18 ਸਤੰਬਰ – ਜੋਤੀ ਜੋਤਿ ਸ਼੍ਰੀ ਗੁਰੂ ਅਮਰਦਾਸ ਜੀ
ਸ੍ਰੀ ਗੁਰੂ ਅਮਰਦਾਸ ਜੀ ਦਾ ਸਮਾਂ ਸਿੱਖ ਧਰਮ ਦੇ ਇਤਿਹਾਸ ਵਿਚ ਇਕ ਮੀਲ ਪੱਥਰ ਹੈ। ਸ੍ਰੀ ਗੁਰੂ ਅਮਰਦਾਸ ਜੀ ਦਾ ਗੁਰਿਆਈ ਸਮਾਂ (੧੫੫੨-੧੫੭੪ ਈ: ਤਕ) ਸਿੱਖ ਧਰਮ ਦੀ ਪ੍ਰਗਤੀ ਤੇ ਪਾਸਾਰ ਦਾ ਸਮਾਂ ਰਿਹਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਦੀ ਬੁਨਿਆਦ ਰੱਖੀ ਅਤੇ ਫਿਰ ਉਸ ਨੂੰ ਅੱਗੇ ਤੋਰਨ ਲਈ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਜੋ ਕਾਰਜ ਅਰੰਭੇ, ਉਨ੍ਹਾਂ ਨੂੰ ਸ੍ਰੀ ਗੁਰੂ ਅਮਰਦਾਸ ਜੀ ਨੇ ਨੇਪਰੇ ਚਾੜ੍ਹਿਆ। ਸ੍ਰੀ ਗੁਰੂ ਅਮਰਦਾਸ ਜੀ ਦੀ ਸਿੱਖ ਧਰਮ ਨੂੰ ਦੇਣ ਦੇ ਸਬੰਧ ਵਿਚ ਡਾ. ਇੰਦੂ ਭੂਸ਼ਣ ਬੈਨਰਜੀ ਲਿਖਦੇ ਹਨ, “ਸ੍ਰੀ ਗੁਰੂ ਅਮਰਦਾਸ ਜੀ ਦੇ ਅਧੀਨ ਸਿੱਖ ਧਰਮ ਨੇ ਆਪਣੀ ਇਕ ਵੱਖਰੀ ਹੋਂਦ ਵਿਕਸਿਤ ਕੀਤੀ। ਸਿੱਖ ਧਰਮ ਨੂੰ ਇਕ ਅਲੱਗ ਸੰਸਥਾ ਦਾ ਸਰੂਪ ਪ੍ਰਾਪਤ ਹੋ ਗਿਆ ਅਤੇ ਉਸ ਵਿਚ ਪੁਰਾਣੇ ਰੀਤੀ ਰਿਵਾਜ ਅਤੇ ਰਸਮਾਂ ਦੀ ਥਾਂ ਨਵੇਂ ਰੀਤੀ ਰਿਵਾਜ ਸ਼ੁਰੂ ਕੀਤੇ ਗਏ।” ਜਦੋਂ ਸ੍ਰੀ ਗੁਰੂ ਅਮਰਦਾਸ ਜੀ ਗੁਰਗੱਦੀ ਉੱਤੇ ਬੈਠੇ ਤਾਂ ਉਨ੍ਹਾਂ ਦੇ ਸਾਹਮਣੇ ਸਭ ਤੋਂ ਵੱਡੀ ਸਮੱਸਿਆ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਲਾਈ ਸਿੱਖ ਲਹਿਰ ਨੂੰ ਸਥਿਰ ਰੱਖਣ ਤੇ ਅੱਗੇ ਵਧਾਉਣ ਦੀ ਸੀ।
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦੇਸ-ਪ੍ਰਦੇਸ ਵਿਚ ਜਾ ਕੇ ਲੋਕਾਂ ਨੂੰ ਹਲੂਣਿਆ ਅਤੇ ਜਾਗ੍ਰਿਤ ਕੀਤਾ। ਉਨ੍ਹਾਂ ਨੂੰ ਆਪਣੇ ਸਮੇਂ ਦੇ ਧਾਰਮਿਕ, ਸਮਾਜਿਕ ਤੇ ਰਾਜਸੀ ਦੰਭੀਆਂ ਅਤੇ ਜਾਬਰਾਂ ਵਿਰੁੱਧ ਬਲਵਾਨ ਅਵਾਜ਼ ਬੁਲੰਦ ਕਰਨੀ ਪਈ ਸੀ। ਇਕ ਪਾਸੇ ਉਨ੍ਹਾਂ ਨੇ ਲੋਕਾਂ ਨੂੰ ਅਜਿਹੇ ਦੰਭੀਆਂ ਆਦਿਕ ਤੋਂ ਸੁਚੇਤ ਕੀਤਾ ਤੇ ਦੂਜੇ ਪਾਸੇ ਨਵੇਂ ਜੀਵਨ ਦੀ ਸਿਖਲਾਈ ਦਿੱਤੀ। ਪੁਰਾਣੇ ਨੂੰ ਢਾਹੁਣਾ ਅਤੇ ਨਵੇਂ ਨੂੰ ਉਸਾਰਨਾ ਹਰ ਕ੍ਰਾਂਤੀਕਾਰੀ ਦਾ ਦੋਹਰਾ ਕਰਤੱਵ ਹੁੰਦਾ ਹੈ। ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਕਾਰਜ ਖੇਤਰ ਬਹੁਤ ਵਿਸ਼ਾਲ ਸੀ। ਉਨ੍ਹਾਂ ਨੇ ਥਾਂ-ਥਾਂ ਨਵੇਂ ਜੀਵਨ ਦੇ ਬੀਜ ਖਿਲਾਰੇ ਅਤੇ ਉਨ੍ਹਾਂ ਨੂੰ ਪੁੰਗਰਨ ਲਈ ਹਰ ਥਾਂ ਆਪਣੇ ਪ੍ਰਤੀਨਿਧਾਂ ਨੂੰ ਸਾਥੀਆਂ ਦੀ ਅਗਵਾਈ ਕਰਨ ਲਈ ਸਥਾਪਿਤ ਕੀਤਾ। ਸ੍ਰੀ ਗੁਰੂ ਅਮਰਦਾਸ ਜੀ ਨੇ ਆਪਣੀ ਪੂਰੀ ਸਮਰੱਥਾ ਨਾਲ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਬਿੰਬ ਕਾਇਮ ਰੱਖਿਆ। ਪਰ ਉਨ੍ਹਾਂ ਦੇ ਸਮੇਂ ਤਕ ਪੰਜਾਬ ਦੇ ਲੋਕਾਂ ਦੀ ਜਾਣ-ਪਛਾਣ ਸਿੱਖ ਲਹਿਰ ਨਾਲ ਅੱਗੇ ਨਾਲੋਂ ਕਾਫੀ ਡੂੰਘੀ ਹੋ ਚੁੱਕੀ ਸੀ। ਸ੍ਰੀ ਗੁਰੂ ਅਮਰਦਾਸ ਜੀ ਦੇ ਸਮੇਂ ਤਕ ਉਨ੍ਹਾਂ ਦੇ ਛੋਟੇ-ਛੋਟੇ ਸਮੂਹ ਹੋਂਦ ਵਿਚ ਆ ਚੁੱਕੇ ਸਨ। ਸ੍ਰੀ ਗੁਰੂ ਅਮਰਦਾਸ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਲਹਿਰ ਦੇ ਨਵੇਂ ਬਣ ਰਹੇ ਸਮੂਹਿਕ ਰੂਪ ਨੂੰ ਸਹੀ ਸੇਧ ਵਿਚ ਰੱਖਣਾ ਸੀ।
ਸ੍ਰੀ ਗੁਰੂ ਅਮਰਦਾਸ ਜੀ ਦੇ ਗੁਰੂ ਕਾਲ ਵਿਚ ਸਿੱਖ ਧਰਮ ਦਾ ਸੰਸਥਾਈ ਰੂਪ ਤੇ ਅਕਾਰ ਨਿਖਰਣ ਲੱਗ ਪਿਆ। ਸਮਾਜ ਵਿਚ ਨਵੇਂ ਨਿਯਮਾਂ ਤੇ ਸੰਸਥਾਵਾਂ ਨੂੰ ਪ੍ਰਚਲਿਤ ਕਰ ਸਕਣਾ ਸੂਝਵਾਨ ਆਗੂ ਦਾ ਕਰਤੱਵ ਹੁੰਦਾ ਹੈ। ਸ੍ਰੀ ਗੁਰੂ ਅਮਰਦਾਸ ਜੀ ਨੇ ੧੫੫੨ ਈ: ਤੋਂ ੧੫੭੪ ਈ: ਤਕ ਨਿਰੰਤਰ ੨੨ ਸਾਲ ਗੁਰੂ ਕਰਤੱਵ ਨਿਭਾਇਆ ਹੈ। ਗੁਰੂ-ਕਰਤੱਵ ਵਿੱਚੋਂ ਸਿੱਖ ਸੰਗਤ ਦੀ ਜੱਥੇਬੰਦੀ, ਬਾਉਲੀ ਸਾਹਿਬ ਦੀ ਸਿਰਜਨਾ, ਵਰਨ ਭੇਦ ਦਾ ਖਾਤਮਾ, ਸਤੀ ਦੀ ਰਸਮ ਨੂੰ ਬੰਦ ਕਰਨਾ, ਪ੍ਰਚਾਰ ਹਿਤ ਬਾਈ ਮੰਜੀਆਂ ਦੀ ਸਥਾਪਨਾ, ਅਕਾਲੀ ਬਾਣੀ ਦਾ ਪ੍ਰਕਾਸ਼, ਸ੍ਰੀ ਅੰਮ੍ਰਿਤਸਰ ਸ਼ਹਿਰ ਦੀ ਕਲਪਨਾ ਆਦਿ ਅਜਿਹੇ ਕਰਤੱਵ ਸਨ ਜਿਨ੍ਹਾਂ ਤੋਂ ਪਤਾ ਚਲਦਾ ਹੈ ਕਿ ਗੁਰੂ ਸਾਹਿਬ ਦਾ ਅਨੁਭਵ ਵਿਸ਼ਾਲ, ਸਾਰਥਕ ਤੇ ਸਿਰਜਨਾਤਮਿਕ ਸੀ।
ਜੀ. ਐਸ. (ਛਾਬੜਾ) ਅਨੁਸਾਰ, “ਸ੍ਰੀ ਗੁਰੂ ਅਮਰਦਾਸ ਜੀ ਦੇ ਸਮੇਂ ਸਿੱਖੀ ਦਾ ਘੇਰਾ ਦਿਨ¬ਬ-ਦਿਨ ਵਿਸ਼ਾਲ ਹੁੰਦਾ ਜਾ ਰਿਹਾ ਸੀ। ਇਸ ਆਸ਼ੇ ਨੂੰ ਮੁੱਖ ਰੱਖ ਕੇ ਸ੍ਰੀ ਗੁਰੂ ਅਮਰਦਾਸ ਜੀ ਨੇ ਸਾਰੇ ਸਿੱਖ ਜਗਤ ਨੂੰ ੨੨ ਹਿੱਸਿਆ ਵਿਚ ਵੰਡਿਆ ਤੇ ਇਨ੍ਹਾਂ ਥਾਵਾਂ ਉੱਤੇ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਯੋਗ ਤੇ ਮੁਖੀ ਸਿੱਖਾਂ ਨੂੰ ਨਿਯਤ ਕੀਤਾ ਜਾਂਦਾ ਸੀ। ਜਿਸ ਗੁਰਸਿੱਖ ਨੂੰ ਸਤਿਗੁਰੂ ਵੱਲੋਂ ਪ੍ਰਚਾਰਕ ਨਿਯੁਕਤ ਕੀਤਾ ਜਾਂਦਾ, … ਆਖਿਆ ਜਾਂਦਾ ਸੀ ਕਿ ਉਸ ਨੂੰ ‘ਮੰਜੀ’ ਦੀ ਬਖ਼ਸ਼ਿਸ਼ ਹੋਈ ਹੈ। ਕਿਉਂਕਿ ਸਿੱਖੀ ਦਾ ਪ੍ਰਚਾਰ ਕਰਨ ਵਾਲੇ ਆਮ ਤੌਰ ’ਤੇ ਸੰਗਤਾਂ ਨੂੰ ਮੰਜੀ ’ਤੇ ਬੈਠ ਕੇ ਹੀ ਉਪਦੇਸ਼ ਦਿੰਦੇ ਸਨ ਇਸ ਲਈ ਗੁਰੂ ਸਾਹਿਬ ਦੇ ਸਮੇਂ ਤੋਂ ਹੀ ‘ਮੰਜੀ’ ਦਾ ਸ਼ਬਦ ਪ੍ਰਚਾਰਕਾਂ ਲਈ ਵਰਤਿਆ ਜਾਣ ਲੱਗਾ।”
ਭਾਈ ਗੁਰਦਾਸ ਜੀ ਨੇ ਵੀ ਆਪਣੀਆਂ ਵਾਰਾਂ ਵਿਚ ‘ਮੰਜੀ’ ਸ਼ਬਦ ਦੀ ਵਰਤੋਂ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੰਦਰਭ ਵਿਚ ਕੀਤੀ ਹੈ।
ਫਿਰਿ ਬਾਬਾ ਆਇਆ ਕਰਤਾਰਪੁਰਿ। ਭੇਖੁ ਉਦਾਸੀ ਸਗਲ ਉਤਾਰਾ।
ਪਹਿਰਿ ਸੰਸਾਰੀ ਕਪੜੇ ਮੰਜੀ ਬੈਠਿ ਕੀਆ ਅਵਤਾਰਾ। (ਵਾਰ ੧:੩੮)
ਮੰਜੀ ਸਥਾਪਨਾ ਦਾ ਸਭ ਤੋਂ ਵੱਡਾ ਉਦੇਸ਼ ਆਪੋ ਆਪਣੇ ਇਲਾਕਿਆਂ ਵਿਚ ਨਿਯੁਕਤ ਕੀਤੇ ਪ੍ਰਚਾਰਕਾਂ ਦੁਆਰਾ ਗੁਰੂ ਸਾਹਿਬ ਦੇ ਉਪਦੇਸ਼ਾਂ ਦਾ ਪ੍ਰਚਾਰ ਕਰਨਾ ਹੁੰਦਾ ਸੀ। ਧਰਮਸ਼ਾਲਾ ਦੀ ਸਥਾਪਤੀ ਕੀਰਤਨ, ਕਥਾ ਤੇ ਲੰਗਰ ਦੀ ਮਰਯਾਦਾ ਨੂੰ ਕਾਇਮ ਕਰਨਾ ਅਤੇ ਗੁਰੂ ਸਾਹਿਬ ਦੇ ਨਾਮ ’ਤੇ ਆਈ ਚੜ੍ਹਤ ਨੂੰ ਦੀਵਾਲੀ, ਵੈਸਾਖੀ ਜਾਂ ਕੋਈ ਹੋਰ ਅਵਸਰ ’ਤੇ ਗੁਰੂ ਘਰ ਪਹੁੰਚਾਉਣਾ, ਉਨ੍ਹਾਂ ਦੀਆਂ ਜਿੰਮੇਵਾਰੀਆਂ ਦੇ ਪ੍ਰਮੁੱਖ ਅੰਗ ਹੋਇਆ ਕਰਦੇ ਸਨ। ਉਹ ਇਲਾਕੇ ਦੀਆਂ ਸੰਗਤਾਂ ਤੇ ਗੁਰੂ ਸਾਹਿਬ ਦੇ ਵਿਚਕਾਰ ਇਕ ਅਜਿਹੀ ਕੜੀ ਸੀ, ਜਿਸ ਰਾਹੀਂ ਗੁਰੂ ਸਾਹਿਬਾਨ ਦੁਆਰਾ ਜਾਰੀ ਕੀਤੇ ਗਏ ਆਦੇਸ਼ ਤੇ ਹੁਕਮਨਾਮੇ ਦੂਰ-ਦੂਰ ਸਿੱਖਾਂ ਤਕ ਪਹੁੰਚਾਏ ਜਾਂਦੇ ਸਨ।
ਸਿੱਖ ਲਹਿਰ ਨੂੰ ਕਰਮਕਾਂਡ ਦੀਆਂ ਪੇਚੀਦਗੀਆਂ ਤੋਂ ਅਲੱਗ ਕਰਨ ਦੀ ਸਥਾਪਤੀ ਇਕ ਮੀਲ ਪੱਥਰ ਦੀ ਤਰ੍ਹਾਂ ਸਾਬਤ ਹੋਈ। ਸ੍ਰੀ ਨਿਰੰਜਨ ਰੇਅ ਦੇ ਸ਼ਬਦਾਂ ਵਿਚ “ਦੂਰ¬ਦੂਰ ਤਕ ਫੈਲ ਚੁੱਕੀ ਸਿੱਖੀ ਨੂੰ ਕੇਂਦਰ ਨਾਲ ਜੋੜ ਕੇ ਜਥੇਬੰਦ ਕਰਨ ਵੱਲ ਚੁੱਕਿਆ ਇਹ ਕਦਮ ਸਿੱਖ ਰਾਜਨੀਤਿਕ ਸ਼ਕਤੀ ਦਾ ਮੁੱਢ ਕਿਹਾ ਜਾ ਸਕਦਾ ਹੈ।”
ਬਾਈ ਮੰਜੀਆਂ ਦੀ ਸਥਾਪਤੀ ਨੇ ਜਿੱਥੇ ਸਿੱਖਾਂ ਦੇ ਪ੍ਰਚਾਰ ਵਿਚ ਵਾਧਾ ਕਰ ਕੇ ਜਥੇਬੰਦੀ ਨੂੰ ਮਜ਼ਬੂਤ ਕੀਤਾ। ਉੱਥੇ ਨਾਲ ਹੀ ਨਾਲ ਸਾਰੀ ਸਿੱਖ ਸੰਗਤ ਨੂੰ ਇਕ ਵੱਖਰੀ ਜਿਹੀ ਮਰਯਾਦਾ ਕਾਇਮ ਕਰ ਕੇ ਸਿੱਖ ਸੰਗਤ ਨੂੰ ਇਕ ਵੱਖਰੀ ਤੇ ਸੁਤੰਤਰ ਹੋਂਦ ਲਈ ਤਿਆਰ ਕਰਨਾ ਸ਼ੁਰੂ ਕਰ ਦਿੱਤਾ। ਸਮਾਂ ਪਾ ਕੇ ਇਹ ਸੁਤੰਤਰ ਹੋਂਦ ਹੀ ਖਾਲਸਾ ਪੰਥ ਦੇ ਰੂਪ ਵਿਚ ਪ੍ਰਗਟ ਹੋਈ। ਜਿੱਥੇ ਪਹਿਲਾਂ ਸਿੱਖ ਧਰਮ ਦਾ ਪ੍ਰਚਾਰ ਬਿੰਦੂ ਕੇਵਲ ਗੁਰੂ ਸਾਹਿਬ ਦਾ ਨਿਵਾਸ ਅਸਥਾਨ ਹੀ ਹੋਇਆ ਕਰਦਾ ਸੀ, ਹੁਣ ਉਸ ਦਾ ਪ੍ਰਸਾਰ ਦੇਸ਼ ਦੇ ਕੋਨੇ-ਕੋਨੇ ਤਕ ਫੈਲ ਗਿਆ। ਸਥਾਨਕ ਪ੍ਰਚਾਰ ਕੇਂਦਰਾਂ (ਮੰਜੀਆਂ) ਦੀ ਸਥਾਪਤੀ ਨੇ ਸਿੱਖੀ ਆਸ਼ੇ ਨੂੰ ਦੂਰ-ਦੂਰ ਤਕ ਫੈਲਾਉਣ ਵਿਚ ਵੱਡਾ ਰੋਲ ਅਦਾ ਕੀਤਾ। ਡਾ. ਗੋਕਲ ਚੰਦ ਨਾਰੰਗ ਲਿਖਦੇ ਹਨ, “ਇਨ੍ਹਾਂ ਮੰਜੀਆਂ ਦੀ ਸਥਾਪਤੀ ਨੇ ਸਾਰੇ ਦੇਸ਼ ਵਿਚ ਸਿੱਖੀ ਮਹੱਲ ਦੀਆਂ ਨੀਹਾਂ ਨੂੰ ਬਹੁਤ ਮਜ਼ਬੂਤ ਕਰ ਦਿੱਤਾ। ਜਿਸ ਨੇ ਆਉਣ ਵਾਲੀਆਂ ਸਦੀਆਂ ਵਿਚ ਸਮੁੱਚੇ ਦੇਸ਼ ਦੀ ਰਾਜਨੀਤੀ ਵਿਚ ਇਕ ਅਹਿਮ ਰੋਲ ਅਦਾ ਕਰਨਾ ਸੀ।”
ਗੁਰੂ ਸਾਹਿਬ ਦੇ ਉਪਦੇਸ਼ਾਂ ਦਾ ਪ੍ਰਚਾਰ ਹੋਰ ਵੀ ਪ੍ਰਭਾਵਸ਼ਾਲੀ ਹੋ ਗਿਆ। ਇਸ ਨਾਲ ਸਥਾਨਕ ਸੰਗਤਾਂ ਦੀਆਂ ਧਾਰਮਿਕ ਲੋੜਾਂ ਪੂਰੀਆਂ ਹੋਣ ਲੱਗੀਆਂ। ਸ੍ਰੀ ਗੁਰੂ ਅਮਰਦਾਸ ਜੀ ਨੇ ੨੨ ਮੰਜੀਆਂ ਨੂੰ ਵੱਖ-ਵੱਖ ਥਾਵਾਂ ਤੇ ਸਥਾਪਿਤ ਕੀਤਾ ਕਿਉਂਕਿ ਸੰਗਤਾਂ ਲਈ ਆਪ ਵੱਖ-ਵੱਖ ਥਾਵਾਂ ਤੋਂ ਗੁਰੂ ਜੀ ਨਾਲ ਸਿੱਧਾ ਸੰਪਰਕ ਰੱਖਣਾ ਮੁਸ਼ਕਲ ਸੀ। ਤੀਜੇ ਗੁਰੂ ਸਾਹਿਬ ਜੀ ਦੇ ਇਸ ਕਾਰਜ ਨੇ ਸਿੱਖ ਸੰਪਰਦਾ ਦੀਆਂ ਜੜ੍ਹਾਂ ਮਜ਼ਬੂਤ ਕਰਨ ਵਿਚ ਬਹੁਤ ਵੱਡਾ ਹਿੱਸਾ ਪਾਇਆ। ਸਿੱਖ ਧਰਮ ਦੇ ਵਿਕਾਸ ਵਿਚ ਸ੍ਰੀ ਗੁਰੂ ਅਮਰਦਾਸ ਜੀ ਦਾ ਇਕ ਹੋਰ ਅਹਿਮ ਯੋਗਦਾਨ ‘ਗੋਇੰਦਵਾਲ’ ਨਗਰ ਦੀ ਸਥਾਪਨਾ ਕਰਨਾ ਸੀ। ਸ੍ਰੀ ਗੁਰੂ ਅਮਰਦਾਸ ਜੀ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਆਗਿਆ ਲੈ ਕੇ ‘ਗੋਇੰਦਵਾਲ’ ਨਗਰ ਦੀ ਸਥਾਪਨਾ ਕੀਤੀ ਕਿਉਂਕਿ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਆਪਣੀ ਦੂਰ-ਦ੍ਰਿਸ਼ਟੀ ਨਾਲ ਇਹ ਅਨੁਭਵ ਕਰ ਲਿਆ ਸੀ ਕਿ ਕਿਸੇ ਵੇਲੇ ਇਹ ਸਥਾਨ ਸਿੱਖੀ ਪ੍ਰਚਾਰ ਦਾ ਵੱਡਾ ਕੇਂਦਰ ਬਣ ਸਕਦਾ ਹੈ। ਇਸ ਲਈ ਆਪ ਨੇ ਨਵਾਂ ਨਗਰ ਵਸਾਉਣ ਦੀ ਜਿੰਮੇਵਾਰੀ ਆਪਣੇ ਪਰਮ ਸੇਵਕ (ਸ੍ਰੀ ਗੁਰੂ) ਅਮਰਦਾਸ ਜੀ ਨੂੰ ਸੌਂਪ ਦਿੱਤੀ।
ਸ੍ਰੀ ਗੁਰੂ ਅਮਰਦਾਸ ਜੀ ਨੇ ਜਿੱਥੇ ਅਧਿਆਤਮਿਕ ਤੇ ਵਪਾਰਕ ਦ੍ਰਿਸ਼ਟੀ ਤੋਂ ਗੋਇੰਦਵਾਲ ਸਾਹਿਬ ਦੀ ਸਿਰਜਨਾ ਕਰਨੀ ਸ਼ੁਰੂ ਕਰ ਦਿੱਤੀ, ਉੱਥੇ ਨਾਲ ਹੀ ਨਾਲ ਉਨ੍ਹਾਂ ਦੀਆਂ ਸਮਾਜਿਕ ਤੇ ਆਰਥਿਕ ਲੋੜਾਂ ਪੂਰੀਆਂ ਕਰਨ ਵੱਲ ਵੀ ਪੂਰਨ ਤੌਰ ਤੇ ਚੇਤੰਨ ਸਨ। ਸ੍ਰੀ ਗੁਰੂ ਅਮਰਦਾਸ ਜੀ ਨੇ ਕਈ ਸਾਲ ਦਰਿਆ ਬਿਆਸ ਦੇ ਕਿਨਾਰੇ ਗੋਇੰਦਵਾਲ ਸਾਹਿਬ ਬਤੀਤ ਕੀਤੇ ਅਤੇ ਇਸ ਸਮੇਂ ਦੌਰਾਨ ਹੀ ਉਨ੍ਹਾਂ ਨੇ ਪੰਗਤ ਤੇ ਸੰਗਤ ਦੀ ਪਰੰਪਰਾ ਨੂੰ ਮਜ਼ਬੂਤ ਕੀਤਾ। ਉੱਥੇ ਹੀ ਗੁਰੂ ਸਾਹਿਬ ਨੇ ਭਾਈ ਜੇਠਾ ਜੀ ਦੀ ਆਚਰਣ ਉਸਾਰੀ ਕੀਤੀ, ਉਨ੍ਹਾਂ ਨੂੰ ਗੁਰਗੱਦੀ ਬਖ਼ਸ਼ੀ ਤੇ “ਦੋਹਿਤਾ-ਬਾਣੀ ਦਾ ਬੋਹਿਥਾ” ਦੀ ਅਸੀਸ ਬਾਲਕ (ਗੁਰੂ) ਅਰਜਨ ਦੇਵ ਨੂੰ ਦਿੱਤੀ। ਇਸੇ ਅਸਥਾਨ ’ਤੇ ਸਿੱਖ ਕੌਮ ਦੇ ਮਹਾਨ ਵਿਦਵਾਨ ਭਾਈ ਗੁਰਦਾਸ ਜੀ ਦੀ ਪ੍ਰਤਿਭਾ ਦੀ ਉਸਾਰੀ ਹੋਈ। ਗੋਇੰਦਵਾਲ ਸਾਹਿਬ ਸਿੱਖ ਸਭਿਆਚਾਰ ਦਾ ਕੇਂਦਰ ਬਣਿਆ।
ਸ੍ਰੀ ਗੁਰੂ ਅਮਰਦਾਸ ਜੀ ਨੇ ਆਪਣੇ ਗੁਰੂ ਕਾਲ ਵਿਚ ਇੱਥੇ ਇਕ ਬਾਉਲੀ ਦਾ ਨਿਰਮਾਣ ਕਰਵਾਇਆ। ਬਾਉਲੀ ਸਾਹਿਬ ਦੀ ਰਚਨਾ ਨੇ ਸਿੱਖ ਧਰਮ ਵਿਚ ਇਕ ਬੜਾ ਵੱਡਾ ਪਰਿਵਰਤਨ ਲਿਆਂਦਾ। ਸਿੱਖ ਵੈਸਾਖੀ, ਦੀਵਾਲੀ ਅਤੇ ਹੋਰ ਦਿਨਾਂ ਉੱਤੇ ਗੋਇੰਦਵਾਲ ਸਾਹਿਬ ਆ ਕੇ ਇਕੱਤਰ ਹੋਣੇ ਸ਼ੁਰੂ ਹੋ ਗਏ। ਇਸ ਤਰ੍ਹਾਂ ਦੀਆਂ ਇਕੱਤਰਤਾਵਾਂ ਨੇ ਸਿੱਖਾਂ ਵਿਚ ਸੰਗਠਨ ਤੇ ਏਕਤਾ ਦੀ ਭਾਵਨਾ ਨੂੰ ਜਨਮ ਦਿੱਤਾ ਅਤੇ ਉਨ੍ਹਾਂ ਨੂੰ ਇੱਕ ਕੇਂਦਰ ਨਾਲ ਜੋੜ ਕੇ ਜਥੇਬੰਦੀ ਵਿਚ ਇਕਸੁਰਤਾ ਪੈਦਾ ਕੀਤੀ। ਇਸ ਬਾਉਲੀ ਸਾਹਿਬ ਦੀ ਸਿਰਜਨਾ ਨੇ ਜਾਤ-ਪਾਤ ਦੇ ਅਖੌਤੀ ਬੰਧਨਾਂ ਨੂੰ ਵੀ ਕਰਾਰੀ ਚੋਟ ਮਾਰੀ। ਸਮਾਜ ਵਿਚ ਪਏ ਵਿਤਕਰਿਆਂ ਨੂੰ ਮੇਟਿਆ ਅਤੇ ‘ਏਕੁ ਪਿਤਾ ਏਕਸ ਕੇ ਹਮ ਬਾਰਿਕ’ ਦੀ ਭਾਵਨਾ ਨੂੰ ਮਜ਼ਬੂਤ ਕੀਤਾ। ਜਿਵੇਂ ਗੁਰੂ ਕੇ ਲੰਗਰ ਵਿਚ ਹਰ ਜਾਤ ਤੇ ਹਰ ਧਰਮ ਦਾ ਵਿਅਕਤੀ ਇੱਕੋ ਹੀ ਪੰਗਤ ਵਿਚ ਬੈਠ ਕੇ ਪ੍ਰਸ਼ਾਦਾ ਛਕਦਾ ਹੈ, ਇਸੇ ਤਰ੍ਹਾਂ ਬਾਉਲੀ ਵਿਚ ਹਰ ਜਾਤ ਦਾ ਵਿਅਕਤੀ ਇਸ਼ਨਾਨ ਕਰ ਕੇ ਜਾਤ ਪਾਤ ਦੇ ਬੰਧਨਾਂ ਤੋਂ ਛੁਟਕਾਰਾ ਪਾਉਣ ਲੱਗਾ।
ਬਾਉਲੀ ਸਾਹਿਬ ਦਾ ਨਿਰਮਾਣ ਸਿੱਖ ਧਰਮ ਦੇ ਇਤਿਹਾਸ ਵਿਚ ਇਕ ਬੜਾ ਮਹੱਤਵਪੂਰਨ ਕਾਰਜ ਸਿੱਧ ਹੋਇਆ। ਸ੍ਰੀ ਗੁਰੂ ਅਮਰਦਾਸ ਜੀ ਨੇ ਆਪਣੇ ਪ੍ਰਚਾਰ ਦੌਰਿਆਂ ਦੌਰਾਨ ਲੋਕਾਂ ਨੂੰ ਸ਼ਬਦ ਨਾਲ ਜੋੜਿਆ। ਇਨ੍ਹਾਂ ਪ੍ਰਚਾਰ ਦੌਰਿਆਂ ਦਾ ਅਸਰ ਇਹ ਹੋਇਆ ਕਿ ਸਿੱਖ ਜਥੇਬੰਦੀ ਦੀਆਂ ਨੀਹਾਂ ਇਤਨੀਆਂ ਮਜ਼ਬੂਤ ਹੋ ਗਈਆਂ ਕਿ ਆਉਣ ਵਾਲੀ ਸਦੀ ਵਿਚ ਦੂਜੇ ਗੁਰੂ ਸਾਹਿਬਾਨ ਨੇ ਇਸ ਉੱਪਰ ਸਿੱਖੀ ਦਾ ਖੂਬਸੂਰਤ ਮਹੱਲ ਖੜਾ ਕਰ ਦਿੱਤਾ। ਸ੍ਰੀ ਗੁਰੂ ਅਮਰਦਾਸ ਜੀ ਦੇ ਸਮੇਂ ਸਿੱਖੀ ਦਾ ਫੈਲਾਉ ਵੀ ਹੋਇਆ ਤੇ ਜਥੇਬੰਦਕ ਤੌਰ ’ਤੇ ਮਜ਼ਬੂਤ ਵੀ। ਸ੍ਰੀ ਗੁਰੂ ਅਮਰਦਾਸ ਜੀ ਦੀ ਮਾਨਤਾ ਦਿਨੋਂ-ਦਿਨ ਵੱਧਦੀ ਗਈ। ਸੱਯਦ ਮੁਹੰਮਦ ਲਤੀਫ ਲਿਖਦਾ ਹੈ, “ਗੁਰੂ ਅਮਰਦਾਸ ਜੀ ਸਫਲ ਗੁਰੂ ਸਨ। ਉਨ੍ਹਾਂ ਦੇ ਉਤਸ਼ਾਹ ਤੇ ਮਿਲਾਪੜੇ ਸੁਭਾ ਕਰਕੇ ਬਹੁਤ ਸਾਰੇ ਲੋਕ ਆਪ ਦੇ ਧਰਮ ਵਿਚ ਆਏ।” ਸ੍ਰੀ ਗੁਰੂ ਅਮਰਦਾਸ ਜੀ ਨੇ ਜੀਵ ਨੂੰ ਸਤਿਗੁਰੂ ਦਾ ਉਪਦੇਸ਼ ਸੁਣਨ ਅਤੇ ‘ਸਦਾ ਸਚੁ ਸਮਾਲੇ’ ਭਾਵ ਸੱਚੇ ਨਾਮ ਦੀ ਅਰਾਧਨਾ ਕਰਨ ਦਾ ਉਪਦੇਸ਼ ਦਿੱਤਾ ਹੈ। ਮਨ ਦੇ ਨਾਲ ਹੀ ਗੁਰੂ ਸਾਹਿਬ ਨੇ ਤਨ ਦੀ ਮਹਾਨਤਾ ਨੂੰ ਵੀ ਬਿਆਨ ਕੀਤਾ ਹੈ। ਗੁਰੂ ਸਾਹਿਬ ਸਰੀਰ ਦਾ ਆਧਾਰ ਹਰਿ ਜੋਤਿ ਨੂੰ ਦੱਸਦੇ ਹਨ:
ਏ ਸਰੀਰਾ ਮੇਰਿਆ ਹਰਿ ਤੁਮ ਮਹਿ ਜੋਤਿ ਰਖੀ ਤਾ ਤੂ ਜਗ ਮਹਿ ਆਇਆ॥ (ਅੰਗ ੯੨੧)
ਗੋਇੰਦਵਾਲ ਸਾਹਿਬ ਸਿੱਖ ਧਰਮ ਦੇ ਪ੍ਰਚਾਰ ਦਾ ਪ੍ਰਸਿੱਧ ਕੇਂਦਰ ਬਣ ਜਾਣ ਪਿੱਛੋਂ ਦੂਰਦਰਸ਼ੀ ਗੁਰੂ ਸਾਹਿਬ ਨੇ ਮਾਝੇ ਦੇ ਇਲਾਕੇ ਵਿਚ ਇੱਕ ਹੋਰ ਧਾਰਮਿਕ ਕੇਂਦਰ ਬਣਾਉਣ ਦੇ ਆਸ਼ੇ ਨਾਲ ਯੋਗ ਸਥਾਨ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਅਤੇ ਜਲਦੀ ਹੀ ਉਨ੍ਹਾਂ ਨੇ ਨੇੜੇ ਦੇ ਪਿੰਡਾਂ ਗੁੰਮਟਾਲਾ, ਤੁੰਗ, ਸੁਲਤਾਨਵਿੰਡ ਤੇ ਗਿਲਵਾਲੀ ਦੇ ਪੈਂਚ ਸਦਵਾ ਕੇ ਉਨ੍ਹਾਂ ਸਾਹਮਣੇ ਮੋੜ੍ਹੀ ਗਡਵਾਈ ਤੇ ਅਬਾਦ ਹੋਣ ਵਾਲੇ ਨਵੇਂ ਪਿੰਡ ਦਾ ਨਾਮ ‘ਗੁਰੂ-ਚੱਕ’ ਰੱਖਿਆ। ਇਸ ਦੀ ਉਸਾਰੀ ਦਾ ਕੰਮ ਭਾਈ ਜੇਠਾ ਜੀ (ਸ੍ਰੀ ਗੁਰੂ ਰਾਮਦਾਸ ਜੀ) ਨੂੰ ਸੌਂਪ ਦਿੱਤਾ ਅਤੇ ਉਨ੍ਹਾਂ ਨੂੰ ਸ੍ਰੀ ਗੁਰੂ ਅਮਰਦਾਸ ਜੀ ਨੇ ਹਦਾਇਤ ਕਰ ਦਿੱਤੀ ਸੀ ਕਿ ਆਪਣਾ ਟਿਕਾਣਾ ‘ਗੁਰੂ ਕੇ ਚੱਕ’ ਹੀ ਕਰ ਲੈਣ। ਸ੍ਰੀ ਗੁਰੂ ਰਾਮਦਾਸ ਜੀ ਦੇ ਸਮੇਂ ‘ਗੁਰੂ ਕਾ ਚੱਕ’ ਪਹਿਲਾਂ ਰਾਮਦਾਸਪੁਰਾ ਤੇ ਫਿਰ ਸ੍ਰੀ ਅੰਮ੍ਰਿਤਸਰ ਦੇ ਰੂਪ ਵਿਚ ਸਿੱਖੀ ਦਾ ਕੇਂਦਰੀ ਸਥਾਨ ਬਣ ਗਿਆ। ਜਿਸ ਨੇ ਆਉਣ ਵਾਲੇ ਸਿੱਖ ਇਤਿਹਾਸ ਵਿਚ ਸ਼ਾਨਦਾਰ ਭੂਮਿਕਾ ਨਿਭਾਈ।
ਸ੍ਰੀ ਗੁਰੂ ਅਮਰਦਾਸ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਜਾਰੀ ਕੀਤੀ ਸੰਗਤ ਦੀ ਸੰਸਥਾ ਦਾ ਵੀ ਵਿਕਾਸ ਕੀਤਾ। ਸੰਗਤ ਸੰਸਥਾ ਵਿੱਚੋਂ ਭੇਦ ਭਾਵ ਮਿਟਾਉਣ ਲਈ ਆਪ ਜੀ ਨੇ ਸੰਗਤ ਸੰਸਥਾ ਦੇ ਨਾਲ-ਨਾਲ “ਲੰਗਰ” ਮਰਯਾਦਾ ਨੂੰ ਵੀ ਹੋਰ ਮਜ਼ਬੂਤ ਕੀਤਾ। ਬੇਸ਼ੱਕ ਲੰਗਰ ਦੀ ਸੰਸਥਾ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਹੀ ਸ਼ੁਰੂ ਹੋ ਗਈ ਸੀ ਅਤੇ ਸ੍ਰੀ ਗੁਰੂ ਅੰਗਦ ਦੇਵ ਜੀ ਵੀ ਬੜੀ ਮਿਹਨਤ ਅਤੇ ਵਫਾਦਾਰੀ ਨਾਲ ਇਸ ਪ੍ਰਥਾ ਨੂੰ ਮਜ਼ਬੂਤ ਕਰਨ ਵਿਚ ਜੁਟੇ ਰਹੇ ਸਨ। ਪਰ ਫਿਰ ਵੀ ਕਿਸੇ ਪਾਬੰਦੀ ਦੇ ਨਾ ਹੋਣ ਕਾਰਨ ਕਈ ਜਾਤ ਅਭਿਮਾਨੀ ਜਗਿਆਸੂ ਗੁਰੂ ਸਾਹਿਬ ਦੇ ਬਚਨ ਸੁਣਨ ਤਾਂ ਆ ਜਾਇਆ ਕਰਦੇ ਸਨ। ਪਰ ਅਖੌਤੀ ਨੀਵੀਂ ਜਾਤ ਵਾਲਿਆਂ ਨਾਲ ਬੈਠ ਕੇ ਲੰਗਰ ਛਕਣਾ ਪਸੰਦ ਨਹੀਂ ਸਨ ਕਰਦੇ।
ਸ੍ਰੀ ਗੁਰੂ ਅਮਰਦਾਸ ਜੀ ਨੇ ਆਪਸੀ ਵਿਤਕਰਿਆਂ ਨੂੰ ਮਿਟਾ ਕੇ ਸਮਾਨਤਾ ਲਿਆਉਣ ਲਈ ਹੁਕਮ ਜਾਰੀ ਕਰ ਦਿੱਤਾ ਕਿ ਜੋ ਕੋਈ ਵੀ ਸਾਡੇ ਦਰਸ਼ਨ ਕਰਨ ਆਵੇ ਪਹਿਲਾਂ ਲੰਗਰ ਵਿੱਚੋਂ ਪ੍ਰਸ਼ਾਦਾ ਛਕੇ ਅਤੇ ਫਿਰ ਸੰਗਤ ਵਿਚ ਹਾਜਰ ਹੋ ਕੇ ਉਪਦੇਸ਼ ਸੁਣੇ। ਮਾਨਵ ਜਾਤੀ ਨੂੰ ਅਧਿਆਤਮਿਕ, ਸਮਾਜਿਕ ਤੇ ਰਾਜਨੀਤਿਕ ਦ੍ਰਿਸ਼ਟੀ ਤੋਂ ਬਰਾਬਰ ਰੱਖਣ ਵਾਸਤੇ ਸ੍ਰੀ ਗੁਰੂ ਅਮਰਦਾਸ ਜੀ ਨੇ ਸੰਗਤ ਤੇ ਪੰਗਤ ਵਰਗੀਆਂ ਸੰਸਥਾਵਾਂ ਨੂੰ ਸੁਚੇਤ ਤੌਰ ’ਤੇ ਮਰਯਾਦਾ ਬੱਧ ਕੀਤਾ। ਡਾ. (ਛਾਬੜਾ) ਦੇ ਸ਼ਬਦਾਂ ਅਨੁਸਾਰ “ਲੰਗਰ ਦੀ ਮਰਯਾਦਾ ਨੇ ਲੋਕਾਂ ਨੂੰ ਸਮਾਜਿਕ ਵਿਤਕਰੇ ਮਿਟਾ ਕੇ ਇਕ ਦੂਜੇ ਪ੍ਰਤੀ ਪਿਆਰ ਤੇ ਭਰਾਤਰੀ ਭਾਵਨਾ ਪੈਦਾ ਕਰਨ ਵਿਚ ਕਾਫੀ ਮਦਦ ਕੀਤੀ”। ਮੁਗ਼ਲ ਬਾਦਸ਼ਾਹ ਅਕਬਰ ਜਦੋਂ ਗੁਰੂ ਸਾਹਿਬ ਨੂੰ ਮਿਲਣ ਆਇਆ ਤਾਂ ਉਸ ਨੇ ਵੀ ਗੁਰੂ ਜੀ ਦੇ ਹੁਕਮ ਨੂੰ ਮੰਨਦਿਆਂ ਪੰਗਤ ਵਿਚ ਬੈਠ ਕੇ ਲੰਗਰ ਛਕਿਆ ਅਤੇ ਫਿਰ ਗੁਰੂ ਸਾਹਿਬ ਦੇ ਦਰਸ਼ਨ ਕੀਤੇ। ਇਸ ਪ੍ਰਕਾਰ ਗੁਰੂ ਸਾਹਿਬ ਨੇ ‘ਪਹਿਲੇ ਪੰਗਤ ਪਾਛੇ ਸੰਗਤ’ ਦੀ ਮਰਯਾਦਾ ਸਥਾਪਿਤ ਕੀਤੀ।
ਸ੍ਰੀ ਗੁਰੂ ਅਮਰਦਾਸ ਜੀ ਨੇ ਜਾਤ ਤੇ ਮਾਇਆ-ਅਭਿਮਾਨ ਨੂੰ ਸਿਧਾਂਤਕ ਤੌਰ ’ਤੇ ਵੀ ਨੀਵਾਂ ਦਿਖਾਇਆ ਤੇ ਸੰਗਤ-ਪੰਗਤ ਸੰਸਥਾਵਾਂ ਸਿਰਜ ਕੇ ਅਮਲੀ ਰੂਪ ਵਿਚ ਵੀ ਪੂਰੀ ਦਲੇਰੀ ਨਾਲ ਨਿਖੇੜਿਆ।
ਜਾਤਿ ਕਾ ਗਰਬੁ ਨਾ ਕਰੀਅਹੁ ਕੋਈ॥ ਬ੍ਰਹਮੁ ਬਿੰਦੇ ਸੋ ਬ੍ਰਾਹਮਣ ਹੋਈ॥
ਜਾਤਿ ਕਾ ਗਰਬੁ ਨਾ ਕਰਿ ਮੂਰਖ ਗਵਾਰਾ॥ ਇਸੁ ਗਰਬ ਤੇ ਚਲਹਿ ਬਹੁਤੁ ਵਿਕਾਰਾ॥ (ਅੰਗ ੧੧੨੭)
ਸ੍ਰੀ ਗੁਰੂ ਅਮਰਦਾਸ ਜੀ ਦੀ ਗੁਰਿਆਈ ਦਾ ਸਮਾਂ ਸਿੱਖ ਲਹਿਰ ਦੇ ਵਿਕਾਸ ਵਿਚ ਇਕ ਮਹੱਤਵਪੂਰਨ ਮੋੜ ਸਾਬਤ ਹੋਇਆ।ਸ੍ਰੀ ਗੁਰੂ ਅਮਰਦਾਸ ਜੀ ਨੇ ਵੱਖੋ ਵੱਖਰੇ ਸੰਗਠਨਾਤਮਿਕ ਕੰਮਾਂ ਤੋਂ ਇਲਾਵਾ ਉਸ ਸਮੇਂ ਦੇ ਸਮਾਜ ਵਿਚ ਆਈਆਂ ਕੁਰੀਤੀਆਂ ਦਾ ਖੰਡਨ ਕੀਤਾ।
ਸ੍ਰੀ ਗੁਰੂ ਅਮਰਦਾਸ ਜੀ ਨੇ ਜਿੱਥੇ ‘ਸਤੀ’ ਰਸਮ ਵਿਰੁੱਧ ਆਪਣੀ ਅਵਾਜ਼ ਬੁਲੰਦ ਕੀਤੀ, ਉੱਥੇ ਉਨ੍ਹਾਂ ਨੇ ਆਦਰਸ਼ ਪਤਨੀ ਦੇ ਲੱਛਣ ਦੱਸ ਕੇ ਸਪਸ਼ਟ ਕਰ ਦਿੱਤਾ ਕਿ ਸਤੀ ਉਹ ਨਹੀਂ; ਜਿਹੜੀ ਚਿਤਾ ਉੱਤੇ ਜਲ ਕੇ ਸੜ੍ਹ ਮੋਏ, ਬਲਕਿ ਸਤੀ ਤਾਂ ਉਹ ਹੈ, ਜੋ ਆਪਣੇ ਪਤੀ ਦੇ ਵਿਯੋਗ ਵਿਚ ਪ੍ਰਾਣ ਤਿਆਗ ਦੇਵੇ। ਗੁਰੂ ਸਾਹਿਬ ਨੇ ਸਤੀ ਦੀ ਮਹਾਨਤਾ ਨੂੰ ਇਉਂ ਦਰਸਾਇਆ ਹੈ:
ਸਤੀਆ ਏਹਿ ਨ ਆਖੀਅਨਿ ਜੋ ਮੜਿਆ ਲਗਿ ਜਲੰਨਿੑ॥
ਨਾਨਕ ਸਤੀਆ ਜਾਣੀਅਨ੍ ਜਿ ਬਿਰਹੇ ਚੋਟ ਮਰੰਨਿੑ॥ (ਅੰਗ ੭੮੭)
ਪੇਨ ਦੇ ਕਥਨ ਅਨੁਸਾਰ, “ਸ੍ਰੀ ਗੁਰੂ ਅਮਰਦਾਸ ਜੀ ਨੂੰ ਮੁੱਖ ਰੂਪ ਵਿਚ ਸਤੀ ਪ੍ਰਥਾ ਦੇ ਵਿਰੁੱਧ ਉਤਸ਼ਾਹ ਪੂਰਵਕ ਪ੍ਰਚਾਰ ਕਰਨ ਲਈ ਯਾਦ ਕੀਤਾ ਜਾਂਦਾ ਹੈ”। ਸ੍ਰੀ ਗੁਰੂ ਅਮਰਦਾਸ ਜੀ ਨੇ ਸਮਾਜ ਵਿਚ ਪ੍ਰਚਲਿਤ ਪਰਦਾ ਪ੍ਰਥਾ ਨੂੰ ਸਮਾਪਤ ਕੀਤਾ। ਗੁਰੂ ਜੀ ਨੇ ਸੰਗਤ ਵਿਚ ਆਉਣ ਵਾਲੀਆਂ ਔਰਤਾਂ ਨੂੰ ਹੁਕਮ ਦਿੱਤਾ ਸੀ ਕਿ ਉਹ ਪਰਦਾ ਨਾ ਕਰਨ ਕਿਉਂਕਿ ਇਹ ਪ੍ਰਥਾ ਇਸਤਰੀ ਜਾਤੀ ਦੇ ਮਾਨਸਿਕ, ਬੌਧਿਕ ਵਿਕਾਸ ਵਿਚ ਰੁਕਾਵਟ ਪਾਉਂਦੀ ਹੈ।