ਸਿਰੋਪਾਓ ਦਾ ਇਤਿਹਾਸ – ਜਰੂਰ ਪੜ੍ਹੋ ਅਤੇ ਸ਼ੇਅਰ ਕਰੋ ਵਾਹਿਗੁਰੂ ਜੀ

ਸਿਰਪਾਓ ਇਤਿਹਾਸ ਬਾਰੇ ਸ਼ਬਦ ਕੋਸ਼ ਜਾਂ ਮਹਾਨ ਕੋਸ਼ ਪੜੀਏ ਤਾਂ ਪਤਾ ਲਗਦਾ ਹੈ ਕਿ ਸਿਰੋਪਾਉ ਫਾਰਸੀ ਦੇ ਸ਼ਬਦ ਸਰੋਪਾ ਤੋਂ ਸ਼ੁਰੂ ਹੋਇਆ ਹੈ ਅਤੇ ਗੁਰਬਾਣੀ ਵਿਖੇ ਇਸ ਨੂੰ ਸਿਰਪਾਓ ਕਿਹਾ ਗਿਆ ਹੈ।ਫਾਰਸੀ ਵਿੱਚ ਇਸ ਦਾ ਮਤਲਬ ਹੈ ਸਿਰ ਤੋਂ ਪੈਂਰਾ ਤਕ ਪਹਿਨਣ ਵਾਲੀ ਉਹ ਪੋਸ਼ਾਕ ਜੋ ਬਾਦਸ਼ਾਹ ਵਲੋਂ ਕਿਸੇ ਨੂੰ ਸਨਮਾਨਤ ਕਰਨ ਲਈ ਭਾਵ ਇੱਜਤ ਵਜੋਂ ਦਿੱਤੀ ਗਈ ਖਿਲਤ ਹੋਵੇ।ਸਿੱਖ ਧਰਮ ਵਿੱਚ ਸਿਰੋਪਾਉ ਦੀ ਅਹਿਮ ਮਹੱਤਤਾ ਹੈ । ਸਿੱਖ ਰਹਿਤ ਮਰਿਆਦਾ ਅਨੁਸਾਰ ਗੁਰੂ ਦੀ ਬਖਸ਼ਿਸ਼ ਦਾ ਪ੍ਰਤੀਕ ਸਿਰਪਾਉ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਹੀ ਦਿੱਤਾ ਜਾਂਦਾ ਹੈ ਪਰ ਇਸਦੇ ਉਲਟ ਅੱਜ ਕਲ੍ਹ ਹੋਟਲ , ਮੈਰਿਜ ਪੈਲੇਸ ਤੇ ਹੁਣ ਗਲੀ ਮੁਹੱਲੇ ਵਿੱਚ ਹੋਣ ਵਾਲੇ ਸਮਾਗਮਾਂ ਵਿੱਚ ਵੀ ਲੋਕਾਂ ਨੂੰ ਸਿਰੋਪਾ ਦੇ ਦਿੱਤਾ ਜਾਂਦਾ ਹੈ । ਇਸ ਸ਼ਬਦ ਦੀ ਵਰਤੋਂ ਗੁਰੂ ਸਾਹਿਬਾਨ ਦੇ ਕੁਝ ਸ਼ਬਦਾਂ ਵਿਚੋਂ ਲੱਭੀ ਜਾ ਸਕਦੀ ਹੈ ਉਥੇ ਅਸਲ ਸ਼ਬਦ ਕਪੜਾ , ਪਟੋਲਾ ਅਤੇ ਸਿਰਪਾਉ ਵਰਤੇ ਗਏ ਹਨ ਅਤੇ ਇਹ ਸਤਿਕਾਰ ਅਤੇ ਸਤਿਕਾਰ ਦੀ ਰੱਖਿਆ ਦੇ ਪ੍ਰਤੀਕ ਹਨ । ਉਦਾਹਰਨ ਦੇ ਤੌਰ ਤੇ ਗੁਰੂ ਨਾਨਕ ਦੇਵ ਜੀ ਫੁਰਮਾਉਂਦੇ ਹਨ “ ਸਚੀ ਸਿਫਤ ਸਲਾਹ ਕਪੜਾ ਪਾਇਆ ” ( ਗੁ ਗ੍ਰੰਥ ਸਾਹਿਬ. 150 ) । ਇਸੇ ਸੰਬੰਧ ਵਿਚ ਗੁਰੂ ਅਰਜਨ ਦੇਵ ਜੀ ਕਹਿੰਦੇ ਹਨ , “ ਪ੍ਰੇਮ ਪਟੋਲਾ ਤੈ ਸਹਿ ਦਿਤਾ ਢਕਣ ਕੂ ਪਤਿ ਮੇਰੀ ” ( ਗੁ.ਗ੍ਰੰ .520 ) । ਇਸੇ ਤਰ੍ਹਾਂ ਇਕ ਹੋਰ ਸ਼ਬਦ ਵਿਚ ਕਿਹਾ ਗਿਆ ਹੈ , “ ਸੁਣੀ ਪੁਕਾਰ ਸਮਰਥ ਸੁਆਮੀ ਬੰਧਨ ਕਾਟਿ ਸਵਾਰੇ ॥ ਪਹਿਰਿ ਸਿਰਪਾਉ ਸੇਵਕ ਜਨ ਮੇਲੇ ਨਾਨਕ ਪ੍ਰਗਟ ਪਹਾਰੇ ॥ ” ( ਗੁ.ਗ੍ਰੰ .31 ) । ਇਕ ਹੋਰ ਜਗ੍ਹਾ ਆਪ ਜੀ ਦਸਦੇ ਹਨ , “ ਭਗਤ ਜਨਾ ਕਾਗਰਾ ਓਢਿ ਨਗਨ ਨਾ ਹੋਈ । ਸਾਕਤ ਸਿਰਪਾਉ ਰੇਸਮੀ ਪਹਿਰਤ ਪਤਿ ਖੋਈ ” ( ਗੁ.ਗ੍ਰੰ .811 ) । ਸਿਰੋਪਾ ਕਿਸੇ ਸੰਤ ਦੁਆਰਾ ਆਪਣੇ ਪਿੱਛੋਂ ਕਿਸੇ ਸੰਸਥਾ ਜਾਂ ਗੱਦੀ ਦੀ ਜ਼ਿਮੇਵਾਰੀ ਸੰਭਾਲਣ ਲਈ ਪੱਗ ਬਨਾਉਣ ਨਾਲੋਂ ਵੱਖਰੀ ਵਸਤੂ ਹੈ । ਸਿੱਖਾਂ ਵਿਚ ਸਿਰੋਪਾ ਸਤਿਕਾਰ ਅਤੇ ਕਿਰਪਾ ਦਾ ਪ੍ਰਤੀਕ ਹੈ । ਇਸ ਪਰੰਪਰਾ ਨੂੰ ਗੁਰੂ ਅੰਗਦ ਦੇਵ ਜੀ ਤਕ ਲੱਭਿਆ ਜਾ ਸਕਦਾ ਹੈ ਜੋ ਹਰ ਸਾਲ ( ਗੁਰੂ ) ਅਮਰ ਦਾਸ ਜੀ ਨੂੰ ਸਿਰ ਢੱਕਣ ਵਾਲੀ ਇਕ ਛੋਟੀ ਦਸਤਾਰ ਦਿਆ ਕਰਦੇ ਸਨ । ( ਗੁਰੂ ) ਅਮਰ ਦਾਸ ਜੀ ਇਹਨਾਂ ਦਸਤਾਰਾਂ ਜਾਂ ਸਿਰਪਾਓ ਨੂੰ ਪਵਿੱਤਰ ਤੋਹਫਿਆਂ ਦੇ ਤੌਰ ਤੇ ਸ਼ਰਧਾ ਪਿਆਰ ਅਤੇ ਸਤਿਕਾਰ ਨਾਲ ਸੰਭਾਲ ਕੇ ਰੱਖਦੇ ਸਨ ਅਤੇ ਇਹਨਾਂ ਸਾਰਿਆਂ ਨੂੰ ਆਪਣੇ ਸਿਰ ‘ ਤੇ ਇਕ ਦੂਜੇ ਦੇ ਉੱਤੇ ਬੰਨੀ ਜਾਇਆ ਕਰਦੇ ਸਨ ।ਗੁਰੂ ਹਰਿਗੋਬਿੰਦ ਸਾਹਿਬ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਵੀ ਆਪਣੇ ਸੂਰਮਿਆ ਨੂੰ ਸਿਰਪਾਓ ਦੇ ਕੇ ਨਿਵਾਜਦੇ ਸਨ । ਜਿਵੇ ਪੀਰ ਬੁੱਧੂ ਸ਼ਾਹ ਜੀ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਸਿਰਪਾਓ , ਕੇਸਾਂ ਸਹਿਤ ਕੰਘਾਂ ਤੇ ਛੋਟੀ ਦਸਤਾਰ ਦੇ ਕੇ ਨਿਵਾਜਿਆ ਸੀ । ਅੱਜ – ਕੱਲ੍ਹ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਸੰਗਤ ਰਾਹੀਂ ਸਿਰੋਪਾ ਤੋਹਫੇ ਦੇ ਤੌਰ ਤੇ ਉਸ ਵਿਅਕਤੀ ਨੂੰ ਦਿੱਤਾ ਜਾਂਦਾ ਹੈ ਜੋ ਆਪਣੀ ਸ਼ਰਧਾ ਅਤੇ ਦ੍ਰਿੜਤਾ ਕਰਕੇ ਇਸ ਸਤਿਕਾਰ ਦਾ ਹੱਕਦਾਰ ਬਣਦਾ ਹੈ । ਪੱਕੇ ਤੌਰ ਤੇ ਇਹ ਲੰਮਾ ਕਪੜਾ ਦੋ ਜਾਂ ਢਾਈ ਮੀਟਰ ਦੀ ਲੰਬਾਈ ਦਾ ਹੁੰਦਾ ਹੈ ਜਿਸਨੂੰ ਆਮ ਕਰਕੇ ਕੇਸਰੀ ਜਾ ਨੀਲੇ ਰੰਗ ਵਿਚ ਰੰਗਿਆ ਹੁੰਦਾ ਹੈ । ਇਸ ਨਾਲ ਪ੍ਰਸ਼ਾਦ ਵੀ ਦਿੱਤਾ ਜਾਂਦਾ ਹੈ ਜੋ ਕੜਾਹ ਪ੍ਰਸਾਦ ਅਥਵਾ ਪਤਾਸਿਆਂ ਦੇ ਰੂਪ ਵਿਚ ਹੋ ਸਕਦਾ ਹੈ । ਸਿਰੋਪਾ ਸਭ ਤੋਂ ਵੱਡਾ ਇਨਾਮ ਹੈ ਜਿਸ ਨੂੰ ਇੱਕ ਸਿੱਖ ਸੰਗਤ ਵਿਚ ਪ੍ਰਾਪਤ ਕਰਦਾ ਹੈ । ਸੰਗਤ ਰਾਹੀਂ ਦਿੱਤਾ ਜਾਣ ਵਾਲਾ ਇਹ ਗੁਰੂ ਦਾ ਸਭ ਤੋਂ ਕੀਮਤੀ ਤੋਹਫਾ ਹੈ । ਅਜੋਕੇ ਸਮੇਂ ਵਿਚ ਪੈ ਗਈ ਪਿਰਤ ਅਨੁਸਾਰ ਹਰ ਉਸ ਕਿਸੇ ਨੂੰ ਸਿਰੋਪਾ ਦੇਣਾ ਜੋ ਕਿਸੇ ਖਾਸ ਕੀਮਤ ਦੀ ਭੇਟਾ ਚੜਾਉਂਦਾ ਹੈ ਜਾਂ ਜੋ ਮਨੁੱਖ ਸਮਾਜਿਕ ਜਾਂ ਰਾਜਨੀਤਿਕ ਤੌਰ ਤੇ ਮਹੱਤਵਪੂਰਨ ਹੈ , ਠੀਕ ਨਹੀਂ ਹੈ । ਸਿਰੋਪਾ ਵਡਮੁੱਲੇ ਗੁਣਾਂ ਅਤੇ ਸ਼ਰਧਾ ਕਰਕੇ ਪ੍ਰਾਪਤ ਕੀਤਾ ਜਾਂਦਾ ਹੈ ।
ਗੁਰਦੁਆਰੇ ਜਾਂ ਧਰਮ ਅਸਥਾਂਨ ਦੇ ਹੈੱਡ ਗ੍ਰੰਥੀ , ਮੁਖੀਏ ਜਾਂ ਕਿਸੇ ਪਰਉਪਕਾਰੀ ਸੇਵਕ ਵਲੋਂ ਧਰਮ ਜਾਂ ਸਮਾਜ ਲਈ ਅਹਿਮ ਕੰਮ ਕਰਨ ਵਾਲਿਆਂ ਨੂੰ ਸਿਰੋਪਾ ਬਖਸ਼ਿਸ਼ ਕਰਨ ਦੀ ਪ੍ਰੰਪਰਾ ਹੈ ਜੋ ਕਿ ਹੁਣ ਵੀ ਚਲ ਰਹੀ ਹੈ । ਸਿਰੋਪਾ ਬਖਸ਼ਿਸ਼ ਕਰਨ ਮੌਕੇ ਸਿੱਖ ਰਹਿਤ ਮਰਿਆਦਾ ਦਾ ਪਾਲਣ ਕਰਨਾ ਜਰੂਰੀ ਹੈ।ਅੱਜ ਤਾਂ ਇੱਕ ਪਾਰਟੀ ਛੱਡ ਕੇ ਦੂਸਰੀ ਪਾਰਟੀ ਵਿੱਚ ਸ਼ਾਮਿਲ ਹੋਣ ਵਾਲੇ ਭਗੌੜਿਆਂ ਨੂੰ ਇਸ ਲਈ ਸਿਰੋਪੇ ਦੇ ਦਿੱਤੇ ਜਾਂਦੇ ਹਨ ਕਿ ਉਹ ਸਾਡੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ । ਹੋਰ ਦੇਖੋ ਸਿੱਖੀ ਪ੍ਰੰਪਰਾਵਾਂ ਅਤੇ ਸਿੱਖ ਰਹਿਤ ਮਰਯਾਦਾ ਦੇ ਦੋਖੀ ਡੇਰੇਦਾਰ ਸੰਤਾਂ ਅਤੇ ਮਹਾਂ ਕਰੱਪਟ ਰਾਜਨੀਤਕ ਲੀਡਰਾਂ ਨੂੰ ਵੀ ਸ਼ਰੇਆਮ ਸਿਰੋਪੇ ਦਿੱਤੇ ਜਾ ਰਹੇ ਹਨ।ਸਾਡੇ ਕਈ ਝੋਲੀ ਚੁੱਕ , ਅਖੌਤੀ ਜਥੇਦਾਰ , ਡੇਰੇਦਾਰ ਸੰਤਾਂ ਨੇ ਕਈ ਪੰਥ ਦੋਖੀਆਂ ਨੂੰ ਵੀ ਸਿਰਪਾਉ ਤੇ ਕਰਪਾਨਾ ਦੇ ਕੇ ਨਵਾਜਿਆ ਹੈ।ਅੱਜ ਸਿਰੋਪਾਉ ਦੀ ਜਿਨੀ ਦੁਰਵਰਤੋਂ ਪਾਠੀ , ਰਾਗੀ , ਗ੍ਰੰਥੀ , ਡੇਰੇਦਾਰ ਸੰਤ ਆਦਿਕ ਧਾਰਮਿਕ ਲੋਕ ਕਰਦੇ ਹਨ ਇਨ੍ਹਾਂ ਆਮ ਆਦਮੀ ਨਹੀਂ ਕਰਦਾ । ਇਨ੍ਹਾਂ ਲੋਕਾਂ ਨੇ ਹਰ ਦੀਵਾਨ ਦੀ ਸਮਾਪਤੀ ਵੇਲੇ ਸਿਰੋਪੇ ਦੇਣ ਦਾ ਰਿਵਾਜ ਪੈ ਗਿਆ ਹੈ।ਹੱਦ ਤਾਂ ਉਦੋ ਹੋ ਜਾਂਦੀ ਹੈ । ਜਦੋ ਗੁਰਬਾਣੀ ਦੇ ਉਲਟ ਪਰਚਾਰ ਕਰਨ ਵਾਲਿਆ ਨੂੰ ਵੀ ਸਿਰੋਪੇ ਦੇ ਦਿੱਤੇ ਜਾਂਦੇ ਨੇ , ਲੋਕਾ ਨੇ ਸਿਰਪਾਉ ਨੂੰ ਲੋਕਲਾਜ ਅਤੇ ਨੱਕ ਰੱਖਣ ਵਾਲਾ ਰਿਵਾਜ ਬਣਾ ਦਿੱਤਾ ਹੈ । ਗਲਾਂ ਵਿੱਚ ਲੰਬੇ – ਲੰਬੇ ਸਿਰੋਪੇ ਪਾ ਕੇ ਅਖਬਾਰਾਂ ਵਿੱਚ ਫੋਟੋਆਂ ਵਾਲੀਆਂ ਖਬਰਾਂ ਲਈ ਵੀ ਪੱਬਾਂ ਭਾਰ ਹੋ ਕੇ ਸਿਰੋਪੇ ਦਿੱਤੇ – ਲਏ ਜਾ ਰਹੇ ਹਨ । ਸੋ ਸਾਨੂੰ ਸਿਰੋਪੇ ਉਹਨਾ ਸ਼ਖਸੀਅਤ ਨੂੰ ਦੇਣੇ ਚਾਹੀਦੇ ਨੇ ਜਿੰਨਾ ਨੇ ਗੁਰਮਤਿ ਪ੍ਰਚਾਰ , ਸੇਵਾ , ਵਿਦਿਆ , ਪਰਉਪਕਾਰ ਆਦਿਕ ਧਾਰਮਿਕ ਅਤੇ ਸਮਾਜਿਕ ਖੇਤਰਾਂ ਵਿੱਚ ਉਤਸ਼ਾਹੀ ਅਤੇ ਵਧੀਆ ਕੰਮ ਕੀਤਾ ਹੋਵੇ।ਉਨ੍ਹਾਂ ਮਾਈ – ਭਾਈ ਨੂੰ ਹੀ ਸਿਰਪਾਉ ਦੀ ਬਖਸ਼ਿਸ਼ ਸੰਗਤ ਅਤੇ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਕਰਨੀ ਚਾਹੀਦੀ ਹੈ । ਸਿਰੋਪੇ ਨੂੰ ਢਾਈ ਗਜ ਦਾ ਕਪੜਾ ਸਮਝ ਕੇ ਪ੍ਰੀਦਣਾ ਅਤੇ ਰੋਲਣਾ ਨਹੀਂ ਚਾਹੀਦਾ ਇਹ ਵਾਹਿਗੁਰੂ ਜੀ ਦੀ ਬਖਸ਼ਿਸ਼ ਹੈ ਜੋ ਗੁਰੂ ਅਮਰਦਾਸ ਜੀ ਵਾਗ ਸਿਰ ਤੇ ਹੀ ਸੋਭਾ ਪਾਉਦੀ ਹੈ । ਵਹਿਗਰੂ ਜੀ ਕਾ ਖਾਲਸਾ ਵਹਿਗਰੂ ਜੀ ਕੀ ਫਤਹਿ ॥
ਜੋਰਾਵਰ ਸਿੰਘ ਤਰਸਿੱਕਾ ।


Related Posts

Leave a Reply

Your email address will not be published. Required fields are marked *

Begin typing your search term above and press enter to search. Press ESC to cancel.

Back To Top