21 ਦਸੰਬਰ ਦਾ ਇਤਿਹਾਸ – ਸ਼ਹੀਦੀ ਭਾਈ ਜੀਵਨ ਸਿੰਘ (ਜੈਤਾ) ਜੀ
ਸ਼ਹੀਦ ਬਾਬਾ ਜੀਵਨ ਸਿੰਘ ਉਰਫ਼ ਭਾਈ ਜੈਤਾ ਜੀ ਦਾ ਨਾਮ ਸਿੱਖ ਇਤਿਹਾਸ ਵਿਚ ਸੁਨਹਿਰੀ ਅੱਖਰਾਂ ਵਿਚ ਚਮਕ ਰਿਹਾ ਹੈ। ਜਿੱਡੀਆਂ ਵੱਡੀਆਂ ਕੁਰਬਾਨੀਆਂ ਇਸ ਪ੍ਰਵਾਰ ਨੇ ਕੀਤੀਆਂ ਹਨ, ਉਹ ਵਿਰਲਿਆਂ ਦੇ ਹੀ ਹਿੱਸੇ ਆਉਂਦੀਆ ਹਨ। ਬਾਬਾ ਜੀਵਨ ਸਿੰਘ ਜੀ ਦੇ ਵੱਡੇ ਵਡੇਰੇ ਭਾਈ ਕਲਿਆਣਾ ਜੀ ਤੋਂ ਲੈਕੇ ਇਹ ਸਾਰਾ ਪ੍ਰਵਾਰ ਗੁਰੂ ਘਰ ਦਾ ਅਨਿੰਨ ਸੇਵਕ ਤੁਰਿਆ ਆਉਂਦਾ ਸੀ ਤੇ ਜਦ ਸਿੱਖ ਇਤਿਹਾਸ ਵਿਚ ਕੁਰਬਾਨੀਆਂ ਕਰਨ ਦਾ ਵਕਤ ਆਇਆ ਤਾਂ ਇਸ ਪ੍ਰਵਾਰ ਨੇ ਕੁਰਬਾਨੀਆਂ ਕਰਨ ਦੀ ਵੀ ਝੜੀ ਲਾ ਦਿੱਤੀ। ਬਾਬਾ ਜੀਵਨ ਸਿੰਘ ਦੇ ਪਿਤਾ ਭਾਈ ਸਦਾ ਨੰਦ ਜੀ ਆਪਣੇ ਪ੍ਰਵਾਰ ਅਤੇ ਨੌਂਵੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ ਹੀ ਧਰਮ ਪ੍ਰਚਾਰ ਹਿੱਤ ਦੂਰ ਦੂਰ ਦੇ ਇਲਾਕਿਆਂ ਜਾਂਦੇ ਹੁੰਦੇ ਸਨ। ਜਦ ਬਾਬਾ ਜੀਵਨ ਸਿੰਘ ਜੀ ਦਾ ਪਟਨਾ ਸਾਹਿਬ ਵਿਖੇ 13 ਦਸੰਬਰ, 1661 ਈਸਵੀ ਨੂੰ ਮਾਤਾ ਪ੍ਰੇਮੋ ਜੀ ਦੀ ਸੁਲੱਖਣੀ ਕੁੱਖੋਂ ਜਨਮ ਹੋਇਆ ਤਾਂ ਉਸ ਵਕਤ ਵੀ ਭਾਈ ਸਦਾ ਨੰਦ ਜੀ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨਾਲ ਹੀ ਧਰਮ ਪ੍ਰਚਾਰ ਦੀ ਯਾਤਰਾ ’ਤੇ ਨਿਕਲੇ ਹੋਏ ਸਨ। ਬਾਬਾ ਜੀਵਨ ਸਿੰਘ ਜੀ ਦਾ ਨਾਮ ਭਾਈ ਜੈਤਾ ਵੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਹੀ ਰੱਖਿਆ ਸੀ।
ਜਦ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ 19 ਜੂਨ 1665 ਨੂੰ ਸ੍ਰੀ ਅਨੰਦਪੁਰ ਸਾਹਿਬ ਵਸਾਇਆ ਤਾਂ ਭਾਈ ਸਦਾ ਨੰਦ ਜੀ ਦਾ ਪ੍ਰਵਾਰ ਵੀ ਕੁਝਸਮਾਂ ਗੁਰੂ ਜੀ ਨਾਲ ਹੀ ਇੱਥੇ ਰਿਹਾ ਤੇ ਜਦ ਗੁਰੂ ਜੀ ਪੂਰਬੀ ਇਲਾਕਿਆਂ ਦੀ ਤੀਜੀ ਯਾਤਰਾਂ ’ਤੇ ਚੱਲ ਪਏ ਤਾਂ ਭਾਈ ਸਦਾ ਨੰਦ ਜੀ ਵੀ ਪ੍ਰਵਾਰ ਸਮੇਤ ਉਹਨਾਂ ਨਾਲ ਚੱਲ ਪਏ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪਟਨਾ ਸਾਹਿਬ ਵਿਖੇ ਆਪਣੇ ਪੂਜਨੀਕ ਮਾਤਾ ਬੇਬੇ ਨਾਨਕੀ ਜੀ, ਧਰਮ ਸੁਪਤਨੀ ਮਾਤਾ ਗੁਜਰੀ ਜੀ ਤੇ ਮਾਮਾ ਕ੍ਰਿਪਾਲ ਚੰਦ ਨੂੰ ਛੱਡ ਕੇ ਆਪ ਬੰਗਾਲ ਦੀ ਯਾਤਰਾ ’ਤੇ ਚਲੇ ਗਏ ਤੇ ਭਾਈ ਸਦਾ ਨੰਦ ਜੀ ਵੀ ਆਪਣੇ ਪ੍ਰਵਾਰ ਸਮੇਤ ਗੁਰੂ ਜੀ ਦੇ ਪ੍ਰਵਾਰ ਕੋਲ ਹੀ ਠਹਿਰ ਗਿਆ। ਇਥੇ ਪਟਨਾ ਸਾਹਿਬ ਵਿਖੇ ਹੀ ਮਾਤਾ ਗੁਜਰੀ ਜੀ ਦੀ ਪਵਿੱਤਰ ਕੁੱਖੋਂ ਸਾਹਿਬ ਸ੍ਰੀ ਗੋਬਿੰਦ ਰਾਏ ਜੀ ਨੇ 22 ਦਸੰਬਰ 1666 ਨੂੰ ਅਵਤਾਰ ਧਾਰਿਆ। ਗੁਰੂ ਤੇਗ ਬਹਾਦਰ ਜੀ ਦੇ ਆਦੇਸ਼ ਅਨੁਸਾਰ ਇਹ ਦੋਵੇਂ ਪ੍ਰਵਾਰ 1673 ਈਸਵੀ ਨੂੰ ਸ੍ਰੀ ਅਨੰਦਪੁਰ ਸਾਹਿਬ ਵਾਪਸ ਆ ਗਏ।
ਜਦ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜ਼ਬਰ ਜ਼ੁਲਮ ਦੇ ਵਿਰੁੱਧ ਸ਼ਹਾਦਤ ਦੇਣ ਦਾ ਵਕਤ ਆਇਆ ਤਾਂ ਭਾਈ ਜੈਤਾ ਜੀ ਆਪਣੇ ਪਿਤਾ ਜੀ ਭਾੲਂੀ ਸਦਾ ਨੰਦ ਅਤੇ ਤਾਇਆ ਭਾਈ ਆਗਿਆ ਰਾਮ ਜੀ ਨਾਲ ਦਿੱਲੀ ਵਿੱਚ ਹੀ ਸਨ। ਜਦ ਗੁਰੂ ਸਾਹਿਬ ਜੀ ਜੇਲ੍ਹ ਵਿੱਚ ਬੰਦ ਸਨ ਤਾਂ ਭਾਈ ਜੈਤਾ ਜੀ ਉਹਨਾਂ ਨੂੰ ਅਕਸਰ ਹੀ ਮਿਲਦੇ ਰਹਿੰਦੇ ਸਨ। ਗੁਰੂ ਸਾਹਿਬ ਨੇ ਉਹਨਾਂ ਹੱਥ ਆਪਣੇ ਰਚੇ 57 ਸਲੋਕ ਪੰਜ ਪੈਸੇ ਅਤੇ ਗੁਰਿਆਈ ਦਾ ਤਿਲਕ ਦੇਕੇ ਉਹਨਾਂ ਨੂੰ ਸ੍ਰੀ ਅਨੰਦਪੁਰ ਸਾਹਿਬ ਵੱਲ ਰਵਾਨਾ ਕੀਤਾ ਜਿਥੇ ਉਹਨਾਂ ਇਹ ਵਸਤਾਂ ਗੁਰੂ ਗੋਬਿੰਦ ਸਿੰਘ ਦੇ ਹਵਾਲੇ ਕਰ ਦਿੱਤੀਆਂ, ਜਿਸ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਸੰਪੂਰਨ ਹੋਈ ਅਤੇ ਗੁਰਗੱਦੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲੀ। ਭਾਈ ਜੈਤਾ ਜੀ ਮੁੜ ਕੇ ਫਿਰ ਦਿੱਲੀ ਵਾਪਸ ਆ ਗਏ।
ਜਦ 11 ਨਵੰਬਰ 1675 ਦਿਨ ਵੀਰਵਾਰ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ ਤਾਂ ਹੁਣ ਮਸਲਾ ਉਨ੍ਹਾਂ ਦੇ ਪਵਿੱਤਰ ਸੀਸ ਅਤੇ ਪਵਿੱਤਰ ਧੜ ਦੀ ਸੰਭਾਲ ਦਾ ਪੈਦਾ ਹੋ ਗਿਆ ਸੀ ਕਿਉਂਕਿ ਇਨ੍ਹਾਂ ਦੁਆਲੇ ਮੁਗਲ ਹਕੂਮਤ ਵੱਲੋਂ ਬਹੁਤ ਹੀ ਸਖ਼ਤ ਪਹਿਰੇ ਲਗਾਏ ਗਏ ਸਨ। ਗੁਰੂ ਸਾਹਿਬ ਜੀ ਦੇ ਪਵਿੱਤਰ ਸਰੀਰ ਤੱਕ ਪਹੁੰਚਣਾ ਆਪਣੀ ਅਤੇ ਪ੍ਰਵਾਰ ਦੀ ਜਾਨ ਵਾਰਨ ਦਾ ਮਸਲਾ ਸੀ। ਇਸ ਮੌਕੇ ਭਾਈ ਸਦਾ ਨੰਦ ਅਤੇ ਭਾਈ ਜੈਤਾ ਦੇ ਮਨਾਂ ਵਿੱਚ ਕਿਹੋ ਜਿਹਾ ਘੋਲ ਚੱਲ ਰਿਹਾ ਸੀ, ਇਸ ਦਾ ਬਿਆਨ ਮੇਰੇ ਪਾਪਾ ਲੋਕ ਕਵੀ ਸੰਤ ਰਾਮ ਉਦਾਸੀ ਨੇ ਬਾਖ਼ੂਬੀ ਕੀਤਾ ਹੈ :
‘‘ਭੰਨਿਆ ਠਿੱਕਰ ਸਿਰ ਦਾ ਜੀਹਨੇ ਦਿੱਲੀ ਦੇ ਸਿਰ
ਪੱਗ ਉਹਦੀ ਬਜ਼ਾਰੀਂ ਨਾ ਰੁਲਣ ਦੇਣੀ
ਧੜ ਸੰਭੇ ਦਾ ਸੰਭੇ ਇਹ ਲੋਕ ਜਾਨਣ
ਦਿੱਲੀ ਬੰਦ ਕਰਨੀ ਤੇ ਜਾਂ ਹੈ ਖੁਲ੍ਹਣ ਦੇਣੀ
ਅੱਜ ਰਾਤ ਦੀ ਅੱਖ ਵੀ ਚੁਗਲ ਵਰਗੀ
ਸੀਸ ਤਲੀ ਤੇ ਰੱਖ ਕੇ ਹੈ ਸੀਸ ਚੁੱਕਣਾ
ਸੀਸ ਚੁੱਕਣ ਦੀ ਫੀਸ ਹੈ ਸੀਸ ਬਾਪੂ
ਦੱਸ ਤੂੰ ਫੀਸ ਦੇਣੀ ਜਾਂ ਹੈ ਸੀਸ ਚੁੱਕਣਾ।’’
ਇਥੇ ਮਸਲਾ ਆਪਣਾ ਸੀਸ ਦੇ ਕੇ ਗੁਰੂ ਸਾਹਿਬ ਦਾ ਸੀਸ ਚੁੱਕਣ ਦਾ ਸੀ। ਭਾਈ ਜੈਤਾ ਜੀ ਦੇ ਪਿਤਾ ਭਾਈ ਸਦਾ ਨੰਦ ਜੀ ਨੇ ਜੋਰ ਦੇ ਕੇ ਆਪਣੇ ਪੁੱਤਰ ਨੂੰ ਕਿਹਾ ਕਿ ਗੁਰੂ ਸਾਹਿਬ ਜੀ ਦੇ ਸੀਸ ਦੀ ਥਾਂ ਮੇਰਾ ਸੀਸ ਇੱਥੇ ਰੱਖ ਦਿੱਤਾ ਜਾਵੇ ਅਤੇ ਤੂੰ ਸੀਸ ਲੈਕੇ ਸ੍ਰੀ ਅਨੰਦਪੁਰ ਸਾਹਿਬ ਨੂੰ ਰਵਾਨਾ ਹੋ ਜਾਹ।
‘‘ਨੰਗੇ ਪੈਰ ਬਿਆਈਆਂ ਦੇ ਨਾਲ ਪਾਟੇ
ਮਲੇ ਲਤੜਦਾ ਵੀ ਰੱਖੀਂ ਆਸ ਧੁਰ ਦੀ
ਝੰਡਾਂ ਸੁਰਗਾਂ ਦੀ ਪੌੜੀ ਦਾ ਮਿਲੂ ਮੈਨੂੰ
ਚਲੇ ਡੰਡੀ ਜਾ ਦਿੱਲੀਓਂ ਅਨੰਦਪੁਰ ਦੀ।’’
ਭਾਈ ਸਦਾ ਨੰਦ ਜੀ ਸ਼ਹੀਦ ਹੋਣ ਤੋਂ ਪਹਿਲਾਂ ਆਪਣੇ ਪੁੱਤਰ ਭਾਈ ਜੈਤਾ ਜੀ ਕੋਲ ਗੁਰੂ ਗੋਬਿੰਦ ਸਿੰਘ ਨੂੰ ਸੁਨੇਹਾ ਵੀ ਭੇਜਦੇ ਹਨ :
‘‘ਮੇਰਾ ਦੇਈਂ ਸੁਨੇਹਾ ਗੋਬਿੰਦ ਤਾਈਂ
ਦਾਅਵੇ ਜ਼ੁਲਮ ਦੇ ਕਦੋਂ ਤੱਕ ਜਰੀ ਜਾਣੇ
ਹੱਥ ਤੇਗ਼ ਦੇ ਮੁੱਠੇ ਨੂੰ ਪਾਉਣ ਖ਼ਾਤਰ
ਇਹਦੀ ਭੇਟ ਸਿਰ ਕਿੰਨੇ ਕੁ ਕਰੀ ਜਾਣੇ।’’
ਭਾਈ ਜੈਤਾ ਜੀ ਦਿੱਲੀ ਤੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪਵਿੱਤਰ ਸੀਸ ਲੈ ਕੇ ਅਨੰਦਪੁਰ ਸਾਹਿਬ ਨੂੰ ਚੱਲ ਪਏ। ਉਹ ਹਨੇਰੀਆਂ ਰਾਤਾਂ ਵਿਚ 322 ਕਿਲੋਮੀਟਰ ਦਾ ਸਫ਼ਰ ਤਹਿ ਕਰਕੇ 16 ਨਵੰਬਰ 1675 ਨੂੰ ਸ੍ਰੀ ਅਨੰਦਪੁਰ ਸਾਹਿਬ ਪਹੁੰਚ ਗਏ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਤੇ ਹਜ਼ਾਰਾਂ ਸੰਗਤਾਂ ਵੱਲੋਂ ਅੰਗੀਠਾ ਤਿਆਰ ਕਰਕੇ ਗੁਰੂ ਸਾਹਿਬ ਦੇ ਪਵਿੱਤਰ ਸੀਸ ਦਾ ਸਸਕਾਰ ਕਰ ਦਿੱਤਾ ਗਿਆ। ਇਥੇ ਭਾਈ ਜੈਤਾ ਜੀ ਦੀ ਲਾਸਾਨੀ ਕੁਰਬਾਨੀ ਤੋਂ ਖੁਸ਼ ਹੋ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਉਨ੍ਹਾਂ ਨੂੰ ਘੁੱਟ ਕੇ ਹਿੱਕ ਨਾਲ ਲਾ ਲਿਆ ਅਤੇ ਇਹ ਸ਼ਬਦ ਉਚਾਰੇ :
‘‘ਧੰਨ ਜੈਤੇ ਸਿੱਖਾ ਤੂੰ ਰਾਖੀ ਸਿੱਖੀ
ਖੰਡਿਓਂ ਤਿੱਖੀ ਵਾਲੋਂ ਨਿੱਕੀ
ਤੁਮ ਰੰਘਰੇਟੇ
ਗੁਰੂ ਕੇ ਬੇਟੇ,
ਰਹੋ ਪੰਥ ਕੇ ਸੰਗ ਅਮੇਟੇ।’’
ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉਹਨਾਂ ਨੂੰ ਗੁਰੂ ਕੇ ਬੇਟੇ ਦਾ ਖ਼ਿਤਾਬ ਦੇ ਦਿੱਤਾ ਸੀ। ਜਦ 30 ਮਾਰਚ 1699 ਦੀ ਵਿਸਾਖੀ ਵਾਲੇ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਖਾਲਸਾ ਪੰਥ ਦੀ ਸਾਜਨਾ ਕੀਤੀ ਗਈ ਤਾਂ ਭਾਈ ਜੈਤਾ ਜੀ ਵੀ ਗੁਰੂ ਸਾਹਿਬ ਜੀ ਦੇ ਪਵਿੱਤਰ ਕਰ ਕਮਲਾਂ ਦੁਆਰਾ ਅੰਮ੍ਰਿਤ ਛੱਕ ਕੇ ਭਾਈ ਜੀਵਨ ਸਿੰਘ ਬਣ ਗਏ ਤੇ ਉਹ ਛੇਤੀ ਹੀ ਜੰਗਾਂ ਦੇ ਜਰਨੈਲ ਬਣ ਕੇ ਉਭਰੇ। ਗੁਰੂ ਸਾਹਿਬ ਵੱਲੋਂ ਲੜੇ ਗਏ ਹੇਠ ਲਿਖੇ ਧਰਮ ਯੁੱਧਾਂ ਵਿੱਚ ਉਹਨਾਂ ਨੇ ਵੱਧ ਚੜ੍ਹਕੇ ਭਾਗ ਲਿਆ :
1. ਭੰਗਾਣੀ ਦਾ ਯੁੱਧ – 18 ਸਤੰਬਰ 1688 ਈ:
2. ਨਦੌਣ ਦਾ ਯੁੱਧ – 20 ਮਾਰਚ 1691 ਈ:
3. ਅਨੰਦਪੁਰ ਸਾਹਿਬ ’ਤੇ ਅਚਾਨਕ ਹਮਲੇ ਦਾ ਯੁੱਧ – 24 ਦਸੰਬਰ 1691 ਈ:
4. ਬਜਰੂੜ ਦਾ ਯੁੱਧ – 20 ਮਾਰਚ 1696 ਈ:
5. ਸ੍ਰੀ ਅਨੰਦਪੁਰ ਸਾਹਿਬ ਦਾ ਪਹਿਲਾ ਯੁੱਧ – 31 ਅਗਸਤ 1700 ਈ:
6. ਨਿਰਮੋਹਗੜ੍ਹ ਦਾ ਯੁੱਧ – 8 ਅਕਤੂਬਰ 1700 ਈ:
7. ਬਸਾਲੀ-ਕਲਮੋਟ ਦਾ ਯੁੱਧ – 20 ਅਕਤੂਬਰ 1700 ਈ:
8. ਚਮਕੌਰ ਸਾਹਿਬ ਦੇ ਨੇੜੇ ਅਚਾਨਕ ਹਮਲਾ – 8 ਦਸੰਬਰ 1702 ਈ:
9. ਬੱਸੀ ਕਲਾਂ ਦੇ ਕੋਤਵਾਲ ਜਬਰ ਜੰਗ ਖਾਂ ਕੋਲੋਂ ਬ੍ਰਾਹਮਣ ਬੀਬੀ ਛੁਡਾਉਣੀ – ਮਾਰਚ 1702 ਈ:
10. ਸ੍ਰੀ ਅਨੰਦਪੁਰ ਸਾਹਿਬ ਦਾ ਦੂਜਾ ਯੁੱਧ – 2 ਦਸੰਬਰ 1703 ਈ:
11. ਸ੍ਰੀ ਅਨੰਦਪੁਰ ਸਾਹਿਬ ਦਾ ਤੀਜਾ ਯੁੱਧ – ਮਾਰਚ 1704 ਈ:
12. ਸ੍ਰੀ ਅਨੰਦਪੁਰ ਸਾਹਿਬ ਦਾ ਚੌਥਾ ਯੁੱਧ – 15 ਮਾਰਚ 1704 ਤੋਂ 18 ਦਸੰਬਰ 1704 ਈ: ਤੱਕ।
ਸ੍ਰੀ ਅਨੰਦਪੁਰ ਸਾਹਿਬ ਦੀ ਚੌਥੀ ਜੰਗ ਸਮੇਂ ਪਏ ¦ਬੇ ਘੇਰੇ ਤੋਂ ਬਾਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ 19-20 ਦਸੰਬਰ 1704 ਦੀ ਰਾਤ ਨੂੰ ਕਿਲ੍ਹਾ ਖਾਲੀ ਕਰਨਾ ਪਿਆ। 20 ਦਸੰਬਰ ਨੂੰ ਗੁਰੂ ਸਾਹਿਬ ਸਰਸਾ ਨਦੀ ਦੇ ਕੰਢੇ ਪਹੁੰਚ ਗਏ। ਅਗਾਂਹ ਸਰਸਾ ਨਦੀ ਵਿੱਚ ਹੜ੍ਹ ਆਇਆ ਹੋਇਆ ਸੀ। ਇਥੇ ਮੁਗਲ ਫੌਜਾਂ ਨਾਲ ਘਮਸਾਨ ਦਾ ਯੁੱਧ ਸ਼ੁਰੂ ਹੋ ਗਿਆ। ਇਸ ਯੁੱਧ ਵਿਚ ਸਾਹਿਬਜ਼ਾਦਾ ਅਜੀਤ ਸਿੰਘ ਜੀ ਜਖ਼ਮੀ ਹੋ ਗਿਆ ਅਤੇ ਬਾਬਾ ਜੀਵਨ ਸਿੰਘ ਦੇ ਮਾਤਾ ਜੀ ਬੇਬੇ ਪ੍ਰੇਮੋ ਤੇ ਉਹਨਾਂ ਦੇ ਦੋ ਸਪੁੱਤਰ ਭਾੲਂੀ ਗੁਲਜ਼ਾਰ ਸਿੰਘ ਜੀ ਤੇ ਭਾਈ ਗੁਰਦਿਆਲ ਸਿੰਘ ਜੀ ਸ਼ਹੀਦ ਹੋ ਗਏ। ਇਸ ਯੁੱਧ ਸਮੇਂ ਅਨੇਕਾਂ ਸਿੰਘ, ਸਿੰਘਣੀਆਂ ਤੇ ਬੱਚੇ ਸਰਸਾ ਨਦੀ ਰੁੜ੍ਹ ਗਏ ਤੇ ਗੁਰੂ ਸਾਹਿਬ ਦੇ ਪ੍ਰਵਾਰ ਦਾ ਵਿਛੋੜਾ ਪੈ ਗਿਆ।
ਗੁਰੂ ਸਾਹਿਬ ਇਸ ਘੇਰੇ ਵਿਚੋਂ ਬਚ ਕੇ ਆਪਣੇ ਥੋੜੇ ਜਿਹੇ ਸਿੰਘਾਂ ਸਮੇਤ 21 ਦਸੰਬਰ ਨੂੰ ਚਮਕੌਰ ਪਿੰਡ ਵਿਚ ਚਮਕੌਰੇ ਜੱਟ ਦੀ ਕੱਚੀ ਹਵੇਲੀ ਵਿੱਚ ਪਹੁੰਚ ਗਏ। ਜਿਥੇ ਸ਼ਾਮ ਤੱਕ ਇਸ ਹਵੇਲੀ ਨੂੰ ਦਸ ਲੱਖ ਮੁਗਲ ਫੌਜ਼ਾਂ ਵੱਲੋਂ ਘੇਰਾ ਪਾ ਲਿਆ ਗਿਆ ਤੇ ਇਥੇ ਫਿਰ ਸ਼ੁਰੂ ਹੋਇਆ ਇਤਿਹਾਸ ਦਾ ਇੱਕ ਅਨੋਖਾ ਤੇ ਅਣਸਾਵਾਂ ਯੁੱਧ। ਇੱਕ ਪਾਸੇ ਦਸ ਲੱਖ ਫੌਜ ਤੇ ਦੂਜੇ ਪਾਸੇ ਗੁਰੂ ਸਾਹਿਬ ਨਾਲ ਚਾਲੀ ਕੁ ਸਿਰਲੱਥ ਸਿੰਘ। ਇਥੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ ਤੇ 27 ਸਿੰਘ ਸ਼ਹੀਦ ਹੋ ਗਏ। ਇਥੇ ਸੰਗਤ ਦੇ ਫੈਸਲੇ ਅਨੁਸਾਰ ਗੁਰੂ ਸਾਹਿਬ ਨੇ ਭਾਈ ਜੀਵਨ ਸਿੰਘ ਜੀ ਨੂੰ ਆਪਣੀ ਕਲਗ਼ੀ ਅਤੇ ਪੁਸ਼ਾਕਾਂ ਪਹਿਨਾਕੇ 22 ਦਸੰਬਰ ਨੂੰ ਤਾੜੀ ਵਜਾਕੇ ਗੜ੍ਹੀ ਛੱਡ ਗਏ ਤੇ ਸਿੰਘ ਸਾਰੀ ਰਾਤ ਨਗਾਰਾ ਵਜਾਉਂਦੇ ਰਹੇ ਤੇ ਜੈਕਾਰੇ ਛੱਡਦੇ ਰਹੇ। 23 ਦਸੰਬਰ 1704 ਈ: ਨੂੰ ਬਾਬਾ ਜੀਵਨ ਸਿੰਘ ਜੀ ਸਮੇਤ ਬਾਕੀ ਬਚੇ ਸੱਤ ਸਿੰਘ ਜੈਕਾਰੇ ਛੱਡਦੇ ਹੋਏ ਗੜ੍ਹੀ ’ਚੋਂ ਖੁਲ੍ਹੇ ਮੈਦਾਨ ਵਿੱਚ ਆ ਗਏ। ਜਿਥੇ ਉਹ ਟਿੱਡੀ ਦਲ ਦਾ ਮੁਕਾਬਲਾ ਕਰਦੇ ਹੋਏ ਸ਼ਹੀਦੀ ਪਾ ਗਏ। ਇਸ ਜੰਗ ਵਿਚ ਬਾਬਾ ਜੀਵਨ ਸਿੰਘ ਦੇ ਦੋ ਸਪੁੱਤਰ ਭਾਈ ਸੁੱਖਾ ਸਿੰਘ ਜੀ ਅਤੇ ਭਾਈ ਸੇਵਾ ਸਿੰਘ ਜੀ ਵੀ ਸ਼ਹੀਦ ਹੋ ਗਏ। ਬਾਬਾ ਜੀਵਨ ਸਿੰਘ ਜੀ ਦੀ ਲਾਸਾਨੀ ਕੁਰਬਾਨੀ ਬਾਰੇ ਕਵੀ ਕੰਕਣ ਨੇ ਦਸ ਗੁਰੂ ਕਥਾ ਵਿਚ ਲਿਖਿਆ ਹੈ :
‘‘ਅੰਤ ਇਕੱਲਾ ਗੜ੍ਹ ਮੇਂ ਬੰਦੂਕੀ ਪ੍ਰਬੀਨ।
ਜੀਵਨ ਸਿੰਘ ਰੰਘਰੇਟੇ ਜੋ ਜੂਝ ਗਇਓ ਸੰਗਦੀਨ
ਵਜੀਦਾ ਅਤਿ ਪ੍ਰਸ਼ੰਨ ਭਯੋ ਲੀਉ ਮਾਰ ਗੋਬਿੰਦ
ਦਿੱਲੀ ਧਾਇਉ ਸੀਸ ਲੈ ਖੁਸੀ ਕਰਨ ਨਾਰਿੰਦ।’’
ਬਾਬਾ ਜੀਵਨ ਸਿੰਘ ਜੀ ਗੁਰੂ ਸਾਹਿਬ ਦੀ ਪ੍ਰੰਪਰਾ ’ਤੇ ਚੱਲਦੇ ਹੋਏ ਸਿੱਖੀ ਖਾਤਰ ਆਪਣੇ ਪਿਤਾ, ਮਾਤਾ, ਚਾਰ ਪੁੱਤਰ ਅਤੇ ਅਖ਼ੀਰ ਆਪ ਵੀ ਆਪਣੇ ਆਪ ਨੂੰ ਸਿੱਖ ਕੌਮ ਦੇ ਲੇਖੇ ਲਾ ਗਏ।
– ਪ੍ਰਿਤਪਾਲ ਕੌਰ ਉਦਾਸੀ