ਇਤਿਹਾਸ – ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਲੋ ਭੇਜਿਆ ਜ਼ਫਰਨਾਮਾ ਪੜ੍ਹਨ ਤੋਂ ਬਾਅਦ 20 ਫਰਵਰੀ ਨੂੰ ਔਰੰਗਜ਼ੇਬ ਦੀ ਮੌਤ
20 ਫਰਵਰੀ 1707 ਨੂੰ ਔਰੰਗਜ਼ੇਬ ਦੀ ਮੌਤ ਹੋਈ ਉਸ ਨੇ ਜਦੋ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਲੋ ਭੇਜਿਆ ਜ਼ਫਰਨਾਮਾਂ ਪੜ੍ਹਿਆ ਉਸ ਸਮੇ ਤੋ ਉਹ ਮੌਤ ਵੱਲ ਤੁਰ ਪਿਆ ਆਉ ਸੰਖੇਪ ਝਾਤ ਮਾਰੀਏ ਔਰੰਗਜ਼ੇਬ ਦੇ ਹਾਲ ਤੇ ।
ਉਸ ਰਾਤ ਜੋ ਜਫਰਨਾਮਾਂ ਸੁਣ ਕੇ ਬੀਤਿਆ
ਕਦੇ ਹਨੇਰੀ-ਝਖੜ , ਕਦੇ ਬਦਲਾਂ ਦੀ ਗੜ੍ਹ ਗੜ੍ਹ , ਕਦੇ ਦਰਵਾਜ਼ੇ ਖਿੜਕੀਆਂ ਦੀ ਤਾੜ ਤਾੜ ਬਾਦਸ਼ਾਹ ਔਰੰਗਜ਼ੇਬ ਦੇ ਮਨ ਵਿਚ ਖੋਰੂਂ ਪਾ ਰਹੀ ਸੀ । ਸਰੀਰ ਤਰੇਲੀਓ -ਤਰੇਲੀ ਸੁਰਾਹੀਆਂ ਦੀਆਂ ਸੁਰਾਹੀਆਂ , ਪਾਣੀ ਦੀਆ ਖਤਮ ਹੁੰਦੀਆਂ ਜਾ ਰਹੀਆ ਸੀ ਨੀਂਦ ਮੰਜੇ ਤੋਂ ਕੋਸੋਂ ਦੂਰ ਸੀ ਮਖਮਲੀ ਸੇਜ ਕੰਡਿਆਂ ਤੋ ਬਤਰ ਹੋ ਗਈ ਸੀ । ਸਿਰ ਦੀ ਟੋਪੀ ਕਈ ਵਾਰ ਸਿਰ ਤੇ ਟਿਕੀ ਤੇ ਕਈ ਵਾਰ ਡਿਗੀ ।
ਪਾਗਲਾਂ ਤੇ ਵਹਿਸ਼ੀਆਂ ਵਾਂਗ ਸਿਰ ਮਾਰਦਾ ਬਾਦਸ਼ਾਹ ਦਾ ਹਾਲ ਅਜ ਦੀ ਰਾਤ ਟੱਪਰੀਵਾਸਾ ਤੋਂ ਵੀ ਭੈੜਾ ਸੀ ਹੁੱਕੇ ਦੇ ਕਸ਼ ਖਿਚਦਿਆਂ ਉਸ ਨੂੰ ਜਬਰਦਸਤ ਖੰਘ ਛਿੜ ਪਈ ਐਸੀ ਖੰਘ ਜਿਵੇਂ ਖਹੂੰ ਖਹੂੰ ਕਰਦਿਆਂ ਮਹਿਲ ਦੀਆਂ ਦੀਵਾਰਾਂ ਹਿਲ ਹਿਲ ਉਹਦੇ ਉਪਰ ਢੇਹ-ਢੇਰੀ ਹੋ ਜਾਣਗੀਆਂ । ਜ਼ਫਰਨਾਮੇ ਦੀ ਇਕ ਇਕ ਸੱਤਰ ਉਸਦਾ ਸੀਨਾ ਕੋਹ ਰਹੀ ਸੀ ਕਾਫਰ ,ਦੱਗਾ – ਫਰੋਸ਼ , ਈਮਾਂ-ਸ਼ਿਕਨ ਸ਼ਬਦ ਉਸਦੀ ਰੂਹ ਨੂੰ ਖਰੋਚ ਰਹੇ ਸੀ । ਗੁਰੂ ਤੇਗ ਬਹਾਦਰ ਤੋਂ ਲੈਕੇ ਛੋਟੇ ਸਾਹਿਬਜ਼ਾਦਿਆਂ ਤਕ ਦੀਆਂ ਸ਼ਹਾਦਤਾਂ ਦੀਆਂ ਤਸਵੀਰਾਂ ਉਸਦੇ ਸਾਮਣੇ ਰੂਪਮਾਨ ਹੋਕੇ ਆ ਰਹੀਆਂ ਸਨ ।
ਚਾਂਦਨੀ ਚੌਕ ਦੇ ਸਾਮਣੇ ਚੌਕੜਾ ਲਾਈ ਬੈਠਾ ਗੁਰੂ ਤੇਗ ਬਹਾਦਰ ਉਸਤੇ ਜਿਵੇਂ ਜੋਰੋ-ਜੋਰ ਹਸ ਰਿਹਾ ਹੋਵੇ ,” ਔਰੰਗੇ ਦੇਖ ਤੇਨੂੰ ਕਿਹਾ ਸੀ ਨਾ ਕਿ ਤੇਰੀ ਰੂਹ ਤੋਂ ਪਾਪਾਂ ਦਾ ਭਾਰ ਚੁਕ ਨਹੀਂ ਹੋਣਾ ਦਸ ਭਲਾ ਅਜ ਕੋਣ ਹਾਰਿਆ ” ਤੂੰ ਤਾ ਜਿੱਤ ਜਿੱਤ ਕੇ ਵੀ ਲਗਾਤਾਰ ਹਾਰਦਾ ਆਇਆਂ ਏ ਉਸਨੇ ਗੁਰੂ ਦੇ ਸਾਏ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਕੁਝ ਵੀ ਹਥ ਪਲੇ ਨਾ ਪਿਆ ਸਿਧਾ ਸਪਾਟ ਮੱਥਾ ਫਰਸ਼ ਤੇ ਜਾ ਵਜਿਆ ਮਥੇ ਉਤੇ ਪਿਆ ਰੋੜਾ ਉਸਦੇ ਹਥ ਤੇ ਪੂਰੀ ਤਰਹ ਰੜਕ ਰਿਹਾ ਸੀ । ਮਥੇ ਤੇ ਹਥ ਘਸਾਉਂਦਾ, ਡਿਗਦਾ ਢਹਿੰਦਾ ਸ਼ੀਸ਼ੇਦਾਨੀ ਮੁਹਰੇ ਜਾ ਪਹੁੰਚਿਆ ,ਆਪਣੇ ਆਪ ਨੂੰ ਸ਼ੀਸ਼ੇ ਵਿਚ ਤਕਿਆ, ਉਹ ਤ੍ਰਭਕ ਗਿਆ । ਸ਼ੀਸ਼ੇ ਵਿਚ ਉਸ ਨੂੰ ਭਿਆਨਕ ਅਕਸ਼ ਦਿਖਿਆ ਇਕ ਕਾਤਲ, ਇਕ ਸ਼ਿਕਾਰੀ, ਰੱਬ ਦੇ ਘਰ ਦਾ ਦੁਸ਼ਮਨ ਤੇ ਜ਼ਾਲਮਾਂ ਦਾ ਹਿਮਾਇਤੀ ।
ਉਹ ਸ਼ੀਸ਼ੇ ਵਲੋਂ ਮੂੰਹ ਮੋੜ ਕੇ ਸੇਜ ਵਲ ਦੌੜਿਆ, ਉਸ ਨੂੰ ਲਗਾ ਜਿਵੇਂ ਕੋਈ ਉਸਦੀ ਰੂਹ ਘਸਾ -ਘਸ ਚੀਰ ਰਿਹਾ ਹੋਵੇ ਉਹ ਵਿਲਕਣ ਲਗਾ ਮਤੀਦਾਸ ਦੇ ਸਿਰ ਤੇ ਚਲਦਾ ਆਰਾ ਉਸ ਨੂੰ ਪ੍ਰੱਤਖ ਦਿਸਣ ਲਗਾ ਮਤੀ ਦਾਸ ਦਾ ਡਿਗਦਾ ਦੋ-ਫਾੜ ਸਰੀਰ ਉਹਨੇ ਸੰਭਾਲਣ ਦੀ ਕੋਸ਼ਿਸ਼ ਕੀਤੀ ਪਰ ਖਾਲੀ ਬਾਹਾਂ ਮਾਰਨ ਤੋ ਸਿਵਾ ਉਸਦੇ ਪਲੇ ਕੁਝ ਨਾ ਪਿਆ ਥਕ -ਹਾਰ ਕੇ ਉਸਨੇ ਮਤੀ ਦਾਸ ਦੇ ਚਰਨਾ ਤੇ ਢਹਿਣ ਦੀ ਕੋਸ਼ਿਸ਼ ਕੀਤੀ ,’ ਬਖਸ਼ ਮੇਰੇ ਗੁਨਾਹਾਂ ਨੂੰ ਵੀਰ ਪੁਰਸ਼ਾ ਬਖਸ਼ “ ਮਥੇ ਤੇ ਇਕ ਹੋਰ ਰੋੜੇ ਤੋਂ ਸਿਵਾ ਕੁਝ ਵੀ ਨਸੀਬ ਨਾ ਹੋਇਆ ਸ਼ੀਸ਼ੇ ਨੂੰ ਦੁਬਾਰਾ ਵੇਖਣ ਦਾ ਹੀਆ ਨਾ ਪਿਆ ਦੌੜ ਕੇ ਆਪਣੇ ਮੰਜੇ ਤੇ ਜਾ ਲੇਟਿਆ ਰਜਾਈ ਵਿਚ ਸਿਰ ਜਾ ਤੁਨਿਆ ਪਰ ਉਭੜਵਾਹੇ ਫਿਰ ਉਠ ਕੇ ਬਹਿ ਗਿਆ
ਜਿਸਮ ਤੇ ਲਪੇਟੀ ਰਜਾਈ ਉਸ ਨੂੰ ਅਗ ਵਰਗੀ ਜਾਪੀ ਸਚ-ਮੁਚ ਰਜਾਈ ਤੋਂ ਲਪਟਾਂ ਨਿਕਲ ਰਹੀਆਂ ਸਨ ਬਿਲਕੁਲ ਉਵੇਂ ਜਿਵੇਂ ਸਤੀਦਾਸ ਦੁਆਲੇ ਰੂੰ ਵਿਚੋਂ ਨਿਕਲੀਆਂ ਸਨ । ਉਸਨੇ ਭਜਣ ਦੀ ਕੋਸ਼ਿਸ਼ ਕੀਤੀ ਪਰ ਭਜ ਕੇ ਜਾਵੇ ਕਿਥੇ ਅਖੀਰ ਉਹ ਬਾਦਸ਼ਾਹ ਸੀ ਉਹ ਮੁਈਨੂਦੀਨ ਤੋਂ ਬੜੇ ਫਖਰ ਨਾਲ ਔਰੰਗਜੇਬ ਬਣਿਆ ਸੀ -ਜਿਸਦਾ ਮਤਲਬ ਤਖ਼ਤ ਦੀ ਸ਼ਾਨ । ਉਹ ਆਲਮਗੀਰ ਸੀ ਜਿਸਦਾ ਮਤਲਬ ਸੀ ਕੁਲ ਦੁਨੀਆਂ ਦਾ ਵਾਲੀ , ਉਹ ਅਜ ਦੁਨੀਆਂ ਨੂੰ ਪਿਠ ਕਿਵੇਂ ਦਿਖਾ ਸਕਦਾ ਹੈ । ਉਸਨੇ ਸੋਚਿਆ ਕੀ ਉਹ ਅੰਦਰੋ-ਅੰਦਰ ਸਾਰੇ ਮਾਮਲੇ ਨਬੇੜ ਲਵੇਗਾ ਤੇ ਮੁਆਫੀਆਂ ਮੰਗ ਕੇ ਸੁਰਖਰੂ ਹੋ ਜਾਵੇਗਾ ਖਾਲੀ ਇਕ ਰਾਤ ਦੀ ਤਾਂ ਗਲ ਸੀ ਉਹ ਭਜ ਕੇ ਸਤੀ ਦਾਸ ਦੇ ਨੇੜੇ ਪਹੁੰਚਿਆ ਹਥ ਮਾਰਕੇ ਅਗ ਦੀਆਂ ਲਪਟਾਂ ਬੁਝਾਣ ਦੀ ਕੋਸ਼ਿਸ਼ ਕੀਤੀ ਪਰ ਹਥ ਤਾਂ ਜਿਵੇਂ ਖਾਲੀ ਹਵਾ ਵਿਚ ਸ਼ੂਕ ਰਹੇ ਸਨ । ਹੁਣ ਓਹ ਰੋਣ -ਹਾਕਾ ਹੋ ਗਿਆ ਉਸਨੇ ਉਚੀ ਅਵਾਜ਼ ਵਿਚ ਚੀਕਾਂ ਮਾਰਨ ਦੀ ਕੋਸ਼ਿਸ਼ ਕੀਤੀ ਧੁਰ ਅੰਦਰੋਂ ਨਿਕਲੀਆਂ ਚੀਕਾਂ ਉਸਦੇ ਗਲੇ ਵਿਚ ਹੀ ਅਟਕ ਕੇ ਰਹਿ ਗਈਆਂ ਉਹ ਮਾਰਦਾ ਵੀ ਕਿਵੇਂ ਅਖੀਰ ਓਹ ਬਾਦਸ਼ਾਹ ਸੀ ।
ਉਹ ਪਾਣੀ ਦੀ ਸੁਰਾਹੀ ਵਲ ਦੋੜਿਆ ਪਾਣੀ ਦਾ ਭਰਵਾਂ ਗਲਾਸ ਉਸਨੇ ਆਪਣੇ ਅੰਦਰ ਵਗਾਹ ਮਾਰਿਆ , ਪਾਣੀ ਨੇ ਠੰਡ ਪਾਣ ਦੀ ਬਜਾਏ ਉਸਦੇ ਅੰਦਰ ਉਬਾਲੇ ਛੇੜ ਦਿਤੇ ਉਸ ਨੂੰ ਦੇਗ ਵਿਚ ਉਬਲਦਾ ਭਾਈ ਦਿਆਲਾ ਯਾਦ ਆਇਆ ਉਹ ਲੇਟਣ ਲਗਾ , ਉਹਦੀਆਂ ਅਖਾਂ ਅਗੇ ਭਾਈ ਦਿਆਲਾ ਦੀ ਸ਼ਾਂਤ ਮੂਰਤ , ਦੇਗ ਵਿਚ ਚੌਕੜਾ ਮਾਰ ਕੇ ਬੈਠਾ , ਨਾਮ-ਰੰਗ ਵਿਚ ਰੰਗਿਆ ਉਹਨੂੰ ਹਲੂਣ ਰਿਹਾ ਸੀ ਜਿਵੇਂ ਕਹਿ ਰਿਹਾ ਹੋਵੇ ,’ ਦੇਖ ਔਰੰਗੇ ਤੇਰੇ ਅੰਦਰ ਠੰਡੇ ਪਾਣੀ ਦਾ ਗਲਾਸ ਵੀ ਨਹੀਂ ਸਮਾ ਰਿਹਾ ਤੇ ਇਧਰ ਗੁਰੂ ਦੀ ਕਿਰਪਾ ਨਾਲ ਉਬਲਦੀ ਦੇਗ ਵੀ ਠੰਡਕ ਦੇ ਰਹੀ ਹੈ । ਉਹ ਲੇਟਦਾ ਹੋਇਆ ਅਚਾਨਕ ਸਿਰ ਮਾਰਦਾ ਉਠ ਖੜੋਤਾ ਉਸਦੀ ਨਿਗਾਹ ਸਾਮਣੇ ਪਈ ਤੇਗ ਤੇ ਜਾ ਪਈ ਉਹ ਤੇਗ ਵਲ ਵਧਿਆ ਉਸ ਨੂੰ ਖ਼ਿਆਲ ਆਇਆ ਕੀ ਇਸ ਕੁਲੇਹਿਣੀ ਰਾਤ ਨਾਲ ਮੁਕਾਬਲਾ ਕਰਨ ਦੀ ਬਜਾਏ ਤਾਂ ਮਰ ਜਾਣਾ ਬਿਹਤਰ ਹੈ । ਉਸ ਨੇ ਤਲਵਾਰ ਮਿਆਨ ਵਿਚੋ ਕਢੀ ,ਗਰਦਨ ਤੇ ਰਖੀ , ਫਿਰ ਉਸ ਨੂੰ ਖ਼ਿਆਲ ਆਇਆ ਹਥੀਂ ਮੌਤ ਸ਼ਹੇੜਨੀ ਕੁਫਰ ਹੈ ,ਪਾਪ ਹੈ, ਨਿਰੀ ਕਾਇਰਤਾ ਹੈ ਮੈਂ ਹਾਲਤ ਦਾ ਮੁਕਾਬਲਾ ਕਰਾਂਗਾ ਭੁਲ ਬਖਸ਼ਾਵਾਂਗਾ ਗੁਰ ਦੇ ਪੈਰ ਪਵਾਂਗਾ । ਦੋਜਖ ਦੀ ਸਜ਼ਾ ਤੋ ਬਚਾਂਗਾ ਵਜੂਦ ਦੇ ਨਿਰੰਤਰ ਕਾਂਬੇ ਨੇ ਉਸਦੀਆਂ ਅਖਾਂ ਮੂੰਦ ਦਿਤੀਆਂ ਉਸ ਨੂੰ ਗੁਰੂ ਤੇਗ ਬਹਾਦਰ ਦਾ ਇਕੋ ਝਟਕੇ ਨਾਲ ਸਰੀਰ ਅੱਲਗ ਹੁੰਦਾ ਦਿਖਾਈ ਦਿਤਾ ਸਰੀਰ ਦੇ ਦੋ ਹਿਸੇ ਦੋਨੋ ਬਿਲਕੁਲ ਸ਼ਾਂਤ ਤੇਗ ਚਲਦੇ ਵਕਤ ਕੋਈ ਹਿਲ ਨਾ ਜੁਲ ਇਕ ਅਕਿਹ ਸ਼ਾਂਤੀ ਉਸ ਨੂੰ ਆਪਣੇ ਅੰਦਰ ਗਿਲਾਨੀ ਮਹਿਸੂਸ ਹੋਈ । ਉਸਨੇ ਆਪਣੇ ਆਪ ਨੂੰ ਲਾਹਨਤ ਪਾਈ ਉਸ ਨੂੰ ਆਪਣੀ ਔਰੰਗਜੇਬੀ ਤੇ ਸ਼ਕ ਹੋਣ ਲਗਾ ਉਸਨੇ ਅਡੋਲ ਗੁਰੂ ਦੇ ਚਰਨਾ ਤੇ ਸੀਸ਼ ਨੀਵਾਣ ਦੀ ਕੋਸ਼ਿਸ਼ ਕੀਤੀ ਇਕ ਹੋਰ ਰੋੜਾ ਮੱਥੇ ਤੇ ਉਭਰ ਆਇਆ ਉਸਦਾ ਮੱਥਾ ਉਸਦੀ ਆਪਣੀ ਪਹਿਚਾਣ ਤੋਂ ਬਾਹਰ ਹੋ ਗਿਆ ਇਉਂ ਮਹਿਸੂਸ ਹੋਇਆ ਜਿਵੇ ਸ਼ੀਸ਼ਾ ਉਸਦਾ ਮੂੰਹ ਚਿੜਾ ਰਿਹਾ ਹੋਵੇ ਉਸਨੇ ਅੱਤਰ ਦੀ ਸ਼ੀਸ਼ੀ ਸ਼ੀਸ਼ੇ ਤੇ ਵਗਾਹ ਮਾਰੀ ਸ਼ੀਸ਼ੇ ਤੇ ਤਰੇੜਾਂ ਉਭਰ ਆਈਆਂ ਉਸ ਨੂੰ ਆਪਣਾ ਚੇਹਰਾ ਕਿਤੇ ਵਧ ਭਿਆਨਕ ਦਿਖਾਈ ਦੇਣ ਲਗਾ ਉਸਨੇ ਮੱਥੇ ਤੇ ਹਥ ਫੇਰਿਆ ਉਬੜ ਖਾਬੜ ਮਥੇ ਨੇ ਆਨੰਦਪੁਰ ਦੀਆਂ ਉਚੀਆਂ ਨੀਵੀਆਂ ਪਹਾੜੀਆਂ ਯਾਦ ਕਰਾ ਦਿਤੀਆ ।
ਆਨੰਦਪੁਰ ਨੂੰ ਪਾਇਆ ਛੇ ਮਹੀਨਿਆਂ ਤੋਂ ਵਡਾ ਘੇਰਾ ਯਾਦ ਆਇਆ ਉਸ ਨੂੰ ਸ਼ਰਮਿੰਦਗੀ ਮਹਿਸੂਸ ਹੋਈ ਪਹਾੜੀ ਰਾਜਿਆਂ ਨਾਲ ਦੋਸਤੀ ਦਾ ਚੇਤਾ ਆਇਆ ਬੁਤ ਪ੍ਰਸਤਾਂ ਨਾਲ ਕੀਤੀ ਸੰਧੀ ਨੇ ਉਸ ਨੂੰ ਹਲੂਣ ਕੇ ਰਖ ਦਿਤਾ ਉਹ ਆਪਣੇ ਆਪ ਨੂੰ ਮੁਹੰਮਦ ਸਾਹਿਬ ਦਾ ਵੀ ਦੋਸ਼ੀ ਮੰਨਣ ਲਗਾ ਉਹਨੇ ਸੋਚਿਆਂ ਹੁਣ ਤਾ ਪੱਕਾ ਉਹ ਦੋਜਖ ਵਾਸੀ ਬਣੇਗਾ ਦੁਨਿਆ ਦੀ ਕੋਈ ਤਾਕਤ ਮੈਨੂੰ ਦੋਜ਼ਖ ਵਿਚ ਸੜਨ ਤੋਂ ਬਚਾ ਨਹੀਂ ਸਕਦੀ ਬੁਤ ਪ੍ਰਸਥਾ ਨਾਲ ਸੰਧੀ ਤੇ ਬੁਤ-ਸ਼ਿਕਨਾਂ ਨਾਲ ਮਥਾ ,” ਓ ਅਲਾ ਤਾਲਾ ਮੈਨੂੰ ਕੀ ਹੋ ਗਿਆ ਸੀ ” ਉਸਨੇ ਜੋਰ ਨਾਲ ਕੰਧ ਤੇ ਮਥਾ ਮਾਰਿਆ ਇਕ ਗਰਮ ਤਤੀਰੀ ਉਸਦੇ ਪੈਰਾਂ ਤੇ ਵਜੀ ਉਹ ਤ੍ਰਭਕ ਪਿਆ ਉਸ ਨੂੰ ਆਪਣਾ ਖੂਨ ਕਾਲਾ ਸਿਆਹ ਜਾਪਿਆ ਦੁਬਾਰਾ ਕੰਧ ਤੇ ਮਥਾ ਮਾਰਨ ਦੀ ਕੋਸ਼ਿਸ਼ ਕੀਤੀ ਪਰ ਹਿੰਮਤ ਨਾ ਪਈ ਉਸ ਨੂੰ ਲਗਿਆ ਸ਼ਾਇਦ ਸਾਹਿਬਜ਼ਾਦੇ ਕਿਤੇ ਆਸ ਪਾਸ ਹੋਣ ਤੇ ਉਸਦੀ ਹਾਲਤ ਤੇ ਹੱਸ ਰਹੇ ਹੋਣ ਸ਼ੀਸ਼ਾ ਜੜੀ ਦੀਵਾਰ ਵਿਚੋ ਉਹ ਫਤਹਿ ਦਾ ਜੈਕਾਰਾ ਗਜਾਉਂਦੇ ਸਾਮਣੇ ਪ੍ਰਤਖ ਨਜਰ ਆ ਗਏ ਫੁਲਾਂ ਵਾਂਗ ਲਟਕਦੇ ਚੇਹਰੇ ਜਿਵੇਂ ਇਸਦੇ ਥੋਬੜ ਚਿਹਰੇ ਦਾ ਮਜ਼ਾਕ ਉੜਾ ਰਹੇ ਹੋਣ ਉਸ ਨੇ ਛੇਤੀ ਨਾਲ ਆਪਣਾ ਚੇਹਰਾ ਦੋਨਾ ਹਥਾ ਵਿਚ ਲਕੋ ਲਿਆ ਦੋਨੋ ਹਥ ਖੂਨ ਨਾਲ ਲਥ-ਪਥ ਹੋਏ ਸੀ । ਉਹ ਦੁਬਾਰਾ ਤ੍ਰਭਕ ਗਿਆ ਉਹਦੇ ਹਥ ਮਜਲੂਮਾ ਦੇ ਖੂਨ ਨਾਲ ਰੰਗੇ ਹੋਏ ਸੀ ਉਸ ਨੂੰ ਮਹਿਲ ਦੇ ਕਿਸੇ ਨੁਕਰੋਂ ਬੋਲੇ ਸੋ ਨਿਹਾਲ ਦੇ ਨਾਹਰੇ ਸੁਣਾਈ ਦੇਣ ਲਗੇ ਉਹ ਦੋੜ ਕੇ ਰੋਸ਼ਨਦਾਨ ਤੋਂ ਹੇਠਾਂ ਦੇਖਣ ਲਗ ਪਿਆ ਦੂਰੋਂ ਦਿਸਦੇ ਤਕ ਸੁੰਨ-ਸਾਨ ਰਾਤ ਜਿਵੇਂ ਉਸਂ ਨੂੰ ਨਿਗਲਣ ਲਈ ਕਾਹਲੀ ਹੋਵੇ ਉਹ ਛੇਤੀ ਨਾਲ ਹੇਠਾਂ ਉਤਰ ਆਇਆ ਉਸ ਨੂੰ ਅਜੇ ਵੀ ਸਵਾ ਸਵਾ ਲੱਖ ਨਾਲ ਇਕ ਇਕ ਸਿਖ ਲੜਦਾ ਨਜਰ ਆ ਰਿਹਾ ਸੀ । ਚਮਕੌਰ ਦੀ ਗੜੀ ਚੇਤੇ ਆ ਗਈ ਇਕ ਪਾਸੇ ਗਿਣਤੀ ਦੇ ਭੁਖੇ -ਭਾਣੇ ਚਾਲੀ ਸਿਖ ਤੇ ਦੂਜੇ ਪਾਸੇ 1000000 ਲਖ ਦੀ ਫੌਜ਼ ਉਸ ਨੂੰ ਲਗਿਆ ਜਿਵੇਂ ਇਕ ਇਕ ਸਿਖ ਕਿਲੇ ਨੂੰ ਢਾਹ ਕੇ ਉਸਦੇ ਵਜੂਦ ਵਿਚ ਦਾਖਲ ਹੋ ਰਿਹਾ ਹੈ । ਉਹ ਜਖਮੀ ਸੱਪ ਦੀ ਤਰਹ ਪਲਸੇਟੇ ਮਾਰਨ ਲਗਾ ਸਾਮਣੇ ਤਖਤ ਪੋਸ਼ ਤੇ ਗੁਰੂ ਗੋਬਿੰਦ ਸਿੰਘ ਦਾ ਖਤ ਵਿਚ ਲਿਖੀ ਉਹ ਸਤਰ ਯਾਦ ਆਉਣ ਲਗੀ ,’ ਕੀ ਹੋਇਆ ਜੇ ਤੂੰ ਮੇਰੇ ਚਾਰ ਸਾਹਿਬਜ਼ਾਦੇ ਮਾਰ ਦਿਤੇ ਹਨ ਕੁੰਡਲੀ ਵਾਲਾ ਸੱਪ ਅਜੇ ਵੀ ਬਾਕੀ ਹੈ । ਉਸ ਨੂੰ ਲਗਾ ਹੁਣੇ ਹੀ ਕੁੰਡਲੀ ਵਾਲਾ ਸੱਪ ਉਸ ਨੂੰ ਆਪਣੀ ਲਪੇਟ ਵਿਚ ਲੈ ਲਵੇਗਾ ਉਸ ਨੂੰ ਡੰਗ ਮਾਰੇਗਾ ਤੇ ਇਹ ਜ਼ਫਰਨਾਮਾ ਸਚਮੁਚ ਉਸਦੀ ਮੌਤ ਦਾ ਪੈਗਾਮ ਹੋਵੇਗਾ ।
ਉਸਦੀ ਚੀਕ ਨਿਕਲ ਗਈ ਭੈਭੀਤ ਹੋ ਗਿਆ ਚੋਬਦਾਰ ਹਾਜਰ ਸਨ ਬਾਦਸ਼ਾਹ ਦੀ ਮੰਦੀ ਹਾਲਤ ਦੇਖਕੇ ਚਿੰਤਾਜਨਕ ਹੋ ਗਏ ਵੈਦ , ਹਕੀਮ ਬੁਲਾਏ ਗਏ ਮਥੇ ਤੇ ਮਲਮ ਲਗਾਈ ਜਿਸਨੇ ਬਲਦੀ ਅੱਗ ਤੇ ਘਿਉ ਦਾ ਕੰਮ ਕੀਤਾ ਬਾਦਸ਼ਾਹ ਦਾ ਗੁਸਾ ਆਸਮਾਨ ਪਾੜਨ ਲਗਾ ਹਕੀਮ ਤੇ ਚੋਬਦਾਰ ਬਾਹਰ ਹੋ ਗਏ ਦਰਵਾਜ਼ਾ ਬੰਦ ਹੋ ਗਿਆ ਬਾਦਸ਼ਾਹ ਨੂੰ ਬੋਲੇ ਸੋ ਨਿਹਾਲ ਦੇ ਨਾਹਰੇ ਤੇ ਘੋੜਿਆਂ ਦੇ ਸੁੰਮਾ ਦੀ ਅਵਾਜ਼ ਜੋ ਹੋਰ ਨੇੜੇ , ਹੋਰ ਨੇੜੇ ਆਈ ਜਾ ਰਹੀ ਸੀ । ਉਸ ਨੂੰ ਜਾਪਿਆ ਜਿਵੇ ਘੋੜੇ ਦੇ ਸੁੰਮ ਤਾੜ ਤਾੜ ਉਸਦੀ ਛਾਤੀ ਤੇ ਚੜ ਗਏ ਹੋਣ ਉਹ ਦੋੜ ਕੇ ਰੋਸ਼ਨਦਾਨ ਕੋਲ ਆ ਗਿਆ ਉਸ ਨੂੰ ਲਗਿਆ ਸਿੰਘ ਹਥ ਵਿਚ ਤੇਗ ਤੇ ਨੇਜੇ ਫੜੀ ਚਾਂਦਨੀ ਚੌਕ ਵਲ ਵਧ ਰਹੇ ਹੋਣ ਅਚਾਨਕ ਉਸਦੀ ਅਖਾਂ ਦੀ ਲੋਅ ਤੇਜ਼ ਹੋ ਗਈ ਉਸ ਨੂੰ ਲਗਾ ਕੇ ਨੀਲੇ ਘੋੜੇ ਤੇ ਅਸਵਾਰ ਕਲਗੀਆਂ ਵਾਲੇ ਖੁਦ ਸਿੰਘਾਂ ਦੀ ਅਗਵਾਈ ਕਰ ਰਹੇ ਹੋਣ ਉਸਨੇ ਮੰਨ ਬਣਾਇਆ ,’
ਉਹ ਤੇਗ ਨਹੀਂ ਚੁਕੇਗਾ , ਓਹ ਇਤਿਹਾਸ ਨਹੀਂ ਦੁਹਰਾਇਗਾ ਉਹ ਇਸ ਦਰਵੇਸ਼ ਦੇ ਕਦਮਾਂ ਤੇ ਢਹਿ ਕੇ ਆਪਣੇ ਗੁਨਾਹਾਂ ਤੋਂ ਤੋਬਾ ਕਰ ਲਵੇਗਾ ਉਹ ਉਹਨਾ ਦੇ ਖੱਤ ਨੂੰ ਸੋਨੇ ਚਾਂਦੀ ਵਿਚ ਮੜਵਾਇਗਾ ਜਿਸ ਨੇ ਤੱਬਸਮ ਵਿਚ ਸੁਤੀ ਉਸਦੀ ਰੂਹ ਦੁਬਾਰਾ ਜਗਾ ਦਿਤੀ ਓਹ ਵਾਰੀ ਵਾਰੀ ਖਤ ਨੂੰ ਚੁੰਮ ਰਿਹਾ ਸੀ ਉਸ ਦੀਆਂ ਅਖਾਂ ਵਿਚੋਂ ਪਰਲ ਪਰਲ ਨੀਰ ਬਹਿ ਰਿਹਾ ਸੀ । ਉਹ ਦੁਬਾਰਾ ਸੇਜ ਤੇ ਆ ਟਿਕਿਆ ਉਹਨੇ ਖਤ ਨੂੰ ਪਲਕਾਂ ਤੇ ਟਿਕਾ ਲਿਆ ਉਸ ਨੂੰ ਡਾਢਾ ਸਕੂਨ ਮਿਲ ਰਿਹਾ ਸੀ ਪਹੁ ਫੁਟਾਲਾ ਹੋਣ ਲਗਾ ਚਿੜੀਆਂ ਦੇ ਚੂਕਨ ਦੀ ਅਵਾਜ਼ ਆਈ ਔਰੰਗਾ ਬੜੀ ਗੂੜੀ ਨੀਦ ਵਿਚ ਸੀ ਜਿਵੇਂ ਕਈ ਜਨਮਾਂ ਤੋ ਸੁਤਾ ਨਾ ਹੋਵੇ ।
ਜਫਰਨਾਮਾ ਪੜਨ ਤੋਂ ਬਾਅਦ ਹੀ ਉਸਨੇ ਇਕ ਹੁਕਨਾਮਾ ਜਾਰੀ ਕੀਤਾ ਸੀ ਕੀ ਗੁਰੂ ਗੋਬਿੰਦ ਸਿੰਘ ਜੀ ਜਿਥੇ ਵੀ ਰਹਿਣ , ਜੋ ਵੀ ਕਰਨ ਉਸ ਵਿਚ ਕੋਈ ਦਖਲ-ਅੰਦਾਜੀ ਨਹੀਂ ਹੋਣੀ ਚਾਹੀਦੀ ਔਰੰਗਜ਼ੇਬ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲਣ ਦੀ ਬੇਨਤੀ ਕੀਤੀ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਪਰਵਾਨ ਕਰ ਲਈ ਪਰ ਗੁਰੂ ਜੀ ਨੂੰ ਮਿਲਣ ਤੋ ਪਹਿਲਾ ਹੀ ਔਰੰਗਜ਼ੇਬ ਦੀ ਮੌਤ ਹੋ ਗਈ । ਔਰੰਗਜ਼ੇਬ ਨੇ ਆਖਿਆ ਸੀ ਮੈ ਬਹੁਤ ਪਾਪੀ ਬਾਦਸ਼ਾਹ ਹਾ ਮੇਰੀ ਕਬਰ ਬਹੁਤ ਸਾਦੀ ਬਣਵਾਇਆ ਜੇ ਨਾ ਹੀ ਮੇਰੀ ਕਬਰ ਲਾਗੇ ਕੋਈ ਰੁੱਖ ਹੋਵੇ ਕਿਉਕਿ ਮੇਰੇ ਵਰਗੇ ਪਾਪੀ ਦੀ ਕਬਰ ਨੂੰ ਛਾਂ ਵੀ ਨਸੀਬ ਨਹੀ ਹੋਣੀ ਚਾਹੀਦੀ।
ਜੋਰਾਵਰ ਸਿੰਘ ਤਰਸਿੱਕਾ ।
ਸਿਰੀ ਵਾਹਿਗੁਰ ਜੀ ਧਨ ਸਾਹਿਭਜਾਦੇ ਜੀ ਧੰਨ ਮਾਤਾ ਗੂਜਰੀ ਜੀ 🙏🙏🙏🙏🙏