ਸੰਧਿਆ ਵੇਲੇ ਦਾ ਹੁਕਮਨਾਮਾ – 11 ਅਕਤੂਬਰ 2024
ਅੰਗ : 709
ਸਲੋਕ ॥ ਪਤਿਤ ਪੁਨੀਤ ਗੋਬਿੰਦਹ ਸਰਬ ਦੋਖ ਨਿਵਾਰਣਹ ॥ ਸਰਣਿ ਸੂਰ ਭਗਵਾਨਹ ਜਪੰਤਿ ਨਾਨਕ ਹਰਿ ਹਰਿ ਹਰੇ ॥੧॥ ਛਡਿਓ ਹਭੁ ਆਪੁ ਲਗੜੋ ਚਰਣਾ ਪਾਸਿ ॥ ਨਠੜੋ ਦੁਖ ਤਾਪੁ ਨਾਨਕ ਪ੍ਰਭੁ ਪੇਖੰਦਿਆ ॥੨॥
ਪਉੜੀ ॥ ਮੇਲਿ ਲੈਹੁ ਦਇਆਲ ਢਹਿ ਪਏ ਦੁਆਰਿਆ ॥ ਰਖਿ ਲੇਵਹੁ ਦੀਨ ਦਇਆਲ ਭ੍ਰਮਤ ਬਹੁ ਹਾਰਿਆ ॥ ਭਗਤਿ ਵਛਲੁ ਤੇਰਾ ਬਿਰਦੁ ਹਰਿ ਪਤਿਤ ਉਧਾਰਿਆ ॥ ਤੁਝ ਬਿਨੁ ਨਾਹੀ ਕੋਇ ਬਿਨਉ ਮੋਹਿ ਸਾਰਿਆ ॥ ਕਰੁ ਗਹਿ ਲੇਹੁ ਦਇਆਲ ਸਾਗਰ ਸੰਸਾਰਿਆ ॥੧੬॥
ਅਰਥ: ਗੋਬਿੰਦ ਵਿਕਾਰੀਆਂ ਨੂੰ ਪਵਿਤ੍ਰ ਕਰਨ ਵਾਲਾ ਹੈ। (ਪਾਪੀਆਂ ਦੇ) ਸਾਰੇ ਐਬ ਦੂਰ ਕਰਨ ਵਾਲਾ ਹੈ। ਹੇ ਨਾਨਕ! ਜੋ ਮਨੁੱਖ ਉਸ ਪ੍ਰਭੂ ਨੂੰ ਜਪਦੇ ਹਨ, ਭਗਵਾਨ ਉਹਨਾਂ ਸਰਨ ਆਇਆਂ ਦੀ ਲਾਜ ਰੱਖਣ ਦੇ ਸਮਰੱਥ ਹੈ।੧।
ਜਿਸ ਮਨੁੱਖ ਨੇ ਸਾਰਾ ਆਪਾ-ਭਾਵ ਮਿਟਾ ਦਿੱਤਾ, ਜੋ ਮਨੁੱਖ ਪ੍ਰਭੂ ਦੇ ਚਰਨਾਂ ਨਾਲ ਜੁੜਿਆ ਰਿਹਾ, ਹੇ ਨਾਨਕ! ਪ੍ਰਭੂ ਦਾ ਦੀਦਾਰ ਕਰਨ ਨਾਲ ਉਸ ਦੇ ਸਾਰੇ ਦੁੱਖ ਕਲੇਸ਼ ਨਾਸ ਹੋ ਜਾਂਦੇ ਹਨ।੨।
ਹੇ ਦਿਆਲ! ਮੈਂ ਤੇਰੇ ਦਰ ਤੇ ਆ ਡਿੱਗਾ ਹਾਂ, ਮੈਨੂੰ (ਆਪਣੇ ਚਰਨਾਂ ਵਿਚ) ਜੋੜ ਲੈ। ਹੇ ਦੀਨਾਂ ਤੇ ਦਇਆ ਕਰਨ ਵਾਲੇ! ਮੈਨੂੰ ਰੱਖ ਲੈ, ਮੈਂ ਭਟਕਦਾ ਭਟਕਦਾ ਹੁਣ ਬੜਾ ਥੱਕ ਗਿਆ ਹਾਂ। ਭਗਤੀ ਨੂੰ ਪਿਆਰ ਕਰਨਾ ਤੇ ਡਿੱਗਿਆਂ ਨੂੰ ਬਚਾਉਣਾ-ਇਹ ਤੇਰਾ ਮੁੱਢ ਕਦੀਮਾਂ ਦਾ ਸੁਭਾਉ ਹੈ। ਹੇ ਪ੍ਰਭੂ! ਤੈਥੋਂ ਬਿਨਾ ਹੋਰ ਕੋਈ ਨਹੀਂ ਜੋ ਮੇਰੀ ਇਸ ਬੇਨਤੀ ਨੂੰ ਸਿਰੇ ਚਾੜ੍ਹ ਸਕੇ। ਹੇ ਦਿਆਲ!
ਮੇਰਾ ਹੱਥ ਫੜ ਲੈ (ਤੇ ਮੈਨੂੰ) ਸੰਸਾਰ-ਸਮੁੰਦਰ ਵਿਚੋਂ (ਬਚਾ ਲੈ) ।੧੬।
ਸਤਿਨਾਮ ਸ੍ਰੀ ਵਾਹਿਗੁਰੂ ਜੀ