ਜੋਗਾ ਸਿੰਘ ਪੇਸ਼ਾਵਰ
ਜੋਗਾ ਸਿੰਘ ਪੇਸ਼ਾਵਰ ਦੇ ਆਸੀਆ ਮਹੱਲੇ ਵਿਚ ਰਹਿਣ ਵਾਲੇ ਭਾਈ ਗੁਰਮੁਖ ਦਾ ਸਪੁੱਤਰ ਜੋਗਾ , ਜਿਸ ਨੇ ਕਲਗੀਧਰ ਤੋਂ ਅੰਮ੍ਰਿਤ ਛਕ ਕੇ ਸਿੰਘ ਪਦਵੀ ਕੀਤੀ , ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਭਾਈ ਜੋਗਾ ਸਿੰਘ ਨੂੰ ਸਪੁੱਤਰ ਜਾਣਕੇ ਹਰ ਵੇਲੇ ਆਪਣੀ ਹਜ਼ੂਰੀ ਵਿਚ ਰੱਖਦੇ ਸਨ ਅਤੇ ਅਪਾਰ ਕਿਰਪਾ ਕਰਦੇ ਸਨ। ਇਕ ਵਾਰ ਭਾਈ ਗੁਰਮੁਖ ਸਿੰਘ ਨੇ ਅਰਦਾਸ ਕੀਤੀ ਕਿ ਜੋਗਾ ਸਿੰਘ ਜੀ ਸ਼ਾਦੀ ਹੋਣ ਵਾਲੀ ਹੈ ਇਸ ਨੂੰ ਆਗਿਆ ਮਿਲੇ ਕੇ ਪੇਸ਼ਾਵਰ ਜਾ ਕੇ ਸ਼ਾਦੀ ਕਰਵਾ ਆਵੇ , ਦਸ਼ਮੇਸ਼ ਨੇ ਸ਼ਾਦੀ ਲਈ ਜੋਗਾ ਸਿੰਘ ਨੂੰ ਛੁੱਟੀ ਦੇ ਦਿੱਤੀ , ਪਰ ਉਸ ਦੀ ਪ੍ਰੀਖਿਆ ਲਈ ਇੱਕ ਸਿੱਖ ਨੂੰ ਹੁਕਮਨਾਮਾ ਦੇ ਕੇ ਘੱਲਿਆ ਕਿ ਜਦ ਜੋਗਾ ਸਿੰਘ ਤਿੰਨ ਲਾਵਾਂ ਲੈ ਚੁੱਕੇ ਤਦ ਹੁਕਮਨਾਮਾ ਉਸ ਦੇ ਹੱਥ ਦੇਣਾ , ਸਿੱਖ ਨੇ ਅਜਿਹਾ ਹੀ ਕੀਤਾ , ਹੁਕਮਨਾਮੇ ਵਿਚ ਹੁਕਮ ਸੀ ਕਿ ਇਸ ਨੂੰ ਵੇਖਦੇ ਹੀ ਅਨੰਦਪੁਰ ਵੱਲ ਤੁਰ ਪਓ , ਸੋ ਜੋਗਾ ਸਿੰਘ ਇਕ ਲਾਂਵ ਵਿਚੇ ਛੱਡਕੇ ਘਰੋਂ ਤੁਰ ਪਿਆ , ਬਾਕੀ ਇਕ ਲਾਂਵ ਉਸ ਦੇ ਕਮਰਬੰਦ ਨਾਲ ਦੇ ਕੇ ਵਿਆਹ ਪੂਰਾ ਕੀਤਾ।
ਰਸਤੇ ਵਿਚ ਭਾਈ ਜੋਗਾ ਸਿੰਘ ਦੇ ਮਨ ਸੰਕਲਪ ਫੁਰਿਆ ਕਿ ਸਤਿਗੁਰ ਦੀ ਆਗਿਆ ਮੰਨਣ ਵਾਲਾ ਮੇਰੇ ਜੇਹਾ ਕੋਈ ਵਿਰਲਾ ਹੀ ਸਿੱਖ ਹੋਵੇਗਾ , ਜਦ ਭਾਈ ਜੋਗਾ ਹੁਸ਼ਿਆਰਪੁਰ ਪੁੱਜਾ ਤਾਂ ਇਕ ਵੇਸ਼ਯਾ ਦਾ ਸੁੰਦਰ ਰੂਪ ਦੇਖ ਕੇ ਕਾਮ ਨਾਲ ਵਿਆਕੁਲ ਹੋ ਗਿਆ ਅਤੇ ਸਿੱਖ ਧਰਮ ਦੇ ਵਿਰੁੱਧ ਕੁਕਰਮ ਕਰਨ ਲਈ ਪੱਕਾ ਸਕੰਲਪ ਕਰਕੇ ਵੇਸ਼ਯਾ ਦੇ ਮਕਾਨ ਤੇ ਪੁੱਜਾ , ਕਲਗੀਧਰ ਨੇ ਆਪਣੇ ਅਨੰਨ ਸਿੱਖ ਨੂੰ ਨਰਕਕੁੰਡ ਤੋਂ ਬਚਾਉਣ ਲਈ ਚੋਬਦਾਰ ਦਾ ਰੂਪ ਧਾਰ ਕੇ ਸਾਰੀ ਰਾਤ ਮਕਾਨ ਤੇ ਪਹਿਰਾ ਦਿੱਤਾ , ਜਦ ਤਿੰਨ ਚਾਰ ਵਾਰ ਭਾਈ ਜੋਗਾ ਸਿੰਘ ਨੇ ਚੋਬਦਾਰ ਨੂੰ ਉਥੇ ਹੀ ਖੜ੍ਹਾ ਡਿੱਠਾ ਤਾਂ ਮਨ ਨੂੰ ਧਿਕਾਰਦਾ ਹੋਇਆ ਅਨੰਦਪੁਰ ਦੇ ਰਾਹ ਪਿਆ ਅਤੇ ਸਤਿਗੁਰ ਦੇ ਦਰਬਾਰ ਵਿਚ ਪਹੁੰਚ ਕੇ ਅਪਰਾਧ ਬਖਸ਼ਵਾਇਆ। ਭਾਈ ਜੋਗਾ ਸਿੰਘ ਦੀ ਧਰਮਸ਼ਾਲਾ ਪੇਸ਼ਾਵਰ ਵਿਚ ਬਹੁਤ ਮਸ਼ਹੂਰ ਥਾਂ ਹੈ , ਉਥੋਂ ਦੇ ਲੋਕ ਭਾਈ ਸਾਹਿਬ ਨੂੰ ਜੋਗਨਸ਼ਾਹ ਵੀ ਆਖਦੇ ਹਨ ।
ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਅਸਥਾਨ ਗੁਰਦੁਆਰਾ ਭਾਈ ਜੋਗਾ ਸਿੰਘ ਜੀ, ਮੁਹੱਲਾ ਸ਼ੇਖਾਂ ਹੁਸ਼ਿਆਰਪੁਰ ਵਿਖੇ ਭਾਈ ਜੋਗਾ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਾਲਾਨਾ ਗੁਰਮਤਿ ਸਮਾਗਮ ਮਿਤੀ 27 ਫਰਵਰੀ 2023 ਦਿਨ ਸੋਮਵਾਰ ਤੋਂ 05 ਮਾਰਚ 2023 ਦਿਨ ਐਤਵਾਰ ਤਕ।
ਇਹਨਾਂ ਸਮਾਗਮਾਂ ਵਿੱਚ ਪੰਥ ਪ੍ਰਸਿਧ ਵਿਦਵਾਨ ਰਾਗੀ ਜੱਥੇ ਅਤੇ ਪ੍ਰਚਾਰਕ ਆਪ ਜੀ ਨੂੰ ਗੁਰਬਾਣੀ ਕੀਰਤਨ ਅਤੇ ਗੁਰ ਇਤਿਹਾਸ ਸਰਵਣ ਕਰਵਾਉਣਗੇ ਜੀ।
ਆਪ ਸਮੂੰਹ ਸੰਗਤਾਂ ਨੂੰ ਇਹਨਾਂ ਸਮਾਗਮਾਂ ਵਿੱਚ ਵੱਧ ਤੋਂ ਵੱਧ ਹਾਜਰੀ ਭਰਣ ਅਤੇ ਦੁਆਬੇ ਦੀ ਧਰਤੀ ਤੇ ਦਸਮ ਪਾਤਸ਼ਾਹ ਜੀ ਦੇ ਇਸ ਅਸਥਾਨ ਦੇ ਦਰਸ਼ਨ ਕਰਨ ਦੀ ਬੇਨਤੀ ਹੈ ਜੀ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ।