ਬਹਾਦਰ ਬੀਬੀ ਬਲਬੀਰ ਕੌਰ
ਬਹਾਦਰ ਬੀਬੀ ਬਲਬੀਰ ਕੌਰ ( ਸ਼ਹੀਦ )
ਗੁਰਦੁਆਰਾ ਸੁਧਾਰ ਵੇਲੇ ਰਿਆਸਤ ਨਾਭਾ ਦੇ ਰਾਜੇ ਨੇ ਸਿੱਖਾਂ ਨਾਲ ਹਮਦਰਦੀ ਪ੍ਰਗਟਾਈ ਸੀ । ਜਿਸ ਦੇ ਸਿੱਟੇ ਵਜੋਂ ਅੰਗਰੇਜ਼ਾਂ ਨੇ ਉਸ ਨੂੰ ਗੱਦੀ ਤੋਂ ਲਾਹ ਕੇ ਉਸ ਦੀ ਥਾਂ ਇਕ ਗੋਰਾ ਰੈਜ਼ੀਡੈਂਟ ਨੀਅਤ ਕਰ ਕੇ ਰਿਆਸਤ ਦਾ ਪ੍ਰਬੰਧ ਸਰਕਾਰ ਨੇ ਆਪਣੇ ਹੱਥ ਚ ਲੈ ਲਿਆ ਸੀ । ਇਸ ਦੀ ਬਹਾਲੀ ਖਾਤਿਰ ਗੰਗਸਰ ਜੈਤੋ ਦੇ ਗੁਰਦੁਆਰੇ ਵਿੱਚ ਸਿੱਖਾਂ ਨੇ ਅਖੰਡ ਪਾਠ ਰਖਾਇਆ । ਗੋਰੀ ਸਰਕਾਰ ਨੇ ਅਖੰਡ ਪਾਠ ਵਿਚੇ ਰੋਕ ਪਾਠੀਆਂ ਤੇ ਹੋਰ ਸਿੱਖਾਂ ਨੂੰ ਗ੍ਰਿਫ਼ਤਾਰ ਕਰ ਲਿਆ । ਇਸ ਕਾਰਵਾਈ ਵਿਰੁੱਧ ਸਿੱਖਾਂ ‘ ਚ ਬੜਾ ਰੋਸ ਉਪਜਿਆ । ਉਧਰ ਗੋਰੀ ਸਰਕਾਰ ਏਥੇ ਜਾਣੋ ਸਿੱਖਾਂ ਨੂੰ ਰੋਕਦੀ । ਇਸ ਸ਼ਹੀਦੀ ਜਥੇ ਵਿਚ ਇਕ ਬੀਬੀ ਬਲਬੀਰ ਕੌਰ ਨੇ ਵੀ ਨਾਲ ਰਲ ਕੇ ਆਪਣੇ ਦੋ ਸਾਲ ਦੇ ਲਾਡਲੇ ਨਾਲ ਸ਼ਹੀਦੀ ਪ੍ਰਾਪਤ ਕੀਤੀ । ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਗੁਰਧਾਮਾਂ ਵਿਚ ਬਿਠਾਏ ਗਏ ਮਹੰਤਾਂ ਨੇ ਆਪਣੀ ਸਾਦੀ ਜ਼ਿੰਦਗੀ ਗੁਜ਼ਾਰਨ ਦੀ ਥਾਂ ਬੜੇ ਐਸ਼ੋ ਆਰਾਮਾਂ ਤੇ ਗੁਰਧਾਮਾਂ ‘ ਚ ਚੜਾਇਆ ਚੜਾਵਾ , ਗੁਰਧਾਮਾਂ ਨਾਲ ਲਾਈ ਜ਼ਮੀਨ ਦੀ ਆਮਦਨ ਨੂੰ ਭ੍ਰਿਸ਼ਟ ਢੰਗਾਂ ਨਾਲ ਉਜਾੜਨ ਲਗੇ । ਇਨ੍ਹਾਂ ਦੇ ਭੈੜੇ ਪ੍ਰਬੰਧ ਵਿਰੁੱਧ ਸਿੱਖਾਂ ਵਲੋਂ ਗੁਰਦੁਆਰਾ ਸੁਧਾਰ ਲਹਿਰ ਚਲਾਈ ਗਈ । ਮਹੰਤਾਂ ਤੇ ਪੁਜਾਰੀਆਂ ਪਾਸੋਂ ਗੁਰਧਾਮ ਆਜ਼ਾਦ ਕਰਾਏ । ਨਾਭੇ ਦੀ ਰਿਆਸਤ ਦਾ ਰਾਜਾ ਰਿਪੁਦਮਨ ਸਿੰਘ ਸਿੱਖਾਂ ਦੀ ਇਸ ਲਹਿਰ ‘ ਚ ਹਮਦਰਦ ਸੀ । ਉਧਰ ਪਟਿਆਲੇ ਤੇ ਨਾਭੇ ਦੀ ਰਿਆਸਤ ਦਾ ਕੁਝ ਆਪਸੀ ਝਗੜਾ ਹੋ ਗਿਆ । ਗੋਰੀ ਸਰਕਾਰ ਜਿਹੜੀ ਕਿ ਮਹੰਤਾਂ ਦੀ ਪਿੱਠ ਠੋਕਦੀ ਸੀ , ਇਸਨੂੰ ਰਿਪੁਦਮਨ ਸਿੰਘ ਨੂੰ ਸਜਾ ਦੇਣ ਦਾ ਅਵਸਰ ਮਿਲ ਗਿਆ । ਉਸ ਨੇ ਰਾਜਾ ਰਿਪੁਦਮਨ ਸਿੰਘ ਨੂੰ ਗੱਦੀਓਂ ਲਾਹ ਕੇ ਇਸ ਦੀ ਰਿਆਸਤ ਦਾ ਪ੍ਰਬੰਧ ਆਪਣੇ ਅਧੀਨ ਕਰ ਲਿਆ । ਇਕ ਅੰਗਰੇਜ਼ ਰੈਜ਼ੀਡੈਂਟ ਰਿਆਸਤ ਦੇ ਪ੍ਰਬੰਧ ਲਈ ਨੀਅਤ ਕਰ ਦਿੱਤਾ । ਇਸ ਦੇ ਪ੍ਰਤੀਕਰਮ ਵਜੋਂ ਸਿੱਖਾਂ ਨੇ ਨਾਭੇ ਰਿਆਸਤ ਦੇ ਇਤਿਹਾਸਕ ਗੁਰਧਾਮ ਜੈਤੋ ਵਿਚ ਇਕ ਰੋਸ ਇਕੱਤਰਤਾ ਰੱਖ ਲਈ ਤੇ ਇਥੇ ਅਖੰਡ ਪਾਠ ਰਖਾ ਦਿੱਤਾ । ਰਾਜੇ ਦੀ ਚੜ੍ਹਦੀ ਕਲਾ ਲਈ ਇਕੱਤਰਤਾ ਵਾਲੇ ਦਿਨ ਭੋਗ ਪੈਣਾ ਸੀ । ਸਰਕਾਰ ਨੇ ਇਹ ਅਖੰਡ ਪਾਠ ਖੰਡਣ ਕਰ ਦਿੱਤਾ । ਪਾਠੀਆਂ ਨੂੰ ਤੇ ਉਥੇ ਵਿਚਰ ਰਹੇ ਸਿੱਖਾਂ ਨੂੰ ਕੈਦ ਕਰ ਦਿੱਤਾ । ਸਿੱਖ ਪਹਿਲਾਂ ਹੀ ਬੜੇ ਗੁੱਸੇ ‘ ਚ ਸਨ । ਉਹ ਇਸ ਘ ž ਨੀ ਤੇ ਭੈੜੀ ਨੀਤੀ ਵਿਰੁੱਧ ਭੜਕ ਉਠੇ ਕਿ ਗੋਰੀ ਸਰਕਾਰ ਹੁਣ ਸਿੱਖਾਂ ਦੇ ਧਾਰਮਿਕ ਸਮਾਗਮਾਂ ਵਿਚ ਵੀ ਦਖਲ ਦੇਣ ਲਗ ਪਈ ਹੈ । ਕਿਉਂਕਿ ਸਿੱਖਾਂ ਨੇ ਕੁਰਬਾਨੀਆਂ ਦੇ ਨਨਕਾਣਾ ਸਾਹਿਬ , ਗੁਰੂ ਕਾ ਬਾਗ ਅਤੇ ਹੋਰ ਇਤਿਹਾਸਕ ਗੁਰਧਾਮਾਂ ਨੂੰ ਸੁਤੰਤਰ ਕਰਾ ਲਿਆ ਸੀ । ਉਸ ਵੇਲੇ ਦੀ ਸੱਜਰੀ ਥਾਪੀ ਗਈ ਗੁਰਦੁਆਰਾ ਕਮੇਟੀ , ਸਿੱਖਾਂ ਵਲੋਂ ਰਖੇ ਗਏ ਅਖੰਡ ਪਾਠ ਦੇ ਖੰਡਣ ਹੋਏਂ ਦਾ ਅਪਮਾਨ ਨਾ ਜਰਦਿਆਂ ਉਥੇ ਹੀ ਇਸ ਖੰਡਣ ਹੋ ਚੁਕੇ ਅਖੰਡ ਪਾਠ ਦੇ ਪਸ਼ਚਾਤਾਪ ਵਜੋਂ ਹੋਰ ਅਖੰਡ ਪਾਠ ਰਖਵਾਣਾ ਚਾਹੁੰਦੀ ਸੀ । ਪਰ ਉਧਰ ਗੋਰੀ ਸਰਕਾਰ ਏਥੇ ਅਖੰਡ ਪਾਠ ਦਾ ਹੋਣਾ ਆਪਣੀ ਹੇਠੀ ਸਮਝਣੀ ਸੀ । ਉਸ ਨੇ ਸਿੱਖਾਂ ਨੂੰ ਏਥੇ ਅਖੰਡ ਪਾਠ ਰਖਣੇ ਜ਼ਬਰਨ ਰੋਕਣਾ ਚਾਹਿਆ । ਸ੍ਰੀ ਅਕਾਲ ਤਖ਼ਤ ਪੁਰ ਮਤਾ ਕਰਕੇ ਇਸ ਕਾਰਜ ਲਈ ਇਥੋਂ ਰੋਜ਼ 500 ਸਿੱਖਾਂ ਦਾ ਸ਼ਾਂਤਮਈ ਰਹਿਣ ਦਾ ਪ੍ਰਣ ਕਰਕੇ ਜੱਥਾ ਜੈਤੋ ਨੂੰ ਪੈਦਲ ਤੋਰਿਆ ਜਾਂਦਾ । ਇਹ ਖਬਰ ਸੁਣ ਕੇ ਹਜ਼ਾਰਾਂ ਦੀ ਗਿਣਤੀ ਵਿਚ ਸਿੱਖ ਕੁਰਬਾਨੀ ਦੇਣ ਲਈ ਅੰਮ੍ਰਿਤਸਰ ਪੁਜ ਗਏ । 24 ਫਰਵਰੀ 1924 ਨੂੰ ਇਹ ਨਿਸ਼ਕਾਮ ਜਥਾ ਸ਼ਾਂਤਮਈ ਰਹਿਣ ਦਾ ਪ੍ਰਣ ਕਰਕੇ ਸ੍ਰੀ ਅਕਾਲ ਤਖਤ ਤੇ ਅਰਦਾਸ ਕਰਕੇ ਤੁਰਿਆ । ਪਰ ਬੀਬੀਆਂ ਨੂੰ ਇਸ ਜਥੇ ਵਿਚ ਭਾਗ ਲੈਣ ਤੋਂ ਵਰਜ ਦਿੱਤਾ ਗਿਆ । ਕੋਸਰੀ ਸ਼ਹੀਦੀ ਬਾਣੇ , ਸੀਸ ਪਰ ਕਾਲੀਆਂ ਦਸਤਾਰਾਂ , ਕਾਲੇ ਗਾਤਰੇ ਪਾ ਜੈਕਾਰਿਆਂ ਦੀ ਗੂੰਜ ਪਾਉਂਦਾ ਪਹਿਲਾਂ ਜਥਾ ਨਾਉ ਰਿਆਸਤ ਵਲ ਤੁਰ ਪਿਆ । ਰਸਤੇ ਵਿਚ ਥਾਂ ਥਾਂ ਜਥੇ ਦਾ ਸਿੱਖ ਸੰਗਤਾਂ ਸੁਆਗਤ ਕਰਦੀਆਂ ਹਰ ਪ੍ਰਕਾਰ ਦਾ ਲੰਗਰ ਲੱਸੀ ਪਾਣੀ ਆਦਿ ਨਾਲ ਜਿਥੇ ਰਾਤ ਅਟਕਣਾ ਹੁੰਦਾ ਉਥੇ ਪਹਿਲਾਂ ਹੀ ਸਾਰੇ ਸਿੱਖਾਂ ਲਈ ਹਰ ਪ੍ਰਕਾਰ ਦੇ ਆਰਾਮ ਕਰਨ ਤੇ ਲੰਗਰ ਦਾ ਪ੍ਰਬੰਧ ਕੀਤਾ ਹੁੰਦਾ ਸੀ । ਰਾਹ ਵਿਚ ਸ਼ਬਦ ਪੜ੍ਹਦੇ ਸਿੱਖ ਮਸਤੀ ਚ ਝੂਮਦੇ ਜਾਂਦੇ । ਪਹਿਲਾਂ ਕੁਝ ਬੀਬੀਆਂ ਰਸਤੇ ਵਿਚ ਲੰਗਰ ਆਦਿ ਤਿਆਰ ਕਰਨ ਲਈ ਨਾਲ ਚਲ ਪਈਆਂ ਸਨ ਪਰ ਜਦੋਂ ਰਸਤੇ ਵਿਚ ਹਰ ਪ੍ਰਕਾਰ ਦੀ ਖਾਣ ਪੀਣ ਦੀ ਸਹੂਲਤ ਮਿਲਣ ਲਗੀ ਤਾਂ ਬੀਬੀਆਂ ਨੂੰ ਵਾਪਸ ਆਪਣੀ ਘਰੀ ਪਰਤਣ ਲਈ ਜਥੇਦਾਰ ਨੇ ਕਹਿ ਦਿੱਤਾ । ਪਰ ਇਨ੍ਹਾਂ ਨਾਲ ਅਰਦਾਸਾ ਸੋਧ ਤੇ ਪ੍ਰਣ ਕਰਕੇ ਆਈ ਬੀਬੀ ਬਲਬੀਰ ਕੌਰ ਆਪਣੇ ਬਹਾਦਰ ਸਿੱਖ ਵੀਰਾਂ ਦਾ ਸਾਥ ਨਹੀਂ ਸੀ ਛਡਣਾ ਚਾਹੁੰਦੀ । ਇਹ ਫਿਰ ਜਥੇ ਦੇ ਨਾਲ ਤੁਰ ਪਈ । ਜਦੋਂ ਜਥੇਦਾਰ ਨੇ ਜ਼ੋਰ ਦੇ ਕੇ ਵਾਪਸ ਪਰਤਨ ਲਈ ਕਿਹਾ ਤਾਂ ਬੀਬੀ ਦੇ ਨੈਣਾਂ ‘ ਚੋਂ ਹੰਝੂ ਕਿਰਨ ਲਗੇ ਤੇ ਉਥੇ ਸਾਹਾਂ ਵਿਚ ਕਹਿਣ ਲਗੀ ਵੀਰੋ ! ਸਾਡੇ ਦਸਮੇਸ਼ ਪਿਤਾ ਜੀ ਨੇ ਇਸਤਰੀ ਨੂੰ ਮਰਦਾਂ ਬਰਾਬਰ ਹੱਕ ਦਿੱਤੇ ਹਨ ਤੁਸੀਂ ਮੈਨੂੰ ਇਸ ਧਰਮ ਯੁੱਧ ਵਿਚ ਕੁਰਬਾਨੀ ਦੇਣੋ ਕਿਉਂ ਵਰਜਦੇ ਹੋ ? ਜੇ ਮਾਤਾ ਭਾਗੋ ਵੀਰਾਂ ਨਾਲ ਜਾ ਸਕਦੀ ਹੈ ਮੈਂ ਕਿਉਂ ਨਹੀਂ ਜਾ ਸਕਦੀ । ਮੈਂ ਪੁਰ ਅਮਨ ਰਹਿ ਕੇ ਕੁਰਬਾਨੀ ਦੇਵਾਂਗੀ , ਮੈਂ ਮੌਤ ਤੋਂ ਨਹੀਂ ਡਰਦੀ । ” ਬੀਬੀ ਦੀਆਂ ਤਰਲੇ ਭਰੀਆਂ ਗੱਲਾਂ ਸੁਣ ਕੇ ਜਥੇਦਾਰ ਚੁਪ ਹੋ ਗਿਆ । ਬਹਾਦਰ ਬੀਬੀ ਆਪਣਾ ਨੰਨਾ ਮੁਨਾ ਬੱਚਾ ਚੁੱਕੀ ਜਥੇ ਦੇ ਪਿਛੇ ਤੁਰ ਪਈ । ਬੀਬੀ ਭਰ ਜੁਆਨ , ਸੁਸ਼ੀਲ , ਸੁਣਖੀ , ਨਿਰਭੈਅਤਾ ਤੇ ਦਲੇਰ ਸੁਭਾ ਦੀ ਮਾਲਕ ਸੀ । ਮੁਖੜੇ ਤੇ ਗੰਭੀਰਤਾ , ਦ੍ਰਿੜ੍ਹਤਾ ਤੇ ਕੁਰਬਾਨੀ ਦਾ ਜਜ਼ਬਾ ਪ੍ਰਤੀਤ ਹੁੰਦਾ ਸੀ । ਸਮਝੋ ਇਕ ਕੁਰਬਾਨੀ ਤੇ ਨਿਰਭੈਅਤਾ ਦੀ ਦੇਵੀ ਹੈ । ਕੁਛੜ ਦੋ ਸਾਲਾਂ ਦਾ ਮਾਸੂਮ ਲਾਡਲਾ ਸਾਰੇ ਜਥੇ ਦੀ ਇਕ ਬਾਜ਼ੀ ਦੀ ਨਿਆਈ ਹੈ । ਹਰ ਇਕ ਪਾਸ ਬੜਾ ਖੁਸ਼ ਹੋ ਕੇ ਚਲਾ ਜਾਂਦਾ ਹੈ । ਜਦੋਂ ਸਿੰਘ ਸ਼ਬਦ ਪੜ੍ਹਦੇ ਜੈਕਾਰੇ ਬੁਲਾਉਂਦੇ ਹਨ ਤਾਂ ਬੱਚਾ ਕਦੇ ਕਿਸੇ ਦੇ ਮੂੰਹ ਵਲ ਵੇਖਦਾ ਹੈ ਕਦੇ ਕਿਸੇ ਤੋਂ ਮੂੰਹ ਵਲ । ਪੈਂਡਾ ਕਰਦੇ ਕਰਦੇ ਜੈਤੋ ਦੇ ਲਾਗੇ ਪੁੱਜ ਗਏ ਹਨ । ਅਗੋਂ ਕਨਸੋਆਂ ਮਿਲ ਰਹੀਆਂ ਹਨ ਕਿ ਸਰਕਾਰ ਨੇ ਅਗੇ ਮਸ਼ੀਨਗੰਨਾਂ ਬੀੜੀਆਂ ਹੋਈਆਂ ਹਨ । ਜੈਤੋ ਚ ਵੜਨ ਲਗਿਆਂ ਜਥੇਦਾਰ ਨੇ ਸਿੰਘਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤੁਹਾਨੂੰ ਪਤਾ ਹੀ ਹੈ ਅਗੈ ਗੋਰੀ ਸਰਕਾਰ ਨੇ ਮਸ਼ੀਨਾਂ ਬੀੜੀਆਂ ਹੋਈਆਂ ਹਨ । ਇਸ ਤੋਂ ਅਗੇ ਕੈਵਲ ਉਹ ਸਿੰਘ ਜਾਣ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸ ‘ ਚ ਸ਼ਾਮਲ ਹਨ । ਜਿਨ੍ਹਾਂ ਨੇ ਪੂਰੇ ਅਮਨ ਰਹਿਣ ਦਾ ਪ੍ਰਣ ਕੀਤਾ ਹੈ ਬਾਕੀ ਸਭ ਵਾਪਸ ਪਰਤ ਜਾਣ । ਜਥੇ ਦੇ ਨਾਲ ਰਸਤੇ ‘ ਚੋਂ ਕਾਫੀ ਸਿੱਖ ਨਾਲ ਰਲ ਗਏ ਸਨ । ਕੁਝ ਤਾਂ ਵਾਪਸ ਚਲੇ ਗਏ ਕੁਝ ਚੋਰੀ ਅਗੇ ਜਾਣ ਲਗੇ , ਇਹ ਸੋਚ ਕੇ ਕਿ ਜੇ ਗੋਲੀ ਚੱਲੀ ਤਾਂ ਅਸੀਂ ਵੀ ਸ਼ਹੀਦੀ ਜਾਮ ਪੀ ਲਵਾਂਗੇ । ਜਦੋਂ ਜਥੇਦਾਰ ਨੇ ਬੀਬੀ ਬਲਬੀਰ ਕੌਰ ਨੂੰ ਸ਼ਹੀਦੀ ਜਥੇ ਦਾ ਪਿੱਛਾ ਕਰਦੀ ਡਿੱਠਾ ਤਾਂ ਖੜਾ ਹੋ ਕੇ ਕਹਿਣ ਲਗਾ ਕਿ ‘ ਭੈਣ ਜੀ ! ਅਗੇ ਗੰਨਾਂ ਦੇ ਫਾਇਰ ਖੁਲਣ ਦਾ ਡਰ ਹੈ ਤੁਸੀਂ ਹੁਣ ਅਗੇ ਨਹੀਂ ਜਾਣਾ ਪਿਛੇ ਮੁੜ ਜਾਓ ਨਿੱਕਾ ਮਾਸੁਮ ਕੁਛੜ ਚੁਕਿਆ ਹੋਇਆ ਹੈ । ਇਸ ਦੀ ਜਾਨ ਦਾ ਵਾਸਤਾ ਜੇ , ਇਸ ਦਾ ਖਿਆਲ ਕਰੋ ਇਸ ਦਾ ਕੀ ਬਣੇਗਾ । ਅਗੋਂ ਬੀਬੀ ਜੀ ਹੱਥ ਜੋੜ ਕੇ ਕਹਿਣ ਲਗੀ , “ ਵੀਰ ਜੀ ਮੈਨੂੰ ਰੋਕੋ ਨਾ ਮੈਂ ਵੀ ਵੀਰਾਂ ਨਾਲ ਦਸ਼ਮੇਸ਼ ਪਿਤਾ ਜੀ ਦਾ ਅੰਮ੍ਰਿਤ ਛਕਿਆ ਹੈ । ਉਸ ਵੇਲੇ ਆਪਣਾ ਸੀਸ ਗੁਰੂ ਜੀ ਦੇ ਹਵਾਲੇ ਕੀਤਾ ਸੀ । ਮੈਂ ਭਾਗਾਂ ਵਾਲੀ ਹੋਵਾਂਗੀ ਜੇ ਮੈਂ ਆਪਣੇ ਪੁੱਤਰ ਸਮੇਤ ਆਪਣੇ ਭਰਾਵਾਂ ਦੇ ਨਾਲ ਰਲ ਕੇ ਆਪਣਾ ਸੀਸ ਗੁਰੂ ਜੀ ਦੇ ਅਰਪਨ ਕਰਾਂ । ਮੈਂ ਬਹਾਦਰ ਵੀਰਾਂ ਨੂੰ ਛਡ ਕੇ ਅਧਰਮਨ ਨਹੀਂ ਹੋਣਾ ਚਾਹੁੰਦੀ ਤੇ ਵੀਰਾਂ ਦੇ ਨਾਲ ਹੀ ਮੇਰੇ ਲਾਡਲੇ ਨੂੰ ਕੌਮ ਦੀ ਸੇਵਾ ਕਰਨ ਦਾ ਅਵਸਰ ਮਿਲੇਗਾ ਤੇ ਮੇਰਾ ਦੁੱਧ ਸਫਲ ਹੋਵੇਗਾ । ਉਪਰੋਕਤ ਸ਼ਬਦ ਬੋਲਦਿਆਂ ਬੀਬੀ ਜੀ ਭਾਵੁਕ ਹੋ ਗਈ ਤੇ ਗਲਾ ਭਰ ਗਿਆ ਬੋਲਿਆ ਨਾ ਗਿਆ , ਫਿਰ ਬੋਲੀ “ ਮੇਰੇ ਵੀਰੋ ਅਜਿਹਾ ਸੁਭਾਗਾ ਕੁਰਬਾਨੀ ਦਾ ਅਵਸਰ ਮੁੜ ਹੱਥ ਨਹੀਂ ਆਉਣਾ ਮੈਨੂੰ ਨਾ ਰੋਕੋ । ਹੁਣ ਹੋਰਨਾਂ ਨੇ ਵੀ ਉਸ ਨੂੰ ਉਸ ਦੇ ਬੱਚੇ ਦਾ ਵਾਸਤਾ ਪਾ ਕੇ ਪਿਛੇ ਮੁੜਨ ਲਈ ਕਿਹਾ । ਪਰ ਉਸ ਦੀ ਆਤਮਾ ਇਸ ਕੁਰਬਾਨੀ ਦੇ ਕੁੰਭ ਵਿਚ ਕੁੱਦਣ ਲਈ ਮਜਬੂਰ ਕਰ ਰਹੀ ਸੀ । ਬੀਬੀ ਨੇ ਕਿਸੇ ਦੀ ਇਕ ਨਾ ਮੰਨੀ , ਦਿਲ ਨਹੀਂ ਛਡਿਆ । ਹਾਰ ਕੇ ਉਸ ਨੂੰ ਕੁਰਬਾਨੀ ਦੇਣ ਨੂੰ ਕਿਸੇ ਨਹੀਂ ਰੋਕਿਆ ॥ ਅਗੇ ਪੰਜ ਪਿਆਰੇ ਕੇਸਰੀ ਨਿਸ਼ਾਨ ਸਾਹਿਬ ਉਠਾਏ ਸ਼ਹੀਦੀ ਕੇਸਰੀ ਬਾਣੇ ਸਜਾ ਕਾਲੀਆਂ ਦਸਤਾਰਾਂ , ਸੀਸ ਪਰ ਕੇਸਰੀ ਠਾਠੇ ਸਾਰਾ ਜਥਾ ਪਿਛੇ ਮਟਕ ਮਟਕ ਹਸੂੰ ਹਸੂੰ ਕਰਦੇ ਖਿੜੇ ਮੱਥੇ ਮੌਤ ਲਾੜੀ ਨੂੰ ਵਰਨ ਜਾ ਰਹੇ ਹਨ । ਕਿਸੇ ਦੇ ਮੁਖੜੇ ਤੇ ਉਦਾਸੀ ਜਾਂ ਨਿਰਾਸਤਾ ਦਾ ਕੋਈ ਚਿੰਨ੍ਹ ਨਹੀਂ ਹੈ । ਸੰਤ ਸਿਪਾਹੀ ਵਾਹਿਗੁਰੂ ਦਾ ਜਾਪ ਕਰਦੇ ਜਾ ਰਹੇ ਹਨ । ਬੜੇ ਅਨੁਸ਼ਾਸ਼ਕ ਢੰਗ ਨਾਲ ਜਥੇਦਾਰ ਦੀ ਅਗਵਾਈ ਵਿਚ ਮਸਤ ਚਾਲ ਚਲ ਰਹੇ ਹਨ । ਰਸਤੇ ਵਿਚ ਹਰ ਥਾਂ ਹਰ ਧਰਮ ਦੇ ਲੋਕਾਂ ਨੇ ਇਨ੍ਹਾਂ ਨੂੰ ਜੀ ਆਇਆਂ ਕਿਹਾ ਹੁਣ ਨਾਭਾ ਰਿਆਸਤ ਦੀ ਹੱਦ ਸ਼ੁਰੂ ਹੋ ਗਈ ਹੈ । ਪੁਲਿਸ ਨੇ ਜਥੇ ਨੂੰ ਤਾੜਨਾ ਦੇ ਕੇ ਸ਼ਹੀਦੀ ਜਥੇ ਦੇ ਰੂਪ ਵਿਚ ਆਏ ਹਨ । ਇਹ ਪਿਛੇ ਤਾਂ ਨਹੀਂ ਪਰਤ ਸਕਦੇ ਹੈ । ਰਾਹ ਵਿਚ ਇਨ੍ਹਾਂ ਉਪਰ ਫੁਲਾਂ ਤੇ ਅਤਰ ਫੁਲੇਲਾਂ ਦੀ ਵਰਖਾ ਹੁੰਦੀ ਰਹੀ ਹੈ । ਬੜਾ ਆਦਰ ਤੇ ਸਤਿਕਾਰ ਮਿਲਦਾ ਰਿਹਾ ਹੈ । ਕਰਦਿਆਂ ਕਿਹਾ ਕਿ ਅਗੋਂ ਤੁਹਾਡੇ ਲਈ ਗੰਨਾਂ ਫਿਟ ਕੀਤੀਆਂ ਹਨ ਤੁਹਾਨੂੰ ਗੁਰਦੁਆਰੇ ਨਹੀਂ ਲੰਘਣ ਦੇਣਾ ਪਿਛੇ ਪਰਤ ਜਾਓ । ‘ ‘ ਅਗੋਂ ਜਥੇਦਾਰ ਨੇ ਕਿਹਾ “ ਸਿੰਘ ਅਰਦਾਸਾ ਕਰ ਕੇ ਮੌਤ ਨੂੰ ਗਲੇ ਲਾਉਣ ਲਈ ਤੁਰੇ ਹਾ ਗੋਲੀਆਂ ਖਾ ਸਕਦੇ ਹਾ ਵਾਪਸ ਨਹੀਂ ਪਰਤਾਂ ਗੇ । ਸ਼ੇਰ – ਦਿਲ ਬਹਾਦਰ ਤੇ ਜਾਂਬਾਜ਼ ਸੰਤ ਸਿਪਾਹੀ ਰੁਕੇ ਨਹੀਂ ਛਾਤੀਆਂ ਚੌੜੀਆਂ ਕਰਕੇ ਜਾ ਰਹੇ ਹਨ ਤਾਂ ਕਿ ਗੋਲੀਆਂ ਛਾਤੀਆਂ ਤੋਂ ਬਾਹਰ ਨਾ ਜਾਣ । ਹੁਣ ਜੈਤੋ ਨਗਰ ਵਿਚ ਦਾਖਲ ਹੋਏ ਹਨ । ਗੋਰੇ ਮਸ਼ੀਨਗੰਨਾਂ ਤਾਣੀ ਬੈਠੇ ਹਨ । ਉਧਰ ਸਿੰਘਾਂ ਨੇ ਜੈਕਾਰਾ ਛਡਿਆ ਉਧਰ ਅਗੇ ਗੋਲੀਆਂ ਦੇ ਮੀਂਹ ਨੇ ਇਨ੍ਹਾਂ ਦਾ ਸੁਆਗਤ ਕੀਤਾ ਹੈ । ਗੋਲੀਆਂ ਚਲ ਰਹੀਆਂ ਹਨ । ਸਿੰਘ ਹਾਥੀ ਦੀ ਤੋਰ ਮਸਤ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੇ ਸਮਝੇ ਖੂਨ ਦੀ ਹੋਲੀ ਖੇਡ ਰਹੇ ਹਨ । ਧਰਤੀ ਤੇ ਖੂਨ ਦੀ ਸੂਹੀ ਚਾਦਰ ਵਿਛ ਗਈ ਹੈ । ਕਿਸੇ ਨੇ ਪਿੱਠ ਨਹੀਂ ਵਿਖਾਲੀ ਬੜੀ ਜੁਰੱਅਤ ਨਾਲ ਨਿਰਭੈ ਹੋ ਕੇ ਅਗੇ ਵਧ ਵਧ ਹਿੱਕਾਂ ਡਾਹ ਸ਼ਹੀਦੀ ਜਾਮ ਪੀ ਰਹੇ ਹਨ । ਖੂਨ ਚੋ ਕੇ ਨਿਢਾਲ ਹੋ ਧਰਤੀ ‘ ਤੇ ਡਿੱਗ ਪੈਂਦੇ ਹਨ , ਫਿਰ ਬੜੇ ਹੌਸਲੇ ਨਾਲ ਉਠ ਕੇ ਗੋਲੀਆਂ ਅਗੇ ਆਪਣੀਆਂ ਹਿੱਕਾਂ ਡਾਹ ਡਾਹ ਕੇ ਸ਼ਹੀਦੀ ਜਾਮ ਪੀਤਾ । ਗੋਰੇ ਮਸ਼ੀਨਗੰਨਾਂ ਚਲਾਉਣ ਵਾਲੇ ਕਹਿੰਦੇ ਕਿ ਸਿੱਖ ਕਿਸ ਮਿੱਟੀ ਦੇ ਬਣੇ ਹਨ ਤੇ ਕਿਹੜੀ ਰੂਹ ਇਨ੍ਹਾਂ ਵਿਚ ਭਰੀ ਹੈ ਜਿਹੜੀ ਮੌਤ ਨੂੰ ਮਖੌਲ ਕਰਦੀ ਹੈ । ਬੀਬੀ ਬਲਬੀਰ ਕੌਰ ਆਪਣੇ ਲਾਡਲੇ ਨੂੰ ਗਲ ਨਾਲ ਲਾ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੀ ਅਗੇ ਵਧ ਰਹੀ ਹੈ । ਚਿਹਰੇ ਤੇ ਮੁਸਕਰਾਹਟ ਹੈ ਦਿਲ ਵਿਚ ਆਪਣੇ ਲਈ ਬਣੀ ਗੋਲੀ ਦੀ ਉਡੀਕ ਹੋ ਰਹੀ ਹੈ । ਏਨੇ ਚਿਰ ਨੂੰ ਇਕ ਗੋਲੀ ਮੱਥੇ ਵਿਚ ਲਗੀ ਹੈ । ਲਹੂ ਲੁਹਾਨ ਹੋ ਗਈ । ਨੰਨ੍ਹਾ ਵਗ ਰਹੇ ਲਹੂ ਨੂੰ ਆਪਣੇ ਹੱਥਾਂ ਨੂੰ ਲਾ ਕੇ ਖੇਡਦਾ ਖੁਸ਼ ਹੋ ਰਿਹਾ ਹੈ । ਗੋਲੀ ਖਾ ਕੇ ਵੀ ਅਗੇ ਵਧਦੀ ਜਾਂਦੀ ਹੈ । ਹੁਣ ਇਕ ਗੋਲੀ ਜਿਗਰ ਦੇ ਟੋਟੇ ਦੇ ਕੰਨਾਂ ਵਿਚ ਆ ਵੱਜੀ ਹੈ । ਉਸ ਨੂੰ ਅੰਤਮ ਵਾਰ ਹਿੱਕ ਨਾਲ ਲਾਉਂਦੀ ਚੁੰਮਦੀ ਚਟਦੀ ਹੈ , ਉਹ ਸ਼ਹੀਦੀ ਜਾਮ ਪੀ ਚੁੱਕਾ ਹੈ । ਇਸ ਨੂੰ ਹੇਠਾਂ ਰਖਦੀ , ਲਾਗੇ ਖੜ੍ਹੀ ਹੋ ਕੇ ਅਕਾਲ ਪੁਰਖ ਦਾ ਸ਼ੁਕਰਾਨਾ ਕਰਦਿਆਂ ਕਹਿੰਦੀ , “ ਧੰਨ ਭਾਗ ਹਨ ਮੇਰੇ , ਮੇਰੇ ਲਾਡਲਾ ਮੇਰੇ ਸਾਹਮਣੇ ਕੌਮ ਵਲੋਂ ਚਲਾਏ ਜਾ ਰਹੇ ਧਰਮ ਯੁੱਧ ਵਿੱਚ ਹਿੱਸਾ ਪਾ ਕੇ ਦਸ਼ਮੇਸ਼ ਪਿਤਾ ਜੀ ਦੇ ਚਰਨਾਂ ‘ ਚ ਜਾ ਬਿਰਾਜਿਆ ਹੈ । ਮੇਰੀ ਕੁੱਖ ਸਫਲ ਕਰਕੇ ਗਿਆ ਹੈ । ਤੇਰੀ ਬਖਸ਼ੀ ਦਾਤ ਤੁਹਾਡੇ ਹਵਾਲੇ ਹੈ । ਕੋਈ ਸ਼ਿਕਵਾ ਨਹੀਂ ਕੀਤਾ ਸਗੋਂ ਪ੍ਰਮਾਤਮਾ ਦਾ ਧੰਨਵਾਦ ਕੀਤਾ । ਕੋਈ ਚੀਖ ਨਹੀਂ ਮਾਰੀ , ਕਿਤੇ ਹਊਂ ਨਹੀਂ ਕਰੇ । ਬੜੇ ਹੌਸਲੇ , ਜੁਰੱਅਤ ਤੇ ਦ੍ਰਿੜਤਾ ਨਾਲ ਹੌਲੀ ਹੌਲੀ ਜਥੇ ਦੇ ਪਿਛੇ ਤੁਰ ਪਈ । ਬੱਚੇ ਦੀ ਕੋਈ ਪ੍ਰਵਾਹ ਨਹੀਂ ਕੀਤੀ , ਆਪਣੇ ਮਿਸ਼ਨ ‘ ਚ ਮੁਘਨ ਗੁਰਦੁਆਰੇ ਵਲ ਸੀਸ ਨਿਵਾ ਕੇ ਪ੍ਰਮਾਤਮਾ ਦਾ ਧੰਨਵਾਦ ਕਰਦੀ ਕਿ ਉਹ ਸ਼ਾਂਤਮਈ ਦੇ ਪ੍ਰਣ ਨੂੰ ਨਿਭਾਉਂਦੀ ਗੁਰਦੁਆਰੇ ਦੇ ਲਾਗੇ ਪੁੱਜ ਗਈ ਹੈ । ਇਸ ਤਰ੍ਹਾਂ ਆਪਣੇ ਵੀਰਾਂ ਦੇ ਮੋਢੇ ਨਾਲ ਮੋਢਾ ਜੋੜ ਸ਼ਹੀਦ ਹੋਏ ਵੀਰਾਂ ਦੇ ਲਾਗੋਂ ਦੀ ਲੰਘਦੀ ਜਾ ਰਹੀ ਹੈ , ਕਪੜੇ ਲਹੂ ਲੁਹਾਨ ਹੋਏ , ਮਾਨੋ ਲਹੂ ਦੀ ਹੋਲੀ ਖੇਡਦੀ ਰਹੀ ਹੈ । ਏਨੇ ਚਿਰ ਨੂੰ ਇਕ ਗੋਲੀ ਛਾਤੀ ਚ ਲੰਘ ਗਈ ਹੈ । ਹੁਣ ਕੁਰਬਾਨੀ ਦੀ ਦੇਵੀ ਆਪਣੇ ਪ੍ਰਣ ਨੂੰ ਨਿਭਾਉਂਦੀ ਧਰਤੀ ‘ ਤੇ ਡਿੱਗ ਪਈ ਹੈ । ਜਲਦੀ ਹੀ ਇਸ ਦੀ ਰੂਹ ਆਪਣੇ ਲਾਡਲੇ ਦੀ ਰੂਹ ਨਾਲ ਜਾ ਰਲੀ ਹੈ । ਇਸ ਤਰ੍ਹਾਂ ਸੈਂਕੜੇ ਕੁਰਬਾਨੀਆਂ ਦੇਣ ਉਪਰੰਤ 21 ਮਹੀਨੇ ਬਾਅਦ ਗੋਰੀ ਸਰਕਾਰ ਨੂੰ ਸਿੱਖਾਂ ਦੇ ਸ਼ਾਂਤਮਈ ਰੋਸ ਅਗੇ ਝੁਕਣਾ ਪਿਆ । ਏਥੇ ਏਨੀਆਂ ਕੁਰਬਾਨੀਆਂ ਬਾਅਦ 101 ਅਖੰਡ ਪਾਠਾਂ ਦੀ ਲੜੀ ਚਲਾ ਕੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ । ਬੀਬੀ ਬਲਬੀਰ ਕੌਰ ਇਹ ਬਹਾਦਰ ਕਾਰਨਾਮਾ ਕਰ ਕੇ ਅਮਰ ਹੋ ਗਈ ਤੇ ਹੋਰਨਾਂ ਬੀਬੀਆਂ ਲਈ ਪ੍ਰੇਰਨਾ ਸਰੋਤ ਬਣ ਗਈ । ਲੇਖਕ ਵੀ ਇਸ ਬੀਬੀ ਦੀ ਰੂਹ ਅਗੇ ਪ੍ਰਣਾਮ ਕਰਦਾ ਹੈ । ਰੱਬ ਅਗੇ ਦੁਆ ਕਰਦਾ ਹੈ ਕਿ ਇਹੋ ਜਿਹੀਆਂ ਬੀਬੀਆਂ ਸਿੱਖ ਕੌਮ ਵਿਚ ਹੋਰ ਪੈਦਾ ਕਰੇ ।
ਜੋਰਾਵਰ ਸਿੰਘ ਤਰਸਿੱਕਾ ।