ਸੰਧਿਆ ਵੇਲੇ ਦਾ ਹੁਕਮਨਾਮਾ – 15 ਜਨਵਰੀ 2023
ਸੂਹੀ ਮਹਲਾ ੫ ॥ ਬੁਰੇ ਕਾਮ ਕਉ ਊਠਿ ਖਲੋਇਆ ॥ ਨਾਮ ਕੀ ਬੇਲਾ ਪੈ ਪੈ ਸੋਇਆ ॥੧॥ ਅਉਸਰੁ ਅਪਨਾ ਬੂਝੈ ਨ ਇਆਨਾ ॥ ਮਾਇਆ ਮੋਹ ਰੰਗਿ ਲਪਟਾਨਾ ॥੧॥ ਰਹਾਉ ॥ ਲੋਭ ਲਹਰਿ ਕਉ ਬਿਗਸਿ ਫੂਲਿ ਬੈਠਾ ॥ ਸਾਧ ਜਨਾ ਕਾ ਦਰਸੁ ਨ ਡੀਠਾ ॥੨॥ ਕਬਹੂ ਨ ਸਮਝੈ ਅਗਿਆਨੁ ਗਵਾਰਾ ॥ ਬਹੁਰਿ ਬਹੁਰਿ ਲਪਟਿਓ ਜੰਜਾਰਾ ॥੧॥ ਰਹਾਉ ॥ ਬਿਖੈ ਨਾਦ ਕਰਨ ਸੁਣਿ ਭੀਨਾ ॥ ਹਰਿ ਜਸੁ ਸੁਨਤ ਆਲਸੁ ਮਨਿ ਕੀਨਾ ॥੩॥ ਦ੍ਰਿਸਟਿ ਨਾਹੀ ਰੇ ਪੇਖਤ ਅੰਧੇ ॥ ਛੋਡਿ ਜਾਹਿ ਝੂਠੇ ਸਭਿ ਧੰਧੇ ॥੧॥ ਰਹਾਉ ॥ ਕਹੁ ਨਾਨਕ ਪ੍ਰਭ ਬਖਸ ਕਰੀਜੈ ॥ ਕਰਿ ਕਿਰਪਾ ਮੋਹਿ ਸਾਧਸੰਗੁ ਦੀਜੈ ॥੪॥ ਤਉ ਕਿਛੁ ਪਾਈਐ ਜਉ ਹੋਈਐ ਰੇਨਾ ॥ ਜਿਸਹਿ ਬੁਝਾਏ ਤਿਸੁ ਨਾਮੁ ਲੈਨਾ ॥੧॥ ਰਹਾਉ ॥੨॥੮॥
ਅਰਥ: ਹੇ ਭਾਈ! ਮੂਰਖ ਮਨੁੱਖ ਮੰਦੇ ਕੰਮ ਕਰਨ ਲਈ (ਤਾਂ) ਛੇਤੀ ਤਿਆਰ ਹੋ ਪੈਂਦਾ ਹੈ, ਪਰ ਪਰਮਾਤਮਾ ਦਾ ਨਾਮ ਸਿਮਰਨ ਦੇ ਵੇਲੇ (ਅੰਮ੍ਰਿਤ ਵੇਲੇ) ਲੰਮੀਆਂ ਤਾਣ ਕੇ ਪਿਆ ਰਹਿੰਦਾ ਹੈ (ਬੇ-ਪਰਵਾਹ ਹੋ ਕੇ ਸੁੱਤਾ ਰਹਿੰਦਾ ਹੈ) ॥੧॥ ਹੇ ਭਾਈ! ਬੇਸਮਝ ਮਨੁੱਖ ਇਹ ਨਹੀਂ ਸਮਝਦਾ ਕਿ ਇਹ ਮਨੁੱਖਾ ਜੀਵਨ ਹੀ ਆਪਣਾ ਅਸਲ ਮੌਕਾ ਹੈ (ਜਦੋਂ ਪ੍ਰਭੂ ਨੂੰ ਯਾਦ ਕੀਤਾ ਜਾ ਸਕਦਾ ਹੈ) (ਮੂਰਖ ਮਨੁੱਖ) ਮਾਇਆ ਦੇ ਮੋਹ ਦੀ ਲਗਨ ਵਿਚ ਮਸਤ ਰਹਿੰਦਾ ਹੈ ॥੧॥ ਰਹਾਉ ॥ ਹੇ ਭਾਈ! (ਅੰਦਰ ਉੱਠ ਰਹੀ) ਲੋਭ ਦੀ ਲਹਿਰ ਦੇ ਕਾਰਨ (ਮਾਇਕ ਲਾਭ ਦੀ ਆਸ ਤੇ) ਖ਼ੁਸ਼ ਹੋ ਕੇ ਫੁੱਲ ਫੁੱਲ ਬੈਠਦਾ ਹੈ, ਕਦੇ ਸੰਤ ਜਨਾਂ ਦਾ ਦਰਸਨ (ਭੀ) ਨਹੀਂ ਕਰਦਾ ॥੨॥ ਹੇ ਭਾਈ! ਆਤਮਕ ਜੀਵਨ ਦੀ ਸੂਝ ਤੋਂ ਸੱਖਣਾ ਮੂਰਖ ਮਨੁੱਖ (ਆਪਣੇ ਅਸਲ ਭਲੇ ਦੀ ਗੱਲ) ਕਦੇ ਭੀ ਨਹੀਂ ਸਮਝਦਾ, ਮੁੜ ਮੁੜ (ਮਾਇਆ ਦੇ) ਧੰਧਿਆਂ ਵਿਚ ਰੁੱਝਾ ਰਹਿੰਦਾ ਹੈ ॥੧॥ ਰਹਾਉ ॥ ਹੇ ਭਾਈ! (ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਮਨੁੱਖ) ਵਿਸ਼ੇ-ਵਿਕਾਰਾਂ ਦੇ ਗੀਤ ਕੰਨੀਂ ਸੁਣ ਕੇ ਖ਼ੁਸ਼ ਹੁੰਦਾ ਹੈ। ਪਰ ਪਰਮਾਤਮਾ ਦੀ ਸਿਫ਼ਤਿ-ਸਾਲਾਹ ਸੁਣਨੋਂ ਮਨ ਵਿਚ ਆਲਸ ਕਰਦਾ ਹੈ ॥੩॥ ਹੇ ਅੰਨ੍ਹੇ! ਤੂੰ ਅੱਖਾਂ ਨਾਲ (ਕਿਉਂ) ਨਹੀਂ ਵੇਖਦਾ, ਕਿ ਇਹ ਸਾਰੇ (ਦੁਨੀਆ ਵਾਲੇ) ਧੰਧੇ ਛੱਡ ਕੇ (ਆਖ਼ਰ ਇਥੋਂ) ਚਲਾ ਜਾਏਂਗਾ ? ॥੧॥ ਰਹਾਉ ॥ ਨਾਨਕ ਜੀ ਆਖਦੇ ਹਨ – ਹੇ ਪ੍ਰਭੂ! (ਮੇਰੇ ਉਤੇ) ਮੇਹਰ ਕਰੋ। ਕਿਰਪਾ ਕਰ ਕੇ ਮੈਨੂੰ ਗੁਰਮੁਖਾਂ ਦੀ ਸੰਗਤਿ ਬਖ਼ਸ਼ੋ ॥੪॥ ਹੇ ਭਾਈ! (ਸਾਧ ਸੰਗਤਿ ਵਿਚੋਂ ਭੀ) ਤਦੋਂ ਹੀ ਕੁਝ ਹਾਸਲ ਕਰ ਸਕੀਦਾ ਹੈ, ਜਦੋਂ ਗੁਰਮੁਖਾਂ ਦੇ ਚਰਨਾਂ ਦੀ ਧੂੜ ਬਣ ਜਾਈਏ। ਹੇ ਭਾਈ! ਜਿਸ ਮਨੁੱਖ ਨੂੰ ਪਰਮਾਤਮਾ (ਚਰਨ-ਧੂੜ ਹੋਣ ਦੀ) ਸੂਝ ਬਖ਼ਸ਼ਦਾ ਹੈ, ਓਹ (ਸਾਧ ਸੰਗਤਿ ਵਿਚ ਟਿਕ ਕੇ ਓਸ ਦਾ) ਨਾਮ ਸਿਮਰਦਾ ਹੈ ॥੧॥ ਰਹਾਉ ॥੨॥੮॥