ਇਤਿਹਾਸ – ਗੁਰਦੁਆਰਾ ਨਾਨਕਸਰ ਹਕੀਮਪੁਰ, ਸ਼ਹੀਦ ਭਗਤ ਸਿੰਘ ਨਗਰ
ਗੁਰਦੁਆਰਾ ਨਾਨਕਸਰ ਹਕੀਮਪੁਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਪ੍ਰਸਿੱਧ ਇਤਿਹਾਸਕ ਅਸਥਾਨ ਹੈ । ਜੋ ਮੁਕੰਦਪੁਰ-ਫਗਵਾੜਾ ਮੁੱਖ ਮਾਰਗ ‘ਤੇ ਪਿੰਡ ਜਗਤਪੁਰ ਲਾਗੇ ਸੁਸ਼ੋਭਿਤ ਹੈ । ਗੁਰਦੁਆਰਾ ਨਾਨਕਸਰ ਹਕੀਮਪੁਰ ਨੂੰ ਤਿੰਨ ਪਾਤਸ਼ਾਹੀਆਂ ਦੀ ਚਰਨ ਛੋਹ ਪ੍ਰਾਪਤ ਹੈ । ਸ੍ਰੀ ਗੁਰੂ ਨਾਨਕ ਦੇਵ ਜੀ ਚੌਥੀ ਉਦਾਸੀ ਸਮੇਂ ਇਸ ਸਥਾਨ ‘ਤੇ ਕੁਝ ਦਿਨ ਠਹਿਰੇ । ਸ੍ਰੀ ਗੁਰੂ ਹਰਿਰਾਏ ਸਾਹਿਬ 1713 ਬਿਕਰਮੀ ‘ਚ ਇਸ ਸਥਾਨ ‘ਤੇ ਪੁੱਜੇ ਸਨ । ਸ੍ਰੀ ਗੁਰੂ ਤੇਗ ਬਹਾਦਰ ਜੀ ਬਾਬਾ ਬਕਾਲਾ ਤੋਂ ਹੁੰਦੇ ਹੋਏ ਇਸ ਸਥਾਨ ‘ਤੇ ਕੁਝ ਸਮਾਂ ਠਹਿਰੇ ਸਨ । ਸ੍ਰੀ ਗੁਰੂ ਤੇਗ ਬਹਾਦਰ ਜੀ ਨਾਲ ਬਲਾਕੀ ਰਾਏ, ਭਾਈ ਦਇਆ ਸਿੰਘ, ਮੱਖਣ ਸ਼ਾਹ ਲੁਬਾਣਾ ਅਤੇ ਮਾਤਾ ਗੁੱਜਰੀ ਨਾਲ ਸਨ । ਗੁਰੂ ਤੇਗ ਬਹਾਦਰ ਜੀ ਨੇ ਇੱਥੇ ਆਉਣ ਤੋਂ ਪਹਿਲਾਂ ਚੱਕ ਗੁਰੂ ਪਿੰਡ ਵਸਾਇਆ ਅਤੇ ਇੱਥੋਂ ਨਵਾਂਸ਼ਹਿਰ ਰਵਾਨਾ ਹੋ ਗਏ, ਜਿੱਥੇ ਇਕ ਖੂਹ ਲਗਵਾਇਆ । ਦੱਸਿਆ ਜਾਂਦਾ ਹੈ ਕਿ ਇੱਥੇ ਗੁਰੂ ਸਾਹਿਬਾਨਾਂ ਦੇ ਆਉਣ ਲਈ ਗੁਰੂ ਹਰਿਰਾਇ ਸਾਹਿਬ ਨੇ ਨਾਨਕ ਸਰਾਂ ਬਣਾਈ । ਉਸ ਤੋਂ ਬਾਅਦ ਗੁਰਦੁਆਰਾ ਸਾਹਿਬ ਵਿਖੇ ਸਰੋਵਰ ਬਣਨ ਕਾਰਨ ਗੁਰਦੁਆਰਾ ਸਾਹਿਬ ਦਾ ਨਾਂਅ ਸ੍ਰੀ ਨਾਨਕਸਰ ਸਾਹਿਬ ਰੱਖਿਆ ਗਿਆ । ਭਾਈ ਕਾਹਨ ਸਿੰਘ ਦੇ ਮਹਾਨਕੋਸ਼ ਦੇ ਪੰਨਾ 692 ਅਨੁਸਾਰ ਗੁਰਦੁਆਰਾ ਨਾਨਕਸਰ ਪਿੰਡ ਹਕੀਮਪੁਰ ‘ਚ ਸਥਿਤ ਹੈ ਜੋ ਕਿ ਬਹਿਰਾਮ ਰੇਲਵੇ ਸਟੇਸ਼ਨ ਤੋਂ ਪੰਜ ਮੀਲ ਦੱਖਣ ਵੱਲ ਹਕੀਮਪੁਰ ‘ਚ ਦੋ ਫ਼ਰਲਾਂਗ ਦੀ ਦੂਰੀ ‘ਤੇ ਇਸ ਸਥਾਨ ‘ਤੇ ਗੁਰੂ ਹਰਿਰਾਏ ਸਾਹਿਬ ਨੇ ਕਰਤਾਰਪੁਰ ਤੋਂ ਕੀਰਤਪੁਰ ਜਾਂਦਿਆਂ ਵਿਸ਼ਰਾਮ ਕੀਤਾ । ਇਸ ਸਥਾਨ ਦੀ ਸੇਵਾ ਮਹਾਰਾਜਾ ਰਣਜੀਤ ਸਿੰਘ ਨੇ ਕਰਵਾਈ । ਪ੍ਰਸਿੱਧ ਵਿਦਵਾਨ ਫੌਜਾ ਸਿੰਘ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਇਸ ਪਿੰਡ ਤਿੰਨ ਦਿਨ ਰਹੇ । ਇਸ ਥਾਂ ‘ਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਸੁਪਤਨੀ ਰਾਜ ਕੌਰ ਦਾ ਸੰਸਕਾਰ ਹੋਇਆ । ਇਸ ਸਥਾਨ ‘ਤੇ ਪਹਿਲਾਂ ਉਦਾਸੀ ਪੁਜਾਰੀ ਸੇਵਾ ਨਿਭਾਉਂਦੇ ਸਨ । 1974 ‘ਚ ਸੰਤ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲਿਆਂ ਨੇ ਸੇਵਾ ਸੰਭਾਲੀ ਅਤੇ ਵਿਸ਼ਾਲ ਸੁੰਦਰ ਦਰਬਾਰ ਬਣਾਇਆ । ਇਸ ਅਸਥਾਨ ‘ਤੇ ਹਰ ਸਾਲ ਭਾਰੀ ਜੋੜ ਮੇਲਾ ਲੱਗਦਾ ਹੈ ।