ਇਤਿਹਾਸ – ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ
ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਉਹ ਪਵਿੱਤਰ ਅਸਥਾਨ ਹੈ, ਜਿਥੇ ਬਾਬਾ ਬੁੱਢਾ ਸਾਹਿਬ ਜੀ ਨੇ ਮਾਤਾ ਗੰਗਾ ਜੀ ਨੂੰ ਪੁੱਤਰ ਦਾ ਵਰ ਦਿੱਤਾ। ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਅੰਮ੍ਰਿਤਸਰ ਤੋਂ ਕੋਈ 20-25 ਕਿਲੋਮੀਟਰ ਦੂਰ ਖੇਮਕਰਨ ਰੋਡ ਨਜਦੀਕ ਕਸਬਾ ਝਬਾਲ ਨੇੜੇ ਸੁਸ਼ੋਭਿਤ ਹੈ। ਗੁਰਦੁਆਰਾ ਬੀੜ ਸਾਹਿਬ ਦਾ ਸਬੰਧ ਬ੍ਰਹਮਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਨਾਲ ਹੈ।
ਬਾਬਾ ਬੁੱਢਾ ਜੀ ਨੂੰ ਪਹਿਲੀ ਪਾਤਸ਼ਾਹੀ ਤੋਂ ਲੈ ਕੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੱਕ ਸੇਵਾ ਅਤੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਪੰਜ ਗੁਰੂ ਸਾਹਿਬਾਨ ਜੀ ਨੂੰ ਗੱਦੀ ਤਿਲਕ ਬਖਸ਼ਿਸ਼ ਕੀਤਾ। ਜਦੋਂ ਸ੍ਰੀ ਗੁਰੂ ਅਮਰਦਾਸ ਜੀ ਗੋਇੰਦਵਾਲ ਸਾਹਿਬ ਵਿਚ ਰਹਿੰਦੇ ਸਨ ਤਾਂ ਉਨ੍ਹਾਂ ਦੇ ਪਰਮ ਸੇਵਕ ਬਾਬਾ ਬੁੱਢਾ ਸਾਹਿਬ ਜੀ ਸੰਗਤਾਂ ਦੀ ਸੇਵਾ ਅਤੇ ਨਾਮ ਸਿਮਰਨ ਵਿਚ ਲੱਗੇ ਰਹਿੰਦੇ ਸਨ। ਅਕਬਰ ਬਾਦਸ਼ਾਹ ਵੀ ਗੁਰੂ ਜੀ ਦਾ ਸ਼ਰਧਾਲੂ ਸੀ। ਇਕ ਦਿਨ ਅਕਬਰ ਬਾਦਸ਼ਾਹ ਗੁਰੂ ਜੀ ਦੇ ਦਰਸ਼ਨ ਕਰਨ ਲਈ ਗੋਇੰਦਵਾਲ ਸਾਹਿਬ ਆਇਆ ਅਤੇ ਪਹਿਲਾਂ ਉਸ ਨੇ ਪੰਗਤ ਵਿਚ ਬੈਠ ਕੇ ਪ੍ਰਸ਼ਾਦਾ ਛਕਿਆ ਤੇ ਬਾਅਦ ਵਿਚ ਗੁਰੂ ਅਮਰਦਾਸ ਜੀ ਦੇ ਦਰਸ਼ਨ ਕੀਤੇ ।
ਗੁਰੂ ਜੀ ਦਾ ਹੁਕਮ ਸੀ ਕਿ ਪਹਿਲਾਂ ਪੰਗਤ ਪਾਛੇ ਸੰਗਤ’। ਅਕਬਰ ਬਾਦਸ਼ਾਹ ਨੇ ਸ੍ਰੀ ਗੁਰੂ ਅਮਰਦਾਸ ਜੀ ਨਾਲ ਵਚਨ ਬਿਲਾਸ ਕੀਤੇ ਅਤੇ ਉਨ੍ਹਾਂ ਦੀ ਸੇਵਾ ਭਾਵਨਾ ਤੇ ਸਹਿਣਸ਼ੀਲਤਾ ਵੇਖ ਕੇ ਬਹੁਤ ਪ੍ਰਭਾਵਿਤ ਹੋਇਆ। ਉਨ੍ਹਾਂ ਦੇ ਮਨ ਵਿਚ ਆਇਆ ਕਿ ਗੁਰੂ ਘਰ ਨੂੰ ਕੁਝ ਜ਼ਮੀਨ ਦਾਨ ਵਿਚ ਦਿੱਤੀ ਜਾਵੇ। ਬਾਦਸ਼ਾਹ ਨੇ ਪ੍ਰਸੰਨ ਹੋ ਕੇ ਆਪਣੀ ਜਗੀਰ ਵਿਚੋਂ ਕੁਝ ਜ਼ਮੀਨ ਝਬਾਲ ਅਤੇ ਠੱਠੇ ਪਿੰਡ ਵਿੱਚੋਂ ਦਾਨ ਕਰ ਦਿੱਤੀ। ਇਸ ਜ਼ਮੀਨ ਵਿਚ ਛੋਟਾ ਜਿਹਾ ਜੰਗਲ ਸੀ, ਜਿਸਨੂੰ ਬੀੜ ਵੀ ਕਿਹਾ ਜਾਂਦਾ ਸੀ। ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਸਾਹਿਬ ਤੋਂ ਬਾਬਾ ਬੁਢਾ ਸਾਹਿਬ ਜੀ ਨੂੰ ਜ਼ਮੀਨ ਦੀ ਸਾਂਭ ਸੰਭਾਲ ਵਾਸਤੇ ਪਿੰਡ ਠੱਠੇ ਭੇਜਿਆ, ਕਿਉਂਕਿ ਬਾਬਾ ਬੁੱਢਾ ਸਾਹਿਬ ਜੀ ਖੇਤੀਬਾੜੀ ਬਹੁਤ ਚੰਗੀ ਤਰ੍ਹਾਂ ਜਾਣਦੇ ਸਨ। ਬਾਬਾ ਬੁੱਢਾ ਸਾਹਿਬ ਜੀ ਗੁਰੂ ਜੀ ਦਾ ਹੁਕਮ ਮੰਨ ਕੇ ਪਿੰਡ ਠੱਠੇ ਆ ਗਏ ਤੇ ਇੱਥੇ ਆ ਕੇ ਉਨ੍ਹਾਂ ਨੇ ਖੇਤੀ ਕੀਤੀ। ਨਾਲ ਹੀ ਜੰਗਲ ( ਬੀੜ ) ਦੀ ਸਾਂਭ-ਸੰਭਾਲ ਕੀਤੀ। ਬਾਬਾ ਬੁੱਢਾ ਸਾਹਿਬ ਜੀ ਨੇ ਮੱਝਾਂ, ਗਾਵਾਂ ਰੱਖੀਆ ਅਤੇ ਨਾਲ ਹੀ ਬੱਚਿਆਂ ਨੂੰ ਗੁਰਬਾਣੀ ਦੀ ਸਿੱਖਿਆ ਤੇ ਸ਼ਸਤਰ ਵਿਦਿਆ ਵੀ ਦਿੰਦੇ ਸਨ । ਇਸ ਤਰ੍ਹਾਂ ਇਸ ਅਸਥਾਨ ਦਾ ਨਾਮ ਬੀੜ ਬਾਬਾ ਬੁੱਡਾ ਸਾਹਿਬ ਜੀ ਪੈ ਗਿਆ ।
ਇਕ ਵਾਰ ਮਾਤਾ ਗੰਗਾ ਜੀ ਗੁਰੂ ਘਰ ਦੇ ਬਹੁਤ ਹੀ ਕੀਮਤੀ ਦੁਸ਼ਾਲੇ ਸੁਕਾ ਰਹੇ ਸਨ। ਦੁਸ਼ਾਲੇ ਵੇਖ ਕੇ ਪ੍ਰਿਥੀ ਚੰਦ ਦੀ ਘਰਵਾਲੀ ਕਰਮੋ, ਜੋ ਕਿ ਮਾਤਾ ਗੰਗਾ ਜੀ ਦੀ ਜੇਠਾਣੀ ਲਗਦੀ ਸੀ। ਆਪਣੇ ਪਤੀ ਪ੍ਰਿਥੀ ਚੰਦ ਨੂੰ ਕਹਿਣ ਲੱਗੀ ਕਿ ਮੈਨੂੰ ਵੀ ਵਧੀਆ ਦੁਸ਼ਾਲੇ ਲਿਆ ਕੇ ਦਿਓ, ਮੈਂ ਵੀ ਸੰਭਾਲ ਕੇ ਰੱਖਣੇ ਹਨ ਤਾਂ ਅੱਗੋਂ ਪਿਥੀ ਚੰਦ ਕਹਿਣ ਲੱਗਾ ਕਿ ਇਹ ਦੁਸ਼ਾਲੇ ਆਪਣੇ ਪੁੱਤਰ ਮਿਹਰਬਾਨ ਦੇ ਕੰਮ ਆਉਣੇ ਹਨ, ਕਿਉਂਕਿ ਮਾਤਾ ਗੰਗਾ ਜੀ ਦੇ ਘਰ ਕਿਹੜਾ ਕੋਈ ਪੁੱਤਰ ਹੈ। ਇਹ ਗੱਲ ਮਾਤਾ ਗੰਗਾ ਜੀ ਦੇ ਕੰਨੀਂ ਪੈ ਗਈ ਤੇ ਮਾਤਾ ਜੀ ਬਹੁਤ ਉਦਾਸ ਰਹਿਣ ਲਗ ਪਏ। ਮਾਤਾ ਗੰਗਾ ਜੀ ਦੀ ਉਦਾਸੀ ਵੇਖ ਕੇ ਗੁਰੂ ਅਰਜਨ ਦੇਵ ਜੀ ਨੇ ਮਾਤਾ ਗੰਗਾ ਜੀ ਨੂੰ ਉਨ੍ਹਾਂ ਦੀ ਉਦਾਸੀ ਦਾ ਕਾਰਨ ਪੁੱਛਿਆ ਤਾਂ ਮਾਤਾ ਗੰਗਾ ਜੀ ਨੇ ਸਾਰੀ ਗੱਲ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਦੱਸੀ। ਸ੍ਰੀ ਗੁਰੂ ਅਰਜਨ ਦੇਵ ਜੀ ਮਾਤਾ ਗੰਗਾ ਜੀ ਨੂੰ ਕਹਿਣ ਲੱਗੇ ਕਿ ਪੁੱਤਰਾਂ ਦੇ ਦਾਨੀ ਬਾਬਾ ਬੁੱਢਾ ਸਾਹਿਬ ਜੀ ਬੀੜ ਸਾਹਿਬ ਵਿੱਚ ਰਹਿੰਦੇ ਹਨ। ਤੁਸੀਂ ਆਪ ਆਟਾ ਪੀਸ ਕੇ ਮਿੱਸੇ ਪ੍ਰਸ਼ਾਦੇ ,ਅਚਾਰ, ਪਿਆਜ ਤੇ ਲੱਸੀ ਦਾ ਮਟਕਾ ਲੈ ਕੇ ਨੰਗੇ ਪੈਰੀਂ ਜਾ ਕੇ ਬਾਬਾ ਬੁੱਢਾ ਸਾਹਿਬ ਜੀ ਨੂੰ ਪ੍ਰਸ਼ਾਦਾ ਛਕਾਓ ਅਤੇ ਉਨ੍ਹਾਂ ਅੱਗੇ ਅਰਦਾਸ ਕਰੋ ਕਿ ਬਾਬਾ ਜੀ ਸਾਨੂੰ ਪੁੱਤਰ ਦੀ ਦਾਤ ਬਖਸ਼ੋ ।
ਮਾਤਾ ਗੰਗਾ ਜੀ ਨੇ ਨੰਗੇ ਪੈਰੀਂ ਜਾ ਬੀੜ ਸਾਹਿਬ ਵਿਖੇ ਜਾ ਕੇ ਬਾਬਾ ਬੁੱਢਾ ਸਾਹਿਬ ਜੀ ਨੂੰ ਪ੍ਰਸ਼ਾਦਾ ਛਕਾਇਆ ਅਤੇ ਉਨ੍ਹਾਂ ਅੱਗੇ ਪੁੱਤਰ ਦੀ ਦਾਤ ਮੰਗੀ । ਬਾਬਾ ਬੁੱਢਾ ਜੀ ਨੇ ਮਾਤਾ ਗੰਗਾ ਜੀ ਦੀ ਸੇਵਾ ਭਾਵਨਾ ਤੋਂ ਪ੍ਰਸੰਨ ਹੋ ਕੇ ਕਿਹਾ ਕਿ ਆਪ ਜੀ ਦੇ ਘਰ ਵਿਚ ਬਹੁਤ ਵੱਡਾ ਯੋਧਾ ਪੁੱਤਰ ਪੈਦਾ ਹੋਵੇਗਾ। ਬਾਬਾ ਬੁੱਢਾ ਜੀ ਦੇ ਵਰ ਦੇ ਨਾਲ ਮਾਤਾ ਗੰਗਾ ਜੀ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਗ੍ਰਹਿ ਵਿਖੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਨਮ ਲਿਆ।
ਬਾਬਾ ਬੁੱਢਾ ਜੀ ਸਿੱਖ ਪੰਥ ਦੀ ਮਹਾਨ ਸਤਿਕਾਰਯੋਗ ਸ਼ਖ਼ਸੀਅਤ ਸਨ। ਸ੍ਰੀ ਗੁਰੂ ਰਾਮਦਾਸ ਜੀ ਨੇ ਜਦੋਂ ਸ੍ਰੀ ਦਰਬਾਰ ਸਾਹਿਬ ਦੀ ਸਥਾਪਨਾ ਕੀਤੀ ਤਾਂ ਆਪ ਜੀ ਇੱਕ ਬੇਰੀ ਦੇ ਰੁੱਖ ਹੇਠ ਬੈਠ ਕੇ ਸੰਗਤਾਂ ਨੂੰ ਸੇਵਾ ਲਈ ਪ੍ਰੇਰਿਤ ਕਰਦੇ ਸਨ। ਸ੍ਰੀ ਦਰਬਾਰ ਸਾਹਿਬ ਦੇ ਪਹਿਲੇ ਮੁੱਖ ਗ੍ਰੰਥੀ ਹੋਣ ਦਾ ਆਪ ਜੀ ਨੂੰ ਸੁਭਾਗ ਪ੍ਰਾਪਤ ਹੋਇਆ ਹੈ। ਜਦੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲ੍ਹੇ ਵਿਚ ਕੈਦ ਕੀਤਾ ਗਿਆ ਸੀ ਤਾਂ ਬਾਬਾ ਬੁੱਢਾ ਜੀ ਅੰਮ੍ਰਿਤਸਰ ਤੋਂ ਸੰਗਤਾਂ ਨੂੰ ਨਾਲ ਲੈ ਕੇ ਗਵਾਲੀਅਰ ਜਾਂਦੇ ਰਹੇ। ਬਾਬਾ ਬੁੱਢਾ ਜੀ ਦੀ ਸਖਸ਼ੀਅਤ ਤੋਂ ਸਿੱਖ ਸੰਗਤਾਂ ਬਹੁਤ ਪ੍ਰਭਾਵਿਤ ਸਨ। ਅੱਜ ਵੀ ਸੰਗਤਾਂ ਬੀੜ ਸਾਹਿਬ ਵਿਖੇ ਬੜੀ ਸ਼ਰਧਾ ਨਾਲ ਮਿੱਸੇ ਪ੍ਰਸ਼ਾਦੇ ਪਿਆਜ ਚੜਾਉਂਦੀਆਂ ਹਨ। ਮਾਝੇ ਦੇ ਸਭ ਤੋਂ ਪ੍ਰਸਿੱਧ ਇਸ ਮੇਲੇ ਚ ਮਾਲਵੇ ਦੀ ਸੰਗਤ ਵੀ ਇਕ ਦਿਨ ਪਹਿਲਾਂ ਹੁੰਮ-ਹੁਮਾ ਕੇ ਆਉਂਦੀ ਹੈ। ਇਸ ਅਸਥਾਨ ਤੇ ਹਰ ਸਾਲ ਦੀ ਤਰ੍ਹਾਂ 6 ਅਤੇ 7 ਅਕਤੂਬਰ ਨੂੰ ਬਹੁਤ ਭਾਰੀ ਜੋੜ ਮੇਲਾ ਲੱਗਦਾ ਹੈ। ਇਸ ਅਸਥਾਨ ਦੀ ਸੇਵਾ ਸੰਭਾਲ ਸ਼ੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਸੰਭਾਲੀ ਹੋਈ ਹੈ ।