ਗੁਰੂ ਗੋਬਿੰਦ ਸਿੰਘ ਜੀ – ਭਾਗ 6
ਕੁਨਿੰਘਮ ਲਿਖਦੇ ਹਨ, ਗੁਰੂ ਗੋਬਿੰਦ ਸਿੰਘ ਜੀ ਨੇ ਲੋਕਾਂ ਵਿਚ ਐਸੀ ਰੂਹ ਫੂਕੀ ਜਿਸਨੇ ਨਾ ਸਿਰਫ ਸਿਖਾਂ ਦੇ ਤਨ ਮਨ ਨੂੰ ਬਦਲ ਦਿਤਾ, ਉਨਾਂ ਦੀ ਅਕਲ, ਸ਼ਕਲ, ਹਿੰਮਤ ਤੇ ਤਾਕਤ ਸਭ ਕੁਛ ਬਦਲ ਕੇ ਰਖ ਦਿਤਾ “। ਸਾਧੂ ਟ.ਲ .ਵਾਸਵਾਨੀ ਲਿਖਦੇ ਹਨ ,”ਜੋ ਕੰਮ ਹਜ਼ਾਰਾਂ ਰਲ ਕੇ ਨਾ ਕਰ ਸਕੇ, ਓਹ ਗੁਰੂ ਗੋਬਿੰਦ ਸਿੰਘ ਜੀ ਨੇ ਕਰ ਕੇ ਦਿਖਾਇਆ , ਜਿਨਾਂ ਦੀ ਹਸਤੀ ਰਾਹ ਚਲਦੇ ਕੀੜੀਆਂ ਤੋ ਵਧ ਕੇ ਨਹੀ ਸੀ ,ਗਲੇ ਨਾਲ ਲਗਾਇਆ ,ਅਮ੍ਰਿਤ ਛਕਾਕੇ ਸਰਦਾਰ ਬਣਾਇਆ । ਬਸ ਇਥੇ ਹੀ ਨਹੀਂ ਉਹਨਾਂ ਤੋਂ ਆਪ ਅਮ੍ਰਿਤ ਛਕ ਕੇ ਗੁਰੂ ਚੇਲੇ ਦਾ ਭੇਦ ਮਿਟਾ ਦਿਤਾ “। ਇਤਿਹਾਸਕਾਰ ਲਿਖਦੇ ਹਨ ਜਿਹੜਾ ਸ਼ਾਨਦਾਰ ਖਾਲਸਾ ਰਾਜ ਮਹਾਰਾਜਾ ਰਣਜੀਤ ਸਿੰਘ ਨੇ ਬਣਾਇਆ ਸੀ ਉਸਦਾ ਨੀਂਹ – ਪਥਰ ਵੀ ਗੁਰੂ ਕੇ ਖਾਲਸੇ ਨੇ ਰਖਿਆ । ਜਾਲਮਾਂ ਨੂੰ ਪੰਜਾਬ ਤੋ ਸਦਾ ਲਈ ਕਢ ਦਿਤਾ ਤੇ ਸਦੀਆਂ ਦਾ ਜ਼ੁਲਮੀ ਰਾਜ ਖਤਮ ਕਰ ਦਿਤਾ ।
ਸਾਫ਼ੀ ਖਾਨ ਲਿਖਦਾ ਹੈ ,” ਜੇਹੜੀ ਰੂਹ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੀ ਸਿਰਜਨਾ ਕਰਕੇ ਸਿਖ ਕੌਮ ਵਿਚ ਫੂਕੀ ਹੈ ਓਹ ਦੁਨਿਆ ਦੀ ਇਕ ਅਨੋਖੀ ਮਿਸਾਲ ਹੈ । ਹਰੀ ਰਾਮ ਗੁਪਤਾ’ ਲਿਖਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਲਿਤਾੜੇ ਲੋਕਾਂ ਨੂੰ ਸਰਦਾਰ ਤੇ ਸੂਰਮੇ ਬਣਾ ਦਿੱਤਾ। ਇਹਨਾਂ ਲਿਤਾੜੇ ਲੋਕਾਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਤੇ ਸ਼ਬਦ ਰਾਹੀਂ ਐਸੀ ਸ਼ਕਤੀ ਪ੍ਰਾਪਤ ਕਰ ਲਈ ਕਿ ਇਹ ਲੋਕ ਗੁਰੂ ਜੀ ਦੀ ਇਕ ਆਵਾਜ਼ ਤੇ ਬੰਦੂਕਾਂ ਅੱਗੇ ਪੈਲਾਂ ਪਾਉਂਦੇ ਨਜਰ ਆਉਂਦੇ । ਮੋਰ, ਬੱਦਲ ਦੇਖ ਕੇ ਪੈਲਾਂ ਪਾਉਂਦੇ , ਸੱਪ ਬੀਨ ਦੀ ਮਧੁਰ ਧੁਨੀ ਸੁਣ ਕੇ ਮਸਤ ਹੁੰਦੇ, ਬੰਸਰੀ ਦੀ ਸੁਰੀਲੀ ਆਵਾਜ਼ ’ਤੇ ਪੰਛੀ ਮੋਹਿਤ ਹੁੰਦੇ ਤਾਂ ਸਾਰੀ ਦੁਨੀਆਂ ਨੇ ਸੁਣੇ ਸਨ, ਪਰ ਬੰਦੂਕ ਦੀ ਗੋਲੀ ਜਿਸ ਵਿਚੋਂ ਸਿਰਫ ਮੌਤ ਦਾ ਹੀ ਸੁਨੇਹਾ ਨਿਕਲਦਾ ਹੋਵੇ, ਉਸ ਅੱਗੇ ਪੈਲਾਂ ਪਾਉਣੀਆਂ ਤੇ ਇੱਕ ਦੂਜੇ ਤੋਂ ਅੱਗੇ ਹੋ ਕੇ ਸ਼ਹੀਦੀ ਦਾ ਜਾਮ ਪੀਣ ਲਈ ਝਗੜਨਾ, ਸਿਰਫ ਗੁਰੂ ਗੋਬਿੰਦ ਸਿੰਘ ਦੇ ਸਿਖਾਂ ਦਾ ਹੀ ਕਮਾਲ ਹੈ ।
ਡਾਕਟਰ ਆਰ. ਸੀ. ਮਜੂਮਦਾਰ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ , ਉਹਨਾਂ ਦੀ ਦੇਸ਼ ਭਗਤੀ ਦੇ ਜਜ਼ਬੇ, ਦਲੇਰੀ ਤੇ ਧਾਰਮਿਕ ਉਚਤਾ ਤੋਂ ਬਹੁਤ ਪਰਭਾਵਿਤ ਸਨ ਪਰ ਉਹਨਾਂ ਦੀ ਸੂਝ ਬੂਝ ਤੇ ਜਥੇਬੰਦਕ ਤੇ ਪ੍ਰਬੰਧਕ ਸ਼ਕਤੀ ਜਿਸ ਦੁਆਰਾ ਉਹਨਾਂ ਨੇ ਵੰਨ ਸੁਵੰਨੇ ਜਾਤੀ ਦੇ ਲੋਕਾਂ ਵਿਚੋਂ ਇੱਕ ਨਵੀਂ ਕੌਮ ਦੀ ਸਿਰਜਨਾ ਕੀਤੀ ਦੇ ਪੁਜਾਰੀ ਬਣ ਗਏ ।ਉਹ ਕਹਿੰਦੇ ਹਨ ਕੀ ਇਸ ਤੋਂ ਪਹਿਲਾਂ ਜਾਂ ਬਾਅਦ ਇਸ ਤਰ੍ਹਾਂ ਜਾਤਾਂ ਦੇ ਭੇਦ–ਭਾਵ ਮਿਟਾ ਕੇ ਕਿਸੇ ਨੇ ਵੀ ਹਿੰਦੂ ਅਤੇ ਮੁਸਲਮਾਨਾਂ ਨੂੰ ਇੱਕ ਲੜੀ ਵਿੱਚ ਪਰੋਣ ਦਾ ਕੰਮ ਨਹੀਂ ਸੀ ਕੀਤਾ ਜੋ ਗੁਰੂ ਜੀ ਨੇ ਖਾਲਸਾ ਸਾਜ ਕੇ ਕਰ ਵਿਖਾਇਆ। ਭਾਰਤੀ ਇਤਿਹਾਸ ਵਿੱਚ ਇਹ ਇੱਕ ਲਾਸਾਨੀ ਤੇ ਅਦੁੱਤੀ ਮਿਸਾਲ ਹੈ ਜਿਸ ਵਾਸਤੇ ਸਾਰੇ ਭਾਰਤੀਆਂ ਨੂੰ ਗੁਰੂ ਜੀ ਦਾ ਅਹਿਸਾਨਮੰਦ ਹੋਣਾ ਚਾਹਿਦਾ ਹੈ ।
‘ਲਾਲਾ ਦੋਲਤ ਰਾਏ’ ਜੀ ਲਿਖਦੇ ਹਨ ‘ਜਿਹਨਾਂ ਸ਼ੂਦਰਾਂ ਦੀ ਬਾਤ ਕੋਈ ਨਹੀਂ ਸੀ ਪੁੱਛਦਾ, ਜਿਹਨਾਂ ਨੂੰ ਦੁਰਕਾਰਿਆਂ ਤੇ ਫਿਟਕਾਰਿਆਂ ਵਾਰ ਵੀ ਨਹੀਂ ਸੀ ਆਉਂਦੀ, ਜੋ ਗੁਲਾਮੀ ਤੇ ਜ਼ਿਲਤ ਦੀ ਜਿੰਦਗੀ ਗੁਜ਼ਾਰ ਰਹੇ ਸਨ ਉਹਨਾਂ ਨੂੰ ਸੰਸਾਰ ਦੇ ਮਹਾਂ ਯੋਧਿਆਂ ਦੀਆਂ ਕਤਾਰਾਂ ਵਿਚ ਖੜਾ ਕਰ ਦਿਤਾ । ਜੋ ਰਾਮ ਚੰਦਰ ਜੀ ਨਾ ਕਰ ਸਕੇ, ਜਿਸ ਬਾਰੇ ਸੋਚਣ ਦਾ ਕ੍ਰਿਸ਼ਨ ਜੀ ਨੂੰ ਖਿਆਲ ਤੱਕ ਨਾ ਆਇਆ, ਜਿਹੜਾ ਸ਼ੰਕਰ ਦੀ ਨਜ਼ਰ ਵਿੱਚ ਨੀਵਾਂ ਕੰਮ ਸੀ, ਜਿਹੜਾ ਕੰਮ ਸੂਰਜ ਤੇ ਚੰਦਰ ਵੰਸੀ ਰਾਜਿਆਂ ਦੇ ਬਾਹਦਰਾਂ ਨੂੰ ਨਾ ਸੁਝਿਆ, ਉਸ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਕਰਕੇ ਦਿਖਾ ਦਿਤਾ । ‘ਹਜ਼ਰਤ ਮੁਹੰਮਦ’ ਸਾਹਿਬ ਨੇ ਕੁੱਝ ਉਪਰਾਲੇ ਤਾਂ ਕੀਤੇ ਪਰ ਉਹ ਵੀ ਮੁਸਲਮਾਨਾਂ ਵਿਚੋਂ ਗੁਲਾਮੀ ਦੀ ਬਦ–ਆਦਤ ਨਾ ਕੱਢ ਸਕੇ। ਇੱਕ ਮੁਸਲਮਾਨ ਦੂਜੇ ਮੁਸਲਮਾਨ ਦਾ ਉਸੇ ਤਰ੍ਹਾਂ ਹੀ ਗੁਲਾਮ ਹੁੰਦਾ ਹੈ ਜਿਵੇਂ ਕਿਸੇ ਹੋਰ ਕੌਮ ਦਾ ਕਾਫ਼ਰ ” ।
ਮੈਕਲਾਫ ਲਿਖਦਾ ਹੈ: ‘ਗੁਰੂ ਵਿੱਚ ਜਾਦੂਈ ਤਾਕਤ ਸੀ, ਉਹਨਾਂ ਦੇ ਉਪਦੇਸ਼ਾਂ ਦਾ ਜਾਦੂਈ ਅਸਰ ਆਮ ਲੋਕਾਂ ’ਤੇ ਹੋਇਆ, ਜਿਸ ਨੇ ਲਿਤਾੜੇ ਹੋਏ ਲੋਕਾਂ ਨੂੰ ਸੰਸਾਰ ਦੇ ਪ੍ਰਸਿੱਧ ਯੋਧੇ ਬਣਾ ਦਿੱਤਾ। ਸਿੱਖ ਗੁਰੂਆਂ ਤੋਂ ਪਹਿਲਾਂ ਦੁਨੀਆਂ ਦੇ ਕਿਸੇ ਵੀ ਜਰਨੈਲ ਨੇ ਉਹਨਾਂ ਆਦਮੀਆਂ ਨੂੰ ਜਥੇਬੰਦ ਕਰਨ ਦਾ ਖਿਆਲ ਤੱਕ ਨਹੀਂ ਸੀ ਕੀਤਾ ਜਿਹਨਾਂ ਨੂੰ ਉਚ ਜਾਤੀ ਦੇ ਲੋਕ ਜਨਮ ਤੋਂ ਦੁਰ ਦੁਰ ਕਰਦੇ ਆ ਰਹੇ ਸਨ । ਪਰ ਗੁਰੂ ਗੋਬਿੰਦ ਸਿੰਘ ਜੀ ਨੇ ਜਿਹਨਾਂ ਨੂੰ ਸੰਸਾਰ ਦੀ ਰਹਿੰਦ ਖੂਹੰਦ ਕਿਹਾ ਜਾਂਦਾ ਸੀ, ਵਿੱਚ ਐਸੀ ਸ਼ਕਤੀ ਭਰੀ ਕਿ ਉਹ ਯੋਧੇ ਹੋ ਨਿਬੜੇ ਤੇ ਫਿਰ ਯੋਧੇ ਭੀ ਐਸੇ ਜਿਹਨਾਂ ਦੀ ਦ੍ਰਿੜ੍ਹਤਾ, ਦਲੇਰੀ ਤੇ ਵਫਾਦਾਰੀ ਦੇ ਅਗੇ ਕਿਸੇ ਆਗੂ ਨੂੰ ਮਾਯੂਸ ਨਹੀਂ ਹੋਣਾ ਪਿਆ “।’
( ਚਲਦਾ )
ਧੰਨ ਧੰਨ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਮਹਾਰਾਜ 🙏🙏🙏🙏🙏🙏🙏