ਅਮ੍ਰਿਤ ਵੇਲੇ ਦਾ ਹੁਕਮਨਾਮਾ – 13 ਦਸੰਬਰ 2024
ਅੰਗ : 654
ਰਾਗੁ ਸੋਰਠਿ ਬਾਣੀ ਭਗਤ ਕਬੀਰ ਜੀ ਕੀ ਘਰੁ ੧ ਜਬ ਜਰੀਐ ਤਬ ਹੋਇ ਭਸਮ ਤਨੁ ਰਹੈ ਕਿਰਮ ਦਲ ਖਾਈ ॥ ਕਾਚੀ ਗਾਗਰਿ ਨੀਰੁ ਪਰਤੁ ਹੈ ਇਆ ਤਨ ਕੀ ਇਹੈ ਬਡਾਈ ॥੧॥ ਕਾਹੇ ਭਈਆ ਫਿਰਤੌ ਫੂਲਿਆ ਫੂਲਿਆ ॥ ਜਬ ਦਸ ਮਾਸ ਉਰਧ ਮੁਖ ਰਹਤਾ ਸੋ ਦਿਨੁ ਕੈਸੇ ਭੂਲਿਆ ॥੧॥ ਰਹਾਉ ॥ ਜਿਉ ਮਧੁ ਮਾਖੀ ਤਿਉ ਸਠੋਰਿ ਰਸੁ ਜੋਰਿ ਜੋਰਿ ਧਨੁ ਕੀਆ ॥ ਮਰਤੀ ਬਾਰ ਲੇਹੁ ਲੇਹੁ ਕਰੀਐ ਭੂਤੁ ਰਹਨ ਕਿਉ ਦੀਆ ॥੨॥ ਦੇਹੁਰੀ ਲਉ ਬਰੀ ਨਾਰਿ ਸੰਗਿ ਭਈ ਆਗੈ ਸਜਨ ਸੁਹੇਲਾ ॥ ਮਰਘਟ ਲਉ ਸਭੁ ਲੋਗੁ ਕੁਟੰਬੁ ਭਇਓ ਆਗੈ ਹੰਸੁ ਅਕੇਲਾ ॥੩॥ ਕਹਤੁ ਕਬੀਰ ਸੁਨਹੁ ਰੇ ਪ੍ਰਾਨੀ ਪਰੇ ਕਾਲ ਗ੍ਰਸ ਕੂਆ ॥ ਝੂਠੀ ਮਾਇਆ ਆਪੁ ਬੰਧਾਇਆ ਜਿਉ ਨਲਨੀ ਭ੍ਰਮਿ ਸੂਆ ॥੪॥੨॥
ਅਰਥ: ਰਾਗ ਸੋਰਠਿ, ਘਰ ੧ ਵਿੱਚ ਭਗਤ ਕਬੀਰ ਜੀ ਦੀ ਬਾਣੀ। (ਮਰਨ ਪਿਛੋਂ) ਜੇ ਸਰੀਰ (ਚਿਖਾ ਵਿਚ) ਸਾੜਿਆ ਜਾਏ ਤਾਂ ਇਹ ਸੁਆਹ ਹੋ ਜਾਂਦਾ ਹੈ, ਜੇ (ਕਬਰ ਵਿਚ) ਟਿਕਿਆ ਰਹੇ ਤਾਂ ਕੀੜਿਆਂ ਦਾ ਦਲ ਇਸ ਨੂੰ ਖਾ ਜਾਂਦਾ ਹੈ। (ਜਿਵੇਂ) ਕੱਚੇ ਘੜੇ ਵਿਚ ਪਾਣੀ ਪੈਂਦਾ ਹੈ (ਤੇ ਘੜਾ ਗਲ ਕੇ ਪਾਣੀ ਬਾਹਰ ਨਿਕਲ ਜਾਂਦਾ ਹੈ ਤਿਵੇਂ ਸੁਆਸ ਮੁੱਕ ਜਾਣ ਤੇ ਸਰੀਰ ਵਿਚੋਂ ਭੀ ਜਿੰਦ ਨਿਕਲ ਜਾਂਦੀ ਹੈ, ਸੋ,) ਇਸ ਸਰੀਰ ਦਾ ਇਤਨਾ ਕੁ ਹੀ ਮਾਣ ਹੈ (ਜਿਤਨਾ ਕੱਚੇ ਘੜੇ ਦਾ) ॥੧॥ ਹੇ ਭਾਈ! ਤੂੰ ਕਿਸ ਗੱਲੇ ਹੰਕਾਰ ਵਿਚ ਆਫਰਿਆ ਫਿਰਦਾ ਹੈਂ ? ਤੈਨੂੰ ਉਹ ਸਮਾ ਕਿਉਂ ਭੁਲ ਗਿਆ ਹੈ ਜਦੋਂ ਤੂੰ (ਮਾਂ ਦੇ ਪੇਟ ਵਿਚ) ਦਸ ਮਹੀਨੇ ਉਲਟਾ ਟਿਕਿਆ ਰਿਹਾ ਸੈਂ ? ॥੧॥ ਰਹਾਉ ॥ ਜਿਵੇਂ ਮੱਖੀ (ਫੁੱਲਾਂ ਦਾ) ਰਸ ਜੋੜ ਜੋੜ ਕੇ ਸ਼ਹਿਦ ਇਕੱਠਾ ਕਰਦੀ ਹੈ, ਤਿਵੇਂ ਮੂਰਖ ਬੰਦੇ ਨੇ ਸਰਫ਼ੇ ਕਰ ਕਰ ਕੇ ਧਨ ਜੋੜਿਆ (ਪਰ ਆਖ਼ਰ ਉਹ ਬਿਗਾਨਾ ਹੀ ਹੋ ਗਿਆ)। ਮੌਤ ਆਈ, ਤਾਂ ਸਭ ਇਹੀ ਆਖਦੇ ਹਨ – ਲੈ ਚੱਲੋ, ਲੈ ਚੱਲੋ, ਹੁਣ ਇਹ ਬੀਤ ਚੁਕਿਆ ਹੈ, ਬਹੁਤਾ ਚਿਰ ਘਰ ਰੱਖਣ ਦਾ ਕੋਈ ਲਾਭ ਨਹੀਂ ॥੨॥ ਘਰ ਦੀ (ਬਾਹਰਲੀ) ਦਲੀਜ਼ ਤਕ ਵਹੁਟੀ (ਉਸ ਮੁਰਦੇ ਦੇ) ਨਾਲ ਜਾਂਦੀ ਹੈ, ਅਗਾਂਹ ਸੱਜਣ ਮਿੱਤਰ ਚੁੱਕ ਲੈਂਦੇ ਹਨ, ਮਸਾਣਾਂ ਤਕ ਪਰਵਾਰ ਦੇ ਬੰਦੇ ਤੇ ਹੋਰ ਲੋਕ ਜਾਂਦੇ ਹਨ, ਪਰ ਪਰਲੋਕ ਵਿਚ ਤਾਂ ਜੀਵ-ਆਤਮਾ ਇਕੱਲਾ ਹੀ ਜਾਂਦਾ ਹੈ ॥੩॥ ਕਬੀਰ ਜੀ ਆਖਦੇ ਹਨ – ਹੇ ਬੰਦੇ! ਸੁਣ, ਤੂੰ ਉਸ ਖੂਹ ਵਿਚ ਡਿੱਗਾ ਪਿਆ ਹੈਂ ਜਿਸ ਨੂੰ ਮੌਤ ਨੇ ਘੇਰਿਆ ਹੋਇਆ ਹੈ (ਭਾਵ, ਮੌਤ ਅਵੱਸ਼ ਆਉਂਦੀ ਹੈ)। ਪਰ, ਤੂੰ ਆਪਣੇ ਆਪ ਨੂੰ ਇਸ ਮਾਇਆ ਨਾਲ ਬੰਨ੍ਹ ਰੱਖਿਆ ਹੈ ਜਿਸ ਨਾਲ ਸਾਥ ਨਹੀਂ ਨਿਭਣਾ, ਜਿਵੇਂ ਤੋਤਾ ਮੌਤ ਦੇ ਡਰ ਤੋਂ ਆਪਣੇ ਆਪ ਨੂੰ ਨਲਨੀ ਨਾਲ ਚੰਬੋੜ ਰੱਖਦਾ ਹੈ (ਨੋਟ: ਨਲਨੀ ਨਾਲ ਚੰਬੜਨਾ ਤੋਤੇ ਦੀ ਫਾਹੀ ਦਾ ਕਾਰਨ ਬਣਦਾ ਹੈ, ਮਾਇਆ ਨਾਲ ਚੰਬੜੇ ਰਹਿਣਾ ਮਨੁੱਖ ਦੀ ਆਤਮਕ ਮੌਤ ਦਾ ਕਾਰਨ ਬਣਦਾ ਹੈ) ॥੪॥੨॥