ਅਮ੍ਰਿਤ ਵੇਲੇ ਦਾ ਹੁਕਮਨਾਮਾ – 28 ਅਕਤੂਬਰ 2022
ਸਲੋਕ ਮਃ ੩ ॥ਗੁਰਮੁਖਿ ਪ੍ਰਭੁ ਸੇਵਹਿ ਸਦ ਸਾਚਾ ਅਨਦਿਨੁ ਸਹਜਿ ਪਿਆਰਿ ॥ਸਦਾ ਅਨੰਦਿ ਗਾਵਹਿ ਗੁਣ ਸਾਚੇ ਅਰਧਿ ਉਰਧਿ ਉਰਿ ਧਾਰਿ ॥ਅੰਤਰਿ ਪ੍ਰੀਤਮੁ ਵਸਿਆ ਧੁਰਿ ਕਰਮੁ ਲਿਖਿਆ ਕਰਤਾਰਿ ॥ਨਾਨਕ ਆਪਿ ਮਿਲਾਇਅਨੁ ਆਪੇ ਕਿਰਪਾ ਧਾਰਿ ॥੧॥ਮਃ ੩ ॥ਕਹਿਐ ਕਥਿਐ ਨ ਪਾਈਐ ਅਨਦਿਨੁ ਰਹੈ ਸਦਾ ਗੁਣ ਗਾਇ ॥ਵਿਣੁ ਕਰਮੈ ਕਿਨੈ ਨ ਪਾਇਓ ਭਉਕਿ ਮੁਏ ਬਿਲਲਾਇ ॥ਗੁਰ ਕੈ ਸਬਦਿ ਮਨੁ ਤਨੁ ਭਿਜੈ ਆਪਿ ਵਸੈ ਮਨਿ ਆਇ ॥ਨਾਨਕ ਨਦਰੀ ਪਾਈਐ ਆਪੇ ਲਏ ਮਿਲਾਇ ॥੨॥ਪਉੜੀ ॥ਆਪੇ ਵੇਦ ਪੁਰਾਣ ਸਭਿ ਸਾਸਤ ਆਪਿ ਕਥੈ ਆਪਿ ਭੀਜੈ ॥ਆਪੇ ਹੀ ਬਹਿ ਪੂਜੇ ਕਰਤਾ ਆਪਿ ਪਰਪੰਚੁ ਕਰੀਜੈ ॥ਆਪਿ ਪਰਵਿਰਤਿ ਆਪਿ ਨਿਰਵਿਰਤੀ ਆਪੇ ਅਕਥੁ ਕਥੀਜੈ ॥ਆਪੇ ਪੁੰਨੁ ਸਭੁ ਆਪਿ ਕਰਾਏ ਆਪਿ ਅਲਿਪਤੁ ਵਰਤੀਜੈ ॥ਆਪੇ ਸੁਖੁ ਦੁਖੁ ਦੇਵੈ ਕਰਤਾ ਆਪੇ ਬਖਸ ਕਰੀਜੈ ॥੮॥
ਅਰਥ : ਸਲੋਕ ਮਃ ੩ ॥ ਸਤਿਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਹਰ ਵੇਲੇ ਸਹਿਜ ਅਵਸਥਾ ਵਿਚ ਲਿਵ ਜੋੜ ਕੇ (ਭਾਵ, ਸਦਾ ਇਕਾਗਰ ਚਿੱਤ ਰਹਿ ਕੇ) ਸਦਾ ਸੱਚੇ ਪ੍ਰਭੂ ਨੂੰ ਸਿਮਰਦੇ ਹਨ,ਤੇ ਹੇਠ ਉਪਰ (ਸਭ ਥਾਈਂ) ਵਿਆਪਕ ਹਰੀ ਨੂੰ ਹਿਰਦੇ ਵਿਚ ਪ੍ਰੋ ਕੇ ਚੜ੍ਹਦੀ ਕਲਾ ਵਿਚ (ਰਹਿ ਕੇ) ਸਦਾ ਸੱਚੇ ਦੀ ਸਿਫ਼ਤਿ-ਸਾਲਾਹ ਕਰਦੇ ਹਨ ।ਧੁਰੋਂ ਹੀ ਕਰਤਾਰ ਨੇ (ਉਹਨਾਂ ਲਈ) ਬਖ਼ਸ਼ਸ਼ (ਦਾ ਫ਼ੁਰਮਾਨ) ਲਿਖ ਦਿੱਤਾ ਹੈ (ਇਸ ਕਰਕੇ) ਉਹਨਾਂ ਦੇ ਹਿਰਦੇ ਵਿਚ ਪਿਆਰਾ ਪ੍ਰਭੂ ਵੱਸਦਾ ਹੈ,ਹੇ ਨਾਨਕ! ਉਸ ਪ੍ਰਭੂ ਨੇ ਆਪ ਹੀ ਕਿਰਪਾ ਕਰ ਕੇ ਉਹਨਾਂ ਨੂੰ ਆਪਣੇ ਵਿਚ ਮਿਲਾ ਲਿਆ ਹੈ ।੧।ਮਃ ੩ ॥(ਜਦ ਤਾਈਂ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਹਿਰਦਾ ਨਾਹ ਭਿੱਜੇ ਤੇ ਪ੍ਰਭੂ ਦੀ ਬਖ਼ਸ਼ਸ਼ ਦਾ ਭਾਗੀ ਨਾਹ ਬਣੇ, ਤਦ ਤਾਈਂ) (ਚਾਹੇ) ਸਦਾ ਹਰ ਵੇਲੇ ਗੁਣ ਗਾਉਂਦਾ ਰਹੇ,(ਇਸ ਤਰ੍ਹਾਂ) ਕਹਿੰਦਿਆਂ ਤੇ ਕਥਦਿਆਂ ਹੱਥ ਨਹੀਂ ਮਿਲਦਾ, ਮੇਹਰ ਤੋਂ ਬਿਨਾ ਕਿਸੇ ਨੂੰ ਨਹੀਂ ਮਿਲਿਆ, ਕਈ ਰੋਂਦੇ ਕੁਰਲਾਉਂਦੇ ਮਰ ਗਏ ਹਨ ।ਸਤਿਗੁਰੂ ਦੇ ਸ਼ਬਦ ਨਾਲ (ਹੀ) ਮਨ ਤੇ ਤਨ ਭਿੱਜਦਾ ਹੈ ਤੇ ਪ੍ਰਭੂ ਹਿਰਦੇ ਵਿਚ ਵੱਸਦਾ ਹੈ ।ਹੇ ਨਾਨਕ! ਪ੍ਰਭੂ ਆਪਣੀ ਕ੍ਰਿਪਾ ਦ੍ਰਿਸ਼ਟੀ ਨਾਲ ਹੀ ਮਿਲਦਾ ਹੈ, ਉਹ ਆਪ ਹੀ (ਜੀਵ ਨੂੰ) ਆਪਣੇ ਨਾਲ ਮਿਲਾਂਦਾ ਹੈ ।੨।ਪਉੜੀ ॥ਸਾਰੇ ਵੇਦ ਪੁਰਾਣ ਤੇ ਸ਼ਾਸਤ੍ਰ ਪ੍ਰਭੂ ਆਪ ਹੀ ਰਚਣ ਵਾਲਾ ਹੈ, ਆਪ ਹੀ ਇਹਨਾਂ ਦੀ ਕਥਾ ਕਰਦਾ ਹੈ ਤੇ ਆਪ ਹੀ (ਸੁਣ ਕੇ) ਪ੍ਰਸੰਨ ਹੁੰਦਾ ਹੈ,ਹਰੀ ਆਪ ਹੀ ਬੈਠ ਕੇ (ਪੁਰਾਣ ਆਦਿਕ ਮਤ-ਅਨੁਸਾਰ) ਪੂਜਾ ਕਰਦਾ ਹੈ ਤੇ ਆਪ ਹੀ (ਹੋਰ) ਪਸਾਰਾ ਪਸਾਰਦਾ ਹੈ,ਆਪ ਹੀ ਸੰਸਾਰ ਵਿਚ ਖਚਿਤ ਹੋ ਰਿਹਾ ਹੈ ਤੇ ਆਪ ਹੀ ਏਸ ਤੋਂ ਕਿਨਾਰਾ ਕਰੀ ਬੈਠਾ ਹੈ ਤੇ ਕਥਨ ਤੋਂ ਪਰੇ ਆਪਣਾ ਆਪਾ ਆਪ ਹੀ ਬਿਆਨ ਕਰਦਾ ਹੈ,ਪੁੰਨ ਭੀ ਆਪ ਹੀ ਕਰਾਉਂਦਾ ਹੈ, ਫੇਰ (ਪਾਪ) ਪੁੰਨ ਤੋਂ ਅਲੇਪ ਭੀ ਆਪ ਹੀ ਵਰਤਦਾ ਹੈ,ਆਪ ਹੀ ਪ੍ਰਭੂ ਸੁਖ ਦੁਖ ਦੇਂਦਾ ਹੈ ਅਤੇ ਆਪ ਹੀ ਮੇਹਰ ਕਰਦਾ ਹੈ ।੮।