ਇਤਿਹਾਸ – ਗੁਰੂਦਵਾਰਾ ਬਾਬਾ ਅਟੱਲ ਰਾਏ ਸਾਹਿਬ ਜੀ – ਅਮ੍ਰਿਤਸਰ
ਇਹ ਗੁਰੂਦਵਾਰਾ ਮੀਰੀ ਪੀਰੀ ਦੇ ਮਾਲਿਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਪੁੱਤਰ ਬਾਬਾ ਅਟੱਲ ਰਾਏ ਸਾਹਿਬ ਜੀ ਦਾ ਹੈ
ਬਾਬਾ ਜੀ ਦਾ ਜਨਮ ਗੁਰੂ ਕੇ ਮਹਿਲ ਸ਼੍ਰੀ ਅਮ੍ਰਿਤਸਰ ਵਿਖੇ ਸਮੰਤ 1676 ਵਿਚ ਹੋਇਆ | ਛੋਟੀ ਅਵਸਥਾ ਵਿਚ ਹੀ ਜੋ ਕੁਝ ਆਖਦੇ ਸਨ , ਉਹ ਸੱਚ ਹੁੰਦਾ ਸੀ | ਇਸ ਲਈ ਉਹਨਾਂ ਦੇ ਇਸ ਬਜ਼ੁਰਗੀ ਦੇ ਪ੍ਰਭਾਵ ਕਰਕੇ ਸਾਰੇ ਉਹਨਾਂ ਨੂੰ ਬਾਬਾ ਜੀ ਕਹਿੰਦੇ ਸਨ | ਬਾਲ ਅਵਸਥਾ ਵਿਚ ਆਪ ਹਾਣੀ ਬਾਲਕਾਂ ਨਾਲ ਖਿਦੋ – ਖੂੰਡੀ ਖੇਡਿਆ ਕਰਦੇ ਸਨ | ਇਕ ਦਿਨ ਖੇਡਦਿਆਂ ਖੇਡਦਿਆਂ ਇਕ ਮੀਟੀ ਬਾਲਕ ਮੋਹਨ ਸਿਰ ਆਈ ਜੋ ਉਸ ਨੇ ਦੂਜੇ ਦਿਨ ਦੇਣ ਦਾ ਬਚਨ ਕੀਤਾ | ਮੋਹਨ ਨੂੰ ਰਾਤ ਨੂੰ ਸੱਪ ਨੇ ਡੰਗਿਆ ਤਾਂ ਮੋਹਨ ਮਰ ਗਿਆ ਜਦ ਮੋਹਨ ਮੀਟੀ ਦੇਣ ਨਾ ਆਇਆ ਤਾਂ ਬਾਬਾ ਅਟੱਲ ਰਾਏ ਜੀ ਸਣੇ ਸਾਥੀਆਂ ਮੋਹਨ ਦੇ ਘਰ ਗਏ | ਅੱਗੇ ਦੇਖਿਆ ਕਿ ਮੋਹਨ ਦੇ ਮਾਤਾ ਪਿਤਾ ਵਿਰਲਾਪ ਕਰ ਰਹੇ ਸਨ | ਰੋਂਦੇ ਮਾਪਿਆਂ ਨੇ ਬਾਬਾ ਜੀ ਨੂੰ ਮੋਹਨ ਦੇ ਰਾਤ ਸੱਪ ਲੜ ਕੇ ਮਰ ਜਾਣ ਦਾ ਹਾਲ ਦੱਸਿਆ | ਇਹ ਸੁਣ ਕੇ ਬਾਬਾ ਜੀ ਅੱਗੇ ਵਧੇ ਤੇ ਆਪਣੀ ਖੂੰਡੀ ਮੋਹਨ ਦੇ ਗਲ ਵਿਚ ਪਾ ਕੇ ਕਿਹਾ ਉੱਠ ਸਾਡੀ ਮੀਟੀ ਦੇ | ਜਿਸ ਨਾਲ ਮੋਹਨ ਸੁਰਜੀਤ ਹੋ ਉਠਿਆ ਇਸ ਗੱਲ ਦੀ ਸਾਰੇ ਸ਼ਹਿਰ ਵਿਚ ਬੜੀ ਚਰਚਾ ਹੋਈ ਤੇ ਸਤਿਗੁਰ ਜੀ
ਨੂੰ ਵੀ ਪਤਾ ਲੱਗਿਆ | ਬਾਬਾ ਅਟੱਲ ਰਾਏ ਸਾਹਿਬ ਜੀ ਸਤਿਗੁਰ ਜੀ ਦੀ ਹਜ਼ੂਰੀ ਵਿਚ ਸ਼੍ਰੀ ਅਕਾਲ ਤਖਤ ਆਏ ਸਤਿਗੁਰ ਜੀ ਨੇ ਫੁਰਮਾਇਆ ਭਾਣਾ ਉਲਟਿਆ ਜੇ ਬਾਬਾ ਜੀ ਨੇ ਲਖ ਲਿਆ ਇਕ ਨਮਸਕਾਰ ਕਰ ਅਡੋਲ ਚਲੇ ਗਏ ਤੇ ਇਸ ਥਾਂ ਚਾਦਰ ਤਾਣ ਕੇ ਲੇਟ ਗਏ ਤੇ ਸਰੀਰ ਤਿਆਗ ਦਿੱਤਾ | ਜਿਥੇ ਬਾਬਾ ਅਟੱਲ ਸਾਹਿਬ ਜੀ ਦਾ ਸੰਸਕਾਰ ਕੀਤਾ ਗਿਆ ਉਥੇ ਗੁਰਦੁਆਰਾ ਬਾਬਾ ਦਰੀ ਹੈ | ਅਕਾਲ ਚਲਾਣੇ ਸਮੇਂ ਬਾਬਾ ਜੀ ਦੀ ਅਵਸਥਾ 9 ਸਾਲ ਦੀ ਸੀ | ਸੰਗਤਾਂ ਨੇ ਸੰਸਕਾਰ ਵਾਲੀ ਥਾਂ ਤੇ 1835 ਵਿਚ 9 ਮੰਜਿਲਾ ਗੁਰਦੁਆਰਾ ਬਣਵਾਇਆ | ਇਹ ਇਮਾਰਤ ਅਮ੍ਰਿਤਸਰ ਵਿਚ ਸਾਰੀਆਂ ਇਮਾਰਤਾਂ ਨਾਲੋਂ ਉੱਚੀ ਹੈ