ਇਤਿਹਾਸ – ਗੁਰੂ ਗੋਬਿੰਦ ਸਿੰਘ ਜੀ (ਭਾਗ ਪਹਿਲਾ)
ਮੁਹੰਮਦ ਲਤੀਫ ਲਿਖਦੇ ਹਨ, “ਗੁਰੂ ਗੋਬਿੰਦ ਸਿੰਘ ਧਾਰਮਿਕ ਗੱਦੀ ਤੇ ਬੇਠੇ ਰੂਹਾਨੀ ਰਹਿਬਰ , ਤਖ਼ਤ ਤੇ ਬੇਠੇ ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ, ਮੈਦਾਨੇ ਜੰਗ ਵਿਚ ਮਹਾਂ ਯੋਧਾ ਤੇ ਸੰਗਤ ਵਿਚ ਬੈਠੇ ਫ਼ਕੀਰ ਲਗਦੇ ਸਨ“। ਚਾਹੇ ਉਹਨਾਂ ਨੇ ਸ਼ਾਹੀ ਠਾਠ ਬਾਟ ਵੀ ਰਖੇ, ਪਰ ਦਿਲੋ–ਦਿਮਾਗ ਤੋਂ ਓਹ ਹਮੇਸ਼ਾਂ ਫਕੀਰ ਹੀ ਰਹੇ, ਸ਼ਾਇਦ ਇਸ ਲਈ ਉਹਨਾਂ ਨੂੰ ਬਾਦਸ਼ਾਹ ਦਰਵੇਸ਼ ਕਿਹਾ ਜਾਂਦਾ ਹੈ। ਉਹਨਾ ਨੇ ਇਨਸਾਨੀਅਤ ਦੇ ਹਰ ਪਖ ਨੂੰ ਇਸ ਢੰਗ ਨਾਲ ਸਵਾਰਿਆ, ਸਜਾਇਆ ਤੇ ਵਿਕਸਿਤ ਕੀਤਾ ਕੀ ਦੇਖਣ ਸੁਣਨ ਤੇ ਪੇਖਣ ਵਾਲੇ ਹੈਰਾਨ ਰਹਿ ਜਾਂਦੇ ਹਨ।
ਉਹਨਾਂ ਦਾ ਉਚਾ ਲੰਬਾ ਕਦ , ਨੂਰਾਨੀ ਚੇਹਰਾ, ਅਖਾਂ ਵਿਚ ਅਜਿਹੀ ਚਮਕ ਸੀ ਕੀ ਲੋਕਾਂ ਦੀਆਂ ਅਖਾਂ ਚੁੰਧਿਆ ਜਾਂਦੀਆਂ ਸਨ । ਕਮਾਲ ਦੇ ਘੋੜ ਸਵਾਰ ,ਖੁਲੀ ਕੁਦਰਤ ਦੇ ਸ਼ੋਕੀਨ, ਦਰ੍ਬਾਰ ਵਿਚ ਆਓਂਦੇ ਤਾ ਕੀਮਤੀ ਲਿਬਾਸ ,ਅਸਤਰ ਸ਼ਸ਼ਤਰ ਸਜਾਕੇ ; ਬਾਦਸ਼ਾਹਾਂ ਵਾਂਗ ਕਲਗੀ ਲਗਾਕੇ , ਸ਼ਿਕਾਰ ਤੇ ਜਾਣਾ ਹੋਵੇ ਤਾਂ ਸੁੰਦਰ ਤੇਜ ਤਰਾਰ ਘੋੜੇ ਦੀ ਸਵਾਰੀ ਕਰਦੇ, ਖਬੇ ਹਥ ਵਿਚ ਬਾਜ਼ ਤੇ ਉਸਦੀਆਂ ਡੋਰਾਂ ਹੁੰਦੀਆ ਤੇ ਨਾਲ ਘੋੜ ਸਵਾਰ ਸਿੰਘ । ਓਹ ਇਕ ਮਹਾਨ ਜਰਨੈਲ , ਉਚ ਕੋਟੀ ਦੇ ਵਿਦਵਾਨ , ਅਜ਼ੀਮ ਸਹਿਤਕਾਰ , ਗੁਰਬਾਣੀ ਸੰਗੀਤ ਦੇ ਰਸੀਏ , ਸਰਬੰਸਦਾਨੀ . ਅਮ੍ਰਿਤ ਦੇ ਦਾਤੇ , ਭਗਤੀ ਤੇ ਸ਼ਕਤੀ ਦੇ ਮੁਜਸਮੇ , ਮਰਦ –ਏ– ਮੈਦਾਨ , ਸ਼ਸ਼ਤਰ ਤੇ ਸ਼ਾਸ਼ਤਰ ਦੇ ਧਨੀ , ਸੰਤ –ਸਿਪਾਹੀ , ਸਹਿਬ –ਏ –ਕਮਾਲ , ਮਰਦ –ਅਗੰਮੜੇ, ਦੁਸ਼ਟ– ਦਮਨ , ਸਾਹਸ, ਸਿਦਕ ,ਸਬਰ , ਦ੍ਰਿੜਤਾ ਤੇ ਚੜਦੀ ਕਲਾ ਦੇ ਮਾਲਕ ,ਆਦਰਸ਼ਕ ਗ੍ਰਿਹ੍ਸਤੀ , ਚੰਗੇ ਪੁਤਰ , ਪਿਆਰੇ ਪਿਤਾ ਤੇ ਨੇਕ ਪਤੀ ,ਇਸ ਤੋਂ ਵਧ ਮੇਰੇ ਲਫਜ਼ ਖਤਮ ਹੋ ਜਾਂਦੇ ਹਨ , ਕਲਮ ਜਵਾਬ ਦੇ ਗਈ ਹੈ । ਬਸ ਇਹ ਹੀ ਕਹਿ ਸਕਦੀ ਹਾਂ।
ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ
ਤੂ ਸਾਹਿਬ ਗੁਣੀ ਨਿਧਾਨਾ ।।
ਉਹ ਇਕ ਨਿਡਰ ਬਹਾਦਰ , ਨਾ ਡਰਨਾ ਨਾ ਡਰਾਨਾ, ਦੀ ਸੋਚ ਰਖਦੇ ਸੀ ,ਚਾਹੇ ਉਹ ਪਹਾੜੀ ਰਾਜੇ ਹੋਣ ਜਾਂ ਮੁਗਲ ਹਕੂਮਤ ਦੇ ਹੁਕਮਰਾਨ, ਜੁਲਮ ਤੇ ਜਬਰ ਨਾਲ ਸਮਝੋਤਾ ਕਰਨ ਦੇ ਉਹ ਹਰਗਿਜ਼ ਕਾਇਲ ਨਹੀ ਸੀ ।
ਸੂਫ਼ੀ ਕਿਬਰਿਆ ਖਾਨ ਨੇ ਆਪਣੇ ਅੰਦਾਜ਼ ਵਿਚ ਲਿਖਿਆ ਹੈ :
ਕਿਆ ਦਸ਼ਮੇਸ਼ ਪਿਤਾ ਤੇਰੀ ਬਾਤ ਕਹੂੰ ਜੋ ਤੂਨੇ ਪਰਉਪਕਾਰ ਕੀਏ
ਇਕ ਖਾਲਸ ਖਾਲਸਾ ਪੰਥ ਸਜਾ , ਜਾਤੋ ਕੇ ਭੇਦ ਨਿਕਾਲ ਦੀਏ
ਉਸ ਮੁਲਕ–ਏ –ਵਤਨ ਕੀ ਖਿਦਮਤ ਮੈ , ਕਹੀ ਬਾਪ ਦੀਆ ਕਹੀ ਲਾਲ ਦੀਏ ।।
ਜੇਕਰ ਉਨਾਂ ਦੀਆਂ ਸਾਰੀਆਂ ਵਿਸ਼ੇਸ਼ਤਾਵਾਂ ਕਿਸੇ ਇਕ ਜਗਹ ਤੇ ਦੇਖਣੀਆਂ ਹੋਣ ਤਾਂ ਓਹ ਹੈ ਗੰਜਨਾਮਾ ਜਿਸ ਵਿਚ ਭਾਈ ਨੰਦ ਲਾਲ, ਜੋ ਉਨਾਂ ਦੇ 52 ਕਵੀਆਂ ਵਿਚੋ ਇਕ ਸੀ ,ਦੇ ਸ਼ੇਅਰ ਹਨ , ਜਿਸ ਵਿਚ ਓਹਨਾਂ ਨੇ ਲਿਖਿਆ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖਸ਼ੀਅਤ ਅੱਤ ਸੱਦ ਨੂੰ ਰੋਸ਼ਨ ਕਰਨ ਵਾਲੀਆਂ ਨੋਂ ਮਸ਼ਾਲਾਂ ਦਾ ਨਜ਼ਾਰਾ ਦਰਸਾਉਣ ਵਾਲੀ ਤੇ ਝੂਠ ਅਤੇ ਕੁਸਤਿ ਦੀ ਰਾਤ ਦੇ ਅੰਧੇਰਾ ਨੂੰ ਦੂਰ ਕਰਨ ਵਾਲੀ ਹੈ । ਉਨਾ ਦੀਆਂ 200 ਤੋਂ ਵਧ ਸਿਫਤਾਂ ਬਿਆਨ ਕਰਦਿਆਂ ਕਰਦਿਆਂ ਆਖਿਰ ਲਾਜਵਾਬ ਹੋਕੇ ਕਿਹਾ ,’ਬਸ ਇਹੋ ਕਹਿ ਸਕਦਾਂ ਹਾਂ ਕੀ ਤੇਰੇ ਚਰਨਾ ਤੇ ਸਿਰ ਰਖਾਂ ਤੇ ਮੇਰੀ ਜਾਨ ਨਿਕਲ ਜਾਏ। ਓਹ ਗੁਰੂ ਸਾਹਿਬ ਦੀ ਇਕ ਇਕ ਸਿਫਤ ਦਾ ਇਤਨਾ ਦੀਵਾਨਾ ਸੀ ਕਿ ਉਹਨਾ ਤੋ ਬਿਨਾ ਕੁਝ ਹੋਰ ਉਸ ਨੂੰ ਦਿਖਦਾ ਜਾ ਸੁਝਦਾ ਹੀ ਨਹੀਂ ਸੀ।
ਕਿਸੇ ਵਕ਼ਤ ਇਹ ਔਰੰਗਜ਼ੇਬ ਦੇ ਪੁਤਰ ਮੁਆਜਮ ,ਬਹਾਦੁਰ ਸ਼ਾਹ ਨੂੰ ਫਾਰਸੀ ਪੜਾਂਦਾ ਸੀ । ਇਹ ਫ਼ਾਰਸੀ ਦਾ ਬਹੁਤ ਵਡਾ ਵਿਦਵਾਨ ਸੀ। ਫ਼ਾਰਸੀ ਦੀ ਚਿਠੀ ਦਾ ਤਜ਼ਰੁਮਾ ਕਰਣ ਲਈ ਇਕ ਵਾਰੀ ਓਹ ਔਰੰਗਜ਼ੇਬ ਦੇ ਦਰਬਾਰ ਵਿਚ ਆਇਆ ਉਸ ਨੇ ਚਿਠੀ ਦਾ ਤਜਰਮਾ ਇਤਨਾ ਸੋਹਣੇ ਢੰਗ ਨਾਲ ਕੀਤਾ ਕੀ ਔਰੰਗਜ਼ੇਬ ਨੇ ਕੰਨਾ ਨੂੰ ਹਥ ਲਗਾਏ । ਦਰਬਾਰੀਆਂ ਤੋ ਇਸਦਾ ਦਾ ਨਾਂ ਪੁਛਿਆ । ਜਦ ਔਰੰਗਜ਼ੇਬ ਨੂੰ ਪਤਾ ਚਲਿਆ ਕੀ ਇਹ ਹਿੰਦੂ ਹੈ ਤਾਂ ਉਸਨੇ ਦਰਬਾਰੀਆਂ ਨੂੰ ਹਿਤਾਇਤ ਦਿਤੀ ਕਿ ਜਾਂ ਤਾ ਇਸ ਨੂੰ ਦੀਨ–ਏ–ਇਸਲਾਮ ਵਿਚ ਲੈ ਆਉ ਜਾ ਇਸਦਾ ਕਤਲ ਕਰ ਦਿਉ । ਉਸ ਕੋਲੋਂ ਬਰਦਾਸ਼ਤ ਨਹੀਂ ਹੋਇਆ ਕਿ ਇਤਨਾ ਕਾਬਿਲ ਇਨਸਾਨ ਕਿਸੇ ਦੂਸਰੇ ਮਹਜਬ ਦੀ ਸ਼ਾਨ ਹੋਵੇ । ਇਹ ਗਲ ਔਰੰਗਜ਼ੇਬ ਦੇ ਬੇਟੇ ਤਕ ਵੀ ਪਹੁੰਚ ਗਈ । ਉਸਨੇ ਨੰਦ ਲਾਲ ਨੂੰ ਦਸਿਆ । ਨੰਦ ਲਾਲ ਘਬਰਾ ਗਿਆ ਤੇ ਪੁਛਣ ਲਗਾ ਕੀ ਮੈਨੂੰ ਆਪਣੀ ਜਾਨ ਤੇ ਧਰਮ ਦੋਨੋ ਪਿਆਰੇ ਹਨ , ਐਸੀ ਕਿਹੜੀ ਥਾਂ ਹੈ ਜਿਥੇ ਮੈਂ ਦੋਨੋ ਨੂੰ ਬਚਾ ਸਕਾਂ । ਤਾਂ ਔਰੰਗਜ਼ੇਬ ਦੇ ਪੁਤਰ ਨੇ ਕਿਹਾ ਕੀ ਜੇ ਤੂੰ ਆਪਣੇ ਜਾਨ ਤੇ ਧਰਮ ਦੀ ਸਲਾਮਤੀ ਚਾਹੁੰਦਾ ਹੈ ਤਾਂ ਆਨੰਦਪੁਰ ਚਲਾ ਜਾ । ਨੰਦ ਲਾਲ ਰਾਤੋ ਰਾਤ ਆਪਣੇ ਮੁਸਲਮਾਨ ਪ੍ਰਬੰਧਕ ਤੇ ਅਨੁਯਾਈ ਦੀ ਮਦਤ ਨਾਲ ਆਗਰੇ ਦੇ ਕਿਲੇ ਤੋਂ ਬਚ ਨਿਕਲਿਆ ਤੇ ਅਨੰਦ ਪੁਰ ਸਾਹਿਬ ਜਾ ਪੁਜਾ।
ਗੁਰੂ ਸਾਹਿਬ ਇਸਦੀ ਵਿਦਵਤਾ ਦੇਖ ਕੇ ਬੜੇ ਖੁਸ਼ ਹੋਏ । ਪਰ ਕਿਤੇ ਹੰਕਾਰ ਨਾ ਹੋ ਜਾਏ ਇਸ ਲਈ ਇਸ ਨੂੰ ਲੰਗਰ ਦੇ ਭਾਂਡੇ ਮਾਂਜਣ ਦੀ ਸੇਵਾ ਤੇ ਲਗਾ ਦਿਤਾ । ਨੰਦ ਲਾਲ ਨੂੰ ਇਹ ਸੇਵਾ ਚੰਗੀ ਨਾ ਲਗੀ । ਬੜਾ ਹੈਰਾਨ ਹੋਕੇ ਸੋਚਣ ਲਗਾ ਕੀ ਇਹਨਾ ਨੂੰ ਤਾਂ ਮੈਨੂੰ ਕਵਿਤਾਂ ਜਾ ਕੁਝ ਲਿਖਿਆ ਸੁਣਾਣ ਵਾਸਤੇ ਕਹਿਣਾ ਚਾਹੀਦਾ ਸੀ , ਭਾਂਡੇ ਮਾਜਣ ਤੇ ਲਗਾ ਦਿਤਾ ਹੈ । ਖੈਰ ਹੁਕਮ ਤਾਂ ਮੰਨਨਾ ਹੀ ਪੈਣਾ ਸੀ । ਖੈਰ ਭਾਡੇ ਮਾਂਜਦਿਆਂ ਮਾਂਜਦਿਆਂ ਮਨ ਦਾ ਹੰਕਾਰ ਵੀ ਹੋਲੀ ਹੋਲੀ ਸਾਫ਼ ਹੁੰਦਾ ਗਿਆ । ਕੁਝ ਚਿਰ ਮਗਰੋ ਲੰਗਰ ਦੀ ਸ਼ਾਖ ਦਾ ਮੁਖੀ ਬਣਾ ਦਿਤਾ ਗਿਆ।
ਇਕ ਦਿਨ ਗੁਰੂ ਸਾਹਿਬ ਨੇ ਲੰਗਰ ਦੇ ਪ੍ਰਬੰਧ ਦਾ ਨਰੀਖਸ਼ਣ ਕਰਨ ਦਾ ਸੋਚਿਆ , ਭੇਸ ਬਦਲ ਕੇ ਸਭ ਦੇ ਲੰਗਰ–ਖਾਨਿਆ ਵਿਚ ਗਏ ਤੇ ਕਿਹਾ ,” ਮੈਂ ਦੋ ਦਿਨ ਦਾ ਭੁਖਾ ਹਾਂ ਬੜੀ ਦੂਰੋਂ ਚਲ ਕੇ ਆਇਆ ਹਾਂ ਭੁਖ ਲਗੀ ਹੈ ਕੁਝ ਖਾਣ ਨੂੰ ਦੇ ਦਿਓ ” । ਲੰਗਰ ਦਾ ਵਕਤ ਨਹੀਂ ਸੀ ,ਹਰ ਇਕ ਮੁਖੀਏ ਨੇ ਕਹਿ ਦਿਤਾ ਕੀ ਅਜੇ ਲੰਗਰ ਦਾ ਵਕਤ ਨਹੀਂ ਹੋਇਆ , ਲੰਗਰ ਤਿਆਰ ਨਹੀਂ ਹੈ , ਕੁਝ ਚਿਰ ਬਾਅਦ ਵਿਚ ਆਣਾ । ਫਿਰ ਭਾਈ ਨੰਦ ਲਾਲ ਦੇ ਲੰਗਰ ਵਿਚ ਗਏ ਤੇ ਬੋਲੇ ਮੈਂ ਬੜੀ ਦੂਰੋਂ ਚਲ ਕੇ ਆਇਆ ਹਾਂ ਥਕਿਆ ਹੋਇਆਂ ਹਾਂ ਦੋ ਦਿਨ ਤੋਂ ਕੁਝ ਖਾਧਾ ਨਹੀ, ਕੁਝ ਖਾਣ ਨੂੰ ਹੈ ਤਾਂ ਦੇ ਦਿਉ । ਨੰਦ ਲਾਲ ਬੜੇ ਪਿਆਰ ਸਤਕਾਰ ਨਾਲ ਉਨਾ ਨੂੰ ਮੰਜੇ ਤੇ ਬਿਠਾਇਆ , ਥਕਾਨ ਉਤਾਰਨ ਲਈ ਗਰਮ ਪਾਣੀ ਨਾਲ ਉਨਾ ਦੇ ਪੈਰ ਧੋਤੇ ਤੇ ਬੋਲੇ ਤੁਸੀਂ ਥੋੜਾ ਆਰਾਮ ਕਰੋ ਮੈਂ ਹੁਣੇ ਕੁਝ , ਜੋ ਵੀ ਜਲਦੀ ਜਲਦੀ ਬਣ ਸਕਦਾ ਹੈ ਲੈਕੇ ਆਂਦਾ ਹਾਂ । ਜੋ ਕੁਝ ਬਣਿਆ ਲੈਕੇ ਆਏ ਬੜੇ ਪਿਆਰ ਸਤਕਾਰ ਨਾਲ ਖੁਆਇਆ । ਗੁਰੂ ਸਾਹਿਬ ਨੇ ਆਪਣੀ ਚੇਹਰੇ ਤੋ ਚਾਦਰ ਲਾਹੀ ਤੇ ਕਹਿਣ ਲਗੇ ” ਮੈਂ ਬਹੁਤ ਖੁਸ਼ ਹਾਂ ਨੰਦ ਲਾਲ ਕੁਝ ਮੰਗ ਲੈ “। ਤਾਂ ਨੰਦ ਲਾਲ ਨੇ ਕੀ ਮੰਗਿਆ ,”ਬਸ ਆਪਣੇ ਚਰਨਾ ਵਿਚ ਥਾਂ ਦੇ ਦਿਉ ਇਸਤੋ ਵਧ ਮੈਨੂੰ ਕੁਝ ਨਹੀਂ ਚਾਹਿਦਾ “।
ਇਕ ਵਾਰੀ ਗੁਰੂ ਸਾਹਿਬ ਨੰਦ ਲਾਲ ਤੇ ਕੁਝ ਹੋਰ ਸਿਖਾਂ ਨਾਲ ਸੈਰ ਕਰਨ ਨੂੰ ਜਾ ਰਹੇ ਸੀ । ਰਸਤੇ ਵਿਚੋਂ ਉਹਨਾ ਨੇ ਇਕ ਪਥਰ ਚੁਕਿਆ , ਨਦੀ ਵਿਚ ਸੁਟਿਆ ਤੇ ਸਿਖਾਂ ਤੋਂ ਪੁਛਣ ਲਗੇ ਕੀ ਇਹ ਪਥਰ ਕਿਓਂ ਡੁਬਿਆ ਹੈ ? ਸਿਖਾਂ ਨੇ ਕਿਹਾ ਕੀ ਪਥਰ ਭਾਰੀ ਹੁੰਦਾ ਹੈ ਇਸ ਲਈ ਪਾਣੀ ਵਿਚ ਡੁਬ ਗਿਆ ਹੈ, ਥੋੜੀ ਦੂਰ ਜਾਕੇ ਫਿਰ ਇਕ ਹੋਰ ਪਥਰ ਚੁਕਿਆ , ਨਦੀ ਵਿਚ ਸੁਟਿਆ , ਫਿਰ ਓਹੀ ਸਵਾਲ , ਤੀਸਰੀ ਵਾਰੀ ਫਿਰ ਪਥਰ ਸੁਟ ਕੇ ਓਹੀ ਸਵਾਲ ਪਥਰ ਡੁਬਿਆ ਕਿਓਂ ਹੈ । ਬਾਰ ਬਾਰ ਇਕੋ ਸਵਾਲ ਤੇ ਇਕ ਸਿਖ ਨੇ ਥੋੜੇ ਖਿਝ ਕੇ ਕਿਹਾ ਪਾਤਸ਼ਾਹ ਕੀ ਕਰਦੇ ਹੋ , ਪਥਰ ਚੁਕਦੇ ਹੋ , ਸੁਟਦੇ ਹੋ ਤੇ ਮੁੜ ਮੁੜ ਕੇ ਉਹੀ ਸਵਾਲ ਕਰਦੇ ਹੋ । ਤੁਹਾਨੂੰ ਵੀ ਪਤਾ ਹੈ ਕੀ ਪਥਰ ਭਾਰੀ ਹੈ ਇਸ ਲਈ ਡੁਬ ਗਿਆ ਹੈ ।ਚੋਥੀ ਵਾਰ ਫਿਰ ਪਥਰ ਨਦੀ ਵਿਚ ਸੁਟਿਆ ਤੇ ਸਵਾਲ ਕੀਤਾ ਨੰਦ ਲਾਲ ਪਥਰ ਡੁਬਿਆ ਕਿਓਂ ਹੈ ? ਇਸ ਵਾਰੀ ਸਿਖਾਂ ਨੂੰ ਨਹੀ ਨੰਦ ਲਾਲ ਤੋਂ ਪੁਛਦੇ ਹਨ ਨੰਦ ਲਾਲ ਚੁਪ, ਫਿਰ ਕਿਹਾ ਨੰਦ ਲਾਲ ਮੈਂ ਤੇਰੇ ਕੋਲੋਂ ਪੁਛ ਰਿਹਾਂ ਹਾਂ ਪਥਰ ਡੁਬਿਆ ਕਿਓਂ ਹੈ । ਨੰਦ ਲਾਲ ਦੇ ਅਖਾਂ ਵਿਚ ਹੰਜੂ ਸੀ ,ਕਹਿਣ ਲਗਾ ,” ਪਾਤਸ਼ਾਹ , ਨਾ ਮੈਂ ਪਾਣੀ ਦੇਖਿਆ .ਨਾ ਪਥਰ ,ਮੈਨੂੰ ਤਾ ਬਸ ਇਤਨਾ ਪਤਾ ਹੈ ਕੀ ਜੋ ਤੇਰੇ ਹਥੋਂ ਛੁਟ ਗਿਆ ਓਹ ਡੁਬ ਗਿਆ।
ਇਤਨੀ ਸ਼ਰਧਾ ਤੇ ਪਿਆਰ ਸੀ ਉਸਦਾ ਗੁਰੂ ਸਹਿਬ ਨਾਲ । ਨੰਦ ਲਾਲ ਦਾ ਜਵਾਬ ਸੁਣ ਕੇ ਗੁਰੂ ਸਾਹਿਬ ਨੇ ਕੁਝ ਮੰਗਣ ਲਈ ਕਿਹਾ ਤਾਂ ਉਸਦਾ ਜਵਾਬ ਸੀ , ਮੈਂ ਕੀ ਮੰਗਾ ? ਤੁਹਾਡੇ ਚੇਹਰੇ ਵਿਚੋਂ ਮੈਨੂ ਸਾਰੀ ਕਾਇਨਾਤ ਦੇ ਦਰਸ਼ਨ ਹੁੰਦੇ ਹਨ ਤੇ ਕੇਸਾਂ ਵਿਚੋ ਲੋਕ ਪ੍ਰਲੋਕ ਦੇ । ਇਸਤੋਂ ਵਧ ਮੈਨੂ ਕੀ ਚਾਹਿਦਾ ਹੈ ? ਜਦ ਗੁਰੂ ਸਾਹਿਬ ਨੇ ਫਿਰ ਵੀ ਮੰਗਣ ਲਈ ਕਿਹਾ ਤਾਂ ਨੰਦ ਲਾਲ ਨੇ ਇਕ ਬੜੀ ਖੂਬਸੂਰਤ ਗਲ ਕਹੀ ਕੀ ਬਸ ਮੇਰੀ ਇਕ ਮੰਗ ਹੈ ਕੀ ਜਦੋ ਮੈਂ ਮਰਾਂ ਤਾਂ ਮੇਰੇ ਤਨ ਦੀ ਸਵਾਹ ਤੁਹਾਡੇ ਚਰਨਾਂ ਤੋ ਸਿਵਾ ਕਿਸੀ ਹੋਰ ਦੇ ਪੈਰਾਂ ਨੂੰ ਨਾ ਲਗੇ । ਇਸਤੋਂ ਬਾਦ ਉਹ ਗੁਰੂ ਤੋ ਕਦੇ ਵਿਛੜਿਆ ਨਹੀ ਤਦ ਤਕ ਜਦ ਤਕ ਗੁਰੂ ਸਾਹਿਬ ਨੇ ਆਨੰਦਪੁਰ ਦਾ ਕਿਲਾ ਖਾਲੀ ਕਰਨ ਸਮੇ ਉਸ ਨੂੰ ਖੁਦ ਵਾਪਸ ਨਹੀਂ ਭੇਜਿਆ । ਵਿਛੜਨ ਵੇਲੇ ਨੰਦ ਲਾਲ ਦੇ ਅਖਾਂ ਵਿਚ ਅਥਰੂ ਸਨ , ਕਹਿਣ ਲਗਾ ਕੀ ਪਾਤਸ਼ਾਹ ਮੇਰਾ ਵੀ ਦਿਲ ਕਰਦਾ ਹੈ ਕਿ ਮੈਂ ਅਮ੍ਰਿਤ ਬਾਟੇ ਦੀ ਪਾਹੁਲ ਲੇਕੇ ਸਿੰਘ ਸਜਾਂ , ਹੋਰ ਕੁਝ ਨਹੀ ਤਾਂ ਆਪਣੇ ਪਿਆਰੇ ਦੇ ਖੇਮੇ ਦੇ ਬਾਹਰ ਖੜਾ ਹੋਕੇ ਪਹਿਰਾ ਦਿਆਂ , ਤਾਂ ਗੁਰੂ ਸਾਹਿਬ ਨੇ ਉਸਦੇ ਹਥ ਕਲਮ ਪਕੜਾ ਦਿਤੀ ਤੇ ਕਹਿਣ ਲਗੇ ” ਇਹ ਸੂਰੇ ਦੀ ਤਲਵਾਰ ਵਾਗ ਚਲੇ । ਤੇਗ ਵਾਲੀਆਂ ਨੇ ਤੇਗ ਵਾਹੁਣੀ ਹੈ ਤੇ ਤੁਸੀਂ ਕਲਮ। ਇਕ ਸਿਪਾਹੀ ਦੀਆਂ ਬਾਹਾਂ ਨਾਲੋ ਵਧ ਤਾਕਤ ਇਸ ਕਲਮ ਵਿਚ ਹੈ, ਇਹੀ ਨੇਕੀ, ਧਰਮ,ਸਿਮਰਨ ਤੇ ਸ਼ੁਭ ਆਚਰਣ ਸਿਖਾਵੇ ,ਇਹੀ ਤੁਹਾਡੇ ਵਾਸਤੇ ਹੁਕਮ ਹੈ “। ਗੁਰੂ ਸਾਹਿਬ ਵਲੋਂ ਉਸ ਨੂੰ ਮੁਲਤਾਨ ਵਾਪਸ ਜਾਂ ਦੀ ਆਗਿਆ ਹੋਈ । ਨੰਦ ਲਾਲ ਦੀ ਕਲਮ ਵਿਚੋਂ ਨਿਕਲੀਆਂ ਗੁਰੂ ਸਹਿਬ ਬਾਰੇ ਕੁਝ ਸਤਰਾਂ :
ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ
ਏਜਦੀ ਮਨੂੰਰ ਗੁਰੂ ਗੋਬਿੰਦ ਸਿੰਘ
ਹਕ ਹਕ ਮਨਜੂਰ ਗੁਰੂ ਗੋਬਿੰਦ ਸਿੰਘ
ਜੁਮਲਾ ਫੈਜ਼ੀਨੂਰ ਗੁਰੂ ਗੋਬਿੰਦ ਸਿੰਘ
ਹਕ ਹਕ ਆਗਾਹ ਗੁਰੂ ਗੋਬਿੰਦ ਸਿੰਘ
ਸ਼ਾਹੇ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ
ਖਾਲਸੇ ਬੇ ਦੀਨਾ ਗੁਰੂ ਗੋਬਿੰਦ ਸਿੰਘ
ਹਕ ਹਕ ਆਇਨਾ ਗੁਰੂ ਗੋਬਿੰਦ ਸਿੰਘ
ਹਕ ਹਕ ਅੰਦੇਸ਼ ਗੁਰੂ ਗੋਬਿੰਦ ਸਿੰਘ
ਬਾਦਸ਼ਾਹ ਦਰਵੇਸ ਗੁਰੂ ਗੋਬਿੰਦ ਸਿੰਘ
ਪੈਗੰਬਰ
ਗੁਰੂ ਗੋਬਿੰਦ ਸਿੰਘ ਜੀ ਹਿੰਦੁਸਤਾਨ ਦੀ ਇਕ ਮਹਾਨ ਸ਼ਕਸ਼ੀਅਤ ਸਨ । ਉਹਨਾਂ ਦਾ ਇਨਸਾਨੀਅਤ ਨਾਲ ਪਿਆਰ ਦਾ ਜਜ੍ਬਾ ਉਚਾ ਤੇ ਸੁਚਾ ਜੀਵਨ ਕਿਸੇ ਪੈਗੰਬਰ ਨਾਲੋਂ ਘਟ ਨਹੀ ਸੀ। ਜਿਥੇ ਉਨਾਂ ਵਿਚ ਸੰਤਾ ਵਾਲੇ ਗੁਣ ਸਨ ਉਥੇ ਓਹ ਇਕ ਸਮਾਜ ਸੁਧਾਰਕ ਕੋਮੀ ਉਸਰਈਏ ਅਤੇ ਮਹਾਨ ਫੌਜੀ ਜਰਨੈਲ ਵੀ ਸਨ , ਨਿਡਰ ਤੇ ਲੋਭ ਲਾਲਚ ਤੋ ਕਿਤੇ ਉਪਰ । ਉਹਨਾਂ ਨੇ ਸਿਮਰਨ ਵੀ ਕੀਤਾ ਤੇ ਜੰਗ ਵੀ ,ਜਰ ਜੋਰੁ ਜਾਂ ਜਮੀਨ ਲਈ ਨਹੀ ,ਨਾ ਕਿਸੇ ਨੂੰ ਦੁਖ ਪਹੁੰਚਾਣ ਲਈ ,ਸਗੋ ਗਰੀਬਾਂ ਤੇ ਮਜ੍ਲੂਮਾ ਦੀ ਰਖਿਆ ਕਰਨ ਤੇ ਜੋਰ ਜਬਰ ਦਾ ਟਾਕਰਾ ਕਰਨ ਲਈ । ਓਹਨਾਂ ਨੇ ਨਾ ਕਿਸੇ ਦੀ ਦੋਲਤ ਲੁਟੀ , ਨਾ ਜਮੀਨ ਜਾਇਦਾਦ ਤੇ ਕਬਜਾ ਕੀਤਾ , ਨਾ ਕਿਸੀ ਦੀ ਬਹੂ ਬੇਟੀ ਨੂੰ ਬੇਆਬਰੂ ਕੀਤਾ ਨਾ ਕਰਵਾਇਆ,ਨਾ ਕਿਸੇ ਨੂੰ ਕੈਦ ਕੀਤਾ , ਨਾ ਅੰਗ ਵਡੇ , ਨਾ ਸੂਲੀ ਤੇ ਚਾੜਿਆ , ਓਹ ਲੜੇ ਤੇ ਸਿਰਫ ਅਸੂਲਾਂ ਵਾਸਤੇ, ਹਕ ਤੇ ਸਚ ਦੀ ਰਾਖੀ ਕਰਨ ਵਾਸਤੇ ਓਹ ਵੀ ਤਦ ਜਦੋਂ ਬਾਕੀ ਸਾਰੇ ਸ਼ਾਂਤਮਈ ਢੰਗ ਫ਼ੇਲ ਹੋ ਚੁਕੇ ਸਨ ।
ਉਹਨਾਂ ਦੀਆ ਕੁਰਬਾਨੀਆਂ ਦਾ ਕੋਈ ਅੰਤ ਨਹੀ । 9 ਸਾਲ ਦੀ ਉਮਰ ਵਿਚ ਪਿਤਾ ਨੂੰ ਤਿਲਕ ਤੇ ਜੰਜੂ ਦੀ ਰਖਿਆ ਵਾਸਤੇ ਕੁਰਬਾਨ ਕੀਤਾ , ਜਿਸ ਵਿਚ ਨਾ ਕਿਸੇ ਗੁਰੂ ਨੂੰ ਵਿਸ਼ਵਾਸ ਸੀ ਤੇ ਨਾ ਹੀ ਸਤਕਾਰ । ਸਿਰਫ 42 ਸਾਲ ਦੀ ਉਮਰ ਵਿਚ ਉਹਨਾ ਨੇ ਗੁਰੂ ਨਾਨਕ ਦੇਵ ਜੀ ਦੇ ਆਰੰਭ ਕੀਤੇ ਜਬਰ ਤੇ ਜੁਲਮ ਦੇ ਖਿਲਾਫ਼ ਕ੍ਰਾਂਤੀਕਾਰੀ ਸਿਧਾਂਤਾਂ ਨੂੰ ਸਿਖਰ ਤੇ ਪਹੁੰਚਾਇਆ , ਜਿਸ ਲਈ ਉਹਨਾ ਨੇ ਆਪਣੇ ਸਰਬੰਸ ਤੇ ਅਨੇਕਾਂ ਪਿਆਰੇ ਸਿਖਾ ਦੀ ਕੁਰਬਾਨੀ ਦਿਤੀ । ਉਹਨਾਂ ਦਾ ਹੋਸਲਾ ਵੀ ਕਮਾਲ ਦਾ ਸੀ ਇਤਨਾ ਕੁਝ ਵਾਪਰ ਗਿਆ ਪਰ ਫਿਰ ਵੀ ਚੜਦੀ ਕਲਾ ਵਿਚ ਰਹਿਕੇ ਰਬ ਦਾ ਸ਼ੁਕਰ ਮਨਾਉਂਦੇ ਰਹੇ । ਚਮਕੋਰ ਦੀ ਜੰਗ ਵਿਚ ਆਪਣੇ ਪੁਤਰਾਂ ਨੂੰ ਆਪਣੀ ਹਥੀਂ ਤਿਆਰ ਕਰਕੇ ਸ਼ਹਾਦਤ ਲਈ ਤੋਰਨਾ ,ਆਪਣੀ ਅਖੀਂ ਸ਼ਹੀਦ ਹੁੰਦਿਆਂ ਵੇਖ ਕੇ ਇਕ ਹੰਜੂ ਕੇਰਾ ਬਿਨਾ ਉਸ ਅਕਾਲ ਪੁਰਖ ਦਾ ਧੰਨਵਾਦ ਕਰਨਾ , ਦੋ ਪੁਤਰ ਸਰਹੰਦ ਦੀਆਂ ਨੀਹਾਂ ਵਿਚ ਚਿਣਵਾ ਦਿਤੇ ਗਏ, ਸੀ ਨਹੀ ਕੀਤੀ , ਸਿਤਮ ਜਫਾ ਕਹਿਰ ਦਾ ਮੁਕ਼ਾਬਲਾ ਪਿਆਰ ਤੇ ਸਿਦਕ ਨਾਲ ਕਰਨਾ ਇਹ ਕੋਈ ਆਮ ਗਲ ਨਹੀ । ਪੁਤਰ ਵੀ ਜਿਹਨਾਂ ਨੇ ਇਤਨੀ ਮਾਸੂਮ ਉਮਰ ਵਿਚ ਸ਼ਹਾਦਤ ਦੇਕੇ ਆਪਣੇ ਜਾਹੋ–ਜਲਾਲ ਨਾਲ ਨਾ ਕੇਵਲ ਸਿਖ ਇਤਿਹਾਸ ਰੋਸ਼ਨ ਕੀਤਾ ਬਲਕਿ ਸ਼ਹੀਦੀ ਦੀ ਇਕ ਐਸੀ ਮਿਸਾਲ ਕਾਇਮ ਕੀਤੀ ਜੋ ਦੁਨਿਆ ਦੇ ਇਤਿਹਾਸ ਨਾਲੋਂ ਵਖਰੀ ਹੈ।
ਜਿਤਨੇ ਖਿਤਾਬ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲੇ ਹਨ ਸ਼ਾਇਦ ਹੀ ਕਿਸੇ ਹੋਰ ਮਹਾਪੁਰਸ਼ ਨੂੰ ਮਿਲੇ ਹੋਣ । ਉਹਨਾਂ ਨੂੰ ਸ਼ਹੀਦ ਪਿਤਾ ਦਾ ਪੁਤਰ ਤੇ ਸ਼ਹੀਦ ਪੁਤਰਾਂ ਦਾ ਪਿਤਾ ਬਣਨ ਦਾ ਮਾਣ ਮਿਲਿਆ ਉਹਨਾਂ ਦਾ ਸਾਰਾ ਜੀਵਨ ਦੇਸ਼ ਤੇ ਕੋਮ ਲਈ ਕੁਰਬਾਨੀਆਂ ਕਰਦੇ ਬੀਤਿਆ ਖਾਸ ਕਰਕੇ ਪੋਹ ਦੇ ਓਹ 7 ਦਿਨ ਜਿਨਾਂ ਨੂੰ ਸੁਣਕੇ ਹ਼ਰ ਇਕ ਦੇ ਰੋੰਗਟੇ ਖੜੇ ਹੋ ਜਾਂਦੇ , ਦਿਲ ਕੰਬ ਉਠਦਾ । ਚਾਰ ਪੁਤਰ ਤਿੰਨ ਪਿਆਰੇ ਤੇ 500 ਤੋ ਵਧ ਸੰਤ ਸਿਪਾਹੀ ਜੋ ਉਨਾਂ ਨੂੰ ਪੁਤਰਾਂ ਤੋਂ ਵਧ ਪਿਆਰੇ ਸੀ, ਸ਼ਹੀਦ ਹੋਏ ।
ਪਰ ਕੁਝ ਹਿੰਦੂ ਤੇ ਮੁਸਲਮਾਨਾਂ ਵਿਚੋਂ ਅਜੇਹੇ ਵੀ ਨੇਕ ਦਿਲ ਇਨਸਾਨ ਸੀ ਜਿਹਨਾਂ ਨੇ ਗੁਰੂ ਸਾਹਿਬ ਨੂੰ ਪੀਰ , ਮੁਰਸ਼ਦ ,ਭਗਵਾਨ,ਉਚ ਦੇ ਪੀਰ, ਸੰਤ, ਭਗਤ ਤੇ ਗੁਰੂ ਸਮਝ ਕੇ ਉਹਨਾਂ ਲਈ ਹਰ ਕੁਰਬਾਨੀ ਦੇਣ ਲਈ ਤਿਆਰ ਬਰ ਤਿਆਰ ਰਹੇ । ਇਸ ਧਰਮ ਯੁਧ ਵਿਚ ਅਨੇਕਾਂ ਹਿੰਦੂਆਂ, ਮੁਸਲਮਾਨਾਂ ਤੇ ਸਿਖਾਂ ਨੇ ਸਾਂਝਾ ਖੂਨ ਡੋਲਿਆ ਜਿਵੇ ਕੀ ਪੀਰ ਬੁਧੂ ਸ਼ਾਹ, ਮਹੰਤ ਕਿਰਪਾਲ ,ਨਬੀ ਖਾਨ ਤੇ ਗਨੀ ਖਾਨ ,ਕਾਜੀ ਪੀਰ ਮੁਹੰਮਦ , ਭਾਈ ਮੋਤੀਲਾਲ ਮੇਹਰਾ ,ਨਵਾਬ ਮਲੇਰਕੋਟਲਾ ਤੇ ਹੋਰ ਬਹੁਤ ਸਾਰੇ ਹਿੰਦੂ ਤੇ ਮੁਸਲਮਾਨ । ਇਕ ਪਾਸੇ ਓਹ ਪਠਾਨ ਸਨ ਜੋ ਲਾਲਚ ਦੀ ਖਾਤਰ ਗੁਰੂ ਸਾਹਿਬ ਨੂੰ ਜਿੰਦਾ ਪਕੜਨ ਲਈ ਪਿੱਛਾ ਕਰ ਰਹੇ ਸੀ ਤੇ ਦੂਜੇ ਪਾਸੇ ਗਨੀ ਖਾਨ ਤੇ ਨਬੀ ਖਾਨ ਵਰਗੇ ਪਠਾਨ ਜਿਹਨਾਂ ਨੇ ਗੁਰੂ ਸਾਹਿਬ ਨੂੰ ਉਚ ਦਾ ਪੀਰ ਬਣਾਕੇ ਐਸੀ ਜਗਾ ਤੇ ਪਹੁੰਚਾਇਆ ਜਿਥੇ ਉਹਨਾਂ ਦੀ ਜਿੰਦਗੀ ਲਈ ਕੋਈ ਖਤਰਾ ਨਹੀ ਸੀ । ਕਾਜ਼ੀ ਪੀਰ ਮੁਹੰਮਦ ਜੋ ਇਕ ਵਕਤ ਗੁਰੂ ਸਾਹਿਬ ਨੂੰ ਪੜਾਉਂਦਾ ਸੀ ਨੇ ਜਗਾ ਜਗਾ ਲਗੀ ਨਾਕਾਬੰਦੀ ਦੇ ਸ਼ਾਹੀ ਕਮਾਨਡਰਾਂ ਨੂੰ ਇਹ ਕਹਿਕੇ ਤਸਲੀ ਕਰਵਾਈ ,” ਇਹ ਉਚ੍ ਦੇ ਪੀਰਾਂ ਦੇ ਪੀਰ ਹਨ । ਅੱਲਾ ਦੇ ਪਿਆਰਿਆਂ ਨੂੰ ਰੋਕਣਾ ਗੁਨਾਹ ਹੈ ” । ਇਹ ਸੀ ਇਹਨਾਂ ਦਾ ਪਿਆਰ ਤੇ ਸਤਕਾਰ ਗੁਰੂ ਸਾਹਿਬ ਵਾਸਤੇ ।
ਇਕ ਪਾਸੇ ਗੁਰੂ ਸਾਹਿਬ ਦੇ ਪੁਤਰਾਂ ਨੂੰ ਸਰਹੱਦ ਦੀਆਂ ਨੀਹਾਂ ਵਿਚ ਸ਼ਹੀਦ ਕਰਾਉਣ ਵਿਚ ਗੰਗੂ ਬ੍ਰਾਹਮਣ ਤੇ ਸੁਚਾ ਨੰਦ ਵਰਗੇ ਹਿੰਦੂ ਵੀ ਸਨ ਤੇ ਦੂਜੇ ਪਾਸੇ ਮੋਤੀ ਲਾਲ ਮੇਹਰਾ ਤੇ ਟੋਡਰ ਮਲ ਵਰਗੇ ਨੇਕ ਦਿਲ ਇਨਸਾਨ ਜਿਹਨਾਂ ਨੇ ਕੈਦਖਾਨੇ ਵਿਚ ਸਾਰਾ ਖਤਰਾ ਝੇਲ ਕੇ ਬਚਿਆਂ ਲਈ ਦੁਧ ਪਹੁੰਚਾਇਆ ਤੇ ਆਪਣਾ ਸਭ ਕੁਝ ਵੇਚ ਕੇ ਸਸਕਾਰ ਦੀ ਜਗਾ ਮੋਹਰਾਂ ਵਿਛਾ ਕੇ ਖਰੀਦੀ । ਦੀਨਾ ਪਿੰਡ ਦੇ ਚੋਧਰੀ ਲਖਮੀਰਾ ਤੇ ਸ਼ਮਸ਼ੀਰਾ ਨੂੰ ਜਦੋਂ ਸਰਹੰਦ ਦੇ ਨਵਾਬ ਨੇ ਗੁਰੂ ਗੋਬਿੰਦ ਸਿੰਘ ਨੂੰ ਉਸ ਦੇ ਹਵਾਲੇ ਕਰਨ ਦਾ ਹੁਕਮ ਦਿਤਾ ਤਾਂ ਉਹਨਾਂ ਦਾ ਜਵਾਬ ਸੀ ” ਗੁਰੂ ਸਾਹਿਬ ਸਾਡੇ ਪੀਰ ਹਨ ਉਹਨਾਂ ਦੀ ਸੇਵਾ ਕਰਨਾ ਸਾਡਾ ਫਰਜ਼ ਤੇ ਧਰਮ ਹੈ , ਇਹਨਾਂ ਨੂੰ ਅਸੀਂ ਤੁਹਾਡੇ ਹਵਾਲੇ ਹਰਗਿਜ਼ ਨਹੀ ਕਰਾਂਗੇ । ਇਥੇ ਹੀ ਗੁਰੂ ਸਾਹਿਬ ਨੇ ਔਰੰਗਜ਼ੇਬ ਨੂੰ ਇਕ ਲੰਬੀ ਚਿਠੀ ਲਿਖੀ ਜਿਸ ਨੂੰ ਜ਼ਫ਼ਰਨਾਮਾ ਕਿਹਾ ਜਾਂਦਾ ਹੈ ।
ਜਦ ਸਿੰਘਾ ਨੇ ਭਾਈ ਘਨਈਆ ਦੀ ਸ਼ਕਾਇਤ ਗੁਰੂ ਸਾਹਿਬ ਨੂੰ ਕੀਤੀ ਕਿ ਅਸੀਂ ਜੰਗ ਵਿਚ ਜੂਝ ਕੇ ਦੁਸ਼ਮਨ ਨੂੰ ਮਾਰਦੇ ਹਾਂ ਜਾਂ ਜਖਮੀ ਕਰਦੇ ਹਾਂ ਤੇ ਇਹ ਦੁਸ਼ਮਣਾ ਨੂੰ ਪਾਣੀ ਪਿਲਾ ਕੇ ਜੀਵਾਲਦਾ ਹੈ ਤਾਂ ਭਾਈ ਘਨੱਈਆ ਕੋਲੋ ਪੁਛਿਆ ਗਿਆ ,ਉਸਦਾ ਉਤਰ ਸੀ ,” ਪਾਤਸ਼ਾਹ ਮੈਨੂੰ ਤਾਂ ਕੋਈ ਦੁਸ਼ਮਨ ਨਜ਼ਰ ਨਹੀ ਆਓਂਦਾ ਹਰ ਇਕ ਵਿਚ ਤੁਹਾਡਾ ਹੀ ਰੂਪ ਨਜਰ ਆਓਂਦਾ ਹੈ ਤਾਂ ਗੁਰੂ ਸਾਹਿਬ ਨੇ ਉਸ ਨੂੰ ਮਰਹਮ ਦੀ ਡਬੀ ਦਿਤੀ ਤੇ ਪਾਣੀ ਪਿਲਾਣ ਦੇ ਨਾਲ ਨਾਲ ਮਰਮ–ਪਟੀ ਕਰਨ ਦੀ ਵੀ ਹਿਦਾਅਤ ਦਿਤੀ । ਉਹਨਾਂ ਨੂੰ ਵੀ ਕਿਥੇ ਕੋਈ ਦੁਸ਼ਮਨ ਨਜਰ ਆਉਂਦਾ ਸੀ । ਉਹ ਤਾ ਸਭ ਦਾ ਭਲਾ ਮੰਗਦੇ ਰਹੇ । ਉਹਨਾ ਦੀ ਟਕਰ ਜ਼ੁਲਮ ਨਾਲ ਸੀ ਕਿਸੇ ਇਨਸਾਨ ਨਾਲ ਨਹੀਂ ।
ਗੁਰੂ ਸਾਹਿਬ ਦੀ ਕਮਾਨ ਦੀ ਡੋਰੀ ਖਿੱਚਣ ਦੀ ਤਾਕਤ 496 ਪੋਂਡ ਮਤਲਬ ੨੩੫ ਕਿਲੋ ਦਾ ਹੁੰਦੀ ਸੀ । ਹਰ ਤੀਰ ਨਾਲ ।/2 ਤੋਲਾ ਸੋਨਾ ਲਗਾ ਹੁੰਦਾ ਸੀ ,ਸਿਰਫ ਇਸ ਕਰਕੇ ਕੀ ਅਗਰ ਕੋਈ ਵੈਰੀ ਜਖਮੀ ਹੋ ਜਾਏ , ਉਸ ਕੋਲ ਪੈਸੇ ਨਾ ਹੋਣ ਤਾ ਸੋਨਾ ਵੇਚ ਕੇ ਇਲਾਜ ਕਰਵਾ ਸਕੇ .ਔਰ ਅਗਰ ਉਸਦੀ ਮੋਤ ਹੋ ਜਾਏ ਤਾ ਉਸ ਲਈ ਕਫਨ–ਦਫਨ ਦਾ ਇੰਤਜ਼ਾਮ ਹੋ ਸਕੇ । ਵੈਰੀਆਂ ਜਾਂ ਵੈਰੀਆਂ ਦੇ ਪਰਿਵਾਰ ਬਾਰੇ , ਓਹਨਾ ਦੀ ਜਖਮੀ ਜਾਂ ਮੋਤ ਦੇ ਹਾਲਤ ਬਾਰੇ ਸੋਚਣਾ ਤੇ ਉਹਨਾਂ ਦੇ ਕਫਨ ਦਫਨ ਦਾ ਇੰਤਜ਼ਾਮ ਕਰਨਾ , ਇਤਨੀ ਡੂੰਘੀ ਤੇ ਉਚੀ ਸੋਚ ਕਿਸੇ ਆਮ ਇਨਸਾਨ ਦੀ ਜਾਂ ਕਿਸੇ ਫੌਜੀ ਜਰਨੈਲ ਦੀ ਨਹੀਂ ਹੋ ਸਕਦੀ , ਕਿਸੇ ਦਰਵੇਸ਼ , ਫਕੀਰ ਜਾਂ ਰਹਿਬਰ ਦੀ ਹੀ ਹੋ ਸਕਦੀ ਹੈ ।
ਗੁਰੂ ਸਾਹਿਬ ਨੇ 14 ਲੜਾਈਆਂ ਲੜੀਆਂ ,ਤੇ ਜਿਤੀਆਂ ਵੀ ਪਰ ਕਦੀ ਕਿਸੇ ਤੇ ਆਪ ਹਮਲਾ ਨਹੀ ਕੀਤਾ । ਉਹਨਾਂ ਦੇ ਜੰਗੀ ਅਸੂਲ ਵੀ ਦੁਨਿਆ ਤੋ ਵਖ ਸਨ । ਕਿਸੇ ਤੇ ਪਹਿਲੇ ਹਲਾ ਨਹੀ ਬੋਲਣਾ ,ਪਹਿਲਾਂ ਵਾਰ ਨਹੀ ਕਰਨਾ , ਭਗੋੜੇ ਦਾ ਪਿਛਾ ਨਹੀਂ ਕਰਨਾ । ਉਹਨਾਂ ਦੀ ਕਿਸੇ ਨਾਲ ਦੁਸ਼ਮਨੀ ਜਾਂ ਵੇਰ ਵਿਰੋਧ ਨਹੀ ਸੀ । ਰਾਜਿਆਂ ਮਹਾਰਾਜਿਆਂ ਨੇ ਹਮਲੇ ਵੀ ਕੀਤੇ ਤੇ ਲੋੜ ਵੇਲੇ ਮਾਫੀਆਂ ਵੀ ਮੰਗੀਆਂ । ਔਰੰਗਜ਼ੇਬ ਨੇ ਅੰਤਾਂ ਦੇ ਜੁਲਮ ਕੀਤੇ ਤੇ ਕਰਵਾਏ ਪਰ ਜਦ ਉਸਨੂੰ ਅਹਿਸਾਸ ਹੋਇਆ ਤੇ ਆਪਣੀ ਭੁਲ ਬਖਸ਼ਾਣ ਲਈ ਗੁਰੂ ਸਾਹਿਬ ਨੂੰ ਮਿਨਤਾਂ ਤਰਲਿਆਂ ਨਾਲ ਸਦਿਆ ਤਾਂ ਗੁਰੂ ਸਾਹਿਬ ਸਭ ਕੁਝ ਭੁਲਾ ਕੇ ਜਾਣ ਲਈ ਤਿਆਰ ਹੋ ਗਏ ।
ਇਕ ਵਾਰੀ ਜਦ ਗੁਰੂ ਸਾਹਿਬ ਪੀਰ ਬੁਧੂ ਸ਼ਾਹ ਕੋਲ ਸਮਾਣੇ ਆਏ ਤਾ ਉਥੋਂ ਦੇ ਹਾਕਮ ਉਸਮਾਨ ਖਾਨ ਨੇ ਪੀਰ ਜੀ ਨੂੰ ਗੁਰੂ ਸਾਹਿਬ ਉਸਦੇ ਹਵਾਲੇ ਕਰਨ ਨੂੰ ਕਿਹਾ । ਪੀਰ ਬੁਧੂ ਸ਼ਾਹ ਨੇ ਇਨਕਾਰ ਕਰ ਦਿਤਾ ਪਰ ਇਤਨਾ ਮੰਨਵਾ ਲਿਆ ਕੀ ਜੇ ਮੈਂ ਉਹਨਾਂ ਦਾ ਖੂਨ ਤੇਨੂੰ ਦੇ ਦਿਆਂ ਤਾਂ ਤੂੰ ਔਰੰਗਜ਼ੇਬ ਦੀ ਤੱਸਲੀ ਕਰਵਾ ਸਕਦਾ ਹੈਂ । ਪੀਰ ਬੁਧੂ ਸ਼ਾਹ ਦੇ ਤੀਸਰੇ ਪੁਤਰ ਨੇ ਸਲਾਹ ਦਿਤੀ ਕੀ ਉਸਦਾ ਸਿਰ ਕਲਮ ਕਰ ਕੇ ਉਸਦਾ ਖੂੰਨ ਉਸਮਾਨ ਖਾਨ ਨੂੰ ਭੇਜ ਦਿਤਾ ਜਾਏ । ਪੀਰ ਬੁਧੂ ਸ਼ਾਹ ਨੇ ਇਵੇਂ ਹੀ ਕੀਤਾ । ਪਰ ਔਰੰਗਜ਼ੇਬ ਦੇ ਸ਼ਾਹੀ ਹਕੀਮ ਨੇ ਖੂਨ ਦੇਖਿਆ ਤੇ ਕਿਹਾ ਇਹ ਕਿਸੇ ਰਬੀ ਨੂਰ ਦਾ ਖੂਨ ਨਹੀਂ ਹੈ । ਉਸਮਾਨ ਖਾਨ ਨੂੰ ਬਹੁਤ ਗੁਸਾ ਆਇਆ । ਉਸਨੇ ਪੀਰ ਬੁਧੂ ਸਾਹ ਦੀ ਹਵੇਲੀ ਨੂੰ ਅਗ ਲਗਾ ਦਿਤੀ ਤੇ ਪੀਰ ਬੁਧੂ ਸ਼ਾਹ ਨੂੰ ਜੰਗਲਾ ਵਿਚ ਲਿਜਾ ਕੇ ਜਮੀਨ ਵਿਚ ਜਿੰਦਾ ਦਬ ਦਿਤਾ । ਸਿਰ ਤੇ ਦਹੀਂ ਪਾਕੇ ਜੰਗਲੀ ਕੁਤਿਆਂ ਨੂੰ ਛਡ ਦਿਤਾ ਜੋ ਉਹਨਾ ਨੂੰ ਨੋਚ ਨੋਚ ਕੇ ਖਾ ਗਏ ।
ਬੀਬੀ ਨਾਸੀਰਾਂ ਪੀਰ ਬੁਧੂ ਸ਼ਾਹ ਦੀ ਬੀਵੀ ਦੀ ਵੀ ਗੁਰੂ ਸਾਹਿਬ ਲਈ ਸ਼ਰਧਾ ਅੱਤ ਦੀ ਸੀ । ਜਦੋ ਪੀਰ ਬੁਧੂ ਸ਼ਾਹ ਭੰਗਾਣੀ ਦੀ ਜੰਗ ਤੋ ਵਾਪਿਸ ਆਏ ਤਾ ਬੀਬੀ ਨਸੀਰਾਂ ਨੂੰ ਕਿਹਾ ਤੇਰੇ ਦੋ ਪੁਤਰ ਸ਼ਹੀਦ ਕਰਵਾਕੇ ਆਇਆਂ ਹਾਂ ਤਾ ਬੀਬੀ ਨਸੀਰਾਂ ਰੋਣ ਲਗ ਪਈ , ਪੀਰ ਜੀ ਨੇ ਹੋਸਲਾ ਦਿਤਾ, ਚੁਪ ਕਰਾਇਆ ਤਾਂ ਬੀਬੀ ਨਸੀਰਾਂ ਨੇ ਦਸਿਆ ਕਿ ” ਮੈਂ ਇਸ ਕਰਕੇ ਨਹੀ ਰੋ ਰਹੀ ਕੀ ਮੇਰੇ ਦੋ ਪੁਤਰ ਸ਼ਹੀਦ ਹੋਏ ਹਨ ਮੈਂ ਇਸ ਕਰਕੇ ਰੋ ਰਹੀ ਹਾਂ ਕੀ ਜੋ ਦੋ ਵਾਪਿਸ ਆਏ ਹਨ ਉਹਨਾਂ ਨੂੰ ਜਮਣ ਵਿਚ ਮੇਰੇ ਕੋਲੋਂ ਕੀ ਭੁਲ ਹੋ ਗਈ ਹੈ ਜੋ ਗੁਰੂ ਸਾਹਿਬ ਨੇ ਕਬੂਲ ਨਹੀ ਕੀਤੇ , ਨਹੀ ਤਾਂ ਮੈ ਵੀ ਅਜ ਚਾਰ ਸ਼ਹੀਦ ਸਾਹਿਬਜਾਦਿਆਂ ਦੀ ਮਾਂ ਕਹਿਲਾਂਦੀ “।
ਜਦੋਂ ਗੁਰੂ ਸਾਹਿਬ ਚਮਕੋਰ ਖੁਲੀ ਥਾਂ ਤੇ ਕੁਝ ਸਿੰਘਾ ਨਾਲ ਟਿਕੇ ਹੋਏ ਸੀ ਤਾਂ ਅਜਮੇਰ ਚੰਦ ਇਸ ਤਾਕ ਵਿਚ ਸੀ । ਉਸਨੇ ਮੋਕਾ ਦੇਖ ਕੇ ਲਾਹੋਰ ਦੇ ਦੋ ਓਮਰਾਓ ਜੋ 5000- 5000 ਦੀਆਂ ਫੌਜਾਂ ਲੇਕੇ ਦਿੱਲੀ ਵਲ ਨੂੰ ਜਾ ਰਹੇ ਸਨ , ਆਪਣੇ ਏਲਚੀ ਨੂੰ ਇਸ ਸਨੇਹੇ ਨਾਲ ,ਲੁਧਿਆਣੇ ਇਹਨਾਂ ਦੇ ਮਨਸਬਦਾਰਾਂ ਕੋਲ ਭੇਜ ਦਿਤਾ ” ਗੁਰੂ ਸਾਹਿਬ ਇਸ ਵੇਲੇ ਖੁਲੇ ਮੈਦਾਨ ਵਿਚ ਬੈਠੇ ਹੋਏ ਹਨ , ਤੁਸੀ ਸੋਖੇ ਹੀ ਉਹਨਾਂ ਤੇ ਕਾਬੂ ਪਾ ਸਕਦੇ ਹੋ ‘। ਇਸ ਸੁਨੇਹੇ ਤੇ ਦੋਨੋ ਹੀ ਉਮਰਾਓ ਬੜੇ ਖੁਸ਼ ਹੋਏ ਤੇ ਮੋਕੇ ਨੂੰ ਗਨੀਮਤ ਸਮਝ ਕੇ ਚਮਕੌਰ ਵਲ ਨੂੰ ਤੁਰ ਪਏ । ਗੁਰੂ ਸਾਹਿਬ ਨੂੰ ਲੁਧਿਆਣੇ ਤੋ ਖਬਰ ਮਿਲ ਗਈ । ਰਣਜੀਤ ਨਗਰਾ ਵਜਾਕੇ ਲੜਾਈ ਵਾਸਤੇ ਤਿਆਰ ਹੋ ਗਏ । ਜਦੋਂ ਦੋਨੋ ਪਾਸਿਓ ਟਾਕਰਾ ਹੋਇਆ ਤਾਂ ਉਮਰਾਓ ਨੂੰ ਬੜਾ ਅਚਰਜ ਹੋਇਆ ਕੀ ਇਤਨੀ ਥੋੜੀ ਫੌਜ਼ ਨਾਲ ਕਿਸ ਹਿੰਮਤ ਤੇ ਦਲੇਰੀ ਨਾਲ ਸਿਖ ਲੜ ਰਹੇ ਹਨ । ਓਹ ਅਗੇ ਹੋਕੇ ਆਪ ਗੁਰੂ ਸਾਹਿਬ ਨਾਲ ਜੰਗ ਕਰਨ ਲਈ ਵਧਿਆ । ਗੁਰੂ ਸਾਹਿਬ ਦਾ ਤੇਜ ਪ੍ਰਤਾਪ ਉਸਤੋਂ ਝ੍ਲਿਆ ਨਹੀਂ ਗਿਆ । ਓਹ ਘੋੜੇ ਤੋਂ ਉਤਰਿਆ , ਚਰਨਾ ਤੇ ਮਥਾ ਟੇਕਿਆ ਤੇ ਆਪਣੇ ਗੁਨਾਹ ਦੀ ਮਾਫ਼ੀ ਮੰਗਣ ਲਗਾ ਤੁਸੀਂ ਤਾਂ ਪੀਰਾਂ ਦੇ ਪੀਰ ,ਅਲਾਹ ਦਾ ਨੂਰ ਲਗਦੇ ਹੋ । ਗੁਰੂ ਸਾਹਿਬ ਨੇ ਉਸ ਨੂੰ ਥਾਪੜਾ ਦਿਤਾ , ਜ਼ੁਲਮ ਨਾ ਕਰਨ ਤੇ ਅਲਾਹ ਨੂੰ ਚੇਤੇ ਰਖਣ ਦੀ ਹਿਦਾਇਤ ਦਿਤੀ ।
ਪੰਡਤ ਸ਼ਿਵ ਦਾਸ ਨੂੰ ਗੁਰੂ ਸਾਹਿਬ ਵਿੱਚੋਂ ਕ੍ਰਿਸ਼ਨ ਜੀ ਦਿਸਦੇ ਸਨ । ਭੀਖਣ ਸ਼ਾਹ, ਵਰਗੇ ਨਾਮੀ ਫਕੀਰ ਜਿਹਨਾ ਦੇ ਦਰਸ਼ਨ ਕਰਨ ਲਈ ਹਕੂਮਤ ਦੇ ਬਾਦਸ਼ਾਹ ਪੈਦਲ ਚਲ ਕੇ ਆਇਆ ਕਰਦੇ ਸੀ ਤੇ ਕਈ ਕਈ ਘੰਟੇ ਦਰਸ਼ਨਾ ਲਈ ਇੰਤਜ਼ਾਰ ਕਰਦੇ ਸੀ ,ਓਹ ਫਕੀਰ ਕਈ ਕਈ ਘੰਟੇ ਪੈਦਲ ਚਲ ਕੇ ਗੁਰੂ ਸਾਹਿਬ ਦੇ ਦਰਸ਼ਨ ਕਰਦੇ ,ਸਜਦਾ ਤੇ ਸੇਵਾ ਕਰਦੇ ਨਜਰ ਆਉਂਦੇ ਸਨ ।
ਉਹਨਾਂ ਨੇ ਸਿਖਾਂ ਨੂੰ ਖਾਲੀ ਜ਼ੁਲਮ ਦਾ ਟਾਕਰਾ ਕਰਨਾ ਹੀ ਨਹੀਂ ਸਿਖਾਇਆ ਜਿਥੇ ਉਹਨਾਂ ਨੇ ਸਿਖਾਂ ਲਈ ਸ਼ਸ਼ਤਰ ਪਹਿਨਣੇ ਜਰੂਰੀ ਅੰਗ ਬਣਾਇਆ ਉਥੇ ਨਿਤ ਨੇਮ ਦਾ ਪਾਠ ਕਰਨਾ ਵੀ ਅਵਸ਼ਕ ਕਰ ਦਿਤਾ । ਉਹਨਾਂ ਦਾ ਆਪਣਾ ਕਿਰਦਾਰ ਵੀ ਇਸ ਗਲ ਦੀ ਗਵਾਹੀ ਦਿੰਦਾ ਹੈ ,ਸਰਸਾ ਨਦੀ ਦੇ ਕਿਨਾਰੇ ਵਰਦੀਆਂ ਗੋਲੀਆਂ ਹੇਠ ਉਹਨਾਂ ਆਪਣਾ ਨਿਤਨੇਮ ਨਹੀਂ ਛਡਿਆ। ਉਹਨਾ ਦੀ ਬਾਣੀ ਅਕਾਲ ਉਸਤਤਿ ਤੇ ਜਾਪੁ ਸਾਹਿਬ ਹੁਣ ਤਕ ਸਿਖੀ ਨੂੰ ਰੂਹਾਨੀਅਤ ਦੇ ਦਰਸ਼ਨ ਕਰਾਉਂਦੀ ਹੈ ਤੇ ਗੁਰੂ ਨਾਨਕ ਸਾਹਿਬ ਦੀ ਤੇਰਾ ਤੇਰਾ ਸਾਖੀ ਨਾਲ ਜੋੜਦੀ ਹੈ ।
ਅਬਦੁਲ ਮਜੀਦ ਲਿਖਦੇ ਹਨ ,’ ਗੁਰੂ ਗੋਬਿੰਦ ਸਿੰਘ ਕਦੇ ਇਸਲਾਮ ਜਾਂ ਮੁਸਲਮਾਨਾ ਦੇ ਵੈਰੀ ਨਹੀਂ ਸੀ ” । ਜੋ ਪੈਗੰਬਰ ਖੁਦਾ ਦੀ ਖਲਕਤ ਨੂੰ ਇਕ ਸਮਝਦਾ ਹੋਵੇ , ਨਿਮਾਜ਼ ਅਤੇ ਪੂਜਾ , ਮੰਦਰ ਅਤੇ ਮਸਜਿਦ ਵਿਚ ਕੋਈ ਫਰਕ ਨਾ ਕਰਦਾ ਹੋਵੇ , ਜਿਸਦੀ ਫੌਜ਼ ਵਿਚ ਹਜ਼ਾਰਾਂ ਮੁਸਲਮਾਨ, ਜਾਲਮ ਮੁਗਲ ਹਕੂਮਤ ਨਾਲ ਟਾਕਰਾ ਕਰਨ ਲਈ ਖੜੇ ਹੋਣ , ਜਿਸਦੇ ਪੈਰੋਕਾਰ ਲੜਾਈ ਦੇ ਮੈਦਾਨ ਵਿਚ ਆਪਣੇ ਅਤੇ ਦੁਸ਼ਮਨ ਨੂੰ ਪਾਣੀ ਪਿਲਾਣ ਤੇ ਮਰਹਮ ਪਟੀ ਦੀ ਸੇਵਾ ਕਰਣ , ਜਿਸਦੇ ਲੰਗਰ ਵਿਚ ਹਰ ਮੁਸਲਮਾਨ , ਹਿੰਦੂ , ਸਿਖ ਇਕ ਪੰਗਤ ਵਿਚ ਬੈਠ ਕੇ ਲੰਗਰ ਛਕਣ ਤੇ ਸੰਗਤ ਕਰਨ ਓਹ ਭਲਾ ਕਿਸੇ ਮਜਹਬ ਦਾ ਵੇਰੀ ਕਿਵੈ ਹੋ ਸਕਦਾ ਹੈ । ਓਹ ਵਖਰੀ ਗਲ ਹੈ ਕੀ ਉਸ ਵਕਤ ਜੋ ਜੁਲਮ ਕਰ ਰਹੇ ਸੀ ਇਤਫਾਕਨ ਮੁਸਲਮਾਨ ਸਨ । ਜੰਗਾਂ ਦੀ ਸ਼ੁਰੂਵਾਤ ਤਾਂ ਪਹਾੜੀ ਰਾਜੇ , ਜੋ ਕੀ ਹਿੰਦੂ ਸਨ , ਉਹਨਾਂ ਤੋ ਹੋਈ , ਜਿਸ ਵਿਚ ਪੀਰ ਬੁਧੂ ਸ਼ਾਹ , ਜੋ ਕੀ ਇਕ ਨਾਮੀ ਮੁਸਲਮਾਨ ਫਕੀਰ ਸਨ ਆਪਣੇ 700 ਮੁਰੀਦ , ਚਾਰ ਪੁਤਰ, ਭਰਾ ਤੇ ਭਤੀਜਿਆਂ ਸਮੇਤ ਗੁਰੂ ਸਾਹਿਬ ਨਾਲ ਆ ਖੜੇ ਹੋਏ । ਗੁਰੂ ਸਾਹਿਬਾਨਾ ਨੇ ਲੋੜ ਪਈ ਤਾਂ ਮੁਸਲਮਾਨਾ ਲਈ ਮਸੀਤਾ ਵੀ ਬਣਵਾਈਆਂ । ਬੰਦਾ ਬਹਾਦਰ , ਮਿਸਲਾਂ ਤੇ ਮਹਾਰਾਜਾ ਰਣਜੀਤ ਸਿੰਘ ਵਕਤ ਵੀ ਮਸੀਤਾਂ ਬਣੀਆ ਪਰ ਅਜ ਤਕ ਕਿਸੇ ਸਿਖ ਨੇ ਢਾਹੀਆਂ ਨਹੀਂ ।
ਦਾਨ–ਵੀਰ
ਗੁਰੂ ਗੋਬਿੰਦ ਸਿੰਘ ਤੋਂ ਵਡਾ ਦਾਂਨ–ਵੀਰ ਕੋਣ ਹੋ ਸਕਦਾ , ਜਿਨ੍ਹਾ ਨੇ ਆਪਣਾ ਸਾਰਾ ਪਰਿਵਾਰ ਭੇਟ ਚੜਾ ਦਿਤਾ ਸਿਰਫ ਜਬਰ ਤੇ ਜੁਲਮ ਨੂੰ ਰੋਕਣ ਲਈ ਉਹ ਵੀ ਆਪਣੇ ਤੇ ਨਹੀ ਬਲਿਕ ਦੂਜਿਆਂ ਦੇ ਧਰਮ ਦੀ ਖਾਤਰ , ਮਜਲੂਮਾਂ ਦੀ ਖਾਤਿਰ , ਉਨ੍ਹਾ ਦੀ ਖੁਸ਼ੀ ਤੇ ਸੁਖ ਦੀ ਖਾਤਿਰ ,ਉਨ੍ਹਾ ਦੀ ਗੈਰਤ –ਮੰਦ ਜਿੰਦਗੀ ਦੀ ਖਾਤਿਰ ,ਜਿਸਤੇ ਉਸ ਵਕਤ ਦੀ ਮੁਗਲ ਹਕੂਮਤ ਅੰਤਾ ਦੇ ਜੁਲਮ ਢਾਹ ਰਹੀ ਸੀ ,ਪੂਰੇ ਹਿੰਦੁਸਤਾਨ ਨੂੰ ਦਾਇਰ–ਏ –ਇਸਲਾਮ ਵਿਚ ਲਿਆਉਣ ਲਈ ਜੋਰ ਜਬਰਦਸਤੀ ਦੀ ਹਦ ਤਕ ਪਹੁੰਚ ਚੁਕੀ ਸੀ 19 ਸਾਲ ਦੀ ਉਮਰ ਵਿਚ ਹਿੰਦੂਆਂ ਦੀ ਧੋਤੀ, ਬੋਦੀ ਤੇ ਜੰਜੂ ਦੀ ਰਖਿਆ ਲਈ ਆਪਣੇ ਪਿਤਾ ਨੂੰ ਸਹੀਦ ਕਰਵਾਇਆ , ਦੋ ਬਚੇ ਆਪਣੀ ਹਥੀਂ ਤਿਆਰ ਕਰਕੇ ਜੰਗ ਵਿਚ ਤੋਰੇ 10 ਲਖ ਦੀ ਫੌਜ਼ ਨਾਲ ਮੁਕਾਬਲਾ ਕਰਨ ਲਈ , ਜਿਸ ਵਿਚ ਉਨ੍ਹਾ ਦੀ ਸਹੀਦੀ ਪਕੀ ਸੀ, ਪਤਾ ਸੀ ਕੀ ਇਨ੍ਹਾ ਨੇ ਮੁੜ ਕੇ ਨਹੀਂ ਆਉਣਾ । ਦੋ ਛੋਟੇ ਸਾਹਿਬਜਾਦਿਆਂ ਨੂੰ ਉਨ੍ਹਾ ਲੀਹਾਂ ਤੇ ਤੋਰਿਆ ਕੀ ਇਤਨੇ ਲਾਲਚਾਂ ਦੇ ਬਾਵਜੂਦ ਵੀ ਓਹ ਧਰਮ ਪਿਛੇ ਕੁਰਬਾਨ ਹੋ ਗਏ ਪਰ ਇਸਲਾਮ ਕਬੂਲ ਨਹੀਂ ਕੀਤਾ । ਮਾਤਾ ਗੁਜਰੀ ਵੀ ਮੁਗਲ ਹਕੂਮਤ ਦੇ ਇਨ੍ਹਾ ਜੁਲਮਾਂ ਦੀ ਭੇਟ ਚੜੇ । ਕੋਈ ਇਹੋ ਜਿਹਾ ਇਤਿਹਾਸ ਵਿਚ ਦਾਂਨ–ਵੀਰ ਪੈਦਾ ਨਹੀਂ ਹੋਇਆ ਹੈ ?
ਮਹਾਨ ਆਗੂ
ਗੁਰੂ ਸਾਹਿਬ ਕਿਸੇ ਇਕ ਕੋਮ ਦੇਸ਼ ਜਾਂ ਮਜਹਬ ਦਾ ਨਹੀ ਬਲਕਿ ਸਭ ਦਾ ਭੱਲਾ ਮੰਗਣ ਵਾਲੇ ਇਕ ਮਹਾਨ ਆਗੂ ਸੀ । ਓਹਨਾ ਨੇ ਕੋਮ ਪ੍ਰਸਤੀ ਨੂੰ ਧਰਮ ਬਣਾ ਦਿਤਾ ਇਹ ਕਹਿਣਾ ਬਹੁਤ ਗਲਤ ਹੈ । ਇਕ ਵਾਰੀ ਬੜੋਦਾ ਵਿਚ ਲਖਾਂ ਦੇ ਇਕਠ ਵਿਚ ਮਹਾਤਮਾ ਗਾਂਧੀ ਨੇ ਕਿਹਾ ਸੀ ਗੁਰੂ ਗੋਬਿੰਦ ਸਿੰਘ ਇਕ ਭੁਲੜ ਰਹਿਬਰ ਹੈ । ਵਿਚਾਰ ਦੀ ਗਲ ਕਰਦਿਆਂ ਕਰਦਿਆ ਤਲਵਾਰ ਪਕੜ ਲਈ , ਸ਼ਾਂਤੀ ਦੀ ਗਲ ਕਰਦਿਆਂ ਕਰਦਿਆਂ ਤੋਪਾਂ ਅਗੇ ਲੈ ਆਏ , ਗਲੇ ਵਿਚ ਮਾਲਾ ਪਹਿਨਾਣੀ ਸੀ ਕਿਰਪਾਨਾ ਤੇ ਤਲਵਾਰਾਂ ਪਹਨਾ ਛਡੀਆਂ । ਜਦ ਗਾਂਧੀ ਦੀ ਇਹ ਗਲ prof. ਗੰਗਾ ਸਿੰਘ ਤਕ ਪਹੁੰਚੀ ਤਾਂ ਓਹ ਸਿਧਾ ਹੀ ਅਹਿਮਦਾਬਾਦ ,ਸਾਬਰਮਤੀ ਦੇ ਆਸ਼ਰਮ ਚਲੇ ਗਏ , ਗਾਂਧੀ ਨੂੰ ਮਿਲੇ ਤੇ ਕਿਹਾ ,”ਤੁਸੀਂ ਹਰ ਥਾਂ ਤੇ ਕਹਿੰਦੇ ਹੋ ਕੀ ਗੀਤਾ ਮੇਰੀ ਮਾਂ ਹੈ, ਇਹ ਮਾਂ ਹੈ ਤੁਹਾਡੀ ? ਗਾਂਧੀ ਨੇ ਕਿਹਾ ਹਾਂ ਮੈ ਹਰ ਰੋਜ਼ ਦੀ ਪ੍ਰੇਰਨਾ ਇਸਤੋਂ ਲੈਂਦਾ ਹਾਂ । ਗੰਗਾ ਸਿੰਘ ਨੇ ਕਿਹਾ ਮੈਂ ਗੀਤਾ ਨੂੰ ਇਕ ਪਵਿਤਰ ਗ੍ਰੰਥ ਸਮਝਦਾ ਹਾ ਤੇ ਤੁਹਾਡੀ ਇਸ ਨੂੰ ਮਾਂ ਕਹਿਣ ਦੀ ਵੀ ਕਦਰ ਕਰਦਾ ਹਾਂ । ਪਰ ਤੁਸੀਂ ਦਸੋ ਗੀਤਾ ਕਿਥੇ ਉਚਾਰੀ ਗਈ ਸੀ ? ਗਾਂਧੀ ਕੁਝ ਸਮਝ ਤੇ ਗਿਆ ਪਰ ਵਾਦ–ਵਿਵਾਦ ਵਿਚ ਨਹੀਂ ਸੀ ਪੈਣਾ ਚਾਹੰਦਾ । ਗੰਗਾ ਸਿੰਘ ਕਦੋਂ ਚੁਪ ਰਹਿਣ ਵਾਲਾ ਨਹੀਂ ਸੀ , ਬੋਲਿਆ ,ਇਹ ਕੁਰਕਸ਼ੇਤਰ ਦੇ ਲੜਾਈ ਦੇ ਮੈਦਾਨ ਵਿਚ ਉਚਾਰੀ ਗਈ ਸੀ ਬਲਿਕ ਲੜਾਈ ਹੀ ਗੀਤਾ ਦੇ ਉਪਦੇਸ਼ ਕਰਕੇ ਹੋਈ । ਜਦੋਂ ਅਰਜੁਨ ਨੇ ਹਥਿਆਰ ਸੁਟ ਦਿਤੇ ਇਹ ਕਹਿਕੇ ਮੈਂ ਕਿਸ ਨਾਲ ਲੜ ਰਿਹਾਂ ਹਾਂ । ਦੁਰਯੋਧਨ ਮੇਰਾ ਭਰਾ ਹੈ ,ਭੀਸ਼ਮ ਪਿਤਾਮਾ ਮੇਰੇ ਪਿਤਾ ਹਨ ਤੇ ਦ੍ਰੋਣਾਚਾਰ੍ਯਾ ਮੇਰੇ ਗੁਰੂ । ਮੈ ਉਹਨਾ ਦੇ ਖਿਲਾਫ਼ ਤਲਵਾਰ ਕਿਸ ਤਰਹ ਚੁਕ ਸਕਦਾ ਹਾਂ । ਤਾਂ ਕ੍ਰਿਸ਼ਨ ਜੀ ਦਾ ਉਪਦੇਸ਼ ਸੀ ਕੀ ਜਦੋ ਕੋਈ ਆਪਣੇ ਸਰੀਰ ਤੇ ਫੋੜਾ ਹੋ ਜਾਏ ਤਾਂ ਉਸ ਨੂੰ ਚੀਰਨਾ ਪੈਦਾਂ ਹੈ ਇਸ ਵਿਚ ਕੋਈ ਪਾਪ ਨਹੀ । ਅਰਜੁਨ ਨੇ ਤਲਵਾਰ ਚੁਕੀ , ਲੜਾਈ ਸ਼ੁਰੂ ਹੋਈ ਜਿਸ ਵਿਚ ਲਖਾਂ ਲੋਕ ਮਾਰੇ ਗਏ । ਗਾਂਧੀ ਕੋਲ ਕੋਈ ਜਵਾਬ ਨਹੀਂ ਸੀ ਕਹਿਣ ਲਗਾ ਕੀ ਇਹ ਦਾ ਮਨ ਦੀ ਲੜਾਈ ਸੀ ਤਾਂ ਗੰਗਾਂ ਸਿੰਘ ਨੇ ਕਿਹਾ ਕੀ ਤਾਂ ਇਹ ਵੀ ਕਹਿ ਦਿਉ ਕਿ ਅਸਲ ਕ੍ਰਿਸ਼ਨ ਕੋਈ ਨਹੀਂ ਸੀ ਇਹ ਵੀ ਮਨ ਦਾ ਕ੍ਰਿਸ਼ਨ ਸੀ । ਗਾਂਧੀ ਨਿਰੁਤਰ ਹੋ ਗਿਆ ਭਰੀ ਸਭਾ ਵਿਚ ਉਸਨੇ ਮਾਫ਼ੀ ਮੰਗੀ ।
ਗੋਕਲ ਚੰਦ ਨਾਰੰਗ ਲਿਖਦੇ ਹਨ ,’ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਕੰਮ ਸ਼ੁਰੂ ਕੀਤਾ ਉਸ ਵਕਤ ਪੰਜਾਬ ਵਿਚ ਹਿੰਦੂ ਨਾਮ ਵਰਗੀ ਕੋਈ ਚੀਜ਼ ਨਹੀਂ ਸੀ ਨਾ ਹੀ ਕੋਈ ਉਘੀ ਸ਼ਕਤੀ ਸੀ ਜੋ ਜਾਲਮ ਸ਼ਾਸ਼ਕਾਂ ਨੂੰ ਵੰਗਾਰ ਸਕਦੀ । 1008 ਈ ਵਿਚ ਰਾਜਾ ਅਨੰਗਪਾਲ ਦੀ ਹਾਰ ਮਗਰੋਂ ਦੇਸ਼ ਨੇ ਕੋਈ ਵੀ ਅਜਿਹਾ ਆਗੂ ਨਹੀਂ ਪੈਦਾ ਕੀਤਾ ਜੋ ਮੁਗਲ ਹਕੂਮਤ ਨਾਲ ਟਕਰ ਲੈ ਸਕੇ, ਅਜਾਦ ਕਰਵਾ ਸਕੇ । ਬੇਸ਼ਕ ਰਾਣਾ ਸਾਂਗਾ, ਹੇਮੂੰ, ਨਾਰਨੋਲ ਦੇ ਸਤਨਾਮੀਆਂ ਜਾ ਮਥੁਰਾ ਦੇ ਗੋਕਲਾਂ ਨੇ ਇਨ੍ਹਾ ਵਾਸਤੇ ਗੰਭੀਰ ਪਰੇਸ਼ਾਨੀਆਂ ਜਰੂਰ ਖੜੀਆਂ ਕੀਤੀਆਂ ਪਰ ਉਹ ਵੀ ਦੇਸ਼ਵਾਸੀਆਂ ਵਿਚ ਕੋਮੀ ਜਜ੍ਬਾ ਪੈਦਾ ਕਰਨ ਵਿਚ ਸਫਲ ਨਹੀਂ ਹੋ ਸਕੇ । ਸ਼ਿਵਾ ਜੀ ਨੇ ਬਹੁਤ ਸਾਰੀਆਂ ਲੜਾਈਆਂ ਰਾਜਸੀ ਨਿਸ਼ਾਨੇ ਨੂੰ ਮੁਖ ਰਖ ਕੇ ਲੜੀਆਂ ਸੀ । ਪਰ ਗੁਰੂ ਗੋਬਿੰਦ ਸਿੰਘ ਜੀ ਦਾ ਨਿਸ਼ਾਨਾ ਕੋਮ ਪ੍ਰਸਤੀ ਨੂੰ ਲੋਕਾਂ ਦਾ ਧਰਮ ਬਨਾਣਾ ਸੀ ਜਿਸ ਲਈ ਉਹਨਾਂ ਨੇ ਅਨੇਕਾਂ ਕੁਬਾਨੀਆ ਦਿਤੀਆ
ਕਾਜ਼ੀ ਨੂਰ ਮਹੰਮਦ ਜੋ ਇਕ ਮੁਤਸਬੀ ਤੇ ਬਦਜੁਬਾਨ ਲਿਖਾਰੀ ਸੀ ਸਿਖਾਂ ਦੀ ਤਰੀਫ ਕਰੇ ਬਿਨਾ ਨਹੀਂ ਰਹਿ ਸਕਿਆ । ਕਹਿੰਦਾ ਹੈ ਸਿਖਾਂ ਵਿਚ ਕੋਈ ਜਨਾਹੀ ਯਾ ਚੋਰ ਨਹੀ । ਔਰਤ ਭਾਵੈਂ ਰਾਣੀ ਹੋਵੇ ਜਾ ਗੋਲੀ , ਬੁਢੀ ਹੋਵੇ ਜਾਂ ਜਵਾਨ, ਸਿਖ ਉਸ ਵਲ ਬਦ–ਨਜਰ ਨਾਲ ਨਹੀਂ ਵੇਖਦਾ । ਜਦੋਂ ਉਸਨੇ ਸ਼ਾਹ ਦੁਰਾਨੀ ਤੇ ਸਿਖਾਂ ਦੀ ਲੜਾਈ ਆਪਣੀ ਅਖੀਂ ਵੇਖੀ ਤਾਂ ਸਿਖਾਂ ਦੇ ਉਚੇ ਆਚਰਣ ਦੀ ਤਾਰੀਫ਼ ਕਰੇ ਬਿਨਾਂ ਨਹੀਂ ਰਹਿ ਸਕਿਆ । ਮੁਸਲਮਾਨ ਸਿਖਾਂ ਨੂੰ ਸਗ (ਕੁਤੇ)ਕਹਿ ਕੇ ਬੁਲਾਂਦੇ ਸੀ । ਉਸਨੇ ਲਿਖਿਆ ਇਹਨਾਂ ਨੂੰ ਸਗ ਨਾ ਕਹੋ । ਇਹ ਮੇਦਾਨੇ ਜੰਗ ਵਿਚ ਸ਼ੇਰਾਂ ਵਾਂਗੂ ਲੜਦੇ ਹਨ ਤੇ ਅਮਨ ਦੇ ਮੈਦਾਨ ਵਿਚ ਹਾਤਮਤਾਈ ਨੂੰ ਵੀ ਮਾਤ ਕਰ ਦਿੰਦੇ ਹਨ । ਗੁਰੂ ਸਾਹਿਬ ਨੇ ਲੜਾਈ ਦੇ ਮੈਦਾਨ ਵਿਚ ਵੀ ਉਚੇ ਮਿਆਰ ਕਾਇਮ ਕੀਤੇ ਜਿਸਦੇ ਸਦਕੇ ਅਉਣ ਵਾਲੀ ਅਠਾਰਵੀ ਸਦੀ ਵਿਚ ਸਿੰਘਾ ਦੇ ਆਚਰਣ ਨੇ ਸਿਖਰਾਂ ਨੂੰ ਛੋਹਿਆ ।
ਨੂਰ ਮਹੰਮਦ ਲਿਖਦਾ ਹੇ “ਸਿਖ ਆਪ ਕਦੀ ਹਮਲਾਵਰ ਨਹੀ ਹੋਏ ਪਰ ਹੋਰਾਂ ਦੇ ਕੀਤੇ ਹਮਲੇ ਦਾ ਮੂੰਹ ਤੋੜ ਜਵਾਬ ਦਿੰਦੇ ਹਨ । ਓਹ ਪਹਿਲਾਂ ਵਾਰ ਕਦੇ ਨਹੀ ਕਰਦੇ ਚਾਹੇ ਪਹਿਲਾ ਹਲਾ ਦੁਸ਼ਮਨ ਨੇ ਹੀ ਬੋਲਿਆ ਹੋਵੇ । ਓਹ ਨਿਹਥੇ , ਕਾਇਰ ਤੇ ਭਗੋੜੇ ਤੇ ਵਾਰ ਨਹੀਂ ਕਰਦੇ । ਪਰਾਈ ਇਸਤਰੀ ਵਲ ਨਹੀ ਝਾੰਕਦੇ ,ਓਸਨੂੰ ਮਾਂ ਭੇਣ ਜਾਂ ਧੀ ਦਾ ਦਰਜਾ ਦਿੰਦੇ ਹਨ । ਓਹ ਝੂਠ ਨਹੀਂ ਬੋਲਦੇ ;ਚੋਰਾਂ ਯਾਰਾਂ ਦੀ ਸੰਗਤ ਨਹੀ ਕਰਦੇ ” । ਅੰਗਰੇਜ਼ੀ ਰਾਜ ਵਿਚ ਸਿਖ ਦੀ ਗਵਾਹੀ ਹੀ ਜਜ ਦਾ ਫੈਸਲਾ ਬਣ ਜਾਂਦਾ ਸੀ , ਕਿਓਕੇ ਓਹ ਜਾਣਦੇ ਸੀ ਕਿ ਸਿਖ ਝੂਠ ਨਹੀ ਬੋਲਦਾ । ਓਹ ਨਿਸਚਿੰਤ ਹੋਕੇ ਆਪਣੀ ਮਾਂ ,ਧੀ ਜਾਂ ਭੈਣ ਨੂੰ ਉਸ ਡਿਬੇ ਵਿਚ ਬਿਠਾ ਦਿੰਦੇ ਜਿਥੇ ਇਕ ਵੀ ਸਿਖ ਹੁੰਦਾ । ਇਹ ਆਦਰਸ਼ ਗੁਰੂ ਸਾਹਿਬ ਨੇ ਆਪਣਾ ਸਰਬੰਸ ਵਾਰ ਕੇ ਸਿਖਾਂ ਨੂੰ ਦਿਤੇ ਹਨ ਜਿਨ੍ਹਾਂ ਨੂੰ ਅਜ ਸੰਭਾਲਣ ਦੀ ਲੋੜ ਹੈ ।
ਕਹਿੰਦੇ ਹਨ ਨਾਦੋਨ ਦੇ ਮੈਦਾਨ–ਏ–ਜੰਗ ਵਿਚੋਂ ਸਿਖ ਹਾਰਨ ਵਾਲੇ ਨਵਾਬ ਦੇ ਮਾਲ ਅਸਬਾਬ ਦੇ ਨਾਲ ਉਸਦੀ ਲੜਕੀ ਨੂੰ ਵੀ ਚੁਕ ਕੇ ਲੈ ਆਏ । ਡੋਲਾ ਵੇਖਕੇ ਗੁਰੂ ਸਾਹਿਬ ਨੇ ਪੁਛਿਆ ਇਸ ਡੋਲੇ ਵਿਚ ਕੀ ਹੈ । ਸਿਖਾਂ ਨੇ ਉੱਤਰ ਦਿਤਾ ,”ਤੁਰਕ ਸਾਡੇ ਘਰ ਦੀਆਂ ਔਰਤਾ ਨੂੰ ਲੁਟ ਦਾ ਮਾਲ ਸਮਝ ਕੇ ਲੈ ਜਾਂਦੇ ਹਨ ਤਾਂ ਕੀ ਅਸੀਂ ਉਹਨਾਂ ਤੋਂ ਬਦਲਾ ਨਹੀਂ ਲਈ ਸਕਦੇ ? .
ਸਭ ਸਿਖਨ ਪੁਛਨ ਗੁਨ ਖਾਣੀ
ਸਗਲ ਤੁਰਕ ਭੋਗੇ ਹਿੰਦਵਾਣੀ
ਸਿਖ ਬਦਲਾ ਲਈ ਭਲਾ ਜਣਾਵੈ
ਗੁਰ–ਸ਼ਾਸ਼ਤਰ ਕਿਓਂ ਵਰਜ ਹਟਾਵੈ ।।
ਗੁਰੂ ਸਾਹਿਬ ਨੇ ਬਹੁਤ ਗੁਸਾ ਕੀਤਾ ਤੇ ਕਹਿਣ ਲਗੇ ਅਸੀਂ ਸਿਖੀ ਨੂੰ ਉਚਾ ਲਿਜਾਣਾ ਹੈ, ਖਨਦ੍ਕੇ ਜਿਲਤ ਵਿਚ ਨਹੀ ਸੁਟਣਾ ” ਕੋਲ ਗਏ ਬਚੀ ਦੇ ਸਿਰ ਤੇ ਹਥ ਫੇਰਿਆ ਕਹਿਣ ਲਗੇ ” ਡਰ ਨਹੀ ,ਤੂੰ ਇਹ ਸਮਝ ਆਪਣੇ ਪਿਤਾ ਦੇ ਘਰ ਆਈ ਹੈਂ ” ਸਿਖਾਂ ਨੂੰ ਹੁਕਮ ਦਿਤਾ ਕੀ ਬਚੀ ਨੂੰ ਬਾ–ਇਜ਼ਤ ਇਸਦੇ ਪਿਤਾ ਦੇ ਘਰ ਛੋੜ ਕੇ ਆਉ ”।
ਉਂਜ ਤਾਂ ਸਿਖਾਂ ਦਾ ਸਾਰਾ ਇਤਿਹਾਸ ਸ਼ਾਹੀਦੀਆਂ ਨਾਲ ਭਰਿਆ ਹੈ ਪਰ 300 ਸਾਲ ਦੇ ਦੋਰਾਨ ਜੇਹੜੇ ਕਹਿਰ ਸਿਖਾਂ ਉਪਰ ਢਾਹੇ ਗਏ ਸਨ ਉਨਾਂ ਵਿਚ ਸਾਕਾ ਚਮਕੌਰ ,ਸਾਕਾ ਸਰਹੰਦ, ਛੋਟਾ ਤੇ ਵਡਾ ਘਲੂ ਕਾਰਾ ਤੋ ਬਾਦ ਵਿਚ 1984 ਦਾ ਕਤਲੇਆਮ । ਇਤਿਹਾਸ ਗਵਾਹ ਹੈ ਕੀ ਤਸੀਹੇ ਤੇ ਤਬਾਹੀ ਦੇ ਤੂਫਾਨਾ ਵਿਚ ਗੁਜਰਦਿਆਂ ਵੀ ਸਿਖਾਂ ਨੇ ਹਰ ਹਾਲ ਆਪਣੀ ਹਸਤੀ ਨੂੰ ਬਰਕਰਾਰ ਰਖਿਆ । ਇਹ ਕਮਾਲ ਗੁਰੂ ਗੋਬਿੰਦ ਸਿੰਘ ਜੀ ਦਾ ਹੀ ਹੈ, ਜਿਹਨਾਂ ਨੇ ਸਿਖੀ ਵਿਚ ਆਉਣ ਦੀ ਪਹਲੀ ਸ਼ਰਤ ਹੀ ਸੀਸ ਕੁਰਬਾਨ ਕਰਨ ਦੀ ਰਖੀ ਤੇ ਹਰ ਮੁਸ਼ਕਿਲ ਘੜੀ ਵਿਚ ਸਿਖ ਨੂੰ ਡੋਲਣ ਨਹੀ ਦਿਤਾ, ਜਿਸਦਾ ਅਸਰ ਸਦੀਆਂ ਤਕ ਰਿਹਾ ਤੇ ਅਜ ਵੀ ਹੈ।
ਓਹਨਾ ਨੇ ਆਪ ਵੀ ਕੋਮ ਦੇ ਆਤਮ ਸਨਮਾਨ , ਗਰੀਬਾਂ, ਮਜ਼ਲੂਮਾਂ, ਤੇ ਇਨਸਾਫ਼ ਲਈ ਝੂਝਦਿਆਂ ਅਨੇਕਾਂ ਕੁਰਬਾਨੀਆ ਦਿਤੀਆਂ ਪਰ ਜੋ ਆਦਰਸ਼ ਨੀਅਤ ਕੀਤੇ ਉਨਾ ਤੋਂ ਮੂੰਹ ਨਹੀ ਮੋੜਿਆ ,ਸਮਝੋਤਾ ਨਹੀਂ ਕੀਤਾ । ਤਾਜੋ ਤਖ਼ਤ ਹੋਵੇ ਜਾ ਮਾਛੀਵਾੜੇ ਦੇ ਜੰਗਲਾਂ ਵਿਚ , ਨੰਗੇ –ਪੈਰੀ, ਭੁਖੇ–ਭਾਣੇ ,ਖੁਲੇ ਆਸਮਾਨ ਹੇਠ ਹੋਣ ਜਾਂ ਭਿਆਨਕ ਜੰਗਲਾਂ ਵਿਚ , ਪੋਹ ਦੀਆਂ ਕਾਲੀਆਂ ਬੋਲੀਆਂ ਠੰਡੀਆਂ ਰਾਤਾਂ ਹੋਣ, ਕੋਈ ਵੀ ਉਹਨਾਂ ਨੂੰ ਝੁਕਾ ਨਹੀ ਸਕਿਆ ,ਡਰਾ ਨਹੀ ਸਕਿਆ ਚਾਹੇ ਓਹ ਰਾਜਾ .ਮਹਾਰਾਜਾ, ਹਾਕਮ ਜਾਂ ਹਿੰਦੁਸਤਾਨ ਦਾ ਬਾਦਸ਼ਾਹ ਵੀ ਕਿਓ ਨਾ ਹੋਵੇ ।
ਜਦੋਂ ਲੜਾਈਆਂ ਦੀ ਖਬਰ ਦਖਣ ਵਿਚ ਔਰੰਗਜ਼ੇਬ ਨੂੰ ਪਹੁੰਚੀ ਤਾਂ ਘਬਰਾ ਕੇ ਉਸਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਚਿਠੀ ਲਿਖੀ । ‘ਮੇਰਾ ਤੇ ਤੁਹਾਡਾ ਇਕ ਰਬ ਨੂੰ ਮਨਣ ਵਾਲਾ ਧਰਮ ਹੈ ਤੁਹਾਨੂੰ ਮੇਰਾ ਨਾਲ ਸੁਲਾ ਸਫਾਈ ਨਾਲ ਰਹਿਣਾ ਚਾਹਿਦਾ ਹੈ । ਮੈਨੂੰ ਇਹ ਬਾਦਸ਼ਾਹੀ ਰਬ ਨੇ ਦਿਤੀ ਹੈ ਤੁਹਾਨੂੰ ਮੇਰਾ ਹੁਕਮ ਮੰਨਣਾ ਚਾਹੀਦਾ ਹੈ, ਲੜਾਈ ਝਗੜੇ ਨਹੀ ਕਰਨੇ ਚਾਹੀਦੇ “। ਗੁਰੂ ਸਾਹਿਬ ਨੇ ਜਵਾਬ ਦਿਤਾ । ‘ਜਿਸ ਰਬ ਨੇ ਤੇਨੂੰ ਬਾਦਸ਼ਾਹੀ ਦਿਤੀ ਹੈ ਉਸੇ ਰਬ ਨੇ ਮੇਨੂੰ ਸੰਸਾਰ ਵਿਚ ਭੇਜਿਆ ਹੈ । ਤੇਨੂੰ ਉਸਨੇ ਇਨਸਾਫ਼ ਤੇ ਪਰਜਾ ਦੇ ਹਿਤ ਵਾਸਤੇ ਭੇਜਿਆ ਹੈ ਪਰ ਤੂੰ ਉਸਦਾ ਹੁਕਮ ਭੁਲ ਗਿਆਂ ਹੈਂ । ਜੋ ਆਪਣੇ ਰਬ ਨੂੰ ਭੁਲ ਜਾਏ ਉਸਦੇ ਹੁਕਮ ਨੂੰ ਭੁਲ ਜਾਏ ਉਸਦਾ ਸਾਡਾ ਕੀ ਮੇਲ। ਫਿਰ ਜਿਹਨਾਂ ਹਿੰਦੂਆ ਤੇ ਤੂੰ ਜੁਲੁਮ ਕਰ ਰਿਹਾਂ ਹੈ ਓਹ ਉਸੇ ਰਬ ਦੇ ਬੰਦੇ ਹਨ ਜਿਸਨੇ ਤੇਨੂੰ ਬਾਦਸ਼ਾਹੀ ਦਿਤੀ ਹੈ ਪਰ ਤੂੰ ਓਹਨਾ ਨੂੰ ਰਬ ਦੇ ਬੰਦੇ ਨਹੀ ਸਮ੍ਝਿਆ ,ਉਹਨਾਂ ਦੇ ਧਰਮ ਤੇ ਧਰਮ ਅਸ੍ਥਲਾਂ ਦੀ ਨਿਰਾਦਰੀ ਕਰਦਾ ਰਿਹਾਂ ਹੈਂ । ਹਕੂਮਤ ਨੂੰ ਤੇ ਫਿਰ ਹਿੰਦੁਸਤਾਨ ਦੇ ਬਾਦਸ਼ਾਹ ਨੂੰ ਇਸ ਤਰਾਂ ਦਾ ਜਵਾਬ ਦੇਣਾ ਦਲੇਰੀ ਦੀ ਚਰਮ ਸੀਮਾ ਹੈ ।
ਜਦੋਂ ਬਹਾਦੁਰ ਸ਼ਾਹ,ਹਿੰਦੁਸਤਾਨ ਦੇ ਬਾਦਸ਼ਾਹ ਨੇ ਗੁਰੂ ਸਾਹਿਬ ਨੂੰ ਨੰਦ ਲਾਲ ਦੇ ਹਥ ਸਨੇਹਾ ਭੇਜਿਆ ਤੇ ਮਿਲਣ ਲਈ ਕਿਹਾ ਤਾਂ ਗੁਰੂ ਸਾਹਿਬ ਨੇ ਇਨਕਾਰ ਕਰ ਦਿਤਾ । ਬਹਾਦੁਰ ਸ਼ਾਹ ਹੰਕਾਰ ਕਰਦਿਆਂ ਕ੍ਰੋਧ ਵਿਚ ਬੋਲਿਆ ‘ ਓਹ ਕੋਣ ਬੰਦਾ ਹੈ ਜੋ ਮੁਗੁਲ ਸਮਰਾਜ ਨਾਲ ਟਕਰ ਲੈ ਸਕੇ । ਗਜਨੀ ਤੋਂ ਕੰਨਿਆ ਕੁਮਾਰੀ ਤਕ ਇਸਦੇ ਸਾਮਣੇ ਕੋਈ ਨਹੀ ਟਿਕਿਆ । ਇਹ ਪਹਾੜਾਂ ਨੂੰ ਚੀਰਨ ਤੇ ਦਰਿਆਵਾਂ ਨੂੰ ਪਾਰ ਕਰਨ ਵਾਲੀ ਕੋਮ ਹੈ । ਮੈਂ ਗੁਰੂ ਦਾ ਲਿਹਾਜ਼ ਕਰਦਾ ਹਾਂ ਰਬ ਦਾ ਫ਼ਕੀਰ ਸਮ੍ਝਕੇ ” । ਬਹਾਦਰ ਸ਼ਾਹ ਬਹੁਤ ਜਲਦੀ ਭੁਲ ਗਿਆ ਸੀ ਕਿ ਬਾਦਸ਼ਾਹੀ ਵੀ ਉਸਨੇ ਗੁਰੂ ਸਾਹਿਬ ਦੀ ਮਦਤ ਨਾਲ ਹਾਸਲ ਕੀਤੀ ਸੀ । ਪਰ ਫਿਰ ਉਸ ਕੋਲੋਂ ਰਿਹਾ ਨਾ ਗਿਆ ਤੇ ਮਲੋ ਮਲੀ ਮਿਲਣ ਵਾਸਤੇ ਆ ਗਿਆ । ਜਖਮ ਕੁਰੇਦਨ ਲਈ ਪੁਛਦਾ ਹੈ ,’ਕੈਸੀ ਗੁਜਰੀ ? ਗੁਰੂ ਸਾਹਿਬ ਦਾ ਜਵਾਬ ਸੀ।
“ਮੈਂ ਬੁਲੰਦੀ ਸੇ ਗੁਜਰਾ , ਮੈਂ ਪਸਤੀ ਸੇ ਗੁਜਰਾ
ਜਹਾਂ ਸੇ ਭੀ ਗੁਜਰਾ ਬੜੀ ਮਸਤੀ ਸੇ ਗੁਜਰਾ“
ਗੁਰੂ ਸਾਹਿਬ ਨੂੰ ਖੁਸ਼ ਕਰਨ ਲਈ ਇਕ ਕੀਮਤੀ ਹੀਰਾ ਤੇ ਕੁਛ ਹੋਰ ਚੀਜ਼ਾਂ ਤੋਫੇ ਵਜੋ ਲੇਕੇ ਆਇਆ । ਗੁਰੂ ਸਾਹਿਬ ਨੇ ਚੀਜ਼ਾ ਤਾਂ ਸਿਖਾਂ ਨੂੰ ਦੇ ਦਿਤੀਆਂ ਕਿ ਲੋੜਵੰਦਾ ਵਿਚ ਵੰਡ ਦਿਉ , ਹੀਰਾ ਨਦੀ ਵਿਚ ਸੁਟ ਦਿਤਾ । ਬਹਾਦਰ ਸ਼ਾਹ ਨੂੰ ਬੜੀ ਬੇਇਜ਼ਤੀ ਮਹਿਸੂਸ ਹੋਈ । ਕਹਿਣ ਲਗਾ ਇਹ ਹੀਰਾ ਬੜਾ ਕੀਮਤੀ ਸੀ ਮੈ ਇਸਨੂੰ ਬੜੀ ਦੇਰ ਦਾ ਸੰਭਾਲ ਕੇ ਰਖਿਆ ਸੀ । ਤੁਸੀਂ ਇਸ ਨੂੰ ਦਰਿਆ ਵਿਚ ਸੁਟ ਦਿਤਾ ਹੈ ? ਗੁਰੂ ਸਾਹਿਬ ਨੇ ਜਵਾਬ ਵਿਚ ਕਿਹਾ ,” ਤੁਸੀਂ ਮਨੁਖੀ ਹਿਰਦੇ ਜੋ ਹੀਰਿਆ ਤੋਂ ਵਧ ਕੀਮਤੀ ਹਨ ,ਹਥੋੜਿਆ ਨਾਲ ਤੋੜ ਰਹੇ ਹੋ ਤੇ ਪਥਰ ਨੂੰ ਸੰਭਾਲ ਕੇ ਰਖਦੇ ਹੋ, ਹਿੰਦ ਦੇ ਬਾਦਸ਼ਾਹ ਹੋ ,ਹਿੰਦੂਆਂ ਨੂੰ ਗੁਲਾਮ ਬਣਾ ਕੇ ਆਗਰੇ ਤੇ ਦਿਲੀ ਦੇ ਖ਼ਜ਼ਾਨੇ ਭਰਦੇ ਹੋ । ਪਰ ਕੁਦਰਤ ਕੋਲ ਤੁਹਾਡੇ ਤੋਂ ਵਡੇ ਖ਼ਜ਼ਾਨੇ ਹਨ । ਰਤਾ ਨਦੀ ਦੇ ਨਿਰਮਲ ਜਲ ਵਿਚ ਝਾਤ ਮਾਰਕੇ ਦੇਖੋ ਇਸਦੀ ਗੋਦ ਵਿਚ ਕਿਨੇ ਹੀਰੇ ,ਪੰਨੇ ਤੇ ਲਾਲ ਹਨ, ਲੋੜ ਹੈ ਤਾਂ ਚੁਕ ਲਵੋ। ਬਹਾਦਰ ਸ਼ਾਹ ਬੜਾ ਸ਼ਰਮਿੰਦਾ ਹੋਇਆ ।
ਉਸਨੇ ਬੰਦਾ ਬਹਾਦੁਰ ਬਾਰੇ ਪੁਛਿਆ ? ਗੁਰੂ ਸਾਹਿਬ ਨੇ ਕਿਹਾ ਕੀ ਧਰਮ ਤੇ ਮਨੁਖਤਾ ਦੇ ਵੇਰੀਆਂ ਨੂੰ ਸੋਧਣ ਦਾ ਕੰਮ ਜੋ ਤੁਸੀਂ ਬਾਦਸ਼ਾਹ ਹੋਕੇ ਨਹੀ ਕਰ ਸਕੇ ਓਹ ਬੰਦਾ ਬਹਾਦਰ ਕਰੇਗਾ । ਗੁਰੂ ਸਾਹਿਬ ਦਾ ਇਹ ਵਾਕ ਸਚ ਹੋਕੇ ਨਿਬੜਿਆ । ਬੰਦਾ ਬਹਾਦਰ ਨੇ ਸਰਹੰਦ ਦੀ ਇਟ ਨਾਲ ਇਟ ਖੜਕਾ ਦਿਤੀ । 26 ਨਵੰਬਰ 1708 ਬਾਬਾ ਬੰਦਾ ਸਿੰਘ ਬਹਾਦੁਰ ਸਿਖ ਫੌਜ਼ ਲੈਕੇ ਸਰਹੰਦ ਵਲ ਕੂਚ ਕੀਤਾ । ਸਮਾਣੇ ਪਹੁੰਚਿਆ । ਇਥੇ ਗੁਰੂ ਤੇਗ ਬਹਾਦਰ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਵਾਲੇ ਜਲਾਦਾਂ , ਸਯਦ ਜਲਾਲੁਦੀਨ ਤੇ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਨੂੰ ਕਤਲ ਕਰਕੇ , 24 ਘੰਟੇ ਦੇ ਅੰਦਰ ਅੰਦਰ ਸਮਾਣੇ ਤੇ ਕਬਜਾ ਕਰ ਲਿਆ । ਸ਼ਾਹਬਾਦ–ਡਸਕਾ –ਮੁਸਤਫਾਬਾਦ ਤੇ ਖਾਲਸੇ ਦਾ ਨਿਸ਼ਾਨ ਸਾਹਿਬ ਝੁਲਾ ਦਿਤਾ । ਫਿਰ ਕਪੂਰੇ ਕਸਬੇ ਵਲ ਵਧੇ ਜਿਥੋਂ ਦਾ ਹਾਕਮ ਕਦਾਮੁਦੀਨ ਸਿਖਾਂ ਦੇ ਖਿਲਾਫ਼ ਲੁਟਮਾਰ ਕਰਨ ਲਈ ਫੌਜੀ ਦਸਤੇ ਭੇਜਿਆ ਕਰਦਾ ਸੀ , ਭਿਆਨਕ ਸਜਾ ਦਿਤੀ । ਸਢੋਰੇ ਵਲ ਤੁਰ ਪਏ , ਇਥੋਂ ਦੇ ਸ਼ਾਸ਼ਕ ਉਸਮਾਨ ਖਾਨ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਪਿਆਰੇ ਮਿਤਰ ਪੀਰ ਬੁਧੂ ਸ਼ਾਹ ਨੂੰ ਬੜੇ ਤਸੀਹੇ ਦੇਕੇ ਕਤਲ ਕੀਤਾ ਸੀ । ਉਸ ਨੂੰ ਉਸਦੀ ਕਰਨੀ ਦੀ ਸਜਾ ਦੇਕੇ ਮੁਖਲਿਸ ਖਾਨ ਦੇ ਕਿਲੇ ਤੇ ਕਬਜਾ ਕਰ ਲਿਆ । ਘੜਾਮ ਜੋ ਸਈਦ ਪਠਾਣਾ ਦਾ ਗੜ ਸੀ ਮਿਟੀ ਦੇ ਢੇਰ ਵਿਚ ਬਦਲ ਕੇ ਰਖ ਦਿਤਾ । ਇਸਤੋਂ ਬਾਦ ਸਰਹੰਦ ਦੀ ਵਾਰੀ ਆਈ । ਵਜ਼ੀਰ ਖਾਨ ਤੇ ਲੜਾਈ ਦੇ ਮੈਦਾਨ ਵਿਚ ਫਤਿਹ ਸਿੰਘ ਨੇ ਤਲਵਾਰ ਨਾਲ ਐਸਾ ਵਾਰ ਕੀਤਾ ਕੀ ਉਸਦੀ ਬਾਹ ਕਟੀ ਗਈ , ਓਹ ਜਮੀਨ ਤੇ ਡਿਗ ਪਿਆ,ਜਿਸ ਨੂੰ ਦੇਖੇਕੇ ਉਸਦੀਆਂ ਸਾਰੀਆਂ ਫੌਜਾਂ ਨਸ ਤੁਰੀਆਂ । ਵਜ਼ੀਰ ਖਾਨ ਦੀਆਂ ਲਤਾਂ ਵਿਚ ਰਸੀ ਬੰਨ ਕੇ ਘੋੜੇ ਦੇ ਪਿਛੇ ਬੰਨ ਦਿਤਾ ਤੇ ਸਾਰੇ ਸ਼ਹਿਰ ਵਿਚ ਘਸੀਟਿਆ । ਮਲੇਰਕੋਟਲੇ ਦੇ ਨਵਾਬ ਨੇ ਕਿਸੇ ਸਿਖ ਬੀਬੀ ਨੂੰ ਕਬਰ ਵਿਚ ਦਫਨ ਕੀਤਾ ਸੀ । ਕਬਰ ਪੁਟਵਾਕੇ ਬੀਬੀ ਦਾ ਸਿਖ ਮਰਿਆਦਾ ਨਾਲ ਸਸਕਾਰ ਕੀਤਾ । ਵਜ਼ੀਰ ਖਾਨ ਨੂੰ ਮੌਤ ਦੇ ਘਾਟ ਉਤਾਰ ਦਿਤਾ । ਬਸ ਇਥੇ ਸਿਖਾਂ ਤੇ ਮੁਗਲਾਂ ਵਲੋਂ ਹੋਏ ਅਤਿਆਚਾਰਾਂ ਦਾ ਬਦਲਾ ਪੂਰਾ ਹੋਇਆ ਜਿਸਦੀ ਮਾਫ਼ੀ ਵੀ ਬੰਦਾ ਬਹਾਦਰ ਨੇ ਗੁਰੂ ਸਹਿਬ ਅਗੇ ਅਰਦਾਸ ਕਰਕੇ ਮੰਗੀ ਕਿਓਕੀ ਬਦਲਾ ਲੈਣਾ ਨਾਂ ਗੁਰੂ ਸਾਹਿਬ ਦੀ ਬੰਦਾ ਬਹਾਦਰ ਨੂੰ ਹਿਦਾਇਤ ਸੀ ਨਾ ਉਹਨਾਂ ਦਾ ਕੋਈ ਮਕਸਦ !
ਸਰਹੰਦ ਤੇ ਖਾਲਸਾਈ ਫ਼ਤਿਹ ਦਾ ਕੇਸਰੀ ਨਿਸ਼ਾਨ ਸਾਹਿਬ ਬੁਲੰਦ ਹੋਏ। ਪਹਿਲੀ ਵਾਰੀ ਸਿਖ ਸਲਤਨਤ ਕਾਇਮ ਹੋਈ । ਗੁਰੂ ਗੋਬਿੰਦ ਸਿੰਘ ਦੇ ਨਾਂ ਦਾ ਸਿਕਾ ਚਲਿਆ ।
ਦੇਗ ਤੇਗ ਫਤਿਹ ਨੁਸਰਤ ਬੇ ਦਰੰਗ
ਯਫਤ ਅਜ ਨਾਨਕ
ਗੁਰੂ ਗੋਬਿੰਦ ਸਿੰਘ ।।
ਮੇਕਗਰੇਗਰ ਲਿਖਦੇ ਹਨ” ਜੇ ਅਸੀਂ ਗੁਰੂ ਗੋਬਿੰਦ ਸਿੰਘ ਦੇ ਕੀਤੇ ਕੰਮਾਂ ਨੂੰ ਵਾਚੀਏ , ਉਨਾਂ ਦੇ ਧਾਰਮਿਕ ਸੁਧਾਰ , ਕੋਮੀ ਸ਼ਕਤੀ, ਉਨਾਂ ਦੀ ਨਿਜੀ ਬਹਾਦਰੀ, ਤੇ ਦੁਖਾਂ ਦਾ ਇਸਤਕਬਾਲ ਦਾ ਇਤਿਹਾਸ, ਦੁਖਾਂ ਦਾ ਟਾਕਰਾ ਕਰਦੇ ਵੇਖੀਏ , ਦੁਸ਼ਮਣ ਦਾ ਮੁਕਾਬਲਾ ਕਰਦੇ ਤੇ ਉਨਾਂ ਦੀਆਂ ਜਿਤਾ ਨੂੰ ਦੇਖੀਏ ਤਾਂ ਸਮਝ ਆ ਜਾਂਦੀ ਹੈ ਕਿ ਅਜ ਤਕ ਉਹਨਾਂ ਦੇ ਸਨਮਾਨ ਵਜੋਂ ਲੋਕੀ ਕਿਓਂ ਉਹਨਾਂ ਦਾ ਪੁਰਬ ਮਨਾਂਦੇ ਹਨ । ਦੌਲਤ ਰਾਇ ਲਿਖਦੇ ਹਨ ‘ ਗੁਰੂ ਗੋਬਿੰਦ ਸਿੰਘ ਯੋਧਾ ਕੋਮ ਪ੍ਰਸਤ ਲੋਕਾਂ ਦੇ ਮਦਦਗਾਰ , ਲੋਕਾਂ ਦਾ ਪਿਆਰ ਦਿਲ ਵਿਚ ਲੇਕੇ ਆਪਣੇ ਨਿਸ਼ਾਨੇ ਵਲ ਵਧੇ ਜਿਸ ਵਿਚ ਆਪਣੇ ਖਾਨਦਾਨ ਦੀ ਆਹੂਤੀ ਦੇਣ ਤੋਂ ਵੀ ਸੰਕੋਚ ਨਹੀ ਕੀਤਾ ।ਪਿਛਲੇ 350 ਸਾਲ ਤੋਂ ਗੁਰੂ ਸਾਹਿਬ ਦਾ ਜੀਵਨ, ਉਹਨਾਂ ਦਾ ਫਲਸਫਾ , ਉਹਨਾਂ ਦੇ ਕਾਰਨਾਮੇ ਦੇਸ਼ ਵਿਦੇਸ਼ ਦੇ ਲੋਕਾਂ ਨੂੰ ਪ੍ਰਭਾਵਿਤ ਕਰਦੇ ਆ ਰਹੇ ਹਨ । ਓਹ ਇਕ ਐਸੇ ਆਦਰਸ਼ਕ ਨਾਇਕ ਸਨ ਜਿਹਨਾਂ ਦਾ ਜੀਵਨ ਤੇ ਕੁਰਬਾਨੀਆਂ ਦੇਸ਼ ਲਈ ਸਦਾ ਪ੍ਰੇਰਨਾ ਬਣਿਆ ਰੇਹਾਗਾ ‘।
ਵਰਤਮਾਨ ਸਿਖ ਪੰਥ ਭਾਵੈਂ ਆਪਣੀ ਹਸਤੀ ,ਆਪਣੀ ਤਵਾਰੀਖ ਤੋ ਬੇਖਬਰ ਹੈ ਪਰ ਇਹ ਲਾਸਾਨੀ ਕੁਰਬਾਨੀਆਂ ਸਿਖਾਂ ਦੇ ਉਜਵਲ ਭਵਿਖ ਦੀਆਂ ਨਿਸ਼ਾਨੀਆਂ ਹਨ ਜਿਸ ਵਿਚ ਮਨੁਖਤਾ ਦਾ ਕਲਿਆਣ ਨਾ ਸਿਰਫ ਭਾਰਤਵਰਸ਼ ਵਿਚ ਹੋਇਆ ਹੈ ਸਗੋਂ ਉਸਤੋ ਬਾਅਦ ਦੁਨੀਆਂ ਵਿਚ ਅਉਣ ਵਾਲੀਆਂ ਸਾਰੀਆਂ ਕ੍ਰਾਂਤੀਆਂ ਤੇ ਦੇਸ਼ਵਾਸੀਆਂ ਓਪਰ ਹੋਇਆ ਹੈ । ਉਹਨਾਂ ਦੀਆ ਕੋਸ਼ਿਸ਼ਾ ਨੇ ਨਾ ਸਿਰਫ ਊਚ–ਨੀਚ, ਜਾਤ–ਪਾਤ ਤੇ ਕਰਮਕਾਂਡਾ ਦੇ ਭਰਮ–ਜਾਲ ਨੂੰ ਤੋੜਿਆ ਹੈ ਸਗੋਂ ਮੁਗਲ ਸਮਰਾਜ ਤੇ ਜਾਬਰ ਹਕੂਮਤ ਦੀਆ ਜੜਾਂ ਹਿਲਾਕੇ ਰਖ ਦਿਤੀਆਂ ।
ਇਕ ਮੁਸਲਿਮ ਨਾਮੀ ਸ਼ਾਇਰ ਅਲਾ ਯਾਰ ਖਾਨ ਜੋਗੀ ਲਿਖਦਾ ਹੈ ” ਦੁਨੀਆਂ ਦੇ ਲੋਕੋ ਅਗਰ ਤੁਸੀਂ ਸਾਰੀ ਉਮਰ ਗੁਰੂ ਗੋਬਿੰਦ ਸਿੰਘ ਜੀ ਤੇ ਬੋਲਦੇ ਰਹੋਗੇ ਤੇ ਬੋਲ ਨਹੀ ਸਕੋਗੇ । ਤੁਸੀਂ ਸਮੁੰਦਰ ਨੂੰ ਸ਼ਾਹੀ ਬਣਾ ਲਉ , ਸਾਰੇ ਦਰਖਤਾਂ ਨੂੰ ਕਲਮਾ ਬਣਾ ਲਉ , ਲਿਖ ਨਹੀ ਸਕੋਗੇ । ਉਸਨੇ ਬੋਲਣ ਵਾਲੇ ਦੇ ਵਜੂਦ ਦਾ ਇਕ ਬੁਲਬੁਲੇ ਨਾਲ ਮੁਕਾਬਲਾ ਕੀਤਾ ਹੈ ਤੇ ਗੁਰੂ ਗੋਬਿੰਦ ਸਿੰਘ ਦੇ ਗੁਣਾ ਦਾ ਸਮੁੰਦਰ ਨਾਲ।ਇਸ ਸ਼ਾਇਰ ਨੂੰ ਕਾਫ਼ਰ ਕਰਾਰ ਕੀਤਾ ਗਿਆ ਕਿਓਂਕਿ ਇਸਦੀ ਸਾਰੀ ਦੀ ਸਾਰੀ ਸ਼ਾਇਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਸੀ । ਜਦੋ ਇਹ ਮੌਤ ਦੇ ਬਿਸਤਰ ਤੇ ਪਿਆ ਸੀ ਤਾਂ ਕਾਜ਼ੀ ਮਾਫੀਨਾਮਾ ਲੇਕੇ ਆਓਂਦਾ ਹੈ , ਕਹਿੰਦਾ ਹੈ ਕੀ ਤੂੰ ਸਾਰੀ ਜਿੰਦਗੀ ਆਪਣੀ ਸ਼ਾਇਰ ਵਿਚ ਇਕ ਕਾਫਰ ਦੀ ਤਰੀਫ ਕਰਦਾ ਰਿਹਾਂ ਹੈ ਹੁਣ ਮਰਨ ਵੇਲੇ ਇਸ ਮਾਫ਼ੀਨਾਮੇ ਤੇ ਦਸਖਤ ਕਰਦੇ ਤਾਕਿ ਤੇਰੀ , ਨਮਾਜ਼ੇ–ਮ੍ਯੀਤ ਤੇ ਨਮਾਜ਼ੇ– ਜਨਾਜਾ ਪੜਕੇ ਤੇਨੂੰ ਇਸਲਾਮੀ ਸ਼ਰਾ ਦੇ ਮੁਤਾਬਿਕ ਦਫਨ ਕੀਤਾ ਜਾਏ । ਉਸਨੇ ਜਵਾਬ ਦਿਤਾ , ਮੈਨੂੰ ਨਮਾਜ਼ੇ–ਮ੍ਯੀਤ ਤੇ ਨਮਾਜ਼ੇ– ਜਨਾਜਾ ਦੀ ਲੋੜ ਨਹੀ , ਨਾ ਹੀ ਇਸਲਾਮੀ ਸ਼ਰਾ ਦੇ ਮੁਤਾਬਿਕ ਕਫਨ ਦਫਨ ਦੀ ਲੋੜ ਹੈ, ਨਾ ਸ੍ਵਰਗ ਦੇ ਖੁਲੇ ਦਰਵਾਜ਼ੇ ਦੀ । ਮੇਰਾ ਗੁਰੂ ਗੋਬਿੰਦ ਸਿੰਘ ਦਰਵਾਜ਼ੇ ਖੋਲਕੇ ਮੈਨੂ ਉਡੀਕ ਰਿਹਾ ਹੋਣਾ ਹੈ।
ਅੱਲਾ ਯਾਰ ਖਾਨ ਜੋਗੀ ਨੇ ਚਮਕੋਰ ਨੂੰ ਹਿੰਦੁਆਂ ਦਾ ਇਕੋ–ਇਕ ਤੀਰਥ ਅਸਥਾਨ ਮੰਨਿਆ ਹੈ ।
ਬੁਲੇ ਸ਼ਾਹ ਜੋ ਇਕ ਮਹਾਨ ਮੁਸਲਿਮ ਸੂਫ਼ੀ ਸ਼ਾਇਰ ਹੋਏ ਹਨ ਓਹ ਗੁਰੂ ਸਾਹਿਬ ਬਾਰੇ ਲਿਖਦੇ ਹਨ:
ਨਾ ਕਹੂੰ ਜਬ ਕੀ ਨਾ ਕਹੂੰ ਤਬ ਕੀ
ਬਾਤ ਕਹੂੰ ਮੈਂ ਅਬ ਕੀ
ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ
ਤੋ ਸੁਨਤ ਹੋਤਿ ਸਭ ਕੀ ।
ਇੰਦੂ ਭੂਸ਼ਣ ਬੇਨਰਜੀ ਲਿਖਦੇ ਹਨ ਕੀ ਗੁਰੂ ਗੋਬਿੰਦ ਸਿੰਘ ਜੀ ਇਕ ਮਹਾਨ ਅਧਿਆਤਮਿਕ ਨੇਤਾ ਸਨ ਜਿਹਨਾਂ ਨੇ ਆਪਣੇ ਰੂਹਾਨੀ ਕਮਾਲਾਂ ਸਦਕੇ ਲਾਸਾਨੀ ਕਾਰਨਾਮੇ ਕਰ ਵਿਖਾਏ। ਲੜਾਈਆਂ ਲੜਨਾ ਉਹਨਾਂ ਦਾ ਪੇਸ਼ਾ ਨਹੀਂ ਸੀ ਨਾਂ ਇਮਪਾਇਰ ਖੜਾ ਕਰਨਾ ਕੋਈ ਮਕਸਦ । ਉਹਨਾਂ ਨੇ ਤਲਵਾਰ ਕਿਸੇ ਵੈਰ ਵਿਰੋਧ ਲਈ ਨਹੀਂ ਸਗੋਂ ਸਵੇ ਤੇ ਮਜ਼ਲੂਮਾ ਦੀ ਰਖਿਆ ਲਈ ਚੁਕੀ । ਉਹਨਾਂ ਨੇ ਆਪਣੇ ਜੀਵਨ ਵਿਚ ਕਿਸੇ ਵੀ ਪੜਾਵ ਤੇ ਆਪਣੇ ਰੂਹਾਨੀ ਅਤੇ ਧਾਰਮਿਕ ਫਰਜ਼ ਨੂੰ ਪਿਛੇ ਨਹੀ ਪੈਣ ਦਿਤਾ। ਕਈ ਇਤਿਹਾਸਕਾਰ ਆਪਣੀ ਸਧਾਰਨ ਸੋਚ ਤੇ ਨਿਜੀ ਪੈਮਾਨੇ ਨਾਲ ਗੁਰੂ ਸਾਹਿਬ ਦੀਆਂ ਸਫਲਤਾਵਾਂ ਤੇ ਅਸਫਲਤਾਵਾਂ ਦਾ ਨਾਪ ਤੋਲ ਕਰਦੇ ਰਹਿੰਦੇ ਹਨ । ਕੁਨਿੰਘਮ ਲਿਖਦੇ ਹਨ ” ਸਿਰਫ ਸੰਸਾਰਿਕ ਕਾਮਯਾਬੀ ਕਿਸੇ ਦੀ ਵਡੀਆਈ ਦਾ ਨਿਸ਼ਾਨਾ ਨਹੀਂ ਹੁੰਦੀ । ਵਡੀਤਣ ਤੇ ਆਦਰਸ਼ ਦੇ ਨਿਸ਼ਾਨੇ ਦੀ ਹੁੰਦੀ ਹੈ । ਇਸ ਵਿਚ ਕੋਈ ਸ਼ਕ ਨਹੀ ਸੀ ਕੀ ਉਹਨਾਂ ਦੇ ਆਦਰਸ਼ ਇਤਨੇ ਉਚੇ ਤੇ ਮਹਾਨ ਸਨ ਕੀ ਵਕ਼ਤ ਦੀ ਹਕੂਮਤ ਵੀ ਝੁਕਾ ਨਹੀ ਸਕੀ । ਲਤੀਫ ਲਿਖਦਾ ਹੈ ਕਿ ਉਹਨਾਂ ਦਾ ਨਿਸ਼ਾਨਾ ਉਚਾ ਸੀ । ਉਹਨਾਂ ਨੇ ਜਿਸ ਕੰਮ ਵਿਚ ਵੀ ਹਥ ਪਾਇਆ ਓਹ ਮਹਾਨ ਸੀ । ਉਹਨਾਂ ਨੇ ਖਤਰੇ ਤੇ ਤਬਾਹੀ ਦੇ ਵਿਚਕਾਰ ਵੀ ਇਸਤਕਬਾਲ ਦਾ ਪਲਾ ਨਹੀ ਛਡਿਆ ।
ਹਿੰਦੁਸਤਾਨ ਦੇ ਬਾਦਸ਼ਾਹ ਨੂੰ ਫਿਟਕਾਰਾਂ ਭਰੀ ਚਿਠੀ ਲਿਖਣੀ ਜਿਸ ਨੂੰ ਜਫਰਨਾਮਾ ਤੇ ਗੁਰੂ ਸਾਹਿਬ ਦਾ ਫਤਿਹ ਨਾਮਾ ਕਿਹਾ ਜਾਂਦਾ ਹੈ ,ਇਕ ਵਡੇਰੀ ਜੁਰਤ ਦੀ ਮਿਸਾਲ ਹੈ । ਉਸ ਨੂੰ ਟਕੇ ਦਾ ਮੁਰੀਦ ਤੇ ਈਮਾਂ–ਸ਼ਿਕਨ (ਬੇਈਮਾਨ) ਕਿਹਾ । ਉਸ ਨੂੰ ਵੰਗਾਰ ਕੇ ਕਿਹਾ ਕਿ ਜੇਕਰ ਹੁਣ ਤੂੰ ਪੰਜਾਬ ਵਲ ਮੂੰਹ ਕਰੇਗਾਂ ਤਾਂ ਤੇਰੇ ਘੋੜੇ ਦੇ ਖੁਰਾਂ ਹੇਠ ਅਜਿਹੀ ਅਗ ਬਾਲ ਦਿਆਂਗਾ ਕਿ ਪੰਜਾਬ ਵਿਚ ਤੇਨੂੰ ਪਾਣੀ ਨਸੀਬ ਨਹੀਂ ਹੋਵੇਗਾ. ਕੋਈ ਛੋਟੀ ਗਲ ਨਹੀਂ । ਇਹ ਜਫਰਨਾਮਾ ਸਿੰਘਾਂ ਨੇ ਜਦ ਔਰੰਗਜ਼ੇਬ ਦੇ ਹਥ ਵਿਚ ਇਹ ਕਹਿਕੇ ਪਕੜਾਇਆ ਕੀ ਗੁਰੂ ਸਾਹਿਬ ਨੇ ਤੁਹਾਡੇ ਲਈ ਇਕ ਬੜਾ ਕੀਮਤੀ ਕੁਰਾਨ ਭੇਜਿਆ ਹੈ ਤਾਂ ਉਸਨੇ ਬੜੀ ਅਕੀਦਤ ਨਾਲ ਉਸਨੂੰ ਸਿਰ ਨਿਵਾ ਕੇ ਖੋਲਿਆ ਤੇ ਜਦ ਪੜਿਆ ,ਉਸਦਾ ਰੰਗ ਪੀਲਾ ਪੇ ਗਿਆ ,ਚੇਹਰਾ ਦੀਆਂ ਹਵਾਈੰਆਂ ਉਡ ਗਈਆਂ ਉਸ ਨੂੰ ਆਪਣੇ, ਅਹਿਲਕਾਰਾਂ ਦੀਆ ਵਧੀਕੀਆਂ ਤੇ ਗਲਤ ਨੀਤੀਆਂ ਦਾ ਪਤਾ ਚਲਿਆ। ਉਸਦੀ ਆਤਮਾ ਝਨਝੋਰ ਉਠੀ ਜਿਸਦਾ ਉਲੇਖ ਉਸਦੇ ਵਸੀਅਤ ਨਾਮੇ ਵਿਚ ਸਾਫ਼ ਨਜਰ ਆਓਂਦਾ ਹੈ ।ਮੌਤ ਤੋ ਪਹਿਲਾਂ ਉਸਨੇ ਇਕ ਚਿਠੀ ਲਿਖੀ ਜਿਸ ਵਿਚ ਉਸਨੇ ਆਪਣੇ ਗੁਨਾਹਾਂ ਦਾ ਇਕਬਾਲ ਕੀਤਾ ,” ਮੈ ਦੁਨਿਆ ਵਿਚ ਖਾਲੀ ਹਥ ਆਇਆ ਸੀ, ਪਾਪਾਂ ਦੀ ਪੰਡ ਲੇਕੇ ਜਾ ਰਿਹਾਂ ਹਾਂ ਮੈ ਇਤਨੇ ਪਾਪ ਕਰ ਚੁਕਾ ਹਾਂ ਕੀ ਪਰਮਾਤਮਾ ਨੂੰ ਮੂੰਹ ਦਿਖਾਣ ਜੋਗਾ ਨਹੀ ਰਿਹਾ ”
ਭਾਈ ਦਾਇਆ ਸਿੰਘ ਜੀ ਨੂੰ ਸ਼ਾਹੀ ਸਨਮਾਨਾ ਨਾਲ , ਸੁਰਖਿਆ ਦਾ ਪਰਵਾਨਾ ਦੇਕੇ ਵਿਦਾ ਕੀਤਾ । ਉਸਨੇ ਆਪਣੀ ਕੀਤੀ ਤੇ ਪਛਤਾਵਾ ਜਹਿਰ ਕਰਦਿਆਂ ਆਪਣੇ ਅਹਿਲ੍ਕਾਰਾਂ ਨੂੰ ਹੁਕਮਨਾਮਾ ਭੇਜਿਆ ਕਿ ਗੁਰੂ ਸਾਹਿਬ ਜਿਥੇ ਵੀ ਰਹਿਣ , ਜੋ ਵੀ ਕਰਨ ਉਸ ਵਿਚ ਕੋਈ ਦਖਲ ਅੰਦਾਜੀ ਨਹੀ ਹੋਣੀ ਚਾਹੀਦੀ । ਇਹਨਾਂ ਹੁਕਮਾ ਤੇ ਅਮਲ ਵੀ ਹੋਣਾ ਸ਼ੁਰੂ ਹੋ ਗਿਆ ।
ਇਕ ਚਿਠੀ ਵਿਚ ਉਸਨੇ ਗੁਰੂ ਸਾਹਿਬ ਨੂੰ ਤਰਲਿਆਂ ਮਿਨਤਾਂ ਨਾਲ ਆਪਣੇ ਕੋਲ ਸਦਿਆ । ਮਿਲਣ ਦੀ ਖਾਹਿਸ਼ ਤੇ ਆਪਣੀ ਨਾ ਆ ਸਕਣ ਦੀ ਮਜਬੂਰੀ ਜਾਹਿਰ ਕੀਤੀ। ਉਸਨੇ ਨੇ ਲਿਖਿਆ ਕੀ ਮੈ ਤੁਹਾਡੇ ਕੋਲ ਖੁਦ ਚਲ ਕੇ ਆਓਦਾ ਪਰ ਬੀਮਾਰੀ ਮੈਨੂ ਇਜਾਜ਼ਤ ਨਹੀਂ ਦਿੰਦੀ । ਗੁਰੂ ਸਾਹਿਬ ਨੇ ਜਦ ਚਿਠੀ ਪੜੀ ਤਾਂ ਸਭ ਕੁਝ ਭੁਲਾ ਕੇ ਜਾਣ ਦੀ ਤਿਆਰੀ ਕਰ ਲਈ ਪਰ ਉਹ ਵਖਰੀ ਗਲ ਹੈ ਕੀ ਉਸ ਦੇ ਨਾਲ ਮੇਲ ਨਾ ਹੋ ਸਕਿਆ , ਪਛਤਾਵੇ ਦੀ ਅਗ ਵਿਚ ਸੜਦਾ ਤੇ ਗੁਰੂ ਸਾਹਿਬ ਦੀਆਂ ਫਿਟਕਾਰਾਂ ਦੀ ਤਾਬ ਨਾ ਝਲਦਾ ਸ਼ਹਿਨਸ਼ਾਹ ਔਰੰਗਜੇਬ ।707 ਈਸਵੀ ਵਿਚ ਬਿਨਾਂ ਆਪਣੇ ਗੁਨਾਹ ਬਖ਼ਸ਼ਾਏ ਇਸ ਦੁਨਿਆ ਤੋ ਕੂਚ ਕਰ ਗਿਆ । ,
ਕੋਮੀ ਉਸਰੇਈਏ
ਹਰ ਧਰਮ ਕਿਸੇ ਨਾ ਕਿਸੇ ਲਾਲਚ ਦੇ ਅਧਾਰ ਤੇ ਲੋਕਾਂ ਨੂੰ ਆਪਣੇ ਧਰਮ ਵਿਚ ਸ਼ਾਮਲ ਕਰਦਾ ਹੈ । ਕਿਸੇ ਨੂੰ ਸਵਰਗ ਦਾ, ਕਿਸੇ ਨੂੰ ਸਵਰਗ ਵਿਚ ਅਪਸਰਾ ਤੇ ਸ਼ਰਾਬ ਦੀਆਂ ਨਦੀਆਂ ਦਾ ਲਾਲਚ, ਕਿਸੇ ਨੂੰ ਮਨੁਖ ਦੇ ਪਾਪਾਂ ਦੀ ਜ਼ਿਮੇਦਾਰੀ ਖੁਦਾ ਨੂੰ ਦੇਣ ਦਾ । ਇਕ ਸਿਖ ਧਰਮ ਹੀ ਐਸਾ ਧਰਮ ਹੋਇਆ ਹੈ ਜਿਸ ਵਿਚ ਅਉਣ ਲਈ ਗੁਰੂ ਸਾਹਿਬ ਨੇ ਸੀਸ ਦੀ ਮੰਗ ਕੀਤੀ ਤੇ ਪੰਜ ਪਿਆਰਿਆਂ ਦੀ ਸਾਜਨਾ ਨਾਲ ਐਸੇ ਯੋਧੇ ਪੈਦਾ ਕੀਤੇ, ਐਸੇ ਮਰਦ ਪੈਦਾ ਕੀਤੇ ਕਿ “ਸਿਰ ਧਰ ਤਲੀ ਗਲੀ ਮੇਰੀ ਆਓ “,” ਇਤਿ ਮਾਰਗ ਪੈਰ ਧਰੀਜੇ , ਸਿਰ ਦੀਜੇ ਕਾਣ ਨਾ ਕੀਜੇ ” ਤੇ “ਸਵਾ ਲਾਖ ਸੇ ਇਕ ਲੜਾਉ “ਦਾ ਮਹਾਂ ਵਾਕ ਸਚ ਕਰਕੇ ਦਿਖਾ ਦਿਤੇ 40-40 ਸਿਖਾਂ ਨੇ 10-10 ਲਖ ਦੀ ਮੁਗਲ ਫੌਜ਼ ਨਾਲ ਟਾਕਰਾ ਕੀਤਾ ਤੇ ਜਿਤੇ ਵੀ ।
ਗੁਰੂ ਸਾਹਿਬ ਜਾਣਦੇ ਸੀ ਕੋਮ ਉਸਾਰੀ ਲਈ ਲੋਕਾਂ ਦੇ ਮਨਾਂ ,ਸੁਭਾਵਾਂ, ਰੁਚੀਆਂ ਤੇ ਆਚਰਨ ਨੂੰ ਢਾਲਣ ਲਈ ਸਹਿਤ ਦਾ ਬਹੁਤ ਵਡਾ ਹਥ ਹੁੰਦਾ ਹੈ, ਜਿਸਦੀ ਪੂਰਤੀ ਲਈ ਆਪਜੀ ਨੇ ਪੁਰਾਤਨ ਗਰੰਥ ,ਪੁਰਾਣਾਂ , ਮਹਾਂਭਾਰਤ , ਰਮਾਇਣ ਆਦਿ ਦਾ ਉਲਥਾ ਕਰਵਾਇਆ। ਦੇਸ਼ ਭਰ ਦੇ ਕਵੀਆਂ ਤੇ ਢਾਡੀਆਂ ਨੂੰ ਸਦ ਕੇ ਜਿਹਨਾਂ ਵਿਚ 52 ਉਘੇ ਕਵੀ ਸਨ ,ਆਪਣੇ ਦਰਬਾਰ ਦਾ ਸ਼ਿੰਗਾਰ ਬਣਾਇਆ । ਜਮਨਾ ਦੇ ਕਿਨਾਰੇ ਪੋੰਟਾ ਸਾਹਿਬ ਵਿਖੇ ਹਰ ਰੋਜ਼ 52 ਕਵੀਆਂ ਦੀ ਮਹਿਫਿਲ ਲਗਦੀ ਜਿਥੇ ਸੰਸਕ੍ਰਿਤ , ਫ਼ਾਰਸੀ ਵਿਚ ਲਿਖੇ ਗ੍ਰੰਥਾਂ ਦਾ ਅਨੁਵਾਦ ਕਰਕੇ ਹਿੰਦੀ ਤੇ ਪੰਜਾਬੀ ਸਹਿਤ ਨੂੰ ਅਣਮੁਲਾ ਖਜਾਨਾ ਦਿਤਾ ਜਿਸ ਲਈ ਕਈ ਵਿਦਵਾਨਾ ਨੂੰ ਸੰਸਕ੍ਰਿਤ ਪੜਨ ਲਈ ਬਨਾਰਸ ਵੀ ਭੇਜਿਆ । ਸਹਿਤ ਰਾਹੀਂ ਸਿੰਘਾ ਵਿਚ ਨਵੀਂ ਜਿੰਦ –ਜਾਨ , ਨਵਾਂ ਜੋਸ਼ ,ਨਵੀਂ ਤਰੰਗ, ਨਵੀਆਂ ਤਾਂਘਾ ,ਨਵੈ ਸਚੇ ਤੇ ਸੁਚੇ ਇਰਾਦੇ ਭਰੇ । ਬੀਰ ਰਸ ਨੇ ਉਹਨਾਂ ਨੂੰ ਜਬਰ, ਧਕੇ ਜੁਲਮ ਤੇ ਬੇਇਨਸਾਫ਼ੀ ਦੇ ਵਿਰੁਧ ਹਿਕਾਂ ਤਨ ਕੇ ਡਟ ਜਾਣ ਦੀ ਤਾਕਤ ਬਖਸ਼ੀ ।
ਲੋਕਾਂ ਦਾ ਮਿਆਰ ਉਚਾ ਕਰਨ ਲਈ ਤਿਉਹਾਰ ਮਨਾਣ ਦੇ ਢੰਗ ਬਦਲੇ । ਹੋਲੀ ਜੋ ਕੀ ਨੀਵੀਆਂ ਜਾਤੀਆਂ ਦਾ ਇਕ ਖੁਸ਼ੀਆਂ ਭਰਿਆ ਤਿਉਹਾਰ ਸੀ , ਵਿਚ ਚਿਕੜ ਤੇ ਗੰਦਾ ਪਾਣੀ ਇਕ ਦੂਜੇ ਤੇ ਸੁਟਿਆ ਜਾਂਦਾ । ਗੁਰੂ ਸਾਹਿਬ ਨੇ ਇਸ ਤਿਉਹਾਰ ਨੂੰ ਨਵਾਂ ਰੂਪ ਦੇਕੇ ਹੋਲੇ ਮਹਲੇ ਦਾ ਨਾਂ ਦਿਤਾ । ਜਿਸ ਵਿਚ ਸਵੇਰ ਦੇ ਦੀਵਾਨ ਮਗਰੋ ਕਵੀ ਦਰਬਾਰ ਤੇ ਰਾਗ ਸਭਾਵਾਂ ਹੁੰਦੀਆਂ । ਕਵੀ ਢਾਡੀ ਰਾਗੀ ਤੇ ਕੀਰਤਨੀਏ ਆਪਣੇ ਆਪਣੇ ਵਿਚਾਰ ਸੁਣਾਂਦੇ । ਲੋਢ਼ੇ ਵੇਲੇ ਫਿਰ ਬਹਾਦਰੀ ਦੇ ਕਰਤਵ , ਫੌਜੀ ਕਸਰਤਾਂ ਤੇ ਖੇਡਾਂ ਹੁੰਦੀਆਂ. ਗੁਲਾਲ ਜਲ ਦੀ ਵਰਖਾ ਹੁੰਦੀ । ਅਗਲਾ ਦਿਨ ਹੋਲਾ ਮਹਲਾ ਜਿਸ ਵਿਚ ਫੌਜੀ ਯੋਗਤਾ ਦਾ ਪ੍ਰਸਾਰ ਹੁੰਦਾ । ਇਸ ਯੋਗਤਾ ਵਿਚ ਸ਼ਾਮਲ ਹੋਣ ਲਈ ਲੋਕ ਸਾਰਾ ਸਾਰਾ ਸਾਲ ਤਿਆਰੀ ਕਰਦੇ ਤੇ ਆਪਣਾ ਆਪ ਨੂੰ ਗੁਰੂ ਸਾਹਿਬ ਦੀ ਕਸੋਟੀ ਤੇ ਪੂਰਾ ਉਤਰਨ ਲਈ ਕੋਸ਼ਿਸ਼ਾਂ ਕਰਦੇ । ਗਰੀਬ ਦਾ ਮੂੰਹ ਗੁਰੂ ਕੀ ਗੋਲਕ – ਗੁਰੂ ਦਰਬਾਰ ਵਿਚ ਆਏ ਸਿਖ ਸੰਗਤਾਂ ਤੇ ਜਵਾਨਾ ਦੀ ਜਿਸਮਾਨੀ ,ਆਤਮਿਕ ਤੇ ਮਾਨਸਿਕ ਖੁਰਾਕ ਲਈ ਜਗਾ ਜਗਾ ਲੰਗਰ ਲਗਵਾਏ ਜਾਂਦੇ ।
ਭੰਗਾਣੀ ਦੀ ਜਿਤ ਮਗਰੋਂ ਗੁਰੂ ਸਹਿਬ ਦੇ ਆਦਰਸ਼ਾਂ ਵਿਚ ਹੋਰ ਦ੍ਰਿੜਤਾ ਆ ਗਈ ਜਿਸ ਨਾਲ ਕੋਮ ਉਸਾਰੀ ਦੇ ਮਕਸਦ ਨੂੰ ਤਕੜਾਈ ਮਿਲੀ । ਇਸ ਧਰਮ ਯੁਧ ਸਦਕਾ ਗੁਰੂ ਸਾਹਿਬ ਦਾ ਜਸ ਦੂਰ ਦੂਰ ਤਕ ਫੈਲ ਗਿਆ । ਵਧੇਰੇ ਸ਼ਸ਼ਤਰ ਇਕਠੇ ਹੋ ਗਏ । ਦੂਰ ਦੂਰ ਤੋਂ ਜਵਾਨ ਉਹਨਾਂ ਦੀ ਸੇਵਾ ਵਿਚ ਹਾਜਰ ਹੋਏ , ਜਿਨਾਂ ਨੇ ਸਿਰਫ ਦੋ ਵਕਤ ਦੀ ਰੋਟੀ ਤੇ 6 ਮਹੀਨੇ ਬਾਅਦ ਇਕ ਜੋੜੇ ਦੀ ਮੰਗ ਕੀਤੀ । ਗੁਰੂ ਸਾਹਿਬ ਆਪਣੇ ਫਰਜਾਂ ਤੇ ਜ਼ਿਮੇਦਾਰੀਆਂ ਵਲ ਵਧੇਰੇ ਚੇਤਨ ਹੋ ਗਏ । ਤਿਆਰੀ ਦਾ ਇਕ ਨਵਾਂ ਦੋਰ ਸ਼ੁਰੂ ਹੋਇਆ, ਜਿਸ ਵਿਚ ਫੌਜ਼ ਭਰਤੀ , ਸੇਨਿਕ ਸਿਖਲਾਈ ,ਸਾਧਨ ਪ੍ਰਾਪਤੀ ਤੇ ਕਿਲੇ ਬੰਦੀ ਸ਼ਾਮਿਲ ਹੋ ਗਈ ।
1699 ਵੇਸਾਖੀ ਵਾਲੇ ਦਿਨ ਮਾਨਵ ਸਮਾਜ ਦੀ ਸਮਾਨਤਾ ਦੀ ਨੀਹ ਰਖਕੇ ਇਕ ਨਵੇ ਸਮਾਜ ਦੀ ਉਸਾਰੀ ਕੀਤੀ ,ਖਾਲਸਾ ਪੰਥ ਸਾਜਿਆ , ਇਕ ਅਜਿਹੇ ਸਮਾਜ ਅਤੇ ਭਾਈਚਾਰੇ ਦੀ ਸਿਰਜਨਾ ਕੀਤੀ ਜਿਥੇ ਜਾਤ–ਪਾਤ ,ਵਰਣ–ਵੰਡ ਤੇ ਊਚ– ਨੀਚ ਦੀ ਕੋਈ ਥਾਂ ਨਹੀ ਸੀ । ਇਹ ਇਕ ਨਵੇ ਸਮਾਜ ਦੀ ਸੁਤੰਤਰ ਹੋਂਦ ਦਾ ਐਲਾਨ ਸੀ ਜਿਸ ਨਾਲ ਜਾਤ ਪਾਤ ਤੋਂ ਮੁਕਤੀ ਦੇ ਫ਼ਲਸਫ਼ੇ ਨੇ ਲੋਕਾਂ ਵਿਚ ਏਕਤਾ ਦੀ ਭਾਵਨਾ ਪੈਦਾ ਕੀਤੀ ਜੋ ਆਓਣ ਵਾਲੇ ਸਮੇ ਵਿਚ ਕੋਮੀ ਏਕਤਾ ਦਾ ਅਧਾਰ ਬਣ ਗਈ । ਵਖੋ ਵਖ ਜਾਤੀਆਂ, ਧਰਮ, ਤੇ ਕਿਤਿਆ ਦੇ ਲੋਕਾਂ ਨੂੰ ਇਕ ਬਾਟੇ ਵਿਚ ਅਮ੍ਰਿਤ ਛਕਾ ਕੇ ਇਕ ਨਵੇ ਸਮਾਜ ਦੀ ਨੀਹ ਰਖੀ। ਇਖਲਾਕੀ ਤੇ ਅਧਿਆਤ੍ਮਿਕ ਤੋਰ ਤੇ ਉਚਾ ਕਰਨ ਲਈ ਕੁਝ ਰਹਿਤਾਂ ਤੇ ਕੁਰਹਿਤਾਂ ਨੀਅਤ ਕੀਤੀਆਂ । ਸੰਸਾਰਕ ਤੋਰ ਤੇ ਮਜਬੂਤ ਹੋਣ ਲਈ ਕਿਰਪਾਨ ਧਾਰਨ ਇਕ ਜਰੂਰੀ ਅੰਗ ਬਣਾ ਦਿਤਾ । ਉਹਨਾਂ ਦੇ ਦਿਲਾਂ ਵਿਚੋਂ ਡਰ ਤੇ ਹੀਨਤਾ ਦੀ ਭਾਵਨਾ ਦੂਰ ਕਰਨ ਲਈ ਅਕਾਲ ਪੁਰਖ ਦੀਆਂ ਅਸੀਮ ਸ਼ਕਤੀਆਂ ਪ੍ਰਤੀ ਅਟਲ ਵਿਸ਼ਵਾਸ ਪੈਦਾ ਕੀਤਾ ਜੋ ਵਡਿਆਂ ਵਡਿਆਂ ਹਕੂਮਤਾਂ ਨੂੰ ਕੁਚਲਨ ਦੀ ਸ਼ਕਤੀ ਰਖਦਾ ਹੋਵੇ । ਉਹਨਾਂ ਦੇ ਆਚਰਣ ਨੂੰ ਉਚੀ ਮਿਆਰ ਤੇ ਰਖਣ ਲਈ 5 ਕਕਾਰਾਂ, ਚਾਰ ਕੁਰਹਿਤਾਂ, ਪੰਜ ਬਾਣੀਆਂ ਦਾ ਪਾਠ, ਸਚੀ ਸੁਚੀ ਕਿਰਤ ਕਰਕੇ ਵੰਡ ਕੇ ਛਕਣ ਤੇ ਸਿਮਰਨ ਕਰਨ ਦਾ ਹੁਕਮ ਦਿਤਾ । ਕੁਰਬਾਨੀ ਦੇਣ ਦੇ ਨਾਲ ਨਾਲ ਉਹਨਾਂ ਲਈ ਉਤਮ ਕਿਸਮ ਦੇ ਸੰਸਕਾਰ ਤੇ ਆਦਰਸ਼ ਵੀ ਕਾਇਮ ਕੀਤੇ ।
ਪੰਜ ਪਿਆਰਿਆਂ ਨੂੰ ਪੁਤਰਾਂ ਤੋ ਵਧ ਪਿਆਰ ਕੀਤਾ । ਪਾਹੁਲ ਦਿਤੀ, ਆਪਣਾ ਨਾਮ ਦਿਤਾ । ਪੁਤਰ ਬਣਾਇਆ । ਪੁਰਾਣੀ ਕੁਲ–ਨਾਸ਼, ਵਰਣ ਨਾਸ਼ ,ਜਾਤ ਨਾਸ਼ ਕਰਕੇ ਖਾਲਸੇ ਦਾ ਖਿਤਾਬ ਬਖਸ਼ਿਆ । ਉਹਨਾਂ ਤੋਂ ਹੀ ਖੰਡਾ ਬਾਟੇ ਦੀ ਪਹੁਲ ਲੇਕੇ ਗੁਰੂ ਗੋਬਿੰਦ ਰਾਇ ਤੋ ਗੁਰੂ ਗੋਬਿੰਦ ਸਿੰਘ ਬਣਕੇ ਗੁਰੂ ਚੇਲੇ ਦਾ ਭੇਦ ਮਿਟਾ ਦਿਤਾ । ਏਕ ਪਿਤਾ ਏਕਸ ਕੇ ਹਮ ਬਾਰਿਕ ” ਖਾਲਸੇ ਨੂੰ ਆਪਣਾ ਰੂਪ ,ਆਪਣਾ ਇਸ਼ਟ ,ਸ਼ਹਿਰਦ ,ਆਪਣਾ ਪਿੰਡ ਪਰਾਨ, ਸਤਿਗੁਰੂ ਪੂਰਾ ਅਤੇ ਸਜਣ ਸੂਰਾ ਕਹਿ ਕੇ ਨਿਵਾਜਿਆ ।
ਖਾਲਸਾ ਮੇਰਾ ਰੂਪ ਹੈ ਖਾਸ ।।
ਖਾਲਸੇ ਮੇ ਹਓ ਕਰਓ ਨਿਵਾਸ ।।
ਇਸ ਦਿਨ ਪੰਜ ਪਿਆਰਿਆਂ ਤੋ ਬਾਅਦ ਲਖਾਂ ਨੇ ਅਮ੍ਰਿਤ ਛਕਿਆ ਤੇ ਖਾਲਸਾ ਪੰਥ ਵਿਚ ਸ਼ਾਮਲ ਹੋਏ । ਗੁਰੂ ਸਾਹਿਬ ਦਾ ਇਹ ਇਕ ਐਸਾ ਮਹਾਨ ਕਾਰਨਾਮਾ ਸੀ ਜਿਸਨੇ ਮੁਰਦਾ ਕੋਮ ਵਿਚ ਰੂਹ ਫੂਕ ਦਿਤੀ । ਸੋਈ ਹੋਈ ਹਿੰਦੁਸਤਾਨ ਦੀ ਮਿਟੀ ਵਿਚੋਂ ਅਜਿਹੇ ਸੰਤ ਸਿਪਾਹੀ ਪੈਦਾ ਕੀਤੇ ਜਿਸਨੇ ਦੇਸ਼ ਤੇ ਕੋਮ ਦੀ ਤਸਵੀਰ ਬਦਲ ਕੇ ਰਖ ਦਿਤੀ । ਸਿਖਾਂ ਨੂੰ ਉਸ ਮੰਜਿਲ ਤੇ ਪੁਚਾ ਦਿਤਾ ਜਿਥੇ ਦੁਸ਼ਮਣਾ ਦੀਆਂ ਲਖਾਂ ਕੋਸ਼ਿਸ਼ਾਂ ਵੀ ਹਿਲਾ ਨਾ ਸਕੀਆਂ । ਰਾਜੇ ,ਮਹਾਰਜਿਆਂ ਨੂੰ ਵੀ ਖਾਲਸਾ ਪੰਥ ਵਿਚ ਸ਼ਾਮਿਲ ਕਰਨ ਦੇ ਜਤਨ ਕੀਤੇ ,ਪਰ ਓਹ ਜਾਤ ਪਾਤ ,ਨਸਲ, ਗੋਤ, ਕੁਲ ਤੋਂ ਉਪਰ ਨਹੀਂ ਉਠ ਸਕੇ । ਉਹਨਾਂ ਨੇ ਆਪਣੀ ਐਸ਼ ਪ੍ਰਸਤੀ ਤੇ ਅਜ਼ਾਦੀ ਦਾ ਸੋਖਾ ਰਾਹ ਚੁਣਿਆ । ਰਾਜੇ ,ਮਹਾਰਾਜੇ ਤੇ ਉਚੀਆਂ ਜਾਤਾਂ ਦੇ ਲੋਕਾਂ ਨੇ ਗੁਰੂ ਸਾਹਿਬ ਦੀਆਂ ਸਰਗਰਮੀਆਂ ਨੂੰ ਆਪਣੇ ਲਈ ਖਤਰਾ ਤੇ ਵਿਦ੍ਰੋਹ ਸਮਝਿਆ । ਨੀਵੀਆਂ ਜਾਤੀਆਂ ਦੇ ਬਰਾਬਰ ਖੜਾ ਕਰਨਾ ਉਹਨਾਂ ਕੋਲ ਸਹਿਣ ਨਹੀ ਸੀ ਹੋ ਰਿਹਾ । ਇਹੀ ਕਾਰਨ ਹੈ ਕੀ ਇਸ ਕੋਮੀ ਤੇ ਅਧਿਆਤਮਿਕ ਜਦੋ ਜਹਿਦ ਵਿਚ ਜਿਨੀਆਂ ਰੁਕਾਵਟਾ ਤੇ ਮੁਸ਼ਕਲਾਂ ਰਾਜਿਆਂ, ਮਹਾਰਾਜਿਆਂ ਨੇ ਖੜੀਆਂ ਕੀਤੀਆਂ ਮੁਗਲ ਹਕੂਮਤ ਨੇ ਵੀ ਨਹੀਂ ਖੜੀਆਂ ਕੀਤੀਆਂ ।
ਖਾਲਸਾ ਪੰਥ ਨੇ ਉਨਾਂ ਸਾਰੀਆਂ ਗਲਾਂ ਦਾ ਡਟ ਕੇ ਵਿਰੋਧ ਕੀਤਾ ਜਿਨਾਂ ਤੇ ਭਾਰਤੀ ਸਮਾਜ ਨੂੰ ਉਸਾਰਿਆ ਗਿਆ ਸੀ । ਜਿਹਨਾ ਨੂੰ ਧਰਤੀ ਤੇ ਕੀੜਿਆਂ ਵਾਂਗੂ ਰੇਗਣ ਦਾ ਹੁਕਮ ਸੀ ਘੋੜਿਆਂ ਤੇ ਚੜਨ ਦੀ ਮਨਾਹੀ ਸੀ ਉਹਨਾਂ ਨੂੰ ਸਹਿ –ਸਵਾਰ ਬਣਾ ਦਿਤਾ । ਜਿਹਨਾਂ ਨੂੰ ਘਰ ਵਿਚ ਕਰਦ ਰਖਣ ਦੀ ਆਗਿਆ ਨਹੀਂ ਸੀ ਉਨਾ ਦੇ ਹਥ ਤਲਵਾਰਾਂ ਪਕੜਾ ਦਿਤੀਆਂ । ਜਿਹਨਾਂ ਨੀਵੀਆਂ ਜਾਤਾਂ ਦੀ ਹੋਂਦ ਨਾਲ ਹਵਾ ਗੰਦੀ ਹੋ ਜਾਂਦੀ ,ਮੰਦਰਾਂ ਵਿਚ ਜਾਣਾ ਤਾਂ ਇਕ ਪਾਸੇ ਮੰਦਰਾਂ ਦੇ ਆਸ ਪਾਸ ਵੀ ਜਾਣ ਦੀ ਮਨਾਹੀ ਸੀ ਉਨਾ ਨੂੰ ਸੰਗਤ ਤੇ ਪੰਗਤ ਵਿਚ ਬੈਠਣ ਦੀ ਆਜ਼ਾਦੀ ਦੇ ਦਿਤੀ । ਔਰੰਗਜ਼ੇਬ ਨੇ ਜਦ ਮੰਦਰਾਂ ਵਿਚ ਸੰਖ ਵਜਾਣ ਦੀ ਮਨਾਹੀ ਕੀਤੀ ਤਾਂ ਰਣਜੀਤ ਨਗਾਰੇ ਵਜਾਣ ਦੀ ਪਰੰਪਰਾ ਸ਼ੁਰੂ ਕਰਵਾ ਦਿਤੀ । ਜਦ ਉਸਨੇ ਸੰਗੀਤ ਤੇ ਰਾਗ ਦੀ ਮਨਾਹੀ ਕੀਤੀ ਤਾ ਕਵੀਆਂ , ਢਾਡੀਆਂ , ਰਾਗੀਆਂ ਤੇ ਸੰਗੀਤਕਾਰਾਂ ਨੂੰ ਆਪਣੇ ਦਰਬਾਰ ਦਾ ਸ਼ਿੰਗਾਰ ਬਣਾ ਲਿਆ । ਸੰਸਕ੍ਰਿਤ ਪਾਠਸ਼ਾਲਾਂ ਬੰਦ ਕਰਵਾਈਆਂ ਤਾਂ ਗੁਰੂ ਸਾਹਿਬ ਨੇ ਸਿਖਾਂ ਨੂੰ ਸੰਸਕ੍ਰਿਤ ਪੜਨ ਲਈ ਬਨਾਰਸ ਭੇਜ ਦਿਤਾ । ਗੁਰੂ ਗੋਬਿੰਦ ਸਿੰਘ ਜੀ ਨੇ ਸਿਖਾਂ ਨੂੰ ਆਪਣੇ ਕੋਲ ਇਕ ਖੰਡਾ ਰਖਣ ਦਾ ਹੁਕਮ ਦਿਤਾ ਤੇ ਵੰਗਾਰ ਕੇ ਕਿਹਾ ਕੀ ਲੋੜ ਪਵੇ ਇਸ ਨੂੰ ਗਡ ਲਵੋ । ਦੇਖੋ ਕਿਸਦੀ ਹਿੰਮਤ ਪੈਂਦੀ ਹੈ ਇਸ ਅਗੇ ਸਿਰ ਚੁਕਣ ਦੀ ਅਗਰ ਫਿਰ ਵੀ ਕੋਈ ਚੁਕੇ ਤਾਂ ਗਰਦਨ ਲਾਹ ਦਿਉ ।
ਸੰਤਾਂ ਅਤੇ ਸ਼ਹੀਦਾ ਦੀ ਇਸ ਧਾਰਮਿਕ ਸੰਪਰਦਾ ਨੇ ਹੋਲੀ ਹੋਲੀ ਬਹਾਦਰ ਯੋਧਿਆਂ ਦੇ ਸੰਗਠਨ ਦਾ ਰੂਪ ਧਾਰਨ ਕਰ ਲਿਆ , ਜੋ ਸਿਪਾਹੀ ਤਾਂ ਬਣੇ ਪਰ ਸੰਤਾ ਵਾਲੇ ਗੁਣ ਨਹੀਂ ਛਡੇ । । ਉਹਨਾਂ ਨੇ ਆਪਣੇ ਸਿਖਾਂ ਨੂੰ ਸਿਰਫ ਤਾਕਤ ਹੀ ਨਹੀਂ ਬਖਸ਼ੀ , ਸੰਸਕਾਰ ਵੀ ਦਿਤੇ । ਸਮਾਜ ਸੇਵਾ ਨੂੰ ਇਕ ਰੂਹਾਨੀ ਤਰਕੀ ਵਾਸਤੇ ਮੁਢਲੀ ਸ਼ਰਤ ਬਣਾ ਦਿਤਾ । ਕਾਮ , ਕ੍ਰੋਧ , ਲੋਭ ,ਮੋਹ , ਹੰਕਾਰ ਤੇ ਕਾਬੂ ਪਾਣ ਦੀ ਜਰੂਰਤ ਤੇ ਜੋਰ ਦਿਤਾ । ਜਾਤ– ਪਾਤ ਦੀਆਂ ਸੰਸਥਾਵਾਂ –ਉਚੇ –ਨੀਵੇਂ ਰੁਤਬੇ , ਮਰਦ –ਇਸਤਰੀ ਵਿਚ ਨਾ ਬਰਾਬਰੀ , ਧਾਰਮਕ ਤੇ ਸਿਆਸੀ ਜਬਰ ਦੇ ਖਿਲਾਫ਼ ਜਦੋ–ਜਹਿਦ ਕਰਨ ਦੀ ਹਿੰਮਤ ਤੇ ਤਾਕਤ ਬਖਸ਼ੀ , ਸ਼ਕਤੀ ਸੰਕਲਪ ਤੇ ਸਮਾਜ ਸੇਵਾ ਨੂੰ ਇਨਕਲਾਬੀ ਰੰਗਤ ਦਿਤੀ । ਮਨੁਖ ਦੀ ਸੰਪੂਰਨ ਅਜਾਦੀ ਸਿਖ ਲਹਿਰ ਦਾ ਨਿਸ਼ਾਨਾ ਬਣ ਗਿਆ ਜਿਸਨੇ ਮੁਗਲ ਹਕੂਮਤ ਦੇ ਹਰ ਜੁਲਮ ਦਾ ਡਟ ਕੇ ਵਿਰੋਧ ਕੀਤਾ । ਲੋੜ ਪਈ ਤਾ ਕੁਰਬਾਨੀਆਂ ਵੀ ਦਿਤੀਆਂ ਜਿਸ ਵਿਚ ਉਮਰ ਦੀ ਕੋਈ ਅਹਿਮੀਅਤ ਨਹੀਂ ਸੀ । ਗੁਰੂ ਸਾਹਿਬ ਦੇ ਛੋਟੇ ਸਾਹਿਬਜਾਦੇ ਨੇ ਲੜਾਈ ਦੇ ਮੈਦਾਨ ਵਿਚ ਛੋਟੇ ਖੰਡੇ ਵਾਹੇ । ਦੋ ਛੋਟੇ ਪੁਤਰਾਂ ਨੇ ਸਰਹੰਦ ਦੀਆਂ ਨੀਹਾਂ ਵਿਚ ਧਰਮ ਬਦਲਣ ਦੀ ਬਜਾਇ ਸ਼ਹੀਦੀ ਨੂੰ ਤਰਜੀਹ ਦਿਤੀ । ਬੰਦਾ ਬਹਾਦਰ ਦਾ ਚਾਰ ਸਾਲ ਦਾ ਪੁਤ ਸ਼ਹੀਦ ਹੋਇਆ ਤੇ ਇਸਤੋਂ ਬਾਦ ਹੋਰ ਕਿਤਨੇ ਹੀ ਬਚੀ ਬਚਿਆਂ ਨੇ ਅਕਿਹ ਤੇ ਅਸਹਿ ਕਸ਼ਟ ਸਹਾਰਦੇ ਹੋਏ ਸ਼ਹੀਦੀਆਂ ਨੂੰ ਗਲੇ ਲਗਾਇਆ ।
“ਭੇ ਕਾਹੂ ਕਉ ਦੇਤ ਨਾਹਿ ਭੇ ਮਾਨਤ ਆਨ“
ਬੜੀ ਵਾਰ ਭੁਲੇਖਾ ਪਾਇਆ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਨਾਨਕ ਦਾ ਰਾਹ ਤਿਆਗ ਕੇ ਸਿਖਾਂ ਦੀ ਪਰਮਾਰਥ ਏਕਤਾ ਨੂੰ ਦੁਨਿਆਵੀ ਸਫਲਤਾ ਦਾ ਵਸੀਲਾ ਬਣਾ ਦਿਤਾ । ਰਾਜਸੀ ਉਨਤੀ ਦਾ ਸਾਧਨ ਬਣਾ ਦਿਤਾ ਜਿਸ ਕਰਕੇ ਸਿਖ ਜੋ ਸਦੀਆਂ ਤੋਂ ਸਚੇ ਸੁਚੇ ਮਨੁਖ ਬਣਨ ਵਲ ਪ੍ਰਗਤੀ ਕਰ ਰਹੇ ਸੀ ਨਿਰੇ ਸਿਪਾਹੀ ਬਣ ਕੇ ਰਹਿ ਗਏ (ਜਾਦੂ ਨਾਥ ਸਰਕਾਰ )। ਕਈ ਲੋਗ ਜਿਨਾ ਨੇ ਇਤਿਹਾਸ ਨੂੰ ਠੀਕ ਤਰਹ ਪੜਿਆ ਨਹੀਂ ਜਾ ਜਾਣ–ਬੁਝ ਕੇ‘ਗੁਰੂ ਸਾਹਿਬ ਦੀ ਤੁਲਨਾ ਮਹਾਰਾਣਾ ਪ੍ਰਤਾਪ ਅਤੇ ਸ਼ਿਵਾ ਜੀ ਨਾਲ ਕਰਦੇ ਹਨ। ਸਚਮੁਚ ਉਨਾ ਦੀ ਸੋਚ ਤੇ ਮਾਨਸਿਕ ਉਡਾਰੀ ਤੇ ਬੜਾ ਅਫਸੋਸ ਹੁੰਦਾ ਹੈ । ਉਹਨਾਂ ਨੂੰ ਬਹੁਤ ਢੁਕਵਾਂ ਤੇ ਮੂੰਹ ਤੋੜਵਾਂ ਜਵਾਬ ‘ਅਰਬਿੰਦੂ ਘੋਸ਼’ ਨੇ ਆਪਣੀ ਪੁਸਤਕ ‘ਫਾਊਂਡੇਸ਼ਨ ਆਫ ਇੰਡੀਅਨ ਕਲਚਰ’ ਵਿੱਚ ਦਿੱਤਾ ਹੈ ਕਿ ‘ ਮਹਾਰਾਣਾ ਪ੍ਰਤਾਪ ਤੇ ਸ਼ਿਵਾ ਜੀ ਦਾ ਨਿਸ਼ਾਨਾ ਸੀਮਤ ਅਤੇ ਕਰਤਵ ਨਿੱਜੀ ਸਨ। ਦੂਜੇ ਪਾਸੇ ਖਾਲਸਾ ਅਸਚਰਜ ਮਈ ਅਨੋਖੀ ਤੇ ਨਿਰਾਲੀ ਸਿਰਜਨਾ ਹੈ ।’ ‘ਸੀ. ਐਚ. ਪੇਨ’ ਲਿਖਦਾ ਹੈ ਕਿ ‘ਇਹ ਗੁਰੂ ਗੋਬਿੰਦ ਸਿੰਘ ਜੀ ਦਾ ਹੀ ਕਮਾਲ ਹੈ ਜਿਹਨਾਂ ਨੇ ਜਾਤ ਪਾਤ ਦੇ ਦੈਂਤ ਨੂੰ ਸਿੰਙਾਂ ਤੋਂ ਪਕੜ ਕੇ ਕਾਬੂ ਕੀਤਾ। ਜਾਤ ਦੀਆਂ ਜੜ੍ਹਾਂ ਉੱਤੇ ਕੁਲਹਾੜਾ ਮਾਰਿਆ ਅਤੇ ਐਸੀ ਕੌਮ ਬਣਾਉਣ ਦਾ ਫੈਸਲਾ ਕੀਤਾ ਜੋ ਖਿਆਲੀ ਅਤੇ ਅਮਲੀ ਤੌਰ ਤੇ ਇੱਕ ਹੋਵੇ । ..
ਕੁਨਿੰਘਮ ਲਿਖਦੇ ਹਨ, ਗੁਰੂ ਗੋਬਿੰਦ ਸਿੰਘ ਜੀ ਨੇ ਲੋਕਾਂ ਵਿਚ ਐਸੀ ਰੂਹ ਫੂਕੀ ਜਿਸਨੇ ਨਾ ਸਿਰਫ ਸਿਖਾਂ ਦੇ ਤਨ ਮਨ ਨੂੰ ਬਦਲ ਦਿਤਾ, ਉਨਾਂ ਦੀ ਅਕਲ, ਸ਼ਕਲ, ਹਿੰਮਤ ਤੇ ਤਾਕਤ ਸਭ ਕੁਛ ਬਦਲ ਕੇ ਰਖ ਦਿਤਾ “। ਸਾਧੂ ਟ.ਲ .ਵਾਸਵਾਨੀ ਲਿਖਦੇ ਹਨ ,”ਜੋ ਕੰਮ ਹਜ਼ਾਰਾਂ ਰਲ ਕੇ ਨਾ ਕਰ ਸਕੇ, ਓਹ ਗੁਰੂ ਗੋਬਿੰਦ ਸਿੰਘ ਜੀ ਨੇ ਕਰ ਕੇ ਦਿਖਾਇਆ , ਜਿਨਾਂ ਦੀ ਹਸਤੀ ਰਾਹ ਚਲਦੇ ਕੀੜੀਆਂ ਤੋ ਵਧ ਕੇ ਨਹੀ ਸੀ ,ਗਲੇ ਨਾਲ ਲਗਾਇਆ ,ਅਮ੍ਰਿਤ ਛਕਾਕੇ ਸਰਦਾਰ ਬਣਾਇਆ । ਬਸ ਇਥੇ ਹੀ ਨਹੀਂ ਉਹਨਾਂ ਤੋਂ ਆਪ ਅਮ੍ਰਿਤ ਛਕ ਕੇ ਗੁਰੂ ਚੇਲੇ ਦਾ ਭੇਦ ਮਿਟਾ ਦਿਤਾ “। ਇਤਿਹਾਸਕਾਰ ਲਿਖਦੇ ਹਨ ਜਿਹੜਾ ਸ਼ਾਨਦਾਰ ਖਾਲਸਾ ਰਾਜ ਮਹਾਰਾਜਾ ਰਣਜੀਤ ਸਿੰਘ ਨੇ ਬਣਾਇਆ ਸੀ ਉਸਦਾ ਨੀਂਹ – ਪਥਰ ਵੀ ਗੁਰੂ ਕੇ ਖਾਲਸੇ ਨੇ ਰਖਿਆ । ਜਾਲਮਾਂ ਨੂੰ ਪੰਜਾਬ ਤੋ ਸਦਾ ਲਈ ਕਢ ਦਿਤਾ ਤੇ ਸਦੀਆਂ ਦਾ ਜ਼ੁਲਮੀ ਰਾਜ ਖਤਮ ਕਰ ਦਿਤਾ ।
ਸਾਫ਼ੀ ਖਾਨ ਲਿਖਦਾ ਹੈ ,” ਜੇਹੜੀ ਰੂਹ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੀ ਸਿਰਜਨਾ ਕਰਕੇ ਸਿਖ ਕੋਮ ਵਿਚ ਫੂਕੀ ਹੈ ਓਹ ਦੁਨਿਆ ਦੀ ਇਕ ਅਨੋਖੀ ਮਿਸਾਲ ਹੈ । ਹਰੀ ਰਾਮ ਗੁਪਤਾ’ ਲਿਖਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਲਿਤਾੜੇ ਲੋਕਾਂ ਨੂੰ ਸਰਦਾਰ ਤੇ ਸੂਰਮੇ ਬਣਾ ਦਿੱਤਾ। ਇਹਨਾਂ ਲਿਤਾੜੇ ਲੋਕਾਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਤੇ ਸ਼ਬਦ ਰਾਹੀਂ ਐਸੀ ਸ਼ਕਤੀ ਪ੍ਰਾਪਤ ਕਰ ਲਈ ਕਿ ਇਹ ਲੋਕ ਗੁਰੂ ਜੀ ਦੀ ਇਕ ਆਵਾਜ਼ ਤੇ ਬੰਦੂਕਾਂ ਅੱਗੇ ਪੈਲਾਂ ਪਾਉਂਦੇ ਨਜਰ ਆਉਂਦੇ । ਮੋਰ, ਬੱਦਲ ਦੇਖ ਕੇ ਪੈਲਾਂ ਪਾਉਂਦੇ , ਸੱਪ ਬੀਨ ਦੀ ਮਧੁਰ ਧੁਨੀ ਸੁਣ ਕੇ ਮਸਤ ਹੁੰਦੇ, ਬੰਸਰੀ ਦੀ ਸੁਰੀਲੀ ਆਵਾਜ਼ ’ਤੇ ਪੰਛੀ ਮੋਹਿਤ ਹੁੰਦੇ ਤਾਂ ਸਾਰੀ ਦੁਨੀਆਂ ਨੇ ਸੁਣੇ ਸਨ, ਪਰ ਬੰਦੂਕ ਦੀ ਗੋਲੀ ਜਿਸ ਵਿਚੋਂ ਸਿਰਫ ਮੌਤ ਦਾ ਹੀ ਸੁਨੇਹਾ ਨਿਕਲਦਾ ਹੋਵੇ, ਉਸ ਅੱਗੇ ਪੈਲਾਂ ਪਾਉਣੀਆਂ ਤੇ ਇੱਕ ਦੂਜੇ ਤੋਂ ਅੱਗੇ ਹੋ ਕੇ ਸ਼ਹੀਦੀ ਦਾ ਜਾਮ ਪੀਣ ਲਈ ਝਗੜਨਾ, ਸਿਰਫ ਗੁਰੂ ਗੋਬਿੰਦ ਸਿੰਘ ਦੇ ਸਿਖਾਂ ਦਾ ਹੀ ਕਮਾਲ ਹੈ ।
ਡਾਕਟਰ ਆਰ. ਸੀ. ਮਜੂਮਦਾਰ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ , ਉਹਨਾਂ ਦੀ ਦੇਸ਼ ਭਗਤੀ ਦੇ ਜਜ਼ਬੇ, ਦਲੇਰੀ ਤੇ ਧਾਰਮਿਕ ਉਚਤਾ ਤੋਂ ਬਹੁਤ ਪਰਭਾਵਿਤ ਸਨ ਪਰ ਉਹਨਾਂ ਦੀ ਸੂਝ ਬੂਝ ਤੇ ਜਥੇਬੰਦਕ ਤੇ ਪ੍ਰਬੰਧਕ ਸ਼ਕਤੀ ਜਿਸ ਦੁਆਰਾ ਉਹਨਾਂ ਨੇ ਵੰਨ ਸੁਵੰਨੇ ਜਾਤੀ ਦੇ ਲੋਕਾਂ ਵਿਚੋਂ ਇੱਕ ਨਵੀਂ ਕੌਮ ਦੀ ਸਿਰਜਨਾ ਕੀਤੀ ਦੇ ਪੁਜਾਰੀ ਬਣ ਗਏ ।ਉਹ ਕਹਿੰਦੇ ਹਨ ਕੀ ਇਸ ਤੋਂ ਪਹਿਲਾਂ ਜਾਂ ਬਾਅਦ ਇਸ ਤਰ੍ਹਾਂ ਜਾਤਾਂ ਦੇ ਭੇਦ–ਭਾਵ ਮਿਟਾ ਕੇ ਕਿਸੇ ਨੇ ਵੀ ਹਿੰਦੂ ਅਤੇ ਮੁਸਲਮਾਨਾਂ ਨੂੰ ਇੱਕ ਲੜੀ ਵਿੱਚ ਪਰੋਣ ਦਾ ਕੰਮ ਨਹੀਂ ਸੀ ਕੀਤਾ ਜੋ ਗੁਰੂ ਜੀ ਨੇ ਖਾਲਸਾ ਸਾਜ ਕੇ ਕਰ ਵਿਖਾਇਆ। ਭਾਰਤੀ ਇਤਿਹਾਸ ਵਿੱਚ ਇਹ ਇੱਕ ਲਾਸਾਨੀ ਤੇ ਅਦੁੱਤੀ ਮਿਸਾਲ ਹੈ ਜਿਸ ਵਾਸਤੇ ਸਾਰੇ ਭਾਰਤੀਆਂ ਨੂੰ ਗੁਰੂ ਜੀ ਦਾ ਅਹਿਸਾਨਮੰਦ ਹੋਣਾ ਚਾਹਿਦਾ ਹੈ ।
‘ਲਾਲਾ ਦੋਲਤ ਰਾਏ’ ਜੀ ਲਿਖਦੇ ਹਨ ‘ਜਿਹਨਾਂ ਸ਼ੂਦਰਾਂ ਦੀ ਬਾਤ ਕੋਈ ਨਹੀਂ ਸੀ ਪੁੱਛਦਾ, ਜਿਹਨਾਂ ਨੂੰ ਦੁਰਕਾਰਿਆਂ ਤੇ ਫਿਟਕਾਰਿਆਂ ਵਾਰ ਵੀ ਨਹੀਂ ਸੀ ਆਉਂਦੀ, ਜੋ ਗੁਲਾਮੀ ਤੇ ਜ਼ਿਲਤ ਦੀ ਜਿੰਦਗੀ ਗੁਜ਼ਾਰ ਰਹੇ ਸਨ ਉਹਨਾਂ ਨੂੰ ਸੰਸਾਰ ਦੇ ਮਹਾਂ ਯੋਧਿਆਂ ਦੀਆਂ ਕਤਾਰਾਂ ਵਿਚ ਖੜਾ ਕਰ ਦਿਤਾ । ਜੋ ਰਾਮ ਚੰਦਰ ਜੀ ਨਾ ਕਰ ਸਕੇ, ਜਿਸ ਬਾਰੇ ਸੋਚਣ ਦਾ ਕ੍ਰਿਸ਼ਨ ਜੀ ਨੂੰ ਖਿਆਲ ਤੱਕ ਨਾ ਆਇਆ, ਜਿਹੜਾ ਸ਼ੰਕਰ ਦੀ ਨਜ਼ਰ ਵਿੱਚ ਨੀਵਾਂ ਕੰਮ ਸੀ, ਜਿਹੜਾ ਕੰਮ ਸੂਰਜ ਤੇ ਚੰਦਰ ਵੰਸੀ ਰਾਜਿਆਂ ਦੇ ਬਾਹਦਰਾਂ ਨੂੰ ਨਾ ਸੁਝਿਆ, ਉਸ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਕਰਕੇ ਦਿਖਾ ਦਿਤਾ । ‘ਹਜ਼ਰਤ ਮੁਹੰਮਦ’ ਸਾਹਿਬ ਨੇ ਕੁੱਝ ਉਪਰਾਲੇ ਤਾਂ ਕੀਤੇ ਪਰ ਉਹ ਵੀ ਮੁਸਲਮਾਨਾਂ ਵਿਚੋਂ ਗੁਲਾਮੀ ਦੀ ਬਦ–ਆਦਤ ਨਾ ਕੱਢ ਸਕੇ। ਇੱਕ ਮੁਸਲਮਾਨ ਦੂਜੇ ਮੁਸਲਮਾਨ ਦਾ ਉਸੇ ਤਰ੍ਹਾਂ ਹੀ ਗੁਲਾਮ ਹੁੰਦਾ ਹੈ ਜਿਵੇਂ ਕਿਸੇ ਹੋਰ ਕੌਮ ਦਾ ਕਾਫ਼ਰ ” ।
ਮੈਕਲਾਫ ਲਿਖਦਾ ਹੈ: ‘ਗੁਰੂ ਵਿੱਚ ਜਾਦੂਈ ਤਾਕਤ ਸੀ, ਉਹਨਾਂ ਦੇ ਉਪਦੇਸ਼ਾਂ ਦਾ ਜਾਦੂਈ ਅਸਰ ਆਮ ਲੋਕਾਂ ’ਤੇ ਹੋਇਆ, ਜਿਸ ਨੇ ਲਿਤਾੜੇ ਹੋਏ ਲੋਕਾਂ ਨੂੰ ਸੰਸਾਰ ਦੇ ਪ੍ਰਸਿੱਧ ਯੋਧੇ ਬਣਾ ਦਿੱਤਾ। ਸਿੱਖ ਗੁਰੂਆਂ ਤੋਂ ਪਹਿਲਾਂ ਦੁਨੀਆਂ ਦੇ ਕਿਸੇ ਵੀ ਜਰਨੈਲ ਨੇ ਉਹਨਾਂ ਆਦਮੀਆਂ ਨੂੰ ਜਥੇਬੰਦ ਕਰਨ ਦਾ ਖਿਆਲ ਤੱਕ ਨਹੀਂ ਸੀ ਕੀਤਾ ਜਿਹਨਾਂ ਨੂੰ ਉਚ ਜਾਤੀ ਦੇ ਲੋਕ ਜਨਮ ਤੋਂ ਦੁਰ ਦੁਰ ਕਰਦੇ ਆ ਰਹੇ ਸਨ । ਪਰ ਗੁਰੂ ਗੋਬਿੰਦ ਸਿੰਘ ਜੀ ਨੇ ਜਿਹਨਾਂ ਨੂੰ ਸੰਸਾਰ ਦੀ ਰਹਿੰਦ ਖੂਹੰਦ ਕਿਹਾ ਜਾਂਦਾ ਸੀ, ਵਿੱਚ ਐਸੀ ਸ਼ਕਤੀ ਭਰੀ ਕਿ ਉਹ ਯੋਧੇ ਹੋ ਨਿਬੜੇ ਤੇ ਫਿਰ ਯੋਧੇ ਭੀ ਐਸੇ ਜਿਹਨਾਂ ਦੀ ਦ੍ਰਿੜ੍ਹਤਾ, ਦਲੇਰੀ ਤੇ ਵਫਾਦਾਰੀ ਦੇ ਅਗੇ ਕਿਸੇ ਆਗੂ ਨੂੰ ਮਾਯੂਸ ਨਹੀਂ ਹੋਣਾ ਪਿਆ “।’
( ਚਲਦਾ )