ਇਤਿਹਾਸ – ਬੀਬੀ ਵੀਰੋ ਜੀ

ਬੀਬੀ ਵੀਰੋ ਜੀ ਦਾ ਜਨਮ ਮਾਤਾ ਦਮੋਦਰੀ ਜੀ ਦੀ ਕੁੱਖੋਂ ਗੁਰੂ ਹਰਿਗੋਬਿੰਦ ਸਾਹਿਬ ਦੇ ਗ੍ਰਹਿ ਵਿਖੇ ੧੬੧੫ ਈ : ਨੂੰ ਅੰਮ੍ਰਿਤਸਰ ਗੁਰੂ ਕੇ ਮਹਿਲਾਂ ਵਿੱਚ ਹੋਇਆ ਬੀਬੀ ਜੀ ਦੇ ਜਨਮ ਤੇ ਬਹੁਤ ਖੁਸ਼ੀਆਂ ਮਨਾਈਆਂ ਗਈਆਂ । ਇਤਿਹਾਸ ਵਿੱਚ ਆਉਂਦਾ ਹੈ ਇਕ ਵਾਰੀ ਜਦੋਂ ਮਾਤਾ ਗੰਗਾ ਜੀ ਬਾਬਾ ਗੁਰਦਿੱਤਾ ਜੀ ਨੂੰ ਚੁੱਕ ਕੇ ਖਿਲਾ ਰਹੇ ਸਨ ਕਿਹਾ ਕਿ ‘ ਜੋੜੀ ਰਲੇ ਤਾਂ ਗੁਰੂ ਹਰਿਗੋਬਿੰਦ ਸਾਹਿਬ ਬਚਨ ਕੀਤਾ “ ਮਾਤਾ ਜੀ ਤੁਹਾਡੇ ਬਚਨ ਸਤਿ ਹਨ ਜੋੜੀ ਨਹੀਂ ਪੰਜ ਬੇਟੇ ਹੋਣਗੇ ਪਰ ਅਸੀਸ ਦਿਓ ਕਿ ਘਰ ਵਿੱਚ ਇਕ ਲੜਕੀ ਵੀ ਹੋਵੇ ਤਾਂ ਗਰਹਿਸਤ ਦਾ ਸਹੀ ਸਵਾਦ ਵੀ ਆਏ ਤੇ ਚਜ ਆਚਾਰ ਵੀ ।
ਗੁਰ ਬਿਲਾਸ ਪਾ : ਛੇਵੀ ਕਵੀ ਸੋਹਣ ਇਉਂ ਲਿਖਦਾ ਹੈ : ਸੀਲਖਾਨ ਕਨੰਆ ਇਕ ਹੋਵੈ ॥ ਪੁਤਰੀ ਵਿੱਚ ਜਗਤ ਗਰਹਿਸਤ ਵਿਗੌਵੈ ।।
ਮਾਤਾ ਗੰਗਾ ਜੀ ਇਹ ਗੱਲ ਸੁਣ ਬਹੁਤ ਪ੍ਰਸੰਨ ਹੋਏ ਕਿ ਪੁੱਤਰੀ ਨੂੰ ਚੰਗੇ ਚੱਜ ਅਚਾਰ ਸਿਖਲਾਏ ਜਾਣਗੇ । ਅੱਗੇ ਉਹ ਗਰਹਿਸਥੀ ਜੀਵਨ ਵਿਚ ਦੂਜੇ ਘਰ ਜਾ ਕੇ ਇਕ ਆਰਦਸ਼ਕ ਬਣੇਗੀ , ਹੋਰਾਂ ਨੂੰ ਉਹ ਚੰਗੀਆਂ ਸਿਖਿਆਵਾਂ ਦੇਵੇਗੀ । ਪੰਜਾਂ ਭਰਾਵਾਂ ਬਾਬਾ ਗੁਰਦਿੱਤਾ ਜੀ , ਸ੍ਰੀ ਸੂਰਜ ਮੱਲ , ਸ੍ਰੀ ਅਣੀ ਰਾਇ , ਬਾਬਾ ਅਟੱਲ ਰਾਇ ਤੇ ਗੁਰੂ ਤੇਗ਼ ਬਹਾਦਰ ਜੀ ਹੋਰਾਂ ਦੀ ਲਾਡਲੀ ਭੈਣ ਲਾਡਾਂ ਤੇ ਸੱਧਰਾਂ ਤੇ ਚਾਵਾਂ ਨਾਲ ਪਾਲੀ ਗਈ । ਮਾਤਾ ਗੰਗਾ ਜੀ ਤੇ ਗੁਰੂ ਜੀ ਬੱਚੀ ਨੂੰ ਬਹੁਤ ਪਿਆਰ ਨਾਲ ਸੋਹਣੀ ਸੁਚੱਜੀ ਤੇ ਅਚਾਰ ਭਰਪੂਰ ਸਿਖਿਆਂ ਦੇਂਦੇ । ਬੀਬੀ ਜੀ ਘਰ ਵਿਚ ਆਈ ਸੰਗਤ ਦੀ ਹੰਸੂ – ਹੰਸੂ ਤੇ ਖਿੜੇ ਮੱਥੇ ਭੱਜ ਭੱਜ ਕੇ ਸੇਵਾ ਤੇ ਸਤਿਕਾਰ ਕਰਦੇ । ਲੰਗਰ ਵਿਚ ਹਰ ਇਕ ਭਾਂਤ ਦਾ ਭੋਜਣ ਮਠਿਆਈ ਆਦਿ ਤਿਆਰ ਕਰਨ ਵਿੱਚ ਨਿਪੁੰਨ ਸਨ । ਨਾਲ ਗੁਰਬਾਣੀ ਵਿੱਚ ਨਿਪੁੰਨ ਬਾਣੀ ਜ਼ਬਾਨੀ ਕੰਠ ਕਰ ਲਈ । ਗੁਰਮੁਖੀ ਵਿੱਚ ਵੀ ਲਿਖਾਈ ਬੜੀ ਸੁੰਦਰ ਸੀ ।
ਗੁਰੂ ਜੀ ਆਪਣੀ ਸਾਲੀ ਰਾਮੋ ਤੇ ਸਾਂਡੂ ਸਾਂਈ ਦਾਸ ਪਾਸ ਮਾਲਵੇ ਦੇਸ਼ ਜਾਇਆ ਕਰਦੇ ਸਨ । ਇਸ ਕਰਕੇ ਇਸ ਇਲਾਕੇ ਦੀ ਕਾਫੀ ਸੰਗਤ ਸਿੱਖ ਬਣ ਗਈ ਸੀ । ਉਹ ਅਕਸਰ ਸਾਂਈ ਦਾਸ ਨਾਲ ਗੁਰੂ ਜੀ ਦੇ ਦਰਸ਼ਨਾਂ ਨੂੰ ਅੰਮ੍ਰਿਤਸਰ ਆਇਆ ਕਰਦੇ ਸਨ । ਉਨ੍ਹਾਂ ਵਿੱਚ ਇਕ ਧਰਮਾ ਨਾਂ ਦਾ ਸਿੱਖ ਵੀ “ ਮੱਲੇ ਪਿੰਡ ਤੋਂ ਆਇਆ ਕਰਦਾ ਸੀ । ਹੈ ਤਾਂ ਕੁਝ ਗਰੀਬ ਪਰ ਸ਼ਰਧਾਲੂ ਬਹੁਤ ਸੀ । ਇਕ ਵਾਰੀ ਮੁੱਲੇ ਪਿੰਡ ਦੀ ਸੰਗਤ ਆਈ ਹੋਈ ਸੀ । ਗੁਰੂ ਅਕਾਲ ਤਖ਼ਤ ਬਾਜਮਾਨ ਸਨ ਕਈਆਂ ਥਾਵਾਂ ਤੋਂ ਹੋਰ ਸੰਗਤਾਂ ਗੁਰੂ ਜੀ ਦੇ ਦਰਸ਼ਨਾਂ ਨੂੰ ਆਈਆਂ ਹੋਈਆਂ ਸਨ । ਇਨ੍ਹਾਂ ਸੰਗਤਾਂ ਵਿਚ ਇਕ ਲੜਕਾ ਭਾਵੇਂ ਮੈਲੇ ਬਸਤਰਾਂ ਵਿਚ ਬੈਠਾ ਹੋਇਆ ਸੀ ਪਰ ਗੋਦੜੀ ਵਿਚ ਲਾਲ ਵਾਲੀ ਗੱਲ । ਬੜਾ ਸੁੰਦਰ ਤੇ ਸਬੀਲਾ ਕੋਈ ਅਲਾਹੀ ਰੂਪ ਹੀ ਜਾਪਦਾ ਸੀ । ਗੁਰੂ ਜੀ ਦੇ ਦਿਲ ਨੂੰ ਇਸ ਦੀ ਭੋਲੀ ਭਾਲੀ ਸੁੰਦਰ ਸ਼ਕਲ ਨੇ ਮੋਹ ਲਿਆ । ਗੁਰੂ ਜੀ ਹੋਰਾਂ ਇਸ਼ਾਰੇ ਨਾਲ ਬੁਲਾ ਕੇ ਪੁੱਛਿਆ ਪੁੱਤਰ ਤੇਰਾ ਕੀ ਨਾ ਹੈ ਇਸ ਦਾ ਪਿਤਾ ਜੀ ਵੀ ਬੱਚੇ ਨਾਲ ਗੁਰੂ ਜੀ ਪਾਸ ਜਾ ਖੜਾ ਹੋਇਆ ਪੁੱਤਰ ਦੀ ਥਾਂ ਪਿਓ ਨੇ ਉਤਰ ਦਿੱਤਾ ਤੇ ਹੱਥ ਜੋੜ ਕੇ ਕਿਹਾ ਸੱਚੇ ਪਾਤਸ਼ਾਹ ! ਮੇਰ ਨਾ ਧਰਮਾ ਹੈ ਇਹ ਮੇਰਾ ਪੁੱਤਰ ਹੈ ਇਸਦਾ ਨਾਂ ਸਾਧੂ ਹੈ । ਜਦੋਂ ਗੁਰੂ ਜੀ ਨੇ ਆਪਣੀ ਸਪੁੱਤਰੀ ਵੀਰੋ ਜੀ ਦਾ ਰਿਸਤਾ ਇਸ ਸਾਧੂ ਨੂੰ ਕਰਨ ਦੀ ਗੱਲ ਕੀਤੀ ਤਾਂ ਧਰਮੇ ਨੇ ਹੱਥ ਜੋੜ ਕੇ ਕਿਹਾ ਮਹਾਰਾਜ ਦਾਸ ਤਾਂ ਬਹੁਤ ਗਰੀਬ ਹੈ ਤੁਸੀਂ ਬਹੁਤ ਉਚੇ ਹੋ , ਦਾਸ ਕੀਟ ਦਾ ਤੁਹਾਡੇ ਨਾਲ ਜੋੜ ਕਿਵੇਂ ਬਣ ਹੈ ? ” ਪਰ ਗੁਰੂ ਜੀ ਬਚਨ ਕੀਤਾ ਭਾਈ ਧਰਮੇ ! ਇਸ ਸੰਸਾਰ ਵਿੱਚ ਪ੍ਰਮਾਤਮਾ ਤੋਂ ਬਿਨਾਂ ਹੋਰ ਕੋਈ ਅਮੀਰ ਨਹੀਂ ਹੈ । ਡਰ ਨਾ ਤੇਰਾ ਬੇਟਾ ਕਿਸਮਤ ਵਾਲਾ ਹੈ । ਇਹ ਤਾਂ ਤੇਰੀ ਕੁਲ ਤਾਰਨ ਆਇਆ ਹੈ ।
ਇਸ ਰਿਸ਼ਤੇ ਤੇ ਮਾਤਾ ਦਮੋਦਰੀ ਜੀ ਨੇ ਰਤਾ ਕੁ ਕਿੰਤੂ ਕੀਤਾ ਤਾਂ ਗੁਰੂ ਜੀ ਮਾਤਾ ਦਮੋਦਰੀ ਜੀ ਨੂੰ ਸਮਝਾਉਂਦਿਆਂ ਕਿਹਾ ‘ ਦਮੋਦਰੀ ! ਇਹ ਲਾਲ ਗੋਦੜੀ ਵਿਚ ਲੁਕਿਆ ਪਿਆ ਹੈ । ਇਸ ਦੇ ਮੈਲੇ ਕੁਚੈਲੇ ਕਪੜੇ ਨਾ ਵੇਖ । ਇਹ ਧੁਰ ਦਰਗਾਹੋਂ ਜੋੜੀ ਬਣਕੇ ਆਈ ਹੈ । ਇਹ ਗੱਲ ਸੁਣ ਸਾਧੂ ਦੀ ਮਾਂ ਜਿਹੜੀ ਬੀਬੀ ਰਾਮੋ ਦੇ ਲਾਗੇ ਬੈਠੀ ਸੀ ਫੁਲੇ ਨਹੀਂ ਸਮਾਂਉਂਦੀ ਬੀਬੀ ਰਾਮੋ ਜੀ ਬੀਬੀ ਵੀਰੋ ਜੀ ਦੇ ਵਿਚੋਲੇ ਬਣਾਏ ਗਏ । ਕੁੜਮਾਈ ਦੀ ਰਸਮ ਸੰਗਤ ਵਿਚ ਕਰ ਦਿੱਤੀ ਗਈ । ਵੀਰ ਗੁਰਦਿੱਤਾ ਜੀ ਜਦੋਂ ਬਟਾਲੇ ਵਿਆਹੁਣ ਗਏ ਤਾਂ ਭੈਣ ਵੀਰੋ ਜੀ ਨੇ ਬੜੀ ਖੁਸ਼ੀ ਮਨਾਈ ਜਦੋਂ ਭਰਜਾਈ ਅਨੰਤੀ ਵਿਆਹੀ ਆਈ ਤਾਂ ਇਸ ਨੂੰ ਵੇਖ ਵੀਰੋ ਦੇ ਪੈਰ ਖੁਸ਼ੀ ਵਿੱਚ ਭੌ ਤੇ ਨਹੀਂ ਸੀ ਲੱਗਦੇ । ਭਰਜਾਈ ਨੂੰ ਕਈ ਦਿਨ ਕੰਮ ਨਹੀਂ ਲਾਇਆ । ਨਨਾਣ ਭਰਜਾਈ ਬੜੇ ਪਿਆਰ ਨਾਲ ਵਿਚਰਨ ਲੱਗੀਆਂ । ਜਦੋਂ ਕਿਤੇ ਅਨੰਤੀ ਨੇ ਕੰਮ ਕਰਨ ਲੱਗਣਾ ਤੇ ਵੀਰੋ ਨੇ ਕਹਿਣਾ ਕਿ ਭਰਜਾਈ ਸਾਰੀ ਉਮਰ ਕੰਮ ਹੀ ਕਰਨਾ ਹੈ । ਜਿੰਨਾ ਚਿਰ ਮੈਂ ਏਥੇ ਹਾਂ ਤੈਨੂੰ ਕੰਮ ਨਹੀਂ ਕਰਨ ਦੇਣਾ ” ਇਸ ਤਰ੍ਹਾਂ ਦਿਨ ਲੰਘਦੇ ਗਏ ।
ਬੀਬੀ ਰਾਮੋ ਜੀ ਬੀਬੀ ਵੀਰੋ ਦੀ ਸਾਹੇ ਚਿੱਠੀ ਲੈ ਆਏ ।੨੬ ਜੇਠ ੧੬੨੯ ਈ : ਦਾ ਵਿਆਹ ਨੀਅਤ ਹੋ ਗਿਆ । ਸਿੱਖਾਂ ਵਿਚ ਸਤਿਕਾਰੀ ਜਾਂਦੀ ਲਾਡਲੀ ਬੀਬੀ ਦੇ ਵਿਆਹ ਦਾ ਸਿੱਖ ਸੰਗਤ ਨੂੰ ਪਤਾ ਲੱਗਾ ਤੇ ਦੂਰੋਂ ਦੂਰੋਂ ਸੰਗਤਾਂ ਵਿਆਹ ਤੇ ਆਪਣੀਆਂ ਕਾਰ ਭੇਟਾਵਾ ਲੈ ਕੇ ਚਲ ਪਈਆਂ । ਹਰ ਕੋਈ ਆਪਣੇ ਵਿੱਤ ਅਨੁਸਾਰ ਕੋਈ ਭਾਂਡੇ , ਬਰਤਨ , ਕੋਈ ਜ਼ੇਵਰ ਕੋਈ ਬਿਸਤਰੇ ਬਸਤਰ ਆਦਿ ਚੁੱਕ ਅੰਮ੍ਰਿਤਸਰ ਵੱਲ ਧਾਈਆਂ ਕਰ ਲਈਆਂ ਰਾਤ ਦਿਨ ਲੰਗਰ ਚਲਦਾ ਰਹਿੰਦਾ । ਇਸੇ ਤਰ੍ਹਾਂ ਇਕ ਰਾਤ ਕਾਬਲ ਤੋਂ ਸੰਗਤ ਬਹੁਤ ਰਾਤ ਗਈ ਪੁੱਜੀ ਤਾਂ ਲੰਗਰ ਚਾਲੇ ਪੈ ਚੁਕਿਆ ਸੀ । ਲਾਂਗਰੀ ਸਾਰੇ ਦਿਨ ਦੇ ਥੱਕੇ ਟੁੱਟੇ ਸੌਂ ਗਏ ਸਨ । ਉਧਰ ਮਠਿਆਈ ਬਣ ਰਹੀ ਸੀ ਤੇ ਇਕ ਕਮਰਾ ਮਠਿਆਈ ਦਾ ਭਰਿਆ ਪਿਆ ਸੀ । ਭੁੱਖੀ ਸੰਗਤ ਨੂੰ ਗੁਰੂ ਜੀ ਹੋਰਾਂ ਮਠਿਆਈ ਪ੍ਰੋਸਨ ਲਈ ਮਾਤਾ ਦਮੋਦਰੀ ਜੀ ਨੂੰ ਸੁਨੇਹਾ ਭੇਜਿਆ । ਪਰ ਮਾਤਾ ਜੀ ਨੇ ਕਿਹਾ ਕਿ , “ ਇਹ ਪਕਵਾਨ ਬਰਾਤ ਲਈ ਤਿਆਰ ਕੀਤਾ ਜਾ ਰਿਹਾ ਹੈ । ਬਰਾਤ ਤੋਂ ਬਗੈਰ ਕਿਸੇ ਨੂੰ ਪਹਿਲਾਂ ਨਹੀਂ ਵਰਤਾਇਆ ਜਾ ਸਕਦਾ । ‘ ‘ ਉਧਰ ਗੁਰੂ ਜੀ ਦੇ ਮੁਖਾਰ ਬਿੰਦ ਤੋਂ ਬਚਨ ਹੋ ਗਿਆ ਕਿ “ ਜੇ ਇਹ ਪਕਵਾਨ ਗੁਰੂ ਕੀ ਸੰਗਤ ਨੇ ਨਹੀ ਛਕਣਾ ਤਾਂ ਫਿਰ ਤੁਰਕਾਂ ਨੇ ਛਕਣਾ ਹੈ । ਸੰਗਤ ਨੂੰ ਹੋਰ ਲੰਗਰ ਤਿਆਰ ਕਰਾ ਛਕਾਇਆ ਗਿਆ । ਅਗਲੇ ਦਿਨ ਸਿੱਖ ਸੰਗਤ ਸ਼ਿਕਾਰ ਖੇਡਣ “ ਗੁੰਮਟਾਲੇ ਲਾਗੇ ਗਈ ਤਾਂ ਸ਼ਾਹਜਹਾਂ ਦਾ ਬਾਜ਼ ਫੜ ਲਿਆ । ਜਿਸ ਤੋਂ ਅੰਮ੍ਰਿਤਸਰ ਦੀ ਲੜਾਈ ਦਾ ਮੁੱਢ ਬੱਝਾ । ਉਧਰ ਮੁਗਲਾਂ ਨੂੰ ਪਤਾ ਸੀ ਗੁਰੂ ਜੀ ਦੀ ਸਪੁੱਤਰੀ ਦਾ ਵਿਆਹ ਹੋ ਰਿਹਾ ਹੈ । ਉਨ੍ਹਾਂ ਇਹ ਨਾਜ਼ੁਕ ਸਮਾਂ ਤਾੜ ਕੇ ਭਾਰੀ ਹਮਲਾ ਕਰ ਦਿੱਤਾ । ਇਧਰ ਸਿੱਖਾਂ ਨੇ ਡਟ ਕੇ ਮੁਕਾਬਲਾ ਕੀਤਾ । ਸਾਰਾ ਦਿਨ ਲੜਾਈ ਹੁੰਦੀ ਰਹੀ । ਸਿੱਖ ਮੂੰਹ ਤੋੜਵਾਂ ਉਤਰ ਦੇਂਦੇ ਰਹੇ । ਸ਼ਾਹੀ ਸੈਨਾ ਸੈਂਕੜੇ ਗੁਣਾ ਪੂਰੇ ਆਧੁਨਿਕ ਸ਼ਸ਼ਤਰਾਂ ਨਾਲ ਲੈਸ ਸੀ । ਪਰ ਸਿਖਾਂ ਮੁਗਲਾਂ ਨੂੰ ਨਾਨੀ ਚੇਤੇ ਕਰਾ ਦਿੱਤੀ । ਰਾਤ ਪੈ ਗਈ । ਗੁਰੂ ਜੀ ਹੋਰਾਂ ਰਾਤ ਦਾ ਲਾਭ ਲੈਂਦਿਆਂ ਆਦਿ ਗ੍ਰੰਥ ਸਾਹਿਬ ਸਤਿਕਾਰ ਸਹਿਤ ਤੇ ਹੋਰ ਸਾਮਾਨ ਗੱਡਿਆਂ ਤੇ ਲੱਦ ਕੇ ਝਬਾਲ ਭਾਈ ਲੰਘਾਹ ਦੇ ਵਲ ਤੋਰ ਦਿੱਤਾ ਤੇ ਆਪ ਗੁਰੂ ਜੀ ਹੋਰਾਂ ਨੇ ਸ਼ਹੀਦਾਂ ਸਿੱਖਾਂ ਦੇ ਸਰੀਰ ਉਥੋਂ ਚੁੱਕਵਾ ਕੇ ਚਾਟੀਵਿੰਡ ਵੱਲ ਲਿਆ ਕੇ ਸੰਸਕਾਰ ਕਰ ਦਿੱਤਾ ਜਿਹੜਾ ਬਾਲਣ ਬੀਬੀ ਵੀਰੋ ਜੀ ਦੇ ਵਿਆਹ ਲਈ ਇਕੱਠਾ ਕੀਤਾ ਗਿਆ ਸੀ ਉਸ ਉਪਰ ਸ਼ਹੀਦਾਂ ਦਾ ਸਸਕਾਰ ਕੀਤਾ ਗਿਆ । ਗੁਰੂ ਜੀ ਆਪ ਇਨ੍ਹਾਂ ਦੇ ਸਰੀਰਾਂ ਦਾ ਇਸ਼ਨਾਨ ਕਰਾ ਪੂਰੇ ਸਤਿਕਾਰ ਤੇ ਗੁਰ ਮਰਿਆਦਾ ਨਾਲ ਇਨ੍ਹਾਂ ਦੇ ਪ੍ਰਤੀ ਅਰਦਾਸ ਕਰ ਦਾਗ ਦਿੱਤਾ । ਇਨ੍ਹਾਂ ਸ਼ਹੀਦਾਂ ਦੀ ਯਾਦ ਵਿਚ ਗੁਰਦੁਆਰਾ ਸੰਗਰਾਣਾ ਸਾਹਿਬ ਅੰਮ੍ਰਿਤਸਰ ਤੇ ਚਾਰ ਕੁ ਮੀਲ ਹਟਵਾਂ ਬਣਿਆ ਹੋਇਆ ਹੈ ।
ਬੀਬੀ ਵੀਰੋ ਜੀ ਦਾ ਵਿਆਹ : ਤਿੰਨ ਦਿਨ ਰਹਿੰਦੇ ਸਨ ਸਿੱਖਾਂ ਤੇ ਆਫਤ ਆ ਪਈ ਜਦੋਂ ਕਿਲੇ ਦੀ ਕੰਧ ਟੁੱਟ ਗਈ ਤਾਂ ਗੁਰੂ ਜੀ ਹੋਰਾਂ ਇਕ ਦਮ ਸਾਰੇ ਪ੍ਰਵਾਰ ਨੂੰ ਭਾਈ ਲੰਘਾਹ ਜਿਹੜਾ ਚੜਦੀਆਂ ਕਲਾਂ ਵਾਲਾ ਨਿਧੱੜਕ ਸਿੱਖ ਸੀ ਵਲ ਨਿਗਾਹ ਪਈ ਕਿ ਉਹ ਇਸ ਬਿਪਤਾ ਵੇਲੇ ਕੰਮ ਆ ਸਕਦਾ ਹੈ । ਗੁਰੂ ਕੇ ਮਹਿਲਾਂ ਵਿਚੋਂ ਸਾਰਾ ਪ੍ਰਵਾਰ ਆ ਗਿਆ । ਪਰ ਹਫੜਾ ਦਫੜੀ ਵਿਚ ਬੀਬੀ ਵੀਰੋ ਜੀ ਉਪਰ ਚੁਬਾਰੇ ਵਿੱਚ ਸੁਤੇ ਹੀ ਰਹਿ ਗਏ । ਜਦੋਂ ਬਾਹਰ ਆ ਕੇ ਗੜ ਬੈਹਲਾਂ ਤੇ ਬੈਠਣ ਲੱਗੇ ਤਾਂ ਪਤਾ ਲਗਾ ਬੀਬੀ ਵੀਰੋ ਜੀ ਪ੍ਰਵਾਰ ਵਿਚ ਨਹੀਂ ਹੈ । ਭੜਥੂ ਮੱਚ ਗਿਆ ਸੱਭ ਚਿੰਤਾ ਤੁਰ ਹੋਏ । ਗੁਰੂ ਜੀ ਮਾਤਾਵਾਂ ਨੂੰ ਹੌਸਲਾ ਦਿੱਤਾ । ਸਿੰਘੋ ਤੇ ਬਾਬਕ ਨੂੰ ਘੋੜਿਆ ਤੇ ਭੇਜਿਆ ਗਿਆ ਨਾਲ ਹੀ ਗੁਰੂ ਜੀ ਹੋਰਾਂ ਆਪਣਾ ਸਿਮਰਨਾ ਭੇਜਿਆ ਕਿ ਇਹ ਸਿਮਰਨਾ ਦਿਖਾ ਬੀਬੀ ਨੂੰ ਘੋੜੇ ਤੇ ਬਿਠਾ ਸਾਥ ਲੈ ਆਉਣਾ । ਦੋਵੇਂ ਸਿੱਖ ਬੜੇ ਬਹਾਦਰ ਤੇ ਨਿਰਭੈ ਸਨ । ਬਾਬਕ ਫਾਰਸੀ ਤੇ ਪਸ਼ਤੋ ਵੀ ਜਾਣਦਾ ਸੀ । ਇਹ ਰਾਤ ਦੇ ਹਨੇਰੇ ਵਿਚ ਪਸ਼ਤੋ ਬੋਲਦਾ ਮਹਿਲਾਂ ਵਿਚ ਪੁੱਜ ਗਿਆ । ਘੋੜੇ ਤੋਂ ਉਤਰ ਸਿੰਘਾਂ ਉਪਰ ਬੈਠੇ ਬੀਬੀ ਜੀ ਨੂੰ ਗੁਰੂ ਜੀ ਦਾ ਸਿਮਰਨਾ ਦਿਖਲਾ ਘੋੜੇ ਤੇ ਝੜਾ ਚੱਲ ਪਿਆ । ਅੰਦਰ ਤੁਰਕ ਮਠਿਆਈ ਦੇ ਆਹੂ ਲਾਹੁਣ ਡਹੇ ਹੋਏ ਸਨ । ਜਦੋਂ ਤੁਰਨ ਲਗੇ ਤਾਂ ਕਿਸੇ ਪਸ਼ਤੋ ਵਿੱਚ ਪੁਛਿਆ ਕਿ “ ਕੌਨ ਹੈ ? ਬਾਬਕ ਨੇ ਪਸ਼ਤੋਂ ਵਿਚ ਉਤਰ ਦਿਤਾ ਕਿ “ ਤੁਹਾਡੇ ਸਾਥੀ ਹਨ । ਇਸ ਤਰ੍ਹਾਂ ਘੋੜੇ ਭਜਾਉਂਦੇ ਬੀਬੀ ਜੀ ਨੂੰ ਨਾਲ ਲੈ ਆਏ । ਰਾਹ ਵਿਚ ਬੀਬੀ ਜੀ ਦੀ ਜੁਤੀ ਦਾ ਇਕ ਪੈਰ ਡਿਗਾ ਤਾਂ ਇਕ ਸਿਪਾਹੀ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਤਾਂ ਬਾਬਕ ਨੇ ਉਸ ਦੇ ਮੂੰਹ ਵਿਚ ਗੋਲੀ ਮਾਰ ਪਾਰ ਬੁਲਾ ਦਿੱਤਾ । ਹੁਣ ਸਾਰਾ ਪ੍ਰਵਾਰ ਝਬਾਲ ਵੱਲ ਚਲ ਪਿਆ । ਬਰਾਤ ਜਿਹੜੀ ਕਿ ਮੱਲੇ ਤੋਂ ਆਉਣੀ ਸੀ ਨੂੰ ਏਲਚੀ ਭੇਜ ਝਬਾਲ ਆਉਣ ਲਈ ਸੁਨੇਹਾ ਭੇਜ ਦਿਤਾ । ਝਬਾਲ ਪੁੱਜਣ ਤੇ ਗੁਰੂ ਜੀ ਦਾ ਬੜਾ ਨਿਘਾ ਸੁਵਾਗਤ ਕੀਤਾ ਗਿਆ । ਦਿਨ ਚੜੇ ੨੬ ਜੇਠ ਨੂੰ ਗੁਰੂ ਜੀ ਨੇ ਉਥੋਂ ਇਕ ਸ਼ਾਹੂਕਾਰ ਪਾਸੋਂ ਰਸਦ ਆਦਿ ਖਰੀਦ ਕੜਾਹ ਪ੍ਰਸ਼ਾਦਿ ਕੀਤਾ ਆਪਣੀ ਸੈਨਾ ਨੂੰ ਛਕਾ ਕੇ ਹਟੇ ਸਨ ਕਿ ਬਰਾਤ ਵੀ ਆ ਗਈ । ਭਾਈ ਧਰਮਾ ਆਪਣੇ ਲਾਡਲੇ ਭਾਈ ਸਾਧੂ ਨੂੰ ਲੈ ਪੂਰੀ ਸੱਜ ਧੱਜ ਨਾਲ ਝਬਾਲ ਪੁੱਜੇ । ਬੀਬੀ ਰਾਮੋ ਜੀ ਭਾਈ ਸਾਂਈਦਾਸ ਵਿਚੋਲੇ ਵੀ ਨਾਲ । ਗੁਰ ਮਰਿਆਦਾ ਨਾਲ ਆਦਿ ਗਰੰਥ ਤੋਂ ਲਾਵਾਂ ਪੜੀਆਂ ਗਈਆਂ । ਜਦੋਂ ਬੀਬੀ ਵੀਰੋ ਜੀ ਨੂੰ ਵਿਦਾ ਕਰਨ ਲੱਗੇ ਤਾਂ ਬਚਨ ਰਾਹੀਂ ਉਪਦੇਸ਼ ਕੀਤਾ ਕਿ “ ਬੀਬੀ ਬੇਟੀ ! ਪਤੀ ਨਾਲ ਹੀ ਸੱਭ ਕੁਝ ਚੰਗਾ ਸੋਂਹਦਾ ਹੈ । ਘਰ ਵਿਚ ਆਇਆਂ ਦਾ ਆਦਰ – ਮਾਨ ਕਰਨਾ ਸੱਸ – ਸੋਹਰੇ ਨੂੰ ਮਾਤਾ ਪਿਤਾ ਜਾਣ ਸਤਿਕਾਰ ਕਰਨਾ ਹੈ । ਪਤੀ ਦੀ ਸੇਵਾ ਹੀ ਇਸਤਰੀ ਲਈ ਚੰਗੀ ਹੈ । ਸੋਹਣ ਕਵੀ ਲਿਖਦਾ ਹੈ : ‘ ਸੁਨ ਬੀਬੀ ਮੈਂ ਤੁਝੇ ਸੁਨਾਉ ॥ ਪਤਿ ਕੀ ਮਹਮਾ ਕਹਿ ਭਰ ਗਾਉ ॥ ਪਤੀ ਕੀ ਸੇਵਾ ਕਰਨੀ ਸਫਲੀ ਪਤਿਬਿਨ ਔਰ ਕਰੇ ਸੱਭ ਨਫਲੀ ॥ ਗੁਰੂ ਜਨ ਕੀ ਇਜ਼ਤ ਬਹੁ ਕਰਨੀ । ਸਾਸਾ ਸੇਵ ਰਿਦੁ ਮਹਿ ਸੁ ਧਰਨੀ ।
ਉਧਰ ਮਾਤਾ ਦਮੋਦਰੀ ਜੀ ਨੇ ਵੀ ਸਿੱਖ ਮਤ ਦਿੱਤੀ ਕਿ ਸੰਗਤ ਚੰਗੀ ਕਰਨੀ ਹੈ ਭੈੜੀ ਸੰਗਤ ਨਹੀਂ ਕਰਨੀ । ਇਥੋਂ ਵਾਂਗ ਅੰਮ੍ਰਿਤ ਵੇਲੇ ਉਠ ਇਸ਼ਨਾਨ ਕਰ ਗੁਰਬਾਣੀ ਗਾਉਂਦਿਆਂ ਸਾਰਾ ਕੰਮ ਕਾਰ ਕਰਨਾ ਹੈ । ਸੁਚੱਜੀ ਬਨਣਾ ਕੁਚੱਜੀ ਨਹੀਂ ਬਣਨਾ । ਬਹੁਤੀਆਂ ਗੱਲਾਂ ਨਹੀਂ ਕਰਨੀਆਂ । ਨਿਰਮਾਨ , ਨਿਵ ਚਲਣਾ ਹੈ । ਹਉਮੈ ਦਾ ਤਿਆਗ ਕਰਨਾ ਹੈ । ਪੇਕੇ ਘਰ ਨੂੰ ਕੋਈ ਉਲਾਮਾ ਨਹੀਂ ਮਿਲਣਾ ਚਾਹੀਦਾ । ਕਵੀ ਸੋਹਨ ਲਿਖਦਾ ਹੈ ਸੁਨ ਪੁਤਰੀ ਪ੍ਰਾਨ ਤੇ ਪਿਆਰੀ । ਜਿਸ ਤੇ ਬੈਸ ਕਿਤੇ ਸੁਖਕਾਰੀ ॥ ਕੁਲ ਕੀ ਬਾਤ ਚਿਤ ਮੈ ਧਰਨੀ ) ਖੋਟੀ ਸੰਗਤ ਨਹੀਂ ਸੋ ਕਰਨੀ ॥ ਪ੍ਰਭਾਤੇ ਉਠ ਕਰ ਮੰਜਨ ਕਰਯੋ ।। ਗੁਰੂ ਬਾਣੀ ਮੁਖ ਤੇ ਰਹੀਯੋ ॥ ਪੁਨਾ ਔਰ ਬਿਵਹਾਰ ਸੋ ਹੋਈ । ਭਲੇ ਸੰਭਾਲੋ ਨੀਕੋ ਸੋਈ ॥ ਮੈਂ ਢਿਗ ਉਪਾਲੰਭ ਨਹਿ ਆਵੈ ॥ ਐਸੀ ਥਾਂ ਸਰਬ ਸੁਖ ਪਾਵੈ ॥ ਬਰਾਤ ਬੀਬੀ ਵੀਰੋ ਜੀ ਦੀ ਡੋਲੀ ਲੈ ਵਾਪਸ ਪਰਤਨ ਲੱਗੀ ਤਾਂ ਭਾਈ ਸਾਧੂ ਜੀ ਨੇ ਗੁਰੂ ਜੀ ਦੇ ਚਰਨ ਪਕੜ ਲਏ । ਗੁਰੂ ਜੀ ਹੋਰਾਂ ਉੱਠਾ ਆਪਣੀ ਛਾਤੀ ਲਾ ਲਿਆ | ਅਨੰਦ ਕਾਰਜ ਤੋਂ ਗੁਰੂ ਜੀ ਕਿਹਾ ਕਿ ਇਸ ਅਸਥਾਨ ਮੇਲੇ ਲਗਣਗੇ । ਏਥੇ ੨੬ ਜੇਠ ਵਾਲੇ ਦਿਨ ਬੀਬੀ ਵੀਰੋ ਜੀ ਦੇ ਵਿਆਹ ਦੀ ਯਾਦ ਵਿਚ ਹਰ ਸਾਲ ਮਹਾਨ ਮੇਲਾ ਲੱਗਦਾ ਹੈ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ । ਬੀਬੀ ਵੀਰੋ ਜੀ ਦੀ ਕੁੱਖੋਂ ਪੰਜ ਸੂਰਬੀਰਾਂ ਜਨਮ ਲਿਆ ਜਿਹੜੇ ਪੰਜੇ ਹੀ ਆਪਣੇ ਨਾਨੇ ਜੀ ਵਾਂਗ ਸੂਰਬੀਰ ਸਨ । ਇਨ੍ਹਾਂ ਨੇ ਆਪਣੇ ਮਾਮੇ ਦੇ ਪੁੱਤਰ ਗੁਰੂ ਗੋਬਿੰਦ ਸਿੰਘ ਜੀ ਦਾ ਯੁੱਧਾਂ ਵਿਚ ਸਾਥ ਦਿੱਤਾ । ਸੰਗੋ ਸ਼ਾਹ , ਗੁਲਾਬ ਚੰਦ , ਜੀਤ ਮੱਲ , ਗੰਗਾ ਰਾਮ ਤੇ ਮੋਹਰੀ ਚੰਦ ਸੰਗੋ ਸ਼ਾਹ ਨੂੰ ਦਸ਼ਮੇਸ਼ ਪਿਤਾ ਨੇ “ ਯੁੱਧ ਦਾ ਮਹਾਨ ਸੂਰਮੇ ” ਦਾ ਖਿਤਾਬ ਬਖਸ਼ਿਆ ( ਸ਼ਾਹ ਸੰਗਰਾਮ ) ਭੰਗਾਣੀ ਦੇ ਯੁੱਧ ਵਿਚ ਗੁਰੂ ਗੋਬਿੰਦ ਸਿੰਘ ਜੀ ਬਚਿੱਤਰ ਨਾਟਕ ਵਿਚ ਇਉਂ ਲਿਖਿਆ ਹੈ : ਤਹਾਂ ਸ਼ਾਹ ਸ੍ਰੀ ਸਾਹ ਸੰਗ੍ਰਾਮ ਕੋਪੇ ਪੰਚੈ ਬੀਰ ਬੰਕੇ ਪ੍ਰਥੀ ਪਾਇ ਰੋਪੇ । ਹੱਠੀ ਜੀਤ ਮੰਝ ਸੁੰਗਾਜੀ ਸੁਲਾਬੰ ਰਣੇ ਦੇਖੀਐ ਰੰਗ ਰੂਪੇ ਸ਼ਹਾਬੰ ॥੪ || ਪੰਜਾ ਸੂਰਮਿਆਂ ਭੂਆ ਦੇ ਪੁਤ੍ਰ ਭਰਾ । ਉਥੇ ਯੁੱਧ ਵਿਚ “ ਸ਼ਾਹ ਸ੍ਰੀ ਸੰਗੋਸ਼ਾਹ ( ਸ਼ਾਹ ਸੰਗਰਾਮ ਅਰਥ ਸਰਦਾਰਾਂ ਦਾ ਸਰਦਾਰ ) ਕ੍ਰੋਧਵਾਨ ਹੋਏ । ਇਨ੍ਹਾਂ ਪੰਜਾਂ ਸੁੰਦਰ ਭਰਾਵਾਂ ਨੇ ਧਰਤੀ ਤੇ ਪੈਰ ਗੱਡ ਦਿੱਤੇ । ਜੀਤ ਮੱਤ ( ਹੱਠੀ ) ਗੁਲਾਬ ਰਾਇ ( ਗਾਜ਼ੀ ) ਸੰਗੀਆਂ ਤੇ ਲਾਲ ਚੰਦ ਨੇ ਯੁੱਧ ਦਾ ਰੰਗ ਵੇਖਦੇ ਹੀ ਲਾਲ ਰੂਪ ਕਰ ਲਿਆ । ਅਰਥ ਬੀਰ ਰਸ ਨਾਲ ਮਤੇ ਜਾਣ ਕਰਕੇ ਪੰਜਾ ਭਰਾਵਾਂ ਦੇ ਚੇਹਰੇ ਲਾਲੋ ਲਾਲ ਹੋ ਗਏ ॥ ਭਟ ਵਹੀ ਮੁਲਤਾਨੀ ਸਿੰਧੀ ਵਿਚ ਵੀ ਇਉਂ ਜ਼ਿਕਰ ਆਉਂਦਾ ਹੈ : ਸੰਗੋ ਸ਼ਾਹ , ਜੀਤ ਮਲ , ਬੇਟੇ ਸਾਧੂ ਰਾਮ ਕੇ ਪੋਤੇ ਧਰਮ ਚੰਦ ਕੇ ਗੋਤਰੇ ਖੱਤਰੀ ਸੰਬਤ ਸਤਰਾਂ ਸੌ ਪੰਜਤਾਲੀ ਅਸੁਨ ਮਾਸ ਦੀ ਅਠਾਰਾਂ ਸੀ ਮੰਗਲਵਾਰ ਕੇ ਦਿੰਹੁ ਭਗਾਣੀ ਪਰਗਣਾ ਪਾਂਵਟਾ ਕੇ ਮਲਾਨ ਤੀਜੇ ਪਹਰ ਨਜਾਬਤ ਖਾਂ ਆਦਿ ਕੋ ਮਾਰ ਸ਼ਾਮ ਆਨ ਸ਼ਹਾਦਤਾਂ ਪਾਈਆਂ । ਬੀਬੀ ਵੀਰੋ ਜੀ ਨੇ ਜੋ ਸਿਖਿਆਵਾਂ ਆਪਣੇ ਪੇਕੇ ਘਰ ਮਾਪਿਆ ਪਾਸੋਂ ਲਈਆਂ ਸਨ ਉਹ ਤੇ ਮੀਰੀ – ਪੀਰੀ ਦੇ ਮਾਲਕ ਦੇ ਜੰਗਾਂ ਯੁੱਧਾਂ ਦੀਆਂ ਕਹਾਣੀਆਂ ਆਪਣੇ ਪੁੱਤਰਾਂ ਨੂੰ ਸੁਣਾ ਸੁਣਾ ਕੇ ਉਨ੍ਹਾਂ ਨੂੰ ਸੂਰਬੀਰ ਤੇ ਨਿਰਭੈ ਬਣਾ ਦਿੱਤਾ ਸੀ । ਉਨ੍ਹਾਂ ਨੂੰ ਹਰ ਔਕੜ ਤੇ ਬਿਪਤਾ ਵੇਲੇ ਆਪਣੇ ਨਾਨੇ ( ਗੁਰੂ ਹਰਿਗੋਬਿੰਦ ਸਿੰਘ ) ਵਾਂਗ ਨਿਤ ਚੜਦੀਆਂ ਕਲਾ ਵਿੱਚ ਰਹਿਣ ਦੀ ਉਚੇਰੀ ਸਿੱਖਿਆ ਦਿੱਤੀ ਗਈ ਸੀ । ਬੀਬੀ ਵੀਰੋ ਜੀ ਨੇ ਆਪਣੇ ਲਖਤੇ ਜਿਗਰਾਂ ਨੂੰ ਉਹ ਹਰ ਸਿਖਿਆ ਦਿੱਤੀ ਜਿਹੜੀ ਕਿ ਇਕ ਸੂਰਮੇ ਨੂੰ ਮੈਦਾਨੇ ਜੰਗ ਵਿੱਚ ਲੋੜੀਂਦੀ ਹੈ । ਇਸੇ ਸਿੱਖਿਆ ਸਦਕਾ ਇਨ੍ਹਾਂ ਦੇ ਦੋ ਪੁੱਤਰਾਂ ਜੀਤ ਮੱਲ ਨੇ ਸੰਗੋ ਸ਼ਾਹ ਨੇ ਗੁਰੂ ਜੀ ਦੇ ਸਨਮੁਖ ਸ਼ਹੀਦੀ ਪਾਈ ।
ਦਾਸ ਜੋਰਾਵਰ ਸਿੰਘ ਤਰਸਿੱਕਾ।


Related Posts

Leave a Reply

Your email address will not be published. Required fields are marked *

Begin typing your search term above and press enter to search. Press ESC to cancel.

Back To Top