ਅਮ੍ਰਿਤ ਵੇਲੇ ਦਾ ਹੁਕਮਨਾਮਾ – 24 ਅਕਤੂਬਰ 2024
ਅੰਗ : 556
ਸਲੋਕ ਮ: ੩ ॥ ਸਭੁ ਕਿਛੁ ਹੁਕਮੇ ਆਵਦਾ ਸਭੁ ਕਿਛੁ ਹੁਕਮੇ ਜਾਇ ॥ ਜੇ ਕੋ ਮੂਰਖੁ ਆਪਹੁ ਜਾਣੈ ਅੰਧਾ ਅੰਧੁ ਕਮਾਇ ॥ ਨਾਨਕ ਹੁਕਮੁ ਕੋ ਗੁਰਮੁਖਿ ਬੁਝੈ ਜਿਸ ਨੋ ਕਿਰਪਾ ਕਰੇ ਰਜਾਇ ॥੧॥ਮ: ੩ ॥ ਸੋ ਜੋਗੀ ਜੁਗਤਿ ਸੋ ਪਾਏ ਜਿਸ ਨੋ ਗੁਰਮੁਖਿ ਨਾਮੁ ਪਰਾਪਤਿ ਹੋਇ ॥ ਤਿਸੁ ਜੋਗੀ ਕੀ ਨਗਰੀ ਸਭੁ ਕੋ ਵਸੈ ਭੇਖੀ ਜੋਗੁ ਨ ਹੋਇ ॥ ਨਾਨਕ ਐਸਾ ਵਿਰਲਾ ਕੋ ਜੋਗੀ ਜਿਸੁ ਘਟਿ ਪਰਗਟੁ ਹੋਇ ॥੨॥
ਅਰਥ: ਹਰੇਕ ਚੀਜ਼ ਪ੍ਰਭੂ ਦੇ ਹੁਕਮ ਵਿਚ ਹੀ ਆਉਂਦੀ ਹੈ ਤੇ ਹੁਕਮ ਵਿਚ ਹੀ ਚਲੀ ਜਾਂਦੀ ਹੈ।ਜੇ ਕੋਈ ਮੂਰਖ ਆਪਣੇ ਆਪ ਨੂੰ (ਵੱਡਾ) ਸਮਝ ਲੈਂਦਾ ਹੈ (ਤਾਂ ਸਮਝੋ) ਉਹ ਅੰਨ੍ਹਾ ਅੰਨ੍ਹਿਆਂ ਵਾਲਾ ਕੰਮ ਕਰਦਾ ਹੈ। ਹੇ ਨਾਨਕ! ਜਿਸ ਮਨੁੱਖ ਤੇ ਆਪਣੀ ਰਜ਼ਾ ਵਿਚ ਪ੍ਰਭੂ ਕਿਰਪਾ ਕਰਦਾ ਹੈ, ਉਹ ਕੋਈ ਵਿਰਲਾ ਗੁਰਮੁਖ ਹੁਕਮ ਦੀ ਪਛਾਣ ਕਰਦਾ ਹੈ ॥੧॥ ਜਿਸ ਮਨੁੱਖ ਨੂੰ ਸਤਿਗੁਰੂ ਦੇ ਸਨਮੁਖ ਹੋ ਕੇ ਨਾਮ ਦੀ ਪ੍ਰਾਪਤੀ ਹੁੰਦੀ ਹੈ, (ਸਮਝੋ) ਉਹ ਸੱਚਾ ਜੋਗੀ ਹੈ, ਜਿਸ ਨੂੰ ਜੋਗ ਦੀ ਜਾਚ ਆਈ ਹੈ। ਐਸੇ ਜੋਗੀ ਦੇ ਸਰੀਰ (ਰੂਪ) ਨਗਰ ਵਿਚ ਹਰੇਕ (ਗੁਣ) ਵੱਸਦਾ ਹੈ ਪਰ ਸਿਰਫ਼ ਭੇਖ ਕਰ ਕੇ ਜੋਗੀ ਬਨਣ ਵਾਲਾ ਪ੍ਰਭੂ-ਮੇਲ ਨਹੀਂ ਕਰ ਸਕਦਾ। ਹੇ ਨਾਨਕ! ਜਿਸ ਦੇ ਹਿਰਦੇ ਵਿਚ ਪ੍ਰਭੂ ਪ੍ਰਤੱਖ ਹੋ ਜਾਂਦਾ ਹੈ, ਇਹੋ ਜਿਹਾ ਕੋਈ ਵਿਰਲਾ ਜੋਗੀ ਹੁੰਦਾ ਹੈ ॥੨॥
Waheguru Ji🙏