ਕੀ ਹੁੰਦੈ ਹੈ ਚੌਪਹਿਰਾ ਸਾਹਿਬ ? ਜਾਣੋ ਘਰ ਵਿਚ ਚੌਪਹਿਰਾ ਸਾਹਿਬ ਕੱਟਣ ਦੀ ਮਰਿਆਦਾ ਤੇ ਵਿਧੀ
ਗੁਰਦੁਆਰਾ ਸ੍ਰੀ ਸ਼ਹੀਦਾਂ ਸਾਹਿਬ ਬਾਬਾ ਦੀਪ ਸਿੰਘ ਜੀ ਅੰਮ੍ਰਿਤਸਰ ਵਿਖੇ ਹਰ ਐਤਵਾਰ ਨੂੰ ਚੌਪਹਿਰਾ ਸਾਹਿਬ ਕੱਟਿਆ ਜਾਂਦਾ ਹੈ। ਹਰ ਐਤਵਾਰ ਨੂੰ ਦੁਪਹਿਰ 12 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਚੌਪਹਿਰਾ ਸਾਹਿਬ ਜੀ ਦਾ ਪਾਠ ਹੁੰਦਾ ਹੈ। ਜੇ ਕੋਈ ਸੰਗਤ ਇਸ ਗੁਰਦੁਆਰਾ ਸਾਹਿਬ ਨਹੀਂ ਪਹੁੰਚ ਸਕਦੀ ਤਾਂ ਉਹ ਆਪਣੇ ਘਰ ਵਿੱਚ ਵੀ ਚੌਪਹਿਰਾ ਸਾਹਿਬ ਜੀ ਦਾ ਪਾਠ ਕਰ ਸਕਦੀ ਹੈ। ਚੌਪਹਿਰਾ ਤੋਂ ਭਾਵ ਉਹ 4 ਘੰਟੇ ਜਦੋਂ ਸੰਗਤ ਅਕਾਲ ਪੁਰਖ ਦੀ ਉਸਤਤ ਕਰਦੀ ਹੈ। ਸੰਗਤ ਦਾ ਵਿਸ਼ਵਾਸ ਹੈ ਕਿ ਚੌਪਹਿਰਾ ‘ਚ ਸ਼ਹੀਦ ਬਾਬਾ ਦੀਪ ਸਿੰਘ ਜੀ ਆਪ ਹਾਜ਼ਰ ਹੁੰਦੇ ਹਨ।
ਚੌਪਹਿਰਾ ਸਾਹਿਬ ਕੱਟਣ ਵੇਲੇ ਘਰੋਂ ਕੇਸੀ ਇਸ਼ਨਾਨ ਕਰਕੇ ਸਾਫ਼ ਸੁਥਰੇ ਕੱਪੜੇ ਪਾ ਕੇ ਜਾਣਾ ਚਾਹੀਦਾ ਹੈ। ਜੇਕਰ ਸੰਗਤ ਨੇ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਵਿੱਚ ਚੌਪਹਿਰਾ ਸਾਹਿਬ ਕੱਟਣਾ ਹੈ ਤਾਂ 2 ਘੰਟੇ ਪਹਿਲਾਂ ਪਹੁੰਚਣਾ ਚਾਹੀਦਾ ਹੈ ਤਾਂ ਜੋ ਆਸਾਨੀ ਨਾਲ ਬੈਠਣ ਨੂੰ ਜਗ੍ਹਾ ਮਿਲ ਸਕੇ। ਦੁਪਹਿਰ 12 ਵਜੇ ਤੋਂ ਲੈ ਕੇ 4 ਵਜੇ ਤੱਕ 5 ਪਾਠ ਜਪੁ ਜੀ ਸਾਹਿਬ ਜੀ ਦੇ , 2 ਪਾਠ ਚੌਪਈ ਸਾਹਿਬ ਜੀ ਦੇ ਅਤੇ ਇਕ ਸੁਖਮਨੀ ਸਾਹਿਬ ਜੀ ਦਾ ਪਾਠ ਕਰਨਾ ਹੈ। ਜੇਕਰ ਲੋੜ ਪਵੇ ਤਾਂ ਇਸ ਦੌਰਾਨ 15-20 ਮਿੰਟ ਵਾਸਤੇ ਅਰਾਮ ਵੀ ਕੀਤਾ ਜਾ ਸਕਦਾ ਹੈ। ਇਸ ਸਮੇਂ ਦੌਰਾਨ ਕੁਝ ਚਾਹ ਪਾਣੀ ਛਕਣਾ ਹੋਵੇ ਜਾਂ ਵਾਸ਼ਰੂਮ ਵਗੈਰਾ ਜਾਣ ਦੀ ਲੋੜ ਹੈ ਤਾਂ ਜਾਇਆ ਜਾ ਸਕਦਾ ਹੈ। ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਅਨੰਦ ਸਾਹਿਬ ਜੀ ਦੀਆਂ 6 ਪੌੜੀਆਂ ਦਾ ਪਾਠ ਕਰਕੇ ਅਰਦਾਸ ਬੇਨਤੀ ਕਰਨੀ ਹੈ। ਕਈ ਵਾਰ ਸੰਗਤ 4 ਘੰਟੇ ਤੋਂ ਪਹਿਲਾਂ ਵੀ ਪਾਠ ਕਰ ਲੈਂਦੀ ਹੈ। ਜੇਕਰ ਕਿਸੇ ਨੇ ਸਾਢੇ ਤਿੰਨ ਘੰਟਿਆਂ ਵਿੱਚ ਪਾਠ ਕਰ ਲਿਆ ਹੈ ਤਾਂ ਬਾਕੀ ਬਚੇ ਅੱਧੇ ਘੰਟੇ ਵਿੱਚ ਵਾਹਿਗੁਰੂ ਸਿਮਰਨ ਕੀਤਾ ਜਾ ਸਕਦਾ ਹੈ ਜਾਂ ਗੁਰਬਾਣੀ ਦੇ ਕਿਸੇ ਵੀ ਸ਼ਬਦ ਦਾ ਸਿਮਰਨ ਕਰਨਾ ਹੈ। ਭਾਵ ਕੇ 12 ਤੋਂ ਲੈ ਕੇ 4 ਵਜੇ ਤੱਕ ਬਾਣੀ ਪੜ੍ਹਨੀ ਹੈ।
ਘਰ ਵਿੱਚ ਚੌਪਹਿਰਾ ਸਾਹਿਬ ਕੱਟਣ ਦੀ ਮਰਿਆਦਾ ਤੇ ਵਿਧੀ
ਘਰ ਵਿੱਚ ਚੌਪਹਿਰਾ ਸਾਹਿਬ ਕੱਟਣ ਲਈ ਐਤਵਾਰ ਦੇ ਦਿਨ ਅੰਮ੍ਰਿਤ ਵੇਲੇ ਉੱਠੋ। ਇਸ਼ਨਾਨ ਪਾਣੀ ਕਰ ਕੇ ਘਰ ਦੀ ਅਤੇ ਖ਼ਾਸ ਤੌਰ ‘ਤੇ ਰਸੋਈ ਦੀ ਸਫ਼ਾਈ ਕਰੋ। ਫਿਰ ਇਸ਼ਨਾਨ ਕਰਕੇ ਸੁੱਚਮਤਾ ਦੇ ਨਾਲ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਨੀ ਹੈ। ਜਿੱਥੇ ਚੌਪਹਿਰਾ ਸਾਹਿਬ ਕੱਟਣਾ ਉਥੇ ਸਾਫ਼ ਵਸਤਰ ਵਿਛਾਉਣੇ ਤੇ ਜੋਤ ਜਗਾਉਣੀ ਹੈ। ਜੇਕਰ ਕਿਸੇ ਨੂੰ ਡਰ ਲੱਗਦਾ ਹੈ ਕਿ ਜੋਤ ਜਗਾਉਣ ਵਿੱਚ ਮਰਿਆਦਾ ਦਾ ਪਾਲਣ ਨਹੀਂ ਕਰ ਸਕਦੇ ਤਾਂ ਬੇਸ਼ੱਕ ਜੋਤ ਨਾ ਜਗਾਓ। ਜੋਤ ਜਗਾਉਣਾ ਜਾਂ ਨਾ ਜਗਾਉਣਾ ਵਿਅਕਤੀ ‘ਤੇ ਨਿਰਭਰ ਕਰਦਾ ਹੈ। ਇਹ ਕੋਈ ਬੰਦਿਸ਼ ਨਹੀਂ ਹੈ। ਜਦੋਂ ਵੀ ਸਮਾਂ ਮਿਲੇ ਜੋਤ ਦੇ ਨਾਂ ਦਾ ਘਿਓ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਅੰਮ੍ਰਿਤਸਰ ਵਿਖੇ ਭੇਟਾ ਕਰ ਸਕਦੇ ਹੋ।
ਦੇਗ ਬਣਾਉਣ ਤੇ ਜੋਤ ਜਗਾਉਣ ਤੋਂ ਬਾਅਦ ਦੁਪਹਿਰ ਦੇ ਬਾਰਾਂ ਵਜੇ ਬਾਬਾ ਦੀਪ ਸਿੰਘ ਜੀ ਦਾ ਨਾਂ ਲੈ ਕੇ ਗੁਰੂ ਸਾਹਿਬ ਅੱਗੇ ਅਰਦਾਸ ਕਰਨੀ ਹੈ। ਅਰਦਾਸ ਕਿਸੇ ਕਾਰਜ ਲਈ, ਦੇਹ ਅਰੋਗਤਾ ਜਾਂ ਹੋਰ ਕਿਸੇ ਸੁੱਖ ਲਈ ਵੀ ਹੋ ਸਕਦੀ ਹੈ। ਇਸ ਤੋਂ ਬਾਅਦ ਦੁਪਹਿਰ 12 ਵਜੇ ਤੋਂ ਲੈ ਕੇ 4 ਵਜੇ ਤੱਕ 5 ਪਾਠ ਜਪੁ ਜੀ ਸਾਹਿਬ ਜੀ ਦੇ, 2 ਪਾਠ ਚੌਪਈ ਸਾਹਿਬ ਜੀ ਦੇ ਅਤੇ ਇਕ ਸੁਖਮਨੀ ਸਾਹਿਬ ਜੀ ਦਾ ਪਾਠ ਕਰਨਾ ਹੈ। ਗੁਰਦੁਆਰਾ ਸਾਹਿਬ ਵਾਂਗ ਇਥੇ ਵੀ 15-20 ਮਿੰਟ ਵਾਸਤੇ ਅਰਾਮ ਕਰ ਸਕਦੇ ਹੋ। ਇਸ ਸਮੇਂ ਦੌਰਾਨ ਕੁਝ ਚਾਹ ਪਾਣੀ ਛਕਣਾ ਹੋਵੇ ਜਾਂ ਵਾਸ਼ਰੂਮ ਵਗੈਰਾ ਜਾਣ ਦੀ ਲੋੜ ਹੈ ਤਾਂ ਜਾਇਆ ਜਾ ਸਕਦਾ ਹੈ। ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਅਨੰਦ ਸਾਹਿਬ ਜੀ ਦੀਆਂ 6 ਪੌੜੀਆਂ ਦਾ ਪਾਠ ਕਰਕੇ ਅਰਦਾਸ ਬੇਨਤੀ ਕਰਨੀ ਹੈ। ਇਸ ਉਪਰੰਤ ਕੜਾਹਿ ਪ੍ਰਸ਼ਾਦ ਦੀ ਦੇਗ ਨੂੰ ਭੋਗ ਲਗਾਉਣਾ ਹੈ। ਅਰਦਾਸ ਵਿੱਚ ਕੜਾਹਿ ਪ੍ਰਸ਼ਾਦਿ ਦੀ ਦੇਗ ਦੀ ਭੇਟਾ ਦੀ ਵੀ ਅਰਦਾਸ ਕਰਨੀ ਹੈ।
ਗੁਰਬਾਣੀ ਜਦੋਂ ਮਰਜੀ ਪੜ੍ਹ ਲਈਏ ਉਸ ਦਾ ਫ਼ਾਇਦਾ ਹੀ ਫ਼ਾਇਦਾ ਹੈ। ਸੰਗਤਾਂ ਦਾ ਵਿਸ਼ਵਾਸ ਹੈ ਕਿ ਬਾਬਾ ਦੀਪ ਸਿੰਘ ਜੀ ਦਾ ਨਾਮ ਲੈ ਕੇ ਜਦੋਂ ਮਨੁੱਖ ਸੱਚੋਂ ਦਿਲੋਂ ਚੌਪਹਿਰਾ ਸਾਹਿਬ ਕੱਟਦਾ ਹੈ ਤਾਂ ਉਸਦੀਆਂ ਸਾਰੀਆਂ ਅਰਦਾਸਾਂ ਪੂਰੀਆਂ ਹੋ ਜਾਂਦੀਆਂ ਹਨ। ਚੌਪਹਿਰਾ ‘ਚ ਐਨੀ ਸ਼ਕਤੀ ਹੈ ਕਿ ਜੋ ਕਿਸਮਤ ਵਿੱਚ ਨਹੀਂ ਲਿਖਿਆ ਹੁੰਦਾ ਪਰਮਾਤਮਾ ਉਹ ਵੀ ਬਖਸ਼ ਦਿੰਦਾ ਹੈ।