ਅਮ੍ਰਿਤ ਵੇਲੇ ਦਾ ਹੁਕਮਨਾਮਾ – 20 ਸਤੰਬਰ 2024
ਅੰਗ : 830
ਮੋਰੀ ਅਹੰ ਜਾਇ ਦਰਸਨ ਪਾਵਤ ਰੇ ॥ ਰਾਚਹੁ ਨਾਥ ਹੀ ਸਹਾਈ ਸੰਤਨਾ ॥ ਅਬ ਚਰਨ ਗਹੇ ॥1॥ ਰਹਾਉ ॥ ਆਹੇ ਮਨ ਅਵਰੁ ਨ ਭਾਵੈ ਚਰਨਾਵੈ ਚਰਨਾਵੈ ਉਲਝਿਓ ਅਲਿ ਮਕਰੰਦ ਕਮਲ ਜਿਉ ॥ ਅਨ ਰਸ ਨਹੀ ਚਾਹੈ ਏਕੈ ਹਰਿ ਲਾਹੈ ॥1॥ ਅਨ ਤੇ ਟੂਟੀਐ ਰਿਖ ਤੇ ਛੂਟੀਐ ॥ ਮਨ ਹਰਿ ਰਸ ਘੂਟੀਐ ਸੰਗਿ ਸਾਧੂ ਉਲਟੀਐ ॥ ਅਨ ਨਾਹੀ ਨਾਹੀ ਰੇ ॥ ਨਾਨਕ ਪ੍ਰੀਤਿ ਚਰਨ ਚਰਨ ਹੇ ॥2॥2॥129॥
ਅਰਥ: ਹੇ ਭਾਈ! ਸੰਤਾਂ ਦੇ ਸਹਾਈ ਖਸਮ-ਪ੍ਰਭੂ ਦੇ ਚਰਨਾਂ ਵਿਚ ਸਦਾ ਜੁੜੇ ਰਹੋ । ਮੈਂ ਤਾਂ ਹੁਣ ਉਸੇ ਦੇ ਹੀ ਚਰਨ ਫੜ ਲਏ ਹਨ । ਖਸਮ-ਪ੍ਰਭੂ ਦਾ ਦਰਸਨ ਕਰਨ ਨਾਲ ਮੇਰੀ ਹਉਮੈ ਦੂਰ ਹੋ ਗਈ ਹੈ ।1।ਰਹਾਉ। (ਹੇ ਭਾਈ! ਪ੍ਰਭੂ ਦੇ ਦਰਸਨ ਦੀ ਬਰਕਤ ਨਾਲ) ਮੇਰੇ ਮਨ ਨੂੰ ਹੋਰ ਕੁਝ ਭੀ ਚੰਗਾ ਨਹੀਂ ਲੱਗਦਾ, (ਪ੍ਰਭੂ ਦੇ ਦਰਸਨ ਨੂੰ ਹੀ) ਤਾਂਘਦਾ ਰਹਿੰਦਾ ਹੈ । ਜਿਵੇਂ ਭੌਰਾ ਕੌਲ-ਫੁੱਲ ਦੀ ਧੂੜੀ ਵਿਚ ਲਪਟਿਆ ਰਹਿੰਦਾ ਹੈ, ਤਿਵੇਂ ਮੇਰਾ ਮਨ ਪ੍ਰਭੂ ਦੇ ਚਰਨਾਂ ਵਲ ਹੀ ਮੁੜ ਮੁੜ ਪਰਤਦਾ ਹੈ । ਮੇਰਾ ਮਨ ਹੋਰ (ਪਦਾਰਥਾਂ ਦੇ) ਸੁਆਦਾਂ ਨੂੰ ਨਹੀਂ ਲੋੜਦਾ, ਇਕ ਪਰਮਾਤਮਾ ਨੂੰ ਲੱਭਦਾ ਹੈ ।1। (ਹੇ ਭਾਈ! ਪ੍ਰਭੂ ਦੇ ਦਰਸਨ ਦੀ ਬਰਕਤ ਨਾਲ) ਹੋਰ (ਪਦਾਰਥਾਂ ਦੇ ਮੋਹ) ਤੋਂ ਸੰਬੰਧ ਤੋੜ ਲਈਦਾ ਹੈ, ਇੰਦ®ੀਆਂ ਦੇ ਪਕੜ ਤੋਂ ਖ਼ਲਾਸੀ ਪਾ ਲਈਦੀ ਹੈ । ਹੇ ਮਨ! ਗੁਰੂ ਦੀ ਸੰਗਤਿ ਵਿਚ ਰਹਿ ਕੇ ਪਰਮਾਤਮਾ ਦਾ ਨਾਮ-ਰਸ ਚੁੰਘੀਦਾ ਹੈ, ਤੇ (ਮਾਇਆ ਦੇ ਮੋਹ ਵਲੋਂ ਬ੍ਰਿਤੀ) ਪਰਤ ਜਾਂਦੀ ਹੈ । ਹੇ ਨਾਨਕ! (ਆਖ—) ਹੇ ਭਾਈ! (ਦਰਸਨ ਦੀ ਬਰਕਤ ਨਾਲ) ਹੋਰ ਮੋਹ ਉੱਕਾ ਹੀ ਨਹੀਂ ਭਾਉਂਦਾ, ਹਰ ਵੇਲੇ ਪ੍ਰਭੂ ਦੇ ਚਰਨਾਂ ਨਾਲ ਹੀ ਪਿਆਰ ਬਣਿਆ ਰਹਿੰਦਾ ਹੈ ।2।2।129।