ਅਮ੍ਰਿਤ ਵੇਲੇ ਦਾ ਹੁਕਮਨਾਮਾ – 23 ਜੂਨ 2024

ਅੰਗ : 833

ਬਿਲਾਵਲੁ ਮਹਲਾ ੪ ਅਸਟਪਦੀਆ ਘਰੁ ੧੧ ੴ ਸਤਿਗੁਰ ਪ੍ਰਸਾਦਿ ॥ ਆਪੈ ਆਪੁ ਖਾਇ ਹਉ ਮੇਟੈ ਅਨਦਿਨੁ ਹਰਿ ਰਸ ਗੀਤ ਗਵਈਆ ॥ ਗੁਰਮੁਖਿ ਪਰਚੈ ਕੰਚਨ ਕਾਇਆ ਨਿਰਭਉ ਜੋਤੀ ਜੋਤਿ ਮਿਲਈਆ ॥੧॥ ਮੈ ਹਰਿ ਹਰਿ ਨਾਮੁ ਅਧਾਰੁ ਰਮਈਆ ॥ ਖਿਨੁ ਪਲੁ ਰਹਿ ਨ ਸਕਉ ਬਿਨੁ ਨਾਵੈ ਗੁਰਮੁਖਿ ਹਰਿ ਹਰਿ ਪਾਠ ਪੜਈਆ ॥੧॥ ਰਹਾਉ ॥ ਏਕੁ ਗਿਰਹੁ ਦਸ ਦੁਆਰ ਹੈ ਜਾ ਕੇ ਅਹਿਨਿਸਿ ਤਸਕਰ ਪੰਚ ਚੋਰ ਲਗਈਆ ॥ ਧਰਮੁ ਅਰਥੁ ਸਭੁ ਹਿਰਿ ਲੇ ਜਾਵਹਿ ਮਨਮੁਖ ਅੰਧੁਲੇ ਖਬਰਿ ਨ ਪਈਆ ॥੨॥ ਕੰਚਨ ਕੋਟੁ ਬਹੁ ਮਾਣਕਿ ਭਰਿਆ ਜਾਗੇ ਗਿਆਨ ਤਤਿ ਲਿਵ ਲਈਆ ॥ ਤਸਕਰ ਹੇਰੂ ਆਇ ਲੁਕਾਨੇ ਗੁਰ ਕੈ ਸਬਦਿ ਪਕੜਿ ਬੰਧਿ ਪਈਆ ॥੩॥ ਹਰਿ ਹਰਿ ਨਾਮੁ ਪੋਤੁ ਬੋਹਿਥਾ ਖੇਵਟੁ ਸਬਦੁ ਗੁਰੁ ਪਾਰਿ ਲੰਘਈਆ ॥ ਜਮੁ ਜਾਗਾਤੀ ਨੇੜਿ ਨ ਆਵੈ ਨਾ ਕੋ ਤਸਕਰੁ ਚੋਰੁ ਲਗਈਆ ॥੪॥ਹਰਿ ਗੁਣ ਗਾਵੈ ਸਦਾ ਦਿਨੁ ਰਾਤੀ ਮੈ ਹਰਿ ਜਸੁ ਕਹਤੇ ਅੰਤੁ ਨ ਲਹੀਆ ॥ ਗੁਰਮੁਖਿ ਮਨੂਆ ਇਕਤੁ ਘਰਿ ਆਵੈ ਮਿਲਉ ਗੋੁਪਾਲ ਨੀਸਾਨੁ ਬਜਈਆ ॥੫॥ ਨੈਨੀ ਦੇਖਿ ਦਰਸੁ ਮਨੁ ਤ੍ਰਿਪਤੈ ਸ੍ਰਵਨ ਬਾਣੀ ਗੁਰ ਸਬਦੁ ਸੁਣਈਆ ॥ ਸੁਨਿ ਸੁਨਿ ਆਤਮ ਦੇਵ ਹੈ ਭੀਨੇ ਰਸਿ ਰਸਿ ਰਾਮ ਗੋਪਾਲ ਰਵਈਆ ॥੬॥ਤ੍ਰੈ ਗੁਣ ਮਾਇਆ ਮੋਹਿ ਵਿਆਪੇ ਤੁਰੀਆ ਗੁਣੁ ਹੈ ਗੁਰਮੁਖਿ ਲਹੀਆ ॥ ਏਕ ਦ੍ਰਿਸਟਿ ਸਭ ਸਮ ਕਰਿ ਜਾਣੈ ਨਦਰੀ ਆਵੈ ਸਭੁ ਬ੍ਰਹਮੁ ਪਸਰਈਆ ॥੭॥ ਰਾਮ ਨਾਮੁ ਹੈ ਜੋਤਿ ਸਬਾਈ ਗੁਰਮੁਖਿ ਆਪੇ ਅਲਖੁ ਲਖਈਆ ॥ ਨਾਨਕ ਦੀਨ ਦਇਆਲ ਭਏ ਹੈ ਭਗਤਿ ਭਾਇ ਹਰਿ ਨਾਮਿ ਸਮਈਆ ॥੮॥੧॥੪॥

ਅਰਥ: ਹੇ ਭਾਈ! ਸੋਹਣੇ ਰਾਮ ਦਾ ਹਰਿ-ਨਾਮ ਮੇਰੇ ਵਾਸਤੇ (ਮੇਰੀ ਜ਼ਿੰਦਗੀ ਦਾ) ਆਸਰਾ (ਬਣ ਗਿਆ) ਹੈ, (ਹੁਣ) ਮੈਂ ਉਸ ਦੇ ਨਾਮ ਤੋਂ ਬਿਨਾ ਇਕ ਖਿਨ ਇਕ ਪਲ ਭੀ ਨਹੀਂ ਰਹਿ ਸਕਦਾ। ਗੁਰੂ ਦੀ ਸਰਨ ਪੈ ਕੇ (ਮੈਂ ਤਾਂ) ਹਰਿ-ਨਾਮ ਦਾ ਪਾਠ (ਹੀ) ਪੜ੍ਹਦਾ ਰਹਿੰਦਾ ਹਾਂ।੧।ਰਹਾਉ। ਹੇ ਭਾਈ! ਜਿਹੜਾ ਮਨੁੱਖ ਹਰ ਵੇਲੇ ਹਰਿ-ਨਾਮ ਰਸ ਦੇ ਗੀਤ ਗਾਂਦਾ ਰਹਿੰਦਾ ਹੈ, ਜਿਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ (ਹਰਿ-ਨਾਮ ਵਿਚ) ਪਰਚਿਆ ਰਹਿੰਦਾ ਹੈ, ਉਹ ਮਨੁੱਖ (ਪਰਮਾਤਮਾ ਦੇ) ਆਪੇ ਵਿਚ ਆਪਣਾ ਆਪ ਲੀਨ ਕਰ ਕੇ (ਆਪਣੇ ਅੰਦਰੋਂ) ਹਉਮੈ ਮਿਟਾ ਲੈਂਦਾ ਹੈ, (ਵਿਕਾਰਾਂ ਤੋਂ ਬਚੇ ਰਹਿਣ ਕਰਕੇ) ਉਸ ਦਾ ਸਰੀਰ ਸੋਨੇ ਵਰਗਾ ਸੁੱਧ ਹੋ ਜਾਂਦਾ ਹੈ, ਉਸ ਦੀ ਜਿੰਦ ਨਿਰਭਉ ਪ੍ਰਭੂ ਦੀ ਜੋਤਿ ਵਿਚ ਲੀਨ ਰਹਿੰਦੀ ਹੈ।੧। ਹੇ ਭਾਈ! ਮਨੁੱਖ ਦਾ ਇਹ ਸਰੀਰ) ਇਕ ਅਜਿਹਾ ਘਰ ਹੈ ਜਿਸ ਦੇ ਦਸ ਦਰਵਾਜ਼ੇ ਹਨ, (ਇਹਨਾਂ ਦਰਵਾਜ਼ਿਆਂ ਦੀ ਰਾਹੀਂ) ਦਿਨ ਰਾਤ (ਕਾਮ ਕ੍ਰੋਧ ਲੋਭ ਮੋਹ ਅਹੰਕਾਰ) ਪੰਜ ਚੋਰ ਸੰਨ੍ਹ ਲਾਈ ਰੱਖਦੇ ਹਨ, (ਇਸ ਦੇ ਅੰਦਰੋਂ) ਆਤਮਕ ਜੀਵਨ ਵਾਲਾ ਸਾਰਾ ਧਨ ਚੁਰਾ ਕੇ ਲੈ ਜਾਂਦੇ ਹਨ। (ਆਤਮਕ ਜੀਵਨ ਵਲੋਂ) ਅੰਨ੍ਹੇ ਹੋ ਚੁਕੇ ਮਨ ਦੇ ਮੁਰੀਦ ਮਨੁੱਖ ਨੂੰ (ਆਪਣੇ ਲੁੱਟੇ ਜਾਣ ਦਾ) ਪਤਾ ਹੀ ਨਹੀਂ ਲੱਗਦਾ।੨। ਹੇ ਭਾਈ! ਇਹ ਮਨੁੱਖਾ ਸਰੀਰ, ਮਾਨੋ,) ਸੋਨੇ ਦਾ ਕਿਲ੍ਹਾ (ਉੱਚੇ ਆਤਮਕ ਗੁਣਾਂ ਦੇ) ਮੋਤੀਆਂ ਨਾਲ ਭਰਿਆ ਹੋਇਆ ਹੈ, (ਇਹਨਾਂ ਹੀਰਿਆਂ ਨੂੰ ਚੁਰਾਣ ਲਈ ਲੁੱਟਣ ਲਈ ਕਾਮਾਦਿਕ) ਚੋਰ ਡਾਕੂ ਆ ਕੇ (ਇਸ ਵਿਚ) ਲੁਕੇ ਰਹਿੰਦੇ ਹਨ। ਜਿਹੜੇ ਮਨੁੱਖ ਆਤਮਕ ਜੀਵਨ ਦੇ ਸੋਮੇ ਪ੍ਰਭੂ ਵਿਚ ਸੁਰਤਿ ਜੋੜ ਕੇ ਸੁਚੇਤ ਰਹਿੰਦੇ ਹਨ, ਉਹ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ (ਇਹਨਾਂ ਚੋਰਾਂ ਡਾਕੂਆਂ ਨੂੰ) ਫੜ ਕੇ ਬੰਨ੍ਹ ਲੈਂਦੇ ਹਨ।੩। ਹੇ ਭਾਈ! ਪਰਮਾਤਮਾ ਦਾ ਨਾਮ ਜਹਾਜ਼ ਹੈ ਜਹਾਜ਼, (ਉਸ ਜਹਾਜ਼ ਦਾ) ਮਲਾਹ (ਗੁਰੂ ਦਾ) ਸ਼ਬਦ ਹੈ, (ਜਿਹੜਾ ਮਨੁੱਖ ਇਸ ਜਹਾਜ਼ ਦਾ ਆਸਰਾ ਲੈਂਦਾ ਹੈ, ਉਸ ਨੂੰ) ਗੁਰੂ (ਵਿਕਾਰਾਂ-ਭਰੇ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ। ਜਮਰਾਜ-ਮਸੂਲੀਆ (ਭੀ ਉਸ ਦੇ) ਨੇੜੇ ਨਹੀਂ ਆਉਂਦਾ, (ਕਾਮਾਦਿਕ) ਕੋਈ ਚੋਰ ਭੀ ਸੰਨ੍ਹ ਨਹੀਂ ਲਾ ਸਕਦਾ।੪।ਹੇ ਭਾਈ! ਮੇਰਾ ਮਨ ਹੁਣ) ਸਦਾ ਦਿਨ ਰਾਤ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ, ਮੈਂ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਿਆਂ ਕਰਦਿਆਂ (ਸਿਫ਼ਤਿ ਦਾ) ਅੰਤ ਨਹੀਂ ਲੱਭ ਸਕਦਾ। ਗੁਰੂ ਦੀ ਸਰਨ ਪੈ ਕੇ (ਮੇਰਾ ਇਹ) ਮਨ ਪ੍ਰਭੂ-ਚਰਨਾਂ ਵਿਚ ਹੀ ਟਿਕਿਆ ਰਹਿੰਦਾ ਹੈ, ਮੈਂ ਲੋਕ-ਲਾਜ ਦੂਰ ਕਰ ਕੇ ਜਗਤ-ਪਾਲਕ ਪ੍ਰਭੂ ਨੂੰ ਮਿਲਿਆ ਰਹਿੰਦਾ ਹਾਂ।੫। ਹੇ ਭਾਈ! ਅੱਖਾਂ ਨਾਲ (ਹਰ ਥਾਂ ਪ੍ਰਭੂ ਦਾ) ਦਰਸਨ ਕਰ ਕੇ (ਮੇਰਾ) ਮਨ (ਹੋਰ ਵਾਸਨਾਂ ਵਲੋਂ) ਰੱਜਿਆ ਰਹਿੰਦਾ ਹੈ, (ਮੇਰਾ) ਕੰਨ ਗੁਰੂ ਦੀ ਬਾਣੀ ਗੁਰੂ ਦੇ ਸ਼ਬਦ ਨੂੰ (ਹੀ) ਸੁਣਦੇ ਰਹਿੰਦੇ ਹਨ। (ਪ੍ਰਭੂ ਦੀ ਸਿਫ਼ਤਿ- ਸਾਲਾਹ) ਸੁਣ ਸੁਣ ਕੇ (ਮੇਰੀ) ਜਿੰਦ (ਨਾਮ-ਰਸ ਵਿਚ) ਭਿੱਜੀ ਰਹਿੰਦੀ ਹੈ, (ਮੈਂ) ਬੜੇ ਆਨੰਦ ਨਾਲ ਰਾਮ-ਗੋਪਾਲ ਦੇ ਗੁਣ ਗਾਂਦਾ ਰਹਿੰਦਾ ਹਾਂ।੬। ਹੇ ਭਾਈ! ਮਾਇਆ ਦੇ ਤਿੰਨ ਗੁਣਾਂ ਦੇ ਅਸਰ ਹੇਠ ਰਹਿਣ ਵਾਲੇ ਜੀਵ (ਸਦਾ) ਮਾਇਆ ਦੇ ਮੋਹ ਵਿਚ ਫਸੇ ਰਹਿੰਦੇ ਹਨ। ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ (ਉਹ) ਚੌਥਾ ਪਦ ਪ੍ਰਾਪਤ ਕਰ ਲੈਂਦਾ ਹੈ (ਜਿਥੇ ਮਾਇਆ ਦਾ ਪ੍ਰਭਾਵ ਨਹੀਂ ਪੈ ਸਕਦਾ) । (ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ) ਇਕ (ਪਿਆਰ-) ਨਿਗਾਹ ਨਾਲ ਸਾਰੀ ਲੁਕਾਈ ਨੂੰ ਇਕੋ ਜਿਹੀ ਜਾਣਦਾ ਹੈ, ਉਸ ਨੂੰ (ਇਹ ਪ੍ਰਤੱਖ) ਦਿੱਸ ਪੈਂਦਾ ਹੈ (ਕਿ) ਹਰ ਥਾਂ ਪਰਮਾਤਮਾ ਹੀ ਪਸਰਿਆ ਹੋਇਆ ਹੈ।੭। ਹੇ ਭਾਈ! ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ (ਇਹ) ਸਮਝ ਲੈਂਦਾ ਹੈ ਕਿ ਅਲੱਖ ਪ੍ਰਭੂ ਆਪ ਹੀ ਆਪ (ਹਰ ਥਾਂ ਮੌਜੂਦ) ਹੈ, ਹਰ ਥਾਂ ਪਰਮਾਤਮਾ ਦਾ ਹੀ ਨਾਮ ਹੈ, ਸਾਰੀ ਲੁਕਾਈ ਵਿਚ ਪਰਮਾਤਮਾ ਦੀ ਹੀ ਜੋਤਿ ਹੈ। ਹੇ ਨਾਨਕ! ਦੀਨਾਂ ਉਤੇ ਦਇਆ ਕਰਨ ਵਾਲੇ ਪ੍ਰਭੂ ਜੀ ਜਿਨ੍ਹਾਂ ਉਤੇ ਦਇਆਵਾਨ ਹੁੰਦੇ ਹਨ, ਉਹ ਮਨੁੱਖ ਭਗਤੀ-ਭਾਵਨਾ ਦੀ ਰਾਹੀਂ ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦੇ ਹਨ।੮।੧।


Related Posts

4 thoughts on “ਅਮ੍ਰਿਤ ਵੇਲੇ ਦਾ ਹੁਕਮਨਾਮਾ – 6 ਅਗਸਤ 2024

  1. ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  2. 🙏🙏 ਸਤਨਾਮ ਵਾਹਿਗੁਰੂ ਜੀ ਤੇਰਾ ਲੱਖ ਲੱਖ ਸ਼ੁਕਰ ਹੈਜੀ 🙏🙏

Leave a Reply

Your email address will not be published. Required fields are marked *

Begin typing your search term above and press enter to search. Press ESC to cancel.

Back To Top