ਤਬ ਚਾਹੈਂ ਸਿੰਘ ਕੰਧ ਬਣਾਈ ਅੜਨੋਂ ਲੜਨੋਂ ਮਰਨੋਂ ਵਾਈ (ਭਾਗ-2)

“ਭਾਈ ਸਾਹਿਬ ਕ੍ਰਿਪਾ ਕਰਕੇ ਭਾਈ ਮੰਝ ਜੀ ਵਾਲੀ ਸਾਖੀ ਦੁਬਾਰਾ ਸੁਣਾਓ”, ਇਕ ਭੁਝੰਗੀ ਲੱਕੜਾਂ ਦੀ ਪੰਡ ਸੁੱਟਦਾ, ਲਾਂਗਰੀ ਭਾਈ ਹਰੀ ਸਿੰਘ ਨੂੰ ਕਹਿਣ ਲੱਗਾ।
ਉਹਨਾਂ ਲੱਕੜਾਂ ਚੁੱਲ੍ਹੇ ਵਿਚ ਅੱਗੇ ਕਰਦਿਆਂ ਸਾਖੀ ਸ਼ੁਰੂ ਕੀਤੀ, “ਕਹਿੰਦੇ, “ਮਹਾਰਾਜ ਸਿੱਖੀ ਲੋਚਦਾਂ ਜੇ ਮੇਰੀ ਝੋਲੀ ਵੀ ਪਾ ਦਿਓ ਤਾਂ” ਸੁਖਮਨੀ ਦੇ ਦਾਤੇ ਬੋਲੇ, “ਪੁਰਖ਼ਾ, ਸਿੱਖੀ ਤੇ ਸਿੱਖੀ ਨਹੀਂ ਟਿਕਦੀ, ਮਨ ਦੇ ਮੈਦਾਨ ‘ਚੋਂ ਕਬਰਾਂ ਢਾਹ ਕੇ ਆ। ਹੱਥ ਦੋ ਹੀ ਨੇ ਤੇ ਉਹਨਾਂ ਵਿਚ ਤੂੰ ਕੋਈ ਹੋਰ ਪੱਲੇ ਫੜ੍ਹੀ ਬੈਠਾ ਹੈਂ। ਬਾਕੀ ਲੜ੍ਹ ਛੱਡ ਤੇ ਹੱਥ ਖਾਲੀ ਕਰ ਤਾਂ ਹੀ ਅਕਾਲ ਦਾ ਲੜ੍ਹ ਫੜਿਆ ਜਾਏਗਾ।”
ਤੇ ਉਹ ਤੁਰ ਪਏ। ਹੁਣ ਸਿੱਖੀ ਝੋਲੀ ਪਵਾਉਣੀ ਸੀ ਤਾਂ ਪਹਿਲਾਂ ਤੋਂ ਹੀ ਭਰੀ ਹੋਈ ਝੋਲੀ ਖਾਲੀ ਵੀ ਤਾਂ ਕਰਨੀ ਪੈਣੀ ਸੀ। ਇੱਟਾਂ, ਮਿੱਟੀ, ਗਾਰੇ ਦੀਆਂ ਕਬਰਾਂ ਦੇ ਨਾਲ ਨਾਲ ਮਨ ਵਿਚ ਉਸਰੀਆਂ ਕਬਰਾਂ ਵੀ ਢਾਹੀਆਂ। ਗੁਰੂ ਘਰ ਦੀ ਸੇਵਾ ਆਰੰਭ ਕੀਤੀ। ਗੁਰੂ ਕਿਆਂ ਲੰਗਰਾਂ ਲਈ ਸੁਲਤਾਨਵਿੰਡ ਦੇ ਜੰਗਲਾਂ ‘ਚੋਂ ਲੱਕੜਾਂ ਇਕੱਤਰ ਕਰਦੇ ਸਨ।
ਲੱਕੜਾਂ ਦੀ ਪੰਡ ਸਿਰ ‘ਤੇ ਹੈ। ਮੁਸਲਾਧਾਰ ਮੀਂਹ ਤੇ ਝੱਖੜ ਅੱਗੇ ਖਲੋਤਾ ਹੈ। ਸਤਿਗੁਰਾਂ ਦਾ ਧਿਆਨ ਕਰਕੇ ਗੁਰੂ ਕਾ ਸਿੱਖ ਪੰਡ ਨੂੰ ਕਸ ਕੇ ਫੜ੍ਹਦਿਆਂ ਤੂਫਾਨ ਨਾਲ ਮੱਥਾ ਲਾਉਣ ਤੁਰ ਪਿਆ ਹੈ। ਲੰਗਰਾਂ ਦੇ ਕੜਾਹਿਆਂ ਹੇਠ ਕੁਰਬਾਨ ਹੋ ਕੇ ਮੁਕਤ ਹੋ ਜਾਣ ਲਈ ਲੱਕੜਾਂ ਵੀ ਕਾਹਲੀਆਂ ਹਨ, ਹੋਰ ਉਹਨਾਂ ਕੋਲ ਗੁਰੂ ਤੋਂ ਕੁਰਬਾਨ ਕਰਨ ਲਈ ਹੈ ਵੀ ਕੀ, ਆਪਣੇ ਆਪੇ ਤੋਂ ਬਿਨਾ।
“ਸਾਡੀ ਟੇਕ ਤੇਰੇ ’ਤੇ ਹੈ ਗੁਰੂ ਕਿਆ ਸਿੱਖਾ, ਅਸੀਂ ਮੁਕਤ ਹੋਣਾ ਹੈ ਜਾਂ ਅੱਜ ਏਸ ਮੀਂਹ ਵਿਚ ਹੜ੍ਹ ਜਾਣਾ ਹੈ, ਇਹ ਤੇਰੇ ਹੱਥ ਹੈ। ਸਾਨੂੰ ਅੱਜ ਤੇਰੇ ਸਿਦਕ ਦੀ ਲੋੜ ਹੈ। ਮਸਾਂ ਅੱਜ ਸਾਡੀ ਮਿੱਤ ਆਈ ਹੈ ਗੁਰੂ ਕੇ ਲੰਗਰਾਂ ਦੀ ਸੇਵਾ ਲੁੱਟਣ ਦੀ। ਆਸ ਹੈ ਤੂੰ ਸਾਨੂੰ ‘ਮੰਜ਼ਿਲ’ ‘ਤੇ ਜਰੂਰ ਪੁਚਾਏਂਗਾ”, ਪੰਡ ਵਿਚੋਂ ਲੱਕੜਾਂ ਬੋਲ ਰਹੀਆਂ ਸਨ।
“ਸਤਿਗੁਰੂ ਮਿਹਰ ਕਰਨ, ਤੁਸੀਂ ਜਰੂਰ ਪਹੁੰਚੋਗੀਆਂ”, ਭਾਈ ਮੰਝ ਜੀ ਨੇ ਜਵਾਬ ਦਿੱਤਾ।
ਤੇ ਏਨੇ ਨੂੰ ਤੂਫਾਨ ਨੇ ਇਕ ਹੱਲਾ ਕੀਤਾ ਤੇ ਉਹ ਖੂਹ ਵਿਚ ਡਿੱਗ ਪਏ। ਗਲ਼ ਗਲ਼ ਪਾਣੀ, ਸਿਰ ਉੱਤੇ ਪੰਡ।
“ਮੈਨੂੰ ਡਰ ਹੈ ਕਿਤੇ ਤੁਸੀਂ ਗਿੱਲੀਆਂ ਨਾ ਹੋ ਜਾਓ”, ਭਾਈ ਸਾਹਿਬ ਬੋਲੇ।
“ਗਿੱਲੀਆਂ ਸੁੱਕੀਆਂ ਦਾ ਫਿਕਰ ਆਮ ਚੁੱਲਿਆਂ ‘ਚ ਹੁੰਦਾ ਹੈ ਗੁਰੂ ਕਿਆ ਸਿੱਖਾ। ਸਤਿਗੁਰ ਦੇ ਲੰਗਰਾਂ ਦੇ ਚੁੱਲ੍ਹੇ, ਭਉ ਤੇ ਭਾਓ ਨਾਲ ਬਲਦੇ ਨੇ। ‘ਉਸ’ ਦੀਆਂ ਨਜ਼ਰਾਂ ਪਲਾਂ ਵਿਚ ਸੁੱਕਿਆਂ ਨੂੰ ਹਰੇ ਤੇ ਹਰਿਆਂ ਤੇ ਗਿੱਲਿਆਂ ਨੂੰ ਸੁੱਕੇ ਕਰ ਦਿੰਦੀਆਂ ਹਨ।”
ਪਰ ਭਾਈ ਸਾਹਿਬ ਖੂਹ ਦੇ ਪਾਣੀ ਤੋਂ ਲੱਕੜਾਂ ਨੂੰ ਫਿਰ ਵੀ ਬਚਾ ਕੇ ਰੱਖ ਰਹੇ ਹਨ।
“ਝਖੜੁ ਝਾਗੀ ਮੀਹੁ ਵਰਸੈ ਭੀ ਗੁਰੁ ਦੇਖਣ ਜਾਈ ॥
ਸਮੁੰਦੁ ਸਾਗਰੁ ਹੋਵੈ ਬਹੁ ਖਾਰਾ ਗੁਰਸਿਖੁ ਲੰਘਿ ਗੁਰ ਪਹਿ ਜਾਈ ॥
” ਭਾਈ ਮੰਝ ਜੀ ਸ਼ਬਦ ਗਾ ਰਹੇ ਹਨ।
ਉਹਨਾਂ ਨੂੰ ਢੂੰਡਣ ਤੁਰੇ ਕੁਝ ਸਿੱਖਾਂ ਨੂੰ ਉਹਨਾਂ ਦੀ ਆਵਾਜ਼ ਸੁਣਾਈ ਦਿੰਦੀ ਹੈ। ਉਹ ਰੱਸੇ ਦਾ ਪ੍ਰਬੰਧ ਕਰਨ ਜਾਂਦੇ ਹਨ ਤੇ ਗੁਰ ਦਰਬਾਰ ਵਿਚ ਵੀ ਖ਼ਬਰ ਪਹੁੰਚ ਜਾਂਦੀ ਹੈ। ਸਤਿਗੁਰੂ ਆਪ ਸੰਗਤ ਦੇ ਨਾਲ ਆਉਂਦੇ ਹਨ। ਰੱਸਾ ਲਮਕਾਇਆ ਜਾਂਦਾ ਹੈ ਤੇ ਹੇਠਾਂ ਖਲੋਤਾ ਗੁਰੂ ਕਾ ਲਾਲ ਰੱਸੇ ਨਾਲ ਲੱਕੜਾਂ ਬੰਨ੍ਹ ਦਿੰਦਾ ਹੈ। ਦੂਜੀ ਵਾਰ ਰੱਸਾ ਲਮਕਾ ਕੇ ਉਸ ਨੂੰ ਬਾਹਰ ਕੱਢਿਆ ਗਿਆ ਤਾਂ ਉਹ ਬਾਹਰ ਨਿਕਲਦਾ ਹੀ ਗੁਰੂ ਕੇ ਚਰਨਾ ਵਿਚ ਢਹਿ ਪਿਆ,
“ਪਖਾ ਫੇਰੀ ਪਾਣੀ ਢੋਵਾ ਜੋ ਦੇਵਹਿ ਸੋ ਖਾਈ ॥
ਨਾਨਕੁ ਗਰੀਬੁ ਢਹਿ ਪਇਆ ਦੁਆਰੈ ਹਰਿ ਮੇਲਿ ਲੈਹੁ ਵਡਿਆਈ ॥”
ਮੁਆਫੀ ਦਿਓ ਸਤਿਗੁਰੂ, ਲੰਗਰ ਨੂੰ ਮੇਰੇ ਕਰਕੇ ਦੇਰ ਹੋ ਗਈ”, ਅੱਖਾਂ ਵਿਚੋਂ ਨੀਰ ਵਹਾਉਂਦੇ ਹੋਏ ਭਾਈ ਮੰਝ ਜੀ ਬੋਲੇ।
“ਅਸੀਂ ਤੇਰੇ ਤੇ ਤਰੁੱਠੇ ਹਾਂ ਪੁਰਖ਼ਾ”, ਸਤਿਗੁਰਾਂ ਭਾਈ ਮੰਝ ਜੀ ਨੂੰ ਉਠਾਉਂਦਿਆਂ ਕਿਹਾ।
“ਆਪ ਜੀ ਰਹਿਮਤਾਂ ਕਰਨ ਵਾਲੇ ਹੋ”
“ਕੀ ਲੋਚਾ ਹੈ, ਨਿਸੰਗ ਦਸ”, ਮਹਾਰਾਜ ਫੇਰ ਬੋਲੇ।
“ਆਪ ਬਿਹਤਰ ਜਾਣਦੇ ਹੋ ਸਤਿਗੁਰੂ, ਮੰਗ ਅੱਜ ਵੀ ਉਹੋ ਹੈ, ਸਿੱਖੀ ਬਖ਼ਸ਼ ਦਿਓ, ਕਿਨਕੇ ਮਾਤਰ ਹੀ ਬਖ਼ਸ਼ ਦਿਓ”, ਅੱਖਾਂ ਭਰਦਿਆਂ ਭਾਈ ਸਾਹਿਬ ਬੋਲੇ।
“ਸਿੱਖੀ ਬਖ਼ਸ਼ੀ ਨਹੀਂ ਜਾਂਦੀ ਪੁਰਖਾ, ਤੇਰੇ ਜਹੇ ਸਿੱਖ ਸਿੱਖੀ ਕਮਾਉਂਦੇ ਹਨ, ਅੱਜ ਤੂੰ ਸਿੱਖੀ ਕਮਾ ਲਈ ਹੈ।”, ਏਨਾ ਕਹਿੰਦਿਆਂ ਸਤਿਗੁਰੂ ਫੇਰ ਬੋਲੇ,
“ਮੰਝ ਪਿਆਰਾ ਗੁਰੂ ਕੋ ਗੁਰੂ ਮੰਝ ਪਿਆਰਾ।
ਮੰਝ ਗੁਰੂ ਕਾ ਬੋਹਿਥਾ ਜਗ ਲੰਘਣ ਹਾਰਾ।”
ਗੁਰੂ ਦੀ ਨਜ਼ਰ, ਗੁਰੂ ਦੀ ਉਂਗਲ, ਇਸ਼ਾਰਾ, ਜਿਸ ਸਿੱਖ ਵੱਲ ਹੋ ਗਿਆ ਉਸਦੀਆਂ ਕੁਲਾਂ ਤਰ ਗਈਆਂ। ਸੋਚੋ ਕਿੰਨੇ ਕੁ ਸਿੱਖ ਹੋਣਗੇ, ਜਿਹਨਾਂ ਦੇ ਸਤਿਗੁਰਾਂ ਨੇ ਨਾਮ ਲਏ ਹੋਣਗੇ”, ਲਾਂਗਰੀ ਭਾਈ ਹਰੀ ਸਿੰਘ ਸਾਖੀ ਸਮਾਪਤ ਕਰਦਿਆਂ ਬੋਲੇ।
“ਧੰਨ ਧੰਨ ਭਾਈ ਮੰਝ ਜੀ”, ਕਹਿੰਦਾ ਭੁਝੰਗੀ ਲੱਕੜਾਂ ਦੀ ਹੋਰ ਪੰਡ ਲੈਣ ਲਈ ਤੁਰ ਪਿਆ।
ਸਿੰਘਾਂ ਨੇ ਕਿਲ੍ਹੇ ਦੇ ਚਾਰ ਵੱਡੇ ਬੁਰਜ ਉਸਾਰ ਲਏ। ਇਕ ਵੱਡਾ ਮੁੱਖ ਦਰਵਾਜ਼ਾ ਹੈ ਤੇ ਕੁਝ ਛੋਟੇ ਗੁਪਤ ਦਰਵਾਜ਼ੇ ਵੀ ਰੱਖੇ ਗਏ ਹਨ। ਕਿਲ੍ਹੇ ਦੇ ਬਾਹਰ ਇਕ ਵੱਡੀ ਖਾਈ ਵੀ ਬਣਾਈ ਗਈ, ਜਿਸ ਵਿਚ ਪਾਣੀ ਭਰਿਆ ਗਿਆ। ਬਾਹਰ ਬਣਾਈ ਗਈ ਇਸੇ ਰੌਣੀ ਜਾਂ ਖਾਈ ਕਰਕੇ ਹੀ ਇਸ ਕਿਲ੍ਹੇ ਦਾ ਨਾਮ ਰਾਮਰੌਣੀ ਪਿਆ। ਇਹੀ ਉਹ ਥਾਂ ਹੈ, ਜਿੱਥੇ ਸਿੰਘਾਂ ਨੇ ਜੂਝ ਕੇ ਸ਼ਹੀਦ ਹੋਣ ਦਾ ਟੀਚਾ ਮਿੱਥਿਆ ਹੈ। ਬਾਹਰੋਂ ਆਉਣ ਵਾਲੇ ਸਿੰਘਾਂ ਨੂੰ ਜੋ ਕੁਝ ਵੀ ਮਿਲਿਆ ਉਹ ਕਿਲ੍ਹੇ ਵਿਚ ਲਿਆ ਕੇ ਪੰਥ ਦੇ ਭੇਟ ਕਰ ਰਹੇ ਹਨ। ਦਿਨ ਰਾਤ ਇਕ ਕਰਕੇ ਸਿੰਘਾਂ ਨੇ ਰਾਮਰੌਣੀ ਕਿਲ੍ਹਾ ਉਸਾਰ ਲਿਆ ਹੈ। ਪੰਜ ਕੁ ਸੌ ਸਿੰਘਾਂ ਦੇ ਰੁਕਣ ਦੀ ਥਾਂ ਹੈ ਕਿਲ੍ਹੇ ਵਿਚ। ਬੁਰਜਾਂ ਵਿਚ ਬੈਠੇ ਸਿੰਘਾਂ ਨੇ ਜੈਕਾਰੇ ਗਜਾਏ, ਮੁਗਲਾਂ ਦੇ ਸ਼ਾਹੀ ਕਿਲ੍ਹਿਆਂ ਦੀਆਂ ਕੰਧਾਂ ਕੰਬਣ ਲੱਗੀਆਂ।
ਸਿੰਘਾਂ ਵੱਲੋਂ ਉਸਾਰੇ ਜਾ ਰਹੇ ਕਿਲ੍ਹੇ ਦੀ ਸੂਹ ਕਿਉਂਕਿ ਲਾਹੌਰ ਦੀਆਂ ਗਲ਼ੀਆਂ ਤੱਕ ਵੀ ਪੁੱਜ ਗਈ ਸੀ, ਸੋ ਸਾਰੇ ਸਿੰਘ ਮੁਕਾਬਲੇ ਲਈ ਆਪੋ ਆਪਣੇ ਮੋਰਚੇ ਮੱਲ ਕੇ ਬੈਠ ਗਏ ਹਨ। ਸਭ ਨੇ ਸ਼ਹਾਦਤ ਪਾਉਣ ਦਾ ਪ੍ਰਣ ਕਰ ਲਿਆ ਹੈ।
“ਸਿੰਘਾਂ ਨੇ ਰਾਮਸਰ ਕੋਲ ਕਿਲ੍ਹਾ ਉਸਾਰ ਲਿਆ ਹੈ ਹਜ਼ੂਰ”, ਇਕ ਸੂਹੀਏ ਨੇ ਮੀਰ ਮੰਨੂੰ ਨੂੰ ਜਾ ਦੱਸਿਆ।
“ਕਿਲ੍ਹਾ ਕਾਹਦਾ ਚਾਰ ਕੱਚੀਆਂ ਕੰਧਾਂ ਕੱਢੀਆਂ ਨੇ ਹਜੂਰ ਆਪਣੇ ਰਹਿਣ ਲਈ”, ਦੀਵਾਨ ਕੌੜਾ ਮੱਲ ਨੇ ਮੌਕਾ ਸੰਭਾਲਿਆ।
“ਪਰ ਜਿਹਨਾਂ ਨੇ ਜੰਗਲਾਂ ਵਿਚ ਰਹਿੰਦਿਆਂ ਹਕੂਮਤ ਦੇ ਨੱਕ ਵਿਚ ਦਮ ਕਰੀ ਰੱਖਿਆ ਹੈ, ਹੁਣ ਜਦ ਬਾਹਰ ਆ ਗਏ ਹਨ ਤਾਂ ਭਲੀ ਨਹੀਂ ਗੁਜਾਰਨਗੇ। ਰਾਜ ਕੋਲ ਹੈ ਨਹੀਂ ਕੋਈ ਤੇ ਕਿਲ੍ਹੇ ਉਸਾਰ ਰਹੇ ਹਨ। ਅਸੀਂ ਕਦ ਇਹ ਬਰਦਾਸ਼ਤ ਕਰਾਂਗੇ ਕਿ ਸਾਡੀ ਸਲਤਨਤ ਵਿਚ ਸਾਡੀਆਂ ਹੱਦਾਂ ਵਿਚ ਕੋਈ ਹੋਰ ਕਿਲ੍ਹਾ ਉਸਾਰ ਲਵੇ”
ਹੁਣ ਮੀਰ ਮੰਨੂੰ ਇਹ ਕਿੱਥੋਂ ਜਾਣੇ ਕਿ ਸਿੰਘ ਤਾਂ ਜੰਮੇ ਹੀ ਬਾਦਸ਼ਾਹ ਹਨ। ਉਹ ਤਾਂ ਘੋੜਿਆਂ ‘ਤੇ ਬੈਠੇ ਵੀ ‘ਪਾਤਸ਼ਾਹ’ ਹੀ ਹਨ।
“ਪਰ ਜਦ ਕੋਈ ਬਗਾਵਤ ਕਰਨਗੇ ਤਾਂ ਦੇਖ ਲਵਾਂਗੇ ਸੂਬੇਦਾਰ ਸਾਹਬ।
ਐਵੇਂ ਕਿਉਂ ਬੈਠਿਆਂ ਨੂੰ ਛੇੜਣਾ”, ਦੀਵਾਨ ਸਾਹਬ ਨੇ ਗੱਲ ਫੇਰ ਦੱਬਣੀ ਚਾਹੀ।
“ਨਹੀਂ ਨਹੀਂ, ਅਦੀਨਾ ਬੇਗ ਨੂੰ ਬੁਲਾਵਾ ਭੇਜੋ ਤੇ ਫੌਜ ਤਿਆਰ ਕਰੋ ਤੁਰੰਤ” ਮੀਰ ਮੰਨੂੰ ਨੇ ਅਦੀਨਾ ਬੇਗ ਦੀ ਅਗਵਾਈ ਵਿਚ ਸਦੀਕ ਅਲੀ ਤੇ ਦੀਵਾਨ ਕੌੜਾ ਮੱਲ ਨੂੰ ਅੰਮ੍ਰਿਤਸਰ ਵੱਲ ਕਿਲ੍ਹੇ ਨੂੰ ਘੇਰਾ ਪਾਉਣ ਲਈ ਤੋਰਿਆ। ਕੁਝ ਪਹਾੜੀ ਰਾਜਿਆਂ ਨੂੰ ਵੀ ਮਦਦ ਲਈ ਬੁਲਾ ਲਿਆ ਗਿਆ।
ਦੁਆਬੇ ਦੇ ਸੂਬੇਦਾਰ ਅਦੀਨਾ ਬੇਗ ਨੇ ਸੋਚਿਆ ਕਿ ਹਮਲਾ ਕਰਨ ਤੋਂ ਪਹਿਲਾਂ ਕਿਉਂ ਨਾ ਸਿੰਘਾਂ ਨਾਲ ਗੱਲਬਾਤ ਕਰਕੇ ਦੇਖੀ ਜਾਏ। ਇਕ ਤਾਂ ਉਹ ਸਿਰਲੱਥ ਸਿੰਘਾਂ ਦੀ ਬਹਾਦਰੀ ਤੋਂ ਭਲੀ ਭਾਤ ਜਾਣੂ ਸੀ ਤੇ ਦੂਜਾ ਉਹ ਬਿਨਾ ਜੰਗ ਦੇ ਹੱਲ ਨਿਕਲ ਜਾਣ ਵਿਚ ਦੋਹਾਂ ਧਿਰਾਂ ਦੀ ਭਲਾਈ ਮੰਨਦਾ ਸੀ। ਉਸ ਨੇ ਸੁਨੇਹਾਂ ਦੇ ਕੇ ਸਰਦਾਰ ਜੱਸਾ ਸਿੰਘ ਕੋਲ ਆਪਣੇ ਆਦਮੀ ਭੇਜੇ।
ਸੁਨੇਹਾਂ ਇਹ ਸੀ,
“ਸਤਿਕਾਰ ਯੋਗ ਸਰਦਾਰ ਜੱਸਾ ਸਿੰਘ ਜੀ, ਖਾਲਸੇ ਦੇ ਜੁਝਾਰੂਪੁਣੇ ਤੋਂ ਹਕੂਮਤ ਚੰਗੀ ਤਰ੍ਹਾਂ ਜਾਣੂ ਹੈ ਤੇ ਸਾਡੇ ਜੰਗਜੂ ਸੁਭਾਅ ਨਾਲ ਵੀ ਤੁਸੀਂ ਵਾਕਫ ਹੀ ਹੋ। ਜੇ ਤੁਸੀਂ ਮੁਲਖ ਚਾਹੁੰਦੇ ਹੋ ਤਾਂ ਉਹ ਵੀ ਲਾਹੌਰੋਂ ਲਿਖਵਾ ਕੇ ਭੇਜ ਸਕਦਾ ਹਾਂ। ਦੋ ਬਹਾਦਰ ਕੌਮਾਂ ਜੰਗ ਵਿਚ ਇਕ ਦੂਜੇ ਦਾ ਨੁਕਸਾਨ ਕਰਨ, ਇਸ ਤੋਂ ਪਹਿਲਾਂ ਅਸੀਂ ਸੋਚਦੇ ਹਾਂ ਕਿ ਮੁਲਾਕਾਤ ਕਰਕੇ ਕਿਉਂ ਨਾ ਮਸਲਾ ਗੱਲਬਾਤ ਰਾਹੀਂ ਸੁਲਝਾ ਲਿਆ ਜਾਏ। ਇਹ ਗੱਲ ਦੋਹਾਂ ਧਿਰਾਂ ਦੇ ਪੱਖ ਵਿਚ ਹੈ।”
ਸੁਨੇਹਾਂ ਸੁਣ ਕੇ ਸਰਦਾਰ ਜੱਸਾ ਸਿੰਘ ਨੇ ਜਵਾਬ ਭੇਜਿਆ,
“ਯੋਧਿਆਂ ਦੀਆਂ ਮੁਲਾਕਾਤਾਂ ਜੰਗ ਦੇ ਮੈਦਾਨ ਵਿਚ ਹੁੰਦੀਆਂ ਹੀ ਸੋਭਦੀਆਂ ਹਨ ਅਦੀਨਾ ਬੇਗ। ਮਹਿਲਾਂ ਵਿਚ ਬੈਠ ਕੇ ਤਾਂ ਸਮਝੌਤੇ ਕੀਤੇ ਜਾਂਦੇ ਹਨ। ਫੈਸਲੇ ਕਰਨ ਲਈ ਤਾਂ ਲਹੂ ਵਹਾਉਣਾ ਹੀ ਪੈਂਦਾ ਹੈ। ਕਿਰਪਾਨਾਂ ਦੀ ਟਨਕਾਰ ਹੀ ਸਾਡੀ ਗੱਲਬਾਤ ਹੈ। ਤੁਹਾਨੂੰ ਚਾਲਾਂ ਚੱਲਣੀਆਂ ਆਉਂਦੀਆਂ ਹਨ ਤੇ ਸਾਨੂੰ ਜੰਗ ਲੜ੍ਹਣਾ। ਮੌਤ ਵਰਨ ਲਈ ਘੋੜਿਆਂ ਉੱਤੇ ਬੈਠੇ ਤਿਆਰ ਬਰ ਤਿਆਰ ਸੂਰਮਿਆਂ ਨਾਲ ਸੁਲਹ ਦੀਆਂ ਗੱਲਾਂ ਨਹੀਂ ਕਰੀਦੀਆਂ। ਬਾਕੀ ਰਹੀ ਮੁਲਖ ਦੀ ਗੱਲ, ਸਾਡੀ ਟੇਕ ਪੰਥ ਦੇ ਵਾਲੀ ਉੱਤੇ ਹੈ, ਮੁਲਖ ਦੇ ਦੇਵੇ ਭਾਵੇਂ ਸ਼ਹਾਦਤ। ਦੋਵੇਂ ਖਿੜੇ ਮੱਥੇ ਪ੍ਰਵਾਨ ਨੇ”
ਇਸ ਤਰ੍ਹਾਂ ਦੇ ਦੋ ਸੁਨੇਹੇਂ ਅਦੀਨਾ ਬੇਗ ਨੇ ਹੋਰ ਘੱਲੇ। ਪਰ ਬਾਕੀ ਦੋਹਾਂ ਦਾ ਸਰਦਾਰ ਨੇ ਇਕੋ ਜਵਾਬ ਦਿੱਤਾ,
“ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ ਖਵਾਰ ਹੋਇ ਸਭ ਮਿਲੈਗੇ ਬਚੇ ਸ਼ਰਨ ਜੋ ਹੋਇ”
ਅਗਲਾ ਭਾਗ ………
┈ ┈┉❀🍃🌺🍃❀┉┈ ┈
ਹੋਈ ਭੁੱਲ ਚੁੱਕ ਦੀ ਖਿਮਾ🙏🏼
ਗੱਜ ਵੱਜ ਕੇ ਫ਼ਤਿਹ ਬੁਲਾਓ।
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ॥
ਭੜੋਲੇ ਭਰੇ ਰਹਿਣ, ਚੱੜਦੀ ਕਲ੍ਹਾ ਬਣੀ ਰਹੇ🙏🏼


Related Posts

Leave a Reply

Your email address will not be published. Required fields are marked *

Begin typing your search term above and press enter to search. Press ESC to cancel.

Back To Top