ਅਮ੍ਰਿਤ ਵੇਲੇ ਦਾ ਹੁਕਮਨਾਮਾ – 26 ਜੁਲਾਈ 2023
ਅੰਗ : 571
ਵਡਹੰਸੁ ਮਹਲਾ ੩ ॥ ਏ ਮਨ ਮੇਰਿਆ ਆਵਾ ਗਉਣੁ ਸੰਸਾਰੁ ਹੈ ਅੰਤਿ ਸਚਿ ਨਿਬੇੜਾ ਰਾਮ ॥ ਆਪੇ ਸਚਾ ਬਖਸਿ ਲਏ ਫਿਰਿ ਹੋਇ ਨ ਫੇਰਾ ਰਾਮ ॥ ਫਿਰਿ ਹੋਇ ਨ ਫੇਰਾ ਅੰਤਿ ਸਚਿ ਨਿਬੇੜਾ ਗੁਰਮੁਖਿ ਮਿਲੈ ਵਡਿਆਈ ॥ ਸਾਚੈ ਰੰਗਿ ਰਾਤੇ ਸਹਜੇ ਮਾਤੇ ਸਹਜੇ ਰਹੇ ਸਮਾਈ ॥ ਸਚਾ ਮਨਿ ਭਾਇਆ ਸਚੁ ਵਸਾਇਆ ਸਬਦਿ ਰਤੇ ਅੰਤਿ ਨਿਬੇਰਾ ॥ ਨਾਨਕ ਨਾਮਿ ਰਤੇ ਸੇ ਸਚਿ ਸਮਾਣੇ ਬਹੁਰਿ ਨ ਭਵਜਲਿ ਫੇਰਾ ॥੧॥ ਮਾਇਆ ਮੋਹੁ ਸਭੁ ਬਰਲੁ ਹੈ ਦੂਜੈ ਭਾਇ ਖੁਆਈ ਰਾਮ ॥ ਮਾਤਾ ਪਿਤਾ ਸਭੁ ਹੇਤੁ ਹੈ ਹੇਤੇ ਪਲਚਾਈ ਰਾਮ ॥ ਹੇਤੇ ਪਲਚਾਈ ਪੁਰਬਿ ਕਮਾਈ ਮੇਟਿ ਨ ਸਕੈ ਕੋਈ ॥ ਜਿਨਿ ਸ੍ਰਿਸਟਿ ਸਾਜੀ ਸੋ ਕਰਿ ਵੇਖੈ ਤਿਸੁ ਜੇਵਡੁ ਅਵਰੁ ਨ ਕੋਈ ॥ ਮਨਮੁਖਿ ਅੰਧਾ ਤਪਿ ਤਪਿ ਖਪੈ ਬਿਨੁ ਸਬਦੈ ਸਾਂਤਿ ਨ ਆਈ ॥ ਨਾਨਕ ਬਿਨੁ ਨਾਵੈ ਸਭੁ ਕੋਈ ਭੁਲਾ ਮਾਇਆ ਮੋਹਿ ਖੁਆਈ ॥੨॥ ਏਹੁ ਜਗੁ ਜਲਤਾ ਦੇਖਿ ਕੈ ਭਜਿ ਪਏ ਹਰਿ ਸਰਣਾਈ ਰਾਮ ॥ ਅਰਦਾਸਿ ਕਰੀ ਗੁਰ ਪੂਰੇ ਆਗੈ ਰਖਿ ਲੇਵਹੁ ਦੇਹੁ ਵਡਾਈ ਰਾਮ ॥ ਰਖਿ ਲੇਵਹੁ ਸਰਣਾਈ ਹਰਿ ਨਾਮੁ ਵਡਾਈ ਤੁਧੁ ਜੇਵਡੁ ਅਵਰੁ ਨ ਦਾਤਾ ॥ ਸੇਵਾ ਲਾਗੇ ਸੇ ਵਡਭਾਗੇ ਜੁਗਿ ਜੁਗਿ ਏਕੋ ਜਾਤਾ ॥ ਜਤੁ ਸਤੁ ਸੰਜਮੁ ਕਰਮ ਕਮਾਵੈ ਬਿਨੁ ਗੁਰ ਗਤਿ ਨਹੀ ਪਾਈ ॥ ਨਾਨਕ ਤਿਸ ਨੋ ਸਬਦੁ ਬੁਝਾਏ ਜੋ ਜਾਇ ਪਵੈ ਹਰਿ ਸਰਣਾਈ ॥੩॥ ਜੋ ਹਰਿ ਮਤਿ ਦੇਇ ਸਾ ਊਪਜੈ ਹੋਰ ਮਤਿ ਨ ਕਾਈ ਰਾਮ ॥ ਅੰਤਰਿ ਬਾਹਰਿ ਏਕੁ ਤੂ ਆਪੇ ਦੇਹਿ ਬੁਝਾਈ ਰਾਮ ॥ ਆਪੇ ਦੇਹਿ ਬੁਝਾਈ ਅਵਰ ਨ ਭਾਈ ਗੁਰਮੁਖਿ ਹਰਿ ਰਸੁ ਚਾਖਿਆ ॥ ਦਰਿ ਸਾਚੈ ਸਦਾ ਹੈ ਸਾਚਾ ਸਾਚੈ ਸਬਦਿ ਸੁਭਾਖਿਆ ॥ ਘਰ ਮਹਿ ਨਿਜ ਘਰੁ ਪਾਇਆ ਸਤਿਗੁਰੁ ਦੇਇ ਵਡਾਈ ॥ ਨਾਨਕ ਜੋ ਨਾਮਿ ਰਤੇ ਸੇਈ ਮਹਲੁ ਪਾਇਨਿ ਮਤਿ ਪਰਵਾਣੁ ਸਚੁ ਸਾਈ ॥੪॥੬॥
ਅਰਥ: ਹੇ ਮੇਰੇ ਮਨ! ਜਗਤ ਤਾਂ ਜਨਮ ਮਰਨ ਦਾ ਗੇੜ ਹੈ, ਆਖ਼ਰ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਜੁੜਿਆਂ ਹੀ ਇਸ ਵਿਚੋਂ ਨਿਕਲਿਆ ਜਾਂਦਾ ਹੈ। ਜਦੋਂ ਸਦਾ-ਥਿਰ ਰਹਿਣ ਵਾਲਾ ਪ੍ਰਭੂ ਆਪ ਹੀ ਬਖ਼ਸ਼ਦਾ ਹੈ ਤਾਂ ਹੀ ਜਗਤ ਵਿਚ ਮੁੜ ਮੁੜ ਫੇਰਾ ਨਹੀਂ ਪਾਣਾ ਪੈਂਦਾ। ਗੁਰੂ ਦੀ ਸਰਨ ਪੈਣ ਵਾਲੇ ਨੂੰ ਫਿਰ ਉਸ ਨੂੰ ਮੁੜ ਮੁੜ ਜਨਮ ਮਰਨ ਦਾ ਗੇੜ ਨਹੀਂ ਮਿਲਦਾ ਤੇ ਸਦਾ ਲਈ ਇਹ ਟੈਂਟਾ ਖਤਮ ਹੋ ਜਾਂਦਾ ਹੈ ਅਤੇ ਉਸ ਨੂੰ ਇੱਜ਼ਤ ਮਿਲਦੀ ਹੈ। ਜੇਹੜੇ ਸਦਾ-ਥਿਰ ਹਰੀ ਦੇ ਪ੍ਰੇਮ-ਰੰਗ ਵਿਚ ਰੰਗੇ ਜਾਂਦੇ ਹਨ, ਉਹ ਆਤਮਕ ਅਡੋਲਤਾ ਵਿਚ ਮਸਤ ਰਹਿੰਦੇ ਹਨ, ਤੇ, ਆਤਮਕ ਅਡੋਲਤਾ ਦੀ ਰਾਹੀਂ ਹੀ ਪਰਮਾਤਮਾ ਵਿਚ ਲੀਨ ਹੋ ਜਾਂਦੇ ਹਨ। ਜਿਨ੍ਹਾਂ ਨੂੰ ਸਦਾ-ਥਿਰ ਰਹਿਣ ਵਾਲਾ ਪ੍ਰਭੂ ਮਨ ਵਿਚ ਪਿਆਰਾ ਲੱਗਣ ਲੱਗ ਪੈਂਦਾ ਹੈ ਉਹ ਸਦਾ-ਥਿਰ ਪ੍ਰਭੂ ਨੂੰ ਆਪਣੇ ਮਨ ਵਿਚ ਵਸਾ ਲੈਂਦੇ ਹਨ ਤੇ ਗੁਰੂ ਦੇ ਸ਼ਬਦ ਵਿਚ ਰੰਗੇ ਜਾਂਦੇ ਹਨ, ਉਹਨਾਂ ਦੇ ਜਨਮ ਮਰਨ ਦਾ ਆਖ਼ਰ ਖ਼ਾਤਮਾ ਹੋ ਜਾਂਦਾ ਹੈ। ਹੇ ਨਾਨਕ ਜੀ! ਪ੍ਰਭੂ ਦੇ ਨਾਮ-ਰੰਗ ਵਿਚ ਰੰਗੇ ਹੋਏ ਮਨੁੱਖ ਸਦਾ-ਥਿਰ ਪ੍ਰਭੂ ਵਿਚ ਲੀਨ ਹੋ ਜਾਂਦੇ ਹਨ, ਉਹਨਾਂ ਨੂੰ ਸੰਸਾਰ-ਸਮੁੰਦਰ ਵਿਚ ਮੁੜ ਮੁੜ ਫੇਰਾ ਨਹੀਂ ਪਾਣਾ ਪੈਂਦਾ ॥੧॥ ਮਾਇਆ ਦਾ ਮੋਹ ਨਿਰਾ-ਪੁਰਾ ਪਾਗਲ-ਪਨ ਹੈ ਜਿਸ ਕਾਰਨ ਸਹੀ ਜੀਵਨ-ਰਾਹ ਖੁੰਝੀ ਜਾ ਰਹੀ ਹੈ। ਮਾਂ ਪਿਉ ਤਾਂ ਨਿਰਾ ਮੋਹ ਹੈ, ਇਸ ਮੋਹ ਵਿਚ ਹੀ ਦੁਨੀਆ ਉਲਝੀ ਪਈ ਹੈ। ਪੂਰਬਲੇ ਜਨਮ ਵਿਚ ਕੀਤੇ ਕਰਮਾਂ ਅਨੁਸਾਰ ਲੁਕਾਈ ਮੋਹ ਵਿਚ ਫਸੀ ਰਹਿੰਦੀ ਹੈ ਤੇ ਮਨੁੱਖ ਇਸ ਨੂੰ ਮਿਟਾ ਨਹੀਂ ਸਕਦਾ। ਜਿਸ ਕਰਤਾਰ ਨੇ ਇਹ ਸ੍ਰਿਸ਼ਟੀ ਪੈਦਾ ਕੀਤੀ ਹੈ, ਉਹ ਇਹ ਮਾਇਆ ਦਾ ਮੋਹ ਰਚ ਕੇ (ਤਮਾਸ਼ਾ) ਵੇਖ ਰਿਹਾ ਹੈ, ਉਸ ਦੇ ਬਰਾਬਰ ਦਾ ਹੋਰ ਕੋਈ ਨਹੀਂ। ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਮਾਇਆ ਦੇ ਮੋਹ ਵਿਚ ਅੰਨ੍ਹਾ ਹੋ ਕੇ (ਮੋਹ ਵਿਚ) ਸੜ ਸੜ ਕੇ ਦੁੱਖੀ ਹੁੰਦਾ ਹੈ, ਗੁਰੂ ਦੇ ਸ਼ਬਦ ਤੋਂ ਬਿਨਾ ਉਸ ਨੂੰ ਸ਼ਾਂਤੀ ਨਹੀਂ ਮਿਲ ਸਕਦੀ। ਹੇ ਨਾਨਕ ਜੀ! ਪਰਮਾਤਮਾ ਦੇ ਨਾਮ ਤੋਂ ਬਿਨਾ ਹਰੇਕ ਜੀਵ ਕੁਰਾਹੇ ਪਿਆ ਹੋਇਆ ਹੈ ਤੇ ਮਾਇਆ ਦੇ ਮੋਹ ਦੇ ਕਾਰਨ ਸਹੀ ਜੀਵਨ-ਰਾਹ ਤੋਂ ਖੁੰਝਾ ਹੋਇਆ ਹੈ ॥੨॥ ਇਸ ਸੰਸਾਰ ਨੂੰ (ਵਿਕਾਰਾਂ ਵਿਚ) ਸੜਦਾ ਵੇਖ ਕੇ (ਜੇਹੜੇ ਮਨੁੱਖ) ਦੌੜ ਕੇ ਪਰਮਾਤਮਾ ਦੀ ਸਰਨ ਜਾ ਪੈਂਦੇ ਹਨ (ਉਹ ਸੜਨੋਂ ਬਚ ਜਾਂਦੇ ਹਨ)। ਮੈਂ ਪੂਰੇ ਗੁਰੂ ਅੱਗੇ ਅਰਜ਼ੋਈ ਕਰਦਾ ਹਾਂ ਕਿ ਮੈਨੂੰ (ਵਿਕਾਰਾਂ ਦੀ ਸੜਨ ਤੋਂ) ਬਚਾ ਲੈ, ਮੈਨੂੰ (ਇਹ) ਵਡਿਆਈ ਬਖ਼ਸ਼। ਮੈਨੂੰ ਆਪਣੀ ਸਰਨ ਵਿਚ ਰੱਖ ਤੇ ਪਰਮਾਤਮਾ ਦਾ ਨਾਮ ਜਪਣ ਦੀ ਵਡਿਆਈ ਬਖ਼ਸ਼; ਇਹ ਦਾਤ ਬਖ਼ਸ਼ਣ ਦੀ ਸਮਰੱਥਾ ਰੱਖਣ ਵਾਲਾ ਤੇਰੇ ਜੇਡਾ ਹੋਰ ਕੋਈ ਨਹੀਂ। ਜੇਹੜੇ ਮਨੁੱਖ ਪਰਮਾਤਮਾ ਦੀ ਸੇਵਾ-ਭਗਤੀ ਵਿਚ ਲੱਗਦੇ ਹਨ, ਉਹ ਵੱਡੇ ਭਾਗਾਂ ਵਾਲੇ ਹਨ, ਉਹ ਉਸ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲੈਂਦੇ ਹਨ ਜੇਹੜਾ ਹਰੇਕ ਜੁਗ ਵਿਚ ਇਕ ਆਪ ਹੀ ਆਪ ਹੈ। ਭਾਵੇਂ ਕੋਈ ਜਤ ਸਤ ਸੰਜਮ (ਆਦਿਕ) ਕਰਮ ਕਮਾਵੇ, ਪਰ ਗੁਰੂ ਦੀ ਸਰਨ ਪੈਣ ਤੋਂ ਬਿਨਾ ਉੱਚੀ ਆਤਮਕ ਅਵਸਥਾ ਪ੍ਰਾਪਤ ਨਹੀਂ ਹੋ ਸਕਦੀ। ਹੇ ਨਾਨਕ ਜੀ! ਜੇਹੜਾ ਮਨੁੱਖ ਪਰਮਾਤਮਾ ਦੀ ਸਰਨ ਜਾ ਪੈਂਦਾ ਹੈ, ਪਰਮਾਤਮਾ ਉਸ ਨੂੰ ਗੁਰੂ ਦਾ ਸ਼ਬਦ ਸਮਝਣ ਦੀ ਦਾਤ ਬਖ਼ਸ਼ਦਾ ਹੈ ॥੩॥ ਪਰਮਾਤਮਾ ਜੇਹੜੀ ਅਕਲ (ਮਨੁੱਖ ਨੂੰ) ਦੇਂਦਾ ਹੈ ਉਹੀ ਮੱਤ ਪਰਗਟ ਹੁੰਦੀ ਹੈ; (ਪ੍ਰਭੂ ਦੀ ਦਿੱਤੀ ਮੱਤ ਤੋਂ ਬਿਨਾ) ਹੋਰ ਕੋਈ ਮੱਤ (ਮਨੁੱਖ ਗ੍ਰਹਿਣ) ਨਹੀਂ (ਕਰ ਸਕਦਾ)। (ਹੇ ਪ੍ਰਭੂ! ਹਰੇਕ ਜੀਵ ਦੇ) ਅੰਦਰ ਤੇ ਬਾਹਰ ਸਿਰਫ਼ ਤੂੰ ਹੀ ਵੱਸਦਾ ਹੈਂ, ਤੂੰ ਆਪ ਹੀ ਜੀਵ ਨੂੰ ਸਮਝ ਬਖ਼ਸ਼ਦਾ ਹੈਂ। (ਹੇ ਪ੍ਰਭੂ!) ਤੂੰ ਆਪ ਹੀ (ਜੀਵ ਨੂੰ) ਅਕਲ ਦੇਂਦਾ ਹੈਂ (ਤੇਰੀ ਦਿੱਤੀ ਹੋਈ ਅਕਲ ਤੋਂ ਬਿਨਾ) ਕੋਈ ਹੋਰ (ਅਕਲ ਜੀਵ ਨੂੰ) ਪਸੰਦ ਹੀ ਨਹੀਂ ਆ ਸਕਦੀ। ਗੁਰੂ ਦੀ ਸਰਨ ਪੈਣ ਵਾਲਾ ਮਨੁੱਖ ਪਰਮਾਤਮਾ ਦੇ ਨਾਮ ਦਾ ਸਵਾਦ ਚੱਖਦਾ ਹੈ। ਗੁਰੂ ਦੇ ਸ਼ਬਦ ਦੀ ਰਾਹੀਂ ਜੇਹੜਾ ਮਨੁੱਖ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਹੈ, ਉਹ ਸਦਾ-ਥਿਰ ਪ੍ਰਭੂ ਦੇ ਦਰ ਤੇ ਸਦਾ ਅਡੋਲ ਚਿੱਤ ਟਿਕਿਆ ਰਹਿੰਦਾ ਹੈ। ਜਿਸ ਮਨੁੱਖ ਨੂੰ ਸਤਿਗੁਰੂ ਵਡਿਆਈ ਦੇਂਦਾ ਹੈ, ਉਹ ਆਪਣੇ ਹਿਰਦੇ ਵਿਚ ਹੀ ਪ੍ਰਭੂ ਦੀ ਹਜ਼ੂਰੀ ਹਾਸਲ ਕਰ ਲੈਂਦਾ ਹੈ। ਹੇ ਨਾਨਕ ਜੀ! ਜੇਹੜੇ ਮਨੁੱਖ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗੇ ਜਾਂਦੇ ਹਨ, ਉਹ ਹੀ ਪਰਮਾਤਮਾ ਦੀ ਹਜ਼ੂਰੀ ਪ੍ਰਾਪਤ ਕਰਦੇ ਹਨ, ਸਦਾ-ਥਿਰ ਪ੍ਰਭੂ ਉਹਨਾਂ ਦੀ ਉਹ (ਨਾਮ ਸਿਮਰਨ ਵਾਲੀ) ਅਕਲ ਪਰਵਾਨ ਕਰਦਾ ਹੈ ॥੪॥੬॥