ਇਤਿਹਾਸ ਗੁਰਦੁਆਰਾ ਹਰੀਆਂ ਵੇਲਾਂ – ਹੁਸ਼ਿਆਰਪੁਰ
ਗੁਰਦੁਆਰਾ ਸਾਹਿਬ ਹਰੀਆਂ ਵੇਲਾਂ ਉਹ ਪਵਿੱਤਰ ਅਸਥਾਨ ਹੈ ਜਿਥੇ ਸਤਿਗੁਰ ਸ਼੍ਰੀ ਗੁਰੂ ਹਰਿ ਰਾਇ ਸਾਹਿਬ ਮਹਾਰਾਜ ਜੀ ਨੇ ਪੰਜਾਬ ਦੇ ਪ੍ਰਸਿੱਧ ਇਤਿਹਾਸਿਕ ਅਸਥਾਨ ਸ਼੍ਰੀ ਕੀਰਤਪੁਰ ਸਾਹਿਬ ਤੋਂ ਚੱਲਕੇ ਆਪਣੇ ਮਹਿਲਾਂ ਅਤੇ 2200 ਘੋੜ ਸਵਾਰ ਸੈਨਾ ਸਮੇਤ 1651ਈ: ਸੰਮਤ 1708 ਵਿਕ੍ਰਮੀ ਨੂੰ ਆਪਣੇ ਪਵਿੱਤਰ ਚਰਨ ਕਮਲਾਂ ਦੀ ਛੋਹ ਦੁਆਰਾ ਇਸ ਪਾਵਨ ਅਸਥਾਨ ਨੂੰ ਰਮਣੀਕ ਬਣਾਇਆ। ਸਤਿਗੁਰ ਜੀ ਇਸ ਜਗ੍ਹਾ ਤੇ ਤਿੰਨ ਦਿਨ ਰਹੇ। ਆਪ ਜੀ ਨੇ ਬਾਬਾ ਪ੍ਰਜਾਪਤਿ ਜੀ ਦੇ ਅਥਾਹ ਪ੍ਰੇਮ ਨੂੰ ਦੇਖ ਕੇ ਉਸ ਦੇ ਘਰ ਨੂੰ ਭਾਗ ਲਾਏ। ਜਿਸ ਅਸਥਾਨ ਤੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਇਥੇ ਬਾਬਾ ਜੀ ਦਾ ਘਰ ਸੀ। ਮਹਾਰਾਜ ਜੀ ਦੇ ਆਉਣ ਨੂੰ ਸੁਣ ਕੇ ਸਭ ਸੰਗਤਾਂ ਇਕੱਤਰ ਹੋ ਗਈਆਂ ਬਖਸ਼ਿਸ਼ਾਂ ਦੇ ਭੰਡਾਰ ਨੂਰੀ ਜੋਤ ਦੇ ਅਗੰਮੀ ਨਾਦ ਸ਼ਬਦਾਂ ਦੀ ਧੁੰਨ ਨੇ ਅੰਧੇਰੇ ਜਗਤ ਨੂੰ ਇੱਕ ਦਮ ਜਗ ਮਗਾ ਦਿੱਤਾ। ਰੱਬ ਦੇ ਪਿਆਰ ਵਾਲੇ ਭੋਰੇ ਗੁਰੂ ਜੀ ਦੇ ਪਵਿੱਤਰ ਚਰਨਾਂ ਤੋਂ ਨਿਛਾਵਰ ਹੋਣ ਲਈ ਉਮੰਡ ਪਏ। ਸਤਿਗੁਰ ਜੀ ਦੋਨੋ ਸਮੇਂ ਸਵੇਰੇ ਅਤੇ ਸ਼ਾਮ ਧਾਰਮਿਕ ਦੀਵਾਨ ਸਜਾਉਂਦੇ ਸਿੱਖ ਸੰਗਤਾਂ ਨੂੰ ਨਾਮ ਬਾਣੀ ਦਾ ਉਪਦੇਸ਼ ਦਿੰਦੇ ਰਹੇ। ਸਭ ਸਿੱਖ ਸੰਗਤਾਂ ਦੀਆਂ ਮਨੋਕਾਮਨਾਵਾਂ ਪੂਰਨ ਕੀਤੀਆਂ , ਬਾਬਾ ਪ੍ਰਜਾਪਤਿ ਨੇ ਸਤਿਗੁਰ ਜੀ ਦੇ ਘੋੜੇ ਨੂੰ ਜੜਾਂ ਤੋਂ ਪੁੱਟ ਕੇ ਵੇਲਾਂ ਪਾਈਆਂ , ਵੇਲਾਂ ਛੱਕਕੇ ਘੋੜਾ ਬਹੁਤ ਖੁਸ਼ ਹੋਇਆ , ਮਹਾਰਾਜ ਜੀ ਨੇ ਘੋੜੇ ਵੱਲ ਤੱਕਿਆ , ਤਾਂ ਘੋੜਾ ਹਸਮੁੱਖ ਦਿਸ ਰਿਹਾ ਸੀ , ਸਤਿਗੁਰ ਜੀ ਨੇ ਕਿਹਾ ਬਾਬਾ ਜੀ ਤੁਸੀਂ ਘੋੜੇ ਨੂੰ ਕੀ ਖੁਆਇਆ ਹੈ , ਇਹ ਬੜਾ ਖੁਸ਼ ਹੋ ਰਿਹਾ ਹੈ। ਬਾਬਾ ਜੀ ਨੇ ਕਿਹਾ ਮਹਾਰਾਜ ਜੀ ਮੈਂ ਗਰੀਬ ਨੇ ਆਪ ਜੀ ਦੇ ਘੋੜੇ ਨੂੰ ਕੀ ਪਾਉਣਾ ਹੈ। ਇਹ ਮਹਾਰਾਜ ਜੀ ਜੋ ਵਿਹੜੇ ਵਿੱਚ ਵੇਲਾਂ ਹਨ , ਇਹ ਹੀ ਜੜਾਂ ਤੋਂ ਪੁੱਟ ਕੇ ਪਾ ਦਿੱਤੀਆਂ ਹਨ। ਸਤਿਗੁਰ ਜੀ ਨੇ ਕਿਹਾ ਆਪ ਜੀ ਨੇ ਸਾਡੇ ਘੋੜੇ ਦੀ ਬਹੁਤ ਸੇਵਾ ਕੀਤੀ ਹੈ। ਇਹ ਵੇਲਾਂ ਸਦਾ ਹੀ ਹਰੀਆਂ ਭਰੀਆਂ ਰਹਿਣਗੀਆਂ , ਇਹ ਵੇਲਾਂ ਅੱਜ ਤੱਕ ਹਰੀਆਂ ਭਰੀਆਂ ਦਿਸ ਰਹੀਆਂ ਹਨ। ਜਿਸ ਖਜ਼ੂਰ ਦੇ ਦਰਖਤ ਨਾਲ ਮਹਾਰਾਜ ਜੀ ਨੇ ਘੋੜਾ ਬੰਨਿਆ ਸੀ ਉਹ ਖਜ਼ੂਰ ਦਾ ਦਰਖਤ ਨਿਸ਼ਾਨ ਸਾਹਿਬ ਦੇ ਬਿਲਕੁਲ ਨਜ਼ਦੀਕ ਸ਼ੁਸ਼ੋਭਿਤ ਹੈ। ਜਦੋਂ ਮਹਾਰਾਜ ਜੀ ਇਥੇ ਆਏ ਸਨ , ਆਲੇ ਦੁਆਲੇ ਕਿਤੇ ਜਲ ਨਹੀਂ ਸੀ , ਜਲ ਦੀ ਘਾਟ ਨੂੰ ਦੇਖਦੇ ਗੁਰਦੁਆਰਾ ਸਾਹਿਬ ਤੋਂ ਇੱਕ ਫਰਲਾਂਗ ਚੜ੍ਹਦੀ ਦਿਸ਼ਾ ਵੱਲ ਆਪਣੇ ਕਰ ਕਮਲਾਂ ਨਾਲ ਤੀਰ ਮਾਰ ਕੇ ਜਲ ਦਾ ਸੋਮਾ ਵਗਾਇਆ , ਸਭ ਸੰਗਤਾਂ ਅਤੇ ਘੋੜਿਆਂ ਨੇ ਜਲ ਛਕਿਆ , ਸਤਿਗੁਰ ਜੀ ਨੇ ਮਿਹਰ ਦੀ ਨਦਰਿ ਕਰਕੇ ਵਰ ਦਿੱਤਾ ਕਿ ਜੋ ਵੀ ਪ੍ਰੇਮੀ ਸ਼ਰਧਾ ਕਰਕੇ ਇਸ ਪਵਿੱਤਰ ਵਿੱਚ ਇਸ਼ਨਾਨ ਕਰੇਗਾ , ਉਸ ਦੀਆਂ ਸਭ ਮਨੋਕਾਮਨਾਵਾਂ ਪੂਰਨ ਹੋਣਗੀਆਂ ਅਤੇ ਉਸ ਦਾ ਸਰੀਰ ਸੁੱਕੇ ਤੋਂ ਹਰਾ ਹੋ ਕੇ ਮੋਤੀਆਂ ਵਾਂਗੂ ਚਮਕ ਉਠੇਗਾ ਅਤੇ ਉਸ ਦੀਆਂ ਸੁੱਕੀਆਂ ਵੇਲਾਂ ਹਰੀਆਂ ਹੋਣਗੀਆਂ। ਸਭ ਸੰਗਤਾਂ ਸੈਂਕੜੇ ਹਜ਼ਾਰਾਂ ਮੀਲ ਤੋਂ ਚੱਲ ਕੇ ਮੋਤੀ ਸਰੋਵਰ ਵਿੱਚ ਮੱਸਿਆ , ਸੰਗਰਾਂਦ ਅਤੇ ਹਰ ਐਤਵਾਰ ਨੂੰ ਪ੍ਰੇਮ ਨਾਲ ਇਸ਼ਨਾਨ ਕਰਕੇ ਆਪਣਾ ਤਨ ਮਨ ਪਵਿੱਤਰ ਕਰਦੀਆਂ ਹਨ। ਇਸੇ ਪਵਿੱਤਰ ਅਸਥਾਨ ਤੋਂ ਕਲਗੀਧਰ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਸੌ ਸਿੰਘਾਂ ਦੇ ਜਥੇ ਸਮੇਤ ਸ਼੍ਰੀ ਆਨੰਦਪੁਰ ਸਾਹਿਬ ਤੋਂ ਮਾਹਿਲਪੁਰ ਸ਼ਹੀਦਾਂ ਲੱਧੇਵਾਲ ਅਤੇ ਚੁਖੰਡੀ ਸਾਹਿਬ ਬਜਰੌਰ ਤੋਂ ਹੁੰਦੇ ਹੋਏ ਆਪ ਜੀ 1760 ਬਿਕ੍ਰਮੀ ਨੂੰ ਪਰਸਰਾਮ ਬ੍ਰਾਹਮਣ ਦੀ ਇਸਤਰੀ ਜਾਬਰ ਖਾਂ ਪਠਾਣ ਤੋਂ ਛੁਡਾਉਣ ਲਈ ਪਹੁੰਚੇ ਸਨ। ਦੱਖਣ ਦੀ ਦਿਸ਼ਾ ਗੁਰਦੁਆਰਾ ਸਾਹਿਬ ਪਾਸ ਜੋ ਨਿਸ਼ਾਨ ਸਾਹਿਬ ਲੱਗਾ ਹੈ ਇਥੇ ਬਾਬਾ ਅਜੀਤ ਸਿੰਘ ਜੀ ਆਕੇ ਬੈਠੇ ਸਨ। ਜਾਬਰ ਖਾਂ ਨਾਲ ਭਾਰੀ ਲੜਾਈ ਹੋਈ ਬਹੁਤ ਸਿੰਘ ਵੀ ਸ਼ਹੀਦ ਹੋਏ ਜਿਨ੍ਹਾਂ ਦਾ ਅੰਤਿਮ ਸੰਸਕਾਰ ਵੀ ਗੁਰਦੁਆਰਾ ਸਾਹਿਬ ਜੀ ਦੇ ਨਜ਼ਦੀਕ ਹੀ ਕੀਤਾ ਗਿਆ। ਜਾਬਰ ਖਾਂ ਨੂੰ ਪਕੜਕੇ ਸ਼੍ਰੀ ਅਨੰਦਪੁਰ ਸਾਹਿਬ ਕਲਗੀਧਰ ਜੀ ਦੇ ਦਰਬਾਰ ਵਿਚ ਪੇਸ਼ ਕੀਤਾ ਅਤੇ ਧਰਤੀ ਵਿੱਚ ਗਡਵਾਕੇ ਤੀਰਾਂ ਨਾਲ ਮਰਵਾ ਦਿੱਤਾ।
ਵਾਹਿਗੁਰੂ ਜੀ🙏