ਇਤਿਹਾਸ – ਗੁਰਦੁਆਰਾ ਨਾਢਾ ਸਾਹਿਬ ਪਟਿਆਲਾ
ਭੰਗਾਣੀ ਦੇ ਯੁੱਧ ਵਿੱਚ ਪਹਾੜੀ ਰਾਜੇ ਭੀਮ ਚੰਦ ਨੂੰ ਮੂੰਹ ਦੀ ਖਾਣੀ ਪਈ। ਰਾਜਪੂਤਾਂ ਦੇ ਜਾਣ ਪਿੱਛੋਂ ਇਸ ਅਸਥਾਨ ਉੱਪਰ ਦਸਮ ਪਿਤਾ ਨੇ ਵਿਸ਼ੇਸ਼ ਦਰਬਾਰ ਕੀਤਾ ਅਤੇ ਕੁਝ ਚਿਰ ਫ਼ਤਹਿ ਦੇ ਡੰਕੇ ਵਜਾਉਂਦੇ ਰਹੇ। ਮਗਰੋਂ ਪਾਉਂਟਾ ਸਾਹਿਬ ਠਹਿਰੇ ਤੇ ਬਾਅਦ ਵਿੱਚ ਸ੍ਰੀ ਆਨੰਦਪੁਰ ਸਾਹਿਬ ਦਾ ਰੁਖ ਕੀਤਾ। ਪਾਉਂਟੇ ਤੋਂ ਆ ਕੇ ਗੁਰੂ ਜੀ ਨੇ ਕੁਝ ਸਮਾਂ ਨਾਹਨ ਦੇ ਰਾਜੇ ਪਾਸ ਡੇਰਾ ਲਾਇਆ। ਰਾਜੇ ਨੇ ਗੁਰੂ ਜੀ ਦੀ ਰਜਵੀਂ ਸੇਵਾ ਕੀਤੀ। ਗੁਰੂ ਜੀ ਨੇ ਉਸ ਨੂੰ ਸੁੰਦਰ ਕੀਮਤੀ ਕਿਰਪਾਨ ਬਖ਼ਸ਼ਿਸ਼ ਵਜੋਂ ਦਿੱਤੀ, ਜੋ ਅਜੇ ਵੀ ਮੌਜੂਦ ਹੈ। ਨਾਹਨ ਤੋਂ ਆ ਕੇ ਗੁਰੂ ਜੀ ਨੇ ਟੋਕਾ ਪਿੰਡ ਵਿੱਚ ਮੁਕਾਮ ਕੀਤਾ। ਇੱਥੇ ਘੋੜੀਆਂ ਨੂੰ ਟੋਕਾ-ਕੁਤਰਾ ਚਾਰਾ ਪਾਉਣ ਕਾਰਨ ਇਹ ਅਸਥਾਨ ਟੋਕਾ ਸਾਹਿਬ ਦੇ ਨਾਂ ਨਾਲ ਪ੍ਰਸਿੱਧ ਹੋਇਆ। ਟੋਕਾ ਸਾਹਿਬ ਤੋਂ ਰਾਏਪੁਰ ਪਹੁੰਚੇ। ਰਾਏਪੁਰ ਦੀ ਰਾਣੀ ਨੇ ਉੱਥੋਂ ਦੇ ਰਾਜੇ ਨੂੰ ਗੁਰੂ ਜੀ ਦਾ ਸ਼ਰਧਾਲੂ ਤੇ ਵਿਸ਼ਵਾਸ ਪਾਤਰ ਬਣਾਇਆ। ਗੁਰੂ ਜੀ ਨੇ ਰਾਣੀ ਦੇ ਸਿਦਕ ਨੂੰ ਵੇਖ ਕੇ ਰਾਜ ਭਾਗ ਦੇ ਵਾਧੇ ਦਾ ਆਸ਼ੀਰਵਾਦ ਦਿੱਤਾ। ਰਾਣੀ ਰਾਏਪੁਰ ਤੋਂ ਮਾਣਕ ਟਪਰੇ ਪੁੱਜੇ ਅਤੇ ਇੱਥੋਂ ਨਾਢਾ ਪਿੰਡ ਪਾਸ ਇੱਕ ਉੱਚੇ ਟਿੱਬੇ ਉਤੇ ਡੇਰਾ ਲਾ ਲਿਆ। ਇਸ ਅਸਥਾਨ ਉੱਪਰ ਗੁਰੂ ਜੀ ਨਾਲ ਕਈ ਸਿੱਖ ਸੇਵਕ, ਸ਼ਸਤਰਧਾਰੀ ਯੋਧੇ, ਘੋੜ ਸਵਾਰ ਤੇ ਜੰਗੀ ਸੂਰਮੇ ਮੌਜੂਦ ਸਨ। ਉਨ੍ਹਾਂ ਦਿਨਾਂ ਵਿੱਚ ਇਹ ਪਰਗਨਾ ਜੰਗਲੀ ਇਲਾਕਾ ਸੀ। ਇੱਥੇ ਭਾਈ ਮੱਖਣ ਸ਼ਾਹ ਲੁਬਾਣਾ ਦੇ ਖ਼ਾਨਦਾਨ ਵਿੱਚੋਂ ਕੁਝ ਲੋਕ ਆਬਾਦ ਸਨ। ਨਾਡੂ ਸ਼ਾਹ ਨਾਂ ਦੇ ਧਰਮੀ ਬੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਜੀ ਆਇਆਂ ਕਿਹਾ। ਉਸ ਨੇ ਗੁਰੂ ਜੀ ਤੇ ਸਿੱਖ ਸੇਵਕਾਂ ਦੀ ਬੜੀ ਸੇਵਾ ਕੀਤੀ। ਉਸ ਦੀ ਟਹਿਲ ਸੇਵਾ ਨੂੰ ਵੇਖ ਕੇ ਦਸਵੇਂ ਪਾਤਸ਼ਾਹ ਬਹੁਤ ਪ੍ਰਸੰਨ ਹੋਏ। ਗੁਰੂ ਜੀ ਨੇ ਇੱਥੋਂ ਤੁਰਨ ਮੌਕੇ ਨਾਡੂ ਸ਼ਾਹ ਨੂੰ ਵਰ ਬਖ਼ਸ਼ਿਆ ਤੇ ਕਿਹਾ, ‘’ਤੇਰੀ ਸੇਵਾ ਕਰਕੇ ਹੀ ਇਹ ਅਸਥਾਨ ਨਾਢਾ ਦੇ ਨਾਂ ਨਾਲ ਪ੍ਰਸਿੱਧ ਹੋਵੇਗਾ ਤੇ ਸਦਾ ਲਈ ਤੇਰਾ ਨਾਂ ਕਇਮ ਹੋਵੇਗਾ।’’ ਇਹ ਸਥਾਨ ਹਰਿਆਣਾ ਦੇ ਜ਼ਿਲ੍ਹਾ ਪੰਚਕੂਲਾ ਦੇ ਸੈਕਟਰ 23 ਵਿੱਚ ਸਥਿਤ ਹੈ। ਇੱਥੋਂ ਦੇ ਕੀਰਤਨ ਦਾ ਰਸ ਥੋੜ੍ਹੀ ਦੂਰ ਹੀ ਹਿਮਾਚਲ-ਪੰਜਾਬ ਤੇ ਚੰਡੀਗੜ੍ਹ ਦੀਆਂ ਹਵਾਵਾਂ ਵਿੱਚ ਘੁਲ ਮਿਲ ਜਾਂਦਾ ਹੈ। ਗੁਰਦੁਆਰੇ ਦੇ ਪੂਰਬ ਵਾਲੇ ਪਾਸੇ ਕੱਚੀਆਂ ਪਹਾੜੀਆਂ ਹਨ, ਜੋ ਗੁਰਦੁਆਰੇ ਦੀ ਸੁੰਦਰਤਾ ਵਿੱਚ ਚਾਰ ਚੰਨ ਲਾਉਂਦੀਆਂ ਹਨ। ਦਰਬਾਰ ਸਾਹਿਬ ਦੀ ਸੁੰਦਰਤਾ ਬਹੁਤ ਮਨਮੋਹਕ ਹੈ। ਉੱਪਰ ਵੱਡਾ ਗੁੰਬਦ ਫਿਰ ਨਿੱਕੇ ਨਿੱਕੇ ਗੁੰਬਦਾਂ ਵਿੱਚ ਸਜਿਆ ਹੋਇਆ ਗੁਰਦੁਆਰਾ ਸੁੰਦਰ ਦਿੱਖ ਪੈਦਾ ਕਰਦਾ ਹੈ। ਇੱਥੇ ਨਿਤਨੇਮ ਤੋਂ ਬਾਅਦ ਸਾਰਾ ਦਿਨ ਕੀਰਤਨ ਹੁੰਦਾ ਹੈ। ਇੱਥੇ ਪੂਰਨਮਾਸ਼ੀ ਮੌਕੇ ਅਤੇ ਐਤਵਾਰ ਨੂੰ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰੀ ਭਰਦੀਆਂ ਹਨ। ਹਰ ਪੂਰਨਮਾਸ਼ੀ ਨੂੰ ਅੰਮ੍ਰਿਤ ਸੰਚਾਰ ਹੁੰਦਾ ਹੈ। ਦਰਬਾਰ ਸਾਹਿਬ ਦੇ ਪਿਛਲੇ ਪਾਸੇ ਅਖੰਡ ਪਾਠ ਕਰਵਾਉਣ ਲਈ ਕਮਰੇ ਬਣੇ ਹੋਏ ਹਨ। ਸੱਜੇ ਹੱਥ ਲੰਗਰ ਹਾਲ ਹਨ। ਲੰਗਰ ਹਾਲ ਦੀ ਛੱਤ ਉੱਪਰ ਮਿੰਨੀ ਦੀਵਾਨ ਹਾਲ ਹੈ, ਜਿੱਥੇ ਆਨੰਦ ਕਾਰਜ ਤੇ ਸੁਖਮਨੀ ਸਾਹਿਬ ਦੇ ਪਾਠ ਤੇ ਹੋਰ ਪ੍ਰੋਗਰਾਮ ਹੁੰਦੇ ਰਹਿੰਦੇ ਹਨ। ਖੱਬੇ ਪਾਸੇ ਵੱਡਾ ਦੀਵਾਨ ਹਾਲ ਬਣ ਕੇ ਤਿਆਰ ਹੋ ਰਿਹਾ ਹੈ। ਉਸ ਦੇ ਨਾਲ ਹੀ ਦੰਦਾਂ ਦੀ ਡਿਸਪੈਂਸਰੀ ਹੈ। ਇਸ ਦੇ ਪਿਛਲੇ ਪਾਸੇ ਪਾਣੀ ਦੀ ਟੈਂਕੀ ਹੈ। ਉਸ ਤੋਂ ਅੱਗੇ ਮੁਲਾਜ਼ਮਾਂ ਦੇ ਰਹਿਣ ਲਈ ਕਮਰੇ ਬਣੇ ਹੋਏ ਹਨ। ਗੁਰਦੁਆਰੇ ਵਿੱਚ ਪਾਰਕਿੰਗ ਦਾ ਵੀ ਖੁੱਲ੍ਹਾ ਪ੍ਰਬੰਧ ਹੈ। ਪਾਰਕਿੰਗ ਦੇ ਨਾਲ ਹੀ ਗੁਰੂ ਗੋਬਿੰਦ ਸਿੰਘ ਨਿਵਾਸ ਹੈ, ਜਿਸ ਵਿੱਚ ਸੰਗਤਾਂ ਦੇ ਠਹਿਰਨ ਲਈ 130 ਕਮਰੇ ਬਣੇ ਹੋਏ ਹਨ। ਨਿਵਾਸ ਸਥਾਨ ਦੇ ਥੱਲੇ ਕਾਰ ਸੇਵਾ ਵਾਲੇ ਬਾਬਿਆਂ ਦਾ ਰਹਿਣ ਬਸੇਰਾ ਡੇਰਾ ਹੈ, ਜੋ ਗੁਰਦੁਆਰਾ ਸਾਹਿਬ ਦੀਆਂ ਇਮਾਰਤਾਂ ਨੂੰ ਤਿਆਰ ਕਰ ਰਹੇ ਹਨ।