ਸੰਧਿਆ ਵੇਲੇ ਦਾ ਹੁਕਮਨਾਮਾ – 21 ਜਨਵਰੀ 2023
ਅੰਗ : 708
ਸਲੋਕ ॥ ਰਾਜ ਕਪਟੰ ਰੂਪ ਕਪਟੰ ਧਨ ਕਪਟੰ ਕੁਲ ਗਰਬਤਹ ॥ ਸੰਚੰਤਿ ਬਿਖਿਆ ਛਲੰ ਛਿਦ੍ਰੰ ਨਾਨਕ ਬਿਨੁ ਹਰਿ ਸੰਗਿ ਨ ਚਾਲਤੇ ॥੧॥ ਪੇਖੰਦੜੋ ਕੀ ਭੁਲੁ ਤੁੰਮਾ ਦਿਸਮੁ ਸੋਹਣਾ ॥ ਅਢੁ ਨ ਲਹੰਦੜੋ ਮੁਲੁ ਨਾਨਕ ਸਾਥਿ ਨ ਜੁਲਈ ਮਾਇਆ ॥੨॥ ਪਉੜੀ ॥ ਚਲਦਿਆ ਨਾਲਿ ਨ ਚਲੈ ਸੋ ਕਿਉ ਸੰਜੀਐ ॥ ਤਿਸ ਕਾ ਕਹੁ ਕਿਆ ਜਤਨੁ ਜਿਸ ਤੇ ਵੰਜੀਐ ॥ ਹਰਿ ਬਿਸਰਿਐ ਕਿਉ ਤ੍ਰਿਪਤਾਵੈ ਨਾ ਮਨੁ ਰੰਜੀਐ ॥ ਪ੍ਰਭੂ ਛੋਡਿ ਅਨ ਲਾਗੈ ਨਰਕਿ ਸਮੰਜੀਐ ॥ ਹੋਹੁ ਕ੍ਰਿਪਾਲ ਦਇਆਲ ਨਾਨਕ ਭਉ ਭੰਜੀਐ ॥੧੦॥
ਅਰਥ: ਹੇ ਨਾਨਕ ਜੀ! ਇਹ ਰਾਜ ਰੂਪ ਧਨ ਤੇ (ਉੱਚੀ) ਕੁਲ ਦਾ ਮਾਣ-ਸਭ ਛਲ-ਰੂਪ ਹੈ। ਜੀਵ ਛਲ ਕਰ ਕੇ ਦੂਜਿਆਂ ਤੇ ਦੂਸ਼ਣ ਲਾ ਲਾ ਕੇ (ਕਈ ਢੰਗਾਂ ਨਾਲ) ਮਾਇਆ ਜੋੜਦੇ ਹਨ, ਪਰ ਪ੍ਰਭੂ ਦੇ ਨਾਮ ਤੋਂ ਬਿਨਾ ਕੋਈ ਭੀ ਚੀਜ਼ ਏਥੋਂ ਨਾਲ ਨਹੀਂ ਜਾਂਦੀ ॥੧॥ ਤੁੰਮਾ ਵੇਖਣ ਨੂੰ ਮੈਨੂੰ ਸੋਹਣਾ ਦਿੱਸਿਆ। ਕੀ ਇਹ ਉਕਾਈ ਲੱਗ ਗਈ ? ਇਸ ਦਾ ਤਾਂ ਅੱਧੀ ਕੌਡੀ ਭੀ ਮੁੱਲ ਨਹੀਂ ਮਿਲਦਾ। ਹੇ ਨਾਨਕ ਜੀ! (ਇਹੀ ਹਾਲ ਮਾਇਆ ਦਾ ਹੈ, ਜੀਵ ਦੇ ਭਾ ਦੀ ਤਾਂ ਇਹ ਭੀ ਕੌਡੀ ਮੁੱਲ ਦੀ ਨਹੀਂ ਹੁੰਦੀ ਕਿਉਂਕਿ ਏਥੋਂ ਤੁਰਨ ਵੇਲੇ) ਇਹ ਮਾਇਆ ਜੀਵ ਦੇ ਨਾਲ ਨਹੀਂ ਜਾਂਦੀ ॥੨॥ ਉਸ ਮਾਇਆ ਨੂੰ ਇਕੱਠੀ ਕਰਨ ਦਾ ਕੀ ਲਾਭ, ਜੋ (ਜਗਤ ਤੋਂ ਤੁਰਨ ਵੇਲੇ) ਨਾਲ ਨਹੀਂ ਜਾਂਦੀ, ਜਿਸ ਤੋਂ ਆਖ਼ਰ ਵਿਛੁੜ ਹੀ ਜਾਣਾ ਹੈ, ਉਸ ਦੀ ਖ਼ਾਤਰ ਦੱਸੋ ਕੀਹ ਜਤਨ ਕਰਨਾ ਹੋਇਆ ? ਪ੍ਰਭੂ ਨੂੰ ਵਿਸਾਰਿਆਂ (ਨਿਰੀ ਮਾਇਆ ਨਾਲ) ਰੱਜੀਦਾ ਭੀ ਨਹੀਂ ਤੇ ਨਾਹ ਹੀ ਮਨ ਪ੍ਰਸੰਨ ਹੁੰਦਾ ਹੈ। ਪਰਮਾਤਮਾ ਨੂੰ ਛੱਡ ਕੇ ਜੇ ਮਨ ਹੋਰ ਪਾਸੇ ਲਗਾਇਆਂ ਨਰਕ ਵਿੱਚ ਸਮਾਈਦਾ ਹੈ। ਹੇ ਪ੍ਰਭੂ! ਕਿਰਪਾ ਕਰ, ਦਇਆ ਕਰ, ਨਾਨਕ ਦਾ ਸਹਿਮ ਦੂਰ ਕਰ ਦੇਹ ॥੧੦॥
🙏🙏eh Akal Purakh Waheguru Jio Tusi Sab Kan Kan Wich Smay Ho Sab Aap Hi Karn Krawan Wale Sab Kush Aap Hi Ho Waheguru Ji🙏🙏