ਸਾਖੀ ਭਾਈ ਕੱਟੂ ਜੀ

ਮੀਰੀ ਪੀਰੀ ਦੇ ਮਾਲਕ ਸਤਿਗੁਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਕਸ਼ਮੀਰ ਗਏ ਹੋਏ ਸਨ। ਕਸ਼ਮੀਰ ਵਿੱਚ ਬਹੁਤ ਸਾਰੇ ਮੁਸਲਿਮ ਗੁਰੂ ਘਰ ਵਿੱਚ ਸ਼ਰਧਾ ਰੱਖਦੇ ਸਨ ਅਤੇ ਸਿੱਖ ਬਣੇ ਹੋਏ ਸਨ। ਭਾਈ ਕੱਟੂ ਜੀ ਵੀ ਓਹਨਾ ਵਿੱਚੋਂ ਇੱਕ ਸਨ। ਭਾਈ ਕੱਟੂ ਜੀ ਬਹੁਤ ਗਰੀਬ ਸਨ। ਓਹਨਾ ਦੇ ਕਪੜੇ ਵੀ ਬੜੇ ਸਾਢੇ ਜਹੇ ਹੁੰਦੇ ਸਨ ਅਤੇ ਓਹਨਾ ਨੂੰ ਦਮੇ ਦੀ ਬਿਮਾਰੀ ਵੀ ਸੀ ਜਿਸ ਕਰਕੇ ਓਹਨਾ ਦੇ ਮੂੰਹ ਵਿੱਚੋਂ ਬਲਗਮ ਵੀ ਡਿੱਗਿਆ ਕਰਦੀ ਸੀ। ਸਤਿਗੁਰੂ ਜੀ ਦੇ ਕਸ਼ਮੀਰ ਆਉਣ ਦੀ ਖ਼ਬਰ ਸੁਣ ਕੇ ਬਹੁਤ ਸਾਰੇ ਸਿੱਖ ਗੁਰੂ ਜੀ ਦੇ ਦਰਸ਼ਨ ਕਰਨ ਲਈ ਜਾ ਰਹੇ ਸਨ। ਭਾਈ ਕੱਟੂ ਜੀ ਦਾ ਵੀ ਦਿਲ ਕੀਤਾ ਕਿ ਉਹ ਵੀ ਗੁਰੂ ਜੀ ਦੇ ਦਰਸ਼ਨ ਕਰ ਲੈਣ ਫਿਰ ਕਿਤੇ ਮੌਕਾ ਮਿਲੇ ਜਾਂ ਨਾ ਮਿਲੇ।
ਕੁਝ ਸਿੱਖਾਂ ਦਾ ਜਥਾ ਗੁਰੂ ਸਾਹਿਬ ਨੂੰ ਮਿਲਣ ਲਈ ਜਾ ਰਿਹਾ ਸੀ ਤਾਂ ਭਾਈ ਕੱਟੂ ਜੀ ਵੀ ਇਸ ਜਥੇ ਵਿਚ ਸ਼ਾਮਿਲ ਹੋ ਗਏ। ਜਥੇ ਦੇ ਸਭ ਤੋਂ ਮੂਹਰਲੇ ਸਿੱਖਾਂ ਨੇ ਹੱਥ ਵਿੱਚ ਇੱਕ ਘੜਾ ਫੜਿਆ ਹੋਇਆ ਸੀ ਜਿਸ ਵਿੱਚੋਂ ਸ਼ਹਿਦ ਦੀ ਬਹੁਤ ਖੁਸ਼ਬੂ ਆ ਰਹੀ ਸੀ। ਕਸ਼ਮੀਰ ਵਿੱਚ ਇੱਕ ਜਗ੍ਹਾ ਹੈ “ਕੇਸਰ ਕਿਆਰੀ” ਜਿਥੋਂ ਦਾ ਸ਼ਹਿਦ ਬਹੁਤ ਹੀ ਸ਼ੁੱਧ ਹੁੰਦਾ ਹੈ। ਸਿੱਖ ਓਸ ਜਗ੍ਹਾ ਤੋਂ ਬਹੁਤ ਹੀ ਸ਼ੁੱਧਤਾ ਅਤੇ ਸਫਾਈ ਨਾਲ ਸ਼ਹਿਦ ਉਤਾਰ ਕੇ ਗੁਰੂ ਸਾਹਿਬ ਜੀ ਲਈ ਲੈ ਕੇ ਜਾ ਰਹੇ ਸਨ। ਭਾਈ ਕੱਟੂ ਜੀ ਨੂੰ ਦਮੇ ਦਾ ਰੋਗ ਹੋਣ ਕਰਕੇ ਭਾਈ ਸਾਹਿਬ ਜੀ ਨੇ ਸਿੱਖਾਂ ਨੂੰ ਬੇਨਤੀ ਕੀਤੀ ਕਿ ਨੇ ਤੁਸੀਂ ਮੈਂ ਚੁਟਕੀ ਕੁ ਸ਼ਹਿਦ ਦੇ ਦੇਵੋ ਤਾਂ ਮੇਰਾ ਸਾਹ ਸੌਖਾ ਹੋ ਜਾਵੇ। ਸਿੱਖਾਂ ਨੇ ਇਹ ਕਹਿ ਕੇ ਸ਼ਹਿਦ ਦੇਣ ਤੋਂ ਇੰਨਕਾਰ ਕਰ ਦਿੱਤਾ ਕਿ ਇਹ ਸ਼ਹਿਦ ਗੁਰੂ ਜੀ ਵਾਸਤੇ ਹੈ। ਭਾਈ ਕੱਟੂ ਜੀ ਨੇ ਕਿਤੋਂ ਪਾਣੀ ਦਾ ਘੁੱਟ ਭਰ ਕੇ ਸਮਾਂ ਕੱਢਿਆ। ਥੋੜੀ ਦੇਰ ਬਾਅਦ ਫੇਰ ਭਾਈ ਸਾਬ ਦਾ ਸਾਹ ਟੁੱਟਾ ਤਾਂ ਭਾਈ ਸਾਬ ਨੇ ਫੇਰ ਸਿੱਖਾਂ ਨੂੰ ਬੇਨਤੀ ਕੀਤੀ ਕਿ ਮੈਨੂੰ ਗੁਰੂ ਜੀ ਦੇ ਦਰਸ਼ਨਾ ਦੀ ਤਾਂਘ ਹੈ ਮੈਨੂੰ ਸ਼ਹਿਦ ਦਾ ਕੋਈ ਲਾਲਚ ਨਹੀਂ ਹੈ ਕਿਰਪਾ ਕਰਕੇ ਮੈਨੂੰ ਥੋੜਾ ਜਿਹਾ ਸ਼ਹਿਦ ਦੇ ਦੇਵੋ ਤਾਂ ਕਿ ਮੈਂ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਪਹੁੰਚ ਸਕਾਂ ਤਾਂ ਸਿੱਖਾਂ ਨੇ ਫੇਰ ਗੁੱਸੇ ਵਿੱਚ ਆਣ ਕੇ ਭਾਈ ਸਾਬ ਨੂੰ ਮਨਾ ਕਰ ਦਿੱਤਾ। ਕੁਝ ਸਮੇਂ ਬਾਅਦ ਜਿਆਦਾ ਹੀ ਪ੍ਰੇਸ਼ਾਨੀ ਹੋਣ ਤੇ ਭਾਈ ਸਾਬ ਨੇ ਸ਼ਹਿਦ ਲਈ ਫੇਰ ਤਰਲਾ ਕੀਤਾ ਤਾਂ ਸਿੱਖਾਂ ਨੇ ਅੱਗੋਂ ਗੁੱਸੇ ਵਿੱਚ ਬੁਰਾ ਭਲਾ ਬੋਲ ਦਿੱਤਾ। ਪ੍ਰੇਸ਼ਾਨੀ ਨਾ ਸਹਿਣ ਕਰਦੇ ਹੋਏ ਭਾਈ ਕੱਟੂ ਜੀ ਓਥੇ ਹੀ ਕਿਸੇ ਪੱਥਰ ਨਾਲ ਢੋਹ ਲਗਾ ਕੇ ਬੈਠ ਗਏ ਅਤੇ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਨਹੀਂ ਜਾ ਸਕੇ।
ਜਦੋਂ ਸਿੱਖ ਗੁਰੂ ਸਾਹਿਬ ਜੀ ਕੋਲ ਪਹੁੰਚੇ ਤਾਂ ਓਹਨਾ ਨੇ ਗੁਰੂ ਜੀ ਦੇ ਅੱਗੇ ਸ਼ਹਿਦ ਭੇਟਾ ਦੇ ਰੂਪ ਵਿੱਚ ਰੱਖਿਆ ਪਰ ਗੁਰੂ ਜੀ ਨੇ ਓਹਨਾ ਦੇ ਸ਼ਹਿਦ ਵੱਲ ਧਿਆਨ ਨਾ ਦਿੱਤਾ। ਸਿੱਖਾਂ ਨੇ ਫੇਰ ਬੇਨਤੀ ਕੀਤੀ ਕਿ ਗੁਰੂ ਜੀ ਆਪ ਜੀ ਲਈ ਸ਼ਹਿਦ ਲੈ ਕੇ ਆਏ ਹਨ ਤਾਂ ਗੁਰੂ ਜੀ ਨੇ ਕਿਹਾ ਕੇ ਇਹ ਸ਼ਹਿਦ ਮੇਰੇ ਛਕਣ ਯੋਗ ਨਹੀਂ ਹੈ। ਸਿੱਖਾਂ ਨੇ ਬੇਨਤੀ ਕੀਤੀ ਕਿ ਗੁਰੂ ਜੀ ਇਹ ਸ਼ਹਿਦ ਬਹੁਤ ਸ਼ੁੱਧਤਾ ਨਾਲ ਆਪ ਜੀ ਲਈ ਲਿਆਂਦਾ ਹੈ ਫੇਰ ਇਹ ਆਪ ਜੀ ਦੇ ਯੋਗ ਕਿਉਂ ਨਹੀਂ ਹੈ। ਗੁਰੂ ਸਾਹਿਬ ਜੀ ਨੇ ਸਿੱਖਾਂ ਨੂੰ ਕਿਹਾ ਕੇ ਇਸ ਘੜ੍ਹੇ ਤੋਂ ਕੱਪੜਾ ਉਤਰਿਆ ਜਾਵੇ। ਜਦ ਸ਼ਹਿਦ ਤੋਂ ਕੱਪੜਾ ਉਤਾਰਿਆ ਗਿਆ ਤਾਂ ਉਸ ਸ਼ਹਿਦ ਵਿੱਚ ਕੀੜੇ ਪਏ ਹੋਏ ਸਨ। (ਨੋਟ:- ਕੁਝ ਵੀਰ ਇਹ ਵੀ ਕਹਿੰਦੇ ਹਨ ਕਿ ਕੀੜੇ ਨਹੀਂ ਪਏ ਸਨ ਕਿਉਂਕਿ ਸ਼ਹਿਦ ਨੂੰ ਕਦੇ ਕੀੜੇ ਨਹੀਂ ਪੈਂਦੇ ਅਤੇ ਗੁਰੂ ਸਾਹਿਬ ਕੋਈ ਕਰਾਮਾਤ ਨਹੀਂ ਦਿਖਾਉਂਦੇ। ਸੋ ਏਥੇ ਮੈਂ ਕਹਿਣਾ ਚਾਹੁੰਦਾ ਹਾਂ ਕਿ ਵੀਰੋ ਸਾਨੂੰ ਏਨਾਂ ਚੱਕਰਾਂ ਵਿੱਚ ਨਹੀਂ ਪੈਣਾ ਚਾਹੀਦਾ ਕਿ ਕੀੜੇ ਪਏ ਸਨ ਕਿ ਨਹੀਂ। ਜਿਹੜੀ ਵਸਤੂ ਸਿੱਖਾਂ ਦੇ ਕੰਮ ਨਾ ਆਵੇ ਓਸ ਵਿੱਚ ਕੀੜੇ ਹੀ ਪਏ ਹੁੰਦੇ ਹਨ ਫੇਰ ਭਾਂਵੇ ਓਹ ਕੀੜੇ ਸਾਨੂੰ ਦਿਸਣ ਜਾਂ ਨਾ ਦਿਸਣ)। ਸੋ ਸਿੱਖਾਂ ਨੇ ਗੁਰੂ ਜੀ ਪਾਸੋਂ ਸ਼ਹਿਦ ਦੇ ਖਾਣ ਯੋਗ ਨਾ ਹੋਣ ਦਾ ਕਾਰਨ ਪੁੱਛਿਆ ਤਾਂ ਗੁਰੂ ਸਾਹਿਬ ਨੇ ਕਿਹਾ ਕਿ ਜਿਸ ਵਖਤ ਅਸੀਂ ਤੁਹਾਡੇ ਕੋਲੋਂ ਸ਼ਹਿਦ ਮੰਗਿਆ ਸੀ ਉਸ ਵਖਤ ਤੁਸੀਂ ਸਾਨੂੰ ਸ਼ਹਿਦ ਨਹੀਂ ਦਿੱਤਾ। ਸੰਗਤ ਨੇ ਬੇਨਤੀ ਕੀਤੀ ਕਿ ਮਹਾਰਾਜ ਤੁਸੀ ਸਾਡੇ ਕੋਲੋਂ ਕਦੋਂ ਸ਼ਹਿਦ ਮੰਗਿਆ ਸੀ ਤਾਂ ਗੁਰੂ ਸਾਹਿਬ ਜੀ ਨੇ ਕਿਹਾ ਕਿ ਭਾਈ ਕੱਟੂ ਜੀ ਨੇ ਸ਼ਹਿਦ ਮੰਗਿਆ ਸੀ ਉਸ ਵਖਤ ਓਹ ਬੜੀ ਪ੍ਰੇਸ਼ਾਨੀ ਵਿੱਚ ਸੀ ਪਰ ਤੁਸੀਂ ਸ਼ਹਿਦ ਦੇਣ ਤੋਂ ਮਨਾਂ ਕਰ ਦਿੱਤਾ ਸੀ। ਤੁਸੀਂ ਇਹ ਜਾਣੋ ਕਿ ਉਹ ਸ਼ਹਿਦ ਅਸੀਂ ਹੀ ਮੰਗਿਆ ਸੀ ਪਰ ਤੁਸੀ ਦਿੱਤਾ ਨਹੀਂ ਇਸ ਲਈ ਹੁਣ ਅਸੀਂ ਇਹ ਸ਼ਹਿਦ ਨਹੀਂ ਛਕ ਸਕਦੇ। ਸਿੱਖਾਂ ਨੂੰ ਗੁਰੂ ਸਾਹਿਬ ਦੀ ਗੱਲ ਸਮਝ ਆਈ ਅਤੇ ਓਹ ਗੁਰੂ ਸਾਹਿਬ ਦੇ ਚਰਨਾਂ ਵਿਚ ਢਹਿ ਪਏ। ਗੁਰੂ ਜੀ ਨੇ ਸਿੱਖਾਂ ਨੂੰ ਸਮਝਾਇਆ ਕਿ ਸਿੱਖਾਂ ਅੰਦਰ ਹੀ ਗੁਰੂ ਵਰਤਦਾ ਹੈ। (ਗੁਰਸਿੱਖਾ ਅੰਦਰਿ ਸਤਿਗੁਰੁ ਵਰਤੈ ਚੁਣਿ ਕਢੇ ਲਧੋਵਾਰੇ) ਗੁਰੂ ਆਪਣੇ ਨਾਲੋਂ ਜਿਆਦਾ ਪਿਆਰ ਆਪਣੇ ਸਿੱਖਾਂ ਨੂੰ ਕਰਦਾ ਹੈ। ਸੋ ਹਰ ਸਿੱਖ ਦੂਸਰੇ ਸਿੱਖਾਂ ਦੀ ਸੇਵਾ ਵਿੱਚ ਗੁਰੂ ਦੀ ਸੇਵਾ ਸਮਝੇ।
ਰਣਜੀਤ ਸਿੰਘ ਮੋਹਲੇਕੇ


Related Posts

Leave a Reply

Your email address will not be published. Required fields are marked *

Begin typing your search term above and press enter to search. Press ESC to cancel.

Back To Top