ਤਬ ਚਾਹੈਂ ਸਿੰਘ ਕੰਧ ਬਣਾਈ ਅੜਨੋਂ ਲੜਨੋਂ ਮਰਨੋਂ ਵਾਈ (ਭਾਗ-1)
“ਖਾਲਸਾ ਜੀ ਕੋਈ ਸ਼ਕ ਨਹੀਂ ਕਿ ਸ਼ੇਰ ‘ਤੇ ਬਘਿਆੜ ਖੁੱਲ੍ਹੇ ਜੰਗਲਾਂ ਵਿਚ ਹੀ ਸੋਭਦੇ ਹਨ। ਬਾਜ਼ ਕਦੇ ਕਿੱਕਰਾਂ ‘ਤੇ ਆਲ੍ਹਣੇ ਨਹੀਂ ਪਾਉਂਦੇ। ਮਗਰਮੱਛ ਕਦੇ ਛੋਟਿਆਂ ਟੋਭਿਆਂ ਵਿਚ ਨਹੀਂ ਰਹਿੰਦੇ। ਘੋੜਿਆਂ ਦੇ ਗਲ ਪੰਜਾਲੀਆਂ ਨਹੀਂ ਪੈਂਦੀਆਂ। ਇਸੇ ਤਰ੍ਹਾਂ ਖਾਲਸਾ ਵੀ ਸਤਿਗੁਰਾਂ ਨੇ ਧੁਰੋਂ ਆਜ਼ਾਦ ਕੀਤਾ ਹੋਇਆ ਹੈ ਤੇ ਸਗਲੀ ਧਰਤ ਖਾਲਸੇ ਦੀ ਹੈ। ਖਾਲਸਾ ਕਦੇ ਇਕ ਥਾਂ ਟਿਕਾਣਾ ਕਰਕੇ ਨਹੀਂ ਬੈਠਦਾ, ਉਹ ਤਾਂ ਬ੍ਰਹਿਮੰਡ ਦੇ ਆਖਰੀ ਬਚੇ ਜੀਵ ਦੇ ਦੁੱਖਾਂ ‘ਤੇ ਜਿੱਤ ਪਾਉਣ ਤੱਕ ਜੂਝਦਾ ਰਹੇਗਾ। ਖਾਲਸਾ ਤਾਂ ਆਰੰਭ ਤੇ ਅੰਤ ਤੋਂ ਪਾਰ ਹੈ। ਖਾਲਸਾ ਸਦਾ ਰਹੇਗਾ। ਇਕ ਦਿਨ ਅਕਾਲ ਪੁਰਖ ਜੀ ਨੇ ਖਾਲਸੇ ਨੂੰ ਬ੍ਰਹਿਮੰਡੀ ਰਾਜ ਸੌਂਪ ਕੇ ਆਪ ਸੁਰਖਰੂ ਹੋ ਜਾਣਾ ਹੈ।”, ਭਾਈ ਸੁੱਖਾ ਸਿੰਘ, ਸਿੰਘਾਂ ਦੇ ਜੱਥੇ ਨੂੰ ਸੰਬੋਧਨ ਕਰ ਰਹੇ ਹਨ।
ਮਾਲਵੇ ਤੋਂ ਘੋੜਿਆਂ ਨੂੰ ਅੱਡੀ ਲਾ ਕੇ ਖਾਲਸੇ ਨੇ ਮੁੜ ਮਾਝੇ ਵਿਚ ਆਣ ਉਤਾਰਾ ਕੀਤਾ ਹੈ। ਖਾਲਸੇ ਪੰਥ ਨੇ ਗੁਰਮਤਾ ਕੀਤਾ ਹੈ ਕਿ ਰਾਜਸੀ ਤਾਕਤ ਮਜਬੂਤ ਕਰਨ ਲਈ ਕੋਈ ਕਿਲ੍ਹਾ ਉਸਾਰਿਆ ਜਾਏ। ਪਰ ਸਿੰਘਾਂ ਦਾ ਕਹਿਣਾ ਹੈ ਕਿ ਸਮੁੱਚੀ ਧਰਤੀ ਦੇ ਜੰਗਲ ਖਾਲਸੇ ਲਈ ਕਿਲ੍ਹੇ ਹੀ ਹਨ, ਇੱਟਾਂ ਗਾਰੇ ਦਾ ਕਿਲ੍ਹਾ ਕੀ ਕਰਨਾ ਹੈ।
ਸਿੰਘਾਂ ਦੇ ਇਸ ਸਵਾਲ ਦੇ ਜਵਾਬ ਵਿਚ ਭਾਈ ਸੁੱਖਾ ਸਿੰਘ ਪੰਥ ਨੂੰ ਸਨਮੁਖ ਹਨ, “ਖਾਲਸਾ ਜੀ, ਰਾਜਸੀ ਤਾਕਤ ਮਜਬੂਤ ਕਰਨ ਤੇ ਮੁਗਲ ਹੱਲਿਆਂ ਦੇ ਟਾਕਰੇ ਲਈ ਸਿੰਘਾਂ ਨੇ ਗੁਰਮਤਾ ਕੀਤਾ ਹੈ ਕਿ ਇਕ ਕੋਟ ਉਸਾਰਿਆ ਜਾਵੇ। ਸ਼ੇਰ ਭਾਵੇਂ ਸ਼ਿਕਾਰ ਲਈ ਸਾਰੇ ਜੰਗਲ ਵਿਚ ਭਉਂਦਾ ਫਿਰੇ, ਪਰ ਮੁੜ ਕੇ ਆਪਣੇ ਘੁਰਨੇ ਵਿਚ ਹੀ ਆਉਂਦਾ ਹੈ।”
ਭਾਈ ਸੁੱਖਾ ਸਿੰਘ ਦੇ ਇਹਨਾਂ ਬੋਲਾਂ ‘ਤੇ ਸਹਿਮਤੀ ਪ੍ਰਗਟਾਉਂਦਿਆਂ ਸਿੰਘਾਂ ਨੇ ਜੈਕਾਰਾ ਛੱਡਿਆ,
“ਖੁਸ਼ੀਆਂ ਦੇ ਜੈਕਾਰੇ ਗਜਾਵੇ, ਨਿਹਾਲ ਹੋ ਜਾਵੇ, ਫਤਹਿ ਪਾਵੇ, ਬਾਜ਼ਾਂ ਤਾਜਾਂ ਤੇ ਤਖਤਾਂ ਦੇ ਮਾਲਕ ਸੋਢੀ ਸੱਚੇ ਪਾਤਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮਨ ਨੂੰ ਭਾਵੇ, ਸਤਿ ਸ੍ਰੀ ਅਕਾਲ”
“ਪਰ ਕਿਲ੍ਹਾ ਉਸਾਰਿਆ ਕਿੱਥੇ ਜਾਵੇਗਾ ਜਥੇਦਾਰ ਜੀ?”, ਸੀਸ ਤਲੀ ‘ਤੇ ਧਰੀ ਫਿਰਦੇ ਸਿਦਕੀ ਸਿੰਘਾਂ ਨੇ ਪੁੱਛਿਆ।
“ਜੇ ਅਸੀਂ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਲਾਗੇ ਤਾਗੇ ਲੜ੍ਹਦੇ ਹੋਏ ਸ਼ਹੀਦੀਆਂ ਪਾਵਾਂਗੇ ਤਾਂ ਮੁੜ ਮੁੜ ਸਿੱਖਾਂ ਦੇ ਘਰ ਜਨਮ ਪ੍ਰਾਪਤ ਹੋਵੇਗਾ। ਸਾਡੇ ਧੰਨ ਭਾਗ ਹੋਣਗੇ, ਹਰ ਜਨਮ ਬਾਣੀ ਪੜ੍ਹਾਂਗੇ, ਪੰਥ ਦੇ ਚਰਨ ਪਰਸਾਂਗੇ, ਸ਼ਹਾਦਤਾਂ ਪਾਵਾਂਗੇ। ਸੋ ਕਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ ਵਿਚ ਹੀ ਉਸਾਰਿਆ ਜਾਵੇਗਾ”, ਭਾਈ ਸੁੱਖਾ ਸਿੰਘ ਬੋਲੇ।
“ਖਾਲਸਾ ਜੀ, ਪੰਜ ਸਰੋਵਰਾਂ ਦੀ ਇਸ ਪਾਵਨ ਧਰਤੀ ਤੋਂ ਪਵਿੱਤਰ ਹੋਰ ਕਿਹੜੀ ਥਾਂ ਹੋਏਗੀ। ਗੁਰੂ ਪਾਤਸ਼ਾਹ ਦਾ ਵੀ ਫੁਰਮਾਨ ਹੈ,
“ਕਬੀਰ ਮੁਹਿ ਮਰਨੇ ਕਾ ਚਾਉ ਹੈ ਮਰਉ ਤ ਹਰਿ ਕੈ ਦੁਆਰ”
ਤਾਂ ਕਿ
“ਮਤ ਹਰਿ ਪੂਛੈ ਕਉਨੁ ਹੈ ਪਰਾ ਹਮਾਰੈ ਬਾਰ” ਹਰਿਮੰਦਰ ਹੀ ਸਾਡਾ ਹਰਿ ਕਾ ਦੁਆਰ ਹੈ। ਸੋ ਹੋਰ ਥਾਂ ਮਰ ਕੇ ਜਾਨ ਕਿਉਂ ਗਵਾਈਏ, ਜਦ ਕਿ ਏਥੇ ਸ਼ਹਾਦਤ ਪਾਇਆਂ ਸਾਨੂੰ ਅਕਾਲ ਪੁਰਖ ਜੀ ਦੇ ‘ਬਾਰ’ ਆਪਣੀ ਪਛਾਣ ਵੀ ਨਹੀਂ ਦੱਸਣੀ ਪਵੇਗੀ। ਸ਼ਹਾਦਤਾਂ ਪਾਈਏ ਤਾਂ ਸਤਿਗੁਰਾਂ ਦੇ ਚਰਨਾ ਵਿਚ ਨਿਵਾਸ ਪਾਈਏ, ਜਿਉਂਦੇ ਹੋਏ ਅੰਮ੍ਰਿਤਸਰ ਸਾਹਿਬ ਰਹੀਏ ਤਾਂ ਪਾਤਸ਼ਾਹੀਆਂ ਪ੍ਰਾਪਤ ਹੋਣ”, ਸਰਦਾਰ ਜੱਸਾ ਸਿੰਘ ਬੋਲੇ।
“ਜੀ ਖਾਲਸਾ ਜੀ, ਅਕਾਲ ਪੁਰਖ ਜੀ ਦੀ ਚਰਨ ਛੋਹ ਪ੍ਰਾਪਤ ਇਸ ਧਰਤੀ ‘ਤੇ ਤਾਂ ਰਹਿਣਾ ਹੀ ਵੱਡੇ ਭਾਗਾਂ ਨਾਲ ਮਿਲਦਾ ਹੈ, ਸ਼ਹੀਦ ਹੋਣਾ ਤਾਂ ਕਿੱਡਾ ਵੱਡਾ ਪੁੰਨ ਹੋਏਗਾ। ਅੱਜ ਅਸੀਂ ਇਕ ਕੌਤਕ ਦੇਖਿਆ ਹੈ। ਨੇੜਲੇ ਜੰਗਲ ਵਿਚ ਬੱਕਰੀਆਂ ਚਾਰਦਾ ਇਕ ਆਜੜੀ ਇੱਜੜ ਨਾਲ ਅੱਗੇ ਲੰਘ ਗਿਆ ਤੇ ਇਕ ਸੂਣ ਵਾਲੀ ਬੱਕਰੀ ਪਿੱਛੇ ਜੰਗਲ ਵਿਚ ਹੀ ਰਹਿ ਗਈ। ਉੱਥੇ ਹੀ ਉਹ ਕੁਝ ਚਿਰ ਮਗਰੋਂ ਸੁ ਪਈ ਤੇ ਦੋ ਮੇਮਨੇ ਦਿੱਤੇ। ਮੇਮਨਿਆਂ ਦੀ ‘ਵਾਜ ਸੁਣ ਕੇ ਇਕ ਬਘਿਆੜ ਸ਼ਿਕਾਰ ਲਈ ਆ ਗਿਆ। ਪਤਾ ਨਹੀਂ ਏਨੀ ਤਾਕਤ ਕਿੱਥੋਂ ਆਈ ਕਿ ਉਹ ਬੱਕਰੀ ਆਪਣੇ ਮੇਮਨਿਆਂ ਤੇ ਬਘਿਆੜ ਦੇ ਵਿਚਾਲੇ ਚੱਟਾਨ ਬਣ ਕੇ ਖਲੋ ਗਈ। ਇਹ ਤਾਂ ਐਸੀ ਧਰਤੀ ਹੈ ਕਿ ਬੱਕਰੀਆਂ ਨੂੰ ਬਘਿਆੜਾਂ ਅੱਗੇ ਖੜ੍ਹਾ ਦੇਵੇ”, ਇਕ ਸਿੰਘ ਬੋਲਿਆ। ਕੁਝ ਨਵੇ ਸਜੇ ਸਿੰਘਾਂ ਨੇ ਉਸ ਦੀ ਗੱਲ ਹਾਸੇ ਪਾ ਲਈ, ਪਰ ਸਿਆਣੇ ਸਿੰਘਾਂ ਨੇ ਉਹਨਾਂ ਨੂੰ ਟੋਕਿਆ ਕਿ ਕਿਸੇ ਦੀ ਭਾਵਨਾ ਦਾ ਮਖੌਲ ਉਡਾਉਣ ਵਾਲੇ ਇਕ ਦਿਨ ਖੁਦ ਮਖੌਲ ਬਣ ਜਾਂਦੇ ਹਨ।
“ਖਾਲਸਾ ਜੀ, ਖਾਲਸੇ ਦਾ ਨਿਸਚਾ ਸਤਿਗੁਰਾਂ ਦੇ ਚਰਨਾ ‘ਤੇ ਹੈ। ਬੇਸ਼ਕ ਭੁੱਖੇ ਬਘਿਆੜ ਸ਼ਿਕਾਰ ਲਈ ਸ਼ਹਿ ਲਾਈ ਬੈਠੇ ਹਨ, ਪਰ ਗੁਰੂ ਦੇ ਬਾਜ਼ਾਂ ਦੀ ਨਜ਼ਰ ਤੋਂ ਬਚਣਾ ਔਖਾ ਕੰਮ ਹੈ। ਅਸੀ ਸਤਿਗੁਰਾਂ ਦੀ ਓਟ ਤਕਾਈਏ ’ਤੇ ਕਿਲ੍ਹਾ ਉਸਾਰਨਾ ਸ਼ੁਰੂ ਕਰੀਏ।”, ਨਵਾਬ ਕਪੂਰ ਸਿੰਘ ਬੋਲੇ।
ਅਰਦਾਸ ਕੀਤੀ ਗਈ। ਸੋਢੀ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਜੀ ਮਹਾਰਾਜ ਦੁਆਰਾ ਬਣਾਈ ਗਈ ਖੂਹੀ ਨੂੰ ਵਿਚਾਲੇ ਰੱਖ ਕੇ ਨੀਂਹ ਰੱਖੀ ਗਈ।
ਇਕ ਸਿੰਘ ਨੇ ਇੱਟ ਰੱਖਣ ਲੱਗਿਆਂ ਸਬਦ ਪੜ੍ਹਿਆ,
“ਤੂੰ ਮੇਰੋ ਮੇਰੁ ਪਰਬਤੁ ਸੁਆਮੀ ਓਟ ਗਹੀ ਮੈ ਤੇਰੀ ॥
ਨਾ ਤੁਮ ਡੋਲਹੁ ਨਾ ਹਮ ਗਿਰਤੇ ਰਖਿ ਲੀਨੀ ਹਰਿ ਮੇਰੀ ॥
ਅਬ ਤਬ ਜਬ ਕਬ ਤੁਹੀ ਤੁਹੀ ॥
ਹਮ ਤੁਅ ਪਰਸਾਦਿ ਸੁਖੀ ਸਦ ਹੀ॥”
ਸਿੰਘਾਂ ਕਿਲ੍ਹਾ ਉਸਾਰਨਾ ਸ਼ੁਰੂ ਕੀਤਾ। ਪੰਥ ਦੀ ਇਹ ਖੂਬਸੂਰਤੀ ਹੈ ਕਿ ਸਭ ਜਾਤਾਂ ਪਾਤਾਂ ਦੇ ਸਿੰਘ ਪੰਥ ਦੇ ਨਿਸ਼ਾਨ ਹੇਠ ਇਕੱਤ੍ਰ ਹਨ। ਹਰ ਤਰ੍ਹਾਂ ਦੀ ਕਿਰਤ ਦੇ ਮਾਹਰ ਕਾਰੀਗਰ ਸਿੰਘ ਸਜ ਕੇ ਪੰਥ ਸੇਵਾ ਵਿਚ ਤਤਪਰ ਹਨ। ਹੁਣ ਜਦ ਕਿਲ੍ਹਾ ਉਸਾਰਨ ਦਾ ਵੇਲਾ ਆਇਆ ਤਾਂ ਉਹੀ ਸਿੰਘ ਆਪ ਹੀ ਰਾਜ ਮਿਸਤਰੀ ਹਨ ਤੇ ਆਪ ਹੀ ਮਜਦੂਰ। ਪੰਥ ਸੇਵਾ ਹਿੱਤ ਸਭ ਨੇ ਆਪੋ ਆਪਣੀ ਸੇਵਾ ਲਈ ਮੋਰਚੇ ਮੱਲ ਲਏ ਹਨ।
ਦਿਲਾਂ ਦੇ ਸੂਰਮੇਂ ਛੋਟੇ ਭੁਝੰਗੀਆਂ ਨੂੰ ਤਾਂ ਮਾਨੋ ਚਾਅ ਚੜ੍ਹਿਆ ਹੋਇਆ ਹੈ। ਉਹ ਇਸ ਤਰ੍ਹਾਂ ਭੱਜ ਭੱਜ ਕੇ ਸੇਵਾ ਕਰ ਰਹੇ ਹਨ ਜਿਵੇਂ ਦੁਨਿਆਵੀ ਬਾਲ, ਵਿਆਹਾਂ ਵਿਚ ਭੱਜੇ ਫਿਰਦੇ ਹੁੰਦੇ ਹਨ। ਵੱਡਿਆਂ ਦੇ ‘ਹੌਲੀ ਭੁਝੰਗੀਓ ਹੌਲੀ’ ਕਹਿਨ ‘ਤੇ ਵੀ ਭੁਝੰਗੀਆਂ ਦੀ ਰਫਤਾਰ ਵਿਚ ਕਮੀਂ ਨਹੀਂ ਆਉਂਦੀ।
ਦਿੱਲੀ ਦਾ ਵਸਨੀਕ ਇਕ ਹਿੰਦੂ ਵਪਾਰੀ ਕਿਸੇ ਭੁਝੰਗੀ ਨੂੰ ਪੁੱਛਦਾ ਹੈ,
“ਐਸਾ ਕੀ ਕਰ ਰਹੇ ਹੋ ਤੁਸੀਂ ਜੋ ਏਨੀ ਕਾਹਲੀ ਵਿਚ ਵੀ ਪ੍ਰਸੰਨਤਾ ਵਿਚ ਹੋ?”
“ਅਸੀਂ ਪੰਥ ਦਾ ‘ਕਿਲ੍ਹਾ’ ਉਸਾਰ ਰਹੇ ਹਾਂ”
“ਕੀ ਕਰੋਗੇ ਕਿਲ੍ਹਾ ਉਸਾਰ ਕੇ?”
“ਪੰਥ ਇਕੱਠਾ ਹੋ ਕੇ ਵੈਰੀਆਂ ਦਾ ਟਾਕਰਾ ਕਰੇਗਾ”
“ਫੇਰ ?”
“ਫੇਰ ਕੀ ਜਾਂ ਪਾਤਸ਼ਾਹੀ ਜਾਂ ਸ਼ਹਾਦਤ ਸਾਡੇ ਤਾਂ ਦੋਹੇਂ ਹੱਥੀਂ ਲੱਡੂ ਹੈ”, ਤੇ ਭੁਝੰਗੀ ਏਨਾ ਕਹਿ ਕੇ ਸੇਵਾ ਵਿਚ ਜੁਟ ਗਿਆ।
ਹਿੰਦੂ ਵਪਾਰੀ ਖਲੋਤਾ ਸੋਚ ਰਿਹਾ ਹੈ,
“ਕੈਸੀਆਂ ਸਿਦਕੀ ਮਾਵਾਂ ਦਿਆਂ ਗਰਭਾਂ ਵਿਚੋਂ ਜਾਏ ਨੇ ਇਹ ਬੱਚੇ? ਆਖਰ ਦੁਨਿਆਵੀ ਮਾਵਾਂ ਨਾਲੋਂ ਐਸਾ ਕੀ ਵੱਖਰਾ ਕਰਦੀਆਂ ਹਨ ਇਹਨਾਂ ਦੀਆਂ ਮਾਵਾਂ ਕਿ ਇਹਨਾਂ ਦੇ ਬਾਲਾਂ ਨੂੰ ਮਰਨ ਦਾ ਵੀ ਚਾਅ ਚੜ੍ਹਿਆ ਰਹਿੰਦਾ ਹੈ?
ਸੁਆਰਥਾ ਨਾਲ ਭਰੇ ਦੌਰ ਵਿਚ ਕਿਵੇਂ ਇਹਨਾਂ ਬਾਲਾਂ ਲਈ ਸਿਰਫ ਪੰਥ ਹੀ ਪ੍ਰਥਮ ਹੈ?”
ਉਹ ਖਲੋਤਾ ਆਪਣੇ ਅੰਦਰ ਉੱਠ ਰਹੇ ਇਹਨਾਂ ਸਵਾਲਾਂ ਨਾਲ ਜੂਝ ਹੀ ਰਿਹਾ ਸੀ ਕਿ ਸਿਰ ‘ਤੇ ਗਾਰੇ ਦਾ ਭਰਿਆ ਬੱਠਲ ਚੁੱਕੀ ਤੁਰੀ ਜਾਂਦੀ ਇਕ ਗਰਭਵਤੀ ਸਿੱਖ ਮਾਂ ਉਸ ਕੋਲੋਂ ਲੰਘੀ। ਉਸ ਮਾਂ ਦਾ ਇਕ ਹੱਥ ਬੱਠਲ ਨੂੰ ਸੀ ਤੇ ਦੂਜਾ ਆਪਣੇ ਢਿੱਡ ਉੱਤੇ ਤੇ ਉਹ ਪੜ੍ਹ ਰਹੀ ਸੀ,
“ਸਮਰ ਸਾਮੁਹੇ ਸੀਸ ਤੋ ਪਾਹਿ ਚਢਾਵੈ ॥
ਮਹਾਂ ਭੂਪ ਹੈ ਅਉਤਰੈ ਰਾਜ ਪਾਵੈ ॥
ਮਹਾਂ ਭਾਵ ਸੋ ਜੋ ਕਰੇ ਤੋਰ ਪੂਜੰ ॥
ਸਮਰ ਜੀਤ ਕੈ ਸੂਰ ਹੈ ਹੈ ਅਦੂਜੰ॥”
“ਕਿਸੇ ਹੋਰ ਦੁਨੀਆਂ ਦੇ ਵਾਸੀ ਨੇ ਇਹ ਲੋਕ”, ਕਹਿੰਦਾ ਹੋਇਆ ਵਪਾਰੀ ਚਲਾ ਗਿਆ।
“ਪੰਥ ਦੇ ਕਿਸੇ ਵੀ ਕਾਰਜ ਵਿਚ ਆਲਸ ਤਾਂ ਹੈ ਹੀ ਨਹੀਂ। ਅੰਮ੍ਰਿਤ ਵੇਲਾ ਹੋਵੇ ਭਾਵੇਂ ਜੰਗ ਦਾ ਮੈਦਾਨ ਤੇ ਹੁਣ ਭਾਵੇਂ ਕਿਲ੍ਹੇ ਦੀ ਸੇਵਾ”, ਕਿਲ੍ਹੇ ਦੀਆਂ ਚਾਰੇ ਬਾਹੀਆਂ ਏਨੀ ਛੇਤੀ ਨੇਪਰੇ ਚੜ੍ਹ ਜਾਣ ਕਰਕੇ ਸਰਦਾਰ ਜੱਸਾ ਸਿੰਘ ਗਾਰੇ ਵਾਲਾ ਹੱਥ ਝਾੜਦਿਆਂ ਬੋਲੇ।
ਅਸਲ ਵਿਚ ਸਿੰਘਾਂ ਨੇ ਸਾਰੀਆਂ ਕੰਧਾਂ ਇਕੱਠੀਆਂ ਹੀ ਉਸਾਰਨੀਆਂ ਸ਼ੁਰੂ ਕਰ ਦਿੱਤੀਆਂ ਸਨ, ਸੋ ਜਿਸ ਕੰਮ ਨੂੰ ਚਾਰ ਦਿਨ ਲੱਗਣੇ ਸਨ, ਇਕ ਦਿਨ ਵਿਚ ਹੋ ਗਿਆ। ਪੰਜ ਸੌ ਦੇ ਪੰਜ ਸੌ ਸਿੰਘ ਸੇਵਾ ਵਿਚ ਡਟੇ ਹੋਏ ਸਨ। ਲੰਗਰ ਵਾਲੇ ਸਿੰਘਾਂ ਨੇ ਆਪਣੀ ਸੇਵਾਵਾਂ ਲਈ ਤਵੀਆਂ ਚਾੜ੍ਹੀਆਂ ਹੋਈਆਂ ਸਨ।
ਅਗਲਾ ਭਾਗ ………
┈ ┈┉❀🍃🌺🍃❀┉┈ ┈
ਹੋਈ ਭੁੱਲ ਚੁੱਕ ਦੀ ਖਿਮਾ🙏🏼
ਗੱਜ ਵੱਜ ਕੇ ਫ਼ਤਿਹ ਬੁਲਾਓ।
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ॥
ਭੜੋਲੇ ਭਰੇ ਰਹਿਣ, ਚੱੜਦੀ ਕਲ੍ਹਾ ਬਣੀ ਰਹੇ🙏🏼