ਗੁਰੂ ਲਾਧੋ ਰੇ ਦਿਵਸ ਦੇ ਸਬੰਧ ਵਿੱਚ ਮੇਰੀ ਇੱਕ ਰਚਨਾ
ਸਾਖੀ ਬਾਬਾ ਮੱਖਣ ਸ਼ਾਹ ਲੁਬਾਣਾ ਜੀ
ਜਹਾਜ਼ ਸਮੁੰਦਰ ‘ਚ ਫਸ ਗਿਆ ਮੱਖਣ ਸ਼ਾਹ ਪਿਆ ਪੁਕਾਰੇ,
ਮੇਰਾ ਬੇੜਾ ਬੰਨੇ ਲਾ ਦਿਓ ਆਵਾਂਗਾ ਗੁਰੂ ਦਰਬਾਰੇ,
ਮੇਰੀ ਡੋਰ ਤੇਰੇ ਹੱਥ ਦਾਤਿਆ ਸੱਭ ਹੈ ਤੇਰੇ ਸਹਾਰੇ,
ਪੰਜ ਸੌ ਮੋਹਰਾ ਗੁਰੂ ਘਰ ਦੇਵਾਂਗਾ ਮਨ ਵਿੱਚ ਸੋਚ ਵਿਚਾਰੇ,
ਅਰਦਾਸ ਧੁਰ ਦਰਗਾਹੇ ਪਹੁੰਚ ਗਈ ਸੱਚੇ ਗੁਰੂ ਸਹਾਰੇ,
ਬੇੜਾ ਬੰਨੇ ਲੱਗ ਗਿਆ ਮੱਖਣ ਸ਼ਾਹ ਜਾਵੇ ਬਲਿਹਾਰੇ,
ਮੱਖਣ ਸ਼ਾਹ ਨੰਗੇ ਪੈਰੀਂ ਪਹੁੰਚ ਗਿਆ ਬਾਬੇ ਬਕਾਲੇ,
ਉੱਥੇ ਸੰਗਤਾਂ ਸਨ ਘੱਟ ਤੇ ਗੁਰੂ ਸੀ ਵਾਹਲੇ,
ਸ਼ਾਹ ਜੀ ਸੋਚਾਂ ਵਿੱਚ ਪੈ ਗਏ ਕੋਈ ਤਰਕੀਬ ਲਗਾਵੇ,
ਸੱਭ ਅੱਗੇ ਦੋ ਦੋ ਮੋਹਰਾਂ ਰੱਖ ਕੇ ਨਮਸਕਾਰ ਗੁਜਾਰੇ,
ਹਰ ਕੋਈ ਦੇਈ ਜਾਵੇ ਅਸੀਸਾਂ ਅਸਲ ਨਜ਼ਰ ਨਾ ਆਵੇ,
ਹੈ ਕੋਈ ਹੋਰ ਗੁਰੂ ਮੱਖਣ ਸ਼ਾਹ ਪੁਛਦਾ ਜਾਵੇ,
ਇੱਕ ਆਦਮੀ ਆ ਕਹਿੰਦਾ ਸੁਣ ਐ ਸਿੱਖ ਪਿਆਰੇ,
ਤੇਗਾ ਮਾਂ ਨਾਨਕੀ ਦਾ ਜਾਇਆ ਰਹਿੰਦਾ ਭੋਰੇ ਵਿਚਕਾਰੇ,
ਮੱਖਣ ਸ਼ਾਹ ਦਰਸ਼ਨ ਲਈ ਪਹੁੰਚਿਆ ਓਸ ਦਵਾਰੇ,
ਗੁਰੂ ਦਰਸ਼ਨਾਂ ਨੂੰ ਆਇਆ ਮਾਂ ਨਾਨਕੀ ਤਾਈਂ ਪੁਕਾਰੇ,
ਗੁਰੂ ਦਾ ਤੇਗ ਚਿਹਰੇ ਤੇ ਝਲਕਦਾ ਮਨ ਜਾਵੇ ਬਲਿਹਾਰੇ,
ਇਹੀ ਸੱਚਾ ਗੁਰੂ ਲੱਗਦਾ ਮਨ ਵਿੱਚ ਸੋਚ ਵਿਚਾਰੇ,
ਦੋ ਮੋਹਰਾਂ ਅੱਗੇ ਰੱਖ ਕੇ ਗੁਰਾਂ ਵੱਲ ਤੱਕੀ ਜਾਵੇ,
ਜਾਣੀ ਜਾਣ ਗੁਰੂ ਜੀ ਸਮਝ ਗਏ ਮੁੱਖੋਂ ਮੁਸਕਰਾਵੇ,
ਭਾਵੇਂ ਲੋੜ ਨਹੀਂ ਤੇਰੀਆਂ ਮੋਹਰਾਂ ਦੀ ਐ ਸਿਖ ਪਿਆਰੇ,
ਵਾਅਦਾ ਕਰਕੇ ਪੰਜ ਸੌ ਮੋਹਰਾਂ ਦਾ ਹੁਣ ਦੋ ਨਾਲ ਸਾਰੇਂ,
ਮੱਖਣ ਸ਼ਾਹ ਜੀ ਪੈਰਾਂ ਉੱਪਰ ਡਿੱਗ ਕੇ ਪਿਆ ਭੁੱਲ ਬਖਸ਼ਾਵੇ,
ਪਹਿਚਾਨ ਨਾ ਸਕਿਆ ਤੁਹਾਨੂੰ ਬਖਸ਼ੋ ਮੇਰੇ ਗੁਰੂ ਪਿਆਰੇ,
ਪੰਜ ਸੌ ਮੋਹਰਾਂ ਅੱਗੇ ਰੱਖ ਮੱਖਣ ਸ਼ਾਹ ਪੈਰੀਂ ਹੱਥ ਲਾਵੇ,
ਖੁਸ਼ੀ ਵਿੱਚ ਕੋਠੇ ਉੱਪਰ ਚੜ੍ਹ ਪੱਲਾ ਹਿਲਾਵੇ,
ਗੁਰੂ ਲਾਧੋ ਰੇ ਗੁਰੂ ਲਾਧੋ ਰੇ ਮੁੱਖੋਂ ਪਿਆ ਪੁਕਾਰੇ,
‘ਸ਼ਿਵ’ ਸੱਚਾ ਗੁਰੂ ਮਿਲ ਜਾਂਵਦਾ ਜੇ ਕੋਈ ਮਨੋ ਧਿਆਵੇ।