕੇ ਗਜਨੀ ਦੇ ਬਾਜ਼ਾਰਾਂ ਵਿਚ ਟਕੇ ਟਕੇ ਤੋਂ ਵੇਚਿਆ ਬਹੂ-ਬੇਟੀਆਂ ਦੀ ਇੱਜ਼ਤ ਨੂੰ ਸਰੇ-ਆਮ ਮਿੱਟੀ ਵਿੱਚ ਰੋਲ਼ਿਆ। ਇਸ ਸਮੇਂ ਮਿਸਲਾਂ ਬਣ ਚੁਕੀਆਂ ਸੀ ਜਿਨ੍ਹਾ ਨੇ ਇਕ ਜੁਟ ਹੋਕੇ ਇਨ੍ਹਾਂ ਅਫ਼ਗਾਨ ਧਾੜਵੀਆਂ ਦਾ ਮੁਕਾਬਲਾ ਕੀਤਾ, ਇਨ੍ਹਾ ਤੇ ਹਮਲਾ ਕਰਕੇ ਲੁੱਟਿਆ ਬਹੁ-ਕੀਮਤੀ ਮਾਲ-ਅਸਬਾਬ ਵਾਪਿਸ ਆ ਜਾਂਦਾ ਤੇ ਸਿਖ ਇਥੋਂ ਦੀਆਂ ਬਹੁ – ਬੇਟੀਆਂ ਨੂੰ ਧਾੜਵੀਆਂ ਹਥੋਂ ਖੋਹ ਕੇ ਬ-ਇਜ਼ਤ ਉਹਨਾ ਦੇ ਘਰੋ-ਘਰੀਂ ਪੁਚਾ ਦਿਆ ਕਰਦੇ ਸੀ ਇਨ੍ਹਾ ਸੂਰਬੀਰਾਂ ਵਿਚ ਵੀ ਬਾਬਾ ਦੀਪ ਸਿੰਘ ਜੀ ਸਨ ।
ਅਹਿਮਦ ਸ਼ਾਹ ਦੁਰਾਨੀ ਜੋ ਸਿੱਖਾਂ ਦੇ ਸਖ਼ਤ ਵਿਰੁੱਧ ਸੀ ਅਤੇ ਸਿੱਖਾਂ ਨੂੰ ਖ਼ਤਮ ਕਰਨ ਉਂਤੇ ਤੁਲਿਆ ਹੋਇਆ ਸੀ, 1757 ਈ: ਦੇ ਹਿੰਦੁਸਤਾਨ ਦੇ ਹਮਲੇ ਵੇਲੇ ਦਿੱਲੀ ਜਾਂਦਾ ਹੋਇਆ ਕੁਝ ਦੇਰ ਲਈ ਲਾਹੌਰ ਠਹਿਰਿਆ। ਉਸ ਨੇ ਅਮ੍ਰਿਤਸਰ ਸ਼ਹਿਰ ਨੂੰ ਲੁੱਟਿਆ ਅਤੇ ਸ਼ਹਿਰ ਦੀਆਂ ਇਮਾਰਤਾਂ ਨੂੰ ਢਾਹਿਆ। ਇਸ ਹਮਲੇ ਦੇ ਦੌਰਾਨ ਅੰਮ੍ਰਿਤਸਰ ਸ਼ਹਿਰ ਦੇ ਇਨਚਾਰਜ ਜਮਾਲ ਖਾਨ ਨੇ ਸ੍ਰੀ ਦਰਬਾਰ ਸਾਹਿਬ ਜੀ ਦੀ ਬੇਅਦਬੀ ਕੀਤੀ ਤੇ , ਪਵਿੱਤਰ ਸਰੋਵਰ ਨੂੰ ਪੂਰ ਦੇਣ ਦਾ ਹੁਕਮ ਦਿਤਾ । ਜਦ ਇਹ ਖ਼ਬਰ ਬਾਬਾ ਦੀਪ ਸਿੰਘ ਜੀ ਕੋਲ ਦਮਦਮਾ ਸਾਹਿਬ, ਤਲਵੰਡੀ ਸਾਬੋ ਦੇ ਅਸਥਾਨ ‘ਤੇ ਪੁੱਜੀ ਤਾਂ ਆਪ ਦੇ ਦਿਲ ‘ਤੇ ਅਸਹਿ ਸੱਟ ਵੱਜੀ ਉਸ ਵਕਤ ਉਹ ਗੁਰੂ ਗ੍ਰੰਥ ਸਾਹਿਬ ਦੀ ਲਿਖਾਈ ਕਰ ਰਹੇ ਸਨ। ਉਸੇ ਵਕਤ ਇਹ ਜਿਮੇਵਾਰੀ ਦੂਸਰੇ ਸਿੰਘ ਨੂੰ ਦੇਕੇ ਖੁਦ ਸ੍ਰੀ ਅਮ੍ਰਿਤਸਰ ਜਾਣ ਲਈ ਤਿਆਰ ਹੋ ਗਏ। ਆਪ ਜੀ ਨੇ ਸ੍ਰੀ ਦਰਬਾਰ ਸਾਹਿਬ ਜੀ ਦੀ ਪਵਿੱਤ੍ਰਤਾ ਭੰਗ ਕਰਨ ਵਾਲਿਆਂ ਨਾਲ ਟੱਕਰ ਲੈਣ ਦਾ ਫੈਸਲਾ ਕਰ ਲਿਆ। ਆਸ-ਪਾਸ ਦੇ ਨਗਰਾਂ ਤੇ ਟਿਕਾਣਿਆਂ ‘ਤੇ ਇਤਲਾਹ ਦਿੱਤੀ ਗਈ। ਵੱਖ-ਵੱਖ ਨਗਰਾਂ ਤੋਂ ਅਣਗਿਣਤ ਸਿੰਘ ਬਾਬਾ ਜੀ ਦੀ ਅਗਵਾਈ ਵਿੱਚ ਪਾਵਨ ਧਰਮ ਅਸਥਾਨ ਦੀ ਰੱਖਿਆ ਲਈ ਹਾਜ਼ਰ ਹੋਏ। ਇਸ ਤਰ੍ਹਾਂ ਦਲ ਖਾਲਸਾ ਦੀ ਗਿਣਤੀ ਅਣਗਿਣਤ ਹੋ ਗਈ। ਬਿਆਸ ਦਰਿਆ ਪਾਰ ਕਰਕੇ ਸਿੰਘਾਂ ਦਾ ਜੱਥਾ ਮਾਝੇ ਦੇ ਇਲਾਕੇ ਅੰਦਰ ਦਾਖਲ ਹੋਇਆ। ਤਰਨਤਾਰਨ ਸਾਹਿਬ ਦੇ ਪਾਵਨ ਅਸਥਾਨ ਵਿਖੇ ਪਹੁੰਚ ਕੇ ਸਿੰਘਾਂ ਦੇ ਸਾਰੇ ਸਮੂਹ ਨੇ ਅਰਦਾਸ ਕੀਤੀ। ਇਸ ਸ਼ਹਿਰ ਤੋਂ ਬਾਹਰ ਆ ਕੇ ਬਾਬਾ ਦੀਪ ਸਿੰਘ ਜੀ ਨੇ ਇੱਕ ਲਕੀਰ ਖਿੱਚੀ ਅਤੇ ਕਿਹਾ ਕਿ ਜੋ ਸ਼ਹੀਦੀ ਪਾਉਣ ਲਈ ਤਿਆਰ ਹੈ, ਉਹ ਇਸ ਲਕੀਰ ਨੂੰ ਪਾਰ ਕਰੇ, ਜਿਹੜਾ ਸ਼ਹੀਦ ਨਹੀਂ ਹੋਣਾ ਚਾਹੁੰਦਾ ਉਹ ਵਾਪਸ ਚਲਿਆ ਜਾਵੇ। ਸਾਰੇ ਸਿੰਘ ਜੈਕਾਰੇ ਗਜਾਉਂਦੇ ਹੋਏ ਲਕੀਰ ਪਾਰ ਕਰਕੇ ਅੰਮ੍ਰਿਤਸਰ ਵੱਲ ਵਧਣ ਲੱਗੇ।
ਉਧਰੋਂ ਲਾਹੌਰ ਦੇ ਸੂਬੇ ਨੇ ਵੀ ਜਹਾਨ ਖਾਨ ਦੀ ਅਗਵਾਈ ਹੇਠ ਤਰਨ-ਤਾਰਨ ਤੋ 10 ਮੀਲ ਦੀ ਦੂਰੀ ਤੇ ਗੋਹਲਵੜ੍ਹ ਨੇੜੇ ਨਾਕਾਬੰਦੀ ਕੀਤੀ ਹੋਈ ਸੀ । ਦੋਨੋ ਦਲਾਂ ਦਾ ਟਾਕਰਾ ਹੋਇਆ , ਜਹਾਨ ਖਾਨ ਮਾਰਿਆ ਗਿਆ ਸ਼ਾਹੀ ਫੌਜ਼ ਵਿਚ ਭਾਜੜ ਪੈ ਗਈ ਇਨੇ ਚਿਰ ਨੂੰ ਹਾਜੀ ਹਤਾਈ ਖਾਨ ਵੀ ਫੌਜਾਂ ਲੈਕੇ ਪਹੁੰਚ ਗਿਆ । ਫਿਰ ਘਮਸਾਨ ਦਾ ਯੁਧ ਹੋਇਆ |ਇਸ ਜੰਗ ਅੰਦਰ ਸਿੱਖਾਂ ਦਾ ਜਾਨੀ ਨੁਕਸਾਨ ਹੋਣਾ ਸ਼ੁਰੂ ਹੋ ਗਿਆ। ਸਿੰਘ ਇਕ-ਇਕ ਕਰਕੇ ਸ਼ਹੀਦ ਹੋਣ ਲੱਗੇ। ਇਸ ਯੁੱਧ ਵਿੱਚ ਹੌਲੀ-ਹੌਲੀ ਸਿੰਘ ਅਫ਼ਗਾਨਾਂ ਨੂੰ ਧੱਕਦੇ-ਧੱਕਦੇ ਅੰਮ੍ਰਿਤਸਰ ਸ਼ਹਿਰ ਦੇ ਬਾਹਰਵਾਰ ਚਾਟੀਵਿੰਡ ਦਰਵਾਜੇ ਦੇ ਨੇੜੇ ਗੁਰਦੁਆਰਾ ਰਾਮਸਰ ਸਾਹਿਬ ਦੇ ਨੇੜੇ ਪੁੱਜ ਗਏ। ਬਾਬਾ ਦੀਪ ਸਿੰਘ ਜੀ 8 ਸੇਰ ਕੱਚੇ ਦਾ ਦੋ-ਧਾਰਾ ਖੰਡਾ ਖੜਕਾਉਂਦੇ ਵੈਰੀਆਂ ਨੂੰ ਸਦਾ ਦੀ ਨੀਂਦ ਸੁਆਉਂਦੇ ਹੋਏ ਅੱਗੇ ਵਧਦੇ ਜਾ ਰਹੇ ਸਨ। -ਲੜਦੇ ਲੜੇ ਸਿੰਘ ਅਮ੍ਰਿਤਸਰ ਦੇ ਨੇੜੇ ਪਹੁੰਚ ਗਏ । ਜਮਾਲ ਖਾਨ ਨਾਲ ਹਥੋ-ਹਥੀ ਲੜਾਈ ਵਿਚ ਬਾਬਾ ਜੀ ਦਾ ਸੀਸ ਕਟਿਆ ਗਿਆ ਜਦ ਡਿਗਣ ਲਗੇ ਤਾਂ ਇਕ ਸਿੰਘ ਨੇ ਬੜੇ ਪਿਆਰ ਨਾਲ ਕਿਹਾ ” ਬਾਬਾ ਜੀ ਤੁਸੀਂ ਤਾਂ ਅਰਦਾਸ ਕੀਤੀ ਸੀ ਕਿ ਦਰਬਾਰ ਸਹਿਬ ਜਾਕੇ ਸ਼ਹੀਦ ਹੋਵਾਂਗੇ ਪਰ ਆਪ ਉਰੇ ਹੀ ਫਤਹਿ ਬੁਲਾ ਚਲੇ ਹੋ “। ਫਿਰ ਗੁਰੂ ਅਗੇ ਕੀਤੀ ਅਰਦਾਸ ਪੂਰੀ ਕਰਨ ਲਈ ਗੁਰੂ ਰਾਮਦਾਸ ਸਾਹਿਬ ਜੀ ਦਾ ਧਿਆਨ ਧਾਰ ਕੇ ਉਠੇ ਤੇ ਖਬੇ ਹੱਥ ਨਾਲ ਸੀਸ ਟਿਕਾ ਕੇ ਸੱਜੇ ਹਥ ਨਾਲ ਖੰਡਾ ਵਾਹੁੰਦੇ ਵੈਰੀਆਂ ਦੇ ਆਹੂ ਲਾਹੁੰਦੇ ਲਾਹੁੰਦੇ ਹਰਿਮੰਦਰ ਸਾਹਿਬ ਦੀ ਪ੍ਰਕਰਮਾ ਵਿਚ ਪਹੁੰਚ ਕੇ ਗੁਰੂ ਸਾਹਿਬ ਦੇ ਚਰਨਾਂ ਵਿਚ ਆਪਣਾ ਸੀਸ ਭੇਟਾ ਕਰ ਦਿਤਾ ਤੇ ਸ਼ਹੀਦ ਹੋ ਗਏ ।
ਇਸੇ ਤਰ੍ਹਾਂ ਜਥੇਦਾਰ ਰਾਮ ਸਿੰਘ ਵੀ ਬਹੁਤਿਆਂ ਨੂੰ ਮਾਰ ਕੇ ਸ਼ਹੀਦ ਹੋ ਗਿਆ, ਜਿਨ੍ਹਾਂ ਦਾ ਸ਼ਹੀਦ ਗੰਜ ਰਾਮਗੜ੍ਹੀਆਂ ਦੇ ਕਟੜੇ ਵਿਚ ਹੈ। ਬਾਬਾ ਸੱਜਣ ਸਿੰਘ, ਬਾਬਾ ਬਹਾਦਰ ਸਿੰਘ ਤੇ ਕਈ ਹੋਰ ਸਿੰਘ ਗੁਰੂ ਦੇ ਬਾਗ਼ ਵਿਚ ਲੜਦੇ ਸ਼ਹੀਦ ਹੋ ਗਏ, ਉਨ੍ਹਾਂ ਦਾ ਸਥਾਨ ਬਾਗ਼ ਵਿਚ ਹੈ। ਬਾਗ਼ ਦੀ ਜਗ੍ਹਾ ਅੱਜਕਲ੍ਹ ਦੀਵਾਨ ਹਾਲ ਮੰਜੀ ਸਾਹਿਬ ਬਣ ਗਿਆ ਹੈ। ਇਨ੍ਹਾਂ ਸ਼ਹੀਦਾਂ ਦੀ ਯਾਦ ਵਿਚ ਮੰਜੀ ਸਾਹਿਬ ਦੇ ਨੇੜੇ ਨਿਸ਼ਾਨ ਸਾਹਿਬ ਝੁਲਾਇਆ ਹੋਇਆ ਹੈ, ਜਿਸ ਦੇ ਥੜ੍ਹੇ ਉੱਪਰ ਹੇਠ ਲਿਖੇ ਸਿੰਘਾਂ ਦੇ ਨਾਮ ਲਿਖੇ ਹੋਏ ਹਨ:
1.ਬਾਬਾ ਦੀਪ ਸਿੰਘ ਜੀ ਸ਼ਹੀਦ ਹੈੱਡ ਜਥੇਦਾਰ
2. ਬਾਬਾ ਬਲਵੰਤ ਸਿੰਘ ਜੀ ਸ਼ਹੀਦ ਜਥੇਦਾਰ
3. ਬਾਬਾ ਹੀਰਾ ਸਿੰਘ ਜੀ ਸ਼ਹੀਦ ਜਥੇਦਾਰ
4 . ਬਾਬਾ ਗੰਡਾ ਸਿੰਘ ਜੀ ਸ਼ਹੀਦ ਜਥੇਦਾਰ
5 . ਬਾਬਾ ਲਹਿਣਾ ਸਿੰਘ ਜੀ ਸ਼ਹੀਦ ਜਥੇਦਾਰ
6. ਬਾਬਾ ਰਣ ਸਿੰਘ ਜੀ ਸ਼ਹੀਦ ਜਥੇਦਾਰ
7 . ਬਾਬਾ ਗੁਪਾਲ ਸਿੰਘ ਜੀ ਸ਼ਹੀਦ ਜਥੇਦਾਰ
8. ਬਾਬਾ ਭਾਗ ਸਿੰਘ ਜੀ ਸ਼ਹੀਦ ਜਥੇਦਾਰ
9 . ਬਾਬਾ ਸੱਜਣ ਸਿੰਘ ਜੀ ਸ਼ਹੀਦ ਜਥੇਦਾਰ
10 . ਬਾਬਾ ਬਹਾਦਰ ਸਿੰਘ ਜੀ ਸ਼ਹੀਦ ਜਥੇਦਾਰ