12 ਅਪ੍ਰੈਲ – ਗੁਰੂ ਅਰਜਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ
ਭਨਿ ਮਥੁਰਾ ਕਛੁ ਭੇਦੁ ਨਹੀ ਗੁਰੁ ਅਰਜੁਨੁ ਪਰਤਖ´ ਹਰਿ ॥੭॥
12 ਅਪ੍ਰੈਲ ਗੁਰੂ ਅਰਜਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਰਬੱਤ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਹੋਵਣ ਜੀ ।
ਗੁਰਬਾਣੀ ਅਨੁਸਾਰ ਹਰ ਜੀਵ ਲਈ ਸਭ ਤੋ ਵੱਡਾ ਦੁੱਖ ਜਨਮ ਤੇ ਮਰਨ ਦਾ ਹੁੰਦਾ ਹੈ ।
ਜਮਿ ਜਮਿ ਮਰੈ ਮਰੈ ਫਿਰਿ ਜੰਮੈ ॥ ਬਹੁਤੁ ਸਜਾਇ ਪਇਆ ਦੇਸਿ ਲੰਮੈ ॥
ਪਰ ਭੱਟ ਸਹਿਬਾਨ ਆਖਦੇ ਹਨ ਜਿਨਾ ਨੇ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਯਾਦ ਕੀਤਾ ਉਸ ਤੇ ਕੀ ਮਿਹਰ ਹੁੰਦੀ ਹੈ । ਭੱਟ ਜੀ ਆਖਦੇ ਹਨ ਉਸ ਤੇ ਜਿਉਦੇ ਜੀਅ ਤੇ ਮਰਨ ਤੋ ਬਾਅਦ ਵੀ ਕੋਈ ਸੰਕਟ ਨਹੀ ਆਉਦਾ , ਨਾ ਉਹ ਜੂਨਾਂ ਵਿੱਚ ਆਉਦਾ ਹੈ । ਉਸ ਦਾ ਜਨਮ ਮਰਨ ਮਿਟ ਜਾਦਾ ਹੈ ਉਹ ਕਿਸੇ ਗਰਭ ਵਿੱਚ ਨਹੀ ਪੈਂਦਾ ।
ਜਪਉ ਜਿਨ ਅਰਜੁਨ ਦੇਵ ਗੁਰੂ ਫਿਰਿ ਸੰਕਟ ਜੋਨਿ ਗਰਭ ਨ ਆਯਉ ॥੬॥
ਗੁਰੂ ਅਰਜਨ ਸਾਹਿਬ ਜੀ ਦਾ ਪ੍ਰਕਾਸ਼ ਗੋਇੰਦਵਾਲ ਸਾਹਿਬ ਦੀ ਪਵਿੱਤਰ ਧਰਤੀ ਤੇ ਗੁਰੂ ਰਾਮਦਾਸ ਸਾਹਿਬ ਜੀ ਦੇ ਘਰ ਮਾਤਾ ਭਾਨੀ ਜੀ ਦੀ ਪਵਿੱਤਰ ਕੁੱਖ ਤੋ ਹੋਇਆ। ਤੁਸੀ ਜਦੋ ਵੀ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਦਰਸ਼ਨ ਕਰਨ ਜਾਵੋ ਬਾਉਲੀ ਸਾਹਿਬ ਗੁਰਦੁਆਰਾ ਸਾਹਿਬ ਤੋ ਥੋੜੀ ਦੂਰੀ ਤੇ ਪਿੰਡ ਵਿੱਚ ਗੁਰੂ ਅਮਰਦਾਸ ਸਾਹਿਬ ਜੀ ਦਾ ਘਰ ਚੁਬਾਰਾ ਸਾਹਿਬ ਦੇ ਦਰਸ਼ਨ ਜਰੂਰ ਕਰਕੇ ਆਇਉ । ਜਦੋ ਤੁਸੀ ਚੁਬਾਰਾ ਸਾਹਿਬ ਦੇ ਅੰਦਰ ਜਾਉਗੇ ਖੱਬੇ ਹੱਥ ਪਹਿਲਾ ਅਸਥਾਨ ਗੁਰੂ ਅਰਜਨ ਸਾਹਿਬ ਜੀ ਦੇ ਮਾਮਾ ਜੀ ਬਾਬਾ ਮੋਹਨ ਜੀ ਦਾ ਹੈ । ਸਾਹਮਣੇ ਘਰ ਦੀ ਖੂਹੀ ਹੈ ਜਿਸ ਤੋ ਗੁਰੂ ਸਾਹਿਬ ਵੇਲੇ ਜਲ ਕੱਢਿਆ ਜਾਦਾ ਸੀ । ਸੱਜੇ ਹੱਥ ਉਹ ਪਵਿੱਤਰ ਅਸਥਾਨ ਹੈ ਜਿਸ ਵਿੱਚ ਗੁਰੂ ਅਰਜਨ ਸਾਹਿਬ ਜੀ ਨੇ ਪ੍ਰਕਾਸ਼ ਧਾਰਿਆ ਸੀ ਨਾਲ ਹੀ ਉਹ ਕਮਰਾ ਹੈ ਜਿਸ ਵਿੱਚ ਗੁਰੂ ਅਮਰਦਾਸ ਸਾਹਿਬ ਜੀ ਨੇ ਤਈਆ ਤਾਪ ਕੈਦ ਕੀਤਾ ਸੀ । ਨਾਲ ਦੇ ਕਮਰੇ ਵਿੱਚ ਗੁਰੂ ਅਮਰਦਾਸ ਸਾਹਿਬ ਜੀ ਦੇ ਪਵਿੱਤਰ ਕੇਸ ਤੇ ਚੋਲਾ ਸਾਹਿਬ ਦੇ ਨਾਲ ਹੀ ਉਹ ਰੱਥ ਹੈ ਜਿਸ ਵਿੱਚ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਮਾਮਾ ਮੋਹਨ ਜੀ ਪਾਸੋ ਪਹਿਲੇ ਤਿੰਨ ਗੁਰੂ ਸਹਿਬਾਨ ਦੀਆਂ ਗੁਰਬਾਣੀ ਵਾਲੀਆਂ ਪੋਥੀਆਂ ਅੰਮ੍ਰਿਤਸਰ ਸਾਹਿਬ ਖੜੀਆ ਸਨ । ਖੱਬੇ ਹੱਥ ਮਾਤਾ ਭਾਨੀ ਜੀ ਦਾ ਚੁੱਲਾ ਤੇ ਗੁਰੂ ਜੀ ਦੇ ਵੇਲੇ ਦਾ ਥੰਮ ਹੈ । ਨਾਲ ਹੀ ਸੱਜੇ ਹੱਥ ਉਹ ਅਸਥਾਨ ਹੈ ਜਿਥੇ ਗੁਰੂ ਅਮਰਦਾਸ ਸਾਹਿਬ ਜੀ ਨੇ ਬਾਈ ਮੰਜੀਆਂ ਥਾਪੀਆਂ ਸਨ ( 22 ਮੰਜੀਆਂ ਦੀ ਪੋਸਟ ਕੁਝ ਦਿਨ ਪਹਿਲਾ ਪਾ ਚੁਕੇ ਹਾ ) ਸਾਹਮਣੇ ਉਹ ਕਿੱਲੀ ਹੈ ਜਿਸ ਨੂੰ ਫੜ ਕੇ ਬਿਰਧ ਉਮਰ ਵਿੱਚ ਗੁਰੂ ਅਮਰਦਾਸ ਸਾਹਿਬ ਜੀ ਅਕਾਲ ਪੁਰਖ ਦਾ ਧਿਆਨ ਕਰਦੇ ਸਨ । ਨਾਲ ਹੀ ਗੁਰੂ ਅਮਰਦਾਸ ਸਾਹਿਬ ਜੀ ਦਾ ਉਹ ਅਸਥਾਨ ਹੈ ਜਿਥੇ ਬੀਬੀ ਭਾਨੀ ਜੀ ਨੇ ਗੁਰੂ ਪਿਤਾ ਅਮਰਦਾਸ ਸਾਹਿਬ ਜੀ ਦਾ ਇਸ਼ਨਾਨ ਕਰਵਾਇਆ ਸੀ ਤੇ ਘਰ ਦੀ ਘਰ ਵਿੱਚ ਗੁਰਗੱਦੀ ਦਾ ਵਰ ਪ੍ਰਾਪਤ ਕੀਤਾ ਸੀ । ਇਸ ਤੋ ਥੋੜੀ ਦੂਰੀ ਤੇ ਬਾਹਰ ਵਾਰ ਭਾਈ ਗੁਰਦਾਸ ਜੀ ਦਾ ਉਹ ਅਸਥਾਨ ਹੈ ਜਿਥੇ ਉਹਨਾ ਦਾ ਅੰਤਿਮ ਸੰਸਕਾਰ ਕੀਤਾ ਸੀ ਨਾਲ ਹੀ ਗੁਰੂ ਰਾਮਦਾਸ ਮਹਾਰਾਜ ਦਾ ਖੂਹ ਹੈ । ਆਉ ਗੁਰੂ ਅਰਜਨ ਸਾਹਿਬ ਜੀ ਦੀ ਇਕ ਛੋਟੀ ਜਹੀ ਸਾਖੀ ਦੀ ਸਾਂਝ ਪਾਈਏ ਗੁਰੂ ਅਮਰਦਾਸ ਸਾਹਿਬ ਜੀ ਆਪਣੇ ਘਰ ਚੁਬਾਰਾ ਸਾਹਿਬ ਵਾਲੇ ਅਸਥਾਨ ਤੇ ਪ੍ਰਸਾਦਾ ਛੱਕ ਰਹੇ ਸਨ ਬੀਬੀ ਭਾਨੀ ਜੀ ਬੜੇ ਪਿਆਰ ਵਿੱਚ ਗਰਮ – ਗਰਮ ਪ੍ਰਸਾਦਾ ਗੁਰੂ ਜੀ ਨੂੰ ਛਕਾ ਰਹੇ ਸਨ । ਏਨੇ ਚਿਰ ਵਿੱਚ ਅਰਜਨ ਦੇਵ ਮਹਾਰਾਜ ਰਿੜਦੇ ਹੋਏ ਗੁਰੂ ਅਮਰਦਾਸ ਸਾਹਿਬ ਜੀ ਦੇ ਪਲੰਘ ਕੋਲ ਗਏ ਤੇ ਜੋਰ ਨਾਲ ਪਲੰਘ ਫੜ ਕੇ ਖੜੇ ਹੋਣ ਲਗੇ । ਜਦੋ ਪਲੰਘ ਹਿਲਿਆ ਤਾ ਗੁਰੂ ਅਮਰਦਾਸ ਮਹਾਰਾਜ ਨੇ ਸੁਭਾਵਿਕ ਹੀ ਆਖ ਦਿੱਤਾ ਇਹ ਕੌਣ ਮਹਾਨ ਪੁਰਖ ਹੈ ਜਿਸ ਨੇ ਸਾਡਾ ਪਲੰਘ ਹਿਲਾ ਦਿੱਤਾ ਹੈ । ਨਜਦੀਕ ਹੀ ਬੀਬੀ ਭਾਨੀ ਜੀ ਪ੍ਰਸਾਦਾ ਤਿਆਰ ਕਰ ਰਹੇ ਸਨ ਉਹ ਭੱਜ ਕੇ ਗਏ ਤੇ ਅਰਜਨ ਦੇਵ ਸਾਹਿਬ ਜੀ ਨੂੰ ਚੁੱਕ ਕੇ ਗੁਰੂ ਅਮਰਦਾਸ ਸਾਹਿਬ ਨੂੰ ਆਖਿਆ ਪਿਤਾ ਜੀ ਇਹ ਆਪ ਜੀ ਦਾ ਦੋਹਤਾ ਹੈ । ਗੁਰੂ ਜੀ ਖੁਸ਼ੀ ਦੇ ਘਰ ਵਿੱਚ ਆ ਕੇ ਆਖਣ ਲਗੇ ਦੋਹਿਤਾ ਬਾਣੀ ਕਾ ਬੋਹਿਥਾ , ਗੁਰੂ ਅਮਰਦਾਸ ਸਾਹਿਬ ਜੀ ਨੇ ਪਿਆਰ ਨਾਲ ਅਰਜਨ ਦੇਵ ਸਾਹਿਬ ਜੀ ਨੂੰ ਚੁਕਿਆ ਤੇ ਬਖਸ਼ਿਸ਼ ਕਰਨ ਲੱਗੇ । ਇਹ ਪਲੰਘ ਤੇ ਚੜਨ ਲਈ ਤੁਸੀ ਅਜੇ ਛੋਟੇ ਹੋ ਸਮਾਂ ਆਵੇਗਾ ਜਦੋ ਤੁਸੀ ਇਸ ਦੇ ਮਾਲਿਕ ਬਣੋਗੇ ।
ਗੁਰ ਅਰਜੁਨ ਸਿਰਿ ਛਤ੍ਰੁ ਆਪਿ ਪਰਮੇਸਰਿ ਦੀਅਉ ॥ ਪੰਨਾ ੧੪੦੯
ਗੁਰੂ ਅਰਜਨ ਸਾਹਿਬ ਜੀ ਨੇ ਆਪਣੇ ਨਾਨਾ ਗੁਰੂ ਅਮਰਦਾਸ ਸਾਹਿਬ ਜੀ ਦਾ ਪਿਆਰ ਲਿਆ ਪਿਤਾ ਗੁਰੂ ਰਾਮਦਾਸ ਸਾਹਿਬ ਜੀ ਦੀ ਸੰਗਤ ਕੀਤੀ ਫੇਰ ਆਪ ਗੁਰੂ ਬਣੇ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾਂ ਕੀਤੀ । ਬਹੁਤ ਧਾਰਮਿਕ ਅਸਥਾਨ ਤੇ ਸਰੋਵਰ ਬਣਵਾਏ ਅਖੀਰ ਆਪ ਜੀ ਨੇ ਐਸੀ ਸ਼ਹਾਦਤ ਦਿੱਤੀ ਜਿਸ ਤੋ ਪ੍ਰੇਰਨਾਂ ਲੈ ਕੇ ਅਣਗਿਣਤ ਸਿੱਖ ਸਹਾਦਤਾਂ ਦੇ ਗਏ ਤੇ ਦਿੰਦੇ ਰਹਿਣਗੇ । ਐਸੇ ਦੀਨ ਦੁਨੀ ਦੇ ਮਾਲਿਕ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਰਬੱਤ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਹੋਵਣ ਜੀ ।
ਜੋਰਾਵਰ ਸਿੰਘ ਤਰਸਿੱਕਾ ।